Gadar Party ਦੀ ਵਿਚਾਰਧਾਰਾ ਸਮਾਜ ਲਈ ਬੜੀ ਵਡਮੁੱਲੀ ਸੀ। ਗ਼ਦਰ ਪਾਰਟੀ ਨੇ ਕੰਮ ਵੰਡ ਕਰ ਕੇ Baba Sohan Singh ਨੂੰ ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫਰਾਂ ਨੂੰ ਗ਼ਦਰ ਵਿਚ ਹਿੱਸਾ ਲੈਣ ਲਈ ਪ੍ਰੇਰਤ ਕਰਨ ਵਾਸਤੇ ਭੇਜਿਆ ਤੇ ਉਹ ਯੋਕੋਹਾਮਾ ਵਿਖੇ ਮੁਸਾਫਰਾਂ ਨੂੰ ਮਿਲੇ ਤੇ ਗੋਲੀ ਸਿੱਕਾ ਦਿੱਤਾ।

ਗ਼ਦਰ ਪਾਰਟੀ ਦੀ ਵਿਚਾਰਧਾਰਾ ਸਮਾਜ ਲਈ ਬੜੀ ਵਡਮੁੱਲੀ ਸੀ। ਪਾਰਟੀ ਦਾ ਸਪਸ਼ਟ ਐਲਾਨ ਕੀਤਾ ਸੀ ਕਿ, 'ਅੰਗਰੇਜ਼ਾਂ ਦੀ ਗੁਲਾਮੀ ਤੋਂ ਭਾਰਤ ਦੀ ਮੁਕਤੀ ਦਾ ਭਾਵ ਸਮਾਜ ਵਿਚ ਹਰੇਕ ਮਨੁੱਖ ਨੂੰ ਬਰਾਬਰ ਦੇ ਅਧਿਕਾਰ, ਅਮੀਰ ਗ਼ਰੀਬ ਦਾ ਪਾੜਾ ਖ਼ਤਮ, ਕਿਰਤ ਕਰਨ ਵਾਲੇ ਨੂੰ ਪੂਰੀ ਉਜਰਤ ਦੇਣੀ, ਕਿਸਾਨ ਜੋ ਅਨਾਜ ਪੈਦਾ ਕਰਕੇ ਸਮੂਹ ਲੋਕਾਂ ਦਾ ਢਿੱਡ ਭਰਦਾ ਹੈ ਉਹ ਭੁੱਖਾ ਮਰਨ ਦੀ ਥਾਂ ਖ਼ੁਸ਼ਹਾਲ ਬਣਾਉਣਾ, ਮਜ਼ਦੂਰ ਜੋ ਵੱਡੇ-ਵੱਡੇ ਮਹਿਲ -ਮਾੜੀਆਂ ਉਸਾਰਦਾ ਹੈ ਉਨ੍ਹਾਂ ਦੇ ਰਹਿਣ ਵਾਸਤੇ ਵੀ ਸ਼ਾਨਦਾਰ ਘਰ ਹੋਣ।' ਪਾਰਟੀ ਦੇ ਉਕਤ ਵਿਚਾਰਾਂ ਨੇ ਲੋਕਾਂ ਦੇ ਮਨਾਂ ਵਿਚ ਦੇਸ਼ ਨੂੰ ਆਜ਼ਾਦ ਕਰਾਉਣ ਦੀ ਪ੍ਰਬਲ ਇੱਛਾ ਪੈਦਾ ਕਰ ਦਿੱਤੀ ਤੇ ਉਹ ਤਨ, ਮਨ ਤੇ ਧਨ ਵਾਰਨ ਲਈ ਤਿਆਰ ਹੋ ਗਏ।
'ਅਸਟੋਰੀਆ' ਵਿਖੇ 21 ਅਪ੍ਰੈਲ 1913 ਨੂੰ ਸਥਾਪਤ ਹੋਈ 'ਹਿੰਦੀ ਪੈਸੀਫਿਕ ਐਸੋਸੀਏਸ਼ਨ' ਨੇ 'ਗ਼ਦਰ' ਅਖ਼ਬਾਰ ਰਾਹੀਂ ਪਾਰਟੀ ਦੇ ਵਿਚਾਰਾਂ ਦਾ ਧੂੰਆਂਧਾਰ ਪ੍ਰਚਾਰ ਕੀਤਾ ਤੇ ਲੋਕ ਗ਼ਦਰ ਪਾਰਟੀ ਵੱਲ ਖਿੱਚੇ ਆਏ। ਅਖ਼ਬਾਰ ਦੀ ਪ੍ਰਸਿੱਧੀ ਕਾਰਨ ਲੋਕਾਂ ਦੀ ਜ਼ਬਾਨ 'ਤੇ ਗ਼ਦਰ ਸ਼ਬਦ ਚੜ੍ਹ ਗਿਆ ਪਾਰਟੀ ਦਾ ਨਾਂ ਵੀ ਗ਼ਦਰ ਪਾਰਟੀ ਪ੍ਰਚਲਤ ਹੋ ਗਿਆ। ਪਾਰਟੀ ਦੇ ਬਾਨੀ ਪ੍ਰਧਾਨ ਸਨ ਬਾਬਾ ਸੋਹਣ ਸਿੰਘ ਭਕਨਾ, ਮੀਤ ਪ੍ਰਧਾਨ ਬਾਬਾ ਕੇਸਰ ਸਿੰਘ ਠੱਠਗੜ੍ਹ, ਜਨਰਲ ਸਕੱਤਰ ਲਾਲਾ ਹਰਦਿਆਲ, ਸੰਯੁਕਤ ਸਕੱਤਰ ਲਾਲਾ ਠਾਕਰ ਦਾਸ ਧੂਰੀ ਅਤੇ ਖ਼ਜ਼ਾਨਚੀ ਪੰਡਤ ਕਾਂਸ਼ੀ ਰਾਮ ਮੜੌਲੀ ।
ਦਸੰਬਰ 1913 ਵਿਚ ਪਾਰਟੀ ਦਾ ਵਿਸਥਾਰ ਕਰ ਕੇ ਭਾਈ ਜਵਾਲਾ ਸਿੰਘ ਠੱਠੀਆਂ ਨੂੰ ਮੀਤ ਪ੍ਰਧਾਨ ਬਣਾਇਆ। ਇੰਤਜ਼ਾਮੀਆਂ ਕਮੇਟੀ ਵਿਚ ਭਾਈ ਸੰਤੋਖ ਸਿੰਘ ਧਰਦਿਓ, ਕਰਤਾਰ ਸਿੰਘ ਸਰਾਭਾ, ਅਰੂੜ ਸਿੰਘ, ਪਿਰਥੀ ਸਿੰਘ, ਪੰਡਿਤ ਜਗਤ ਰਾਮ, ਕਰਮ ਸਿੰਘ ਚੀਮਾ, ਨਿਧਾਨ ਸਿੰਘ ਚੁੱਘਾ, ਸੰਤ ਵਿਸਾਖਾ ਸਿੰਘ ਦਦੇਹਰ, ਮੁਨਸ਼ੀ ਰਾਮ, ਹਰਨਾਮ ਸਿੰਘ ਕੋਟਲਾ ਨੌਧ ਸਿੰਘ ਆਦਿ ਗ਼ਦਰੀ ਸਨ। ਪਾਰਟੀ ਦੇ ਖੁਫ਼ੀਆ ਕੰਮ ਲਈ ਬਾਬਾ ਸੋਹਨ ਸਿੰਘ, ਭਾਈ ਸੰਤੋਖ ਸਿੰਘ ਅਤੇ ਕਾਂਸ਼ੀ ਰਾਮ ਦੇ ਆਧਾਰਿਤ ਇਕ ਤਿੰਨ ਮੈਂਬਰੀ ਕਮਿਸ਼ਨ ਸੀ ।
ਗ਼ਦਰ ਪਾਰਟੀ ਨੇ ਕੰਮ ਵੰਡ ਕਰ ਕੇ ਬਾਬਾ ਸੋਹਣ ਸਿੰਘ ਨੂੰ ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫਰਾਂ ਨੂੰ ਗ਼ਦਰ ਵਿਚ ਹਿੱਸਾ ਲੈਣ ਲਈ ਪ੍ਰੇਰਤ ਕਰਨ ਵਾਸਤੇ ਭੇਜਿਆ ਤੇ ਉਹ ਯੋਕੋਹਾਮਾ ਵਿਖੇ ਮੁਸਾਫਰਾਂ ਨੂੰ ਮਿਲੇ ਤੇ ਗੋਲੀ ਸਿੱਕਾ ਦਿੱਤਾ। ਕਰਤਾਰ ਸਿੰਘ ਅਤੇ ਊਧਮ ਸਿੰਘ ਕਸੇਲ ਦੋ ਜਰਨੈਲ ਬਣਾਏ ਗਏ। ਸਰਾਭਾ ਨੇ ਹਵਾਈ ਜਹਾਜ਼ ਚਲਾਉਣ 'ਤੇ ਮੁਰੰਮਤ ਕਰਨ ਦੀ ਸਿੱਖਿਆ ਲਈ। ਊਧਮ ਸਿੰਘ ਨੂੰ ਫ਼ੌਜੀ ਟਰੇਨਿੰਗ ਦੇਣ ਦਾ ਕੰਮ ਦਿੱਤਾ। ਭਾਈ ਹਰਨਾਮ ਸਿੰਘ ਕੋਟਲਾ ਨੂੰ ਬੰਬ ਬਣਾਉਣ ਤੇ ਸਿਖਾਉਣ ਦਾ ਕੰਮ ਸੌਂਪਿਆ , ਬੰਤਾ ਸਿੰਘ ਸੰਘਵਾਲ ਦੀ ਜ਼ਿੰਮੇਵਾਰੀ ਲਾਈ ਕਿ ਉਹ ਪੰਜਾਬ ਜਾ ਕੇ ਹਾਲਾਤ ਦੀ ਟੋਹ ਲਾਉਣ ਅਤੇ ਯੁਗਾਂਤਰ ਆਸ਼ਰਮ ਨੂੰ ਰਿਪੋਰਟ ਦੇਣ, ਭਗਤ ਸਿੰਘ ਕੱਚਰ ਭੰਨ ਅਤੇ ਕਰਤਾਰ ਸਿੰਘ ਦੁੱਕੀ ਨੇ ਭਾਰਤ ਜਾ ਕੇ ਗ਼ਦਰ ਅਖਬਾਰ ਕੱਢਣ ਦੇ ਬੰਦੋਬਸਤ ਕਰਨ ਦਾ ਜ਼ਿੰਮਾ ਲਿਆ, ਪੰਡਿਤ ਸੋਹਨ ਲਾਲ ਪਾਠਕ ਨੂੰ ਪੱਟੀ ਸਿਆਮ -ਬਰਮਾ ਵਾਲੇ ਪਾਸੇ ਤੋਂ ਗ਼ਦਰ ਨੂੰ ਅੰਜ਼ਾਮ ਦੇਣ ਦਾ ਕੰਮ ਸੌਂਪਿਆ, ਮੌਲਵੀ ਬਰਕਤ ਉੱਲਾ ਨੂੰ ਅਫ਼ਗ਼ਾਨਿਸਤਾਨ ਦੇ ਬਾਦਸ਼ਾਹ ਤੋਂ ਹਮਾਇਤ ਲੈਣ ਲਈ ਭੇਜਿਆ ਅਤੇ ਦਰਸੀ ਚੈਂਚਈਆ ਨੇ ਦੱਖਣੀ ਭਾਰਤ ਵਿਚ ਕੰਮ ਕਰਨ ਦੀ ਟ੍ਰੇਨਿੰਗ ਲਈ।
ਗ਼ਦਰ ਪਾਰਟੀ ਦਾ ਨਿਰਣਾ ਇਹ ਸੀ ਕਿ ਪਹਿਲੇ ਸੰਸਾਰ ਯੁੱਧ ਦੇ ਬੱਦਲ ਸਿਰ ਉੱਤੇ ਮੰਡਲਾ ਰਹੇ ਹਨ ਅਤੇ ਜੰਗ ਜ਼ਰੂਰ ਲੱਗੇਗੀ। ਜੰਗ ਵਿਚ ਅੰਗਰੇਜ਼ ਬੁਰੀ ਤਰ੍ਹਾਂ ਫਸਣਗੇ। ਅੰਗਰੇਜ਼ਾਂ ਨੂੰ ਆਪਣੇ ਸਾਮਰਾਜ ਨੂੰ ਬਚਾਉਣ ਲਈ ਜ਼ਿਆਦਾ ਫੌਜ ਭਾਰਤ 'ਚੋਂ ਕੱਢ ਕੇ ਵਿਸ਼ਵ ਜੰਗ ਦੇ ਮੋਰਚਿਆਂ 'ਤੇ ਭੇਜਣਾ ਪਵੇਗਾ। ਇਸ ਪ੍ਰਸਥਿਤੀ ਵਿਚ ਵਿਦੇਸ਼ਾਂ ਵਿਚ ਰਹਿੰਦੇ ਭਾਰਤੀ ਦੇਸ਼ ਵੱਲ ਵਹੀਰਾਂ ਘੱਤ ਦੇਣ। ਦੇਸ਼ ਜਾ ਕੇ ਜਥੇਬੰਦ ਫ਼ੌਜੀ ਬਗ਼ਾਵਤ ਕਰਾਉਣ, ਅੰਗਰੇਜ਼ ਸਰਕਾਰ ਦੇ ਪੈਰਾਂ ਥੱਲੇ ਅੰਗਾਰੇ ਰੱਖ ਦੇਣ ਤਾਂ ਜੋ ਉਸ ਨੂੰ ਦੁੰਭ ਦਬਾ ਕੇ ਭੱਜਣਾ ਪਵੇ। ਗ਼ਦਰੀਆਂ ਦੀ ਆਸ ਮੁਤਾਬਕ ਵਿਸ਼ਵ ਜੰਗ ਲੱਗ ਗਈ ਅਤੇ ਹਜ਼ਾਰਾਂ ਗ਼ਦਰੀ ਹਿੰਦੁਸਤਾਨ ਨੂੰ ਅੰਗਰੇਜ਼ੀ ਸਾਮਰਾਜ ਦੇ ਜੂਲੇ ਹੇਠੋਂ ਕੱਢਣ ਲਈ ਵਿਦੇਸ਼ਾਂ ਤੋਂ ਭਾਰਤ ਆ ਗਏ। ਅਨੇਕਾਂ ਗ਼ਦਰੀ ਤਾਂ ਹਕੂਮਤ ਨੇ ਜਹਾਜ਼ਾਂ ਤੋਂ ਉਤਰਦੇ ਸਾਰ ਹੀ ਗ੍ਰਿਫ਼ਤਾਰ ਕਰ ਲਏ ਜਿਸ ਵਿਚ ਵਧੇਰੇ ਕਰ ਕੇ ਪਹਿਲੀ ਕਤਾਰ ਦੇ ਆਗੂ ਸਨ ।
ਕਰਤਾਰ ਸਿੰਘ ਸਰਾਭਾ, ਭਾਈ ਪ੍ਰੇਮ ਸਿੰਘ ਤੇ ਜਗਤ ਸਿੰਘ ਸੁਰ ਸਿੰਘ ਆਦਿ ਗ਼ਦਰੀ ਅੰਗਰੇਜ਼ ਹਕੂਮਤ ਦੀਆਂ ਨਜ਼ਰਾਂ ਤੋਂ ਬਚ ਕੇ ਹਿੰਦੁਸਤਾਨ ਪਹੁੰਚਣ ਵਿਚ ਕਾਮਯਾਬ ਹੋ ਗਏ। ਉਨ੍ਹਾਂ ਨੇ ਨਿਧੜਕ ਹੋ ਕੇ ਗ਼ਦਰ ਪਾਰਟੀ ਨੂੰ ਮੁੜ ਜਥੇਬੰਦ ਕੀਤਾ। ਫ਼ੌਜੀ ਛਾਉਣੀਆਂ ਵਿਚ ਸੰਪਰਕ ਬਣਾਏ। ਦੇਸ਼ ਦੇ ਕ੍ਰਾਂਤੀਕਾਰੀਆਂ ਨਾਲ ਸਬੰਧ ਜੋੜੇ। ਸਾਰੇ ਮਤੇ ਪਕਾ ਕੇ ਗ਼ਦਰ ਦੀਆਂ ਤਾਰੀਖਾਂ ਮਿੱਥੀਆਂ ਅਤੇ ਮੋਰਚੇ ਸੰਭਾਲੇ। ਪਰ ਮੁਖ਼ਬਰ ਪਾਰਟੀ ਦੀਆਂ ਅਗਲੀਆਂ ਸਫ਼ਾਂ ਵਿਚ ਲੁਕੇ ਹੋਣ ਕਰਕੇ ਗ਼ਦਰ ਸਫਲ ਨਾ ਹੋ ਸਕਿਆ। ਅੰਗਰੇਜ਼ਾਂ ਨੇ ਅਨੇਕਾਂ ਗ਼ਦਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ।
