ਕਾਫ਼ੀ ਜਦੋ ਜਹਿਦ ਤੋਂ ਬਾਅਦ 26 ਅਕਤੂਬਰ 1927 ਨੂੰ ਇਸ ਦੀ ਛਪਾਈ ਸ਼ੁਰੂ ਹੋਈ ਤੇ 13 ਅਪ੍ਰੈਲ 1930 ਨੂੰ ਪੂਰੀ ਹੋਈ। ਇਹ ਮਹਾਨ ਗ੍ਰੰਥ 3338 ਸਫ਼ਿਆਂ ਵਿਚ ਵੱਡੀਆਂ ਚਾਰ ਜਿੱਲਦਾਂ ਵਿਚ ਛੱਪ ਕੇ ਤਿਆਰ ਹੋਇਆ। ਇਸ ਤੇ ਉਸ ਵੇਲੇ 51000 ਰੁਪਏ ਖ਼ਰਚ ਆਇਆ। ਇਸ ਗ੍ਰੰਥ ਦੀ ਉਸ ਵੇਲੇ ਕੀਮਤ 110 ਰੁਪਏ ਰੱਖੀ ਗਈ, ਜੋ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਸੀ।
ਮਹਾਨ ਕੋਸ਼ ਦੇ ਰਚੇਤਾ ਭਾਈ ਕਾਨ੍ਹ ਸਿੰਘ ਨਾਭਾ ਦਾ ਜਨਮ ਸ਼ੁੱਕਰਵਾਰ, ਭਾਦੋਂ ਵਦੀ 10 ਸੰਮਤ 1918 ਬਿ. (30 ਅਗਸਤ 1861) ਵਿਚ ਨਾਨਕੇ ਘਰ (ਨਾਭਾ) ਪਿੰਡ ਸਬਜ਼ ਬਨੇਰਾ (ਬਨੇਰਾ ਖੁਰਦ) ਰਿਆਸਤ ਪਟਿਆਲਾ ਵਿਚ ਹੋਇਆ। ਉਨ੍ਹਾਂ ਦੇ ਪਿਤਾ ਪਿਤਾ ਦਾ ਨਾਂ ਭਾਈ ਨਰਾਇਣ ਸਿੰਘ ਤੇ ਮਾਤਾ ਹਰਿ ਕੌਰ ਸੀ। ਆਪ ਦੇ ਭਾਈ ਮੀਹਾਂ ਸਿੰਘ ਤੇ ਬਾਈ ਬਿਸ਼ਨ ਸਿੰਘ ਦੋ ਭਰਾ ਸਨ। ਆਪ ਦੀ ਇਕ ਭੈਣ ਜਿਸ ਦਾ ਨਾਂ ਕਾਨ੍ਹ ਕੌਰ ਸੀ, ਜੋ ਛੋਟੀ ਉਮਰੇ ਹੀ ਅਕਾਲ ਚਲਾਣਾ ਕਰ ਗਈ ਸੀ।
ਆਪ ਬਚਪਨ ਸਮੇਂ ਕਾਫ਼ੀ ਸੁੰਦਰ, ਸਿਆਣੇ ਤੇ ਚੁਸਤ ਚਲਾਕ ਸਨ। ਆਪ ਦੀ ਮੁੱਢਲੀ ਪੜ੍ਹਾਈ ਪਿਤਾ ਕੋਲ ਗੁਰਦੁਆਰੇ ਵਿਚ ਹੀ ਸ਼ੁਰੂ ਹੋਈ। ਭਾਈ ਕਾਨ੍ਹ ਸਿੰਘ ਨਾਭਾ ਦੇ ਪਿਤਾ ਨਾਮ ਰਸੀਏ ਸਨ। ਉਨ੍ਹਾਂ ਨੂੰ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜ਼ੁਬਾਨੀ ਯਾਦ ਸੀ, ਜਿਸ ਦੇ ਚਾਰ ਪਾਠ ਉਹ ਹਰੇਕ ਮਹੀਨੇ ਨੇਮ ਨਾਲ ਕਰਦੇ ਸਨ। ਸਾਰੀ ਉਮਰ ਵਿਚ ਉਨ੍ਹਾਂ ਨੇ ਤਿੰਨ ‘ਅਤਿ ਅਖੰਡ ਪਾਠ’ ਇਕੋ ਆਸਨ ਪਰ ਬੈਠ ਕੇ ਕੀਤੇ ਤੇ ਇਕ ਵਾਰ ਉਨ੍ਹਾਂ ਤੋਂ ਸਾਰਾ ਪਾਠ ਮਹਾਰਾਜ ਹੀਰਾ ਸਿੰਘ ਨਾਭਾ ਨੇ ਕੋਲ ਬੈਠ ਕੇ ਸੁਣਿਆ ਸੀ, ਜਦ ਪਾਠ ਦਾ ਭੋਗ ਪਿਆ ਤਾਂ ਮਹਾਰਾਜੇ ਨੇ ਬਾਬਾ ਜੀ ਨੂੰ ਜਗੀਰ ਦੇਣੀ ਚਾਹੀ ਪਰ ਉਨ੍ਹਾਂ ਨੇ ਪਾਠ ਭੇਟਾ ਲੈਣ ਤੋਂ ਇਨਕਾਰ ਕਰ ਦਿੱਤਾ। ਮਹਾਰਾਜਾ ਇਸ ਗੱਲੋਂ ਹੋਰ ਵੀ ਖ਼ੁਸ਼ ਹੋਇਆ। ਜਦ ਬਾਬਾ ਜੀ ਡੇਰੇ ਨੂੰ ਆਉਣ ਲੱਗੇ ਤਾਂ ਕਹਾਰ ਹਟਾ ਕੇ ਉਨ੍ਹਾਂ ਦੀ ਜਗ੍ਹਾ ਪਾਲਕੀ ਖ਼ੁਦ ਮੋਢਾ ਲਾ ਕੇ ਚੁੱਕੀ ਤੇ ਸ਼ਰਧਾ ਪ੍ਰਗਟ ਕੀਤੀ।
ਜਦ ਆਪ ਛੇ ਸਾਲ ਦੇ ਹੋਏ ਤਾਂ ਬਾਬਾ ਨਰਾਇਣ ਸਿੰਘ ਨੇ ਆਪ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਾਉਣਾ ਸ਼ੁਰੂ ਕੀਤਾ ਜੋ ਤਿੰਨ ਸਾਲਾ ਵਿਚ ਪੂਰਾ ਹੋਇਆ। ਦਸਵਾਂ ਸਾਲ ਸ਼ੁਰੂ ਹੁੰਦਿਆਂ ਹੀ ਆਪ ਨੂੰ ਬਾਬਾ ਕਲਿਆਣ ਦਾਸ ਕੋਲ ਸੰਸਕ੍ਰਿਤ ਪੜ੍ਹਨ ਲਈ ਭੇਜਿਆ। ਇਸ ਤੋਂ ਬਾਅਦ ਆਪ ਨੇ ਹੋਰ ਵੀ ਕਈ ਉਸਤਾਦਾਂ ਕੋਲੋਂ ਸਿੱਖਿਆ ਲਈ, ਜਿਸ ਵਿਚ ਪੰਡਿਤ ਸ੍ਰੀ ਧਰ, ਪੰਡਿਤ ਬੰਸੀ ਧਰ, ਭਾਈ ਵੀਰ ਸਿੰਘ ਜਲਾਲਕੇ, ਭਾਈ ਰਾਮ ਸਿੰਘ, ਬਾਵਾ ਪਰਮਾਨੰਦ, ਭਾਈ ਭਗਵਾਨ ਸਿੰਘ ਦੁੱਗ, ਭਾਈ ਸੰਤ ਸਿੰਘ, ਪ੍ਰੋ. ਗੁਰਮੁੱਖ ਸਿੰਘ ਉਰੀਐਂਟਲ ਕਾਲਜ ਵਾਲੇ ਜਿੰਨ੍ਹਾਂ ਕੋਲੋਂ ਆਪ ਨੇ ਕਈ ਭਸ਼ਾਵਾਂ ਜਿਵੇਂ ਅੰਗਰੇਜ਼ੀ, ਫ਼ਾਰਸੀ, ਹਿੰਦੀ, ਸੰਸਕ੍ਰਿਤ ਤੇ ਸੰਗੀਤ ਦੀ ਸਿੱਖਿਆ ਲਈ।
