ਭਾਈ ਕਾਨ੍ਹ ਸਿੰਘ ਨਾਭਾ, ਪੰਜਾਬ ਨਾਲ ਸਬੰਧਿਤ ਵੀਹਵੀਂ ਸਦੀ ਦੇ ਚੋਣਵੇਂ ਵਿਦਵਾਨਾਂ ਵਿੱਚੋਂ ਇਕ ਅਜਿਹੇ ਲੇਖਕ ਹਨ ਜਿਨ੍ਹਾਂ ਨੇ ਆਪਣੇ ਬਚਪਨ ਤੋਂ ਲੈ ਕੇ ਬਿਰਧ ਅਵਸਥਾ ਤਕ ਵਿਦਿਅਕ ਯੋਗਤਾ ਵਧਾਉਣ ਦੇ ਮੰਤਵ ਨੂੰ ਹਮੇਸ਼ਾ ਸਾਹਮਣੇ ਰੱਖਿਆ। ਆਪ ਦਾ ਜਨਮ 30 ਅਗਸਤ 1861 ਈ. ਨੂੰ ਉਨ੍ਹਾਂ ਦੇ ਨਾਨਕੇ ਘਰ ਨਾਭੇ ਦੇ ਨਜ਼ਦੀਕ, ਪਿੰਡ ਬਨੇਰਾ ਖੁਰਦ, ਮਾਤਾ ਹਰਿ ਕੌਰ ਦੀ ਕੁੱਖੋਂ ਰਿਆਸਤ ਪਟਿਆਲਾ ਵਿਖੇ ਹੋਇਆ। ਵਿਦਿਆ ਦੇ ਆਚਾਰੀਆ, ਨਾਂ ਦੇ ਰਸੀਏ ਅਤੇ ਤਪ ਦੀ ਮੂਰਤੀ ਬਾਬਾ ਨਾਰਾਯਣ ਸਿੰਘ ਨੇ ਆਪਣੇ ਪੁੱਤਰ ਕਾਨ੍ਹ ਸਿੰਘ ਨੂੰ ਚਾਰ ਸਾਲਾਂ ਦੀ ਛੋਟੀ ਉਮਰ ਵਿਚ ਹੀ ਪਿੰਡੋਂ ਆਪਣੇ ਪਾਸ ਬੁਲਾ ਕੇ ਗੁਰਮਤਿ ਦੀ ਸਿੱਖਿਆ ਆਰੰਭ ਕੀਤੀ ਅਤੇ ਕਠਿਨ ਜੀਵਨ ਜਾਚ ਦੇ ਸੰਕਲਪ ਦਾ ਧਾਰਨੀ ਬਣਾਇਆ। ਭਾਈ ਕਾਨ੍ਹ ਸਿੰਘ ਨੇ ਆਪਣੇ ਸਮੇਂ ਦੇ ਪ੍ਰਸਿੱਧ ਦੇਸੀ ਵਿਦਾਵਨਾਂ ਪਾਸੋਂ ਸੰਸਕ੍ਰਿਤ, ਗੁਰਮਤਿ, ਕਾਵਿ, ਇਤਿਹਾਸ, ਨਿਆਏ ਤੇ ਵੇਦਾਂਤ ਦੀ ਉਚੇਰੀ ਸਿੱਖਿਆ ਗ੍ਰਹਿਣ ਕੀਤੀ ਅਤੇ ਨਾਭੇ ਦੇ ਪ੍ਰਸਿੱਧ ਸੰਗੀਤਾਚਾਰੀਆ ਮਹੰਤ ਗੱਜਾ ਸਿੰਘ ਪਾਸੋਂ ਸੰਗੀਤ ਦੀ ਸਿੱਖਿਆ ਗ੍ਰਹਿਣ ਕੀਤੀ। ਦਿੱਲੀ ਤੇ ਲਖਨਊ ਦੇ ਵਿਦਵਾਨਾਂ ਪਾਸੋਂ ਅਰਬੀ, ਫ਼ਾਰਸੀ ਅਤੇ ਓਰੀਐਂਟਲ ਕਾਲਜ ਲਾਹੌਰ ਦੇ ਪ੍ਰੋਫੈਸਰ ਗੁਰਮੁਖ ਸਿੰਘ ਪਾਸੋਂ ਅੰਗਰੇਜ਼ੀ ਦੀ ਸਿੱਖਿਆ ਗ੍ਰਹਿਣ ਕਰ ਕੇ ਸ਼ਬਦਾਂ ਦੀ ਰੂਹ ਤਕ ਪਹੁੰਚਣ ਵਾਲੇ ਅੱਛੇ ਕਲਾਕਾਰ ਬਣ ਕੇ ਧਰਮ ਪ੍ਰਚਾਰ ਲਈ ਸਰਗਰਮ ਹੋਏ।

ਆਪਣੀ ਵਿਦਵਤਾ ਦੇ ਜਾਦੂ ਦੇ ਅਸਰ ਨਾਲ ਭਾਈ ਸਾਹਿਬ ਨੇ ਨਾਭਾ ਅਤੇ ਪਟਿਆਲਾ ਰਿਆਸਤਾਂ ਵਿਚ ਕਈ ਉੱਚ ਅਹੁਦਿਆਂ 'ਤੇ ਸੇਵਾ ਕੀਤੀ। ਲਾਹੌਰ ਤੋਂ ਵਾਪਸ ਆਉਣ 'ਤੇ 1884 ਈ. ਵਿਚ ਮਹਾਰਾਜਾ ਹੀਰਾ ਸਿੰਘ ਰਿਆਸਤ ਨਾਭਾ ਦੇ ਸਲਾਹਕਾਰ ਬਣੇ। ਬਾਅਦ ਵਿਚ ਮਹਾਰਾਜਾ ਹੀਰਾ ਸਿੰਘ ਨੇ ਭਾਈ ਸਾਹਿਬ ਨੂੰ ਆਪਣੇ ਇਕਲੌਤੇ ਪੁੱਤਰ ਟਿੱਕਾ ਰਿਪੁਦਮਨ ਸਿੰਘ ਦਾ ਉਸਤਾਦ ਨੀਅਤ ਕੀਤਾ।

ਇਕ ਲੇਖਕ ਦੇ ਰੂਪ ਵਿਚ ਕਾਨ੍ਹ ਸਿੰਘ ਨਾਭਾ ਦਾ ਆਗਮਨ ਉਨ੍ਹੀਵੀਂ ਸਦੀ ਦੇ ਅਖੀਰਲੇ ਦਹਾਕੇ ਵਿਚ ਹੋਇਆ। ਰਾਜਨੀਤੀ ਨਾਲ ਸਬੰਧਿਤ ਪੁਸਤਕ 'ਰਾਜ ਧਰਮ' ਉਸ ਵੇਲੇ ਦੀ ਆਪ ਦੀ ਪਹਿਲੀ ਰਚਨਾ ਹੈ ਜਦੋਂ ਆਪ ਲਾਹੌਰ ਤੋਂ ਵਾਪਸ ਪਰਤ ਕੇ ਨਾਭੇ ਦੇ ਮਹਾਰਾਜਾ ਹੀਰਾ ਸਿੰਘ ਪਾਸ ਮੁਸਾਹਿਬ ਲੱਗ ਗਏ ਸਨ। ਰਾਜਨੀਤੀ ਦੇ ਮਾਹਿਰ ਹੋਣ ਕਰਕੇ ਮਹਾਰਾਜਾ ਹੀਰਾ ਸਿੰਘ ਭਾਈ ਸਾਹਿਬ ਨੂੰ ਨੀਤੀ ਜੀ ਕਹਿ ਕੇ ਪੁਕਾਰਦੇ ਸਨ। ਭਾਵੇਂ ਰਾਜ ਦਰਬਾਰੀ ਭਗਤੀ, ਭਾਈ ਸਾਹਿਬ ਦੇ ਹੱਡਾਂ ਵਿਚ ਰਚੀ ਹੋਈ ਸੀ, ਪ੍ਰੰਤੁ ਉਸ ਸਮੇਂ ਦੀ ਇਨਕਲਾਬੀ ਸੋਚ ਅਤੇ ਸੁਤੰਤਰਤਾ ਦੀ ਭਾਵਨਾ ਵੀ ਭਾਈ ਸਾਹਿਬ ਅੰਦਰ ਮੌਜੂਦ ਸੀ। ਭਾਈ ਸਾਹਿਬ ਅਨੁਸਾਰ, ਕੋਈ ਕੌਮ ਵੀ ਸੰਸਾਰ ਪਰ ਸੁਤੰਤਰ ਹੋਏ ਬਿਨਾਂ ਪੂਰੀ ਉਨਤੀ ਨਹੀਂ ਕਰ ਸਕੀ। 'ਹਮ ਹਿੰਦੂ ਨਹੀਂ' ਭਾਈ ਸਾਹਿਬ ਦੀ ਪਹਿਲੀ ਮੌਲਿਕ ਰਚਨਾ ਹੈ, ਜਿਸ ਵਿਚ ਸਿੱਖ ਰਹਿਤ-ਕੁਰਹਿਤ, ਸਿੱਖ ਵੱਖਰੀ ਕੌਮ, ਸਿੱਖ ਰਾਜਨੀਤੀ, ਨਾਲ ਹੀ ਹਿੰਦੂ ਧਰਮ ਦੇ ਕਰਮਕਾਂਡ ਅਤੇ ਸੰਸਕਾਰਾਂ ਬਾਰੇ ਬਹੁਪੱਖੀ ਜਾਣਕਾਰੀ ਮਿਲਦੀ ਹੈ। ਭਾਈ ਸਾਹਿਬ ਨੇ ਇਸ ਪੁਸਤਕ ਦੁਆਰਾ ਨੇਸ਼ਨ, ਕੌਮ ਦੀ ਪਰਿਭਾਸ਼ਾ ਅਭਿਵਿਅਕਤ ਕੀਤੀ ਹੈ, ਕਿ ਅਜਿਹੀ ਨਸਲ ਜੋ ਕਿ ਦੂਸਰਿਆਂ ਨਾਲੋਂ ਵੱਖ ਹੋਵੇ, ਜਿਨ੍ਹਾਂ ਦੀ ਭਾਸ਼ਾ ਇਤਿਹਾਸ ਤੇ ਰਾਜਸੀ ਜਥੇਬੰਦੀਆਂ ਇਕ ਹੋਣ, ਉਹ ਨਸਲ ਆਪਣੇ ਆਪ ਵਿਚ ਇਕ ਸੰਪੂਰਨ ਕੌਮ ਹੈ।

ਉਨ੍ਹਾਂ ਦਾ ਕਾਰਜ-ਖੇਤਰ, ਆਧਾਰ ਮੂਲਕ ਸਾਮਗ੍ਰੀ ਦੇ ਪੱਖੋਂ ਗੁਰਮਤਿ ਨਾਲ ਬੱਝਾ ਹੋਇਆ ਹੈ। ਗੁਰਬਾਣੀ ਸਿੱਖ ਪ੍ਰੰਪਰਾਵਾਂ ਤੇ ਸਿੱਖ ਇਤਿਹਾਸ ਉਨ੍ਹਾਂ ਦੀ ਲੇਖਣੀ ਦੇ ਵਿਸ਼ੇਸ਼ ਖੇਤਰ ਸਨ। ਦਰਅਸਲ ਉਨ੍ਹਾਂ ਦੀ ਨਜ਼ਰ ਵਿਚ ਜੋ ਪਾਠਕ ਸਮਾਜ ਮਰਿਆਦਾਵਾਂ ਦੇ ਨਿਰਮਾਣ ਲਈ ਰਚੀਆਂ ਗਈਆਂ ਛੇ ਪੁਸਤਕਾਂ, ਹਮ ਹਿੰਦੂ ਨਹੀਂ, ਗੁਰਮਤਿ-ਪ੍ਰਭਾਕਰ, ਗੁਰਮਤਿ-ਸੁਧਾਕਰ, ਗੁਰੁ ਗਿਰਾ ਕਸੌਟੀ, ਸੱਦ ਕਾ ਪਰਮਾਰਥ ਤੇ ਗੁਰਮਤਿ-ਮਾਰਤੰਡ, ਭਾਈ ਸਾਹਿਬ ਨੂੰ ਭਾਈ ਗੁਰਦਾਸ ਦੇ ਪਿੱਛੇ ਗੁਰਮਤਿ ਦਾ ਅਦੁੱਤੀ ਤੇ ਨਿਪੁੰਨ ਮਰਯਾਦਾ ਨਿਰਧਾਰਕ ਸਿੱਧ ਕਰਦੀਆਂ ਹਨ। ਭਾਈ ਸਾਹਿਬ ਨੇ ਸਮਾਜ ਸੁਧਾਰ ਦੇ ਕਾਰਜ ਨੂੰ ਸਾਹਮਣੇ ਰੱਖ ਕੇ, ਠੱਗ ਲੀਲ੍ਹਾ (1899 ਈ.) ਅਤੇ ਸ਼ਰਾਬ ਨਿਸ਼ੇਧ (1907 ਈ.) ਪੁਸਤਕਾਂ ਦੀ ਰਚਨਾ ਕੀਤੀ। ਵਿਦਿਆਰਥੀਆਂ ਤੇ ਸਾਹਿਤ ਪ੍ਰੇਮੀਆਂ ਦੇ ਲਾਭ ਹਿੱਤ, ਕਵੀ ਨੰਦ ਦਾਸ ਦੇ ਤਿਆਰ ਕੀਤੇ ਪ੍ਰਸਿੱਧ ਕੋਸ਼ਾਂ 'ਅਨੇਕਾਰਥ ਕੋਸ਼' ਤੇ 'ਨਾਮਮਾਲਾ ਕੋਸ਼' ਦੀ ਸੁਧਾਈ ਕੀਤੀ ਤੇ ਲੋੜ ਅਨੁਸਾਰ ਵਾਧੇ ਕਰ ਕੇ ਕ੍ਰਮਵਾਰ 1925 ਤੇ 1938 ਵਿਚ ਪ੍ਰਕਾਸ਼ਿਤ ਹੋਣ ਦੇ ਯੋਗ ਬਣਾਏ।

ਪੰਜਾਬੀ ਕੋਸ਼ਕਾਰੀ ਵਿਚ ਵਿਸ਼ਵ-ਕੋਸ਼ ਦੇ ਨਾਂ ਨਾਲ ਪਛਾਣੀ ਜਾਣ ਵਾਲੀ ਪਹਿਲੀ ਕਿਰਤ ਭਾਈ ਕਾਨ੍ਹ ਸਿੰਘ ਨਾਭਾ ਦੁਆਰਾ ਰਚਿਤ 'ਗੁਰਸ਼ਬਦ ਰਤਨਾਕਰ ਮਹਾਨਕੋਸ਼' ਨੂੰ ਇਕ ਅਜਿਹੀ ਪਾਏਦਾਰ ਰਚਨਾ ਵਜੋਂ ਪੇਸ਼ ਕੀਤਾ ਕਿ ਪਾਠਕ ਇਸ ਤੋਂ ਸਿਰਫ਼ ਸ਼ਬਦਾਂ ਦੇ ਅਰਥ ਹੀ ਗ੍ਰਹਿਣ ਨਹੀਂ ਕਰਦੇ, ਸਗੋਂ ਅਰਥਾਂ ਦਾ ਇਤਿਹਾਸਕ ਪਿਛੋਕੜ, ਵਿਕਾਸ ਅਤੇ ਵਿਸਤਰਿਤ ਵਿਆਖਿਆ ਦਾ ਸੁਮੇਲ ਅਤੇ ਸ਼ਬਦ ਕੋਸ਼ ਨਾਲੋਂ ਵਿਸ਼ਵਕੋਸ਼ ਪੱਖੀ ਹੋਣ ਕਰਕੇ ਇਸਦਾ ਮਹੱਤਵ ਬਹੁਤ ਜ਼ਿਆਦਾ ਹੈ। ਵਿਦਿਆਰਥੀਆਂ ਅਤੇ ਗੁਰਬਾਣੀ ਪ੍ਰੇਮੀਆਂ ਨੂੰ ਛੰਦ ਅਤੇ ਅਲੰਕਾਰਾਂ ਤੋਂ ਜਾਣੂ ਕਰਾਉਣ ਲਈ 'ਗੁਰੁਛੰਦ ਦਿਵਾਕਰ ਅਤੇ ਗੁਰੁਸ਼ਬਦਾਲੰਕਾਰ' ਪੁਸਤਕਾਂ ਦੀ ਰਚਨਾ ਕੀਤੀ, ਕਵੀ ਜੈ ਕ੍ਰਿਸ਼ਨ ਦਾਸ ਰਚਿਤ 'ਰੂਪ ਦੀਪ ਪਿੰਗਲ' ਦੀ ਸੁਧਾਈ ਕੀਤੀ; ਕਵੀ ਨੰਦ ਦਾਸ ਦੇ ਤਿਆਰ ਕੀਤੇ ਪ੍ਰਸਿੱਧ ਕੋਸ਼ਾਂ 'ਅਨੇਕਾਰਥ ਕੋਸ਼' ਅਤੇ 'ਨਾਮਮਾਲਾ ਕੋਸ਼' ਦੀ ਸੁਧਾਈ ਕੀਤੀ ਤੇ ਨਵੇਂ ਵਾਧੇ ਕਰ ਕੇ ਇਨ੍ਹਾਂ ਦਾ ਸੰਪਾਦਨ ਕੀਤਾ। ਹੋਰ ਕਈ ਰਚਨਾਵਾਂ ਜਿਵੇਂ ਕਿ ਗੁਰਮੁਖੀ ਕਾ ਨਾਵਲ, 'ਪੰਦ ਸੂਦ ਮੰਦ' (ਵਿਦਵਾਨ ਸ਼੍ਰੋਮਣੀ ਹਕੀਮ ਲੁਕਮਾਨ), ਜੀਵਨ ਚਰਿਤ੍ਰ ਬੀਬੀ ਨਾਨਕੀ, ਨੌਵੇਂ ਸਤਿਗੁਰੂ ਦੇ ਸਲੋਕਾਂ ਦੇ ਕੁੰਡਲੀਏ, ਰਸ ਚਮਤਕਾਰ ਚੰਦ੍ਰਿਕਾ ਅਤੇ ਫ਼ਰੀਦਕੋਟੀ ਟੀਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਆਦਿ ਰਚਨਾਵਾਂ ਦੀ ਸੁਧਾਈ ਕੀਤੀ।

ਭਾਈ ਸਾਹਿਬ ਰਚਿਤ ਦਰਜਨਾਂ ਪੁਸਤਕਾਂ ਵਿਚ ਅਨੇਕ ਪ੍ਰਕਾਰ ਦੀ ਵੰਨਗੀ ਦੇਖੀ ਜਾ ਸਕਦੀ ਹੈ। ਉਨ੍ਹਾਂ ਨੇ ਟੀਕਾਕਾਰੀ ਦੁਆਰਾ ਵੀ ਆਪਣੇ ਸਾਹਿਤਕ ਸੱਭਿਆਚਾਰਕ ਵਿਰਸੇ ਨੂੰ ਸੰਭਾਲਣ ਦੇ ਭਰਪੂਰ ਕਰਨ ਦੇ ਯਤਨ ਕੀਤੇ। ਟੀਕਾਕਾਰੀ ਦੇ ਖੇਤਰ ਵਿਚ ਭਾਈ ਸਾਹਿਬ ਨੇ ਜਿੰਨੀ ਸਾਹਿਤਕ ਸੇਵਾ ਕੀਤੀ ਉਹ ਇਸ ਪ੍ਰਕਾਰ ਹੈ :

