ਉਨ੍ਹਾਂ ਦੀਆਂ ਇਤਿਹਾਸਕ ਖੋਜਾਂ ਨੂੰ ਸਦਾ ਯਾਦ ਰੱਖਿਆ ਅਤੇ ਸਲਾਹਿਆ ਜਾਂਦਾ ਰਹੇਗਾ ਕਿਉਂਕਿ ਉਹ ਭਵਿੱਖੀ ਖੋਜ ਦੀਆਂ ਪ੍ਰੇਰਨਾ ਸ੍ਰੋਤ ਹਨ।

ਕੌਮਾਂ ਆਪਣੇ ਇਤਿਹਾਸ ਦੇ ਸਿਰ 'ਤੇ ਜਿਉਂਦੀਆਂ ਹਨ ਤੇ ਇਤਿਹਾਸਕਾਰ ਹਮੇਸ਼ਾਂ ਕੌਮਾਂ ਦੇ ਸਿਰ 'ਤੇ ਜਿਉਂਦੇ ਹਨ। ਜਿਨ੍ਹਾਂ ਇਤਿਹਾਸਕਾਰਾਂ ਨੇ ਸੱਚੀ ਲਗਨ, ਦ੍ਰਿੜਤਾ ਤੇ ਖੋਜੀ ਬਿਰਤੀ ਨਾਲ ਇਤਿਹਾਸ ਲਿਖੇ ਉਨ੍ਹਾਂ ਦੇ ਨਾਂ ਹਮੇਸ਼ਾਂ ਸਿਮਰਤੀਆਂ ਵਿਚ ਖੁਣੇ ਜਾਂਦੇ ਹਨ। ਇਤਿਹਾਸਕਾਰ ਬਣਨਾ ਕੋਈ ਸੌਖਾ ਕੰਮ ਨਹੀਂ। ਇਤਿਹਾਸ ਲਿਖਣ ਲਈ ਭੂਤ ਕਾਲ ਨੂੰ ਮੁੜ ਸਿਰਜਣਾ ਪੈਂਦਾ ਹੈ। ਉਹਦੇ ਵਿਚ ਉਹਦੀ ਉਹੋ ਰੂਹ ਫੂਕਣੀ ਪੈਂਦੀ ਹੈ ਜਿਸ ਨਾਲ ਸਾਰੇ ਦ੍ਰਿਸ਼ ਅੱਖਾਂ ਸਾਹਮਣੇ ਸਕਾਰ ਹੋ ਜਾਣ 'ਤੇ ਪਾਠਕ ਨੂੰ ਲੱਗੇ ਉਹ ਖ਼ੁਦ ਇਸ ਇਤਿਹਾਸ ਦਾ ਗਵਾਹ ਹੈ। ਅਜਿਹੇ ਉੱਚ ਦਮਾਲੜੇ ਵਾਲੇ ਇਤਿਹਾਸਕਾਰ ਸਨ, ਡਾ. ਕਿਰਪਾਲ ਸਿੰਘ। ਉਨ੍ਹਾਂ ਨੇ ਪੰਜਾਬ ਦੇ ਇਤਿਹਾਸ ਨੂੰ ਇਕ ਨਵੀਂ ਦਿਸ਼ਾ ਦਿੱਤੀ। ਖ਼ਾਸ ਕਰ ਕੇ ਉਨ੍ਹਾਂ ਦੀਆਂ ਉਹ ਕਿਤਾਬਾਂ ਜੋ ਵੰਡ ਬਾਰੇ ਹਨ, ਉਹ ਇਤਿਹਾਸਕ ਦਸਤਾਵੇਜ਼ ਹਨ। ਉਨਾਂ ਵਿਚ ਸ਼ਾਮਲ ਹਨ, ਪੰਜਾਬ ਦਾ ਬਟਵਾਰਾ ਤੇ ਸਿੱਖ ਨੇਤਾ, ਸਿੱਖਾਂ ਦੇ ਪਾਕਿਸਤਾਨ ਵਿੱਚੋਂ ਨਿਕਲਨ ਦੀ ਗਾਥਾ, ਭਾਰਤ ਦੀ ਆਜ਼ਾਦੀ ਦਾ ਆਗਮਨ ਅਤੇ ਸਿੱਖ ਸਥਿਤੀ, ਸਿੱਖ ਇਤਿਹਾਸ ਦੇ ਖੋਜ-ਨਿਬੰਧ, ਸ਼ਹੀਦੀਆਂ, ਜਨਮ ਸਾਖੀ ਪਰੰਪਰਾ, ਭਾਈ ਵੀਰ ਸਿੰਘ ਦੀ ਇਤਿਹਾਸਕ ਰਚਨਾ, ਪੰਜਾਬ ਦਾ ਬਟਵਾਰਾ' ਤੇ ਹੋਰ ਅਨੇਕਾਂ ਕਿਤਾਬਾਂ।
ਡਾ. ਕਿਰਪਾਲ ਸਿੰਘ ਦਾ ਜਨਮ ਲਾਹੌਰ ਤੋਂ ਰਾਵਲਪਿੰਡੀ ਜਾਂਦੀ ਰੇਲਵੇ ਲਾਈਨ ਦੇ ਸਟੇਸ਼ਨ ਸਾਧੋਕੀ ਤੋਂ ਸੱਤ ਅੱਠ ਕਿਲੋਮੀਟਰ ਦੂਰ ਪਿੰਡ ਗੁੱਨਾਊਰ ਵਿਚ 1924 ਵਿਚ ਹੋਇਆ। ਤਰੀਕੇ ਮਖਜ਼ਨੇ ਪੰਜਾਬ ਵਿਚ ਲਿਖਿਆ ਹੈ ਕਿ ਮੁਗ਼ਲ ਬਾਦਸ਼ਾਹ ਤੈਮੂਰ ਨੇ ਜਦੋਂ ਭਾਰਤ 'ਤੇ ਹਮਲਾ ਕੀਤਾ ਤਾਂ ਗੁੱਨਾ ਨਾਂ ਦੇ ਇਕ ਵਿਅਕਤੀ ਨੇ ਉਹਦੀ ਬੜੀ ਮਦਦ ਕੀਤੀ, ਉਸ ਦੇ ਨਾਂ 'ਤੇ ਇਹ ਪਿੰਡ ਗੁੱਨਾਊਰ ਅਬਾਦ ਹੋਇਆ। ਇਹਦਾ ਅਰਥ ਹੈ ਗੁੱਨਾ ਦੀ ਧਰਤੀ। ਤੈਮੂਰ ਨੇ ਹੀ ਇਹ ਇਲਾਕਾ ਗੁੱਨਾ ਨੂੰ ਦਿੱਤਾ ਸੀ। ਇਹ ਡੇਕ ਨਦੀ ਦੇ ਕੰਢੇ ਵਸਿਆ ਹੋਇਆ ਹੈ। ਇਹ ਦਰਿਆ ਰਾਵੀ ਦੀ ਇਕ ਧਾਰਾ ਹੈ ਜੋ ਜੰਮੂ ਦੀਆਂ ਪਹਾੜੀਆਂ ਵਿੱਚੋਂ ਨਿਕਲ ਕੇ ਜ਼ਿਲ੍ਹਾ ਗੁਜਰਾਂਵਾਲਾ ਅਤੇ ਸ਼ੇਖੂਪੁਰਾ ਨੂੰ ਸਿੰਜਦੀ ਹੋਈ ਰਾਵੀ ਵਿਚ ਜਾ ਮਿਲਦੀ ਹੈ।
ਉਨ੍ਹਾਂ ਦੇ ਪਿਤਾ ਤੇ ਦਾਦਾ ਪਟਵਾਰੀ ਸਨ। 1913-14 ਤੋਂ ਲੈ ਕੇ 1939 ਤਕ ਉਨ੍ਹਾਂ ਦੇ ਪਿਤਾ ਲਾਲਾ ਧਨੀ ਰਾਮ ਕਪੂਰ ਆਪਣੇ ਪਿੰਡ ਦੇ ਪਟਵਾਰੀ ਰਹੇ। ਉਹ ਇਲਾਕੇ ਦੇ ਮੰਨੇ ਪ੍ਰਮੰਨੇ ਵਿਅਕਤੀ ਸਨ। ਉਨ੍ਹਾਂ ਦੇ ਪਿਤਾ ਬੜੀ ਮੁਸ਼ਕਲ ਨਾਲ ਪੜ੍ਹੇ ਸਨ। ਉਨ੍ਹਾਂ ਨੂੰ ਪੜ੍ਹਣ ਲਈ ਦੂਰ ਦੁਰੇਡੇ ਜਾਣਾ ਪੈਂਦਾ ਸੀ। ਇਸੇ ਲਈ ਦੂਜੇ ਪਟਵਾਰੀਆਂ ਵਾਂਗ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਜ਼ਿਮੀਦਾਰ ਨਹੀਂ ਬਣਾਇਆ ਸਗੋਂ ਗੁਜਰਾਂਵਾਲਾ ਖ਼ਾਲਸਾ ਸਕੂਲ ਦੇ ਹੋਸਟਲਾਂ ਵਿਚ ਰੱਖ ਕੇ ਪੜ੍ਹਾਇਆ ਤਾਂ ਜੋ ਉਹ ਪੜ੍ਹ ਲਿਖੇ ਕੇ ਵੱਡੇ ਬੰਦੇ ਬਣ ਸਕਣ। ਸਾਰੇ ਇਲਾਕਾ ਨਿਵਾਸੀ ਉਨ੍ਹਾਂ ਦੇ ਪਿਤਾ ਜੀ ਨੂੰ ਲਾਲਾ ਜੀ ਕਹਿ ਕੇ ਸਦਦੇ ਸਨ। ਡਾ. ਸਾਹਿਬ ਦੇ ਮਾਤਾ ਭਾਵੇਂ ਗੁਰਮੁਖੀ ਪੜ੍ਹੇ ਸਨ ਪਰ ਪਿਤਾ ਕੇਵਲ ਉਰਦੂ ਹੀ ਜਾਣਦੇ ਸਨ ਤੇ ਪਾਠ ਵੀ ਉਰਦੂ ਦੇ ਗੁਟਕਿਆਂ 'ਚੋਂ ਕਰਿਆ ਕਰਦੇ ਸਨ।