ਚੌਂਵੀਂ ਸਾਲ ਦੀ ਉਮਰ ਵਿਚ ਆਪ ਦੀ ਸ਼ਾਦੀ ਹੋ ਗਈ ਪਰ ਥੋੜ੍ਹੇ ਹੀ ਚਿਰ ਬਾਅਦ ਆਪ ਦੀ ਪਤਨੀ ਤਪਦਿਕ ਦੇ ਰੋਗ ਕਾਰਨ ਸਵਰਗਵਾਸ ਹੋ ਗਈ। ਫਿਰ ਆਪ ਦੀ ਦੂਜੀ ਸ਼ਾਦੀ ਹੋਈ ਤਾਂ ਥੋੜ੍ਹ ਕੁ ਚਿਰ ਬਾਅਦ ਹੀ ਦੂਸਰੀ ਪਤਨੀ ਵੀ ਸਵਰਗਵਾਸ ਹੋ ਗਈ। ਆਪ ਦੀ ਤੀਸਰੀ ਸ਼ਾਦੀ ਹਰਦਮ ਸਿੰਘ ਦੀ ਲੜਕੀ ਬਸੰਤ ਕੌਰ ਰਾਮਗੜ੍ਹ ਨਾਲ ਹੋਈ। ਵਿਆਹ ਤੋਂ ਤੁਰੰਤ ਬਾਅਦ ਹੀ ਆਪ ਨੂੰ ਮਹਾਰਾਜਾ ਹੀਰਾ ਸਿੰਘ ਦੇ ਮੁਸਾਹਿਬ ਨਿਯੁਕਤ ਕੀਤਾ ਗਿਆ। ਫਿਰ 1887 ਨੂੰ ਟਿੱਕਾ ਰਿਪਦੁਮਨ ਸਿੰਘ ਦੇ ਗੁਰੂ ਬਣੇ।ਫਿਰ ਆਪ ਨੂੰ ਮਹਾਰਾਜਾ ਹੀਰਾ ਸਿੰਘ ਦਾ ਸੈਕਟਰੀ ਨਿਯੁਕਤ ਕੀਤਾ ਗਿਆ। 15 ਫਰਵਰੀ 1892 ਨੂੰ ਹੀ ਆਪ ਦੇ ਘਰ ਇਕ ਪੁੱਤਰ ਨੇ ਜਨਮ ਲਿਆ ,ਜਿਸ ਦਾ ਨਾਂ ਭਗਵੰਤ ਸਿੰਘ ਹਰੀ ਰੱਖਿਆ ਗਿਆ। ਉਸ ਤੋਂ ਬਾਅਦ ਆਪ ਸਿਟੀ ਮੈਜਿਸਟਰੇਟ, ਡਿਪਟੀ ਕਮਿਸ਼ਨਰ ਦੇ ਅਹੁਦੇ ’ਤੇ ਵੀ ਰਹੇ। 5 ਮਾਰਚ 1892 ਨੂੰ ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਨੀਂਹ ਰੱਖੀ ਗਈ ਸੀ। 1903-04 ਦਰਮਿਆਨ ਆਪ ਨੇ ਕਾਲਜ ਲਈ 23 ਲੱਖ ਰੁਪਏ ਫੰਡ ਇੱਕਠਾ ਕੀਤਾ।
