ਤੂੰ ਮਘਦਾ ਰਈਂ ਵੇ ਸੂਰਜਾ ਕੰਮੀਆਂ ਦੇ ਵੇਹੜੇ’ ਦੇ ਬੋਲ ਲੋਕ ਆਵਾਜ਼ ਬਣ ਗਏ। ਉਸ ਨੇ ਕਈ ਦਰਜਨ ਕਵਿਤਾਵਾਂ ਦੀ ਰਚਨਾ ਕੀਤੀ। ਅਜਿਹੀ ਸੋਚ ਦਾ ਧਾਰਨੀ ਹੋਣ ਕਰਕੇ ਲੋਕ ਮੁਕਤੀ ਦੇ ਜੁਝਾਰੂ ਸਿਪਾਹੀ ਸੰਤ ਰਾਮ ਉਦਾਸੀ ਨੂੰ ਸਮੇਂ ਦੀ ਹਕੂਮਤ ਨੇ ਜ਼ੁਲਮਾਂ ਦਾ ਸ਼ਿਕਾਰ ਬਣਾਇਆ। ਉਦਾਸੀ ਨੇ ਆਪਣੀਆਂ ਕਿਤਾਬਾਂ ‘ਲਹੂ ਭਿੱਜੇ ਬੋਲ’, ‘ਸੈਨਤਾਂ’, ‘ਚੌਨੁਕਰੀਆਂ ਸੀਖਾਂ’ ਆਦਿ ਰਾਹੀਂ ਇਨਕਲਾਬੀ ਸਾਹਿਤ ਵਿਚ ਆਪਣਾ ਵਿਸ਼ੇਸ਼ ਸਥਾਨ ਬਣਾਇਆ।

ਕਾਲਖ ਦੇ ਵਣਜਾਰਿਓ
ਚਾਨਣ ਕਦੇ ਹਰਿਆ ਨਹੀਂ,
ਓ ਕਿਰਨਾਂ ਦੇ ਕਾਤਿਲੋ,
ਸੂਰਜ ਕਦੇ ਮਰਿਆ ਨਹੀਂ।
ਵੀਹਵੀਂ ਸਦੀ ਦੇ ਅੱਧ ਵਿਚ ਦੇਸ਼ ਦੀ ਵੰਡ ਤੋਂ ਬਾਅਦ ਨਕਸਲਵਾਦੀ ਲਹਿਰ ਦੇ ਪ੍ਰਭਾਵ ਨੇ ਬਹੁਤ ਸਾਰੇ ਕਵੀਆਂ ਨੂੰ ਜਨਮ ਦਿੱਤਾ ਜਿਨ੍ਹਾਂ ਵਿਚੋਂ ਪਾਸ਼ ਅਤੇ ਸੰਤ ਰਾਮ ਉਦਾਸੀ ਸਿਰਕੱਢ ਕਵੀ ਸਨ। ਦੋਵਾਂ ਦੀ ਕਵਿਤਾ ਨੇ ਬਹੁਤ ਸਾਰੇ ਲੋਕਾਂ ਦੇ ਮਨਾਂ ਵਿਚ ਇਨਕਲਾਬ ਦੇ ਦੀਪ ਜਗਾਏ। 20 ਅਪਰੈਲ 1939 ਨੂੰ ਉਸ ਸਮੇਂ ਦੇ ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਬਰਨਾਲਾ (ਹੁਣ ਜ਼ਿਲ੍ਹਾ) ਦੇ ਪਿੰਡ ਰਾਏਸਰ ਵਿਚ ਖੇਤ ਮਜ਼ਦੂਰ ਮਿਹਰ ਸਿੰਘ ਦੇ ਘਰ ਸੰਤ ਰਾਮ ਉਦਾਸੀ ਦਾ ਜਨਮ ਹੋਇਆ। ਉਸ ਨੂੰ ਬਚਪਨ ਵਿਚ ਹੀ ਸਮਾਜਿਕ ਨਾਬਰਾਬਰੀ, ਆਰਥਿਕ, ਰਾਜਨੀਤਕ ਅਤੇ ਮਾਨਸਿਕ ਲੁੱਟ ਦਾ ਸ਼ਿਕਾਰ ਹੋਣਾ ਪਿਆ। ਇਸ ਲਈ ਉਸ ਨੇ ਜਮਾਤੀ ਯੁੱਧ, ਮਜ਼ਦੂਰਾਂ ਅਤੇ ਕਿਸਾਨਾਂ ਨੂੰ ਹੀ ਆਪਣੀ ਰਚਨਾ ਦਾ ਮੁੱਖ ਆਧਾਰ ਬਣਾਇਆ। ਲੋਕ ਕਵੀ ਸੰਤ ਰਾਮ ਉਦਾਸੀ ਨੇ ਮਜ਼ਦੂਰਾਂ, ਕਿਸਾਨਾਂ ਅਤੇ ਸ਼ੋਸ਼ਿਤ ਹੋ ਰਹੇ ਹਰ ਵਰਗ ਨੂੰ ਸਰਮਾਏਦਾਰੀ ਖ਼ਿਲਾਫ ਲਾਮਬੰਦ ਕਰਨ ਲਈ ਜਦੋ-ਜਹਿਦ ਕੀਤੀ। ਜਿਸ ਦੇ ਸਿੱਟੇ ਵਜੋਂ ਉਦਾਸੀ ਨੂੰ ਅਨੇਕਾਂ ਵਾਰ ਜੇਲ੍ਹ ਜਾਣਾ ਪਿਆ ਅਤੇ ਸਰੀਰਕ ਤੇ ਮਾਨਸਿਕ ਤਸੀਹੇ ਵੀ ਸਹਿਣ ਕਰਨੇ ਪਏ। ਜੇ ਉਦਾਸੀ ਦੇ ਰਚਨਾਤਮਿਕ ਦੌਰ ਦੀ ਗੱਲ ਕਰੀਏ ਤਾਂ ਸ਼ੁਰੂ ਸ਼ੁਰੂ ਵਿਚ ਉਸ ਦੀ ਕਵਿਤਾ ਅਧਿਆਤਮਵਾਦ ਦਾ ਪੱਖ ਪੂਰਦੀ ਹੈ। ਫਿਰ ਸਹਿਜੇ ਸਹਿਜੇ 1967 ਦੇ ਕਰੀਬ ਉਦਾਸੀ ਦੀ ਕਵਿਤਾ ਨਕਸਲਵਾਦੀ ਲਹਿਰ ਦੇ ਪ੍ਰਭਾਵ ਹੇਠ ਮਾਰਕਸਵਾਦ, ਲੈਨਿਨਵਾਦ ਤੋਂ ਮਾਓਵਾਦ ਦੀ ਸਮਝ ਰਾਹੀਂ ਜਮਾਤੀ ਸਮਾਜ ਦੀ ਬਣਤਰ ਦੇ ਗੁੰਝਲਦਾਰ ਨੁਕਤਿਆਂ ਦੀ ਗੱਲ ਕਰਨ ਲੱਗੀ।
ਪਹਿਲਾਂ ਪਹਿਲ ਉਦਾਸੀ ਦੀ ਅਕਾਲੀ ਮੋਰਚਿਆਂ ਨਾਲ ਹਮਦਰਦੀ ਸੀ ਕਿਉਂਕਿ ਉਸ ਨੂੰ ਇਨ੍ਹਾਂ ਤੋਂ ਆਮ ਲੋਕਾਂ ਦੀ ਤਰਜਮਾਨੀ ਹੁੰਦੀ ਨਜ਼ਰ ਆ ਰਹੀ ਸੀ, ਪਰ ਫਿਰ ਉਸ ਨੂੰ ਖਲਾਅ ਹੀ ਨਜ਼ਰ ਆਇਆ। ਉਸ ਨੂੰ ਭਾਰਤ ਦੀਆਂ ਕਮਿਊਨਿਸਟ ਪਾਰਟੀਆਂ ਰਾਹੀਂ ਹਕੀਕੀ ਇਨਕਲਾਬ ਦਾ ਸੁਪਨਾ ਸਾਕਾਰ ਹੁੰਦਾ ਵੀ ਨਜ਼ਰ ਨਹੀਂ ਆਇਆ। ਇਸ ਕਰਕੇ ਉਸ ਨੇ ਸਿਆਸੀ ਅਤੇ ਅਮਲੀ ਤੌਰ ’ਤੇ ਸਰਗਰਮ ਹੋ ਕੇ ਹਥਿਆਰਬੰਦ ਨਕਸਲੀਆਂ ਨਾਲ ਸਾਂਝ ਪਾ ਲਈ। ਉਦਾਸੀ ਨੇ ਉੱਚੀ ਸੁਰ ਅਤੇ ਮਿੱਠੀ ਆਵਾਜ਼ ਜ਼ਰੀਏ ਪੰਜਾਬੀ ਕਵੀਆਂ ਵਿੱਚ ਆਪਣੀ ਵੱਖਰੀ ਪਛਾਣ ਸਥਾਪਤ ਕਰ ਲਈ। ਗ਼ਰੀਬ ਜਨਤਾ ਦੇ ਦਰਦਾਂ ਦੀ ਗੱਲ ਕਰਦੇ ਉਸ ਦੇ ਗੀਤ ਜਨਤਕ ਸਟੇਜਾਂ ’ਤੇ ਗੂੰਜਦੇ। ਜਿਵੇਂ:
ਲੋਕੋ ਬਾਜ ਆ ਜਾਓ ਝੂਠੇ ਲੀਡਰਾਂ ਤੋਂ,
ਇਨ੍ਹਾਂ ਦੇਸ਼ ਨੂੰ ਬਿਲੇ ਲਗਾ ਛੱਡਣਾ।
ਇਨ੍ਹਾਂ ਦੇਸ਼ ਦਾ ਕੁਝ ਸੰਵਾਰਿਆ ਨਹੀਂ,
ਇਨ੍ਹਾਂ ਥੋਨੂੰ ਵੀ ਵੇਚ ਕੇ ਖਾ ਛੱਡਣਾ।
‘ਤੂੰ ਮਘਦਾ ਰਈਂ ਵੇ ਸੂਰਜਾ ਕੰਮੀਆਂ ਦੇ ਵੇਹੜੇ’ ਦੇ ਬੋਲ ਲੋਕ ਆਵਾਜ਼ ਬਣ ਗਏ। ਉਸ ਨੇ ਕਈ ਦਰਜਨ ਕਵਿਤਾਵਾਂ ਦੀ ਰਚਨਾ ਕੀਤੀ। ਅਜਿਹੀ ਸੋਚ ਦਾ ਧਾਰਨੀ ਹੋਣ ਕਰਕੇ ਲੋਕ ਮੁਕਤੀ ਦੇ ਜੁਝਾਰੂ ਸਿਪਾਹੀ ਸੰਤ ਰਾਮ ਉਦਾਸੀ ਨੂੰ ਸਮੇਂ ਦੀ ਹਕੂਮਤ ਨੇ ਜ਼ੁਲਮਾਂ ਦਾ ਸ਼ਿਕਾਰ ਬਣਾਇਆ। ਉਦਾਸੀ ਨੇ ਆਪਣੀਆਂ ਕਿਤਾਬਾਂ ‘ਲਹੂ ਭਿੱਜੇ ਬੋਲ’, ‘ਸੈਨਤਾਂ’, ‘ਚੌਨੁਕਰੀਆਂ ਸੀਖਾਂ’ ਆਦਿ ਰਾਹੀਂ ਇਨਕਲਾਬੀ ਸਾਹਿਤ ਵਿਚ ਆਪਣਾ ਵਿਸ਼ੇਸ਼ ਸਥਾਨ ਬਣਾਇਆ। ਰੇਡੀਓ ਅਤੇ ਜਨਤਕ ਸਟੇਜਾਂ ’ਤੇ ਉਦਾਸੀ ਦੀ ਸੁਰੀਲੀ ਅਤੇ ਲੰਮੀ ਹੇਕ ਸਰੋਤਿਆਂ ਨੂੰ ਕੀਲ ਕੇ ਰੱਖ ਦਿੰਦੀ ਸੀ ਜਿਸ ਦੀ ਬਦੌਲਤ ਉਸ ਨੂੰ ਫ਼ਿਲਮਾਂ ਵਿਚ ਗਾਉਣ ਦੇ ਸੱਦੇ ਆਉਣ ਲੱਗੇ ਪਰ ਉਸ ਨੇ ਫੋਕੀ ਸ਼ੋਹਰਤ ਅਤੇ ਧਨ ਪ੍ਰਾਪਤੀ ਦੀ ਲਾਲਸਾ ਨੂੰ ਨੇੜੇ ਨਹੀਂ ਢੁੱਕਣ ਦਿੱਤਾ। ਸੱਤ ਨਵੰਬਰ 1986 ਨੂੰ ਮਹਾਰਾਸ਼ਟਰ ਦੀ ਧਰਤੀ ’ਤੇ ਚੱਲਦੀ ਹੋਈ ਰੇਲ ਗੱਡੀ ਵਿੱਚ ਇਸ ਕ੍ਰਾਂਤੀਕਾਰੀ ਯੋਧੇ, ਸਿਰੜੀ ਮਨੁੱਖ ਅਤੇ ਅਣਖੀਲੇ ਸ਼ਖਸ ਦੀ ਬੇਵਕਤ ਅਤੇ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ ਪਰ ਅਫ਼ਸੋਸ! ਉਸ ਸਮੇਂ ਦੀ ਭਾਰਤ ਸਰਕਾਰ ਦੇ ਸੱਦੇ ’ਤੇ ਦਿੱਲੀ ਦੇ ਲਾਲ ਕਿਲ੍ਹੇ ’ਤੇ ਉੱਚੀ ਉੱਚੀ ਹੇਕਾਂ ਲਾ ਕੇ ਗਾਉਣ ਵਾਲੇ ਇਸ ਮਹਾਨ ਕਵੀ ਨੂੰ ਲਾਵਾਰਿਸ ਕਰਾਰ ਦੇ ਕੇ ਉੱਥੇ ਹੀ ਉਸ ਦਾ ਸਸਕਾਰ ਕਰ ਦਿੱਤਾ ਗਿਆ।
ਇਹ ਗੱਲ ਵੀ ਬੜੀ ਹੈਰਾਨੀ ਨਾਲ ਆਖੀ ਅਤੇ ਸਮਝੀ ਜਾ ਸਕਦੀ ਹੈ ਕਿ ਉਦਾਸੀ ਨੇ ਆਪਣੇ ਇੱਕ ਗੀਤ ਵਿਚ ਸੱਚ ਹੋਣ ਵਾਲੀਆਂ ਦਰਦਨਾਕ ਸਤਰਾਂ ਵੀ ਲਿਖੀਆਂ ਸਨ ਕਿ ‘ਮੇਰੀ ਵੀ ਜ਼ਿੰਦਗੀ ਕੀ ਬੱਸ ਬੂਰ ਹੈ ਸਰਕੜੇ ਦਾ, ਆਹਾਂ ਦਾ ਸੇਕ ਹੀ ਕਾਫ਼ੀ ਤੀਲੀ ਬੇਸ਼ੱਕ ਨਾ ਲਾਇਓ’! ਬਿਲਕੁਲ ਇਸੇ ਤਰ੍ਹਾਂ ਹੀ ਹੋਇਆ ਕਿ ਪਰਿਵਾਰ ਅਤੇ ਉਸ ਨੂੰ ਚਾਹੁੰਣ ਵਾਲਿਆਂ ਦੇ ਪੱਲੇ ਸਿਰਫ਼ ਆਹਾਂ ਹੀ ਰਹਿ ਗਈਆਂ। ਤੀਲੀ ਲਗਾਉਣ ਦਾ ਮੌਕਾ ਵੀ ਨਹੀਂ ਮਿਲਿਆ। ਇਹ ਵੀ ਸੱਚ ਹੋਇਆ ਕਿ ਉਦਾਸੀ ਨੇ ਲਿਖਿਆ ਸੀ ਕਿ-‘ਜ਼ਿੰਦਗੀ ਤੋਂ ਮੌਤ ਤੱਕ ਆਉਂਦੇ ਬੜੇ ਚੁਰਾਹੇ, ਜਿਸ ਦਾ ਬਿੱਖੜਾ ਪੈਂਡਾ ਓਸੇ ਹੀ ਰਾਹ ਲਿਜਾਇਓ,! ਬਿਲਕੁੱਲ ਉਦਾਸੀ ਤਾਅ ਜ਼ਿੰਦਗੀ ਬਿੱਖੜੇ ਪੈਂਡਿਆਂ ਦਾ ਹਮਸਫ਼ਰ ਹੀ ਰਿਹਾ ਅਤੇ ਮੌਤ ਦਾ ਪੈਂਡਾ ਵੀ ਬਿੱਖੜਾ ਹੀ ਮਿਲਿਆ। ਉਦਾਸੀ ਨੂੰ ਇਹ ਵੀ ਪਤਾ ਸੀ ਕਿ ਜਿਸ ਰਸਤੇ ਉਹ ਚੱਲਿਆ ਹੋਇਆ ਹੈ ਉਸ ਦਾ ਹਸ਼ਰ ਕੀ ਹੋਵੇਗਾ। ਫਿਰ ਵੀ ਉਦਾਸੀ ਆਖ਼ਰੀ ਸਾਹਾਂ ਤੱਕ ਆਪਣੇ ਲੋਕਾਂ ਲਈ ਜੂਝਦਾ ਰਿਹਾ। ਤੇ ਆਪਣੇ ਲੋਕਾਂ ਨੂੰ ਇਕ ਗੀਤ ਰਾਹੀਂ ਸੰਦੇਸ ਦੇ ਕੇ ਇਸ ਫਾਨੀ ਸੰਸਾਰ ਤੋਂ ਰੁਖ਼ਸਤ ਹੋਇਆ ਕਿ, ‘ਮੇਰੀ ਮੌਤ ’ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ!
ਮੇਰੇ ਲਹੂ ਦਾ ਕੇਸਰ ਰੇਤੇ ’ਚ ਨਾ ਰੁਲਾਇਓ।’
ਸੱਚ ਦੇ ਮਾਰਗ ’ਤੇ ਚੱਲਣਾ ਸਚਮੁੱਚ ਬਹੁਤ ਔਖਾ ਹੈ ਪਰ ਸੰਤ ਰਾਮ ਉਦਾਸੀ ਆਪਣੇ ਪਿੰਡੇ ’ਤੇ ਜ਼ਿੰਦਗੀ ਦੇ ਦੁੱਖ ਹੰਡਾਉਂਦਿਆਂ ਬਿਖੜੇ ਪੈਂਡਿਆਂ ਦਾ ਰਾਹੀ ਬਣਿਆ। ਮੈਂ ਸਮਝਦਾ ਹਾਂ ਕਿ ਲੋਕਾਂ ਲਈ ਇਮਾਨਦਾਰੀ ਅਤੇ ਦਿ੍ਰੜਤਾ ਨਾਲ ਕੰਮ ਕਰਨ ਵਾਲੇ ਲੋਕ ਉਸ ਨੂੰ ਸੱਚੀ ਸਰਧਾਂਜਲੀ ਦਿੰਦੇ ਹੋਏ ਉਸ ਦੇ ਦਰਸਾਏ ਮਾਰਗ ’ਤੇ ਚੱਲ ਰਹੇ ਹਨ। ਇਸ ਗੱਲ ਦੀ ਵੀ ਅਥਾਹ ਖੁਸ਼ੀ ਹੈ ਕਿ ਜਿੰਨਾ ਲੋਕਾਂ ਲਈ ਸੰਤ ਰਾਮ ਉਦਾਸੀ ਲੜਦਾ ਰਿਹਾ ਅੱਜ ਉਨ੍ਹਾਂ ਲੋਕਾਂ ਵਿੱਚੋਂ ਹੀ ਉੱਠ ਕੇ ਲੋਕ ਸਰਕਾਰਾਂ ਦੀ ਆਵਾਜ਼ ਬਣਨ ਲੱਗੇ ਹਨ।
- ਮਨਜੀਤ ਸਿੰਘ ਬਿਲਾਸਪੁਰ