ਉਨ੍ਹਾਂ ਦੇ ਸਿੱਖ ਸਜਣ ਦੀ ਗੱਲ ਵੀ ਬੜੀ ਦਿਲਚਸਪ ਹੈ। ਗੁਜਰਾਂਵਾਲਾ ਦੇ ਖ਼ਿਆਲੀ ਦਰਵਾਜ਼ੇ ਅੰਦਰ ਹਰੀ ਸਿੰਘ ਨਲੂਏ ਦਾ ਬੜਾ ਪ੍ਰਸਿਧ ਘਰ ਸੀ। ਉਸ ਘਰ ਵਿਚ ਗੁਰੂ ਮਹਾਰਾਜ ਦਾ ਪ੍ਰਕਾਸ਼ ਹੁੰਦਾ ਸੀ ਤੇ ਬਹੁਤ ਸਾਰੇ ਲੋਕ ਉੱਥੇ ਮੱਥਾ ਟੇਕਣ ਜਾਂਦੇ।
ਡਾ. ਸਾਹਿਬ ਨੇ ਮੁੱਢਲੀਆਂ ਜਮਾਤਾਂ ਪਿੰਡ ਵਿੱਚੋਂ ਹੀ ਪਾਸ ਕੀਤੀਆਂ। ਗੁੱਨਾਊਰ ਦੇ ਚੜ੍ਹਦੇ ਪਾਸੇ ਛੇ ਜਮਾਤਾਂ ਤਕ ਇਕ ਸਕੂਲ ਸੀ। ਉਨ੍ਹਾਂ ਸਮਿਆਂ 'ਚ ਪਿੰਡਾਂ ਦੇ ਸਕੂਲ ਬੋਰਡਾਂ ਦੇ ਅਧੀਨ ਹੁੰਦੇ ਸਨ। ਹੈਡਮਾਸਟਰ ਕੋਲ ਹੀ ਡਾਕਖਾਨੇ ਦੀਆਂ ਟਿਕਟਾਂ ਖ਼ਤ ਅਤੇ ਲਿਫ਼ਾਫ਼ੇ ਹੁੰਦੇ ਸਨ। ਪਿੰਡ ਵਿਚ ਡਾਕੀਆ ਦੂਜੇ ਤੀਜੇ ਦਿਨ ਚਿੱਠੀਆਂ ਵੰਡਣ ਆਉਂਦਾ ਤੇ ਉਹ ਵੀ ਸਕੂਲ ਦੇ ਹੈਡਮਾਸਟਰ ਨੂੰ ਦੇ ਜਾਂਦਾ। ਡਾਕਖਾਨੇ ਦਾ ਇੰਚਾਰਜ਼ ਮੁਨਸ਼ੀ ਅਬਦਲ ਵਾਹਿਦ ਜੋ ਸਕੂਲ 'ਚ ਉਰਦੂ-ਫ਼ਾਰਸੀ ਦਾ ਅਧਿਆਪਕ ਵੀ ਸੀ।
ਪੰਜਾਬ ਦੇ ਖ਼ਾਲਸਾ ਸਕੂਲਾਂ ਵਿੱਚੋਂ ਗੁਜਰਾਂਵਾਲਾ ਖ਼ਾਲਸਾ ਸਕੂਲ ਸਭ ਤੋਂ ਪਹਿਲਾਂ 1889 ਈਸਵੀ ਵਿਚ ਖੁਲ੍ਹਿਆ। ਡਾ. ਸਾਹਿਬ ਨੇ ਇਸੇ ਸਕੂਲ ਵਿੱਚੋਂ ਦਸਵੀਂ ਜਮਾਤ ਅੰਗਰੇਜ਼ੀ, ਉਰਦੂ, ਪੰਜਾਬੀ, ਫ਼ਾਰਸੀ, ਇਤਿਹਾਸ ਤੇ ਗਣਿਤ ਵਿਸ਼ਿਆਂ ਨਾਲ ਪਾਸ ਕੀਤੀ। ਧਾਰਮਿਕ ਵਿੱਦਿਆ ਇਕ ਵਿਸ਼ੇ ਵਜੋਂ ਵੱਖਰੀ ਪੜ੍ਹਾਈ ਜਾਂਦੀ ਸੀ। ਜਦੋਂ ਗੁਜਰਾਂਵਾਲਾ ਵਿਖੇ ਕਾਲਜ ਖੋਲ੍ਹਿਆ ਗਿਆ ਤਾਂ ਡਾ. ਸਾਹਿਬ ਨੇ ਇੱਥੋਂ ਦੀ ਐੱਫਏ ਪਾਸ ਕੀਤੀ। ਇਸ ਵਿਚ ਉਨ੍ਹਾਂ ਕੋਲ ਅੰਗਰੇਜ਼ੀ, ਗਣਿਤ, ਫ਼ਾਰਸੀ, ਹਿਸਟਰੀ ਤੇ ਪੰਜਾਬੀ ਵਿਸ਼ੇ ਸਨ।
1943 ਵਿਚ ਉਨ੍ਹਾਂ ਨੇ ਐਫਏ ਪਾਸ ਕਰ ਲਈ। ਇਹ ਸਮਾਂ ਦੂਜੀ ਵੱਡੀ ਸੰਸਾਰ ਜੰਗ ਦਾ ਸੀ। ਉਨਾਂ ਦੇ ਪਿਤਾ ਤੇ ਭਰਾ ਦੀ ਇੱਛਾ ਸੀ ਕਿ ਉਹ ਕੋਈ ਨਾ ਕੋਈ ਨੌਕਰੀ ਕਰਨ। ਉਨ੍ਹਾਂ ਕੋਸ਼ਿਸ਼ ਕਰ ਕੇ ਡਾ. ਸਾਹਿਬ ਨੂੰ ਰੇਲਵੇ ਵਿਚ ਕਲਰਕ ਲਵਾ ਦਿੱਤਾ। ਪਹਿਲੀ ਨੌਕਰੀ ਉਨਾਂ ਨੂੰ ਰੇਲਵੇ ਅਕਾਊਂਟਸ ਬਰਾਂਚ ਨਵੀਂ ਦਿੱਲੀ 'ਚ ਮਿੱਲੀ। ਓਥੇ ਨੌਕਰੀ ਕਰਦਿਆਂ ਹੀ ਉਨ੍ਹਾਂ ਦੇ ਦੋਸਤ ਰਜਿੰਦਰ ਸਿੰਘ ਨੇ ਅੱਗੇ ਪੜ੍ਹਨ ਲਈ ਪ੍ਰੇਰਿਆ ਤੇ ਡਾ. ਸਾਹਿਬ ਨੌਕਰੀ ਛੱਡ ਕੇ ਘਰ ਆ ਗਏ ਤੇ ਪੜ੍ਹਾਈ ਕਰਨ ਵਿਚ ਰੁਝ ਗਏ। ਪ੍ਰੋਫੈਸਰ ਨਰਾਇਣ ਸਿੰਘ ਹੋਰਾਂ ਪੜ੍ਹਣ ਵਿਚ ਉਨ੍ਹਾਂ ਦੀ ਬੜੀ ਮਦਦ ਕੀਤੀ। 1943 ਵਿਚ ਹੀ ਉਨ੍ਹਾਂ ਨੇ ਕਾਲਜ ਵਿੱਚੋਂ ਬੀਏ ਆਨਰਜ਼ ਹਿਸਟਰੀ ਦੀ ਪਰੀਖਿਆ ਪਾਸ ਕੀਤੀ। 1945 ਵਿਚ ਅਜੇ ਉਨ੍ਹਾਂ ਦਾ ਰਿਜਲਟ ਨਹੀਂ ਸੀ ਆਇਆ ਜਦੋਂ ਉਨ੍ਹਾਂ ਨੂੰ ਐੱਸਡੀ ਹਾਈ ਸਕੂਲ ਕਾਮੋਕੇ ਵਿਖੇ ਨੌਕਰੀ ਮਿਲ ਗਈ। ਇੱਥੇ ਉਨ੍ਹਾਂ ਇਕ ਸਾਲ ਨੌਕਰੀ ਕੀਤੀ। ਉਦੋਂ ਅਧਿਆਪਕ ਬਣਨ ਲਈ ਬੀਟੀ ਪਾਸ ਕਰਨੀ ਜ਼ਰੂਰੀ ਸੀ ਪਰ ਸਾਰੇ ਪੰਜਾਬ ਵਿਚ ਇੱਕੋ ਗੌਰਮਿੰਟ ਟਰੇਨਿੰਗ ਕਾਲਜ ਲਾਹੌਰ ਸੀ ਤੇ ਉੱਥੇ ਦਾਖ਼ਲਾ ਮਿਲਣਾ ਮੁਸ਼ਕਲ ਸੀ।
ਫਿਰ ਉਹ ਸੈਂਟਰਲ ਟਰੇਨਿੰਗ ਕਾਲਜ ਲਾਹੌਰ ਵਿਚ ਦਾਖ਼ਲ ਹੋ ਗਏ। ਇਹ ਉਸ ਕਾਲਜ ਦਾ ਆਖ਼ਰੀ ਇਮਤਿਹਾਨ ਸੀ। ਫਿਰਕੂ ਦੰਗੇ ਸ਼ੁਰੂ ਹੋ ਗਏ। ਵੰਡ ਦਾ ਰੌਲਾ ਪੈ ਗਿਆ। ਖ਼ਾਲਸਾ ਕਾਲਜ ਨੂੰ ਅੱਗ ਲਾਉਣ ਦੀ ਵਿਓਂਤ ਬਾਰੇ ਜਦੋਂ ਬਾਵਾ ਹਰਕ੍ਰਿਸ਼ਨ ਸਿੰਘ ਨੂੰ ਪਤਾ ਲੱਗਾ ਤਾਂ ਉਨ੍ਹਾਂ ਵਾਸਤੇ ਪਾਏ, 'ਕਾਲਜ ਕੋ ਮਤ ਜਲਾਓ, ਕਾਲਜ ਤੀਨੋਂ ਕੌਮੋਂ ਕਾ ਹੈ। ਸਿੱਖ, ਹਿੰਦੂ, ਮੁਸਲਮਾਨ, ਇਨ ਸਭ ਕਾ ਹਿੱਸਾ ਹੈ ਇਸੇ ਮਤ ਜਲਾਓ।'
ਅਗਸਤ 1947 ਵਿਚ ਉਹ ਦਿੱਲੀ ਪਹੁੰਚ ਗਏ। ਉੱਥੇ ਉਨ੍ਹਾਂ ਨੂੰ ਅਪਰ ਡਿਵੀਜ਼ਨ ਕਲਰਕ ਦੀ ਨੌਕਰੀ ਮਿਲ ਗਈ ਤੇ ਇੰਜ ਹੀ ਉਨ੍ਹਾਂ ਦੀ ਪਤਨੀ ਨੂੰ ਲੇਡੀ ਇਰਵਿਨ ਸਕੂਲ ਵਿਚ ਨੌਕਰੀ ਮਿਲ ਗਈ। ਅਪ੍ਰੈਲ 1950 ਦੇ ਨੇੜੇ-ਤੇੜੇ ਉਨ੍ਹਾਂ ਦਾ ਐੱਮਏ ਦਾ ਰਿਜਲਟ ਆ ਗਿਆ। ਡਾ. ਕਿਰਪਾਲ ਸਿੰਘ ਨਾਰੰਗ ਦੀ ਪ੍ਰਰਣਾ ਤੇ ਸਿਫਾਰਸ਼ ਨਾਲ ਉਨ੍ਹਾਂ ਨੂੰ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਨੌਕਰੀ ਮਿਲ ਗਈ। ਖ਼ਾਲਸਾ ਕਾਲਜ ਦੇ ਸਿੱਖ ਹਿਸਟਰੀ ਰਿਸਰਚ ਡਿਪਾਰਟਮੈਂਟ ਵਿਚ ਉਨ੍ਹਾਂ ਨੂੰ ਖੋਜਕਾਰ ਨਿਯੁਕਤ ਕੀਤਾ ਗਿਆ। ਇਹ ਵਿਭਾਗ ਭਾਈ ਵੀਰ ਸਿੰਘ ਦੇ ਕਹਿਣ 'ਤੇ 1929 ਵਿਚ ਸਥਾਪਤ ਕੀਤਾ ਗਿਆ ਸੀ। ਇਸ ਵਿਚ ਪਹਿਲੀ ਨਿਯੁਕਤੀ ਕਰਮ ਸਿੰਘ ਹਿਸਟੋਰੀਅਨ ਦੀ ਹੋਈ ਪਰ ਉਨ੍ਹਾਂ ਦਾ ਦੇਹਾਂਤ ਹੋ ਗਿਆ। ਦੂਸਰੀ ਨਿਯੁਕਤੀ ਡਾ. ਗੰਡਾ ਸਿੰਘ ਦੀ ਹੋਈ ਤੇ ਤੀਸਰੀ ਡਾ. ਕਿਰਪਾਲ ਸਿੰਘ ਦੀ।
ਇਹ ਨੌਕਰੀ ਡਾ. ਸਾਹਿਬ ਦੀ ਜ਼ਿੰਦਗੀ ਦਾ ਅਹਿਮ ਮੋੜ ਸੀ। ਇੱਥੇ ਉਨ੍ਹਾਂ ਦੇ ਅੰਦਰਲਾ ਸਿਰੜੀ ਖੋਜੀ ਜਾਗ ਪਿਆ। 1952 ਵਿਚ ਉਹ ਇੰਡੀਅਨ ਹਿਸਟਰੀ ਕਾਂਗਰਸ ਵਿਚ ਹਿੱਸਾ ਲੈਣ ਲਈ ਜੈਪੁਰ ਗਏ। ਉੱਥੇ ਵਿਦਵਾਨਾਂ ਕੋਲੋਂ ਪਤਾ ਲੱਗਾ ਕਿ ਆਲਾ ਦਾ ਜ਼ਿਕਰ ਮਰਾਠੀ ਦਸਤਾਵੇਜਾਂ ਵਿਚ ਆਉਂਦਾ ਹੈ ਫਿਰ ਉਨ੍ਹਾਂ ਪੂਨੇ ਜਾ ਕੇ ਖੋਜ ਕੀਤੀ ਤੇ ਬਾਬਾ ਆਲਾ ਸਿੰਘ 'ਤੇ ਕਿਤਾਬ ਲਿਖੀ, ਜੋ ਖੋਜ ਦਾ ਵਧੀਆ ਨਮੂਨਾ ਹੈ।