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਯਾਯ (1884 ਈ.), ਨਾਟਕ ਭਵਾਰਥ ਦੀਪਕਾ (1897 ਈ.), ਟੀਕਾ ਜੈਮਨੀ ਅਸ਼ਵਮੇਧ (1896 ਈ.), ਸੱਦ ਕਾ ਪਰਮਾਰਥ (1901 ਈ.), ਟੀਕਾ ਵਿਸ਼ਨੂੰ ਪੌਰਾਣ (1903 ਈ.), ਚੰਡੀ ਦੀ ਵਾਰ ਸਟੀਕ (1935 ਈ.), ਫਰੀਦਕੋਟੀ ਟੀਕਾ ਸ੍ਰੀ ਗੁਰੂ ਗ੍ਰੰਥ ਸਾਹਿਬ (ਸੁਧਾਈ 1915 ਈ.) ਆਦਿ। ਮਹਾਰਾਜਾ ਹੀਰਾ ਸਿੰਘ ਦੀ ਪ੍ਰੇਰਨਾ ਸਦਕਾ ਭਾਈ ਕਾਨ੍ਹ ਸਿੰਘ ਨੇ ਰਾਜਨੀਤੀ ਨਾਲ ਸਬੰਧਤ ਦੋ ਪੁਸਤਕਾਂ, ਰਾਜ ਧਰਮ (1884 ਈ.) ਅਤੇ ਬਿਜੈ ਸਾਮ ਧਰਮ (1901 ਈ.) ਦੀ ਰਚਨਾ ਕੀਤੀ।

ਮੈਕਸ ਆਰਥਰ ਮੈਕਾਲਿਫ (ਅੰਗਰੇਜ਼ ਵਿਦਵਾਨ) ਦੇ ਮਨ ਵਿਚ ਸਿੱਖਾਂ ਦੇ ਇਤਿਹਾਸ ਤੇ ਗੁਰਬਾਣੀ ਦੇ ਅੰਗਰੇਜ਼ੀ ਅਨੁਵਾਦ ਦਾ ਖ਼ਿਆਲ ਪੈਦਾ ਹੋਇਆ ਤਾਂ ਉਨ੍ਹਾਂ ਨੂੰ ਸਿਧਾਂਤਕ ਤੇ ਸਾਹਿਤਕ ਸਹਾਇਤਾ ਲਈ ਹਰ ਪਾਸਿਉਂ ਭਾਈ ਕਾਨ੍ਹ ਸਿੰਘ ਦੇ ਨਾਂ ਦੀ ਦੱਸ ਪਈ। ਮਿਸਟਰ ਮੈਕਾਲਿਫ ਦੀ ਪੁਸਤਕ ਦੀ ਸਿੱਖ ਰੀਲੀਜ਼ਨ ਦੀ ਸੁਧਾਈ, ਛਪਾਈ ਲਈ (1907-08 ਈ.) ਇੰਗਲੈਂਡ ਦੀ ਯਾਤਰਾ ਕੀਤੀ। 