ਨਾਵਲਕਾਰੀ ਦੇ ਖੇਤਰ ਵਿੱਚ ਸਭ ਤੋਂ ਵੱਧ ਨਾਵਲ ਲਿਖਣ ਵਾਲੇ ਨਾਨਕ ਸਿੰਘ ਸਨ ਪਰ ਉਨ੍ਹਾਂ ਦੇ ਵਾਰਿਸ ਜਸਵੰਤ ਸਿੰਘ ਕੰਵਲ ਬਣੇ। ਜਸਵੰਤ ਸਿੰਘ ਕੰਵਲ ਦਾ ਨਾਂ ਪ੍ਰਸਿੱਧ ਨਾਵਲਕਾਰਾਂ ਵਿੱਚ ਲਿਆ ਜਾਂਦਾ ਹੈ। ਵਾਰਿਸ ਸ਼ਾਹ ਦੀ ਹੀਰ ਪੜ੍ਹਨ ਨਾਲ ਹੀ ਕੰਵਲ ਸਾਹਿਤ ਵੱਲ ਰੁਚਿਤ ਹੋਇਆ। ਕੰਵਲ ਲੋਕਾਂ ਦੇ ਨਾਵਲਕਾਰ ਸਨ, ਜਿਨ੍ਹਾਂ ਨੇ ਬੇਖ਼ੌਫ਼, ਨਿਡਰਤਾ, ਦਲੇਰੀ ਅਤੇ ਬੇਝਿਜਕ ਹੋ ਕੇ ਆਪਣੇ ਨਾਵਲਾਂ ’ਤੇ ਕਲਮ ਚਲਾਈ।

ਨਾਵਲਕਾਰੀ ਦੇ ਖੇਤਰ ਵਿੱਚ ਸਭ ਤੋਂ ਵੱਧ ਨਾਵਲ ਲਿਖਣ ਵਾਲੇ ਨਾਨਕ ਸਿੰਘ ਸਨ ਪਰ ਉਨ੍ਹਾਂ ਦੇ ਵਾਰਿਸ ਜਸਵੰਤ ਸਿੰਘ ਕੰਵਲ ਬਣੇ। ਜਸਵੰਤ ਸਿੰਘ ਕੰਵਲ ਦਾ ਨਾਂ ਪ੍ਰਸਿੱਧ ਨਾਵਲਕਾਰਾਂ ਵਿੱਚ ਲਿਆ ਜਾਂਦਾ ਹੈ। ਵਾਰਿਸ ਸ਼ਾਹ ਦੀ ਹੀਰ ਪੜ੍ਹਨ ਨਾਲ ਹੀ ਕੰਵਲ ਸਾਹਿਤ ਵੱਲ ਰੁਚਿਤ ਹੋਇਆ। ਕੰਵਲ ਲੋਕਾਂ ਦੇ ਨਾਵਲਕਾਰ ਸਨ, ਜਿਨ੍ਹਾਂ ਨੇ ਬੇਖ਼ੌਫ਼, ਨਿਡਰਤਾ, ਦਲੇਰੀ ਅਤੇ ਬੇਝਿਜਕ ਹੋ ਕੇ ਆਪਣੇ ਨਾਵਲਾਂ ’ਤੇ ਕਲਮ ਚਲਾਈ। ਸਾਹਿਤ ਦਾ ਸੂਰਮਾ ਕੰਵਲ ਨੂੰ ਹੀ ਆਖਿਆ ਗਿਆ ਹੈ।
ਨਾਵਲਕਾਰ ਜਸਵੰਤ ਸਿੰਘ ਕੰਵਲ ਦਾ ਜਨਮ 27 ਜੂਨ, 1919 ਨੂੰ ਮਾਤਾ ਹਰਨਾਮ ਕੌਰ ਅਤੇ ਪਿਤਾ ਮਾਹਲਾ ਸਿੰਘ ਦੇ ਘਰ ਪਿੰਡ ਢੁੱਡੀਕੇ ਵਿਖੇ ਹੋਇਆ। ਕਰਤਾਰ ਸਿੰਘ, ਹਰਬੰਸ ਸਿੰਘ ਦੋ ਭਰਾਵਾਂ ਅਤੇ ਕਰਤਾਰ ਕੌਰ, ਭਗਵਾਨ ਕੌਰ ਤੇ ਬਚਿੰਤ ਕੌਰ ਤਿੰਨ ਭੈਣਾਂ ਦਾ ਵੀਰ ਸੀ। ਉਨ੍ਹਾਂ ਦਾ ਵਿਆਹ 1943 ਈ. ਨੂੰ ਸ਼੍ਰੀਮਤੀ ਮੁਖਤਿਆਰ ਕੌਰ ਨਾਲ ਹੋਇਆ, ਉਨ੍ਹਾਂ ਦੇ ਘਰ ਚਾਰ ਬੇਟੀਆਂ ਤੇ ਇੱਕ ਬੇਟੇ ਨੇ ਜਨਮ ਲਿਆ, ਜਿਨ੍ਹਾਂ ਦੇ ਨਾਂ ਅਮਰਜੀਤ ਕੌਰ, ਚਰਨਜੀਤ ਕੌਰ, ਕਮਲਜੀਤ ਕੌਰ ਤੇ ਭੁਪਿੰਦਰ ਕੌਰ ਧੀਆਂ ਅਤੇ ਸਰਬਜੀਤ ਸਿੰਘ ਗਿੱਲ ਸਪੁੱਤਰ ਹੈ।
ਪਿੰਡ ਢੁੱਡੀਕੇ ’ਚ ਇੱਕ ਭਜਨ ਬੰਦਗੀ ਵਾਲਾ ਫ਼ਕੀਰ ਰਹਿੰਦਾ ਸੀ, ਜਿਸ ਤੋਂ ਉਨ੍ਹਾਂ ਨੇ ਵੇਦਾਂਤ ਪੜ੍ਹ, ਗਿਆਨ ਹਾਸ਼ਲ ਕੀਤਾ। ਬਸ ਨੌਂ ਕੁ ਜਮਾਤਾਂ ਪੜ੍ਹੇ ਕੰਵਲ ਨੂੰ ਰੋਜ਼ੀ-ਰੋਟੀ ਲਈ ਮਲਾਇਆ ਦੇ ਜੰਗਲਾਂ ਵਿੱਚ ਥਾਈਲੈਂਡ ਦੀ ਸੀਮਾ ਨੇੜੇ ਰਾਤ ਨੂੰ ਪਹਿਰੇਦਾਰੀ ਕਰਨੀ ਪਈ। ਮਲਾਇਆ ਤੋਂ ਆ ਕੇ ਪਿੰਡ ਖੇਤੀਬਾੜੀ ਵੀ ਕਰਨੀ ਪਈ। ਉਹ ਕਿਤਾਬਾਂ ਲਾਹੌਰ ਤੋਂ ਖ਼ਰੀਦ ਕੇ, ਲਿਆ ਕੇ ਪੜ੍ਹਦੇ ਸਨ। ਉਨ੍ਹਾਂ ਨੂੰ ਗੁਰੂ ਰਾਮਦਾਸ ਜੀ ਦੀ ਨਗਰੀ, ਅੰਮਿ੍ਰਤਸਰ ਵੀ ਨੌਕਰੀ ਕਰਨੀ ਪਈ। ਉਸ ਸਮੇਂ ਇੱਕ ਗਿਆਨੀ ਤੋਂ ਪਿੰਗਲ ਦੀ ਜਾਣਕਾਰੀ ਵੀ ਲਈ। ਖ਼ਿਆਲ ਜ਼ਿੰਦਗੀ ਬਾਰੇ ਉਨ੍ਹਾਂ ਦੀ ਪਹਿਲੀ ਕਿਤਾਬ ‘ਜੀਵਨ ਕਣੀਆਂ’ (1944) ਵਿੱਚ ਛਪੀ। ਉਸ ਤੋਂ ਬਾਅਦ ਚੱਲ ਸੋ ਚੱਲ। ਕਿਤਾਬਾਂ ਛਪਦੀਆਂ ਰਹੀਆਂ ਤਾਹੀਓਂ ਉਨ੍ਹਾਂ ਦੀਆਂ ਕਿਤਾਬਾਂ ਦੀ ਲਿਸਟ ਬਹੁਤ ਲੰਬੀ ਹੋ ਚੁੱਕੀ ਹੈ। ਨਾਵਲਕਾਰ ਦੀਆਂ ਪ੍ਰਕਾਸ਼ਿਤ ਕਿਤਾਬਾਂ ਇਸ ਪ੍ਰਕਾਰ ਹਨ :- ‘ਸੱਚ ਨੂੰ ਫਾਂਸੀ’, ‘ਪਾਲੀ’, ‘ਪੂਰਨਮਾਸ਼ੀ’, ‘ਰਾਤ ਬਾਕੀ ਹੈ’, ‘ਸਿਵਲ ਲਾਈਨਜ਼’, ‘ਜੰਗਲ ਦੇ ਸ਼ੇਰ’, ‘ਮੋੜਾ’, ‘ਜੇਰਾ’, ‘ਮੂਮਲ’, ‘ਦੇਵਦਾਸ’, ‘ਸੁਰਸਾਂਝ’, ‘ਮਨੁੱਖਤਾ’, ‘ਰੂਪਧਾਰਾ’, ‘ਹਾਣੀ’, ‘ਮਿੱਤਰ ਪਿਆਰੇ ਨੂੰ’, ‘ਭਵਾਨੀ’, ‘ਤਰੀਖ ਵੇਖਦੀ ਹੈ’, ‘ਬਰਫ ਦੀ ਅੱਗ’, ‘ਲਹੂ ਦੀ ਲੋਅ’, ‘ਖੂਨ ਕੇ ਸੋਹਿਲੇ ਗਾਹਿਵੀਏ ਨਾਨਕ’, ‘ਤੌਸ਼ਾਲੀ ਦੀ ਹੰਸੋ’, ‘ਐਨਿਆਂ ’ਚੋਂ ਉਠੋ ਸੂਰਮਾ’, ‘ਅਹਿਸਾਸ’, ‘ਸੂਰਮੇ’, ‘ਹੁਨਰ ਦੀ ਜਿੱਤ’, ‘ਖ਼ੂਬਸੂਰਤ ਦੁਸ਼ਮਣ’, ‘ਗੁਆਚੀ ਪੱਗ’, ‘ਜੁਹੂ ਦਾ ਮੋਤੀ’, (ਸਮਿ੍ਰਤੀਆਂ), ‘ਮਰਨ ਮਿੱਤਰਾਂ ਦੇ ਅੱਗੇ’, ‘ਭਾਵਨਾ’, (ਕਵਿਤਾਵਾਂ), ‘ਗੋਰਾ ਮੁੱਖ ਸੱਜਣਾ ਦਾ’, ‘ਸੰਧੂਰ’, ‘ਰੂਹ ਦਾ ਹਾਣ’, ‘ਲੰਬੇ ਵਾਲਾਂ ਦੀ ਪੀੜ’, ‘ਰੂਪਮਤੀ’, ‘ਚਿੱਕੜ ਤੇ ਕੰਵਲ’, ‘ਫੁੱਲਾਂ ਦਾ ਮਾਲੀ’, ‘ਜ਼ਿੰਦਗੀ ਦੂਰ ਨਹੀਂ’, ‘ਕੰਡੇ’, ‘ਮਾਈ ਦਾ ਲਾਲ’, ‘ਹਾਉਕਾ ਤੇ ਮੁਸਕਾਨ’, ‘ਰੂਪ ਤੇ ਰਾਖੇ’, ‘ਜੰਡ ਪੰਜਾਬ ਦਾ’, ‘ਮੁਕਤੀ ਮਾਰਗ’, ‘ਮੇਰੀਆਂ ਸਾਰੀਆਂ ਕਹਾਣੀਆਂ ਚਾਰ ਭਾਗਾਂ ਵਿੱਚ’, ‘ਲੱਧਾ ਪਰੀ ਦੇ ਚੰਨ ਉਜਾੜ ਵਿੱਚੋਂ’, ‘ਸਾਧਨਾ’, ‘ਸੁੰਦਰਾਂ’, ‘ਇੱਕ ਹੋਰ ਹੈਲਨ’, ‘ਨਵਾਂ ਸੰਨਿਆਸ’, ‘ਕਾਲੇ ਹੰਸ’, ‘ਝੀਲ ਦਾ ਮੋਤੀ’, ‘ਹਾਲ ਮਰੀਦਾਂ ਦਾ’, ‘ਸੱਚ ਕੀ ਬੇਲਾ’, ‘ਪੰਜਾਬ! ਤੇਰਾ ਕੀ ਬਣੂੰ’, ‘ਆਪਣਾ ਕੌਮੀ ਘਰ’, ‘ਕੌਮੀ ਲਲਕਾਰ’, ‘ਸਾਡੇ ਦੋਸਤ, ਸਾਡੇ ਦੁਸ਼ਮਣ’, ‘ਪੰਜਾਬ ਦਾ ਸੱਚ’, ‘ਪੰਜਾਬੀਓ! ਜੀਣਾ ਹੈ ਕਿ ਮਰਨਾ’, ‘ਜਿੱਤ ਨਾਵਾਂ’, ‘ਸਿੱਖ ਜੱਦੋ ਜਹਿਦ’, ‘ਜੱਦੋ ਜਹਿਦ ਜਾਰੀ ਰਹੇ’, ‘ਕੰਵਲ ਕਹਿੰਦਾ ਰਿਹਾ’, ‘ਦੂਜਾ ਜ਼ਫ਼ਰਨਾਮਾ’, ‘ਪੰਨਿਆ ਦਾ ਚਾਨਣ’ (ਸਵੈ-ਜੀਵਨੀ) ਆਦਿ।
ਜਸਵੰਤ ਸਿੰਘ ਕੰਵਲ ਦੇ ਇਨਾਮਾਂ-ਸਨਮਾਨਾਂ ਦੀ ਵੀ ਲਿਸਟ ਲੰਬੀ ਹੈ। ਜਿੰਨਾ ਕੰਵਲ ਸਾਹਿਬ ਨੂੰ ਸਾਹਿਤਕ ਖੇਤਰ ਵਿੱਚ ਮਾਣ-ਸਨਮਾਨ ਮਿਲਿਆ ਹੈ, ਓਨਾ ਸ਼ਾਇਦ ਕਿਸੇ ਹੋਰ ਦੇ ਹਿੱਸੇ ਨਾ ਆਇਆ ਹੋਵੇ। ਸਾਹਿਤ ਸ਼ੋ੍ਰਮਣੀ ਐਵਾਰਡ, ਭਾਸ਼ਾ ਵਿਭਾਗ, ਪੰਜਾਬ, ਸਾਹਿਤਕ ਅਕਾਦਮੀ ਪੁਰਸਕਾਰ, ਦਿੱਲੀ, ਪੰਜਾਬ ਸਾਹਿਤ ਰਤਨ, ਪੰਜਾਬ ਸਰਕਾਰ ਦੇ ਅਦਾਰੇ ਭਾਸ਼ਾ ਵਿਭਾਗ ਵੱਲੋਂ ਅਤੇ ਪੰਜਾਬੀ ਯੂਨੀਵਰਸਿਟੀ, ਅੰਮਿ੍ਰਤਸਰ ਵੱਲੋਂ ਡਾ. ਦੀ ਉਪਾਧੀ (ਗਵਰਨਰ ਦੇ ਹੱਥੀਂ) ਅਤੇ ਹੋਰ ਸਾਹਿਤ ਸਭਾਵਾਂ ਅਤੇ ਕਲੱਬਾਂ ਵੱਲੋਂ ਤਾਂ ਸੈਂਕੜੇ ਇਨਾਮ-ਸਨਮਾਨ ਮਿਲ ਚੁੱਕੇ ਹਨ। ਸਭ ਤੋਂ ਵੱਡਾ ਸਨਮਾਨ ਡਾ. ਜਸਵੰਤ ਕੌਰ ਗਿੱਲ ਦਾ ਉਨ੍ਹਾਂ ਦੇ ਨਾਵਲ ‘ਰਾਤ ਬਾਕੀ ਹੈ’ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੀ ਸਾਹਿਤਕ ਸਾਥਣ ਬਣ ਜਾਣਾ, ਤੇ ਅਖੀਰ ਤੇ ਸਾਹਿਤਕ ਸਾਥਣ ਤੋਂ ਜੀਵਨ ਸਾਥਣ ਵੱਲ ਮੋੜਾ ਖਾਣਾ, ਇਹ ਜਸਵੰਤ ਸਿੰਘ ਕੰਵਲ ਦੇ ਹਿੱਸੇ ਆਇਆ ਹੈ।
