ਉੱਚੀਆਂ ਕਦਰਾਂ-ਕੀਮਤਾਂ ਵਾਲੇ ਸਾਹਿਤ ਦਾ ਸਿਰਜਕ ਡਾ. ਕਰਨੈਲ ਸਿੰਘ ਸੋਮਲ
ਡਾ. ਕਰਨੈਲ ਸਿੰਘ ਸੋਮਲ ਨੂੰ ਭਾਰਤੀ ਸਾਹਿਤ ਅਕੈਡਮੀ ਵਲੋਂ ਪੰਜਾਬੀ ਬਾਲ ਸਾਹਿਤ ਦੇ ਖੇਤਰ ਵਿਚ ਪਾਏ ਸ਼ਾਨਦਾਰ ਯੋਗਦਾਨ ਅਤੇ ਸਫ਼ਰਨਾਮਾ ‘ਫੁੱਲਾਂ ਦਾ ਸ਼ਹਿਰ’ ਵਾਸਤੇ 2020 ਦਾ ਬਾਲ ਸਾਹਿਤ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਅੱਸੀ ਸਾਲਾ ਡਾ. ਸੋਮਲ ਨੇ ਆਪਣਾ ਸਾਰਾ ਜੀਵਨ ਅਧਿਆਪਨ, ਸੰਪਾਦਨ ਅਤੇ ਸਾਹਿਤ ਸਿਰਜਣਾ ਦੇ ਲੇਖੇ ਲਾਇਆ ਹੈ।
Publish Date: Sun, 18 Apr 2021 11:44 AM (IST)
Updated Date: Sun, 18 Apr 2021 11:46 AM (IST)

ਡਾ. ਕਰਨੈਲ ਸਿੰਘ ਸੋਮਲ ਨੂੰ ਭਾਰਤੀ ਸਾਹਿਤ ਅਕੈਡਮੀ ਵਲੋਂ ਪੰਜਾਬੀ ਬਾਲ ਸਾਹਿਤ ਦੇ ਖੇਤਰ ਵਿਚ ਪਾਏ ਸ਼ਾਨਦਾਰ ਯੋਗਦਾਨ ਅਤੇ ਸਫ਼ਰਨਾਮਾ ‘ਫੁੱਲਾਂ ਦਾ ਸ਼ਹਿਰ’ ਵਾਸਤੇ 2020 ਦਾ ਬਾਲ ਸਾਹਿਤ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਅੱਸੀ ਸਾਲਾ ਡਾ. ਸੋਮਲ ਨੇ ਆਪਣਾ ਸਾਰਾ ਜੀਵਨ ਅਧਿਆਪਨ, ਸੰਪਾਦਨ ਅਤੇ ਸਾਹਿਤ ਸਿਰਜਣਾ ਦੇ ਲੇਖੇ ਲਾਇਆ ਹੈ। ਖ਼ਾਸ ਕਰ ਬਾਲ ਸਾਹਿਤ ਦੇ ਖੇਤਰ ਵਿਚ ਉਨ੍ਹਾਂ ਵਲੋਂ ਪਾਈਆਂ ਪੈੜਾਂ ਨੂੰ ਸਦਾ ਯਾਦ ਰੱਖਿਆ ਜਾਵੇਗਾ। ਮਿਹਨਤੀ ਅਤੇ ਲਗਨ ਵਾਲੇ ਇਸ ਸਾਹਿਤਕਾਰ ਨੇ ਆਪਣੀਆਂ ਰਚਨਾਵਾਂ ਵਿਚ ਇਨਸਾਨੀ ਕਦਰਾਂ ਕੀਮਤਾਂ ਨੂੰ ਪ੍ਰਚਾਰਿਆ ਤੇ ਪ੍ਰਸਾਰਿਆ ਹੈ। ਹਰ ਕਿਸੇ ਨੂੰ ਆਪਣੀ ਮੁਹੱਬਤ ਨਾਲ ਸਰਸ਼ਾਰ ਕਰਨ ਵਾਲੀ ਇਸ ਸ਼ਖ਼ਸੀਅਤ ਨੇ ਦਰਜਨਾਂ ਪੁਸਤਕਾਂ ਦੀ ਰਚਨਾ ਕੀਤੀ ਹੈ। ਜਿਨ੍ਹਾਂ ਵਿੱਚੋਂ ਕੁਝ ਨੂੰ ਪੰਜਾਬ ਅਤੇ ਭਾਰਤ ਦੀਆਂ ਵੱਕਾਰੀ ਸੰਸਥਾਵਾਂ ਇਨਾਮ ਸਨਮਾਨ ਦੇ ਚੁੱਕੀਆਂ ਹਨ। ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵਲੋਂ ਉਨ੍ਹਾਂ ਨੂੰ ਸਾਲ 2017 ਦੇ ਸ਼੍ਰੋਮਣੀ ਬਾਲ ਸਾਹਿਤ ਲੇਖਕ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਉਨ੍ਹਾਂ ਦੀ ਅਗਵਾਈ ਹੇਠ ਕਈ ਨਵੇਂ ਸਾਹਿਤਕਾਰ ਪੁੰਗਰ ਅਤੇ ਪ੍ਰਵਾਨ ਚੜ੍ਹ ਰਹੇ ਹਨ। ਉਨ੍ਹਾਂ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਨਵਿਆਂ ਨੂੰ ਦੁਲਾਰਿਆ ਜਾਵੇ। ਇਸੇ ਸਦਕਾ ਹਰ ਮਹਿਫਲ ਵਿਚ ਆਪਣੀ ਪਿਆਰ ਸਤਿਕਾਰ ਵਾਲੀ ਸ਼ੈਲੀ ਨਾਲ ਹਰ ਕਿਸੇ ਨੂੰ ਆਪਣਾ ਬਣਾ ਜਾਂਦੇ ਹਨ। ਸਾਹਿਤਕ ਮਹਿਫਲਾਂ ਵਿਚ ਉਨ੍ਹਾਂ ਦੀਆਂ ਪਤੇ ਵਾਲੀਆਂ ਗੱਲਾਂ ਸਰੋਤਿਆਂ ਦੇ ਮਨਾਂ ਅੰਦਰ ਵਸ ਜਾਂਦੀਆਂ ਹਨ। ਉਨ੍ਹਾਂ ਦੀ ਹਰ ਵੰਨਗੀ ਰੋਚਕ ਅਤੇ ਬਾਲ ਮਨ ਦੀ ਹਾਣੀ ਹੁੰਦੀ ਹੈ।
ਨਿਬੰਧਾਂ ਦੀਆਂ ਗਿਆਰਾਂ ਪੁਸਤਕਾਂ, ਸੰਪਾਦਨਾਂ ਦੀਆਂ ਚਾਰ, ਜੀਵਨੀਆਂ ਤਿੰਨ, ਸਵੈ ਜੀਵਨੀ ਇਕ ਅਤੇ ਬਾਲਾਂ ਲਈ ਚਾਲੀ ਤੋਂ ਵੱਧ ਪੁਸਤਕਾਂ ਦੀ ਸਿਰਜਣਾ ਨਾਲ ਉਹ ਬਾਲ ਜਗਤ ਵਿਚ ਪਿਆਰ ਸਤਿਕਾਰ ਦੀਆਂ ਪੰਡਾਂ ਪ੍ਰਾਪਤ ਕਰ ਚੁੱਕੇ ਹਨ। ਧਾਰਮਿਕ, ਸੱਭਿਆਚਾਰਕ, ਸਾਹਿਤਕ, ਕਲਾਤਮਿਕ ਪੁਸਤਕਾਂ ਦਾ ਵਿਸ਼ਲੇਸ਼ਣ ਕਰੀਏ ਤਾਂ ਨਵੀਆਂ ਤੇ ਨਰੋਈਆਂ ਕਦਰਾਂ ਕੀਮਤਾਂ ਦੇ ਚਸ਼ਮੇ ਫੁੱਟਦੇ ਪ੍ਰਤੀਤ ਹੁੰਦੇ ਹਨ। ਉਨ੍ਹਾਂ ਦੀ ਸ਼ਖ਼ਸੀਅਤ ਦਾ ਅਕਸ ਇਨ੍ਹਾਂ ਪੁਸਤਕਾਂ ਵਿੱਚੋਂ ਝਲਕਾਰੇ ਮਾਰਦਾ ਹੈ। ਉਨ੍ਹਾਂ ਆਪਣਾ ਜੀਵਨ ਸਫ਼ਰ ਇਕ ਅਧਿਆਪਕ ਤੋਂ ਸ਼ੁਰੂ ਕੀਤਾ ਤੇ ਬਾਅਦ ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਵਿਚ ਇਕ ਵਿਸ਼ਾ ਮਾਹਿਰ ਵਜੋ ਸੇਵਾਵਾਂ ਨਿਭਾਉਂਦੇ ਰਹੇ। ਇੱਥੇ ਤਰੱਕੀਆਂ ਕਰਦੇ ਪੰਜਾਬੀ ਵਿਕਾਸ ਕੇਂਦਰ ਵਿਚ ਸਹਾਇਕ ਡਾਇਰੈਕਟਰ ਵਜੋਂ 1998 ਵਿਚ ਸੇਵਾ ਮੁਕਤ ਹੋਏ। ਉਨ੍ਹਾਂ ਦੀਆਂ ‘ਬਿੱਲੀ ਦੇ ਬਲੂੰਗੜੇ, ਸਿਆਣਾ ਕਬੂਤਰ, ਅਕਲਮੰਦ ਲੰਗੂਰ, ਸੁਨਹਿਰੀ ਹਿਰਨ’ ਆਦਿ ਕਹਾਣੀਆਂ ਦੀਆਂ ਪੁਸਤਕਾਂ ਬਾਲ ਸੰਸਾਰ ਵਿਚ ਪ੍ਰਵਾਨ ਹੋਈਆਂ ਹਨ। ਪ੍ਰੋੜ ਸਾਹਿਤ ਵਿਚ ‘ਜ਼ਿੰਦਗੀ ਉਤਸਵ ਹੈ, ਜ਼ਿੰਦਗੀ ਦੀ ਰੌਣਕ, ਫੁਰਸਤ ਦੇ ਪਲ, ਕਲਾਮਈ ਜੀਵਨ ਦੀ ਤਾਂਘ ਤੇ ਸਾਡੇ ਅੰਬਰਾਂ ਦੇ ਤਾਰੇ’ ਆਦਿ ਪੁਸਤਕਾਂ ਦੇ ਵਿਸ਼ੇ ਉੱਚੇ ਆਦਰਸ਼ਾਂ ਵਾਲੇ ਹਨ।
ਗਿਆਨੀ ਦਿੱਤ ਸਿੰਘ ਦੇ ਜਨਮ ਸਥਾਨ ਦਾ ਮਾਣ ਹਾਸਲ ਕਰਨ ਵਾਲੇ ਪਿੰਡ ਨੰਦਪੁਰ ਕਲੌੜ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਚ ਡਾ. ਸੋਮਲ ਦਾ ਜਨਮ 28 ਸਤੰਬਰ 1940 ਨੂੰ ਪਿਤਾ ਪ੍ਰੇਮ ਸਿੰਘ ਅਤੇ ਮਾਤਾ ਸੁਰਜੀਤ ਕੌਰ ਦੇ ਘਰ ਹੋਇਆ। ਸਲਿੰਦਰ ਕੌਰ ਦਾ ਜੀਵਨ ਸਾਥੀ ਅਤੇ ਦੋ ਧੀਆਂ ਮਨਪ੍ਰੀਤ ਅਤੇ ਜਗਪ੍ਰੀਤ ਕੌਰ ਦਾ ਪਿਤਾ ਕਈਆਂ ਲਈ ਰਾਹ ਦਸੇਰੇ ਦਾ ਕਾਰਜ ਕਰ ਰਹੇ ਹਨ। ਅੱਜ ਵੀ ਉਸੇ ਜੋਸ਼ ਨਾਲ ਕੰਪਿਊਟਰ ’ਤੇ ਬਾਲਾਂ ਨੂੰ ਪ੍ਰੇਰਿਤ ਕਰਨ ਵਾਲੀਆਂ ਰਚਨਾਵਾਂ ਦੀ ਸਿਰਜਣਾ ਵਿਚ ਜੁਟੇ ਹੋਏ ਹਨ। ਉਨ੍ਹਾਂ ਪੁਰਸਕਾਰ ਦੀ ਖ਼ੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਇਹ ਪੁਰਸਕਾਰ ਆਪਣੀ ਬੋਲੀ ਪੰਜਾਬੀ ਖ਼ਾਸ ਕਰਕੇ ਪੰਜਾਬੀ ਪੜ੍ਹਦੇ ਬਾਲਾਂ ਅਤੇ ਬਾਲੜੀਆਂ ਲਈ ਚਾਉ ਨਾਲ ਲ਼ਿਖਦੇ ਰਹਿਣ ’ਤੇ ਮਿਲਿਆ ਹੈ। ਉਂਜ ਇਕ ਪੁਰਸਕਾਰ ਚੰਗਾ ਲਿਖਦਿਆਂ ਨਾਲੋ ਨਾਲ ਮਿਲੀ ਜਾਂਦਾ ਹੈ। ਆਪਣੀ ਮਾਂ ਬੋਲੀ ਵਿਚ ਲਿਖਣਾ ਉਂਜ ਵੀ ਮਾਣ ਵਾਲੀ ਗੱਲ ਹੈ। ਦੂਜਾ ਕਿਸੇ ਵੱਕਾਰੀ ਸੰਸਥਾ ਵਲੋਂ ਪੁਰਸਕਾਰ ਮਿਲਣਾ ਵਡਿਆਈ ਮੰਨੀ ਜਾਂਦੀ ਹੈ। ਉਨ੍ਹਾਂ ਦੇ ਜਨਮ ਵੇਲੇ ਭਾਰਤ ਗੁਲਾਮ ਸੀ। ਸੋਝੀ ਆਉਣ ਤਕ ਦੇਸ਼ ਨੂੰ ਆਜ਼ਾਦੀ ਮਿਲ ਚੁੱਕੀ ਸੀ ਪਰ ਦੇਸ਼ ਵੰਡ ਦੇ ਦੁਖਾਂਤ ਕਾਰਨ ਚੁਫੇਰੇ ਖ਼ੌਫ਼ ਸੀ। ਵੱਡ ਟੁੱਕ ਤੇ ਖ਼ੂਨ ਖਰਾਬੇ ਦਾ ਮਾਹੌਲ ਸੀ। ਸਾਰਾ ਪਿੰਡ ਕਲੌੜ ਜੋ ਹੁਣ ਤਹਿਸੀਲ ਬਸੀ ਪਠਾਣਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਚ ਪੈਂਦਾ ਹੈ। ਉਦੋਂ ਰਿਆਸਤ ਪਟਿਆਲਾ ਵਿਚ ਪੈਂਦਾ ਸੀ। ਉਨ੍ਹਾਂ ਪਿੰਡ ਦੇ ਸਕੂਲ ਵਿਚ ਦਾਖ਼ਲ ਹੋ ਕੇ ਉਰਦੂ ਦੀ ਪੜ੍ਹਾਈ ਕੀਤੀ।
