ਮਹਾਨ ਸ਼ਖ਼ਸੀਅਤ ਡਾ. ਸਰੂਪ ਸਿੰਘ ਅਲੱਗ ਦਾ ਨਾਂ, ਸਮੁੱਚੀ ਮਾਨਵਤਾ ਦੀ ਨਿਸ਼ਕਾਮ ਸੇਵਾ, ਮਾਨਵਵਾਦੀ ਸਾਹਿਤ ਰਚਨਾ, ਆਪਣੀਆਂ ਸਾਰੀਆਂ ਰਚਨਾਵਾਂ ਨੂੰ ਸੰਗਤਾਂ ਦੇ ਸਹਿਯੋਗ ਨਾਲ ਛਪਵਾ ਕੇ ਵਿਸ਼ਵ ਭਰ ਵਿਚ ਸ਼ਬਦ ਦੇ ਲੰਗਰ ਲਗਾ ਕੇ ਬਿਲਕੁਲ ਮੁਫ਼ਤ ਵੰਡਣ ਕਰਕੇ, ਗੁਰੂ ਸਾਹਿਬਾਨ ਦੇ ਪਾਕ ਪਵਿੱਤਰ ਸੁਨੇਹੇ ਨੂੰ ਪੂਰੀ ਮਾਨਵਤਾ ਤਕ ਪਹੁੰਚਾਉਣ ਲਈ ਨਿਵੇਕਲੇ ਕਾਰਜ ਕਰਨ ਕਰਕੇ ਅਤੇ ਪੰਜਾਬੀ ਭਾਸ਼ਾ ਨੂੰ ਉਸਦਾ ਮਾਣ ਸਨਮਾਨ ਦਿਵਾਉਣ ਲਈ ਵਿਸ਼ੇਸ਼ ਯਤਨ ਕਰਕੇ, ਪੂਰੇ ਵਿਸ਼ਵ ਵਿਚ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਜਨਮ ਪਿਤਾ ਲੋਚਨ ਸਿੰਘ ਅਤੇ ਮਾਤਾ ਇੰਦਰ ਕੌਰ ਦੇ ਘਰ ਪਹਿਲੀ ਜਨਵਰੀ ਉੱਨੀ ਸੌ ਛੱਤੀ ਨੂੰ ਹੋਇਆ। ਉਨ੍ਹਾਂ ਨੇ ਪੰਜਾਬੀ, ਹਿਸਟਰੀ, ਉਰਦੂ ਅਤੇ ਇਕਨਾਮਿਕਸ ਵਿਚ ਐੱਮ. ਏ. ਦੀ ਡਿਗਰੀ ਪ੍ਰਾਪਤ ਕੀਤੀ ਅਤੇ ਉਪਰੰਤ ਪੀ. ਐੱਚ.ਡੀ, ਡੀ. ਲਿੱਟ, ਯੂ. ਐੱਸ. ਏ. ਕੀਤੀ। ਇਸ ਤੋਂ ਬਿਨਾਂ ਵਿਸ਼ਵ ਦੀਆਂ ਹੋਰ ਭਾਸ਼ਾਵਾਂ ਵਿਚ ਵੀ ਗਿਆਨ ਹਾਸਲ ਕੀਤਾ। ਉਹ ਭਾਸ਼ਾ ਵਿਭਾਗ ਪੰਜਾਬ ਅਤੇ ਪੰਜਾਬ ਰਾਜ ਬਿਜਲੀ ਬੋਰਡ ਵਿਚ ਉੱਚ ਅਹੁਦਿਆਂ 'ਤੇ ਬਿਰਾਜਮਾਨ ਰਹੇ ਅਤੇ ਇਸ ਸਮੇਂ ਦੌਰਾਨ ਉਨ੍ਹਾਂ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਸ਼ਲਾਘਾਯੋਗ ਉੱਦਮ ਕੀਤੇ। ਉਨ੍ਹਾਂ ਦੀਆਂ ਸਾਰੀਆਂ ਲਿਖਤਾਂ ਦਾ ਮਨੋਰਥ ਮਾਨਵਤਾ ਵਿਚ ਪਿਆਰ ਦਾ ਪਸਾਰਾ ਕਰਨਾ, ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦਾ ਵਿਕਾਸ ਕਰਨਾ ਅਤੇ ਵਿੱਦਿਆ ਦਾ ਚਾਨਣ ਫੈਲਾ ਕੇ ਨੇਕ ਕਦਰਾਂ ਕੀਮਤਾਂ ਦਾ ਨਵੇਂ ਸਿਰਿਓਂ ਉਭਾਰ ਕਰਨਾ ਹੈ। ਪੇਸ਼ ਹਨ ਲੁਧਿਆਣਾ ਰਹਿੰਦੇ ਡਾ. ਅਲੱਗ ਨਾਲ ਹੋਈ ਮੁਲਾਕਾਤ ਦੇ ਕੁਝ ਅੰਸ਼ :

ਡਾ. ਸਾਹਿਬ, ਪੰਜਾਬ ਸਰਕਾਰ ਦੀ ਨੌਕਰੀ ਦੌਰਾਨ, ਪੰਜਾਬੀ ਭਾਸ਼ਾ ਦੇ ਵਿਕਾਸ ਲਈ ਤੁਹਾਡੇ ਵੱਲੋਂ ਕੀਤੇ ਯਤਨਾਂ 'ਤੇ ਚਾਨਣਾ ਪਾਓ?