ਕੰਵਲ ਖ਼ੁਸ਼ ਦਿਲ ਇਨਸਾਨ ਸੀ, ਦੂਰ ਅੰਦੇਸ਼ੀ ਸੋਚ ਰੱਖਣ ਵਾਲੇ ਲੇਖਕ ਦੀ ਕਲਪਨਾ ਦੀ ਉਡਾਰੀ ਬਹੁਤ ਬਲਵਾਨ ਸੀ। ਉਹ ਆਕਾਸ਼ ਨੂੰ ਹੱਥ ਲਾ ਕੇ ਪਤਾਲਾਂ ਤਕ ਜਾ ਪਹੁੰਚਣ ਵਾਲਾ ਨਾਵਲਕਾਰ ਸੀ। ਲੇਖਕ ਸਮੁੰਦਰ ਨੂੰ ਕੁੱਜੇ ਵਿੱਚ ਬੰਦ ਕਰ ਦਿੰਦਾ ਸੀ।
ਕਈ-ਕਈ ਪਾਤਰਾਂ ਨੂੰ ਇਕੱਠਿਆਂ ਤੋਰਨ ਦੀ ਕਲਾ ਵੀ ਉਸ ਵਿੱਚ ਸੀ। ਕੰਵਲ ਨੇ ਪੰਜਾਬੀ ਨਾਵਲ ਦਾ ਘੇਰਾ ਵਿਸ਼ਾਲ ਕੀਤਾ। ਉਸ ਦੇ ਨਾਵਲ ਪੜ੍ਹਦਿਆਂ ਕੋਈ ਵੀ ਪਾਠਕ ਨਾਵਲ ਵਿਚਕਾਰ ਨਹੀਂ ਛੱਡਦਾ, ਸਗੋਂ ਪੂਰਾ ਪੜ੍ਹ ਕੇ ਹੀ ਦਮ ਭਰਦਾ ਹੈ। ਲਿਖਤ ਵਿੱਚ ਸੱਚਾਈ ਤਾਂ ਹੈ ਹੀ ਪਰ ਮਿਠਾਸ ਵੀ ਬਹੁਤ ਹੈ। ਨਾਵਲਕਾਰ ਨੇ ਅਜਿਹੀਆਂ ਸਾਹਿਤਕ ਲਿਖਤਾਂ ਲਿਖੀਆਂ, ਪਾਠਕਾਂ ਨੂੰ ਸੋਚਣ ਲਈ ਮਜਬੂਰ ਕੀਤਾ।
ਸਾਹਿਤਕ ਖੇਤਰ ਵਿੱਚ ਉੱਚੀਆਂ ਛਾਲਾਂ ਲਾਉਣ ਵਾਲੇ ਕੰਵਲ ਵਿੱਚ ਅਖੀਰ ਤਕ ਚੁਸਤੀ-ਫੁਰਤੀ ਜਿਉਂ ਦੀ ਤਿਉਂ ਰਹੀ। ਉਨ੍ਹਾਂ ਨੇ ਵਿਦੇਸ਼ਾਂ ਦੇ ਅਨੇਕਾਂ ਟੂਰ ਲਾਏ ਸਨ। ਉਨ੍ਹਾਂ ਨੇ ਸਭ ਤੋਂ ਵੱਧ ਪਾਠਕ ਬਣਾਏ ਹਨ। ਅਨੇਕਾਂ ਮੁਸੀਬਤਾਂ ਨੇ ਉਨ੍ਹਾਂ ਦੇ ਰਾਹ ਵਿੱਚ ਰੋੜਾ ਲਾਇਆ ਪਰ ਉਹ ਭਰ ਵਗਦੇ ਦਰਿਆ ਵਿੱਚ ਕਿਤੇ ਖੜੋਤ ਨਾ ਆਈ। ਇਹ ਮਾਂ ਬੋਲੀ ਦਾ ਸਪੁੱਤਰ ਜਸਵੰਤ ਸਿੰਘ ਕੰਵਲ ਦਿਨ ਸ਼ਨਿਚਰਵਾਰ 1 ਫਰਵਰੀ, 2020 ਈ. ਨੂੰ ਸਵੇਰੇ ਰੱਬ ਨੂੰ ਪਿਆਰਾ ਹੋ ਗਿਆ। ਉਨ੍ਹਾਂ ਦੀਆਂ ਰਚਨਾਵਾਂ, ਉਨ੍ਹਾਂ ਦੀ ਯਾਦ ਨੂੰ ਹਮੇਸ਼ਾ ਤਰੋ-ਤਾਜ਼ਾ ਰੱਖਣਗੀਆਂ।
- ਦਰਸ਼ਨ ਸਿੰਘ ਪ੍ਰੀਤੀਮਾਨ