1950 ਵਿਚ ਜਦੋਂ ਉਹ ਖ਼ਾਲਸਾ ਕਾਲਜ ਖੋਜ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਸੁਨੇਹਾ ਆਇਆ ਕਿ ਸ਼੍ਰੋਮਣੀ ਕਮੇਟੀ ਆਪਣਾ ਕੁਝ ਰਿਕਾਰਡ ਸਾੜ ਰਹੀ ਹੈ। ਉਨ੍ਹਾਂ ਡਾ. ਸਾਹਿਬ ਨੂੰ ਸੱਦਾ ਦਿੱਤਾ ਕਿ ਤੁਸੀਂ ਆ ਕੇ ਦੇਖੋ। ਉਨ੍ਹਾਂ ਜਦੋਂ ਰਿਕਾਰਡ ਵੇਖਿਆ ਤਾਂ ਉਸ ਵਿਚ ਅਕਾਲੀ ਪ੍ਰਿਜ਼ਰਨਜ ਕੇਸ ਅਤੇ ਹੋਰ ਬਹੁਤ ਸਾਰੀਆਂ ਇਤਿਹਾਸਕ ਮਹੱਤਤਾ ਵਾਲੀਆਂ ਲਿਖਤਾਂ ਸਨ ਜਿਨ੍ਹਾਂ ਵਿਚ ਮਹਾਤਮਾ ਗਾਂਧੀ ਦੀ ਉਹ ਤਾਰ ਵੀ ਸੀ ਜਦੋਂ ਸਿੱਖਾਂ ਨੇ ਕੁੰਜੀਆਂ ਦਾ ਮੋਰਚਾ ਜਿੱਤ ਲਿਆ ਤਾਂ ਉਨਾਂ ਕਿਹਾ ਸੀ ਆਜ਼ਾਦੀ ਦੀ ਜੰਗ ਜਿੱਤ ਲਈ ਹੈ। ਇਹ ਸਾਰਾ ਰਿਕਾਰਡ ਅਕਾਲੀ ਲਹਿਰ ਅਤੇ ਗੁਰਦੁਵਾਰਾ ਸੁਧਾਰ ਲਹਿਰ ਨਾਲ ਸਬੰਧਤ ਸੀ ਜੋ ਡਾ. ਸਾਹਿਬ ਨੇ ਜਿਲਦਬੰਦੀ ਕਰਵਾ ਕੇ ਖ਼ਾਲਸਾ ਕਾਲਜ ਦੇ ਇਤਿਹਾਸ ਖੋਜ ਵਿਭਾਗ ਦੀ ਲਾਇਬ੍ਰੇਰੀ ਵਿਚ ਪਹੁੰਚਾ ਦਿੱਤਾ। ਵੰਡ ਤੋਂ ਬਾਅਦ ਮੁਸਲਮਾਨਾਂ ਦੀਆਂ ਇੱਧਰ ਰਹਿ ਗਈਆਂ ਲਾਇਬ੍ਰੇਰੀਆਂ ਵਿੱਚੋਂ ਡਾ. ਸਾਹਿਬ ਸਿੱਖ ਇਤਿਹਾਸ ਨਾਲ ਸਬੰਧਿਤ ਕਿਤਾਬਾਂ ਲੱਭਦੇ ਰਹੇ। ਉਨ੍ਹਾਂ ਨੇ ਮੁਸਲਮਾਨਾਂ ਦੇ ਘਰਾਂ ਵਿਚ ਜਾ ਕੇ ਫੋਲਾ ਫਾਲੀ ਕੀਤੀ ਇਸੇ ਦਾ ਸਿੱਟਾ ਸੀ ਕਿ ਕਰਨਾਲ ਦੇ ਕੁੰਜਪੁਰਾ ਵਿਚ ਇਕ ਵੱਡੀ ਇਸਲਾਮੀ ਲਾਈਬ੍ਰੇਰੀ ਲੱਭੀ ਜੋ ਉਨ੍ਹਾਂ ਦੀ ਬੇਨਤੀ 'ਤੇ ਭਾਰਤ ਸਰਕਾਰ ਨੇ ਸਾਂਭ ਲਈ। ਇਸੇ ਤਰ੍ਹਾਂ ਪੰਜਾਬ ਸਰਕਾਰ ਦਾ ਪ੍ਰੈਸ ਵਿਭਾਗ ਪੰਜਾਬ ਦੇ ਬਹੁਤ ਸਾਰੇ ਪੁਰਾਣੇ ਗਜ਼ਟੀਅਰ ਸਾੜ ਰਿਹਾ ਸੀ ਪਰ ਡਾ. ਸਾਹਿਬ ਨੇ ਬੜੀ ਕੋਸ਼ਿਸ਼ ਨਾਲ ਉਨ੍ਹਾਂ ਨੂੰ ਰੋਕਿਆ ਤੇ ਅੱਟਕ, ਗੁਜਰਾਂਵਾਲਾ, ਮਿੰਟਗੁਮਰੀ ਤੇ ਹੋਰ ਕਈ ਜ਼ਿਲ੍ਹਿਆਂ ਦੇ ਗਜ਼ਟੀਅਰ ਸੁਰੱਖਿਅਤ ਕੀਤੇ।