ਮੈਂ ਲਗਪਗ ਦਸ ਸਾਲ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਪਟਿਆਲਾ ਵਿਖੇ ਖੋਜ ਸਹਾਇਕ, ਜ਼ਿਲ੍ਹਾ ਭਾਸ਼ਾ ਅਫਸਰ ਵਜੋਂ ਸੇਵਾ ਨਿਭਾਈ ਹੈ। ਭਾਸ਼ਾ ਵਿਭਾਗ ਵਿਚ ਕੰਮ ਕਰਦਿਆਂ ਮੈਂ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਤਨੋਂ- ਮਨੋਂ ਕੰਮ ਕੀਤਾ। ਪੰਜਾਬੀ ਦੇ ਵਿਕਾਸ ਲਈ ਮੇਰੇ ਉੱਦਮਾਂ ਨੂੰ ਵੇਖਦਿਆਂ, ਪੰਜਾਬ ਸਰਕਾਰ ਦੀ ਸਹਿਮਤੀ ਨਾਲ ਪੰਜਾਬ ਰਾਜ ਬਿਜਲੀ ਬੋਰਡ ਜਿਹੇ ਤਕਨੀਕੀ ਅਤੇ ਵਪਾਰਕ ਅਦਾਰੇ ਵਿਚ ਪੰਜਾਬੀ ਨੂੰ ਪ੍ਰਚਲਿਤ ਕਰਨ ਲਈ ਮੇਰੀਆਂ ਸੇਵਾਵਾਂ ਲਈਆਂ ਗਈਆਂ। ਇਸ ਅਦਾਰੇ ਵਿਚ ਮੈਂ 25 ਸਾਲ ਪ੍ਰਮੁੱਖ ਅਧਿਕਾਰੀ ਵਜੋਂ ਸੇਵਾ ਨਿਭਾਈ। ਮੇਰੀ ਕੋਸ਼ਿਸ਼ ਸਦਕਾ ਬਿਜਲੀ ਬੋਰਡ ਵਰਗੇ ਤਕਨੀਕੀ ਅਦਾਰੇ ਵਿਚ ਸੌ ਫ਼ੀਸਦੀ ਕੰਮ ਪੰਜਾਬੀ ਵਿਚ ਹੋਣ ਲੱਗਿਆ ਜਿਸ ਵਿਚ ਕੰਪਿਊਟਰ ਕਾਰਜ ਅਤੇ ਪੰਜਾਬੀ ਵਿਚ ਬਿਜਲੀ ਦੀਆਂ ਟਾਈਪ ਮਸ਼ੀਨਾਂ ਦਾ ਨਿਰਮਾਣ ਅਤੇ ਵਿਕਾਸ ਸ਼ਾਮਲ ਹੈ। ਇਹ ਇਕ ਅਹਿਮ ਪ੍ਰਾਪਤੀ ਸੀ। ਬਿਜਲੀ ਬੋਰਡ ਦੇ ਹਰ ਤਰ੍ਹਾਂ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਮੈਂ ਸ਼ਬਦਾਵਲੀ ਅਤੇ ਪਦਾਵਲੀ ਦੀਆਂ 4 ਪੁਸਤਕਾਂ ਛਪਵਾ ਕੇ ਮੁਫ਼ਤ ਵੰਡੀਆਂ। ਮੇਰੀਆਂ ਲਿਖੀਆਂ ਪੁਸਤਕਾਂ ਵਿੱਚੋਂ 'ਪੰਜਾਬੀ ਪ੍ਰਯੋਗ' ਅਤੇ 'ਪੰਜਾਬੀ ਬੋਧ' ਬੋਰਡ ਵਲੋਂ ਜ਼ਰੂਰੀ ਐਲਾਨੀਆਂ ਗਈਆਂ ਜਿਨ੍ਹਾਂ ਨੂੰ ਪੜ੍ਹ ਕੇ ਅਨੇਕਾਂ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਲਾਭ ਉਠਾਇਆ।

ਹੁਣ ਕਿਹੜੇ ਕਾਰਜ ਖੇਤਰਾਂ ਵਿਚ ਸਰਗਰਮ ਹੋ?

ਮੈਂ ਜੋ ਵੀ ਕਾਰਜ ਕਰਦਾ ਹਾਂ, ਉਸ ਦਾ ਮੂਲ ਆਧਾਰ 'ਸਰਬੱਤ ਦਾ ਭਲਾ' ਹੈ। ਉੱਚ ਪਾਏ ਦਾ ਗੁਰਮਤਿ ਅਧਾਰਿਤ, ਆਤਮਾ ਨੂੰ ਉਭਾਰਨ ਵਾਲਾ ਅਤੇ ਆਚਰਣ ਨੂੰ ਉੱਚਾ ਚੁੱਕਣ ਵਾਲਾ ਖੋਜ ਭਰਪੂਰ ਸਾਹਿਤ ਰਚਣਾ, ਖੋਜ ਭਰਪੂਰ ਲੇਖ ਲਿਖਣੇ ਅਤੇ ਆਪਣੀਆਂ ਸਾਰੀਆਂ ਲਿਖਤਾਂ ਨੂੰ ਸੰਗਤ ਦੇ ਸਹਿਯੋਗ ਨਾਲ ਛਪਵਾ ਕੇ ਵਿਸ਼ਵ ਭਰ ਵਿਚ ਸ਼ਬਦ ਦੇ ਲੰਗਰ ਲਗਾ ਕੇ ਬਿਲਕੁਲ ਮੁਫ਼ਤ ਵੰਡਣਾ ਮੇਰੇ ਮੁੱਖ ਕਾਰਜ ਖੇਤਰ ਹਨ।

ਸਾਹਿਤ ਦੇ ਖੇਤਰ ਵਿਚ ਤੁਹਾਡੀਆਂ ਪ੍ਰਾਪਤੀਆਂ?