25 ਦਸੰਬਰ 1911 ਈ. ਨੂੰ ਮਹਾਰਾਜਾ ਹੀਰਾ ਸਿੰਘ ਦੇ ਦੇਹਾਂਤ ਤੋਂ ਬਾਅਦ ਭਾਈ ਸਾਹਿਬ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਪ੍ਰੰਤੂ ਫਿਰ ਵੀ ਉਨ੍ਹਾਂ ਦੀ ਲਿਆਕਤ, ਦ੍ਰਿੜ੍ਹਤਾ ਅਤੇ ਸੱਚ ਕਹਿਣ ਦੀ ਦਲੇਰੀ ਕਾਰਨ ਦੋਵਾਂ ਰਿਆਸਤਾਂ (ਪਟਿਆਲਾ ਅਤੇ ਨਾਭਾ) ਦੇ ਦਰਵਾਜ਼ੇ ਹਮੇਸ਼ਾ ਉਨ੍ਹਾਂ ਲਈ ਖੁੱਲ੍ਹੇ ਰਹੇ। ਉਹ ਕਦੇ ਕਿਸੇ ਤੋਂ ਨਹੀਂ ਘਬਰਾਏ, ਹਰ ਸੰਕਟ ਉੱਤੇ ਜਿੱਤ ਪ੍ਰਾਪਤ ਕੀਤੀ ਅਤੇ ਨਾਭਾ-ਪਟਿਆਲਾ ਦੋਵਾਂ ਰਿਆਸਤਾਂ ਦੀ ਸੁਲਾਹ-ਸਫ਼ਾਈ ਲਈ ਹਮੇਸ਼ਾ ਸਰਗਰਮ ਰਹੇ। ਪ੍ਰੰਤੂ ਰਿਆਸਤ ਨਾਭਾ ਦੇ ਸ਼ੁਭਚਿੰਤਕ ਹੁੰਦੇ ਹੋਏ ਵੀ ਖ਼ੁਦਗਰਜ਼ਾਂ ਦੀ ਵਿਰੋਧਤਾ ਤੋਂ ਬਚ ਨਾ ਸਕੇ।

ਕੁਝ ਸ਼ਰਾਰਤੀ ਅਨਸਰਾਂ ਵਲੋਂ ਗੁਰੂ ਸਾਹਿਬਾਨ ਦੇ ਅਪਮਾਨ ਲਈ 'ਖ਼ਾਲਸਾ ਪੰਥ ਕੀ ਹਕੀਕਤ' ਇਕ ਕਿਤਾਬਚਾ ਉਰਦੂ ਭਾਸ਼ਾ ਵਿਚ ਛਪਵਾਇਆ ਗਿਆ। ਜਿਸਨੂੰ 1914 ਈ. ਵਿਚ ਭਾਈ ਸਾਹਿਬ ਨੇ ਕਾਨੂੰਨੀ ਲੜਾਈ ਲੜ ਕੇ ਜਬਤ ਕਰਵਾਇਆ। ਆਪਣੀ ਸੂਝ ਤੇ ਸਿਆਣਪ ਨਾਲ ਭਾਈ ਸਾਹਿਬ ਨੇ ਪਰਗਨਾ, ਦਹੇੜੂ ਤੇ ਪੱਖੇਵਾਲ ਦਾ ਉਹ ਇਲਾਕਾ ਰਿਆਸਤ ਨਾਭਾ ਨੂੰ ਵਾਪਸ ਦਿਲਵਾਇਆ ਜਿਹੜਾ ਕਿ ਨਾਭੇ ਦੇ ਪਹਿਲੇ ਮਹਾਰਾਜੇ ਦੇਵਿੰਦਰ ਸਿੰਘ ਦੀ ਗ਼ਲਤੀ ਕਾਰਨ, ਸਿੱਖਾਂ, ਫਰੰਗੀਆਂ ਦੀ ਲੜਾਈ ਦੇ ਮੌਕੇ (ਸੰਨ 1845 ਵਿਚ) ਸਰਕਾਰ ਬਰਤਾਨੀਆਂ ਨੇ ਜਬਤ ਕਰ ਲਿਆ ਸੀ। ਦਿੱਲੀ ਵਿਚ ਗੁਰੂ ਤੇਗ ਬਹਾਦਰ ਜੀ ਦੇ ਇਤਿਹਾਸਕ ਗੁਰਦੁਆਰੇ ਰਕਾਬ ਗੰਜ ਸਾਹਿਬ ਦੀ ਉਹ ਕੰਧ ਜਿਹੜੀ ਕਿ ਇਸ ਥਾਂ 'ਤੇ 1914 ਈ. ਵਿਚ ਵਾਇਸਰਾਏ ਦੀ ਕੋਠੀ ਬਣਾਉਣ ਲਈ ਸਿੱਖਾਂ ਦੇ ਵਿਰੋਧ ਦੇ ਬਾਵਜੂਦ ਗਿਰਾ ਦਿੱਤੀ ਗਈ ਸੀ। ਅੰਗਰੇਜ਼ ਅਫਸਰਾਂ ਨਾਲ ਆਪਣੇ ਅਸਰ-ਰਸੂਖ ਸਦਕਾ ਭਾਈ ਕਾਨ੍ਹ ਸਿੰਘ ਨੇ 1918 ਈ. ਵਿਚ ਇਸ ਇਤਿਹਾਸਕ ਕੰਧ ਦੀ ਮੁੜ ਉਸਾਰੀ ਕਰਵਾਈ। 23 ਨਵੰਬਰ 1938 ਈ. ਨੂੰ 77 ਸਾਲ ਦੀ ਉਮਰ ਵਿਚ ਦਿਲ ਦੀ ਧੜਕਣ ਬੰਦ ਹੋਣ ਨਾਲ ਨਾਭੇ ਵਿਖੇ ਭਾਈ ਸਾਹਿਬ ਦਾ ਦਿਹਾਂਤ ਹੋਇਆ।

ਪਰਿਵਾਰਕ ਜ਼ਿੰਦਗੀ

ਆਪ ਦਾ ਪਹਿਲਾ ਵਿਆਹ ਧੂਰੇ ਪਿੰਡ, ਰਿਆਸਤ ਪਟਿਆਲਾ ਦੇ ਇਕ ਸਰਦੇ-ਪੁੱਜਦੇ ਘਰ ਦੀ ਲੜਕੀ ਨਾਲ ਹੋਇਆ, ਜਿਸ ਦੀ ਜਲਦੀ ਹੀ ਮੌਤ ਹੋ ਗਈ, ਉਪਰੰਤ ਦੂਜਾ ਵਿਆਹ ਮੁਕਤਸਰ ਹੋਇਆ, ਸੰਯੋਗਵਸ ਉਹ ਪਤਨੀ ਵੀ ਇਕ ਵਰ੍ਹੇ ਤੋਂ ਵੱਧ ਜਿਉਂਦੀ ਨਾ ਰਹਿ ਸਕੀ। ਤੀਜਾ ਵਿਆਹ ਪਿੰਡ ਰਾਮਗੜ੍ਹ, ਰਿਆਸਤ ਪਟਿਆਲਾ ਦੇ ਸਰਦਾਰ ਹਰਦਮ ਸਿੰਘ ਦੀ ਧੀ ਬੀਬੀ ਬਸੰਤ ਕੌਰ ਨਾਲ ਹੋਇਆ, ਜਿਸ ਦੇ ਆਉਣ ਨਾਲ ਭਾਈ ਸਾਹਿਬ ਦੇ ਘਰ ਦਾ ਸਾਰਾ ਵਾਤਾਵਰਨ ਹੀ ਬਸੰਤ ਵਾਂਗ ਖਿੜ ਉਠਿਆ। ਉਨ੍ਹਾਂ ਦੀ ਕੁੱਖੋਂ ਭਾਈ ਸਾਹਿਬ ਦੇ ਇਕਲੌਤੇ ਪੁੱਤਰ ਭਗਵੰਤ ਸਿੰਘ ਹਰੀ ਦਾ ਜਨਮ 1892 ਵਿਚ ਹੋਇਆ।

- ਡਾ. ਰਵਿੰਦਰ ਕੌਰ ਰਵੀ

Posted By: Harjinder Sodhi