1953 ਵਿਚ ਉਨ੍ਹਾਂ ਦਾ ਮੇਲ ਭਾਈ ਵੀਰ ਸਿੰਘ ਨਾਲ ਹੋਇਆ ਤੇ ਉਨ੍ਹਾਂ ਦੀ ਪ੍ਰੇਰਣਾ ਸਦਕਾ ਉਨ੍ਹਾਂ ਨੇ ਰਫ਼ਿਊਜੀ ਕੈਂਪਾਂ ਤੇ ਉਜਾੜੇ ਨਾਲ ਸਬੰਧਤ ਦਸਤਾਵੇਜ਼ ਇਕੱਠੇ ਕਰਨ ਅਤੇ ਉਨ੍ਹਾਂ ਦਾ ਇਤਿਹਾਸ ਲਿਖਣ ਦੀ ਵਿਓਂਤ ਬਣਾਈ। ਇਕ ਵਾਰ ਉਹ ਭਾਈ ਵੀਰ ਸਿੰਘ ਹੋਰਾਂ ਨੂੰ ਮਿਲਣ ਗਏ ਤਾਂ ਉਹ ਕਹਿਣ ਲੱਗੇ ਕਿ ਤੁਹਾਨੂੰ ਹਿਸਟਰੀ ਰਿਸਰਚ ਵਿਭਾਗ ਲਈ ਆਪਣਾ ਜੀਵਨ ਅਰਪਣ ਕਰ ਦੇਣਾ ਚਾਹੀਦਾ ਹੈ ਤੁਸੀਂ ਇਸ ਬਾਰੇ ਜ਼ਰੂਰ ਸੋਚਣਾ। ਜਦੋਂ ਦੁਬਾਰਾ ਮੇਲ ਹੋਇਆ ਤਾਂ ਉਨ੍ਹਾਂ ਫਿਰ ਪੁੱਛ ਲਿਆ। ਡਾ. ਸਾਹਿਬ ਨੇ ਵਾਅਦਾ ਕੀਤਾ ਕਿ ਮੈਂ ਸਿੱਖ ਇਤਿਹਾਸ ਵਾਸਤੇ ਪ੍ਰਤਿਗਿਆ ਕਰਦਾ ਹਾਂ ਕਿ ਸਾਰੀ ਉਮਰ ਸਿੱਖ ਇਤਿਹਾਸ ਦੀ ਹੀ ਖੋਜ ਕਰਾਂਗਾ।
1962 ਵਿਚ ਪੰਜਾਬੀ ਯੂਨੀਵਰਸਿਟੀ ਬਣੀ ਤਾਂ ਵਾਈਸ ਚਾਂਸਲਰ ਡਾ. ਕਿਰਪਾਲ ਸਿੰਘ ਨਾਰੰਗ ਨੇ ਡਾ. ਸਾਹਿਬ ਨੂੰ ਸੱਦਾ ਦਿੱਤਾ ਕਿ ਉਹ ਯੂਨੀਵਰਸਿਟੀ 'ਚ ਆ ਕੇ ਇਤਿਹਾਸ ਵਿਭਾਗ ਸਥਾਪਤ ਕਰਨ ਪਰ ਡਾ. ਸਾਹਿਬ ਦਾ ਮਨ ਸੀ ਕਿ ਉਨ੍ਹਾਂ ਨੇ ਖ਼ਾਲਸਾ ਕਾਲਜ ਦੇ ਇਤਿਹਾਸ ਖੋਜ ਵਿਭਾਗ ਵਿਚ ਬੜੀ ਮਿਹਨਤ ਕੀਤੀ ਹੈ ਤੇ ਦੂਜਾ ਭਾਈ ਵੀਰ ਸਿੰਘ ਹੋਰਾਂ ਨਾਲ ਕੀਤਾ ਵਾਅਦਾ ਹੈ ਕਿ ਉਹ ਸਿੱਖ ਇਤਿਹਾਸ 'ਤੇ ਹੀ ਖੋਜ ਕਰਨਗੇ ਪਰ ਜਦੋਂ ਵਾਇਸ ਚਾਂਸਲਰ ਨੇ ਦੱਸਿਆ ਕਿ ਯੂਨੀਵਰਸਿਟੀ ਇਕ ਵੱਡੀ ਸੰਸਥਾ ਹੈ ਤੇ ਉਹ ਕਿਸੇ ਦੇ ਰਿਸਰਚ ਕਰਨ 'ਤੇ ਪਾਬੰਧੀ ਨਹੀਂ ਲਾਂਦੀ। ਤੁਸੀਂ ਜਿਸ ਮਰਜ਼ੀ ਵਿਸ਼ੇ 'ਤੇ ਖੋਜ ਕਰੋ। ਇੰਜ ਡਾ. ਸਾਹਿਬ ਪਟਿਆਲੇ ਜਾ ਕੇ ਖੋਜ ਦੇ ਇਕ ਹੋਰ ਵੱਡੇ ਅਦਾਰੇ ਵਿਚ ਪਹੁੰਚ ਗਏ। ਇੱਥੇ ਉਨ੍ਹਾਂ ਜਨਮ ਸਾਖੀ ਖੋਜ ਦੀ ਯੋਜਨਾ ਬਣਾਈ ਜਿਸ ਵਿੱਚੋਂ ਉਨ੍ਹਾਂ ਦੀ ਬਹੁਮੁਲੀ ਖੋਜ ਜਨਮ ਸਾਖੀ ਪਰੰਪਰਾ ਹੋਂਦ ਵਿਚ ਆਈ। ਅਗਲਾ ਖੋਜ ਕਾਰਜ ਉਨ੍ਹਾਂ ਜ਼ਫ਼ਰਨਾਮਾ ਰਣਜੀਤ ਸਿੰਘ ਦੀ ਸੰਪਾਦਨਾ ਦਾ ਕੀਤਾ। ਇਨ੍ਹਾਂ ਤੋਂ ਇਲਾਵਾ ਉਨ੍ਹਾਂ ਨੇ ਅਨੇਕਾਂ ਪ੍ਰੋਜੈਕਟਾਂ 'ਤੇ ਕੰਮ ਕੀਤਾ, ਅਨੇਕਾਂ ਸੰਸਥਾਵਾਂ, ਗੁਰਦੁਵਾਰਾ ਕਮੇਟੀਆਂ ਤੇ ਸੰਸਥਾਵਾਂ ਵਿਚ ਇਤਿਹਾਸਕ ਕੰਮ ਕੀਤੇ। ਉਨ੍ਹਾਂ ਨੂੰ ਅਨੇਕਾਂ ਮਾਣ-ਸਨਮਾਨ ਤੇ ਉਪਾਧੀਆਂ ਮਿਲੀਆਂ। ਅਕਾਲ ਤਖ਼ਤ ਸਾਹਿਬ ਤੋਂ ਉਨ੍ਹਾਂ ਨੂੰ 'ਪ੍ਰੋਫੈਸਰ ਆਫ ਸਿਖਇਜ਼ਮ', ਪੰਜਾਬੀ ਯੂਨੀਵਰਸਿਟੀ ਵੱਲੋਂ ਡੀਲਿਟ ਤੇ ਹੋਰ ਕਈ ਸੰਸਥਾਵਾਂ ਵੱਲੋਂ ਮਾਣ-ਸਨਮਾਣ ਮਿਲੇ।
ਉਨ੍ਹਾਂ ਦਾ ਸੁਪਨਾ ਸੀ ਕਿ ਜੇ ਉਨ੍ਹਾਂ ਨੂੰ ਇਕ ਜਨਮ ਹੋਰ ਮਿਲੇ ਤਾਂ ਉਹ ਆਪਣੀ ਸਾਰੀ ਜ਼ਿੰਦਗੀ ਇਸ ਸੁਪਨੇ ਨੂੰ ਪੂਰਿਆਂ ਕਰਨ 'ਤੇ ਲਾ ਦੇਣ। ਉਨਾਂ ਦਾ ਸੁਪਨਾ ਸੀ ਸਿੱਖ ਇਤਿਹਾਸ ਖੋਜ ਅਤੇ ਸਿਖਲਾਈ ਸੰਸਥਾ ਸਥਾਪਿਤ ਕਰ ਕੇ ਸਿੱਖ ਸ੍ਰੋਤਾਂ ਦਾ ਅਧਿਐਨ, ਵੱਖ-ਵੱਖ ਭਾਸ਼ਾਵਾਂ ਵਿਚ ਕਰਨਾ। ਜਿਵੇਂ ਪੰਜਾਬੀ ਸ੍ਰੋਤ, ਫ਼ਾਰਸੀ ਸ੍ਰੋਤ, ਡਿੰਗਲ, ਮਰਾਠਾ ਸ੍ਰੋਤ, ਅੰਗਰੇਜ਼ੀ ਅਤੇ ਫ਼ਰਾਂਸੀਸੀ ਸ੍ਰੋਤ। ਇਸ ਤੋਂ ਇਲਾਵਾ ਇਤਿਹਾਸ ਤੇ ਇਤਿਹਾਸਕਾਰੀ ਦਾ ਵਿਸ਼ਾਲ ਅਧਿਐਨ। ਡਾ. ਸਾਹਿਬ ਇਕ ਲੰਬੀ ਉਮਰ ਭੋਗ ਕੇ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੀਆਂ ਇਤਿਹਾਸਕ ਖੋਜਾਂ ਨੂੰ ਸਦਾ ਯਾਦ ਰੱਖਿਆ ਅਤੇ ਸਲਾਹਿਆ ਜਾਂਦਾ ਰਹੇਗਾ ਕਿਉਂਕਿ ਉਹ ਭਵਿੱਖੀ ਖੋਜ ਦੀਆਂ ਪ੍ਰੇਰਨਾ ਸ੍ਰੋਤ ਹਨ। (ਨਿਰਗੁਣ-ਨਿਸਤਾਰੇ ਤੇ ਆਧਾਰਤ)।
ਡਾ. ਪਰਮਜੀਤ ਢੀਂਗਰਾ
94173-58120