ਮੈਂ ਹੁਣ ਤਕ ਲਗਪਗ 105 ਪੁਸਤਕਾਂ ਦੀ ਰਚਨਾ ਕਰ ਚੁੱਕਾ ਹਾਂ। ਇਹ ਸਾਰੀਆਂ ਪੁਸਤਕਾਂ ਦਾ ਵਿਸ਼ਾ ਸਮਾਜ ਸੁਧਾਰ, ਮਾਨਵਤਾ ਵਿਚ ਪਿਆਰ ਤੇ ਸਦਭਾਵਨਾ ਅਤੇ ਸਮਾਜਿਕ ਕੁਰੀਤੀਆਂ ਦੇ ਖ਼ਿਲਾਫ਼ ਜਾਗ੍ਰਿਤੀ ਹੈ। ਉਕਤ ਕਿਤਾਬਾਂ ਪੰਜਾਬੀ, ਹਿੰਦੀ, ਅੰਗਰੇਜ਼ੀ, ਬੰਗਾਲੀ, ਗੁਜਰਾਤੀ ਅਤੇ ਇਟੈਲੀਅਨ ਭਾਸ਼ਾਵਾਂ ਵਿਚ ਉਪਲੱਬਧ ਹਨ ਅਤੇ ਇਨ੍ਹਾਂ ਦੀ ਹਰ ਪਾਸੇ ਭਾਰੀ ਮੰਗ ਹੈ ਕਿਉਂਕਿ ਇਹ ਪੁਸਤਕਾਂ ਚੜ੍ਹਦੀ ਕਲਾ ਦੀਆਂ ਪ੍ਰਤੀਕ ਹਨ ਅਤੇ ਖੋਜ 'ਤੇ ਅਧਾਰਿਤ ਹਨ। ਲੋਕ ਇਨ੍ਹਾਂ ਨੂੰ ਇਸ ਲਈ ਵੀ ਪਸੰਦ ਕਰਦੇ ਹਨ ਕਿਉਂਕਿ ਇਹ ਸਰਲ ਭਾਸ਼ਾ ਵਿਚ ਬੜੇ ਰੋਚਕ ਢੰਗ ਨਾਲ ਲਿਖੀਆਂ ਗਈਆਂ ਹਨ ਅਤੇ ਹਰ ਪ੍ਰਕਾਰ ਦੇ ਵਿਵਾਦ ਤੋਂ ਰਹਿਤ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਸ਼ਤਾਬਦੀ ਮੌਕੇ ਵਿਸ਼ੇਸ਼ ਉਪਰਾਲੇ ਵਜੋਂ ਅਸੀਂ ਤਿੰਨ ਕਿਤਾਬਾਂ, 'ਧਨੁ ਨਾਨਕ ਤੇਰੀ ਵੱਡੀ ਕਮਾਈ' ਅਤੇ ਸਤਿਗੁਰ ਨਾਨਕ ਪ੍ਰਗਟਿਆ' ਪੰਜਾਬੀ ਵਿਚ ਅਤੇ 7uru Nanak, “he Master 4ivine. ਅੰਗਰੇਜ਼ੀ ਵਿਚ ਛਾਪ ਕੇ ਸਾਂਝੇ ਤੌਰ 'ਤੇ ਇਕ ਲੱਖ ਕਾਪੀ ਵੰਡਣ ਦਾ ਟੀਚਾ ਹੈ ਜਿਸ ਵਿੱਚੋਂ 80 ਹਜ਼ਾਰ ਕਾਪੀਆਂ ਸ਼ਬਦ ਦੇ ਲੰਗਰ ਲਗਾ ਕੇ ਵੰਡੀਆਂ ਜਾ ਚੁੱਕੀਆਂ ਹਨ ਅਤੇ ਬਾਕੀ ਰਹਿੰਦੀਆਂ ਵੀ 2019 ਦੇ ਵਿਚ- ਵਿਚ ਵੰਡਣ ਲਈ ਪੂਰੇ ਜੋਸ਼ ਨਾਲ ਕੰਮ ਕੀਤਾ ਜਾ ਰਿਹਾ ਹੈ।

ਪੰਜਾਬੀ ਵਿਰਸੇ ਦੀ ਸੰਭਾਲ ਬਾਰੇ ਕੀ ਯਤਨ ਕਰ ਰਹੇ ਹੋ?

ਹੋਰ ਕਾਰਜਾਂ ਦੇ ਨਾਲ-ਨਾਲ ਮੇਰੀ ਨਿੱਜੀ ਨਿਗਰਾਨੀ ਹੇਠ ਪਿਛਲੇ 25 ਸਾਲਾਂ ਤੋਂ 'ਊੜਾ ਸੰਭਾਲੋ, ਜੂੜਾ ਸੰਭਾਲੋ' ਨਾਂ ਦੀ ਲਹਿਰ ਚਲਾਈ ਗਈ ਹੋਈ ਹੈ ਤਾਂ ਕਿ ਮਾਪਿਆਂ ਨੂੰ ਇਹ ਸੋਝੀ ਅਤੇ ਉਤਸ਼ਾਹ ਆ ਸਕੇ ਕਿ ਬੱਚਿਆਂ ਨੂੰ ਪੰਜਾਬੀ ਪੜ੍ਹਾਉਣਾ ਅਤੇ ਸਾਡੇ ਅਮੀਰ ਵਿਰਸੇ ਨਾਲ ਜੋੜਨਾ ਕਿੰਨਾ ਜ਼ਰੂਰੀ ਹੈ। ਜੇ ਅਸੀਂ ਊੜਾ ਸੰਭਾਲ ਲਵਾਂਗੇ ਤਾਂ ਪੰਜਾਬੀ, ਪੰਜਾਬੀਅਤ, ਪੰਜਾਬੀ ਰਹੁ ਰੀਤੀ ਨਾਲ ਆਪਣੇ ਬੱਚਿਆਂ ਨੂੰ ਜੋੜੀ ਰੱਖ ਸਕਾਂਗੇ। ਇਸੇ ਤਰ੍ਹਾਂ ਜੇ ਅਸੀਂ ਜੂੜੇ ਦੀ ਸੰਭਾਲ ਕਰ ਸਕਾਂਗੇ ਤਾਂ ਅਸੀਂ ਕੇਸਾਂ ਦੇ ਪਤਿਤਪੁਣੇ ਤੋਂ ਬਚ ਜਾਵਾਂਗੇ ਅਤੇ ਆਪਣੇ ਸਨਮਾਨਜਨਕ ਧਾਰਮਿਕ ਵਿਰਸੇ ਅਤੇ ਦਸਤਾਰ ਦੇ ਸਵਾਮੀ ਬਣੇ ਰਹਿ ਸਕਾਂਗੇ। ਇਨ੍ਹਾਂ ਕਾਰਜਾਂ ਵਿਚ ਭਾਸ਼ਾਈ ਖੇਤਰ ਲਈ 50 ਸਾਲ ਪਹਿਲਾਂ ਲਿਖੀ ਮੇਰੀ ਵਿਸ਼ੇਸ਼ ਪੁਸਤਕ 'ਪੰਜਾਬੀ ਦੀਆਂ ਭਾਸ਼ਾਈ ਖ਼ੂਬੀਆਂ' ਵੀ ਸ਼ਾਮਲ ਹੈ ਜੋ ਸਾਹਿਤਕ ਖੇਤਰ ਵਿਚ ਬਹੁਤ ਪ੍ਰਸਿੱਧ ਹੋਈ।

