ਬਿਨ੍ਹਾਂ ਸ਼ੱਕ ਡਾ. ਸੋਹਲ ਕੋਲ ਸ਼ਬਦਾਂ ਦਾ ਅਥਾਹ ਭੰਡਾਰ ਹੈ ਜੋ ਸਮਾਜ ਦੇ ਵੱਖ-ਵੱਖ ਮੁੱਦਿਆਂ ਨੂੰ ਪਾਠਕਾਂ ਦੇ ਸਨਮੁੱਖ ਬੜੀ ਦਲੇਰੀ ਨਾਲ ਰੱਖਦੇ ਹਨ ਅਤੇ ਇਨ੍ਹਾਂ ਦਾ ਸਦੀਵੀ ਪ੍ਰਭਾਵ ਵੀ ਪੈਂਦਾ ਹੈ। ਕਾਵਿ-ਰਚਨਾ ‘ਅੱਜਕਲ੍ਹ ਦੀਆਂ ਕੁੜੀਆਂ’ ਵਿਚ ਅਗਾਂਹਵਧੂ ਕੁੜੀਆਂ ਦੀ ‘ਬੁਰੇ ਦੀ ਨੀਤ’ ਪਛਾਣ ਕੇ ‘ਤੂਫ਼ਾਨੀ ਨਦੀ ਦੇ ਸ਼ੂਕਦੇ’ ਵਹਿ ਜਾਣ ਦੇ ਕ੍ਰਾਂਤੀਕਾਰੀ ਕਦਮਾਂ ਦੀ ਗੱਲ ਕੀਤੀ ਹੈ।

ਪੁਸਤਕ : ਛਿਣ ਕੁ ਦਾ ਵਿੰਗ (ਕਾਵਿ-ਸੰਗ੍ਰਹਿ)
ਲੇਖਿਕਾ : ਡਾ. ਸਰਬਜੀਤ ਕੌਰ ਸੋਹਲ
ਪੰਨੇ : 107 ਮੁੱਲ : 295/-
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ।
ਸਾਹਿਤ ਜਗਤ ਵਿਚ ਡਾ. ਸਰਬਜੀਤ ਕੌਰ ਸੋਹਲ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ। ਉਨ੍ਹਾਂ ਵੱਖ-ਵੱਖ ਵਿਧਾਵਾਂ ਦੀਆਂ ਪੁਸਤਕਾਂ ਦੀ ਰਚਨਾ ਕੀਤੀ ਹੈ। ਜੇਕਰ ਗੱਲ ਕਰੀਏ ਕਾਵਿ-ਪੁਸਤਕ ‘ਛਿਣ ਕੁ ਦਾ ਵਿੰਗ’ ਦੀ ਤਾਂ ਇਸ ’ਚ ਡਾ. ਸੋਹਲ ਦੀਆਂ ਲਗਪਗ 63 ਕਾਵਿ-ਰਚਨਾਵਾਂ ਸ਼ਾਮਿਲ ਹਨ। ਬਿਨ੍ਹਾਂ ਸ਼ੱਕ ਡਾ. ਸੋਹਲ ਕੋਲ ਸ਼ਬਦਾਂ ਦਾ ਅਥਾਹ ਭੰਡਾਰ ਹੈ ਜੋ ਸਮਾਜ ਦੇ ਵੱਖ-ਵੱਖ ਮੁੱਦਿਆਂ ਨੂੰ ਪਾਠਕਾਂ ਦੇ ਸਨਮੁੱਖ ਬੜੀ ਦਲੇਰੀ ਨਾਲ ਰੱਖਦੇ ਹਨ ਅਤੇ ਇਨ੍ਹਾਂ ਦਾ ਸਦੀਵੀ ਪ੍ਰਭਾਵ ਵੀ ਪੈਂਦਾ ਹੈ। ਕਾਵਿ-ਰਚਨਾ ‘ਅੱਜਕਲ੍ਹ ਦੀਆਂ ਕੁੜੀਆਂ’ ਵਿਚ ਅਗਾਂਹਵਧੂ ਕੁੜੀਆਂ ਦੀ ‘ਬੁਰੇ ਦੀ ਨੀਤ’ ਪਛਾਣ ਕੇ ‘ਤੂਫ਼ਾਨੀ ਨਦੀ ਦੇ ਸ਼ੂਕਦੇ’ ਵਹਿ ਜਾਣ ਦੇ ਕ੍ਰਾਂਤੀਕਾਰੀ ਕਦਮਾਂ ਦੀ ਗੱਲ ਕੀਤੀ ਹੈ। ਕਵਿਤਾ ‘ਮੁਹੱਬਤ’ ’ਚ ਪਿਆਰ ਦਾ ਇਜ਼ਹਾਰ ਦਿਲ ਨੂੰ ਧੂਹ ਪਾਉਣ ਵਾਲਾ ਹੈ। ‘ਤੈਨੂੰ ਕਾਹਲ ਹੋਵੇਗੀ ਘਰ ਜਾਣ ਦੀ, ਤੇ ਮੈਨੂੰ.......