ਚੰਡੀਗੜ੍ਹ ਦੇ ਪਹਿਲੇ ਚੀਫ਼ ਕਮਿਸ਼ਨਰ ਡਾ. ਐਮ. ਐਸ. ਰੰਧਾਵਾ ਲਾਏ ਗਏ ਜਿਨ੍ਹਾਂ ਨੇ ਚੰਡੀਗੜ੍ਹ ਦੀਆਂ ਸੜਕਾਂ ਨੂੰ ਸ਼ਿੰਗਾਰ ਰੁੱਖਾਂ ਲਈ ਚੁਣਿਆ। ਰਾਕ ਗਾਰਡਨ, ਰੋਜ਼ ਗਾਰਡਨ, ਬੁੱਕ ਸ਼ਾਪਸ ਸੈਂਟਰ ਸੈਕਟਰ 17, ਦੋ ਮਿਊਜ਼ੀਅਮ, ਕਲਾ ਭਵਨ ਸੈਕਟਰ 16 ਆਦਿ ਦਾ ਨਿਰਮਾਣ ਕਰਵਾਇਆ। ਕਲਾਕਾਰਾਂ ਤੇ ਲੇਖਕਾਂ ਨੂੰ ਪਲਾਟ ਦਵਾਏ। ਚੰਡੀਗੜ੍ਹ ਸਿਟੀ ਬਿਊਟੀਫੁਲ ਦਾ ਨਾਂ ਉਨ੍ਹਾਂ ਦੀ ਹੀ ਦੇਣ ਹੈ।
1947 ’ਚ ਭਾਰਤ ਨੂੰ ਅਜ਼ਾਦੀ ਮਿਲਣ ਤੋਂ ਬਾਅਦ ਪੰਜਾਬ ਦੀ ਰਾਜਧਾਨੀ ਕਿੱਥੇ ਬਣਾਈ ਜਾਵੇ, ਇਹ ਇਕ ਵੱਡਾ ਮਸਲਾ ਸੀ। ਕੇਂਦਰ ਦੀ ਕਾਂਗਰਸ ਸਰਕਾਰ ਨੇ ਸੂਬਿਆਂ ਦਾ ਪ੍ਰਬੰਧ ਕਰਨਾ ਸੀ। ਪੰਡਿਤ ਜਵਾਹਰ ਲਾਲ ਨਹਿਰੂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਨ ਤੇ ਭਾਰਤ ਦੇ ਪਹਿਲੇ ਸੁਰੱਖਿਆ ਮੰਤਰੀ ਬਲਦੇਵ ਸਿੰਘ (ਦੁਮਣਾ) ਪੰਜਾਬ ਤੋਂ ਸਨ, ਜਿਨ੍ਹਾਂ ਦੀ ਨਹਿਰੂ ਨਾਲ ਬਹੁਤ ਨੇੜਤਾ ਸੀ। ਪੰਜਾਬ ਦੀ ਰਾਜਧਾਨੀ ਲਈ ਪੰਜਾਬ ਦੀ ਕਿਹੜੀ ਥਾਂ ਚੁਣੀ ਜਾਵੇ, ਇਸ ਦੀ ਜ਼ਿੰਮੇਵਾਰੀ ਬਲਦੇਵ ਸਿੰਘ ’ਤੇ ਸੁੱਟੀ ਗਈ ਜਿਨ੍ਹਾਂ ਦਾ ਜੱਦੀ ਪਿੰਡ ਦੁਮਣਾ ਪੁਆਧ ਖੇਤਰ ’ਚ ਮੋਰਿੰਡਾ ਦੇ ਨਜ਼ਦੀਕ ਪੈਂਦਾ ਸੀ। ਇਸ ਖੇਤਰ ਬਾਰੇ ਸੋਚ-ਵਿਚਾਰ ਕਰ ਕੇ ਉਦੋਂ ਜ਼ਿਲ੍ਹਾ ਅੰਬਾਲਾ ’ਚ ਪੈਂਦੇ ਲਗਪਗ 50 ਪਿੰਡਾਂ ਨੂੰ ਉਠਾ ਕੇ ਚੰਡੀਗੜ੍ਹ ਸ਼ਹਿਰ ਵਸਾਉਣ ਦੀ ਯੋਜਨਾ ਬਣਾਈ ਗਈ। ਇਹ ਖੇਤਰ ਸ਼ਿਵਾਲਿਕ ਪਹਾੜੀਆਂ ਦੀ ਗੋਦ ’ਚ ਪੈਂਦਾ ਸੀ ਜਿੱਥੇ ਹੜ੍ਹਾਂ ਦਾ ਕੋਈ ਖ਼ਤਰਾ ਨਹੀਂ ਸੀ। ਕੁਦਰਤ ਦੀ ਸੁੰਦਰਤਾ ਵਾਲਾ ਸੀ। ਨਦੀਆਂ-ਨਾਲਿਆਂ ਦੀ ਧਰਤੀ ਸੀ। ਉਠਾਲੇ ਗਏ ਪਿੰਡ ਥੋੜ੍ਹੀ ਅਬਾਦੀ ਵਾਲੇ ਸਨ। ਮਾਰੂ ਖੇਤੀ ਹੁੰਦੀ ਸੀ ਤੇ ਜ਼ਿਮੀਦਾਰਾਂ ਕੋਲ ਖੇਤੀ-ਜ਼ਮੀਨ ਦਾ ਰਕਬਾ ਵੀ ਦੂਜੇ ਜ਼ਿਲ੍ਹਿਆਂ ਨਾਲੋਂ ਬਹੁਤ ਘੱਟ ਸੀ। ਲੋਕ ਸਾਊ ਸੁਭਾਅ ਦੇ ਸਨ। ਆਰਥਿਕ-ਤੰਗੀ ਕਾਰਨ ਪੜ੍ਹੇ-ਲਿਖੇ ਵੀ ਘੱਟ ਸਨ। ਕੋਈ ਅਗਵਾਈ ਕਰਨ ਵਾਲਾ ਪ੍ਰਤਿਭਾਸ਼ਾਲੀ ਲੀਡਰ ਵੀ ਨਹੀਂ ਸੀ। ਪੌਣ-ਪਾਣੀ ਕਾਰਨ ਇਹ ਇਲਾਕਾ ਸਾਫ਼-ਸੁਥਰਾ ਤੇ ਸ਼ਾਂਤਮਈ ਵਾਲਾ ਸੀ। ਰਾਜਧਾਨੀ ਲਈ ਇਹ ਖੇਤਰ ਚੁਣ ਲਿਆ ਗਿਆ।
ਪੁਆਧ ਦੇ ਪਿੰਡਾਂ ਨੂੰ ਉਠਾਲੇ ਜਾਣ ਦਾ ਫ਼ੈਸਲਾ
ਪੁਆਧ ਦੇ ਪਿੰਡਾਂ ਨੂੰ ਉਠਾਲੇ ਜਾਣ ਦਾ ਫ਼ੈਸਲਾ ਕੀਤਾ ਗਿਆ ਉਦੋਂ ਪੰਜਾਬ ਸਰਕਾਰ ਦੇ ਤਤਕਾਲੀਨ ਚੌਧਰੀ ਲਹਿਰੀ ਸਿੰਘ, ਪਬਲਿਕ ਵਰਕਸ ਮੰਤਰੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਅਤੇ ਐਡਮਨਿਸਟਰੇਟਰ ਵੱਲੋਂ ਪੀਐੱਨ ਥਾਪਰ ਨੂੰ ਲਾਇਆ ਗਿਆ। ਅਸਲ ਵਿਚ ਉਦੋਂ ਭਾਰਤ ਦੀ ਆਜ਼ਾਦੀ ਮਿਲਣ ਦੀ ਲਹਿਰ ਜ਼ੋਰਾਂ ’ਤੇ ਸੀ। ਭਵਿੱਖ ਬਾਰੇ ਸੂਝ-ਸਿਆਣਪ ਨਾਲ ਕਿਵੇਂ ਲੋਕਾਂ ਨਾਲ ਨਿਪਟਣਾ, ਇਸ ਗੱਲ ਬਾਰੇ ਸੋਚਣਾ ਵਿਸਰਿਆ ਹੋਇਆ ਸੀ। ਉਦੋਂ ਪੁਆਧ ਦੇ ਵੱਡੇ ਪਿੰਡ ਰਾਮ ਨਗਰ (ਭੰਗੀਮਾਜਰਾ), ਕੈਲੜ, ਕਾਲੀਬੜ, ਬਜਵਾੜਾ, ਨਗਲਾ, ਸ਼ਾਹਪੁਰ ਤੇ ਰੁੜਕੀ ਪੜਾਓ ਸਨ ਤੇ ਬਾਕੀ ਪਿੰਡ ਘੱਟ ਵੱਸੋਂ ਵਾਲੇ ਸਨ। ਉਦੋਂ ਰਾਜਧਾਨੀ ਨੂੰ ਆਮ ਬੋਲਚਾਲ ਵਿਚ ਲੋਕੀ ਦਾਰੂਖਲਾਫ਼ਾ ਕਹਿੰਦੇ ਸਨ। ਪਿੰਡ ਨੂੰ ਉਠਾਲਣ (ਉਜਾੜਨ) ਵਿਰੁੱਧ ਲੋਕਾਂ ਨੇ ਮੁਜ਼ਾਹਰੇ ਵੀ ਕੀਤੇ, ਲੋਕਾਂ ਨੂੰ ਕੈਦ ਵੀ ਕੀਤਾ ਗਿਆ। ਗ੍ਰਿਫ਼ਤਾਰੀਆਂ ਵੀ ਹੋਈਆਂ ਜਿਨ੍ਹਾਂ ’ਚ ਇਲਾਕੇ ਦੇ ਸਿਰਕੱਢ ਵਿਅਕਤੀ ਲਛਮਣ ਸਿੰਘ (ਭੰਗੀਮਾਜਰਾ), ਰਣ ਸਿੰਘ (ਕਾਲੀਬੜ), ਜਥੇਦਾਰ ਅੰਗਰੇਜ਼ ਸਿੰਘ (ਬਡਹੇੜੀ), ਹਾਕਮ ਸਿੰਘ (ਦਲਹੇੜੀ ਜੱਟਾਂ), ਪੰਡਿਤ ਜੀ (ਕੈਲੜ), ਗਿਆਨੀ ਹਰਦਿਆਲ ਸਿੰਘ (ਕਾਲੀਬੜ), ਕਾਮਰੇਡ ਸ਼ਮਸ਼ੇਰ ਸਿੰਘ ਜੋਸ਼ (ਉਦੋਂ ਸੋਸ਼ਲਿਸਟ ਨੇਤਾ) ਤੇ ਹੋਰ ਵਿਅਕਤੀਆਂ ਨੇ ਆਪਣੇ ਹੱਕਾਂ ਲਈ ਜਦੋ-ਜਹਿਦ ਕੀਤੀ ਪਰੰਤੂ ਤਤਕਾਲੀਨ ਸਰਕਾਰ ਨੇ ਉਹ ਹਮਦਰਦੀ ਨਹੀਂ ਵਿਖਾਈ ਜਿਸ ਦੀ ਲੋੜ ਸੀ। ਬਹੁਤ ਸਸਤੇ ਭਾਅ (ਕੌਡੀਆਂ ਦੇ ਭਾਅ) ਜ਼ਮੀਨਾਂ ਦੀ ਕੀਮਤ ਦਿੱਤੀ ਗਈ, ਸ਼ਾਮਲਾਟ ਜ਼ਮੀਨਾਂ, ਪਹੀਆਂ, ਰੁੱਖਾਂ ਦੇ ਪੈਸੇ, ਹਲਟਾਂ ਦੀ ਕੀਮਤ ਅਤੇ ਪੁਸ਼ਤੈਨੀ ਵਿਰਾਸਤ ਤੇ ਯਾਦਗਾਰਾਂ ਨੂੰ ਸੰਭਾਲਣ ਦੀ ਥਾਂ ਮਲੀਆਮੇਟ ਕਰ ਦਿੱਤਾ ਗਿਆ। ਧਰਮਸ਼ਾਲਾ, ਖੇੜਾ ਤੇ ਯਾਦਗਾਰੀ ਚਿੰਨ੍ਹ ਢਹਿ-ਢੇਰੀ ਕਰ ਦਿੱਤੇ ਗਏ। ਕਿਤੇ-ਕਿਤੇ ਗੁਰਦੁਆਰਾ, ਮਾੜੀ ਜਾਂ ਪ੍ਰਾਚੀਨ ਮੰਦਿਰ ਹੀ ਢਹਿਣ ਤੋਂ ਬਚ ਸਕੇ। ਪੁਰਾਣੇ ਪਿੱਪਲ, ਬੋਹੜ, ਅੰਬ ਆਦਿ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਖੂਹ ਤੇ ਹਲਟ ਵੀ ਪੂਰ ਦਿੱਤੇ ਗਏ। ਪਿੰਡ ਢਹਿ-ਢੇਰੀ ਕਰ ਕੇ ਪੱਧਰੀ ਜ਼ਮੀਨ ਉੱਤੇ ਚੰਡੀਗੜ੍ਹ ਦੇ ਸੈਕਟਰਾਂ ਦੀ ਨਿਸ਼ਾਨਦੇਹੀ ਕਰ ਦਿੱਤੀ ਗਈ। ਕਿਸੇ ਵੀ ਪਿੰਡ ਦੇ ਨਾਂ ਉੱਤੇ ਕੋਈ ਸੈਕਟਰ, ਚੌਕ ਜਾਂ ਅਦਾਰੇ ਦਾ ਨਾਂ ਨਹੀਂ ਰੱਖਿਆ ਗਿਆ। ਸੁਤੰਤਰ ਭਾਰਤ ਦੇ ਲੋਕਾਂ ਲਈ ਆਪਣੀ ਹੀ ਸਰਕਾਰ ਨੇ ਆਪਣੇ ਲੋਕਾਂ ਨਾਲ ਧੱਕਾ ਕੀਤਾ। ਆਦਰਸ਼ਕ ਪਿੰਡ ਬਣਾਉਣ ਦੀ ਥਾਂ ਉਨ੍ਹਾਂ ਪਿੰਡਾਂ ਦੀ ਹੋਂਦ ਹੀ ਖ਼ਤਮ ਕਰ ਦਿੱਤੀ ਗਈ। ਸ਼ਾਇਦ ਸੰਸਾਰ ਦੇ ਕਿਸੇ ਮੁਲਕ ਵਿਚ ਅਜਿਹਾ ਉਠਾਲੇ ਦਾ ਵਰਤਾਰਾ ਨਹੀਂ ਵਾਪਰਿਆ। ਵੱਡਾ ਸੰਕਟ ਇਹ ਸੀ ਕਿ ਲੋਕਾਂ ਨੂੰ ਆਪਣੇ ਘਰ ਢਾਹੇ ਜਾਣ ’ਤੇ, ਆਪਣੇ ਘਰ ਦਾ ਸਾਜ਼ੋ-ਸਮਾਨ ਢੋਣ ਲਈ ਕੋਈ ਵਸੀਲਾ ਵੀ ਨਹੀਂ ਸੀ। ਕੇਵਲ ਪਿੰਡ ਵਿਚ ਉਦੋਂ ਦੋ-ਚਾਰ ਜ਼ਿਮੀਦਾਰਾਂ ਕੋਲ ਗੱਡੇ ਹੀ ਹੁੰਦੇ ਸਨ। ਬਾਕੀ ਗ਼ੈਰ ਜ਼ਿਮੀਦਾਰ ਪਰਿਵਾਰਾਂ ਨੂੰ ਆਪਣੇ ਘਰ ਦਾ ਸਾਮਾਨ ਢੋਣ ਲਈ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਦੀ ਪੁਕਾਰ ਸੁਣਨ ਵਾਲਾ ਅਧਿਕਾਰੀ ਆਪਣੀ ਮਨ-ਮਾਨੀ ਕਰਦਾ ਸੀ। ਆਪੋ-ਧਾਪੀ ਸੀ। ਕੋਈ ਕਿਸੇ ਦੀ ਮਦਦ ਕਰਨ ਤੋਂ ਲਾਚਾਰ ਸੀ। ਇਸ ਦੌਰ ਦੀ ਵਿਡੰਬਣਾ ਸੁਣ ਕੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਉਜੜਨਾ ਤੇ ਵੱਸਣਾ ਮੌਤ ਤੇ ਨਵੇਂ ਜਨਮ ਲੈਣ ਵਰਗਾ ਹੁੰਦਾ। ਇਨ੍ਹਾਂ ਉਠਾਲੇ ਗਏ 26 ਪਿੰਡਾਂ ਦੀ ਪੁਆਧੀ ਬੋਲੀ, ਸੱਭਿਆਚਾਰ, ਕਿੱਤੇ, ਵਿਰਾਸਤ, ਧੰਦੇ, ਕਲਾ, ਪ੍ਰਕਿਰਤੀ, ਰਿਸ਼ਤੇ-ਨਾਤੇ, ਭਾਈਚਾਰਕ ਸਾਂਝ ਆਦਿ ਖਿੰਡ-ਪੁੰਡ ਗਈ। ਪੁਰਾਣੀ ਸੱਭਿਅਤਾ ਲੋਪ ਹੋ ਗਈ ਤੇ ਨਵੀਂ ਸੱਭਿਅਤਾ ਦਾ ਆਗਾਜ਼ ਹੋਣ ਲੱਗਿਆ। ਉਠਾਲੇ ਗਏ ਲੋਕਾਂ ਦੀਆਂ ਦਰਦ ਕਹਾਣੀਆਂ ਅੱਖਾਂ ਨਮ ਕਰਨ ਵਾਲੀਆਂ ਹਨ। ਮੈਂ ਉਨ੍ਹਾਂ ਬਜ਼ੁਰਗਾਂ ਨੂੰ ਮਿਲਿਆ ਤੇ ਸੁਣਿਆ ਹੈ। ਦੁੱਖ ਦੀ ਗੱਲ ਹੈ ਕਿ ਅਗਲੀ ਪੀੜ੍ਹੀ ਨੂੰ ਆਪਣੇ ਪੁਸ਼ਤੈਨੀ ਪਿੰਡ (ਜੜ੍ਹ) ਦੇ ਨਾਂ ਦਾ ਵੀ ਪਤਾ ਨਹੀਂ ਰਿਹਾ। ਜੜ੍ਹੋਂ ਉਖੜੇ ਮਨੁੱਖ ਦੀ ਹੋਣੀ ਦੀ ਤ੍ਰਾਸਦੀ ਬਿਆਨੀ ਨਹੀਂ ਜਾ ਸਕਦੀ। ਸਿਟੀ ਬਿਊਟੀਫੁਲ ਚੰਡੀਗੜ੍ਹ ਦੀ ਧਰਤੀ ਥੱਲੇ ਉਨ੍ਹਾਂ ਪਿੰਡਾਂ ਦੀ ਰੂਹ ਦਾ ਵਿਰਲਾਪ ਭੁਲਾਇਆ ਨਹੀਂ ਜਾ ਸਕਦਾ। ਇੱਥੇ ਉਨ੍ਹਾਂ ਪਿੰਡਾਂ ਬਾਰੇ ਸੰਖੇਪ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ, ਜਿਨ੍ਹਾਂ ਦੀ ਧਰਤੀ ’ਤੇ ਚੰਡੀਗੜ੍ਹ ਦੇ ਸੈਕਟਰ ਤੇ ਮੁੱਖ ਅਦਾਰੇ ਬਣਾਏ ਗਏ।
1950 ’ਚ ਹੋਇਆ ਪਹਿਲਾ ਉਠਾਲਾ
ਪਹਿਲਾ ਉਠਾਲਾ 1950 ’ਚ ਹੋਇਆ ਤੇ 17 ਪਿੰਡ ਉਠਾਲੇ ਗਏ। ਪਿੰਡ ਵਾਸੀਆਂ ਨੂੰ ਵਸੇਬੇ ਲਈ ਜ਼ਮੀਨ ਬਦਲੇ ਜ਼ਮੀਨ ਅਤੇ ਮਕਾਨਾਂ ਬਦਲੇ ਮਕਾਨ ਵੱਖੋ-ਵੱਖ ਪਿੰਡਾਂ ਵਿਚ ਦਿੱਤੇ ਗਏ। ਵਸੇਬੇ ਲਈ ਕਸਟੋਡੀਅਨ ਜਾਇਦਾਦਾਂ ਵਾਲੀਆਂ ਇਹ ਜ਼ਮੀਨਾਂ ਤੇ ਘਰ ਇਸ ਖੇਤਰ ’ਚ 1947 ਦੀ ਵੰਡ ਸਮੇਂ, ਪਿੰਡਾਂ ’ਚੋਂ ਪਾਕਿਸਤਾਨ ਭੇਜੇ ਮੁਸਲਮਾਨ ਪਰਿਵਾਰਾਂ ਦੀਆਂ ਸਨ ਜਾਂ ਕੁਝ ਹੋਰ ਜ਼ਮੀਨਾਂ ਸਨ। ਇਹ ਵਰਤਾਰਾ ਜੱਗੋ-ਬਾਹਰਾ ਵਾਪਰਿਆ। ਕਈ ਉਠਾਲੇ ਦਾ ਸਦਮਾ ਨਾ ਸਹਾਰਦੇ ਹੋਏ ਜੀਅ ਚਲ ਵਸੇ ਤੇ ਆਪਣੇ ਪਿੰਡ ਦੀ ਸ਼ਮਸ਼ਾਨ-ਭੂਮੀ ਵੀ ਸਸਕਾਰ ਲਈ ਨਸੀਬ ਨਾ ਹੋਈ।
ਪਿੰਡ ਨਗਲਾ ਤੋਂ ਚੰਡੀਗੜ੍ਹ ਦੀ ਉਸਾਰੀ ਦਾ ਮੁੱਢ ਬੱਝਿਆ। ਉੱਘੇ ਆਰਕੀਟੈਕਚਰ ਲੀ-ਕਾਰਬੂਜੀਅਰ ਦਾ ਦਫ਼ਤਰ ਇੱਥੇ ਹੀ ਬਣਾਇਆ ਗਿਆ ਜੋ ਹੁਣ ਵੀ ਵੇਖਿਆ ਜਾ ਸਕਦਾ। ਇਸ ਪਿੰਡ ਦੀ ਆਬਾਦੀ ਲਗਪਗ 250 ਸੀ ਅਤੇ 30 ਘਰ ਜੋ ਕੱਚੇ ਸਨ। ਜ਼ਿਮੀਦਾਰ, ਬ੍ਰਾਹਮਣ, ਕਹਾਰ, ਤਰਖਾਣ, ਸੁਨਿਆਰ, ਖੱਤਰੀ ਆਦਿ ਵਸਨੀਕਾਂ ਦਾ ਆਪਸੀ ਪ੍ਰੇਮ-ਪਿਆਰ ਸੀ। ਪਿੰਡ ਦੀ ਜ਼ਮੀਨ 250 ਕਿੱਲੇ ਦੱਸੀ ਜਾਂਦੀ। ਪਿੰਡ ਦੀਆਂ ਤਿੰਨ ਪੱਤੀਆਂ ਸਨ ਤੇ ਤਿੰਨ ਹੀ ਖੂਹ ਸਨ। ਅੰਬਾਂ ਦੇ ਬਾਗ਼ ਸਨ। ਕੋਈ ਸਕੂਲ ਨਹੀਂ ਸੀ। ਇੱਥੋਂ ਦੇ ਵਾਸੀਆਂ ਨੂੰ ਵਸੇਬੇ ਲਈ ਗਿੱਦੜਪੁਰਾ, ਸਨੇਟਾ, ਮਨੀਮਾਜਰਾ ਆਦਿ ਥਾਵਾਂ ਜਾਣਾ ਪਿਆ। ਚੰਡੀਗੜ੍ਹ ਦਾ ਮੁੱਢਲਾ ਡਾਕਖਾਨਾ ਵੀ ਇਸੇ ਪਿੰਡ ਬਣਿਆ ਤੇ ਆਲ ਇੰਡੀਆ ਰੇਡੀਓ ਸਟੇਸ਼ਨ ਵੀ ਇੱਥੇ ਹੀ ਸ਼ੁਰੂ ਹੋਇਆ, ਪਹਿਲਾ ਬੱਸ ਸਟੈਂਡ ਵੀ। ਇਸ ਪਿੰਡ ਦੀ ਜ਼ਮੀਨ ’ਤੇ ਸੈਕਟਰ-19 ਅਤੇ ਸੈਕਟਰ-27 ਬਣਿਆ।
ਪਿੰਡ ਸ਼ਾਹਜ਼ਾਦਪੁਰ ਜਿੱਥੇ ਪੀਜੀਆਈ ਉਸਰਿਆ ਅਤੇ ਸੈਕਟਰ-11 ਅਤੇ ਸੈਕਟਰ-12 ਬਣਾਏ ਗਏ। ਗੁੱਗਾ ਮਾੜੀ ਮੰਦਿਰ ਇਸ ਗੱਲ ਦੀ ਗਵਾਹੀ ਭਰਦਾ ਜੋ ਇਕ ਨੁੱਕਰੇ ਪੂਰਬ ਪਾਸੇ ਸਥਿਤ ਹੈ। 100 ਘਰ ਸਨ ਤੇ ਵੱਸੋਂ ਹਜ਼ਾਰ ਕੁ ਦੇ ਨੇੜੇ-ਤੇੜੇ ਸੀ। ਪਿੰਡ ਵਿਚ ਜ਼ਿਮੀਦਾਰ, ਬ੍ਰਾਹਮਣ, ਤਰਖਾਣ, ਕਹਾਰ, ਗੁੱਜਰ, ਰਾਮਦਾਸੀਏ ਤੇ ਬਾਲਮੀਕੀ ਜਾਤਾਂ ਦੇ ਲੋਕ ਸਨ। ਆਲੇ-ਦੁਆਲੇ ਜੰਗਲ ਤੇ ਚਰਾਂਦਾਂ ਸਨ। ਗੁੱਜਰ ਲੋਕ ਬੱਕਰੀਆਂ ਪਾਲਦੇ ਸਨ। ਇੱਥੋਂ ਦੇ ਲੋਕਾਂ ਨੂੰ ਵਸੇਬੇ ਲਈ ਮਨੀਮਾਜਰਾ, ਪੰਚਕੂਲਾ ਆਦਿ ਥਾਵਾਂ ’ਤੇ ਵਸਣਾ ਪਿਆ, ਜਿੱਥੋਂ ਫੇਰ ਉਜੜਨਾ ਪਿਆ। ਸਕੂਲ ਨਾ ਹੋਣ ਕਾਰਨ, ਬੱਚੇ ਕੈਲੜ ਦੇ ਪ੍ਰਾਇਮਰੀ ਸਕੂਲ ’ਚ ਪੜ੍ਹਨ ਜਾਂਦੇ ਸਨ। ਹੁਣ ਇਸ ਪਿੰਡ ਦੀ ਜ਼ਮੀਨ ’ਤੇ ਕੋਠੀਆਂ, ਬਜ਼ਾਰ ਅਤੇ ਸਰਕਾਰੀ ਪੋਸਟ ਗ੍ਰੈਜੂਏਟ ਕਾਲਜ ਸੈਕਟਰ-11 ਸਥਿਤ ਹਨ। ਦੋ ਸੌ ਸਾਲਾਂ ਤੋਂ ਵੱਧ ਪੁਰਾਣਾ ਪਿੱਪਲ ਤੇ ਬੋਹੜ ਮੰਦਿਰ ’ਚ ਅਜੇ ਵੀ ਕਾਇਮ ਹੈ।
ਭੰਗੀਮਾਜਰਾ (ਰਾਮ ਨਗਰ) ਜਿੱਥੇ ਬਣਿਆ ਪੰਜਾਬ ਗਵਰਨਰ ਹਾਊਸ। ਇਹ ਪਿੰਡ ਘੁੱਗ ਵੱਸਦਾ ਸੀ ਜਿਸ ਦੀ ਵਾਹੀਯੋਗ ਜ਼ਮੀਨ 3200 ਬੀਘੇ ਤੋਂ ਵੱਧ ਸੀ ਅਤੇ ਚਰਾਂਦ 864 ਬੀਘੇ ਸੀ। ਇੱਥੋਂ ਉਠਾਲੇ ਗਏ ਵਾਸੀਆਂ ਨੂੰ ਤੰਗੌਰੀ, ਲਖ਼ਨੌਰ, ਬੀਪੁਰ, ਚਿਤਾਮਲਾ, ਮਨੀਮਾਜਰਾ, ਕੁਰਾਲੀ, ਸੁੰਡਰੜਿਆਂ ਆਦਿ ਪਿੰਡਾਂ ਦਾ ਵਸੇਬਾ ਕਰਨਾ ਪਿਆ। ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀ। ਮੱਕੀ, ਕਣਕ, ਛੋਲੇ, ਕਮਾਦ, ਦਾਲਾਂ, ਮੂੰਗਫ਼ਲੀ ਆਦਿ ਫ਼ਸਲਾਂ ਪ੍ਰਮੁੱਖ ਸਨ। ਬਲਦ ਰੱਖਣ ਦਾ ਸ਼ੌਕ ਹੁੰਦਾ ਸੀ। ਘੋੜੀਆਂ ਰੱਖਣ ਅਤੇ ਰੱਥ ਰੱਖਣ ਲਈ ਵੀ ਮਸ਼ਹੂਰੀ ਸੀ ਛੜਾਨ ਗੋਤ ਵਾਸੀਆਂ ਦੀਆਂ ਸ਼ਾਨਦਾਰ ਹਵੇਲੀਆਂ ਤੇ ਚੁਬਾਰੇ ਹੁੰਦੇ ਸਨ। ਇਸ ਪਿੰਡ ਦੀਆਂ ਉੱਘੀਆਂ ਹਸਤੀਆਂ ਸਨ। ਲਛਮਣ ਸਿੰਘ ਪੜ੍ਹੇ-ਲਿਖੇ ਸਨ ਜਿਨ੍ਹਾਂ ਨੇ ਲੋਕਾਂ ਦੇ ਹੱਕਾਂ ਲਈ ਚੰਗੀ ਭੂਮਿਕਾ ਨਿਭਾਈ। ਸੈਕਟਰ-6 ਬਣਨ ਕਾਰਨ ਪੰਜਾਬ ਰਾਜ ਭਵਨ ਇਸ ਪਿੰਡ ਦੀ ਜ਼ਮੀਨ ’ਤੇ ਬਣਿਆ ਅਤੇ ਸੈਕਟਰ-7 ਗੋਲਫ ਗਰਾਊਂਡ ਵੀ। ਇਸ ਪਿੰਡ ਦੀ ਜ਼ਮੀਨ ’ਤੇ ਸੁਖਨਾ ਝੀਲ ਕੰਢੇ ਖੜਿਆ ਪਿੱਪਲ ਗਿਆਨ ਸਿੰਘ ਵਲਦ ਨੰਦ ਸਿੰਘ ਦੀ ਯਾਦ ਕਰਾਉਂਦਾ, ਜਿਸ ਨੇ ਇਸ ਨੂੰ ਪੁੱਤਰ ਸਮਝ ਕੇ ਲਾਇਆ ਸੀ। ਪੰਜਾਬ ਰਾਜ ਭਵਨ ਕਰੀਬ 20 ਕਿੱਲਿਆਂ ’ਚ ਬਣਿਆ ਹੋਇਆ।
ਸੈਣੀ ਮਾਜਰਾ ਪਿੰਡ ਦੀ ਜ਼ਮੀਨ ’ਤੇ ਸੈਕਟਰ-25 ਦਾ ਸ਼ਮਸ਼ਾਨ ਘਾਟ ਅਤੇ ਪੰਜਾਬ ਯੂਨੀਵਰਸਿਟੀ ਦੇ ਰਿਹਾਇਸ਼ੀ ਮਕਾਨ ਤੇ ਹੋਰ ਅਦਾਰੇ ਉਸਾਰੇ ਗਏ। ਇਸ ਛੋਟੇ ਪਿੰਡ ਦੇ 25 ਘਰ ਸੈਣੀਆਂ ਦੇ ਸਨ। ਘਰ ਕੱਚੇ ਸਨ। ਪੱਛਮ ਵੱਲ ਜੰਗਲ ਹੁੰਦਾ ਸੀ। ਇੱਥੋਂ ਉਜੜ ਕੇ ਕੁਝ ਲੋਕ ਮਨੌਲੀ, ਡੇਰਾਬੱਸੀ, ਡੱਡੂਮਾਜਰਾ, ਸਿੰਘ ਭਗਵੰਤਪੁਰ, ਸਕਰੁੱਲਾਪੁਰ, ਅਬਰਾਵਾਂ ਆਦਿ ਪਿੰਡਾਂ ’ਚ ਜਾ ਵਸੇ। ਡੂੰਘੇ ਪਾਣੀਆਂ ਦਾ ਉੱਘਾ ਇੰਜੀਨੀਅਰ ਗੁਰਨਾਮ ਸਿੰਘ (ਡੇਰਾਬੱਸੀ) ਇਸੇ ਪਿੰਡ ਦਾ ਵਾਸੀ ਸੀ। ਅੰਬ, ਜਾਮਣ, ਜਮੋਏ ਤੇ ਖਜੂਰਾਂ ਦੇ ਦਰੱਖ਼ਤ ਹੁੰਦੇ ਸਨ। ਪਿੰਡ ਵਿੱਚ ਨਾ ਗੁਰਦੁਆਰਾ, ਨਾ ਮੰਦਿਰ, ਨਾ ਮਾੜੀ, ਨਾ ਖੇੜਾ, ਨਾ ਸਕੂਲ ਤੇ ਨਾ ਕੋਈ ਹੋਰ ਯਾਦਗਾਰੀ ਸਥਾਨ। ਉਦੋਂ ਪੰਜਾਬ ਦਾ ਮੁੱਖ ਮੰਤਰੀ ਗੋਪੀ ਚੰਦ ਭਾਰਗੋ, ਮੰਤਰੀ ਪਿਰਥੀ ਸਿੰਘ ਅਜ਼ਾਦ, ਤਹਿਸੀਲਦਾਰ ਮਲਿਕ ਅਤੇ ਇੰਜੀਨੀਅਰ ਸ੍ਰੀ ਵਰਮਾ ਨੇ ਪਿੰਡ ਵਾਸੀਆਂ ਨਾਲ ਚੰਗਾ ਵਿਹਾਰ ਨਹੀਂ ਕੀਤਾ।
ਛੋਟਾ ਜਿਹਾ ਪਿੰਡ ਕਾਂਜੀਮਾਜਰਾ ਜਿੱਥੇ ਕੋਈ ਸਕੂਲ ਨਹੀਂ ਸੀ, ਉੱਥੇ ਸੈਕਟਰ-14 ਦੀ ਪੰਜਾਬ ਯੂਨੀਵਰਸਿਟੀ ਬਣੀ। 300 ਬੀਘੇ ਜ਼ਮੀਨ ਦਾ ਮੌਜਾ, 20 ਕੁ ਘਰ ਸਾਰੇ ਕੱਚੇ ਹੁੰਦੇ ਸਨ। ਗ਼ਰੀਬ ਲੋਕਾਂ ਨੂੰ 50 ਰੁਪਏ ਪ੍ਰਤੀ ਘਰ ਰਕਮ ਦਿੱਤੀ ਗਈ। ਕੋਈ ਧਰਮਸ਼ਾਲਾ ਤੇ ਖੇੜਾ ਨਹੀਂ ਸੀ। ਇੱਥੋਂ ਉਠਾਲੇ ਲੋਕਾਂ ਨੂੰ ਤੰਗੌਰੀ, ਦੁਗਰੀ ਕੋਟਲੀ ਆਦਿ ਪਿੰਡਾਂ ’ਚ ਵਸੇਬਾ ਮਿਲਿਆ। ਤਿੰਨ ਖੂਹ ਹਲਟਾਂ ਵਾਲੇ ਸਨ। ਬੱਕਰੀਆਂ ਤੇ ਮੱਝਾਂ ਪਾਲਣ ਦਾ ਧੰਦਾ ਸੀ। ਇਸ ਪਿੰਡ ਦੀ ਧਰਤੀ ਵਿੱਦਿਆ ਦਾ ਚਾਨਣ ਵੰਡ ਰਹੀ ਹੈ ਪਰ ਕਿਸੇ ਨੂੰ ਵੀ ਇਸ ਪਿੰਡ ਦੀ ਯਾਦ ਨਹੀਂ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਹੁਣ ਦੁਨੀਆ ਭਰ ਦੇ ਵਿਦਿਆਰਥੀ ਪੜ੍ਹ ਰਹੇ ਹਨ।
ਘੁੱਗ ਵਸਦੇ ਪਿੰਡ ਕਾਲੀਬੜ ਤੇ ਕੈਲੜ
ਕਾਲੀਬੜ ਘੁੱਗ ਵਸਦਾ ਪਿੰਡ ਸੀ, 350 ਘਰ ਅਤੇ ਦੋ ਹਜ਼ਾਰ ਤੋਂ ਵੱਧ ਵਸੋਂ। ਲੋਅਰ ਮਿਡਲ ਸਕੂਲ ਸੀ। ਦੋ ਖੂਹ ਸਨ ਪਾਣੀ ਡੂੰਘਾ ਹੁੰਦਾ ਸੀ। ਟਿਵਾਣਾ ਤੇ ਛੜਾਣ ਗੋਤ ਦੀਆਂ ਪੱਤੀਆਂ ਸਨ। ਇਸ ਪਿੰਡ ਦੀ ਜ਼ਮੀਨ ਚੰਡੀਗੜ੍ਹ ਦੀ ਹਾਈਕੋਰਟ ਤੱਕ ਸੀ ਜਿਸ ’ਤੇ ਸੈਕਟਰ-8, 9 ਅਤੇ 10 ਬਣਾਏ। ਸੈਕਟਰ-8 ਦਾ (ਨਵੀਨ) ਗੁਰਦੁਆਰਾ ਪਾਤਸ਼ਾਹੀ ਦਸਵੀਂ ਅਜੇ ਵੀ ਸੁਸ਼ੋਭਿਤ ਹੈ ਜਿਹੜਾ ਪਿੰਡ ਵਾਸੀਆਂ ਨੇ ਬਣਵਾਇਆ ਸੀ। ਮੁੱਖ ਫ਼ਸਲਾਂ ਕਣਕ, ਕਪਾਹ, ਮੱਕੀ, ਮੂੰਗਫਲੀ, ਮਾਂਹ, ਮੂੰਗੀ, ਧਾਨ, ਛੋਲੇ ਤੇ ਕਮਾਦ ਖ਼ੂਬ ਹੁੰਦੀਆਂ ਸਨ। ਜ਼ਿਮੀਦਾਰਾਂ ਦੇ 40 ਗੱਡੇ ਹੁੰਦੇ ਸਨ। ਇੱਥੋਂ ਦੇ ਵਾਸੀਆਂ ਨੂੰ ਸੁਘੜ, ਸੁੰਡੜਾਂ, ਮਨੀਮਾਜਰਾ, ਕੁਰਾਲੀ, ਚੱਪੜਚਿੜੀ, ਚੁੰਨ੍ਹੀ, ਚਟੌਲੀ ਆਦਿ ਪਿੰਡਾਂ ’ਚ ਵਸੇਬਾ ਕਰਨਾ ਪਿਆ। ਪਿੰਡ ਦੀਆਂ ਬੜੀਆਂ ਉੱਘੀਆਂ ਪੜ੍ਹੀਆਂ-ਲਿਖੀਆਂ ਸ਼ਖ਼ਸੀਅਤਾਂ ਨੂੰ ਕਾਲੀਬੜੀਏ ਕਹਿ ਕੇ ਸਤਿਕਾਰਿਆ ਜਾਂਦਾ। ਪਿੰਡ ਦੇ ਚਾਰੇ ਪਾਸੇ ਚਬੂਤਰੇ ਹੁੰਦੇ ਸਨ। ਆਟਾ ਪਸਾਉਣ ਮਨੀਮਾਜਰੇ ਘਰਾਟਾਂ ’ਤੇ ਜਾਣਾ ਤੇ ਮਣਸਾ ਦੇਵੀ ਦੇ ਮੰਦਿਰ ਮੇਲਾ ਦੇਖਣ ਜਾਣਾ ਆਮ ਸੀ। ਪਿੰਡ ਵਿਚ ਜੱਟ, ਬ੍ਰਾਹਮਣ, ਬਾਣੀਏ, ਜੁਲਾਹੇ, ਘੁਮਿਆਰ, ਕਹਾਰ, ਤਰਖਾਣ, ਸੁਨਿਆਰ, ਪੀਂਜੇ, ਤੇਲੀ, ਰਾਈਂ, ਨਾਈ, ਛੀਂਬੇ, ਬਾਲਮੀਕ ਸਮੇਤ ਕਈ ਹੋਰ ਭਾਈਚਾਰਿਆਂ ਦੇ ਲੋਕ ਸਦਭਾਵਨਾ ਨਾਲ ਵਿਚਰਦੇ ਸਨ। ਪਿੰਡ ਵਿਚ ਅੰਬ, ਨਿੰਮ, ਕਿੱਕਰ, ਜਾਮਣ, ਜਮੋਏ, ਪਿੱਪਲ, ਬੋਹੜ, ਬੇਰੀ, ਲਸੂੜਾ ਆਦਿ ਦਰੱਖ਼ਤਾਂ ਦੀ ਭਰਮਾਰ ਹੁੰਦੀ ਸੀ। ਸੁੰਦਰ ਤੇ ਰਮਣੀਕ ਸੱਭਿਆਚਾਰ ਦੀ ਮੂਰਤ ਸੀ ਇਹ ਪਿੰਡ। ਪ੍ਰਤੀ ਏਕੜ 1350 ਰੁਪਏ ਕੀਮਤ ਪਾਈ ਗਈ। ਸੰਸਾਰ ਜੰਗ 1914 ਅਤੇ 1942 ’ਚ ਇਸ ਪਿੰਡ ਦੇ ਬਹਾਦਰਾਂ ਨੇ ਹਿੱਸਾ ਪਾਇਆ ਤੇ ਵੱਡੇ ਪੁਰਸਕਾਰ ਵਿਕਟੋਰੀਆ ਕਰਾਸ ਪ੍ਰਾਪਤ ਕੀਤੇ।
ਇਕ ਹੋਰ ਘੁੱਗ ਵਸਦਾ ਪਿੰਡ ਕੈਲੜ ਸੀ ਜਿਸ ਦੇ 800 ਦੇ ਕਰੀਬ ਘਰ ਅਤੇ ਦੋ ਹਜ਼ਾਰ ਤੋਂ ਵੱਧ ਅਬਾਦੀ। ਸਾਰੇ ਵਰਗਾਂ ਦੇ ਲੋਕ ਆਪਸੀ ਮੇਲ-ਮਿਲਾਪ ਨਾਲ ਰਹਿੰਦੇ ਸਨ। ਪ੍ਰਾਇਮਰੀ ਸਕੂਲ ਸੀ ਤੇ ਇੱਕ ਗੁਰਦੁਆਰਾ ਜੋ ਹੁਣ ਸੈਕਟਰ-15 ਵਿਚ ਨਵੀਂ ਦਿੱਖ ਨਾਲ ਸੁਸ਼ੋਭਿਤ ਹੈ। ਸ਼ਿਵ ਅਤੇ ਦੇਵੀ ਮੰਦਿਰ ਵੀ ਨਵੀਨੀਕਰਨ ਰੂਪ ’ਚ ਹੈ। ਬੜੀਆਂ ਉੱਘੀਆਂ ਹਸਤੀਆਂ ਨਾਲ ਵਰੋਸਾਇਆ ਹੋਇਆ ਪਿੰਡ, ਭੌਣੀਆਂ ਵਾਲੇ ਖੂਹਾਂ ਕਰ ਕੇ ਜਾਣਿਆ ਜਾਂਦਾ ਸੀ। ਸਰਕਾਰੀ ਹਸਪਤਾਲ ਸੈਕਟਰ-16 ਵਾਲਾ ਇਸ ਪਿੰਡ ’ਤੇ ਹੀ ਉਸਾਰਿਆ ਗਿਆ। ਇਸ ਪਿੰਡ ਦੇ ਲੋਕੀਂ ਖਰੜ, ਕੁਰਾਲੀ, ਰਡਿਆਲਾ, ਭਰੈਲੀ, ਮਜਾਤ, ਦੈੜੀ, ਚਟੌਲੀ ਆਦਿ ਥਾਂਵਾਂ ’ਤੇ ਵਸੇ। ਕੈਲੜੀਏ ਤੇ ਟਿਵਾਣਾ ਗੋਤੀ ਕਰ ਕੇ ਜਾਣੇ ਜਾਂਦੇ ਹਨ। ਸੈਕਟਰ-16 ਉੱਘਾ ਹੋਣ ਕਾਰਨ ਇੱਥੇ ਕੋਠੀਆਂ, ਦੁਕਾਨਾਂ ਤੇ ਹੋਰ ਅਦਾਰੇ ਕਾਇਮ ਹਨ। ਕਹਾਵਤ ਸੀ : ਕਾਲੀਬੜ ਤੇ ਕੈਲੜ ਉੱਜੜੇ ਸਕੇ ਭਰਾ।
ਸ਼ਿਵਾਲਿਕ ਦੀਆਂ ਪਹਾੜੀਆਂ ਦੀ ਝਾਂਜਰ
ਸ਼ਿਵਾਲਿਕ ਦੀਆਂ ਪਹਾੜੀਆਂ ਦੀ ਝਾਂਜਰ ਮਹਿਲੇਮਾਜਰਾ ਛੋਟਾ ਜਿਹਾ ਪਿੰਡ ਸੀ ਜਿਸ ਦੇ 30 ਘਰ ਅਤੇ 200 ਦੀ ਅਬਾਦੀ ਅਤੇ ਦੋ ਹਜ਼ਾਰ ਬੀਘੇ ਜ਼ਮੀਨ ਦੇ ਸਨ। ਕੋਈ ਮੰਦਰ ਜਾਂ ਗੁਰਦੁਆਰਾ ਨਹੀਂ ਸੀ ਪਰੰਤੂ ਧਰਮਸ਼ਾਲਾ ਜ਼ਰੂਰ ਸੀ, ਜਿੱਥੇ ਸਮਾਗਮ ਹੁੰਦੇ ਸਨ। ਵਿਰਕ ਗੋਤ ਜੱਟਾਂ ਦਾ ਸੀ ਇਕ ਘਰ ਗੋਸਾਈਆਂ ਦਾ ਸੀ। ਛੇ ਘਰ ਕਰਾਰਾਂ ਦੇ ਤੇ ਇਕ ਘਰ ਦਲਿਤਾਂ ਦਾ। ਇਸ ਪਿੰਡ ਵਾਲਿਆਂ ਨੂੰ ਮਨੀਮਾਜਰਾ, ਬਹਿਲਾਂ, ਚੁੰਨ੍ਹੀ ਕਲਾਂ, ਖਰੜ, ਖਾਨਪੁਰ, ਚਤਾਮਲੀ ਕਮਾਲਪੁਰ ਤੇ ਦੁੱਲਮਾਂ ਖੱਦਰੀ ਥਾਵਾਂ ’ਤੇ ਵਸਣਾ ਪਿਆ। ਇਸ ਪਿੰਡ ਦੀ ਜ਼ਮੀਨ ’ਤੇ ਸੈਕਟਰ-2 ਬਣਿਆ ਅਤੇ ਅਮੀਰ ਪਰਿਵਾਰਾਂ ਦੀਆਂ ਸ਼ਾਨਦਾਰ ਕੋਠੀਆਂ ਹਨ। ਮਕੈਨੀਕਲ ਇੰਜੀਨੀਅਰ ਸੇਵਾ-ਮੁਕਤ ਹਜ਼ਾਰਾ ਸਿੰਘ ਨੇ ਜਿਓਲੀਕਲ ਸਰਵੇ ਆਫ਼ ਇੰਡੀਆ ’ਚ ਸੇਵਾ ਨਿਭਾਈ। ਇਸ ਪਿੰਡ ਦੀ ਸ਼ਾਮਲਾਤ ਜ਼ਮੀਨ ਸਰਕਾਰ ਨੇ ਹੜੱਪ ਕਰ ਲਈ।
ਰੁੜਕੀ ਪੜਾਓ ਪਿੰਡ ਰੋਪੜ ਤੋਂ ਅੰਬਾਲਾ ਜਾਣ ਵਾਲੀ ਸੜਕ ’ਤੇ ਸਥਿਤ ਸੀ ਜਿਸ ਦੀ ਜ਼ਮੀਨ ’ਤੇ ਬਸ ਸਟੈਂਡ ਸੈਕਟਰ-17 ਬਣਿਆ। ਆਵਾਜਾਈ ਤੇ ਮੁਸਾਫ਼ਿਰਾਂ-ਰਾਹਗੀਰਾਂ ਦੀ ਠਹਿਰ ਵਾਲਾ ਪਿੰਡ ਕਿੰਨੀਆਂ ਹੀ ਯਾਦਾਂ ਦਾ ਪ੍ਰਤੀਕ ਸੀ। ਸੈਕਟਰ-21 ਅਤੇ ਸੈਕਟਰ-22 ਇਸੇ ਪਿੰਡ ’ਤੇ ਉਸਰੇ। ਕਿਰਨ ਸਿਨੇਮਾ-ਘਰ ਸੈਕਟਰ-22 ਮਸ਼ਹੂਰ ਰਿਹਾ। ਪਿੰਡ ਦੇ 55 ਘਰ ਕੱਚੇ ਸਨ। ਖੂਹਾਂ ਤੋਂ ਬਿਨਾਂ 17 ਹਲਟ ਜ਼ਿਮੀਦਾਰਾਂ ਦੇ ਸਨ। ਹਾੜੀ-ਸਾਉਣੀ ਦੀਆਂ ਸਾਰੀਆਂ ਫ਼ਸਲਾਂ ਹੁੰਦੀਆਂ ਸਨ। ਗੱਡਿਆਂ ਰਾਹੀਂ ਭਾੜੇ ਦਾ ਧੰਦਾ ਹੁੰਦਾ ਸੀ। ਟਿਵਾਣਾ, ਸਿੱਧੂ, ਬੈਦਵਾਨ, ਸ਼ੁਕਰੀਏ ਤੇ ਮਾਨ ਗੋਤ ਵਾਲੇ ਮਿਹਨਤੀ ਪੇਂਡੂ ਸਨ। ਖੇੜਾ ਤੇ ਧਰਮਸ਼ਾਲਾ ਢਹਿ-ਢੇਰੀ ਕਰ ਦਿੱਤੇ। ਲੋਕਾਂ ਨੂੰ ਵਸੇਬੇ ਲਈ ਲਖਨੌਰ, ਮਨੀਮਾਜਰਾ, ਖਰੜ, ਸੈਦਪੁਰ, ਪੀਰ ਸੁਹਾਣਾ, ਧੜਾਕ, ਬਰਵਾਲਾ, ਰਾਇਪੁਰ ਕਲਾਂ (ਬੁੱਢਣਪੁਰ ਯੂਟੀ ਚੰਡੀਗੜ੍ਹ) ਆਦਿ ਥਾਵਾਂ ’ਤੇ ਵਸਣਾ ਪਿਆ।
ਪਿੰਡ ਖੇੜੀ ਦੇ 60 ਘਰ, ਅਬਾਦੀ ਲਗਪਗ 300, ਜ਼ਮੀਨ ਦਾ ਰਕਬਾ 4500 ਬੀਘੇ ਦੱਸਿਆ ਗਿਆ। ਜ਼ਮੀਨ ਉਪਜਾਊ ਸਾਰੀਆਂ ਫ਼ਸਲਾਂ ਯੋਗ ਸੀ। ਪਿੰਡ ਦਾ ਟੋਭਾ ਚਾਰ ਕੀਲਿਆਂ ’ਚ ਫੈਲਿਆ ਹੋਇਆ ਸੀ। ਤਿੰਨ ਪੱਤੀਆਂ ਸਨ : ਹੀਰਾਂ ਦੀ, ਮਾਨਾਂ ਦੀ ਤੇ ਗੋਤਰਾਂ ਦੀ। ਉਠਾਲੇ ਨੇ ਖੇੜਾ ਤੇ ਧਰਮਸ਼ਾਲਾ ਖ਼ਤਮ ਕਰ ਦਿੱਤੀ, ਕੇਵਲ ਗੁਰਦੁਆਰਾ ਕਲਗੀਧਰ ਖੇੜੀ ਸੈਕਟਰ-20 ਡੀ ਪੂਰੀ ਸ਼ਾਨੋ-ਸਾਕਤ ਖਿੱਚ ਦਾ ਕੇਂਦਰ ਹੈ। ਵਸੇਬੇ ਲਈ ਲੋਕਾਂ ਨੂੰ ਸੀਹੋਮਾਜਰਾ, ਜੰਡਪੁਰ, ਤੰਗੌਰੀ, ਰੈਲੀ ਕੁੰਡੀ, ਮੌਲੀ (ਹਰਿਆਣਾ), ਧੜਾਕ, ਮਜਾਤ, ਕੁਰੜਾ ਤੇ ਖੇੜੀ (ਸੁੰਢੜਾ ਨੇੜੇ) ਥਾਵਾਂ ’ਤੇ ਵਾਸਾ ਕਰਨਾ ਪਿਆ। ਇਸ ਪਿੰਡ ਦੀ ਜ਼ਮੀਨ ’ਤੇ ਸੈਕਟਰ-20 ਅਤੇ ਸੈਕਟਰ 33-ਬੀ ਵਸਿਆ। ਸਰਕਾਰੀ ਸਿੱਖਿਆ ਕਾਲਜ ਸੈਕਟਰ-20 ਅਤੇ ਸਰਕਾਰੀ ਸਕੂਲ ਇਸ ਪਿੰਡ ਦੀ ਯਾਦ ਕਰਾਉਂਦਾ।
ਕੰਚਨਪੁਰਾ ਪਿੰਡ (ਉਰਫ਼ ਹਮੀਦਗੜ੍ਹ) ਸੁਖਨਾ ਨਦੀ ’ਤੇ ਵਸਿਆ ਹੋਇਆ ਸੀ ਜਿਸ ’ਤੇ ਹੁਣ ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ੍ਹ ਸੈਕਟਰ-26 ਹੈ। 30-35 ਘਰ ਸਨ ਜਿਨ੍ਹਾਂ ’ਚ ਤਿੰਨ ਬ੍ਰਾਹਮਣਾਂ ਦੇ, ਦਸ ਬਾਰ੍ਹਾਂ ਗਡਰੀਆਂ ਦੇ, ਦੋ-ਤਿੰਨ ਤਰਖਾਣਾਂ ਦੇ, ਛੀਬਿਆਂ, ਰਾਮਦਾਸੀਆਂ ਤੋਂ ਬਿਨਾਂ ਬਹੁਤੇ ਘਰ ਜ਼ਿਮੀਦਾਰਾਂ ਦੇ ਸਨ। ਦੋ ਖੂਹ ਸਨ ਪਰੰਤੂ ਪਾਣੀ ਡੂੰਘਾ ਸੀ। ਜਿਸ ਪਿੰਡ ’ਚ ਉਦੋਂ ਕੋਈ ਸਕੂਲ ਨਹੀਂ ਸੀ, ਹੁਣ ਕਾਲਜ ਵਿੱਦਿਆ ਦਾ ਚਾਨਣ ਵੰਡ ਰਿਹਾ। ਖੇੜਾ ਤੇ ਧਰਮਸ਼ਾਲਾ ਖ਼ਤਮ ਕਰ ਦਿੱਤੇ ਗਏ। ਆਟਾ ਪਸਾਉਣ ਪੰਚਕੂਲਾ ਘਰਾਟਾਂ ’ਤੇ ਜਾਂਦੇ ਸਨ। ਹਾੜੀ-ਸਾਉਣੀ ਦੀਆਂ ਫ਼ਸਲਾਂ ’ਚ ਕਪਾਹ ਚੁਗਣ ਤੇ ਸਾਗ ਤੋੜਨ ਸੁਆਣੀਆਂ ਜਾਂਦੀਆਂ ਸਨ। ਉਠਾਲੇ ਗਏ ਲੋਕਾਂ ਨੂੰ ਬੁੱਢਣਪੁਰ, ਮਨੀਮਾਜਰਾ ਖ਼ੁਦ-ਟਾਊਨ, ਮੌਲੀ (ਸਟੇਸ਼ਨ ਵਾਲੀ), ਬਰਵਾਲਾ (ਹਰਿਆਣਾ) ਆਦਿ ਥਾਵਾਂ ’ਤੇ ਪੈਰ ਟਿਕਾਣੇ ਪਏ। ਇਸ ਪਿੰਡ ਦੀ ਜ਼ਮੀਨ ’ਤੇ ਪੁਲਿਸ ਅਦਾਰਾ ਤੇ ਹੋਰ ਅਦਾਰੇ ਤੇ ਕੋਠੀਆਂ ਬਣ ਗਈਆਂ।
ਗੁਰਦਾਸਪੁਰਾ ਪਿੰਡ ਦੀ 40 ਕੁ ਘਰਾਂ ਦੀ ਵੱਸੋਂ 500 ਦੇ ਕਰੀਬ ਸੀ। ਵਾਹੀਯੋਗ ਜ਼ਮੀਨ ਦੋ ਹਜ਼ਾਰ ਬੀਘੇ ਦੇ ਕਰੀਬ ਸੀ। ਘਰ ਕੱਚੇ ਸਨ। ਜ਼ਿਮੀਦਾਰ, ਤਰਖਾਣ, ਲੁਹਾਰ, ਕਹਾਰ, ਰਾਮਦਾਸੀਏ ਤੇ ਬਾਲਮੀਕ ਭਾਈਚਾਰੇ ਦੇ ਲੋਕ ਵਸਦੇ ਸਨ, ਜਿਨ੍ਹਾਂ ਦੇ ਗੋਤ ਛੜਾਣਾ, ਜਸਪਾਲ ਤੇ ਬੈਨੀਪਾਲ ਸਨ। ਇਸ ਪਿੰਡ ਦੀ ਜ਼ਮੀਨ ’ਤੇ ਸੈਕਟਰ-28 ਬਣਿਆ ਪਰੰਤੂ ਪ੍ਰਾਚੀਨ ਗੁੱਗਾ ਮਾੜੀ ਅਤੇ ਸ਼ਿਵ ਮੰਦਿਰ ਅਜੇ ਵੀ ਨਵੀਂ ਦਿੱਖ ’ਚ ਕਾਇਮ ਹਨ। ਇੱਥੋਂ ਦੇ ਲੋਕਾਂ ਨੂੰ ਪੰਚਕੂਲਾ, ਚਿਤਾਮਲੀ, ਸੁਆੜਾ, ਤੰਗੌਰੀ, ਬੁੱਢਣਪੁਰ, ਮਨੀਮਾਜਰਾ, ਗਿੱਦੜਪੁਰ ਆਦਿ ਥਾਵਾਂ ’ਤੇ ਵਸਣਾ ਪਿਆ ਤੇ ਮੁੜ ਕਈਆਂ ਨੂੰ ਉਜੜਨਾ ਪਿਆ। ਬਾਬਾ ਦਿਆਲ ਸਿੰਘ ਨੇ ਬ੍ਰਿਟਿਸ਼ ਰਾਜ ਸਮੇਂ ਦੇਸ਼ ਦੀ ਆਜ਼ਾਦੀ ਲਈ ਮਿੰਟਗੁਮਰੀ ਜੇਲ੍ਹ ਕੱਟੀ ਤੇ ਕਈ ਹੋਰਾਂ ਨੇ ਫ਼ੌਜ ’ਚ ਸੇਵਾਵਾਂ ਨਿਭਾਈਆਂ। ਆਈਟੀਆਈ ਅਦਾਰਾ ਸੈਕਟਰ 28-ਸੀ ਬਣਾਇਆ ਗਿਆ।