ਹੁਣ ਤਕ ਇਕ ਖੋਜਕਾਰ ਵਜੋਂ ਕਿਹੜੇ-ਕਿਹੜੇ ਵਿਸ਼ਿਆਂ ਨੂੰ ਖੋਜੀ ਅੱਖ ਨਾਲ ਵੇਖਿਆ?

ਇਕ ਖੋਜਕਾਰ ਵਜੋਂ, ਤੁਲਨਾਤਮਿਕ ਧਾਰਮਿਕ ਖੋਜ, ਸਿੱਖ ਅਧਿਐਨ, ਕੌਮੀ ਸਾਂਝੀਵਾਲਤਾ, ਭਾਵਨਾਤਮਿਕ ਸਾਂਝ, ਸਮਾਜਿਕ ਉਥਾਨ, ਨਸ਼ਿਆਂ ਅਤੇ ਮਾਦਾ ਭਰੂਣ ਹੱਤਿਆ ਬਾਰੇ ਖੋਜਾਂ ਅਤੇ ਵਿਚਾਰਾਂ ਅਤੇ ਇਨ੍ਹਾਂ ਦੀ ਰੋਕਥਾਮ ਲਈ ਉਪਰਾਲੇ, ਸਮਾਜਿਕ ਬੁਰਾਈਆਂ ਬਾਰੇ ਵਿਸ਼ਵ ਭਰ ਵਿਚ ਜਾ ਕੇ ਜਾਗਰੂਕਤਾ ਪੈਦਾ ਕਰਨਾ ਅਤੇ ਤਣਾਓ ਰਹਿਤ ਜੀਵਨ ਜਿਉੂਣ ਲਈ ਗੁਰਬਾਣੀ ਆਧਾਰਿਤ ਲਿਖਤਾਂ ਅਤੇ ਸਪੀਚਾਂ ਦੁਆਰਾ ਉਪਰਾਲੇ ਆਦਿ ਵਿਸ਼ਿਆਂ ਨਾਲ ਡੂੰਘਾਈ ਨਾਲ ਵਿਚਰਿਆ ਹਾਂ।

ਆਪਣੀ ਮਾਨਵਵਾਦੀ ਸੋਚ ਨੂੰ ਆਮ ਲੋਕਾਂ ਤਕ ਕਿਵੇਂ ਪਹੁੰਚਾਉਂਦੇ ਹੋ?

1993 'ਚ ਪੰਜਾਬ ਸਰਕਾਰ ਤੋਂ ਉੱਚ ਪਦਵੀ ਤੋਂ ਸੇਵਾ ਮੁਕਤ ਹੋਣ ਉਪਰੰਤ ਪੂਰੀ ਤੇਜ਼ੀ, ਤਨਦੇਹੀ ਅਤੇ ਨਿਸ਼ਕਾਮਤਾ ਨਾਲ ਕੌਮੀ ਅਤੇ ਸਮਾਜਿਕ ਸਮੱਸਿਆਵਾਂ ਬਾਰੇ, ਮਾਨਵੀ ਬਰਾਬਰੀ ਬਾਰੇ ਅਤੇ ਵਿਸ਼ੇਸ਼ ਕਰ ਕੇ ਧਰਮਾਂ ਦੀਆਂ ਚੰਗਿਆਈਆਂ ਨੂੰ ਆਧਾਰ ਬਣਾ ਕੇ ਜੀਵਨ ਜਿਊਣ ਬਾਰੇ ਪੁਸਤਕਾਂ ਲਿਖ ਕੇ ਅਤੇ ਫਿਰ ਛਪਵਾ ਕੇ ਮੁਫ਼ਤ ਵੰਡਣ ਦਾ ਕਾਰਜ ਆਰੰਭਿਆ ਹੋਇਆ ਹੈ। ਇਹ ਕਾਰਜ 'ਸ਼ਬਦ ਯੱਗ ਇੰਟਰਨੈਸ਼ਨਲ ਚੈਰੀਟੇਬਲ ਟਰਸਟ ਰਜਿ., ਲੁਧਿਆਣਾ ਦੁਆਰਾ ਕੀਤਾ ਜਾ ਰਿਹਾ ਹੈ ਜਿਸ ਦਾ ਦਾਸ ਬਾਨੀ ਚੇਅਰਮੈਨ ਹੈ। ਇਹ ਟਰਸਟ ਹੋਰ ਵੀ ਬਹੁਤ ਸਾਰੇ ਬਹੁਉਪਕਾਰੀ ਮਾਨਵਹਿਤਕਾਰੀ ਕਾਰਜ ਕਰ ਰਿਹਾ ਹੈ।

