‘...ਮੈਂ ਵੀ ਮਜ਼ਦੂਰ ਹਾਂ, ਮੇਰਾ ਪਿਤਾ ਵੀ ਮਜ਼ਦੂਰ ਸੀ ਤੇ ‘ਆਲਮ’ ਵੀ ਮਜ਼ਦੂਰ ਹੈ, ਉਸ ਦੀ ਦੋਸਤੀ ਵਿਚ ਮੈਨੂੰ ਮਾਣ ਹੈ, ਇਸ ਲਈ ਮੈਂ ਇਨ੍ਹਾਂ ਦੀਆਂ ਕਵਿਤਾਵਾਂ ਦੀ ਜਨਤਾ ਅੱਗੇ, ਮਜ਼ਦੂਰ ਅੱਗੇ, ਕਿਸਾਨ ਅੱਗੇ ਸਿਫਾਰਸ਼ ਕਰਦਾ ਹਾਂ।’

ਇਹੋ ਜਿਹੀ ਵਿਚਾਰਧਾਰਾ ਰੱਖਣ ਵਾਲੇ ਸਨ ਸੁਜਾਨ ਸਿੰਘ ਕਹਾਣੀਕਾਰ। ਜਿਨ੍ਹਾਂ ਨੇ ਲੋਕ ਕਵੀ ਗੁਰਦਾਸ ਰਾਮ ਆਲਮ ਦੇ ਪਲੇਠੇ ਕਾਵਿ ਸੰਗ੍ਰਹਿ ‘ਜੇ ਮੈਂ ਮਰ ਗਿਆ’ ਦਾ ਮੁੱਖ ਬੰਧ 1952 ਵਿਚ ਲਿਖਿਆ ਹੈ।

ਪਿ੍ਰੰ ਸੁਜਾਨ ਸਿੰਘ ਦਾ ਜਨਮ ਸਕੂਲ ਰਿਕਾਰਡ ਮੁਤਾਬਕ 29 ਜੁਲਾਈ, 1909 ਨੂੰ ਪਿਤਾ ਹਕੀਮ ਸਿੰਘ ਤੇ ਮਾਤਾ ਜਮਨਾ ਦੇਵੀ ਦੇ ਘਰ ਇਕ ਕਿਰਤੀ ਪਰਿਵਾਰ ਵਿਚ ਡੇਰਾ ਬਾਬਾ ਨਾਨਕ ਵਿਖੇ ਹੋਇਆ।

ਉਨ੍ਹਾਂ ਦੀ ਪਤਨੀ ਦਾ ਨਾਂ ਜੋਗਿੰਦਰ ਕੌਰ ਸੀ। ਸੁਜਾਨ ਸਿੰਘ ਦੀ ਵਿਦਿਅਕ ਯੋਗਤਾ ਐੱਮ.ਏ, ਬੀ.ਟੀ, ਸੀ। ਉਨ੍ਹਾਂ ਪਹਿਲਾਂ ਪਹਿਲ ਬੈਂਕ ਵਿਚ ਨੌਕਰੀ ਕੀਤੀ। ਫੇਰ ਸਕੂਲ ਅਧਿਆਪਕ, ਮੁੱਖ ਅਧਿਆਪਕ, ਕਾਲਜ ਲੈਕਚਰਾਰ ਅਤੇ ਬਾਅਦ ਵਿਚ ਪਿੰ੍ਰਸੀਪਲ ਗੁਰੂ ਨਾਨਕ ਕਾਲਜ ਗੁਰਦਾਸਪੁਰ ਤੋਂ ਮਾਣ ਵਾਲੇ ਅਹੁਦੇ ਤੋਂ ਸੇਵਾ ਮੁਕਤ ਹੋਏ। ਸੁਜਾਨ ਸਿੰਘ ਨੇ ਕਵਿਤਾ ਤੇ ਸਵੈ-ਜੀਵਨੀ : ਮੇਰੀ ਸਾਹਿਤਕ ਸਵੈ ਜੀਵਨੀ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਛਾਪੀ ਹੈ, ਵੀ ਲਿਖੀ ਪਰ ਉਨ੍ਹਾਂ ਦੀ ਪਛਾਣ ਇਕ ਅਫ਼ਸਾਨਾ ਨਿਗਾਰ ਦੇ ਤੌਰ ’ਤੇ ਹੈ। ਜਦੋਂ ਮੈਂ 1969 ਵਿਚ ਸਰਕਾਰੀ ਹਾਈ ਸਕੂਲ ਸਮਰਾਏ-ਜੰਡਿਆਲਾ (ਹੁਣ ਸਰਕਾਰੀ ਸੈਕੰਡਰੀ ਸਕੂਲ ਸਮਰਾਏ-ਜੰਡਿਆਲਾ) ਜ਼ਿਲ੍ਹਾ ਜਲੰਧਰ ਵਿਖੇ ਨੌਵੀਂ ਜਮਾਤ ਵਿਚ ਬੈਠਿਆ ਤੇ ਸਾਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਲੇਬਸ ਵਾਲੀਆਂ ਪੁਸਤਕਾਂ ਹੀ ਲੱਗੀਆਂ। ਬੇਸ਼ੱਕ ਪੰਜਾਬ ਸਕੂਲ ਸਿੱਖਿਆ ਬੋਰਡ ਹੋਂਦ ਵਿਚ ਆ ਚੁੱਕਾ ਸੀ। ਸਾਨੂੰ ਪੰਜਾਬੀ ਵਿਸ਼ੇ ਦੀਆਂ ਤਿੰਨ ਪੁਸਤਕਾਂ ਲੱਗੀਆਂ ਜਿਹੜੀਆਂ ਨੌਵੀਂ-ਦਸਵੀਂ ਜਮਾਤਾਂ ਵਾਸਤੇ ਸਾਂਝੀਆਂ ਹੀ ਸਨ। ਸਾਹਿਤ ਭੂਸ਼ਨ (ਕਵਿਤਾ ਤੇ ਵਾਰਤਕ), ਇਕਾਂਗੀ ਵੰਨਗੀਆਂ ਅਤੇ ਕਹਾਣੀ ਮਾਲਾ।

ਕਹਾਣੀ ਮਾਲਾ ਪੁਸਤਕ ਵਿਚ ਪਿ੍ਰੰ. ਸੁਜਾਨ ਸਿੰਘ ਦੀ ਕਹਾਣੀ ‘ਪ੍ਰਾਹੁਣਾ’ ਸ਼ਾਮਲ ਸੀ। ਇਹ ਕਹਾਣੀ ‘ਦੁੱਖ-ਸੱੁਖ’ ਕਹਾਣੀ ਸੰਗ੍ਰਹਿ ’ਚੋਂ ਲਈ ਗਈ ਹੈ।

ਪ੍ਰਾਹੁਣਾ ਕਹਾਣੀ ਦਾ ਨਾਇਕ (ਮੱੁਖ ਪਾਤਰ) ਆਪਣਾ ਜਾਣ-ਪਛਾਣ ਕੁਝ ਇਸ ਤਰ੍ਹਾਂ ਕਰਾਉਂਦਾ ਹੈ :

‘ਮੇਰਾ ਨਾਂ ਕੁਰਬਾਨ ਸਿੰਘ, ਜਾਤ ਸਿੱਖ, ਕੰਮ ਪਿੰਡ ਪਿੰਡ ਫਿਰਨਾ ਤੇ ਹੁਣ ਦਾ ਪਤਾ...।’

ਇਸ ਕਹਾਣੀ ਦੇ ਹੀਰੋ ਨੂੰ ਅਖੌਤੀ ਕਿਸਮ ਦੇ ਸ਼ਰੀਫਾਂ ਦੀ ਸਾਜ਼ਿਸ਼ ਨਾਲ ਹੱਥ ਕੜੀਆਂ ਤਾਂ ਲੱਗ ਜਾਂਦੀਆਂ ਹਨ ਪਰ ਆਪਣੇ ਅਗਾਂਹ-ਵਧੂ---।’

ਸੁਜਾਨ ਸਿੰਘ ਦੇ ਚਾਰ ਕਹਾਣੀ ਸੰਗ੍ਰਹਿ ‘ਦੁੱਖ ਸੁੱਖ, ਦੁੱਖ ਸੁੱਖ ਤੋਂ ਪਿੱਛੋਂ, ਨਰਕਾਂ ਦੇ ਦੇਵਤੇ ਅਤੇ ਮਨੁੱਖ ਤੇ ਪਸ਼ੂ ਵਿਚ ਸ਼ਾਮਲ ਕੁਲ ਅਠਤਾਲੀ ਕਹਾਣੀ ਪੜ੍ਹੀਆਂ। ‘ਦੁੱਖ-ਸੁੱਖ’ ਦੇ ਮੁੱਖ ਵਿਚਾਰ ਵਿਚ ਸੁਜਾਨ ਸਿੰਘ ਨਿਬੰਧ ਅਤੇ ਕਹਾਣੀ ਵਿਚ ਅੰਤਰ ਦੱਸ ਕੇ ਪੰਜਾਬੀ ਨਿੱਕੀ ਹੁਨਰੀ ਕਹਾਣੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਾ ਹੈ।

‘ਭੁਲੇਖਾ’ ਕਹਾਣੀ 1935 ਵਿਚ ਸ.ਸ. ਅਮੋਲ ਦੇ ਪੰਜਾਬੀ ਰਸਾਲੇ ‘ਲਿਖਾਰੀ’ ਨੂੰ ਭੇਜੀ ਤਾਂ ਐੱਸ. ਐੱਸ. ਅਮੋਲ ਨੇ ਆਪਣੇ ਰਸਾਲੇ ਵਿਚ ਨਿੱਕੀ ਹੁਨਰੀ ਕਹਾਣੀ ਦੇ ਲੱਛਣ ਵੀ ਲਿਖੇ। ਸੋ ਅਸੀਂ ਸਹਿਜੇ ਹੀ ਕਹਿ ਸਕਦੇ ਹਾਂ ਕਿ ਲਿਖਾਰੀ ਰਸਾਲੇ ਵਿਚ ‘ਭੁਲੇਖਾ’ ਕਹਾਣੀ ਛਪਣ ਨਾਲ ਪੰਜਾਬੀ ਕਹਾਣੀ ਸਾਹਿਤ ਜਗਤ ਦੇ ਖੁੱਲ੍ਹੇ ਮੈਦਾਨ ਵਿਚ ‘ਨਿੱਕੀ ਹੁਨਰੀ ਕਹਾਣੀ ਦੀ ਮੋੜ੍ਹੀ ਗੱਡੀ ਗਏ ਤੇ ਇਕ ਪਛਾਣ ਬਣ ਗਈ। ‘ਭੁਲੇਖਾ, ਪਠਾਣ ਦੀ ਧੀ, ਰਾਸ-ਲੀਲ੍ਹਾ, ਪ੍ਰਾਹੁਣਾ, ਕਪੂਰ ਤੇ ਮਜ਼ਦੂਰ ਗਰਮ ਕੋਟ ਤੇ ਰਜਾਈ ਆਦਿ ਸੁਜਾਨ ਸਿੰਘ ਦੀ ਜ਼ਿਕਰਯੋਗ ਕਹਾਣੀਆਂ ਹਨ।

ਟੀ.ਐੱਸ. ਈਲੀਅਟ ਕਹਿੰਦਾ ਹੈ,‘ਕਿਸੇ ਸਾਹਿਤਕਾਰ ਦਾ ਸਾਹਿਤ ਤੇ ਜੀਵਨ ਪ੍ਰਤੀ ਨਜ਼ਰੀਆ ਜਾਣਨ ਲਈ ਇਹ ਜ਼ਰੂਰੀ ਹੈ ਕਿ ਉਸ ਦੇ ਸਾਰੇ ਕੰਮ ਦਾ ਅਧਿਐਨ ਕੀਤਾ ਜਾਵੇ।’