ਬਜਵਾੜੀ ਕਰਮ ਚੰਦ ਪਿੰਡ ਨੂੰ ਬੰਨਣ ਵਾਲਾ ਬਜਵਾੜਾ ਦਾ ਜ਼ਿਮੀਦਾਰ ਕਰਮ ਚੰਦ ਸੀ ਜਿਸ ਨੇ ਘੋੜੇ ’ਤੇ ਸਵਾਰ ਹੋ ਕੇ ਪਿੰਡ ਦਾ ਬੰਨ੍ਹਾ ਉਲੀਕਿਆ ਸੀ। ਕੁੱਲ 10 ਘਰ ਹੁੰਦੇ ਸਨ ਜਿਨ੍ਹਾਂ ’ਚੋਂ 7 ਜ਼ਿਮੀਦਾਰਾਂ ਦੇ, ਇਕ ਬ੍ਰਾਹਮਣਾਂ ਦਾ ਤੇ ਦੋ ਰਾਮਦਾਸੀਆਂ ਦੇ ਸਨ। ਜ਼ਿਮੀਦਾਰ ਧੀਰਪੁਰ, ਬ੍ਰਾਹਮਣਾਂ ਨੂੰ ਖਾਨਪੁਰ ਅਤੇ ਰਾਮਦਾਸੀਆਂ ਨੂੰ ਮੁੰਡੀ ਖਰੜ ਵਸਣਾ ਪਿਆ। ਇਸ ਪਿੰਡ ਦੀ ਜ਼ਮੀਨ ’ਤੇ ਸੈਕਟਰ-23 ਦੀ ਰੋਜ਼ ਨਰਸਰੀ ਤੇ ਕੋਠੀਆਂ ਬਣੀਆਂ ਤੇ ਇਕ ਲੰਮੀ ਕਾਤਰ ’ਤੇ ਸੈਕਟਰ-22 ਦਾ ਅਰੋਮਾ ਹੋਟਲ ਬਣਿਆ। ਅਬਾਦੀ 150 ਦੇ ਕਰੀਬ ਸੀ। ਸਕੂਲ, ਮੰਦਿਰ, ਧਰਮਸ਼ਾਲਾ ਤੇ ਗੁਰਦੁਆਰੇ ਤੋਂ ਸੱਖਣਾ ਇਹ ਪਿੰਡ ਸੀ। ਚਾਰ ਖੂਹ ਤੇ ਤਿੰਨ ਟੋਭੇ ਸਨ। ਮੁੱਖ ਧੰਦਾ ਖੇਤੀ ਸੀ। ਕਣਕ, ਮੱਕੀ, ਕਮਾਦ, ਮੂੰਗਫ਼ਲੀ, ਮੇਥੇ, ਚਰੀ, ਕਾਲੇ ਧਾਨ, ਛੋਲੇ, ਸਰ੍ਹੋਂ, ਤਾਰਾਮੀਰਾ, ਮਸਰੀ, ਮੂੰਗੀ ਆਦਿ ਫ਼ਸਲਾਂ ਹੁੰਦੀਆਂ ਸਨ। ਸਾਂਝੀ ਘਲਾੜੀ ਹੁੰਦੀ ਸੀ। ਦੋ ਹਲਟ ਸਨ। ਆਟਾ ਪਸਾਉਣ ਖਰੜ ਰਲਾ ਰਾਮ ਦੇ ਇੰਜਣ ’ਤੇ ਜਾਣਾ ਪੈਂਦਾ ਸੀ।
ਦਲਹੇੜੀ ਰਾਜਪੂਤਾਂ ’ਚ 10 ਘਰ ਚੌਧਰੀਆਂ ਦੇ, ਇਕ ਬ੍ਰਾਹਮਣਾਂ ਦਾ, ਦੋ ਘਰ ਰਾਮਦਾਸੀਆਂ ਦੇ ਤੇ ਦੋ ਘਰ ਬਾਲਮੀਕੀਆਂ ਦੇ ਸਨ। ਅਬਾਦੀ 150 ਦੇ ਕਰੀਬ ਸੀ। ਇਸ ਪਿੰਡ ਦਾ ਬੰਨ੍ਹਾ ਉੱਤਰ-ਪੂਰਬ ਵੱਲ ਸੁਖਨਾ ਨਦੀ ਦੇ ਪਹਾੜੀ ਇਲਾਕੇ ਨਾਲ ਲੱਗਦਾ ਸੀ। ਰਾਜਪੂਤਾਂ ਦਾ ਗੋਤ ਕੌਸ਼ਿਲ-ਰਘੂਬੰਸ਼ੀ ਸੀ। ਮੁੱਖ ਕਿੱਤਾ ਖੇਤੀ। ਹਾੜੀ-ਸਾਉਣੀ ਦੀਆਂ ਫ਼ਸਲਾਂ ਹੁੰਦੀਆਂ ਸਨ। ਇੱਥੋਂ ਦੇ ਲੋਕਾਂ ਨੂੰ ਚੋਲਟਾ ਖੁਰਦ, ਕਾਲਪੀ (ਹਰਿਆਣਾ), ਬਤੌੜ (ਹਰਿਆਣਾ), ਭਰੈਲਾ ਨਵਾਂ ਗਰਾਓਂ (ਹਰਿਆਣਾ) ਆਦਿ ਥਾਵਾਂ ’ਤੇ ਜ਼ਮੀਨਾਂ ਦਿੱਤੀਆਂ ਗਈਆਂ। ਸੈਕਟਰ-28 ਦੀ ਮਾਰਕਿਟ ਇਸ ਪਿੰਡ ਦੀ ਜ਼ਮੀਨ ’ਤੇ ਬਣੀ ਤੇ ਕੁਝ ਜ਼ਮੀਨ ਸੈਕਟਰ-26 ਤੇ ਸੈਕਟਰ-27 ’ਚ ਪੈਂਦੀ ਸੀ। ਚੌਧਰੀ ਅਮਰ ਸਿੰਘ ਕੋਲ 60-70 ਕਿੱਲੇ ਜ਼ਮੀਨ ’ਚੋਂ ਕੇਵਲ ਅੱਧੀ ਜ਼ਮੀਨ ਹੀ ਮਿਲੀ (ਚੋਲਟਾ ਖੁਰਦ) ਬਾਕੀ ਜ਼ਮੀਨ ਦਾ ਕੇਸ ਠੰਢੇ ਬਸਤੇ ਪਿਆ।
ਦਲਹੇੜੀ ਜੱਟਾਂ ਦਾ ਬੰਨ੍ਹਾਂ ਗੁਰਦਾਸਪੁਰ, ਨਗਲਾ, ਕੰਚਨਪੁਰਾ, ਕਾਲੀਬੜ ਤੇ ਮਨੀਮਾਜਰਾ ਨੂੰ ਲੱਗਦਾ ਸੀ। ਤਿੰਨ ਹਜ਼ਾਰ ਬੀਘੇ ਜ਼ਮੀਨ ਸੀ। 20 ਘਰ ਜ਼ਿਮੀਦਾਰਾਂ ਦੇ, ਦੋ ਘੁਮਿਆਰਾਂ ਦੇ, ਦੋ ਰਾਮਦਾਸੀਆਂ ਦੇ, ਦੋ ਘਰ ਤੇਲੀਆਂ ਦੇ ਤੇ ਕੁਝ ਘਰ ਹੋਰ ਵਰਗਾਂ ਦੇ ਸਨ। ਮੁੱਖ ਕਿੱਤਾ ਖੇਤੀ ਸੀ ਤੇ ਕਣਕ, ਮੱਕੀ, ਕਮਾਦ, ਸਣ, ਸਣੀ, ਮਸਰੀ, ਸੂੰਹ, ਸਰ੍ਹੋਂ, ਮੂੰਗਫ਼ਲੀ, ਕਪਾਹ, ਚਣੇ, ਅਰਹਰ, ਕਾਲੇ ਧਾਨ ਆਦਿ ਫ਼ਸਲਾਂ ਹੁੰਦੀਆਂ ਸਨ। ਇੱਥੋਂ ਕਈ ਜ਼ਿਮੀਦਾਰਾਂ ਨੂੰ ਮਟੌਰ ਵਸਣਾ ਪਿਆ ਤੇ ਮੁੜ ਉੱਥੋਂ ਵੀ ਉਜੜਨਾ ਪਿਆ। ਟਿਵਾਣਾ ਤੇ ਮਾਵੀ ਗੋਤ ਜ਼ਿਮੀਦਾਰਾਂ ਦੇ ਸਨ। ਦੋ ਖੂਹ, ਇਕ ਹਲਟ, ਤਿੰਨ ਟੋਭੇ। ਰੱਥਾਂ ਤੇ ਘੋੜੀਆਂ ਦਾ ਸ਼ੌਕ ਹੁੰਦਾ ਸੀ। ਕਈ ਜ਼ਿਮੀਦਾਰਾਂ ਦੇ ਪੱਕੇ ਚੁਬਾਰੇ ਵੀ ਸਨ। ਮਟੌਰ, ਬੰਨ੍ਹਮਾਜਰਾ, ਖੰਗੇਸਰਾ ਆਦਿ ਥਾਵਾਂ ਤੇ ਲੋਕਾਂ ਨੇ ਵਾਸਾ ਕੀਤਾ। ਪਿੰਡ ਦੀ ਜ਼ਮੀਨ ’ਤੇ ਚੰਡੀਗੜ੍ਹ ਦੀ ਸੈਕਟਰ-26 ਦੀ ਅਨਾਜ ਮੰਡੀ ਬਣਾਈ ਗਈ। ਪਸ਼ੂਆਂ ਲਈ ਵੱਡੀਆਂ ਚਰਾਂਦਾਂ ਸਨ। ਬਾਗ਼ ਬਹੁਤ ਹੁੰਦੇ ਸਨ। ਲਗਪਗ 39 ਖਣਾਂ ਦੀ ਸ਼ਾਨਦਾਰ ਧਰਮਸ਼ਾਲਾ ਵੀ ਉਠਾਲੇ ’ਚ ਤਬਾਹ ਕਰ ਦਿੱਤੀ।
ਕਾਂਸਲ ਪਿੰਡ ਹੁਣ ਤਹਿਸੀਲ ਖਰੜ ’ਚ ਪੈਂਦਾ। ਸਦੀਆਂ ਪੁਰਾਣਾ ਪਿੰਡ ਹੈ ਜੋ ਢਹਿ-ਢੇਰੀ ਹੋਣ ਤੋਂ ਤਾਂ ਬਚ ਗਿਆ ਪਰੰਤੂ 1350 ਏਕੜ ਜ਼ਮੀਨ ਐਕਵਾਇਰ ਕਰ ਕੇ ਪੰਜਾਬ ਸਕੱਤਰੇਤ, ਹਾਈ ਕੋਰਟ, ਰਾਜਿੰਦਰਾ ਪਾਰਕ, ਜੰਗਲੀ ਜੀਵਾਂ ਦੀ ਰੱਖ ਜੋ ਸਾਢੇ ਤਿੰਨ ਕਿਲੋਮੀਟਰ ’ਚ ਫੈਲੀ ਹੋਈ ਹੈ। ਸੁਖਨਾ ਨਦੀ ਪਾਰ ਪੁਰਾਤਨ ਮਾਤਾ ਕਾਂਸਾ ਦੇਵੀ ਮੰਦਿਰ ਬਹੁਤ ਮਸ਼ਹੂਰ ਹੈ। ਇਸ ਪਿੰਡ ’ਚ ਜੱਟ, ਸਿੱਖ, ਗੁੱਜਰ, ਬ੍ਰਾਹਮਣ, ਵਣਜਾਰੇ, ਤਰਖਾਣ, ਲੁਹਾਰ, ਘੁਮਿਆਰ, ਬਾਲਮੀਕੀ ਤੇ ਕਈ ਹੋਰ ਭਾਈਚਾਰੇ ਦੇ ਲੋਕ ਵਸ ਰਹੇ ਹਨ। ਹੁਣ ਇਹ ਪਿੰਡ ਆਧੁਨਿਕੀਕਰਨ ਕਰਕੇ ਖਿੱਚ ਦਾ ਕੇਂਦਰ ਹੈ। ਪੁਰਾਣਾ ਖੂਹ ਹੁੰਦਾ ਸੀ, ਜਿਸ ’ਚ 100 ਹੱਥ ਡੂੰਘਾ ਪਾਣੀ ਹੁੰਦਾ ਸੀ। ਪਿੰਡ ਦੀ ਜੱਦੀ ਆਬਾਦੀ ਪੰਜ-ਛੇ ਹਜ਼ਾਰ ਹੈ। ਪੁਰਾਣੇ ਵਸਨੀਕਾਂ ’ਚੋਂ ਬੈਂਸ, ਜੰਗੂ, ਗਿਰੀ, ਖੇਪੜ ਗੋਤੀ ਵਾਲੇ ਹਨ। ਬਾਬਾ ਜੈਦ ਗਿਰੀ ਦੀ ਸਮਾਧ ਕਾਇਮ ਹੈ ਜਿਸ ਦੀ ਆਪਣੀ ਪਰੰਪਰਾ ਗਿਰੀ ਲੋਕਾਂ ਨਾਲ ਜੁੜੀ ਹੋਈ ਹੈ। ਮਾਤਾ ਕਾਂਸਾ ਦੇਵੀ ਦੇ ਨਾਂ ’ਤੇ ਪਿੰਡ ਦਾ ਨਾਂ ਕਾਂਸਲ ਬਣਿਆ। ਪ੍ਰਾਚੀਨ ਖੇੜਾ ਮੰਦਿਰ ਹੈ। ਤਿੰਨ ਗੁਰਦੁਆਰੇ, ਗੁੱਗਾ ਮਾੜੀ, ਸ਼ਿਵ ਮੰਦਿਰ ਤੇ ਵਿਸ਼ਕਰਮਾ ਮੰਦਿਰ ਕਾਰਨ ਖ਼ੂਬ ਰੌਣਕ ਲੱਗੀ ਰਹਿੰਦੀ। ਇਸ ਪਿੰਡ ਨੂੰ ਲੋੜੀਂਦੀਆਂ ਸਹੂਲਤਾਂ ਦੀ ਅਤੀ ਲੋੜ ਹੈ।
ਕੰਡਿਆਲੀ ਤਾਰ ਦਾ ਸ਼ਿਕਾਰ ਹੋਇਆ ਪਿੰਡ ਨਵਾਂ ਗਾਓਂ
ਨਵਾਂ ਗਾਓਂ ਜੋ ਕੰਡਿਆਲੀ ਤਾਰ ਦਾ ਸ਼ਿਕਾਰ ਹੋਇਆ। ਢਹਿ-ਢੇਰੀ ਹੋਣ ਤੋਂ ਬਚ ਗਿਆ ਪਰੰਤੂ ਜ਼ਮੀਨ ਹੜੱਪ ਕਰ ਲਈ ਗਈ ਜਿਸ ਦੀ ਜ਼ਮੀਨ ’ਤੇ ਸੈਕਟਰ-2 ’ਚ 400 ਏਕੜ ’ਚ ਰਾਜਿੰਦਰਾ ਪਾਰਕ, ਦੋਵੇਂ ਸਰਕਾਰੀ ਪੋਸਟ ਗ਼੍ਰੈਜੂਏਟ ਕਾਲਜ (ਮੁੰਡੇ ਤੇ ਕੁੜੀਆਂ) ਸੈਕਟਰ-11 ਅਤੇ ਸਰਕਾਰੀ ਇੰਜੀਨੀਅਰਿੰਗ ਕਾਲਜ ਬਣਾਏ ਗਏ। ਕੁਝ ਵਾਸੀਆਂ ਨੂੰ ਮਟੌਰ, ਸੁੱਘੜ ਤੇ ਸਿਆਹੀਮਾਜਰਾ ਥਾਵਾਂ ’ਤੇ ਜ਼ਮੀਨ ਦਿੱਤੀ ਗਈ। ਪ੍ਰਾਚੀਨ ਖੇੜਾ ਤੇ ਧਰਮਸ਼ਾਲਾ ਅਤੇ ਦਸਮ ਪਾਤਸ਼ਾਹੀ ਦੀ ਚਰਨ ਛੋਹ ਗੁਰਦੁਆਰਾ ਬੜ ਸਾਹਿਬ ਸੁਸ਼ੋਭਿਤ ਹੈ। ਉਦੋਂ ਪ੍ਰਾਇਮਰੀ ਸਕੂਲ ਸੀ ਜੋ ਹੁਣ ਹਾਈ ਸਕੂਲ ਹੈ। ਦੋ ਖੂਹ ਸਨ, ਇਕ ਟੋਭਾ ਸੀ। ਇਸ ਪਿੰਡ ਦੀਆਂ ਵੱਖ-ਵੱਖ ਵਿਭਾਗਾਂ ’ਚ ਨਾਮਣਾ ਖੱਟਣ ਵਾਲੀਆਂ ਹਸਤੀਆਂ ਦਾ ਨਾਂ ਉੱਘਾ ਹੈ। ਹੁਣ ਇਸ ਪਿੰਡ ’ਚ ਬਾਹਰੀ ਵਸੋਂ ਕਾਰਨ ਪਿੰਡ ਦੀ ਨੁਹਾਰ ਸ਼ਹਿਰ ਵਰਗੀ ਬਣ ਗਈ ਹੈ। ਦੁਕਾਨਾਂ ’ਤੇ ਵਪਾਰ ਕਾਰਨ ਗਹਿਮਾ-ਗਹਿਮੀ ਕਾਰਨ ਬਹੁਤ ਸਮੱਸਿਆਵਾਂ ਖੜ੍ਹੀਆਂ ਹੋ ਗਈਆਂ ਹਨ। 1950 ’ਚ ਵਸੋਂ 400 ਦੇ ਕਰੀਬ ਸੀ। ਜੱਟਾਂ ਦੇ 60-70 ਘਰ, ਬ੍ਰਾਹਮਣਾਂ ਦੇ 5-7 ਘਰ, ਕਹਾਰਾਂ ਦੇ ਦੋ, ਨਾਈਆਂ ਦਾ ਇਕ, ਤੇਲੀਆਂ ਦਾ ਇਕ, ਤਰਖਾਣਾਂ-ਲੁਹਾਰਾਂ ਦਾ ਇਕ-ਇਕ, ਬਾਲਮੀਕੀਆਂ ਦੇ ਦਸ ਅਤੇ ਰਾਮਦਾਸੀਆਂ ਦੇ ਦੋ ਘਰ ਹੁੰਦੇ ਸਨ। ਹੁਣ ਤਾਂ ਅਬਾਦੀ 70 ਹਜ਼ਾਰ ਤੋਂ ਵੱਧ ਹੋਵੇਗੀ। ਪੰਜਾਬ ਦਾ ਇਹ 365 ਸਾਲ ਪੁਰਾਣਾ ਪਿੰਡ ਜ਼ਮੀਨ ਕਾਰਨ ਮਹਿੰਗਾ ਹੁੰਦਾ ਜਾ ਰਿਹਾ।
1960 ਤੋਂ 1975 ਤੱਕ ਚਲਦਾ ਰਿਹਾ ਦੂਜਾ ਉਠਾਲਾ
ਦੂਜਾ ਉਠਾਲਾ 1960-1975 ਤੱਕ ਚਲਦਾ ਰਿਹਾ ਜਿਸ ਅਧੀਨ 11 ਪਿੰਡ ਉਠਾਲੇ ਗਏ। ਵਸੇਬੇ ਲਈ ਜ਼ਮੀਨ ਬਦਲੇ ਜ਼ਮੀਨ ਅਤੇ ਘਰਾਂ ਬਦਲੇ ਘਰ ਨਹੀਂ ਐਲਾਨੇ ਗਏ, ਸਗੋਂ ਬੜੀ ਬੇਰਹਿਮੀ ਨਾਲ ਜ਼ਮੀਨਾਂ ਤੇ ਘਰਾਂ ਦੇ ਕੌਡੀਆਂ ਦੇ ਭਾਅ ਮੁੱਲ ਦਿੱਤੇ ਗਏ। ਇਨ੍ਹਾਂ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਆਪਣਾ ਵੱਖਰਾ ਦੁਖਾਂਤ ਸਿਰਜਦੀਆਂ ਹਨ :
ਰਹੇ ਨਾ ਪੇਕੇ, ਰਹੇ ਨਾ ਸਹੁਰੇ,
ਕਿਸ ਦਰ ’ਤੇ ਅਰਜ਼ੋਈ-ਕਰੀਏ।
ਪਿੰਡ ਸ਼ਾਹਪੁਰ ਬਾਈ ਹਲਟਾਂ ਕਰਕੇ ਜਾਣਿਆ ਜਾਂਦਾ ਸੀ ਤੇ ਫ਼ਸਲਾਂ ਦੀ ਉਪਜ ਕਰਕੇ ਮਸ਼ਹੂਰ ਸੀ। ਸ਼ਾਹਪੁਰ ਚੋਲੀਆਂ ਵੀ ਕਾਗ਼ਜ਼ਾਂ ’ਚ ਨਾਂ ਦਰਜ, ਜਿੱਥੇ 20 ਘਰ ਤੇ ਵਸੋਂ 200 ਤੋਂ ਵੱਧ ਸੀ। ਮੌਜੂਦਾ ਗੁਰਦੁਆਰਾ ਸ਼ਾਹਪੁਰ ਸੈਕਟਰ 38-ਬੀ ਦੇ ਪ੍ਰਧਾਨ ਤਾਰਾ ਸਿੰਘ ਨੇ ਦੱਸਿਆ ਕਿ ਇਹ ਗੁਰਦੁਆਰਾ 1946 ’ਚ ਬਣਾਇਆ ਗਿਆ ਸੀ ਤੇ ਇਸ ਵੇਲੇ ਨਵੀਂ ਦਿੱਖ ਬਣਾਈ ਗਈ ਅਤੇ ਧਰਮ ਪ੍ਰਚਾਰ ਤੋਂ ਬਿਨਾਂ ਲੋਕ ਭਲਾਈ ਦੇ ਕੰਮਾਂ ਕਾਰਨ ਬਹੁਤ ਉਸਤਤ ਖੱਟ ਰਿਹਾ। ਪਿੰਡ ਦੀ ਜ਼ਮੀਨ ਦਾ ਰਕਬਾ 300 ਏਕੜ ਸੀ, ਗੋਤ ਗਿੱਲ ਅਤੇ ਗਰੇਵਾਲ ਸੀ। ਪਿੰਡ ’ਚ ਉਦੋਂ ਪ੍ਰਾਇਮਰੀ ਸਕੂਲ, ਧਰਮਸ਼ਾਲਾ ਤੇ ਮੌਜੂਦਾ ਖੇੜਾ ਹੈ। ਇੱਥੋਂ ਲੋਕਾਂ ਨੂੰ ਖੇੜਾ ਮਾਣਕਪੁਰ, ਚਡਿਆਲਾ ਸੂਦਾਂ, ਅਲੀਪੁਰ (ਹਰਿਆਣਾ), ਫ਼ਤਿਹਪੁਰ ਡੇਰਾਬੱਸੀ, ਰਾਏਵਾਲੀ (ਹਰਿਆਣਾ), ਤਿਊੜ, ਤੋਗਾਂ, ਧਨੌੜਾਂ ਤੇ ਦੈੜੀ ਆਦਿ ਪਿੰਡਾਂ ’ਚ ਵਾਸਾ ਕਰਨਾ ਪਿਆ। ਬਖ਼ਸ਼ੀਸ਼ ਸਿੰਘ ਦਾ ਰੱਥ ਆਲੇ-ਦੁਆਲੇ ਦੇ ਪਿੰਡਾਂ ਦੇ ਵਿਆਹ ਮੌਕੇ ਜਾਂਦਾ ਹੁੰਦਾ ਸੀ। ਦੇਸ਼ ਸੇਵਾ ਵਿਚ ਇਸ ਪਿੰਡ ਦੇ ਫ਼ੌਜੀਆਂ ਦੀ ਦੂਜੀ ਸੰਸਾਰ ਜੰਗ ਵਿਚ ਕੀਤੀ ਸੇਵਾ ਜਿਸ ਵਿਚ ਲੱਖਾ ਸਿੰਘ, ਸੱਤ ਸਾਲ ਜਰਮਨ ਫ਼ੌਜ ਦੇ ਕਬਜ਼ੇ ’ਚ ਰਿਹਾ। ਇਸ ਪਿੰਡ ਦੀ ਜ਼ਮੀਨ ’ਤੇ ਜਿੱਥੇ ਕੋਠੀਆਂ ਉਸਰੀਆਂ, ਉੱਥੇ ਕਈ ਹੋਰ ਚੰਡੀਗੜ੍ਹ ਪ੍ਰਸ਼ਾਸਨ ਦੇ ਅਦਾਰੇ ਕਾਇਮ ਕੀਤੇ ਗਏ। ਉੱਘੇ ਟਰਾਂਸਪੋਰਟਰ ਬਹਾਲ ਸਿੰਘ ਨੂੰ ਪਿੰਡ ਦੇ ਸੱਭਿਆਚਾਰ ਨਸ਼ਟ ਹੋਣ ਦਾ ਅਤੀ ਦੁੱਖ ਹੈ।
ਪਿੰਡ ਕੰਬਾਲਾ, ਜਿੱਥੇ ਬਣਿਆ ਟ੍ਰਿਬਿਊਨ ਅਦਾਰਾ ਅਤੇ ਦੇਸ਼ ਸੇਵਕ ਸੈਕਟਰ-29 ਅਤੇ ਸੈਕਟਰ-31 ਜਿੱਥੇ ਪੈਟਰੋਲ ਪੰਪ ਬਣਿਆ। ਪਿੰਡ ਵਿਚ ਸੱਤ ਬੋਹੜ ਸਨ। ਮਹਾਰਾਜਾ ਕੈਂਥ ਦੇ ਨਾਂ ’ਤੇ ਇਸ ਪਿੰਡ ਦਾ ਨਾਮਕਰਨ ਹੋਇਆ। ਪਿੰਡ ਦਾ ਗੁਰਦੁਆਰਾ, ਬਾਬਾ ਬਾਲਕ ਨਾਥ ਮੰਦਿਰ ਤੇ ਧਰਮਸ਼ਾਲਾ ਕਾਇਮ ਰਹਿਣ ਦਿੱਤੇ ਗਏ। ਬਰਸਾਤ ਦੀ ਰੁੱਤ ਸਮੇਂ ਪਿੰਡ ਵਾਸੀਆਂ ਨੂੰ ਉਠਾਣ ਕਾਰਨ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਲਗਪਗ 70 ਘਰ ਤੇ ਵੱਸੋਂ 800 ਦੇ ਕਰੀਬ ਸੀ। ਕਾਸ਼ਤਯੋਗ ਜ਼ਮੀਨ ਦਾ ਰਕਬਾ 2800 ਬੀਘੇ ਦੱਸਿਆ ਜਾਂਦਾ। ਸੱਤ ਹਲਟ ਸਨ। ਇੱਥੋਂ ਉਜੜ ਕੇ ਪਿੰਡ ਵਾਸੀਆਂ ਨੂੰ ਸੁਰੋਂ, ਜੱਟਾਂ ਦੀ ਉਕਸੀ, ਮਡਿਆਣਾ, ਬਲਟਾਣਾ (ਹੰਡੇਸਰਾ), ਅਲੀਮਾਜਰਾ, ਛੱਤ, ਹੱਲੋਮਾਜਰਾ, ਜ਼ੀਰਕਪੁਰ, ਰਾਏਪੁਰ ਖੁਰਦ ਤੇ ਕੰਬਾਲੀ ਪਿੰਡਾਂ ’ਚ ਠਉਰ ਕਰਨੀ ਪਈ। ਪਿੰਡ ਦੇ ਤਿੰਨ ਨੰਬਰਦਾਰ ਤੇ ਦੋ ਚੌਕੀਦਾਰ ਸਨ। ਗੁਰਦੁਆਰੇ ਦੇ ਨੇੜੇ ਸ਼ਿਵ ਮੰਦਿਰ ਬਣਾਇਆ ਗਿਆ। ਸਿੰਘ ਸਭਾ ਗੁਰਦੁਆਰਾ ਦੇ ਕੈਂਪਸ ਵਿੱਚ ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਅਤੇ ਲਾਇਬ੍ਰੇਰੀ ਚੱਲ ਰਹੀ ਹੈ। ਬਾਕੀ ਜ਼ਮੀਨ ’ਤੇ ਇੰਡਸਟ੍ਰੀਅਲ ਅਦਾਰੇ ਹਨ।
ਪਿੰਡ ਫਤਿਹਗੜ੍ਹ ਮਾਦੜੀਆਂ ਛੋਟਾ ਪਿੰਡ ਸੀ, ਦਸ-ਬਾਰ੍ਹਾਂ ਘਰ ਜ਼ਿਮੀਦਾਰਾਂ ਦੇ ਤੇ ਇੱਕ ਕਹਾਰਾਂ ਦਾ ਸੀ। ਵੱਸੋਂ 100 ਦੇ ਕਰੀਬ, ਵਾਹੀਯੋਗ ਰਕਬਾ 900 ਬਿਘੇ, ਘਰ ਕੱਚੇ, ਗੋਤ ਮਾਦੜੀਆਂ। ਇਸ ਜ਼ਮੀਨ ’ਤੇ ਗੁਰਦੁਆਰਾ ਤੇਗ਼ ਬਹਾਦਰ ਪਾਤਸ਼ਾਹੀ ਨੌਵੀਂ ਸੈਕਟਰ-34 ਹੈ। ਬਾਕੀ ਜ਼ਮੀਨ ’ਤੇ ਸੈਕਟਰ-33, 34 ਅਤੇ 35 ਉਸਾਰੇ ਗਏ। ਇੱਥੋਂ ਦੇ ਲੋਕਾਂ ਨੇ ਰੰਗੀਆਂ, ਪੋਪਨਿਆਂ, ਪਲਸੌਰਾ, ਆਲਮਗੀਰ, ਰਾਮਪੁਰ (ਨੇੜੇ ਛੱਤ) ਖੇੜੀ ਖਲੌਰ (ਨੇੜੇ ਬਨੂੜ) ਆਦਿ ਪਿੰਡਾਂ ’ਚ ਵਾਸਾ ਕੀਤਾ। ਬੰਦਾ ਸਿੰਘ ਬਹਾਦਰ ਨੇ ਮੁਸਲਮਾਨ ਮੁਲਾਣਿਆਂ ਨਾਲ ਜੰਗ ਕਰਕੇ ਇਸ ਪਿੰਡ ਦੇ ਲੋਕਾਂ ਨੂੰ ਅਧਿਕਾਰਤ ਬਣਾਇਆ।