ਮਾਨਵ ਭਲਾਈ ਨਾਲ ਜੁੜੀਆਂ ਆਪਣੀਆਂ ਪੁਸਤਕਾਂ ਨੂੰ ਵਿਸ਼ਵ ਭਰ ਵਿਚ ਲੋਕਾਂ ਤਕ ਪਹੁੰਚਾਉਣ ਲਈ ਮੈਂ ਇਸ ਉਮਰ ਵਿਚ ਵੀ ਖ਼ੁਦ ਲੋਕਾਂ ਤਕ ਪਹੁੰਚ ਕਰਦਾ ਹਾਂ ਅਤੇ ਸੰਸਾਰ ਦੇ ਲੋਕਾਂ ਵਿਚ ਗੁਰੂ ਨਾਨਕ ਸਾਹਿਬ ਦੇ ਪਿਆਰ ਅਤੇ ਸਰਬੱਤ ਦੇ ਭਲੇ ਦੇ ਮਿਸ਼ਨ ਦਾ ਹੋਕਾ ਦਿੰਦਾ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਮਾਨਵਤਾ ਨੂੰ ਦੇਣ ਸਬੰਧੀ ਵਿਸ਼ੇਸ਼ ਤੌਰ 'ਤੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਦਾ ਹਾਂ। ਸੰਗਤ ਦੇ ਸਹਿਯੋਗ ਨਾਲ, ਟੀ.ਵੀ., ਰੇਡੀਓ, ਅਖ਼ਬਾਰਾਂ, ਸੈਮੀਨਾਰਾਂ ਅਤੇ ਕਾਨਫਰੰਸਾਂ ਰਾਹੀਂ ਵਿਸ਼ਵ ਦੇ ਕੋਨੇ-ਕੋਨੇ ਵਿਚ ਸਦਾਚਾਰਕਤਾ, ਮਿਲਣਸਾਰਤਾ, ਬਰਾਬਰੀ ਅਤੇ ਸੁੱਖ-ਸ਼ਾਂਤੀ ਦਾ ਗੁਰਮਤਿ ਅਧਾਰਿਤ ਸੰਦੇਸ਼ ਪਹੁੰਚਾਉਣ ਦਾ ਯਤਨ ਕਰਦਾ ਹਾਂ। ਇਸ ਸਬੰਧ ਵਿਚ ਮੈਨੂੰ ਸਾਲ ਦੌਰਾਨ ਵਿਦੇਸ਼ਾਂ ਵਿਚ ਵੀ ਅੰਦਾਜ਼ਨ ਦੋ ਤਿੰਨ ਦੌਰੇ ਕਰਨੇ ਪੈਂਦੇ ਹਨ। ਲੋਕਾਂ ਵੱਲੋਂ ਸਾਡੇ ਇਸ ਯਤਨ ਨੂੰ ਬਹੁਤ ਸਰਾਹਿਆ ਗਿਆ ਹੈ। ਵਿਸ਼ਵ ਦੀਆਂ ਲਗਪਗ 75 ਧਾਰਮਿਕ, ਸਮਾਜਿਕ, ਭਾਸ਼ਾਈ ਅਤੇ ਭਾਈਚਾਰਕ ਸੰਸਥਾਵਾਂ ਨੇ ਸਾਡੇ ਉੱਦਮ ਨੂੰ ਹੱਲਾਸ਼ੇਰੀ ਦਿੱਤੀ ਹੈ। ਨਿਸ਼ਕਾਮ ਸੇਵਾ ਦਾ ਇਹ ਸਿਲਸਿਲਾ ਪੂਰੇ ਜੋਸ਼ੋ ਖਰੋਸ਼ ਨਾਲ ਚੱਲ ਰਿਹਾ ਹੈ ਅਤੇ ਪ੍ਰਤੀ ਦਿਨ ਹੋਰ ਵਿਕਸਤ ਅਤੇ ਸ਼ਕਤੀਸ਼ਾਲੀ ਹੋ ਰਿਹਾ ਹੈ।

ਮੈਂ ਸੁਣਿਆ ਹੈ, ਤੁਹਾਡੀ ਲਿਖੀ ਹੋਈ ਇਕ ਕਿਤਾਬ ਨੂੰ ਛਪਣ ਗਿਣਤੀ ਦੇ ਆਧਾਰ 'ਤੇ ਲਿਮਕਾ ਬੁੱਕ ਆਫ ਰਿਕਾਰਡਜ਼ ਵਿਚ ਸਥਾਨ ਮਿਲਿਆ ਹੈ?

ਇਹ ਬੜੇ ਮਾਣ ਦੀ ਗੱਲ ਹੈ ਕਿ ਲਿਮਕਾ ਬੁੱਕ ਆਫ ਰਿਕਾਰਡਜ਼ ਦੇ 2016 ਦੇ ਅੰਕ ਵਿਚ ਮੇਰੀ ਵਿਸ਼ਵ ਪ੍ਰਸਿੱਧ ਪੰਜਾਬੀ ਪੁਸਤਕ 'ਹਰਿਮੰਦਰ ਦਰਸ਼ਨ' ਨੂੰ ਰਿਕਾਰਡ ਵਜੋਂ ਦਰਜ ਕੀਤਾ ਗਿਆ ਹੈ ਅਤੇ ਲਿਖਿਆ ਗਿਆ ਹੈ ਕਿ ਇਸ ਕਿਤਾਬ ਦੇ ਫਰਵਰੀ 2015 ਤਕ 148 ਡੀਲਕਸ ਐਡੀਸ਼ਨ ਛਾਪੇ ਗਏ ਹਨ। ਪੰਜਾਬੀ ਦੀ ਇੱਕੋ ਇਕ ਪੁਸਤਕ ਹੈ ਜਿਸਨੇ ਇਹ ਰੁਤਬਾ ਹਾਸਲ ਕੀਤਾ ਹੈ। ਵੈਸੇ ਹੁਣ ਤਕ ਇਸ ਦੇ ਐਡੀਸ਼ਨਾਂ ਦੀ ਗਿਣਤੀ 213 ਹੋ ਗਈ ਹੈ। ਇਹ ਕਿਤਾਬ ਇੰਨੀ ਪਾਪੂਲਰ ਹੋਈ ਹੈ ਕਿ ਇਸ ਦੇ ਪੰਜਾਬੀ ਦੇ ਨਾਲ-ਨਾਲ ਅੰਗਰੇਜ਼ੀ ਭਾਸ਼ਾ ਵਿਚ ਵੀ ਹੁਣ ਤਕ 49 ਐਡੀਸ਼ਨ ਛਾਪ ਕੇ ਵੰਡੇ ਗਏ ਹਨ। ਪੰਜਾਬੀ ਭਾਸ਼ਾ, ਪੰਜਾਬੀ ਸੱਭਿਆਚਾਰ ਅਤੇ ਵਿਸ਼ੇਸ਼ ਕਰ ਕੇ ਹਰਿਮੰਦਰ ਸਾਹਿਬ ਦੀ ਸ਼ਾਨ, ਵਿਸ਼ਵ ਪੱਧਰ 'ਤੇ ਉਜਾਗਰ ਕਰਨ ਲਈ ਇਹ ਪੁਸਤਕ ਬਹੁਤ ਸਹਾਈ ਹੋ ਰਹੀ ਹੈ।

ਪੰਜਾਬੀ ਪ੍ਰੇਮੀ ਅਤੇ ਹਰਿਮੰਦਰ ਸਾਹਿਬ ਦੇ ਪ੍ਰੇਮੀ ਇਸ ਪ੍ਰਾਪਤੀ ਉੱਪਰ ਮਾਣ ਕਰ ਸਕਦੇ ਹਨ। ਇਹ ਪੁਸਤਕ ਇੰਡੀਆ ਬੁੱਕ ਰਿਕਾਰਡ, ਵਰਲਡ ਇੰਡੀਆ ਰਿਕਾਰਡ, ਗਲੋਬਲ ਇੰਡੀਆ ਰਿਕਾਰਡ, ਏਸ਼ੀਆ ਰਿਕਾਰਡਜ਼ ਵਿਚ ਵੀ ਦਰਜ ਹੋ ਚੁੱਕੀ ਹੈ।

ਤੁਸੀਂ ਵਿਸ਼ਵ ਪੱਧਰੀ ਕੰਮ ਕਰ ਰਹੇ ਹੋ। ਕੀ ਤੁਹਾਡੇ ਦੁਆਰਾ ਰਚਿਆ ਸਾਹਿਤ ਵਿਦੇਸ਼ੀ ਲਾਇਬ੍ਰੇਰੀਆਂ ਤਕ ਪਹੁੰਚਦਾ ਹੈ?

ਅਸੀਂ ਵਿਸ਼ਵ ਭਰ ਦੀਆਂ ਲਾਇਬ੍ਰੇਰੀਆਂ ਵਿਚ ਪੁਸਤਕਾਂ ਰਖਵਾਉਣ ਦੀ ਮੁਹਿੰਮ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕੀਤੀ ਹੈ ਤਾਂ ਜੋ ਵਿਦੇਸ਼ਾਂ ਵਿਚ ਰਹਿ ਰਹੇ ਪੰਜਾਬੀਆਂ ਦੀ ਪਹੁੰਚ ਵੀ ਇਨ੍ਹਾਂ ਪੁਸਤਕਾਂ ਤਕ ਹੋ ਸਕੇ। ਨਿਊਯਾਰਕ ਦੀਆਂ 63 ਨੈਸ਼ਨਲ ਲਾਇਬ੍ਰੇਰੀਆਂ ਵਿਚ ਸਰਬੱਤ ਦੇ ਭਲੇ ਦੇ ਮਿਸ਼ਨ ਵਾਲੀਆਂ ਇਹ ਪੁਸਤਕਾਂ ਅਸੀਂ ਆਪ ਰਖਵਾ ਕੇ ਆਏ ਹਾਂ। ਇਹੀ ਸਿਲਸਿਲਾ ਭਾਰਤ, ਕੈਨੇਡਾ, ਆਸਟਰੇਲੀਆ, ਸਿੰਘਾਪੁਰ, ਥਾਈਲੈਂਡ, ਮਲੇਸ਼ੀਆ, ਪਾਕਿਸਤਾਨ ਆਦਿ ਦੇਸ਼ਾਂ ਦੀਆਂ ਲਾਇਬ੍ਰੇਰੀਆਂ ਵਿਚ ਪੁਸਤਕਾਂ ਰਖਵਾਉਣ ਬਾਰੇ ਚੱਲ ਰਿਹਾ ਹੈ। ਇਨ੍ਹਾਂ ਲਾਇਬ੍ਰੇਰੀਆਂ ਵਿਚ ਰੱਖੀਆਂ ਜਾਣ ਵਾਲੀਆਂ ਪੁਸਤਕਾਂ ਵਿਚ 22 ਪੁਸਤਕਾਂ ਉਹ ਹਨ ਜਿਨ੍ਹਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਨਵਤਾ ਦੀ ਭਲਾਈ ਵਾਲਾ ਸੰਦੇਸ਼ ਉਜਾਗਰ ਕੀਤਾ ਗਿਆ ਹੈ। ਮੈਂ ਚਾਹੁੰਦਾ ਹਾਂ ਗੁਰੂ ਸਾਹਿਬ ਦਾ ਸੰਦੇਸ਼ ਪੂਰੀ ਦੁਨੀਆ ਦੇ 'ਕੱਲੇ-'ਕੱਲੇ ਮਨੁੱਖ ਤਕ ਪਹੁੰਚੇ। ਇਨ੍ਹਾਂ 105 ਪੁਸਤਕਾਂ ਤੋਂ ਇਲਾਵਾ ਜਨਰਲ ਵਿਸ਼ਿਆਂ 'ਤੇ ਵੀ ਮੇਰੀਆਂ 10 ਪੁਸਤਕਾਂ ਹੋਰ ਹਨ ਜਿਨ੍ਹਾਂ ਨੂੰ ਪੰਜਾਬ ਸਰਕਾਰ ਅਤੇ ਪੰਜਾਬ ਰਾਜ ਬਿਜਲੀ ਬੋਰਡ ਨੇ ਛਪਵਾਇਆ ਅਤੇ ਮੁਫ਼ਤ ਵੰਡਿਆ।