ਰਸਾਲਾ ਸਮਕਾਲੀ ਸਾਹਿਤ (ਜੁਲਾਈ-ਸਤੰਬਰ 2018) ਦੇ ਅੰਕ ’ਚ ਪ੍ਰੋ, ਭੀਮ ਇੰਦਰ ਸਿੰਘ ਦਾ ਖੋਜ ਭਰਪੂਰ ਲਿਖਿਆ ਲੇਖ ‘ਸੁਜਾਨ ਸਿੰਘ ਦੀ ਕਥਾ ਚੇਤਨਾ’ ਪੜ੍ਹਿਆ। ਪ੍ਰੋ. ਭੀਮ ਇੰਦਰ ਸਿੰਘ ਲੇਖ ਵਿਚ ਲਿਖਦੇ ਹਨ,‘ਸੁਜਾਨ ਸਿੰਘ ਜੀਵਨ ਤੇ ਸਿਧਾਂਤ ਦੋਹਾਂ ਨਾਲ ਪ੍ਰਤੀਬੱਧ ਕਹਾਣੀ ਲੇਖਕ ਹੈ।’ ਸੋ ਏਧਰੋਂ ਓਧਰੋਂ ਪੂਰਾ ਹੰਭਲਾ ਮਾਰ ਕੇ ‘ਕਲਗੀ ਦੀਆਂ ਅਣੀਆਂ’ ਸੁਜਾਨ ਸਿੰਘ ਦੀ ਧਾਰਮਿਕ ਪੁਸਤਕ ਵੀ ਪੜ੍ਹੀ ਜਿਸ ਨੂੰ ਲੇਖ ਇਤਿਹਾਸ ਕਹਾਣੀਆਂ ਕਹਿੰਦਾ ਹੈ :

ਮੈਂ ਕੁੱਠੀ ਮੈਂ ਵਿੰਨ੍ਹੀ ਵੇ ਲੋਕਾ!

ਉਸ ਕਲਗੀ ਦੀਆਂ ਅਣੀਆਂ।

ਮੈਂ ਜੇਹੀ ਜਿਨ੍ਹੇ ਲੱਖ ਪਰੋਤੀ,

ਲੱਖ ਖਲੋਤੀਆਂ ਤਣੀਆਂ

(ਭਾਈ ਵੀਰ ਸਿੰਘ)

‘ਬਾਗ਼ਾਂ ਦਾ ਰਾਖਾ’ ਅਤੇ ‘ਕੁਲਫ਼ੀ’ ਕਹਾਣੀ ਵੀ ਜੋ ‘ਸਭ ਰੰਗ’ ਕਹਾਣੀ ਸੰਗ੍ਰਹਿ ਵਿਚ ਸ਼ਾਮਲ ਹਨ ਜ਼ਿਕਰਯੋਗ ਕਹਾਣੀਆਂ ਅਤੇ ਕਹਾਣੀ ਕਲਾ ਦੀ ਸਿਖ਼ਰ ਹਨ।

ਸੁਜਾਨ ਸਿੰਘ ਦੀਆਂ ਕਹਾਣੀਆਂ ਪੜ੍ਹ ਕੇ ਪਾਠਕ ਨੂੰ ਦਰਸ਼ਨ-ਸਾਸ਼ਤਰ ਦਿ੍ਰਸ਼ਟੀ ਅਤੇ ਵਿਚਾਰਧਾਰਾ ਬਾਰੇ ਗਿਆਨ ਹੁੰਦਾ ਹੈ। ਮਹਾਨ ਵਿਅਕਤੀ ਗ਼ਰੀਬੀ ਕਾਰਨ ਅਣਗੌਲੇ ਹੀ ਮਰ ਜਾਂਦੇ ਹਨ। ਗ਼ਰੀਬੀ ਕਿਉਂ ਹੈ? ਕੀ ਸਾਰਿਆਂ ਦੀ ਗ਼ਰੀਬਾਂ ਦੂਰ ਕੀਤੀ ਜਾ ਸਕਦੀ ਹੈ।’