ਗ਼ਦਰ ਦੀ ਵੱਡੀ ਯੋਜਨਾ ਅਸਫਲ ਹੋਣ ਤੋਂ ਬਾਅਦ ਵੀ ਭਾਈ ਪ੍ਰੇਮ ਸਿੰਘ ਅਤੇ ਬੰਤਾ ਸਿੰਘ ਸੰਘਵਾਲ ਨੇ ਹਿੰਮਤ ਨਾ ਹਾਰੀ ਅਤੇ ਖਿੰਡੇ ਪੁੰਡੇ ਗ਼ਦਰੀਆਂ ਨੂੰ ਮੁੜ ਇਕੱਤਰ ਕਰ ਕੇ ਕਈ ਮੁਖ਼ਬਰਾਂ ਦੀ ਅਲਖ ਮੁਕਾਈ। ਗ਼ਦਰੀਆਂ ਨੇ ਹਥਿਆਰ ਇਕੱਤਰ ਕਰਨ ਦੀ ਸਕੀਮ ਤਹਿਤ ਵੱਲੇ ਪੁਲ 'ਤੇ ਲੱਗੀ ਫ਼ੌਜੀ ਗਾਰਦ ਤੋਂ ਹਥਿਆਰ ਖੋਹ ਲਏ ਪਰ ਇਹ ਹਮਲਾ ਗ਼ਦਰੀਆਂ ਨੂੰ ਬੜਾ ਮਹਿੰਗਾ ਪਿਆ। ਗ਼ਦਰੀਆਂ ਮਗਰ ਪੁਲੀਸ ਤੇ ਪਿੰਡਾਂ ਦੀ ਵਹੀਰ ਲੱਗ ਗਈ। ਇਕ ਲੰਬੇ ਤੇ ਸਿਰੜੀ ਸੰਘਰਸ਼ ਤੋਂ ਬਾਅਦ ਕਪੂਰਥਲਾ ਦੇ ਪਤਨਾਂ 'ਚੋਂ ਭਾਈ ਚੰਨਣ ਸਿੰਘ ਬੂੜਚੰਦ, ਕਾਲਾ ਸਿੰਘ ਜਗਤਪੁਰ, ਹਰਨਾਮ ਸਿੰਘ ਅਤੇ ਆਤਮਾ ਸਿੰਘ ਠੱਠੀ ਖਾਰਾ ਨੂੰ ਅੰਗਰੇਜ਼ ਹਾਕਮਾਂ ਨੇ ਫੜ ਲਿਆ।
ਸਿਆਮ ਅਤੇ ਬਰਮਾ ਵਾਲੇ ਪਾਸੇ ਤੋਂ ਗ਼ਦਰ ਨੂੰ ਅੰਜ਼ਾਮ ਦੇਣ ਲਈ ਪੰਡਿਤ ਸੋਹਨ ਲਾਲ ਪਾਠਕ ਪੱਟੀ, ਬਾਬੂ ਹਰਨਾਮ ਸਿੰਘ, ਭਾਈ ਸੰਤੋਖ ਸਿੰਘ ਧਰਦਿਓ ਆਦਿ ਗ਼ਦਰੀਆਂ ਨੇ ਹਜ਼ਾਰਾਂ ਫ਼ੌਜੀਆਂ ਨੂੰ ਪ੍ਰੇਰਤ ਕੀਤਾ ਪਰ ਸੋਹਨ ਲਾਲ ਪਾਠਕ ਨੂੰ ਇਕ ਗਦਾਰ ਅਫਸਰ ਨੇ ਗ੍ਰਿਫ਼ਤਾਰ ਕਰਵਾ ਦਿੱਤਾ। ਜਿਸ ਕਰਕੇ ਇਸ ਪਾਸੇ ਤੋਂ ਹੀ ਗ਼ਦਰ ਸਫਲ ਨਾ ਹੋਇਆ।
ਗ਼ਦਰੀ ਦੇਸ਼ ਭਗਤ ਭਾਈ ਚੇਤ ਸਿੰਘ, ਤਿਲੋਕ ਸਿੰਘ, ਸੁੰਦਰ ਸਿੰਘ ਦੋਲੇ ਨੰਗਲ, ਹਰਨਾਮ ਸਿੰਘ ਰਸੂਲਪੁਰ, ਸ੍ਰੀ ਮੁਜ਼ਤਬਾ ਹੁਸੈਨ, ਭਾਈ ਜੀਵਨ ਸਿੰਘ ਫੈਲੋਕੇ, ਹੀਰਾ ਸਿੰਘ ਚਰੜ੍ਹ, ਅਤੇ ਗਿਆਨ ਚੰਦ ਮੋਰੀ ਮਰਲ ਨੇ ਸਿੰਘਾਪੁਰ ਤਾਇਨਾਤ ਪੰਜਵੀਂ ਲਾਈਟ ਪਲਟਨ ਨੂੰ ਗ਼ਦਰ ਕਰਨ ਲਈ ਪ੍ਰੇਰਿਤ ਕੀਤਾ। ਜਿਸ ਵਿਚ ਸਾਰੇ ਮੁਸਲਮਾਨ ਅਤੇ ਪੰਜਾਬ ਦੇ ਜ਼ਿਲ੍ਹੇ ਰੋਹਤਕ ਜੀਂਦ ਦੇ ਸਨ। ਇਸ ਪਲਟਨ ਨੇ 15 ਫਰਵਰੀ 1915 ਨੂੰ ਹਥਿਆਰ ਜਮ੍ਹਾਂ ਕਰਾਉਣ ਮੌਕੇ ਬਗ਼ਾਵਤ ਕਰ ਕੇ ਅੰਗਰੇਜ਼ਾਂ ਨੂੰ ਮਾਰ ਕੇ ਸਿੰਘਾਪੁਰ 'ਤੇ ਕਬਜ਼ਾ ਕਰ ਲਿਆ। ਅੰਗਰੇਜ਼ਾਂ ਨੇ ਲਾਗਲੇ ਸਮੁੰਦਰੀ ਘਾਟਾਂ ਤੋਂ ਫ਼ੌਜ ਮੰਗਵਾ ਕੇ ਪਲਟਨ ਦੇ 422 ਦੇ ਕਰੀਬ ਸਿਪਾਹੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਵਿੱਚੋਂ 41 ਦੇ ਹੱਥ ਪੈਰ ਬੰਨ੍ਹ ਕੇ ਲੋਕਾਂ ਦੇ ਹਜੂਮ ਸਾਹਮਣੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ 161 ਨੂੰ ਉਮਰ ਕੈਦ ਤੇ ਹੋਰ ਸਜ਼ਾਵਾਂ ਦਿੱਤੀਆਂ।
ਅੰਗਰੇਜ਼ ਹਾਕਮਾਂ ਨੇ ਗ਼ਦਰ ਲਹਿਰ ਵਿਚ ਸ਼ਾਮਿਲ 202 ਦੇ ਕਰੀਬ ਦੇਸ਼ ਭਗਤਾਂ ਨੂੰ ਮੌਤ ਦੇ ਘਾਟ ਉਤਾਰਿਆ ਤੇ 316 ਨੂੰ ਉਮਰ ਕੈਦ, ਕਾਲੇ ਪਾਣੀ ਤੇ ਜਾਇਦਾਦ ਜ਼ਬਤ ਅਤੇ 121 ਨੂੰ ਕੁਝ ਘੱਟ ਸਜ਼ਾਵਾਂ ਦਿੱਤੀਆਂ। ਗ਼ਦਰ ਪਾਰਟੀ ਦੀ ਇਨਕਲਾਬੀ ਯੋਜਨਾ ਭਾਵੇਂ ਸਫਲ ਨਾ ਹੋਈ ਪਰ ਗ਼ਦਰੀਆਂ ਦੇ ਜਜ਼ਬੇ ਤੇ ਬੇਮਿਸਾਲ ਕੁਰਬਾਨੀ ਨੇ ਦੇਸ਼ ਵਿਚ ਆਜ਼ਾਦੀ ਦੀ ਲਹਿਰ ਦੀ ਜੋਤ ਜਗਾ ਦਿੱਤੀ। ਅਫਸੋਸ ਹੈ ਕਿ ਆਜ਼ਾਦ ਭਾਰਤ ਦੀਆਂ ਸਰਕਾਰਾਂ ਨੇ ਗ਼ਦਰੀ ਦੇਸ਼ ਭਗਤਾਂ ਦੀ ਸੋਚ ਨੂੰ ਵਿਸਾਰ ਦਿੱਤਾ ਹੈ ਅਤੇ ਉਨ੍ਹਾਂ ਦੀ ਸੋਚ ਦਾ ਸਮਾਜ ਨਹੀਂ ਉਸਾਰਿਆ।
- ਪਿਰਥੀਪਾਲ ਸਿੰਘ ਮਾੜੀਮੇਘਾ