ਪਿੰਡ ਕਰਸਾਣ ਦੇ ਬੇਘਰ ਹੋਏ ਕਿਸਾਨ
ਪਿੰਡ ਕਰਸਾਣ ਦੇ ਬੇਘਰ ਹੋਏ ਕਿਸਾਨ। ਪ੍ਰਾਚੀਨ ਸਮੇਂ ਦੇ ਸ਼ਿਵ ਮੰਦਰ ਤੋਂ ਇਹ ਅੰਦਾਜ਼ਾ ਲਾਇਆ ਜਾਂਦਾ ਹੈ ਕਿ ਇਹ ਪਿੰਡ 500 ਸਾਲ ਪੁਰਾਣਾ ਸੀ ਜਿੱਥੇ ਮਾੜੀ ਅਤੇ ਸ਼ਾਹਪੀਰ ਦਾ ਅਸਥਾਨ ਕਾਇਮ ਹੈ। ਖੇਤੀਯੋਗ ਜ਼ਮੀਨ 2 ਹਜ਼ਾਰ ਬੀਘੇ ਹੁੰਦੀ ਸੀ। ਪੱਛਮ ਵੱਲ ਵੱਡਾ ਟੋਭਾ ਤੇ ਪੂਰਬ ਵੱਲ ਦੋ ਛੋਟੇ ਟੋਭੇ, ਇਕ ਹਲਟ ਖੂਹ ਵਾਲਾ। ਘਰ 165 ਤੇ ਵੱਸੋਂ 800 ਦੇ ਕਰੀਬ ਹੁੰਦੀ ਸੀ। ਉਠਾਲੇ ਲਈ ਸਮਾਂ ਵੀ ਨਹੀਂ ਦਿੱਤਾ ਗਿਆ। ਮਜਬੂਰ ਹੋਏ ਲੋਕਾਂ ਨੂੰ ਛੱਤ, ਤੀੜਾ, ਲੋਹਗੜ੍ਹ, ਮੱਖਣਮਾਜਰਾ, ਲੌਦਿਆਂ (ਹਰਿਆਣਾ), ਅਨੰਦਪੁਰ ਸਾਹਿਬ ਆਦਿ ਥਾਵਾਂ ’ਤੇ ਵਾਸਾ ਕਰਨਾ ਪਿਆ। ਇਸ ਪਿੰਡ ਦੀ ਜ਼ਮੀਨ ’ਤੇ ਇੰਡਸਟ੍ਰੀਅਲ ਏਰੀਆ, 28 ਕਿੱਲੇ ਸ਼ਮਸ਼ਾਨ ਭੂਮੀ ’ਤੇ ਪਰਵਾਸੀਆਂ ਲਈ ਕਲੋਨੀ ਬਣਾਈ ਗਈ। ਪਹਿਲਵਾਨ ਸਾਧੂ ਸਿੰਘ ਬੜਾ ਮਸ਼ਹੂਰ ਸੀ ਤੇ ਮਿਸਤਰੀ ਮੇਹਰ ਸਿੰਘ ਤਰਖਾਣੇ ਕੰਮ ਲਈ ਜਾਣਿਆ ਜਾਂਦਾ ਸੀ।
ਸਾਂਝੀਵਾਲਤਾ ਦਾ ਪ੍ਰਤੀਕ ਪਿੰਡ ਬਜਵਾੜਾ
ਪਿੰਡ ਬਜਵਾੜਾ ਸਾਂਝੀਵਾਲਤਾ ਦਾ ਪ੍ਰਤੀਕ ਸੀ। ਸੈਕਟਰ-35 ਦੇ ਅੱਡੇ ਕਰਕੇ ਹੁਣ ਵੀ ਮਸ਼ਹੂਰ ਹੈ। ਕਿਸਾਨ ਭਵਨ ਤੇ ਹੋਰ ਅਦਾਰੇ, ਕਾਲਜ ਅਤੇ ਦੁਕਾਨਾਂ ਇਸ ਪਿੰਡ ਦੀ ਜ਼ਮੀਨ ’ਤੇ ਉਸਰੀਆਂ। ਇਸ ਤੋਂ ਬਿਨਾਂ ਸੈਕਟਰ-36, 22 ਅਤੇ ਸੈਕਟਰ-23 ਇਸ ਪਿੰਡ ਦੀ ਹਦੂਦ ’ਚ ਬਣੇ। 100 ਘਰ ਤੇ ਆਬਾਦੀ ਦੋ ਹਜ਼ਾਰ ਦੇ ਕਰੀਬ ਸੀ। ਇਸੇ ਪਿੰਡੋਂ ਕਾਰੀਗਰਾਂ ਦੇ ਸੰਦ-ਸੰਦੋੜੇ ਬਣ ਕੇ ਚੰਡੀਗੜ੍ਹ ਦੀ ਉਸਾਰੀ ’ਚ ਜਾਂਦੇ ਸਨ। ਇੱਥੋਂ ਉਜੜ ਕੇ ਲੋਕਾਂ ਨੂੰ ਮਾਣਕਪੁਰ ਖੇੜਾ, ਤੰਗੋਰੀ, ਚਤਾਮਲੀ, ਜਾਂਸਲਾ, ਮੁੰਡੀ ਖਰੜ, ਸੰਤੇਮਾਜਰਾ, ਗੜੀ, ਸਰੈਬੰਜਾਰਾ, ਮੁਹਾਲੀ ਆਦਿ ਥਾਵਾਂ ਚੁਣਨੀਆਂ ਪਈਆਂ। ਤਿੰਨ ਖੂਹ ਸਨ, ਖੇੜੇ ਦੀ ਮਾਨਤਾ ਸੀ। ਸਰਕਾਰੀ ਪ੍ਰਾਇਮਰੀ ਸਕੂਲ ਸੀ ਲਾਲਾਂ ਵਾਲਾ ਮੰਦਰ ਤੇ ਗੁੱਗਾ ਮਾੜੀ ਜਿੱਥੇ ਮੇਲਾ ਹੁਣ ਵੀ ਭਰਦਾ। ਕਾਬਲ ਸਿੰਘ ਦਾ ਅੰਬਾਂ ਦਾ ਬਾਗ ਮਸ਼ਹੂਰ ਸੀ। ਬਾਰ੍ਹਾਂ ਪਿੰਡਾਂ ਦਾ ਮਾਲਕ ਜ਼ੈਲਦਾਰ ਇੰਦਰ ਸਿੰਘ ਦੀ ਪੂਰੀ ਚੜ੍ਹਤ ਸੀ।
ਪਿੰਡ ਦਤਾਰਪੁਰ, ਜਿੱਥੇ ਬਣਿਆ ਚੰਡੀਗੜ੍ਹ ਹਵਾਈ ਅੱਡਾ, 30 ਘਰ ਸਨ ਤੇ ਵਸੋਂ 300 ਦੇ ਕਰੀਬ। ਨਾ ਕੋਈ ਸਕੂਲ, ਨਾ ਕੋਈ ਗੁਰਦੁਆਰਾ ਤੇ ਨਾ ਹੀ ਮੰਦਰ। ਕੇਵਲ ਇਕ ਖੂਹ ਸੀ। ਲੋਕਾਂ ਨੂੰ ਸਮਾਨ ਚੁੱਕ ਕੇ ਮਾਣਕਪੁਰ ਸ਼ਰੀਫ਼, ਛੱਤ, ਕਾਈਨੌਰ ਆਦਿ ਪਿੰਡਾਂ ’ਚ ਵਸੇਬਾ ਕਰਨਾ ਪਿਆ। ਜ਼ਮੀਨਾਂ ਦੇ ਕੇਸ ਅਜੇ ਵੀ ਕਚਹਿਰੀਆਂ ’ਚ ਲਟਕ ਰਹੇ ਹਨ।
ਪਿੰਡ ਫੈਦਾਂ ਦੇ ਲੋਕ ਵਸ ਨਾ ਸਕੇ
ਪਿੰਡ ਫੈਦਾਂ ਦੇ ਲੋਕ ਉਜੜੇ ਪਰ ਵਸ ਨਾ ਸਕੇ। ਇਸ ਪਿੰਡ ਦੀ ਜ਼ਮੀਨ ’ਤੇ ਕੰਡਿਆਲੀ ਤਾਰ ਲਾ ਕੇ ਹਵਾਈ-ਅੱਡਾ ਬਣਾ ਦਿੱਤਾ ਗਿਆ ਤੇ ਅਕਵਾਇਰ ਕੀਤੀ ਜ਼ਮੀਨ ਦਾ ਅਜੇ ਵੀ ਰਫ਼ੜ ਚੱਲ ਰਿਹਾ। ਚਾਲੀ ਘਰ ਤੇ ਵੱਸੋਂ 300 ਦੇ ਕਰੀਬ ਸੀ। ਸੈਕਟਰ-48 ਦੀ ਜ਼ਮੀਨ ’ਤੇ ਮੋਟਰ ਵਰਕਸ਼ਾਪ ਬਣਾਈ ਗਈ। ਰਿਕਾਰਡ ਅਨੁਸਾਰ 80 ਕਿੱਲੇ ਜੱਦੀ ਮਾਲਕਾਨਾ ਸੀ। ਹਵਾਈ ਅੱਡੇ ਕਾਰਨ ਪਿੰਡ ਵਾਸੀਆਂ ਨੂੰ ਆਪਣੇ ਮਕਾਨ ਬਣਾਉਣ ਲਈ ਕਈ ਬੰਦਿਸ਼ਾਂ ਸਨ। ਸੈਕਟਰ-47 ਵੀ ਇਸੇ ਪਿੰਡ ਦੀ ਜ਼ਮੀਨ ’ਚ ਪੈਂਦਾ। ਨੇੜਿਓਂ ਗੰਦਾ ਨਾਲਾ ਵੱਗਣ ਕਾਰਨ ਪ੍ਰਦੂਸ਼ਣ ਦੀ ਸਮੱਸਿਆ ਬਣੀ ਹੋਈ ਹੈ। ਕੋਈ ਸਕੂਲ, ਮੰਦਰ ਜਾਂ ਗੁਰਦੁਆਰਾ ਨਹੀਂ ਸੀ। ਇਕ ਭੌਣੀ ਵਾਲੇ ਖੂਹ ’ਚ ਪਾਣੀ 35 ਫੁੱਟ ਡੂੰਘਾ ਸੀ। ਫ਼ਸਲਾਂ ਵਾਹਵਾ ਹੁੰਦੀਆਂ ਸਨ। ਜ਼ਿਮੀਦਾਰ, ਤਰਖਾਣ, ਲੁਹਾਰ, ਗੱਡਰੀਏ, ਕਹਾਰ, ਸੈਣੀ ਆਦਿ ਭਾਈਚਾਰਾ ਮਿਲ-ਜੁਲ ਕੇ ਰਹਿੰਦਾ ਸੀ। ਇੱਥੋਂ ਉੱਠ ਕੇ ਲੋਕਾਂ ਨੂੰ ਬਾਕਰਪੁਰ, ਸਗੌਂਧ, ਬਰਵਾਲਾ (ਹਰਿਆਣਾ), ਮੁਹਾਲੀ ਆਦਿ ਥਾਵਾਂ ’ਤੇ ਜਾ ਵਸੇ। ਪੰਚਾਇਤ ਪਿੰਡ ਬੜੈਲ ਨਾਲ ਸਾਂਝੀ ਸੀ। ਬਾਰਿਸ਼ ਵਾਲੇ ਦਿਨਾਂ ’ਚ ਪਿੰਡ ਨੂੰ ਮੁਸੀਬਤਾਂ ਝੱਲ ਕੇ ਉਜੜਨਾ ਪਿਆ।
ਪਿੰਡ ਬੈਰਮਾਜਰਾ ਦੀ ਜ਼ਮੀਨ ’ਤੇ ਵੀ ਚੰਡੀਗੜ੍ਹ ਦਾ ਹਵਾਈ ਅੱਡਾ ਬਣਿਆ। ਪਿੰਡ ਬਾਰੇ ਕਹਾਵਤ ਹੈ : ਦੇਖਿਆ ਤੇਰਾ ਬੈਰਮਾਜਰਾ, ਪੰਜ ਕੋਠੜੇ ਟੋਭੇ ਦੇ ਕੰਢੇ। ਫੈਦਾਂ ਨੂੰ ਰਾਹ ਨੀਂ, ਬੈਰਮਾਜਰਾ ਸਲਾਹ ਨੀਂ। 20-25 ਘਰ ਅਤੇ ਆਬਾਦੀ ਮਸਾਂ 200। ਪਿੰਡ ਦੀ ਜ਼ਮੀਨ ਦਾ ਰਕਬਾ 900 ਬੀਘੇ ਹੁੰਦਾ ਸੀ। ਇਕ ਖੂਹ, ਤਿੰਨ ਹਲਟ ਤੇ ਇਕ ਟੋਭਾ ਹੁੰਦਾ ਸੀ। ਕੋਈ ਸਕੂਲ, ਮੰਦਰ, ਗੁਰਦੁਆਰਾ ਨਹੀਂ ਸੀ ਕੇਵਲ ਧਰਮਸ਼ਾਲਾ ਤੇ ਖੇੜਾ ਹੁੰਦਾ ਸੀ। ਇੱਥੋਂ ਉੱਠ ਕੇ ਲੋਕੀਂ ਮਾਣਕਪੁਰ ਖੇੜਾ, ਛੱਤ ਤੇ ਹੋਰ ਕਈ ਥਾਵਾਂ ’ਤੇ ਜਾ ਵਸੇ।
ਪਿੰਡ ਜੈਪੁਰਾ ਦੇ 20 ਘਰ, 200 ਦੇ ਕਰੀਬ ਵੱਸੋਂ ਤੇ ਜ਼ਮੀਨ ਦਾ ਰਕਬਾ 500 ਬੀਘੇ ਦੱਸਿਆ ਜਾਂਦਾ। ਬਹੁਤੇ ਘਰ ਜ਼ਿਮੀਦਾਰਾਂ ਦੇ ਤੇ ਇਕ ਘਰ ਰਾਮਦਾਸੀਆਂ ਦਾ ਹੁੰਦਾ ਸੀ। ਇੱਥੋਂ ਲੋਕੀ ਫਤਿਹਪੁਰ (ਰੈਲੀ ਕੁੰਡੀ), ਤਲਾਣੀਆਂ, ਜਾਂਸਲਾ, ਅਲੀਮਾਜਰਾ (ਸ਼ੰਭੂ ਨੇੜੇ), ਸਿਓਲੀ (ਲਾਲੜੂ ਨੇੜੇ), ਪੱਤੋਂ ਆਦਿ ਥਾਵਾਂ ’ਤੇ ਵੱਸਣ ਲਈ ਮਜਬੂਰ ਹੋਏ। ਪਿੰਡ ’ਚ ਕੋਈ ਸਕੂਲ, ਮੰਦਰ, ਗੁਰਦੁਆਰਾ ਨਹੀਂ ਸੀ। ਇਸ ਪਿੰਡ ਦੀ ਜ਼ਮੀਨ ’ਤੇ ਇੰਡਸਟ੍ਰੀਅਲ ਏਰੀਆ, ਫੇਜ਼-1, ਏਲਾਂਟੇ ਮਾਲ, ਕੇਬਲ ਫੈਕਟਰੀ, ਮਿਲਕ ਪਲਾਂਟ ਤੇ ਹੋਰ ਅਦਾਰੇ ਬਣਾਏ ਗਏ। ਪ੍ਰਮੁੱਖ ਬੰਦਿਆਂ ’ਚ ਸ. ਧਰਮ ਸਿੰਘ, ਪੰਜਾਬ ਵਿਧਾਨ ਸਭਾ ਚੰਡੀਗੜ੍ਹ ਤੋਂ ਡਿਪਟੀ ਸਕੱਤਰ ਤੇ ਅਹੁਦੇ ਤੋਂ ਸੇਵਾ-ਮੁਕਤ ਹੋਇਆ। ਕਈ ਪਰਿਵਾਰਾਂ ਨੇ ਮੁਹਾਲੀ ਤੇ ਚੰਡੀਗੜ੍ਹ ’ਚ ਆਪਣੇ ਮਕਾਨ ਬਣਾ ਲਏ।