ਵੈਸੇ ਤਾਂ ਤੁਹਾਡੀ ਘਾਲਣਾ ਅੱਗੇ ਕੋਈ ਵੀ ਮਾਣ ਸਨਮਾਨ ਬੌਣਾ ਹੈ। ਤੁਹਾਨੂੰ ਅਣਗਿਣਤ ਸਨਮਾਨ ਮਿਲ ਚੁੱਕੇ ਹਨ। ਮੈਂ ਚਾਹੁੰਦਾ ਹਾਂ ਕਿ ਉਨ੍ਹਾਂ ਵਿੱਚੋਂ ਕੁਝ ਇਕ ਸਨਮਾਨਾਂ ਬਾਰੇ ਸਾਡੇ ਪਾਠਕਾਂ ਨੂੰ ਜਾਣੂ ਕਰਵਾਓ?

ਕੌਮ ਦੇ ਲੋਕਾਂ ਅਤੇ ਵਿਸ਼ਵ ਦੀਆਂ ਲਗਪਗ 75 ਸੰਸਥਾਵਾਂ ਨੇ ਸਮੇਂ-ਸਮੇਂ 'ਤੇ ਇਸ ਗ਼ਰੀਬ ਦੁਆਰਾ ਨਿਸ਼ਕਾਮ ਭਾਵਨਾ ਨਾਲ ਕੀਤੇ ਜਾ ਰਹੇ ਕਾਰਜਾਂ ਬਦਲੇ ਅਣਗਿਣਤ ਵਾਰ ਸਨਮਾਨ ਦਿੱਤੇ ਜਾ ਚੁੱਕੇ ਹਨ। ਕੁਝ ਇਕ ਦਾ ਵੇਰਵਾ ਦੇ ਰਿਹਾ ਹਾਂ। ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਐਵਾਰਡ 2014, ਹਿੰਦੂ ਸਮਾਜ ਨਿਊਯਾਰਕ ਵੱਲੋਂ ਸੰਸਕ੍ਰਿਤੀ ਦੂਤ ਐਵਾਰਡ 2014, ਯੂਨਾਈਟਿਡ ਸਿੱਖ ਮਿਸ਼ਨ ਲਾਸਏਂਜਲਸ ਵੱਲੋਂ ਸਨਮਾਨ, ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵੱਲੋਂ ਸਨਮਾਨ, ਭਾਈ ਗੁਰਦਾਸ ਇੰਟਰਨੈਸ਼ਨਲ ਐਵਾਰਡ 2014, ਇੰਟਰਨੈਸ਼ਨਲ ਸਿੱਖ ਐਵਾਰਡ ਲੰਡਨ ਵੱਲੋਂ ਨਿਸ਼ਕਾਮ ਸੇਵਾ ਐਵਾਰਡ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਸੇਵਾਦਾਰ-ਏ-ਕੌਮ ਐਵਾਰਡ, ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਗਿਆਨ ਚੇਤਨਾ ਪੁਰਸਕਾਰ, ਪੰਜਾਬ ਵਿਦਿਅਕ ਸੋਸਾਇਟੀ ਚੰਡੀਗੜ੍ਹ ਵੱਲੋਂ 51000/- ਰੁਪੈ ਦਾ ਸਨਮਾਨ, ਚੀਫ ਖ਼ਾਲਸਾ ਦੀਵਾਨ ਐਵਾਰਡ, ਕੈਨੇਡਾ ਸਰਕਾਰ ਵੱਲੋਂ ਸਨਮਾਨ, ਗੁਰੂ ਨਾਨਕ ਮਿਸ਼ਨ ਦੀਵਾਨ ਪਟਿਆਲਾ ਵੱਲੋਂ ਸੇਵਾ ਰਤਨ ਐਵਾਰਡ, ਪੰਜਾਬੀ ਯੂਨੀਵਰਸਿਟੀ ਦਾ ਲਾਈਫ਼ ਟਾਈਮ ਪ੍ਰਾਪਤੀਆਂ ਦਾ ਪੁਰਸਕਾਰ, ਭਾਈ ਕਾਹਨ ਸਿੰਘ ਨਾਭਾ ਇੰਟਰਨੈਸ਼ਨਲ ਐਵਾਰਡ, ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਐਵਾਰਡ, ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਗੁਰਮਤਿ ਸਾਹਿਤ ਰਤਨ ਇੰਟਰਨੈਸ਼ਨਲ ਐਵਾਰਡ, ਸੇਂਟ ਮਦਰ ਟਰੇਸਾ ਐਵਾਰਡ ਆਫ ਐਕਸੀਲੈਂਸ, ਪੰਡਿਤ ਤਿਲਕ ਰਾਜ ਸ਼ਰਮਾ ਟਰਸਟ ਦਿੱਲੀ ਵੱਲੋਂ ਸਿਖਰ ਐਵਾਰਡ, ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਿੰਸੀਪਲ ਗੰਗਾ ਸਿੰਘ ਸ਼੍ਰੋਮਣੀ ਐਵਾਰਡ ਆਦਿ ਸਨਮਾਨ ਦਾਸ ਦੀ ਝੋਲੀ ਪਏ ਹਨ।

ਇਸ ਤੋਂ ਬਿਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਕੌਮ ਪ੍ਰਤੀ ਦਾਸ ਦੀ ਘਾਲਣਾ ਨੂੰ ਵੇਖਦੇ ਹੋਏ 23 ਦਸੰਬਰ 2014 ਨੂੰ ਹਰਿਮੰਦਰ ਸਾਹਿਬ ਪਰਿਸਰ ਵਿਚ ਇੰਟਰਨੈਸ਼ਨਲ ਮੀਡੀਆ ਅਤੇ ਸੰਗਤਾਂ ਦੇ ਸਨਮੁੱਖ ਪ੍ਰਧਾਨ ਸਾਹਿਬ ਦੁਆਰਾ ਮੇਰੀ ਪੰਜਾਬੀ ਪੁਸਤਕ 'ਹਰਿਮੰਦਰ ਦਰਸ਼ਨ' ਦੇ 145 ਸਚਿੱਤਰ, ਡੀਲਕਸ ਐਡੀਸ਼ਨ ਇਕੱਠੇ ਰਿਲੀਜ਼ ਕਰ ਕੇ ਦਾਸ ਨੂੰ ਪੰਜ ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ।

ਇੰਨੀ ਉਮਰ ਦੇ ਚਲਦਿਆਂ ਲਿਖਣ ਕਾਰਜ ਨੂੰ ਕਿੰਨਾ ਕੁ ਸਮਾਂ ਦੇ ਪਾਉਂਦੇ ਹੋ ਅਤੇ ਤੁਹਾਡੇ ਕਾਰਜਾਂ ਵਿਚ ਪਰਿਵਾਰ ਦਾ ਕਿੰਨਾ ਯੋਗਦਾਨ ਹੈ?

ਇਸ ਉਮਰ ਵਿਚ ਵੀ ਮੈਂ ਲਗਪਗ ਪੂਰੀ-ਪੂਰੀ ਰਾਤ ਲਿਖਦਾ ਹਾਂ। ਲਗਪਗ 16 ਘੰਟੇ ਪ੍ਰਤੀ ਦਿਨ ਲਿਖਣ ਕਾਰਜ ਕਰਦਾ ਹਾਂ। ਇਨ੍ਹਾਂ ਕਾਰਜਾਂ ਵਿਚ ਮੇਰੇ ਪਰਿਵਾਰ ਦਾ ਵੱਡਾ ਯੋਗਦਾਨ ਹੈ। ਕੋਈ ਪਰੂਫ਼ ਰੀਡਿੰਗ ਕਰਦਾ ਹੈ ਅਤੇ ਕੋਈ ਟਾਈਪ ਅਤੇ ਕੋਈ ਪ੍ਰਿੰਟਿੰਗ ਦਾ ਕੰਮ ਵੇਖਦਾ ਹੈ।

ਅੱਜ ਦੇ ਨੌਜਵਾਨਾਂ ਨੂੰ ਸੰਦੇਸ਼?

ਸੰਦੇਸ਼ ਨਹੀਂ, ਨੌਜਵਾਨ ਪੀੜ੍ਹੀ ਨੂੰ ਮੇਰੀ ਬੇਨਤੀ ਹੈ ਕਿ ਨਸ਼ਿਆਂ ਦਾ ਤਿਆਗ ਕਰ ਕੇ ਗੁਰੂ ਨਾਨਕ ਸਾਹਿਬ ਦੁਆਰਾ ਦਰਸਾਏ ਗਏ ਸਰਬ ਸਾਂਝੀਵਾਲਤਾ ਦੇ ਰਾਹ ਦੇ ਪਾਂਧੀ ਬਣੋ ਅਤੇ ਆਪਣੇ ਮਾਪਿਆਂ, ਦੇਸ਼ ਅਤੇ ਕੌਮ ਅਤੇ ਪੂਰੀ ਮਨੁੱਖਤਾ ਦੀ ਸੇਵਾ ਵਰਗੇ ਉੱਤਮ ਗੁਣਾਂ ਦੇ ਧਾਰਨੀ ਬਣ ਕੇ ਸੁਚੱਜਾ ਜੀਵਨ ਜਿਊੁਣ ਦਾ ਵਲ ਸਿੱਖੋ।

ਸ਼ਬਦ ਲੰਗਰ ਲਈ ਇੰਨੀ ਵੱਡੀ ਗਿਣਤੀ ਵਿਚ ਕਿਤਾਬਾਂ ਛਾਪਣ ਲਈ ਫੰਡ ਦਾ ਪ੍ਰਬੰਧ ਕਿਵੇਂ ਹੁੰਦਾ ਹੈ?

ਇਸ ਕਾਰਜ ਦੀ ਮਹੱਤਤਾ ਨੂੰ ਸਮਝਦਿਆਂ ਦੁਨੀਆ ਭਰ ਵਿੱਚੋਂ ਗੁਰੂ ਨਾਨਕ ਨਾਮ ਲੇਵਾ ਸੰਗਤ ਆਪਣੀ ਨੇਕ ਕਮਾਈ ਵਿੱਚੋਂ ਦਸਵੰਧ ਭੇਜਦੀ ਹੈ। ਇਸ ਤੋਂ ਬਿਨਾਂ ਮੇਰੀ ਪੈਨਸ਼ਨ ਇਸ ਨੇਕ ਕਾਰਜ ਲਈ ਲਗਦੀ ਹੈ। ਮੇਰਾ ਪਰਿਵਾਰ ਵੀ ਆਪਣੀ ਕਮਾਈ ਵਿੱਚੋਂ ਦਸਵੰਧ ਕੱਢਦਾ ਹੈ। ਗੁਰੂ ਨਾਨਕ ਦੀ ਕਿਰਪਾ ਹੈ, ਫੰਡ ਦੇ ਮਾਮਲੇ ਵਿਚ ਕਦੇ ਕੋਈ ਔਕੜ ਨਹੀਂ ਆਈ।

- ਹਰਵਿੰਦਰ ਬਿਲਾਸਪੁਰ

9814907020

Posted By: Harjinder Sodhi