ਅਤੇ ਤੂੰ ਸੱਚੇ ਜਜ਼ਬਿਆਂ ਦੀ ਮੁੰਤਜ਼ਰ ਮੇਰੇ ਜਿਸਮ ਦਾ ਤਲਬਗਾਰ।’ ਤੇ ਫਿਰ ਇਕ ਹੋਰ ਕਵਿਤਾ ਦਾ ਵੇਖੋ ਰੰਗ-‘ਆ ਜਾ ਅੜਿਆ ਗੱਲ ਕਰਨੇ ਆਂ...ਝਗੜਿਆਂ ਨੂੰ ਮੁਲਤਵੀ ਕਰਨੇ ਆਂ।’ ਅਤੇ ਫਿਰ ਹਿਨੋਰੇ ਦਿੱਤੇ ਜਾਂਦੇ ਹਨ ਜਿਵੇਂ, ‘ਅੜਿਆ ਤੂੰ ਵੀ ਹੱਦ ਕਰਨਾ ਏਂ, ਹਰ ਸਰਹੱਦ ਨੂੰ ਰੱਦ ਕਰਨਾ ਏਂ।’ ‘ਸਾਹਾਂ ਵਿਚ ਚੇਤਰ ਪਿਆ ਮਹਿਕੇ ਮੇਘਲਾ ਬਣ ਜਦੋਂ ਤੂੰ ਵਰ੍ਹਨਾ ਏਂ।’ ‘ਛਿਣ ਕੁ ਦਾ ਵਿੰਗ’ ਕਵਿਤਾ ਵਿਚ ਜ਼ਿੰਦਗੀ ਦੇ ਰੰਗ ਦਾ ਵਰਣਨ ਇਦਾਂ ਕੀਤਾ ਹੈ-
‘ਜ਼ਿੰਦਗੀ ਤੇਜ਼ ਹਵਾਵਾਂ ’ਚ ਜਗ ਰਹੇ ਦੀਵੇ ਦੀ ਲਾਟ
ਕੰਬਦੀ ਬੁਝੂ ਬੁਝੂ ਕਰਦੀ ਛਿਣ ਕੁ ਦਾ ਵਿੰਗ
ਕੰਬਣੀ ਸਥਾਵਰ ਨਹੀਂ ਰਹਿਣੀ...’
ਡਾ. ਸੋਹਲ ਦੀ ਕਵਿਤਾ ਪਾਠਕ ਨਾਲ ਦਿਲ ਤੋਂ ਜੁੜਨ ਦਾ ਗੁਣ ਰੱਖਦੀ ਹੈ। ਸਮਾਜ ਦੀ ਬਿਮਾਰ ਰਗ਼ ਨੂੰ ਫੜਨਾ ਤੇ ਰਾਹਤ ਲਈ ਕੋਈ ਰਾਹ ਢੂੰਡਣਾ, ਉਨ੍ਹਾਂ ਦੀ ਕਵਿਤਾ ਵਿਚੋਂ ਲੱਭਦਾ ਹੈ। ਡਾ. ਸੋਹਲ ਜਿਥੇ ਜ਼ਿੰਦਗੀ ਵਿਚ ਮੁਹੱਬਤ ਦੀਆਂ ਬਾਤਾਂ ਪਾਉਂਦੇ ਹਨ ਉਥੇ ਜੀਵਨ ਦੀਆਂ ਤਲਖ ਹਕੀਕਤਾਂ ਨੂੰ ਬੜੀ ਬੇਬਾਕੀ ਅਤੇ ਦਲੇਰੀ ਨਾਲ ਬਿਆਨ ਕਰਦੇ ਹਨ। ਉਨ੍ਹਾਂ ਕੋਲ ਸ਼ਬਦਾਂ ਦਾ ਅਮੁੱਕ ਭੰਡਾਰ ਹੈ ਜਿਸ ਦੀ ਬਦਲੌਤ ਸਮਾਜਿਕ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਾਹਮਣੇ ਲਿਆਉਂਦੇ ਹਨ। ਪੁਸਤਕ ਦੀ ਛਪਾਈ ਜਿਥੇ ਸੁੰਦਰਤਾ ਭਰਪੂਰ ਹੈ ਅਤੇ ਟਾਈਟਲ ਵੀ ਦਿਲ-ਟੁੰਬਵੇਂ ਹੈ। ਜ਼ਿੰਦਗੀ ਦਰਸ਼ਨ ਨੂੰ ਵਾਚਣ ਤੇ ਮਾਨਣ ਲਈ ਪੁਸਤਕ ਦੀਆਂ ਸਾਰੀਆਂ ਕਵਿਤਾਵਾਂ ਪੜ੍ਹਨਯੋਗ ਹਨ।
- ਜਸਵਿੰਦਰ ਸਿੰਘ ਬਹੋੜੂ