ਕਹਾਣੀ ਗਰਮ ਕੋਟ ਅਤੇ ਰਜਾਈ ਅਧਿਆਪਕ ਵਰਗ ਦੀ ਆਰਥਿਕ ਮੰਦਹਾਲੀ (ਘੱਟ ਤਨਖ਼ਾਹਦਾਰ) ਦਾ ਪਾਜ ਉਘੇੜਦੀਆਂ ਹਨ। ਸੁਜਾਨ ਸਿੰਘ ਆਦਿ ਬਚਨ ਨਰਕਾਂ ਦੇ ਦੇਵਤੇ ਕਹਾਣੀ ਸੰਗ੍ਰਹਿ ਵਿਚ ਲਿਖਦਾ ਹੈ : ਕਈ ਤਰ੍ਹਾਂ ਦੇ ਨਰਕਾਂ ਵਿਚ ਮੈਂ ਕਈ ਪ੍ਰਕਾਰ ਦੇ ਦੇਵਤੇ ਦਿਖਾਏ ਹਨ ਜੋ ਨਰਕਾਂ ਦੇ ਅਸਰ ਤੋਂ ਪੈਦਾ ਹੋਈਆਂ ਕਮਜ਼ੋਰੀਆਂ ਦੇ ਹੁੰਦਿਆਂ ਵੀ ਦੇਵਤੇ ਹਨ ਕਿਉਂਕਿ ਨਰਕਾਂ ਦੇ ਬਣਾਉਣ ਦੇ ਜ਼ਿੰਮੇਵਾਰ ਉਹ ਨਹੀਂ ਸਗੋਂ ਸੁਰਗਾਂ ਦੇ ਰਾਖਸ਼ਸ਼ ਹਨ ਜਿਨ੍ਹਾਂ ਨੂੰ ਸਦਾ ਦੇਵਤੇ ਕਹਿਣ ਦੀ ਭੁੱਲ ਕੀਤੀ ਗਈ।’’ ਉਨ੍ਹਾਂ ਦੀਆਂ ‘ਦੁੱਖ-ਸੁੱਖ’, ‘ਦੁੱਖ-ਸੁੱਖ ਤੋਂ ਪਿੱਛੋਂ, ਨਰਕਾਂ ਦੇ ਦੇਵਤੇ, ਸਭ ਰੰਗ, ਮਨੁੱਖ ਤੇ ਪਸ਼ੂ, ਡੇਢ ਆਦਮੀ, ਸਵਾਲ-ਜਵਾਬ, ਸ਼ਹਿਰ ਤੇ ਗ੍ਰਾਂ’ ਕਹਾਣੀ ਸੰਗ੍ਰਹਿ, ‘ਸਾਰੇ ਪੱਤੇ’ (ਸੰਪੂਰਨ ਸੰਗ੍ਰਹਿ) ਅਤੇ ਧਾਰਮਿਕ ਪੁਸਤਕਾਂ ਵੀ ਛਪੀਆਂ ਹਨ। ‘ਸ਼ਹਿਰ ਤੇ ਗ੍ਾਂ’ ਕਹਾਣੀ ਸੰਗ੍ਰਹਿ ਨੂੰ 1987 ਵਿਚ ਭਾਰਤ ਸਾਹਿਤ ਅਕਾਦਮੀ ਨਵੀਂ ਦਿੱਲੀ ਵੱਲੋਂ ਵੱਡ ਆਕਾਰੀ ਪੁਰਸਕਾਰ ਨਾਲ ਨਿਵਾਜਿਆ ਗਿਆ।