ਆਪ ਨੇ ਆਪਣੀ ਪੂਰੀ ਿਜ਼ੰਦਗੀ ਦਰਮਿਆਨ 33 ਪੁਸਤਕਾਂ ਲਿਖੀਆਂ। ਜਿਸ ਵਿੱਚੋਂ ‘ਮਹਾਨ ਕੋਸ਼’ ਆਪ ਦੀ ਪ੍ਰਮੁੱਖ ਰਚਨਾ ਹੈ। ਜੋ ਆਪ ਨੇ 20 ਮਈ 1912 ਨੂੰ ਕਸ਼ਮੀਰ ਵਿਖੇ ‘ਗੁਰ ਸ਼ਬਦ ਰਤਨਾਕਰ ਮਹਾਨ ਕੋਸ਼’ ਲਿਖਣਾ ਆਰੰਭ ਕੀਤਾ। ਇਹ ਕੰਮ 6 ਫਰਵਰੀ 1926 ਨੂੰ ਪੂਰਾ ਹੋਇਆ। ਪਰ ਛੱਪਣ ਵਿਚ ਦੇਰੀ ਹੁੰਦੀ ਗਈ। ਕਾਫ਼ੀ ਜਦੋ ਜਹਿਦ ਤੋਂ ਬਾਅਦ 26 ਅਕਤੂਬਰ 1927 ਨੂੰ ਇਸ ਦੀ ਛਪਾਈ ਸ਼ੁਰੂ ਹੋਈ ਤੇ 13 ਅਪ੍ਰੈਲ 1930 ਨੂੰ ਪੂਰੀ ਹੋਈ। ਇਹ ਮਹਾਨ ਗ੍ਰੰਥ 3338 ਸਫ਼ਿਆਂ ਵਿਚ ਵੱਡੀਆਂ ਚਾਰ ਜਿੱਲਦਾਂ ਵਿਚ ਛੱਪ ਕੇ ਤਿਆਰ ਹੋਇਆ। ਇਸ ਤੇ ਉਸ ਵੇਲੇ 51000 ਰੁਪਏ ਖ਼ਰਚ ਆਇਆ। ਇਸ ਗ੍ਰੰਥ ਦੀ ਉਸ ਵੇਲੇ ਕੀਮਤ 110 ਰੁਪਏ ਰੱਖੀ ਗਈ, ਜੋ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਸੀ।
27 ਨਵੰਬਰ 1936 ਨੂੰ ਆਪ ਦੇ ਭਰਾ ਬਿਸ਼ਨ ਸਿੰਘ ਦਾ ਦੇਹਾਂਤ ਹੋ ਗਿਆ। ਉਸ ਤੋਂ ਥੋੜ੍ਹੇ ਚਿਰ ਬਾਅਦ ਹੀ 17 ਜੂਨ 1937 ਨੂੰ ਆਪ ਦੇ ਦੂਜੇ ਭਾਈ ਮੀਹਾਂ ਸਿੰਘ ਦਾ ਵੀ ਦੇਹਾਂਤ ਹੋ ਗਿਆ। ਇੰਨ੍ਹਾਂ ਦੋਵਾਂ ਭਰਾਵਾਂ ਦੀ ਮੌਤ ਦਾ ਸਦਮਾ ਆਪ ਲਈ ਅਸਹਿ ਸੀ। ਇਹ ਸਦਮਾ ਨਾ ਸਹਾਰਦੇ ਹੋਏ ਆਪ ਵੀ 23 ਨਵੰਬਰ 1938 ਨੂੰ 77 ਸਾਲ ਦੀ ਉਮਰ ਵਿਚ ਗੁਰੂ ਚਰਨਾਂ ਵਿਚ ਜਾ ਬਿਰਾਜੇ। ਆਪ ਆਪਣੀ ਮਹਾਨ ਰਚਨਾ ‘ਮਹਾਨ ਕੋਸ਼’ ਕਰਕੇ ਹਮੇਸ਼ਾ ਯਾਦ ਕੀਤੇ ਜਾਣਗੇ।
-ਧਰਮਿੰਦਰ ਸਿੰਘ ਚੱਬਾ