ਡਾ. ਕੋਮਲ ਦਾ ਜੀਵਨ ਸੰਘਰਸ਼ ਇਕ ਮਿਹਨਤੀ ਤੇ ਹਿੰਮਤੀ ਇਨਸਾਨ ਵਜੋਂ ਸ਼ੁਰੂ ਹੋਇਆ। ਨੌਕਰੀ ਮਿਲਣ ਕਾਰਨ ਰੋਟੀ ਦੀ ਸਮੱਸਿਆ ਹੱਲ ਹੋ ਗਈ ਸੀ। ਜੀਵਨ ਦੇ ਸ਼ੁਰੂ ਦਾ ਪੜਾਅ ਆਰਥਿਕ ਵਸੀਲਿਆਂ ਪੱਖੋਂ ਕਾਫੀ ਔਖਾ ਰਿਹਾ। ਸਮਾਜਿਕ ਪੱਖੋਂ ਬਹੁਤੀ ਸੰਤੁਸ਼ਟੀ ਵਾਲਾ ਕਾਰਜ ਪੰਜਾਬ ਦੇ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਲਈ ਪੰਜਾਬੀ ਦਾ ਮਿਆਰੀ ਪਾਠ ਕ੍ਰਮ ਤਿਆਰ ਕਰਨਾ ਅਤੇ ਉਤਮ ਪਾਠ ਪੁਸਤਕਾਂ ਲਿਖਣਾ ਤੇ ਸੰਪਾਦਿਤ ਕਰਨਾ ਸੀ। ਦੂਜਾ ਬਾਲਾਂ ਅਤੇ ਬਾਲੜੀਆਂ ਲਈ ਵੱਖ-ਵੱਖ ਸਾਹਿਤ ਰੂਪਾਂ ਵਿਚ ਲਿਖਣਾ। ਚੋਖੀ ਵਾਰਤਕ ਲਿਖੀ ਤੇ ਕਾਫੀ ਪੁਸਤਕਾਂ ਛਪੀਆਂ। ਇਕ ਹੋਰ ਵੱਡੀ ਪ੍ਰਾਪਤੀ ਜੀਵਨ ਦੀ ਸੋਝੀ ਦਾ ਹਾਸਲ ਹੋਣਾ ਹੈ। ਉਨ੍ਹਾਂ ਭਾਵੇਂ ਬਾਲਾਂ ਅਤੇ ਬਾਲੜੀਆਂ ਲਈ ਲਿਖਿਆ ਤੇ ਭਾਵੇਂ ਵੱਡਿਆਂ ਲਈ ਉਹ ਜ਼ਿੰਦਗੀ ਦੀਆਂ ਉੱਚੀਆਂ ਕਦਰਾਂ ਕੀਮਤਾਂ ਨਾਲ ਓਤ ਪੋਤ ਹੈ। ਉਹ ਇਸੇ ਕਰ ਕੇ ਸਬਰ ਸੰਤੁਸ਼ਟੀ ਤੇ ਖ਼ੁਸ਼ੀਆਂ ਵਾਲਾ ਜੀਵਨ ਜੀਅ ਰਹੇ ਹਨ। ਉਨ੍ਹਾਂ ਲਈ ਜ਼ਿੰਦਗੀ ਦੀ ਸ਼ਾਮ, ਜ਼ਿੰਦਗੀ ਦੀ ਸਵੇਰ ਤੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ। ਔਂਕੜਾਂ ਵੀ ਆਉਂਦੀਆਂ ਨੇ ਤੇ ਦੁੱਖ ਵੀ ਪਰ ਨਿੱਖਰੀ ਜੀਵਨ ਸੋਝੀ ਸਦਕਾ ਪ੍ਰਸੰਨ ਰਹਿੰਦੇ ਨੇ। ਉਸਦੀ ਰਜ਼ਾ ਵਿਚ ਭਰਪੂਰ ਆਨੰਦ ਮਾਣਦੇ ਨੇ। ਕਦੀ ਹਾਣੀਆਂ ਨਾਲ ਤੇ ਕਦੀ ਸਾਹਿਤਕ ਮਿੱਤਰਾਂ ਨਾਲ। ਕੋਈ ਰੋਸਾ ਤੇ ਕਿਸੇ ਨਾਲ ਕੋਈ ਗਿਲਾ ਨਹੀਂ। ਇਨ੍ਹਾਂ ਗੁਣਾਂ ਸਦਕਾ ਹੀ ਇਸ ਉਮਰੇ ਵੀ ਜੁਆਨਾਂ ਨੂੰ ਮਾਤ ਦਿੰਦੇ ਹੋਏ ਜੀਵਨ ਦੇ ਸਭ ਰਸ ਰੰਗਾਂ ਨੂੰ ਮਾਣਦੇ ਹਨ। ਹਰ ਕਿਸੇ ਦੀ ਕਦਰ ਕਰਨਾ ਉਨ੍ਹਾਂ ਦੀ ਸ਼ਖ਼ਸੀਅਤ ਦਾ ਖਾਸਾ ਹੈ। ਮੈਂ ਮੇਰੀ ਤੋਂ ਉਪਰ ਉੱਠ ਕੇ ਸਭ ਕੁੱਝ ਉਸ ਪਰਮਾਤਮਾ ਦੀ ਰਹਿਮਤ ਅਤੇ ਆਪਣੀ ਮਿਹਨਤ ਨੂੰ ਮੰਨਦੇ ਹਨ।
ਉਹ ਮੰਨਦੇ ਹਨ ਕਿ ਜੇਕਰ ਅਧਿਆਪਕਾਂ ਅਤੇ ਮਾਪਿਆਂ ਵਿਚ ਖ਼ੁਦ ਚੰਗੀਆਂ ਪੁਸਤਕਾਂ ਪੜ੍ਹਨ ਦੀ ਰੁਚੀ ਹੋਵੇ, ਹਰ ਸਕੂਲ ਵਿਚ ਚੰਗੀ ਲਾਇਬ੍ਰੇਰੀ ਤੇ ਸੋਹਣੇ ਪੜ੍ਹਨ ਕਮਰੇ ਹੋਣ। ਮਿਆਰੀ ਪਰ ਸਸਤੀਆਂ ਪੁਸਤਕਾਂ ਬੱਚਿਆਂ ਦੀ ਪਹੁੰਚ ਵਿਚ ਹੋਣ ਤਦ ਉਨ੍ਹਾਂ ਵਿਚ ਪੜ੍ਹਨ ਦੀ ਰੁਚੀ ਆਪੇ ਆ ਜਾਵੇਗੀ। ਬਾਲ ਸਾਹਿਤ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਜਿਵੇਂ ਬੱਚੇ ਲਈ ਘਰ ਤੋਂ ਬਾਹਰ ਦੀ ਦੁਨੀਆ ਵੀ ਨਿੱਘ ਤੇ ਅਪਣੱਤ ਭਰੀ ਹੋਵੇ ਤਾਂ ਉਸ ਲਈ ਇਹ ਜਗਤ ਮਨੋਹਰ ਹੋਵੇਗਾ। ਉਸਦੀ ਜੀਵਨ ਚਾਹ ਬਲਵਾਨ ਹੋਵੇਗੀ ਤੇ ਉਹ ਸਦਾ ਖ਼ੁਸ਼ ਰਹਿਣਾ ਸਿੱਖ ਲਵੇਗਾ। ਬਾਲ ਸਾਹਿਤ ਦੇ ਰਸਾਲਿਆਂ ਦੀ ਕਮੀ ਬਾਰੇ ਉਨ੍ਹਾਂ ਕਿਹਾ ਕਿ ਇਹ ਕਾਰਜ ਕੋਈ ਬਿਜ਼ਨਸ ਵਾਲਾ ਸੌਦਾ ਨਹੀਂ ਹੈ। ਇਸੇ ਕਰਕੇ ਇਸ ਖੇਤਰ ਵਿਚ ਕੁੱਦਣ ਵਾਲੇ ਨਹੀਂ ਲੱਭਦੇ। ਇਹ ਆਰਥਿਕ ਪੱਖੋਂ ਮਹਿੰਗਾ ਅਤੇ ਬਹੁਤ ਖੇਚਲ ਵਾਲਾ ਕੰਮ ਹੈ। ਆਰਥਿਕ ਵਸੀਲੇ ਵੀ ਹੋਣੇ ਚਾਹੀਦੇ ਹਨ ਤੇ ਮਦਦਗਾਰ ਚੰਗੇ ਮਨੁੱਖ ਵੀ। ਨਿੱਕੀਆਂ ਕਰੂੰਬਲਾਂ ਦੀ ਸਿਲਵਰ ਜੁਬਲੀ ਮਨਾਉਣੀ ਸਿਰੜ ਤੇ ਸਿਦਕ ਦਿਲੀ ਦਾ ਸਬੂਤ ਹੈ। ਅਜੋਕੇ ਲੇਖਕਾਂ ਕੋਲ ਆਪਣੀਆਂ ਕਿਤਾਬਾਂ ਨੂੰ ਚੰਗੀ ਥਾਂ ਛਪਾਉਣ ਤੇ ਫਿਰ ਵਿਤਰਣ ਦਾ ਕੋਈ ਵਸੀਲਾ ਨਹੀਂ ਹੈ। ਪੱਲਿਓਂ ਪੈਸੇ ਦੇ ਕੇ ਅਤੇ ਆਪਣੀ ਭੱਜ ਨੱਸ ਨਾਲ ਚੰਗੀਆਂ ਬਾਲ ਪੁਸਤਕਾਂ ਨਹੀਂ ਛਪਵਾਈਆਂ ਜਾ ਸਕਦੀਆਂ। ਭਾਸ਼ਾ ਵਿਭਾਗ ਇਸ ਖੇਤਰ ਵਿਚ ਅਹਿਮ ਭੂਮਿਕਾ ਨਿਭਾਅ ਸਕਦਾ ਹੈ। ਅੱਜ ਕੱਲ੍ਹ ਡਾ. ਸੋਮਲ ਦੋ ਕਿਤਾਬਾਂ ਤਿਆਰ ਕਰ ਰਹੇ ਹਨ। ਇਕ ਨਿਬੰਧਾਂ ਦੀ ਪੁਸਤਕ ਹੈ। ਦੂਜੀ ਗਿਆਨੀ ਦਿੱਤ ਸਿੰਘ ਦੇ ਜਨਮ ਸਥਾਨ ਵਾਲੇ ਪਿੰਡ ਕਲੌੜ ਬਾਰੇ। ਇਸ ਵਿਚ ਇਕ ਪਿੰਡ ਵਿਚ ਜਿਹੜੀਆਂ ਅਨੇਕ ਭਾਂਤ ਦੀਆਂ ਤਬਦੀਲੀਆਂ ਆ ਰਹੀਆਂ ਹਨ ਉਨ੍ਹਾਂ ਨੂੰ ਕਿਤਾਬ ਵਿਚ ਸਾਂਭਣ ਦਾ ਯਤਨ ਕੀਤਾ ਗਿਆ ਹੈ। ਡਾ. ਕਰਨੈਲ ਸਿੰਘ ਸੋਮਲ ਦੀ ਜੀਵਨ ਕਹਾਣੀ ਬਾਰੇ ਪੂਰੀ ਦੀ ਪੂਰੀ ਪੁਸਤਕ ਲਿਖੀ ਜਾ ਸਕਦੀ ਹੈ। ਇਸ ਬਹੁਵਿਧਾਵੀ ਤੇ ਬਹੁਪਰਤੀ ਲੇਖਕ ਨੂੰ ਬਾਲ ਅਤੇ ਪ੍ਰੋੜ ਪਾਠਕਾਂ ਦਾ ਭਰਪੂਰ ਪਿਆਰ ਸਤਿਕਾਰ ਮਿਲ ਰਿਹਾ ਹੈ।
ਜੀਵਨ ਸਫ਼ਰ
ਉਨ੍ਹਾਂ ਆਪਣਾ ਜੀਵਨ ਸਫ਼ਰ ਇਕ ਅਧਿਆਪਕ ਤੋਂ ਸ਼ੁਰੂ ਕੀਤਾ ਤੇ ਬਾਅਦ ’ਚ ਪੰਜਾਬ ਸਕੂਲ ਸਿੱਖਿਆ ਬੋਰਡ ਵਿਚ ਇਕ ਵਿਸ਼ਾ ਮਾਹਿਰ ਵਜੋ ਸੇਵਾਵਾਂ ਨਿਭਾਉਂਦੇ ਰਹੇ। ਇੱਥੇ ਤਰੱਕੀਆਂ ਕਰਦੇ ਪੰਜਾਬੀ ਵਿਕਾਸ ਕੇਂਦਰ ਵਿਚ ਸਹਾਇਕ ਡਾਇਰੈਕਟਰ ਵਜੋਂ ਸੇਵਾ ਮੁਕਤ ਹੋਏ।
- ਬਲਜਿੰਦਰ ਮਾਨ