ਜੰਮਣ-ਭੂਮੀ ਨੂੰ ਸਿਜਦਾ ਕਰਨੋਂ ਵੀ ਤਰਸ ਲੋਕ
ਚੂਹੜਪੁਰਾ ਪਿੰਡ ਜਿੱਥੋਂ ਹਵਾਈ ਜਹਾਜ਼ਾਂ ਨੇ ਉਡਾਣ ਭਰੀ, ਸੈਣੀਆਂ ਦਾ ਪਿੰਡ ਸੀ। 20-25 ਘਰ ਤੇ ਆਬਾਦੀ 100-150 ਦੇ ਕਰੀਬ। ਪਿੰਡ ’ਚ ਦੋ ਖੂਹ, ਇਕ ਹਲਟ ਤੇ ਦੋ ਟੋਭੇ ਹੁੰਦੇ ਸਨ। ਕੋਈ ਸਕੂਲ, ਮੰਦਰ ਤੇ ਗੁਰਦੁਆਰਾ ਨਹੀਂ ਸੀ। ਕੋਈ ਵੀ ਨਿਸ਼ਾਨੀ ਪਿੰਡ ਦੀ ਨਹੀਂ ਰਹੀ। ਕੂਲਾਂ ਦੇ ਪਾਣੀ ਨਾਲ ਸਿੰਜਾਈ ਕੀਤੀ ਜਾਂਦੀ ਸੀ ਤੇ ਫਿਰ ਢੀਂਗਲੀ ਨਾਲ ਖੇਤ ਸਿੰਜਿਆ ਜਾਂਦਾ ਸੀ। ਆਲੂ, ਪਿਆਜ਼, ਘੀਆ, ਕੱਦੂ, ਪੇਠੇ ਆਦਿ ਸਬਜ਼ੀਆਂ ਦੀ ਬਹੁਤ ਉਪਜ ਹੁੰਦੀ ਸੀ। ਇੱਥੋਂ ਲੋਕੀ ਤੀੜਾ, ਛੱਤ, ਅਭੇਪੁਰ, ਖੇੜਾ (ਸੁੰਢੜਾ ਨੇੜੇ) ਜਾ ਵਸੇ। ਮਣਸਾ ਦੇਵੀ ਦੇ ਮੇਲੇ ’ਤੇ ਭਗਤ ਆਸਾ ਰਾਮ ਸੋਹਾਣੇ ਵਾਲੇ ਦੇ ਗਾਉਣ ਦੇ ਬਹੁਤ ਮੁਰੀਦ ਸਨ, ਪਿੰਡ ਵਾਸੀ। ਪਿੰਡ ਦੀ ਜ਼ਮੀਨ ’ਤੇ ਹਵਾਈ-ਅੱਡਾ ਬਣਨ ਕਾਰਨ ਲੋਕੀਂ ਆਪਣੀ ਜੰਮਣ-ਭੂਮੀ ਨੂੰ ਸਿਜਦਾ ਕਰਨ ਤੋਂ ਵੀ ਤਰਸ ਗਏ।
ਬੇਚਰਾਗ ਮੌਜਾ ਬਖਤਾ ਬਜਵਾੜੀ ਦੀ ਜ਼ਮੀਨ ’ਤੇ ਸੈਕਟਰ-37 ਵਸਾਇਆ ਗਿਆ। ਕਣਕ, ਮੱਕੀ, ਮੂੰਗਫਲੀ, ਮਸਰੀ, ਸੂੰਹ, ਸਰ੍ਹੋਂ, ਮਾਂਹ, ਧਾਨ, ਕਪਾਹ ਆਦਿ ਫ਼ਸਲਾਂ ਮਾਰੂ ਖੇਤੀ ਨਾਲ ਹੁੰਦੀਆਂ ਸਨ। ਅੰਬਾਂ ਤੇ ਅਮਰੂਦਾਂ ਦੇ ਬਾਗ ਹੁੰਦੇ ਸਨ। ਜਦੋਂ ਕਾਲੀਬੜ ਪਿੰਡ ਉਠਾਲਿਆ ਤਾਂ ਕਈ ਪਰਿਵਾਰਾਂ ਨੂੰ ਇੱਥੇ ਜ਼ਮੀਨ ਦਿੱਤੀ ਤੇ ਮੁੜ ਉਨ੍ਹਾਂ ਦੂਜੇ ਉਠਾਲੇ ’ਚ ਉਖੜਨਾ ਪਿਆ। ਇਸ ਪਿੰਡ ਦੀ ਜ਼ਮੀਨ ’ਤੇ ਕੋਠੀਆਂ, ਦੂਰ-ਦਰਸ਼ਨ ਕੇਂਦਰ ਚੰਡੀਗੜ੍ਹ, ਪੈਟਰੋਲ ਪੰਪ, ਸਰਕਾਰੀ ਕਰਮਚਾਰੀਆਂ ਦੇ ਰਿਹਾਇਸ਼ੀ ਮਕਾਨਾਂ (3.8.2.) ਦੀ ਉਸਾਰੀ ਕੀਤੀ ਗਈ।
ਜਦੋਂ ਦੂਜੇ ਉਠਾਲੇ ’ਚ ਪਿੰਡਾਂ ਨੂੰ ਢਹਿ-ਢੇਰੀ ਕਰਿਆ ਜਾ ਰਿਹਾ ਸੀ ਤਾਂ ਜਥੇਦਾਰ ਅੰਗਰੇਜ਼ ਸਿੰਘ ਬਡਹੇੜੀ, ਨੰਬਰਦਾਰ ਸਰੂਪ ਸਿੰਘ ਪਲਸੌਰਾ ਤੇ ਹੋਰ ਸੱਜਣਾਂ ਨੇ ‘ਪਿੰਡ ਬਚਾਓ ਕਮੇਟੀ’ ਸੰਗਠਿਤ ਕੀਤੀ ਜਿਸ ਦੇ ਸੰਘਰਸ਼ ਕਰਨ ਯੂ. ਟੀ. ਚੰਡੀਗੜ੍ਹ ਅਧੀਨ ਲਿਆਂਦੇ 22 ਪਿੰਡਾਂ ਨੂੰ ਢਾਉਣ ਤੋਂ ਬਚਾ ਲਿਆ ਗਿਆ ਤੇ ਜ਼ਮੀਨਾਂ ਅਕਵਾਇਰ ਕਰ ਲਈਆਂ ਗਈਆਂ। ਉਹ ਹਨ : ਹੱਲੋਮਾਜਰਾ, ਮੱਖਣਮਾਜਰਾ, ਮਨੀਮਾਜਰਾ, ਕਿਸ਼ਨਗੜ੍ਹ, ਬਹਿਲਾਣਾ, ਕੈਂਬਵਾਲਾ, ਦੜੂਆ, ਪਲਸੌਰਾ, ਬਡਹੇੜੀ, ਬੁਟੇਰਲਾ, ਅਟਾਵਾ, ਬੁੜੈਲ, ਮਲੋਆ, ਡੱਡੂਮਾਜਰਾ, ਧਨਾਸ, ਸਾਰੰਗਪੁਰ, ਰਾਏਪੁਰ ਖੁਰਦ, ਮੌਲੀ ਜਾਗਰਾਂ, ਰਾਏਪੁਰ ਕਲਾਂ, ਖੁੱਡਾ ਅਲੀਸ਼ੇਰ-ਜੱਸੂ, ਕਜਹੇੜੀ ਤੇ ਲਾਹੌਰਾ। ਇਨ੍ਹਾਂ ਪਿੰਡਾਂ ’ਚ ਨਵੀਂ ਅਬਾਦੀ ਆਉਣ ਕਾਰਨ ਭਵਿੱਖ ਸਮੱਸਿਆਵਾਂ ਵਿਚ ਘਿਰਿਆ ਹੋਇਆ। ਪਿੰਡ ਦੀ ਹਾਲਤ ਵਿਗੜਦੀ ਜਾ ਰਹੀ।
ਪਹਿਲੇ ਤੇ ਦੂਜੇ ਉਠਾਲੇ ਅਧੀਨ ਜਿਹੜੇ 26 ਪਿੰਡਾਂ ਦੀ ਹੋਂਦ ਖ਼ਤਮ ਹੋ ਗਈ, ਉਨ੍ਹਾਂ ਬਾਰੇ ਹੋਰ ਵਿਸਥਾਰ ਸਹਿਤ ਜਾਣਕਾਰੀ ਲਈ ਮੇਰੀ ਖੋਜ ਪੁਸਤਕ ‘ਚੰਡੀਗੜ੍ਹ ਲੋਪ ਕੀਤੇ ਪੁਆਧੀ ਪਿੰਡ’ (ਇਨਾਮੀ) (2016 ਤੇ 2023) ਪੜ੍ਹੀ ਜਾ ਸਕਦੀ ਜਿਸ ਦਾ ਅੰਗਰੇਜ਼ੀ ਅਨੁਵਾਦ ‘3oming up of 3handigarh lost Puadh Villages’ (2023) ਅਤੇ ਹਿੰਦੀ ਅਨੁਵਾਦ ‘ਚੰਡੀਗੜ੍ਹ ਨੇ ਲੁਪਤ ਕੀਏ ਪੁਆਧੀ ਗਾਂਵ’ (2024) ਪੜ੍ਹੀਆਂ ਜਾ ਸਕਦੀਆਂ ਹਨ।
ਕਿੰਨਾ ਚੰਗਾ ਹੋਵੇ ਜੇ ਚੰਡੀਗੜ੍ਹ ਪ੍ਰਸ਼ਾਸਨ 26 ਪਿੰਡਾਂ ਦੇ ਨਾਮ ਚੰਡੀਗੜ੍ਹ ਦੀਆਂ ਢੁੱਕਵੀਆਂ ਥਾਵਾਂ ’ਤੇ ਯਾਦਗਾਰ-ਸਤੰਭਾਂ ਉੱਤੇ ਉੱਕਰ ਕੇ ਸਥਾਪਤ ਕਰੇ। ਉਨ੍ਹਾਂ ਪਿੰਡਾਂ ਦੀਆਂ ਜ਼ਮੀਨਾਂ ਵਾਲੀਆ ਥਾਵਾਂ ’ਤੇ ਚੌਕਾਂ ਦੇ ਨਾਂ ਲਿਖਵਾਏ ਜਾਣ ਜਾਂ ਕੁਝ ਹੋਰ ਯਾਦਗਾਰੀ ਨਿਸ਼ਾਨੀਆਂ ਉਸਾਰੀਆਂ ਜਾਣ ਤਾਂ ਜੋ ਚੰਡੀਗੜ੍ਹ ਦੇ ਵਸਨੀਕਾਂ, ਆਉਣ ਵਾਲੇ ਸੈਲਾਨੀਆਂ ਤੇ ਹੋਰਾਂ ਨੂੰ ਚੰਡੀਗੜ੍ਹ ਵਸਾਉਣ ਦੇ ਅਤੀਤ ਬਾਰੇ ਜਾਣਕਾਰੀ ਮਿਲ ਸਕੇ। ਇਸ ਬਾਰੇ ਵਿਰਸੇ, ਵਿਰਾਸਤ ਤੇ ਸੱਭਿਆਚਾਰ ਨਾਲ ਸੰਬੰਧਿਤ ਵਿਭਾਗ ਨੂੰ ਕਦਮ ਚੁੱਕਣੇ ਚਾਹੀਦੇ ਹਨ। ਸਭ ਤੋਂ ਵੱਡੀ ਤ੍ਰਾਸਦੀ ਕਿ ਜਿਸ ਪੰਜਾਬ ਦੇ 50 ਪੁਆਧੀ ਪਿੰਡਾਂ ਦੀ ਜ਼ਮੀਨ ’ਤੇ ਚੰਡੀਗੜ੍ਹ ਉਸਰਿਆ ਉਹ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨਹੀਂ ਬਣ ਸਕਿਆ। ਪੰਜਾਬ ਨਾਲ ਧੱਕਾ ਹੈ। ਚੰਡੀਗੜ੍ਹ ਨੂੰ ਯੂ. ਟੀ. ਪ੍ਰਸ਼ਾਸਨ ਅਧੀਨ ਕਰਨਾ, ਬੇਇਨਸਾਫ਼ੀ ਨਹੀਂ ਤੇ ਹੋਰ ਕੀ ਹੈ।
ਚੰਡੀਗੜ੍ਹ ਦੇ ਪਹਿਲੇ ਚੀਫ਼ ਕਮਿਸ਼ਨਰ ਡਾ. ਐਮ. ਐਸ. ਰੰਧਾਵਾ ਲਾਏ ਗਏ ਜਿਨ੍ਹਾਂ ਨੇ ਚੰਡੀਗੜ੍ਹ ਦੀਆਂ ਸੜਕਾਂ ਨੂੰ ਸ਼ਿੰਗਾਰ ਰੁੱਖਾਂ ਲਈ ਚੁਣਿਆ। ਰਾਕ ਗਾਰਡਨ, ਰੋਜ਼ ਗਾਰਡਨ, ਬੁੱਕ ਸ਼ਾਪਸ ਸੈਂਟਰ ਸੈਕਟਰ 17, ਦੋ ਮਿਊਜ਼ੀਅਮ, ਕਲਾ ਭਵਨ ਸੈਕਟਰ 16 ਆਦਿ ਦਾ ਨਿਰਮਾਣ ਕਰਵਾਇਆ। ਕਲਾਕਾਰਾਂ ਤੇ ਲੇਖਕਾਂ ਨੂੰ ਪਲਾਟ ਦਵਾਏ। ਚੰਡੀਗੜ੍ਹ ਸਿਟੀ ਬਿਊਟੀਫੁਲ ਦਾ ਨਾਂ ਉਨ੍ਹਾਂ ਦੀ ਹੀ ਦੇਣ ਹੈ।
-ਮਨਮੋਹਨ ਸਿੰਘ ਦਾਊਂ
98151-23900
---------------------------