ਸੁਜਾਨ ਸਿੰਘ ਦੇ ਸਾਰੇ ਦੇ ਸਾਰੇ ਕਹਾਣੀ ਸੰਗ੍ਰਹਿ ਅਤੇ ਬਾਕੀ ਪੁਸਤਕਾਂ ‘ਸਿੰਘ ਬ੍ਰਦਰਜ਼’ ਨੇ ਪ੍ਰਕਾਸ਼ਤ ਕੀਤੇ ਹਨ,‘ਸਿੰਘ ਬ੍ਰਦਰਜ਼, ਮੇਰੇ ਪ੍ਰਕਾਸ਼ਕ ਕੋਈ ਅਮੀਰ ਪ੍ਰਕਾਸ਼ਕ ਨਹੀਂ ਹਨ, ਪਰ ਇਮਾਨਦਾਰ ਜ਼ਰੂਰ ਹਨ। ...ਮੈਂ ਆਪਣੀਆਂ ਪੁਸਤਕਾਂ ਹੋਰ ਕਿਸੇ ਕੋਲੋਂ ਛਪਾਉਂਦਾ ਨਹੀਂ...ਜਦੋਂ ਛਾਪਣਗੇ ਸਿੰਘ ਬ੍ਰਦਰਜ਼ ਤੇ ਮਾਈ ਸੇਵਾ ਹੀ ਛਾਪਣਗੇ।’

ਪਿ੍ਰੰ. ਸੁਜਾਨ ਸਿੰਘ ਕਹਿਣੀ-ਕਰਨੀ ਤੇ ਲੇਖਣੀ ਵਿਚ ਇਕਸਾਰਤਾ ਵਾਲੇ ਲੇਖਕ ਹਨ। ਨਿੱਕੀ ਹੁਨਰੀ ਕਹਾਣੀ ਦਾ ਮੋਢੀ ਪਿੰ੍ਰ. ਸੁਜਾਨ ਸਿੰਘ 21 ਅਪ੍ਰੈਲ, 1993 ਨੂੰ ਸਾਡੇ ਕੋਲੋਂ ਸਦਾ-ਸਦਾ ਲਈ ਵਿਛੜ ਗਿਆ ਹੈ, ਪਰ ਪੰਜਾਬੀ ਸਾਹਿਤ ਜਗਤ ਅਤੇ ਸਾਹਿਤਕ ਸਭਾਵਾਂ ਵਿਚ ਪਿੰ੍ਰ. ਸੁਜਾਨ ਸਿੰਘ ਦਾ ਜ਼ਿਕਰ ਓਨਾ ਚਿਰ ਹੁੰਦਾ ਰਹੇਗਾ ਜਿੰਨਾ ਚਿਰ ‘ਸਰਘੀ ਦਾ ਤਾਰਾ’ ਅੰਬਰਾਂ ਵਿਚ ਡਲਕਦਾ ਰਹੇਗਾ।

ਮੈਂ ਵੀ ਮਿਹਨਤਕਸ਼ ਹਾਂ, ਮੇਰਾ ਪਿਤਾ ਚੌਧਰੀ ਜਗਤ ਰਾਮ ਵੀ ਮਿਹਨਤਕਸ਼ ਸੀ ਤੇ ਪਿੰ੍ਰਸੀਪਲ ਸੁਜਾਨ ਸਿੰਘ ਕਹਾਣੀ ਲੇਖਕ ਵੀ ਮਿਹਨਤਕਸ਼ ਸੀ, ਇਸੇ ਲਈ ਮੈਂ ਇਨ੍ਹਾਂ ਦੀਆਂ ਕਹਾਣੀਆਂ ਪਾਠਕਾਂ ਨੂੰ ਪੜ੍ਹਨ ਦੀ ਜ਼ੋਰਦਾਰ ਸਿਫਾਰਸ਼ ਕਰਦਾ ਹਾਂ।

- ਮਲੂਕ ਚੰਦ ਕਲੇਰ

Posted By: Harjinder Sodhi