ਨਜ਼ਰ ਤੋਂ ਸੁਪਨਿਆਂ ਤੱਕ ਜੋਗਿੰਦਰ ਨੂਰਮੀਤ ਦਾ ਪਲੇਠਾ ਗ਼ਜ਼ਲ ਸੰਗ੍ਰਹਿ ਹੈ। ਜੋਗਿੰਦਰ ਨੂਰਮੀਤ ਦੇ ਇਸ ਪਲੇਠੇ ਗ਼ਜ਼ਲ ਸੰਗ੍ਰਹਿ ਨੇ ਹੀ ਉਸਨੂੰ ਸਥਾਪਤ ਲੇਖਕਾਂ ਦੀ ਕਤਾਰ ਵਿੱਚ ਖੜ੍ਹਾ ਕਰ ਦਿੱਤਾ ਹੈ । ਨਜ਼ਰ ਤੋਂ ਸੁਪਨਿਆਂ ਤੱਕ ਪੁਸਤਕ ਦਾ ਪਾਠ ਕਰਦਿਆਂ, ਇੱਕ ਪੁਖ਼ਤਾ ਗ਼ਜ਼ਲਗੋਈ ਦੇ ਦਰਸ਼ਨ ਹੁੰਦੇ ਹਨ।

ਨਜ਼ਰ ਤੋਂ ਸੁਪਨਿਆਂ ਤੱਕ ਜੋਗਿੰਦਰ ਨੂਰਮੀਤ ਦਾ ਪਲੇਠਾ ਗ਼ਜ਼ਲ ਸੰਗ੍ਰਹਿ ਹੈ। ਜੋਗਿੰਦਰ ਨੂਰਮੀਤ ਦੇ ਇਸ ਪਲੇਠੇ ਗ਼ਜ਼ਲ ਸੰਗ੍ਰਹਿ ਨੇ ਹੀ ਉਸਨੂੰ ਸਥਾਪਤ ਲੇਖਕਾਂ ਦੀ ਕਤਾਰ ਵਿੱਚ ਖੜ੍ਹਾ ਕਰ ਦਿੱਤਾ ਹੈ । ਨਜ਼ਰ ਤੋਂ ਸੁਪਨਿਆਂ ਤੱਕ ਪੁਸਤਕ ਦਾ ਪਾਠ ਕਰਦਿਆਂ, ਇੱਕ ਪੁਖ਼ਤਾ ਗ਼ਜ਼ਲਗੋਈ ਦੇ ਦਰਸ਼ਨ ਹੁੰਦੇ ਹਨ। ਨੂਰਮੀਤ ਨੇ ਜ਼ਿੰਦਗੀ ਦੇ ਡੂੰਘੇ ਰਹੱਸ ਅਤੇ ਅਨੁਭਵ ਦੇ ਜ਼ਖ਼ੀਰੇ ਨੂੰ ਬੜੀ ਖੂਬਸੂਰਤੀ ਨਾਲ ਆਪਣੇ ਸ਼ਿਅਰਾਂ ਵਿੱਚ ਢਾਲਿਆ ਹੈ। ਉਸ ਦੀ ਵਿਚਾਰਧਾਰਕ ਸੋਚ ਦਾ ਇੱਕ ਆਪਣਾ ਅੰਬਰ ਹੈ, ਇੱਕ ਆਪਣੀ ਖ਼ਿਆਲ ਉਡਾਰੀ ਹੈ। ਉਸਦੇ ਕਹੇ ਸ਼ਿਅਰ ਬਹੁਪੱਖੀ, ਬਹੁਪਰਤੀ ਵਿਸ਼ੇ ਲੈ ਕੇ ਹਾਜ਼ਰ ਹੰਦੇ ਹਨ। ਗਹੁ ਨਾਲ ਪੜ੍ਹਨ ਤੇ ਨੂਰਮੀਤ ਦੀ ਸ਼ਾਇਰੀ ਸਮਾਜਿਕ ਵਰਤਾਰਿਆਂ ਦੇ ਅੰਦਰ-ਬਾਹਰ ਝਾਕਦੀ ਵਿਖਾਈ ਦਿੰਦੀ ਹੈ। ਸੰਵੇਦਨਸ਼ੀਲ ਸ਼ਾਇਰਾ ਅਖੌਤੀ ਸਮਾਜਿਕ ਵਲਗਣਾ ਤੇ ਸਮਾਜਿਕ ਪ੍ਰਸਥਿਤੀਆਂ ਨੂੰ ਬੜੀ ਖ਼ੂਬਸੂਰਤੀ ਨਾਲ ਬਿਆਨ ਕਰਦੀ ਹੈ...
ਕੈਦ ਬੁਲਬੁਲ ਦੇ ਪਰਾਂ ਵਿੱਚ ਹੈ ਸਮਾਈ ਐਦਾਂ,
ਆ ਕੇ ਪਿੰਜਰੇ ਚ ਸਮਝਦੀ ਹੈ ਕਿ ਘਰ ਆਈ ਹੈ।
****
ਝੂਠ ਦਾ ਇੱਕ ਨਵਾਂ ਬਾਜ਼ਾਰ ਸਜਾ ਬੈਠੇ ਨੇ।
ਹੁਣ ਤਾਂ ਹਰ ਮੋੜ ’ਤੇ ਲੱਖਾਂ ਹੀ ਖ਼ੁਦਾ ਬੈਠੇ ਨੇ।
ਜੋਗਿੰਦਰ ਨੂਰਮੀਤ ਨੂੰ ਗ਼ਜ਼ਲ ਦੇ ਸੁਭਾਅ ਅਤੇ ਉਸਦੇ ਮਿਜਾਜ਼ ਦੀ ਬੜੀ ਡੂੰਘੀ ਸਮਝ ਹੈ ਉਸ ਕੋਲ ਗੱਲ ਕਹਿਣ ਲਈ ਆਪਣੀਆਂ ਮੌਲਿਕ ਤਰਕੀਬਾਂ ਹਨ। ਉਹ ਜੀਵਨ ਦੇ ਹਰ ਵਰਤਾਰੇ ਨੂੰ ਬੜੀ ਸੂਖ਼ਮਤਾ ਨਾਲ ਛੂਹਣ ਦਾ ਹੁਨਰ ਰੱਖਦੀ ਹੈ। ਜਿਸ ਕਰਕੇ ਉਸਦਾ ਕਿਹਾ ਹਰ ਸ਼ਿਅਰ ਮਨ ਨੂੰ ਮੋਹਣ ਲੱਗਦਾ ਹੈ। ਨੂਰਮੀਤ ਆਪਣੇ ਅੰਤਰੀਵ ਭਾਵ ਤਾਂਘ ਤੇ ਤਿ੍ਰਸ਼ਣਾ ਦੀ ਤਿੱਖੀ ਲੋਚਾ ਨੂੰ ਵੇਖੋ ਕਿੰਨੀ ਖੂਬਸੂਰਤੀ ਨਾਲ ਬਿਆਨ ਕਰਦੀ ਹੈ ...
ਇਹ ਚੰਨ ਦਾ ਵਹਿਮ ਕੱਢ ਦੇਣਾ ਕਿ ਉਸ ਦੀ ਤਾਂਘ ਹਰ ਦਿਲ ਨੂੰ,
ਕਦੇ ਮੈਂ ਸੱਦਣੇ ਤਾਰੇ ਤੇ ਘਰ ਮਹਿਮਾਨ ਕਰਨੇ ਨੇ।
ਮੈਂ ਆਪਣੀ ਕਬਰ ਵਿੱਚ ਵੀ ਜ਼ਿੰਦਗੀ ਮਹਿਫੂਜ਼ ਰੱਖ ਲੈਣੀ,
ਤੇ ਮੁੜ ਬਰਸਾਤ ਵਿੱਚ ਪੁੰਗਰ ਕੇ ਸਭ ਹੈਰਾਨ ਕਰਨੇ ਨੇ।
ਜੋਗਿੰਦਰ ਨੂਰਮੀਤ ਸੰਘਰਸ਼ੀ ਜੀਵਨ ਨੂੰ ਪ੍ਰਣਾਈ ਹੋਈ ਲੋਕ ਪੱਖੀ ਸ਼ਾਇਰਾ ਹੈ। ਉਸਦੀ ਸ਼ਾਇਰੀ ਪ੍ਰਚੱਲਿਤ ਮਿੱਥਾਂ ਨੂੰ ਤੋੜਦੀ ਹੋਈ ਨਵੇਂ ਰੰਗ ਭਰਨ ਦੀ ਜੁੱਅਰਤ ਰੱਖਦੀ ਹੈ। ਜੋਗਿੰਦਰ ਨੂਰਮੀਤ ਦੀ ਕਲਮ ਜਿੱਥੇ ਭਖਦੇ ਮਸਲਿਆਂ ਨੂੰ ਸਾਡੇ ਰੂਬਰੂ ਕਰਦੀ ਹੈ ਉੱਥੇ ਜੀਵਨ ਨਾਲ਼ ਜੁੜੀਆਂ ਖੱਟੀਆਂ ਮਿੱਠੀਆਂ ਯਾਦਾਂ ਤੇ ਮੁਹੱਬਤ ਦੀ ਬਾਤ ਪਾਉਣਾ ਵੀ ਨਹੀਂ ਭੁੱਲਦੀ।ਪਾਣੀ ਦੀ ਤਰ੍ਹਾਂ ਪਵਿੱਤਰ ਅਤੇ ਨਿਰਛਲ ਸ਼ਾਇਰੀ ਦਾ ਇੱਕ ਰੰਗ ਵੇਖਣਾ...
ਨਜੂਮੀ ਕੀ ? ਲਕੀਰਾਂ ਕੀ? ਮੁਕੱਦਰ ਕੀ? ਉਹਦੇ ਸਾਹਵੇਂ
ਜੇ ਸੱਜਣ ਛੂਹ ਲਵੇ ਮੱਥਾ, ਸਿਤਾਰੇ ਨੇ ਬਦਲ ਜਾਂਦੇ।
ਹਰਾ ਕੁਝ ਹੋਰ ਗੂੜ੍ਹਾ ਤੇ ਗੁਲਾਬੀ ਸੁਰਖ਼ ਦਿਖਦਾ ਹੈ,
ਉਹ ਮੇਰੇ ਨਾਲ਼ ਜਦ ਹੋਵੇ,
ਨਜ਼ਾਰੇ ਨੇ ਬਦਲ ਜਾਂਦੇ।
ਜੋਗਿੰਦਰ ਨੂਰਮੀਤ ਦੀਆਂ ਗ਼ਜ਼ਲਾਂ ਨੂੰ ਪੜ੍ਹਦਿਆਂ ਬੜਾ ਕੁਝ ਸਿੱਖਣ, ਸਮਝਣ ਨੂੰ ਮਿਲਦਾ ਹੈ। ਉਸਦੀ ਮੌਲਿਕਤਾ ਭਰਪੂਰ ਸ਼ਾਇਰੀ ਦਾ ਕੈਨਵਸ ਬੜਾ ਵਿਸ਼ਾਲ ਹੈ। ਨੂਰਮੀਤ ਦੇ ਭਾਵਾਂ ਦੀ ਸੰਘਣਤਾ, ਸਰਲਤਾ ਤੇ ਸ਼ਬਦਾਂ ਦੀ ਜਾਦੂਗਰੀ ਦਾ ਕਮਾਲ ਪਾਠਕਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ। ਕਵਿੱਤਰੀ ਜ਼ਿੰਦਗੀ ਦੇ ਮਹਿਸੂਸੇ ਹਰ ਪਲ ਨੂੰ ਸ਼ਾਇਰੀ ਦਾ ਹਿੱਸਾ ਬਣਾਉਣ ਵਿੱਚ ਸਫ਼ਲ ਰਹੀ ਹੈ। ਨੂਰਮੀਤ ਦੀ ਸ਼ਾਇਰੀ ਨੂੰ ਪੜ੍ਹ ਕੇ ਰੂਹ ਤੇ ਖੇੜਾ ਆਉਣਾ ਸੁਭਾਵਿਕ ਹੈ ...
ਦਿਲ ਭਾਲਦਾ ਜਿਸਨੂੰ ਸਦਾ ਉਹ ਸ਼ੈਅ ਮਿਲੇ ਜਾਂ ਨਾ ਮਿਲੇ
ਐਪਰ ਕਦੇ ਰੁਕਦੇ ਨਹੀਂ,ਇਹ ਜ਼ਿੰਦਗੀ ਦੇ ਕਾਫ਼ਿਲੇ।
ਜ਼ੋ ਚੁੱਪ ਦੇ ਵਿੱਚ ਮਰ ਗਏ,ਉਹ ਲਫ਼ਜ਼ ਲੈਂਦੇ ਅਰਥ ਜੇ
ਐਦਾਂ ਨਾ ਵੱਧਦੇ ਫ਼ਾਸਲੇ,ਐਦਾਂ ਨਾ ਟੁੱਟਦੇ ਸਿਲਸਿਲੇ।
ਪੁਸਤਕ ਵਿੱਚ ਕੁੱਲ ਉਨਾਹਟ ਗ਼ਜ਼ਲਾਂ ਤੇ ਪੁਸਤਕ ਦੇ ਅਖ਼ੀਰ ਵਿੱਚ ਚੋਣਵੇਂ ਸ਼ਿਅਰ ਸ਼ਾਮਿਲ ਕੀਤੇ ਗਏ ਹਨ। ਇਸ ਪੁਸਤਕ ਨੂੰ ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਛਾਪਿਆ ਗਿਆ ਹੈ। ਪੁਸਤਕ ਦੇ ੁੱਲ,112 ਸਫ਼ੇ ਅਤੇ ਕੀਮਤ 275-/ ਰੁਪਏ ਹੈ।
- ਕੁਲਦੀਪ ਸਿੰਘ ਬੰਗੀ