ਵਰਿਆਮ ਸਿੰਘ ਸੰਧੂ ਸਾਫ਼ਗੋਈ ਦਾ ਨਾਂ ਹੈ। ਆਪਣੇ ਨਫ਼ੇ-ਨੁਕਸਾਨ ਤੋਂ ਬੇਮੁਖ ਹੋ ਕੇ, ਦੋਸਤਾਂ ਦੇ ਪਾਸੇ ਖੜ੍ਹ ਜਾਣਾ, ਉਸ ਦੀ ਫ਼ਿਤਰਤ ਹੈ। ਨਿਰਮਲ ਪਾਣੀ ਦੀ ਝੀਲ ਵਰਗੀ ਉਸ ਦੀ ਸ਼ਖ਼ਸੀਅਤ ਦੇ, ਟਿਕੇ ਹੋਏ ਤਲ ਦੀ ਤਹਿ ’ਚ, ਖੌਲ੍ਹਦੀ ਗਤੀਸ਼ੀਲਤਾ ਦੀ ਥਾਹ ਪਾਉਣੀ ਬਹੁਤ ਮੁਸ਼ਕਿਲ ਹੈ। ਉਸ ਦੀ ਸ਼ਖ਼ਸੀਅਤ ਦੀ ਇਹ ਅਦਭੁਤ ਤਾਸੀਰ, ਉਸ ਦੀ ਜ਼ਿੰਦਗੀ ਦੇ ਵਿਆਪਕ ਤਜਰਬੇ ਦੀ ਦੇਣ ਵੀ ਹੈ।

ਵਰਿਆਮ ਸਿੰਘ ਸੰਧੂ ਸਾਫ਼ਗੋਈ ਦਾ ਨਾਂ ਹੈ। ਆਪਣੇ ਨਫ਼ੇ-ਨੁਕਸਾਨ ਤੋਂ ਬੇਮੁਖ ਹੋ ਕੇ, ਦੋਸਤਾਂ ਦੇ ਪਾਸੇ ਖੜ੍ਹ ਜਾਣਾ, ਉਸ ਦੀ ਫ਼ਿਤਰਤ ਹੈ। ਨਿਰਮਲ ਪਾਣੀ ਦੀ ਝੀਲ ਵਰਗੀ ਉਸ ਦੀ ਸ਼ਖ਼ਸੀਅਤ ਦੇ, ਟਿਕੇ ਹੋਏ ਤਲ ਦੀ ਤਹਿ ’ਚ, ਖੌਲ੍ਹਦੀ ਗਤੀਸ਼ੀਲਤਾ ਦੀ ਥਾਹ ਪਾਉਣੀ ਬਹੁਤ ਮੁਸ਼ਕਿਲ ਹੈ। ਉਸ ਦੀ ਸ਼ਖ਼ਸੀਅਤ ਦੀ ਇਹ ਅਦਭੁਤ ਤਾਸੀਰ, ਉਸ ਦੀ ਜ਼ਿੰਦਗੀ ਦੇ ਵਿਆਪਕ ਤਜਰਬੇ ਦੀ ਦੇਣ ਵੀ ਹੈ ਤੇ ਉਸ ਦੇ ਪਰਿਵਾਰਕ ਪਿਛੋਕੜ ਦੀ ਵੀ। ਲਾਹੌਰ ਜ਼ਿਲ੍ਹੇ ’ਚ ਪੈਂਦਾ ਮਾਝੇ ਦਾ ਪਿੰਡ ਭਡਾਣਾ, ਉਸ ਦੇ ਵਡੇਰਿਆਂ ਦੀ ਵਿਰਾਸਤ ਹੈ। ਜੋ ਉਸ ਦੇ ਨਾਂ ਨਾਲ ਜਾਣੇ ਜਾਂਦੇ ਪਿੰਡ ਸੁਰ ਸਿੰਘ ਤੋਂ ਅੱਠ ਕੁ ਮੀਲ ਦੀ ਦੂਰੀ ਉੱਤੇ ਹੈ। ਸੁਰ ਸਿੰਘ ਉਸ ਦੇ ਪਿਤਾ ਦੀਦਾਰ ਸਿੰਘ ਸੰਧੂ ਦੇ ਨਾਨਕਿਆਂ ਦਾ ਪਿੰਡ ਹੈ।
ਪੰਜ ਦਸੰਬਰ, 1945 (ਸਰਕਾਰੀ ਕਾਗ਼ਜ਼ਾਂ ’ਚ 10 ਸਤੰਬਰ, 1945) ਨੂੰ ਵਰਿਆਮ ਸਿੰਘ ਸੰਧੂ ਆਪਣੇ ਨਾਨਕੇ ਪਿੰਡ ਚਵਿੰਡਾ ਕਲਾਂ ਜ਼ਿਲਾ ਅੰਮ੍ਰਿਤਸਰ ਵਿਖੇ ਜਨਮਿਆ ਸੀ। ਉਹ ਅਜੇ ਦੋ ਕੁ ਸਾਲ ਦਾ ਹੀ ਕਿ ਪਾਕਿਸਤਾਨ ਬਣ ਗਿਆ। ਸਾਰਾ ਪਰਿਵਾਰ ਪਹਿਲਾਂ ਸੁਰ ਸਿੰਘ ਆਣ ਟਿਕਿਆ ਤੇ ਫਿਰ ਪਾਕਿਸਤਾਨ ’ਚ ਰਹਿ ਗਈ, ਉਨ੍ਹਾਂ ਦੀ ਜ਼ਮੀਨ ਦੇ ਬਦਲੇ ਕੱਚੀ ਅਲਾਟਮੈਂਟ ਮੁਕੇਰੀਆਂ ਲਾਗੇ ਤੰਗਰਾਲੀਆਂ ਪਿੰਡ ’ਚ ਹੋ ਗਈ। ਇਸੇ ਪਿੰਡ ’ਚ ਵਰਿਆਮ ਸਿੰਘ ਸੰਧੂ ਨੇ ਸੁਰਤ ਸੰਭਾਲੀ ਪਰ ਛੇਤੀ ਹੀ ਉਸ ਦਾ ਪਰਿਵਾਰ ਫੇਰ ਸੁਰ ਸਿੰਘ ਪਰਤ ਗਿਆ। ਜ਼ਮੀਨ ਦੀ ਪੱਕੀ ਅਲਾਟਮੈਂਟ ਅਬੋਹਰ ਦੇ ਨੇੜੇ ‘ਚਰਾਗ ਢਾਣੀ’ ’ਚ ਹੋਈ। ਇਸ ਜ਼ਮੀਨ ਦਾ ਕਬਜ਼ਾ ਲੈਣ ਲਈ ਉਸ ਦਾ ਦਾਦਾ ਚੰਦਾ ਸਿੰਘ ‘ਚਰਾਗ ਢਾਣੀ’ ਪਹੁੰਚ ਗਿਆ ਪਰ ਬਾਕੀ ਪਰਿਵਾਰ ਸੁਰ ਸਿੰਘ ਹੀ ਰਿਹਾ... ਤੇ ਵਰਿਆਮ ਸਿੰਘ ਸੰਧੂ ਪੱਕੇ ਤੌਰ ’ਤੇ ਸੁਰ ਸਿੰਘੀਆ ਹੋ ਗਿਆ... ਇਹ ਪਿੰਡ ਅੱਜ-ਕਲ੍ਹ ਤਰਨ ਤਾਰਨ ਜ਼ਿਲ੍ਹੇ ’ਚ ਹੈ। ਇਸ ਸੁਰ ਸਿੰਘੀਏ ਵਰਿਆਮ ਸਿੰਘ ਸੰਧੂ ਨਾਲ ਮੇਰੀ ਪਹਿਲੀ ਮੁਲਾਕਾਤ ਪ੍ਰੇਮ ਗੋਰਖੀ ਤੇ ਸਾਥੀ ਕਹਾਣੀਕਾਰਾਂ ਵੱਲੋਂ ਸ਼ੁਰੂ ਕੀਤੀ ਗਈ, ਕਹਾਣੀ ਦਰਬਾਰਾਂ ਦੀ ਲੜੀ ‘ਦੀਵਾ ਬਲੇ ਸਾਰੀ ਰਾਤ’ ਦੀ ਇਕ ਰਾਤ ਨੂੰ ਜਲੰਧਰ ਦੇ ਸੈਨਿਕ ਰੈਸਟ ਹਾਊਸ ’ਚ ਹੋਈ ਸੀ।
ਇਨ੍ਹਾਂ ਦਿਨਾਂ ’ਚ ਮੈਂ ‘ਨਵਾਂ ਜ਼ਮਾਨਾ’ ’ਚ ਉਪ ਸੰਪਾਦਕ ਸਾਂ। ਵਰਿਆਮ ਸਿੰਘ ਸੰਧੂ ਹੋਰ ਬਹੁਤ ਸਾਰੇ ਕਹਾਣੀਕਾਰਾਂ ਵਾਂਗ ਹੀ, ਇਸ ਕਹਾਣੀ ਦਰਬਾਰ ’ਚ ਆਪਣੀ ਕਹਾਣੀ ਪੜ੍ਹਨ ਲਈ ਆਇਆ ਸੀ। ਹੋਰ ਲੇਖਕਾਂ ’ਚ ਮੁਖਤਾਰ ਗਿੱਲ, ਦਲਬੀਰ ਚੇਤਨ, ਗੁਰਮੇਲ ਮਡਾਹਡ, ਕਿਰਪਾਲ ਕਜ਼ਾਕ ਤੇ ਪ੍ਰੇਮ ਗੋਰਖੀ ਵਰਗੇ ਕਹਾਣੀਕਾਰ ਤੇ ਤੇਜਵੰਤ ਮਾਨ ਵਰਗੇ ਆਲੋਚਕ ਵੀ ਸ਼ਾਮਿਲ ਸਨ। ਮੈਂ ਤੇ ਦਵਿੰਦਰ (ਛੋਟਾ ਭਰਾ) ਵੀ ਰੈਸਟ ਹਾਊਸ ਦੇ ਵੱਡੇ ਕਮਰੇ ’ਚ ਵਿਛੀਆਂ ਹੋਈਆਂ ਦਰੀਆਂ ਉੱਤੇ ਸੁੱਟੀਆਂ ਹੋਈਆਂ ਰਜ਼ਾਈਆਂ ’ਚ ਘੁਸੜ ਕੇ ਪੜ੍ਹੀਆਂ ਜਾ ਰਹੀਆਂ ਕਹਾਣੀਆਂ ਬਾਰੇ, ਆਪਣੀਆਂ ਟਿੱਪਣੀਆਂ ਦੇ ਰਹੇ ਸਾਂ। ਇਸ ਬੇਹੱਦ ‘ਅਕਾਦਮਿਕ’ ਮਾਹੌਲ ’ਚ ‘ਵਿਚਰਦਿਆਂ ਮੈਂ, ਆਪਣੇ-ਆਪ ਨੂੰ’ ’ਵਿਦਵਾਨ’’ ਸਮਝਣ ਦੀ ਭਰਾਂਤੀ ’ਚ ਪੈਰ ਰੱਖ ਚੁੱਕਿਆ ਸਾਂ।
ਵਰਿਆਮ ਸਿੰਘ ਸੰਧੂ ਨੂੰ, ਮੈਂ ਉਹ ਰਾਤ ਯਾਦ ਕਰਵਾ ਕੇ, ਹੁਣ ਵੀ ਕਦੇ ਕਦੇ ਹੱਸ ਲੈਂਦਾ ਹਾਂ।
‘ਆਪਣਾ ਆਪਣਾ ਹਿੱਸਾ’, ‘ਸੁਨਹਿਰਾ ਕਿਣਕਾ’ ਤੇ ‘ਅੰਗ ਸੰਗ’ ਉੱਪਰ ਟੈਲੀ ਫ਼ਿਲਮਾਂ ਬਣੀਆਂ ਤੇ ‘ਸੁਨਹਿਰਾ ਕਿਣਕਾ’ ਉੱਤੇ ਰੇਡੀਓ ਨਾਟਕ ਵੀ ਬਣਿਆ। ਉਸ ਦੀਆਂ ਬਹੁਤ ਸਾਰੀਆਂ ਕਹਾਣੀਆਂ ਦਾ ਉੱਘੇ ਰੰਗ ਕਰਮੀਆਂ ਵੱਲੋਂ ਮੰਚਣ ਵੀ ਕੀਤਾ ਗਿਆ। ਮੰਚਣ ਹੋਣ ਵਾਲੀਆਂ ਉਸ ਦੀਆਂ ਕਹਾਣੀਆਂ ’ਚ ‘ਨੌਂ ਬਾਰਾਂ ਦਸ’, ‘ਕੁਰਾਹੀਆ’, ‘ਡੁੰਮ’, ‘ਆਪਣਾ ਆਪਣਾ ਹਿੱਸਾ’ ਤੇ ‘ਭੱਜੀਆਂ ਬਾਹੀਂ’ ਗਿਣੀਆਂ ਜਾ ਸਕਦੀਆਂ ਹਨ। ਉਸ ਵੱਲੋਂ ਉੱਘੇ ਪਹਿਲਵਾਨ ਕਰਤਾਰ ਸਿੰਘ ਦੀ ਜੀਵਨੀ ‘ਕੁਸ਼ਤੀ ਦਾ ਧਰੂ ਤਾਰਾ’ ਅਦਭੁਤ ਪੁਖ਼ਤਗੀ ਨਾਲ ਲਿਖਣ ਦੇ ਨਾਲ-ਨਾਲ ਗ਼ਦਰ ਲਹਿਰ ਬਾਰੇ ਕੀਤੇ ਗਏ ਖੋਜ ਕਾਰਜ ਵੀ ਵਡਮੁੱਲੇ ਹਨ। ‘ਗ਼ਦਰੀ ਬਾਬੇ ਕੌਣ ਸਨ ?’ ਲਿਖ ਕੇ ਉਸ ਨੇ ਗ਼ਦਰ ਲਹਿਰ ਦੇ ਸਹੀ ਪਰਿਪੇਖ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਇਤਿਹਾਸਕ ਕਾਰਜ ਵੀ ਕੀਤਾ ਤੇ ਆਪਣੇ ਇਸ ਪਵਿੱਤਰ ਕਾਰਜ ਤੇ ਆਸ਼ੇ ਨੂੰ ਸੋਸ਼ਲ ਮੀਡੀਆ ਤੇ ਡਿਜੀਟਲ ਚੈਨਲਾਂ ਰਾਹੀਂ ਪ੍ਰਸਾਰਿਤ ਕਰਕੇ, ਇਕ ਵਿਲੱਖਣ ਤੇ ਵਡਮੁੱਲੀ ਦਸਤਾਵੇਜ਼ੀ ਜ਼ਿੰਮੇਵਾਰੀ ਵੀ ਨਿਭਾਈ। ਛੋਟੇ ਪਰਦੇ ਦੀ ਦੁਨੀਆ ਨਾਲ ਉਸ ਦਾ ਗਹਿਰਾ ਸਬੰਧ ਉਸ ਦੀਆਂ ਕਹਾਣੀਆਂ ਉੱਤੇ ਬਣੀਆਂ ਟੈਲੀ ਫ਼ਿਲਮਾਂ ਤੱਕ ਹੀ ਸੀਮਤ ਨਹੀਂ ਹੈ। ਮੇਰੀ ਨਿਰਦੇਸ਼ਨਾ ਅਧੀਨ ਨਿਰਮਤ ਹੋਣ ਵਾਲੇ ਦੂਰਦਰਸ਼ਨ ਦੇ ਵਕਾਰੀ ਪ੍ਰੋਗਰਾਮ ‘ਰੂਬਰੂ’ ਦੀ ਮੇਜ਼ਬਾਨੀ ਕਰਦਿਆਂ, ਸੋਹਣ ਸਿੰਘ ਸੀਤਲ, ਜਸਵੰਤ ਸਿੰਘ ਕੰਵਲ, ਡਾ. ਜਗਤਾਰ, ਹਰਭਜਨ ਹਲਵਾਰਵੀ, ਅਜਮੇਰ ਸਿੰਘ ਔਲਖ, ਸਰਦਾਰ ਅੰਜੁਮ ਤੇ ਅਲਬੇਲ ਸਿੰਘ ਗਰੇਵਾਲ ਵਰਗੀਆਂ ਸਾਹਿਤਕ ਤੇ ਮੀਡੀਆ ਸ਼ਖ਼ਸੀਅਤਾਂ ਨੂੰ ਪੰਜਾਬੀ ਦਰਸ਼ਕਾਂ ਸਾਹਮਣੇ ਪੇਸ਼ ਕਰਨਾ ਵੀ, ਉਸ ਦੇ ਵਡਮੁੱਲੇ ਕਾਰਜਾਂ ’ਚ ਸ਼ਾਮਿਲ ਹੈ। ਮੇਰੇ ਵੱਲੋਂ ਹੀ ਬਣਾਈ ਗਈ, ਨਾਮਧਾਰੀ ਮੁੱਖੀ ਸਤਿਗੁਰ ਪਰਤਾਪ ਸਿੰਘ ਜੀ ਦੇ ਜੀਵਨ ਤੇ ਉਦੇਸ਼ ਸਬੰਧੀ ਦਸਤਾਵੇਜ਼ੀ ਫ਼ਿਲਮ ਦੇ, ਜੀਵਨ ਨਗਰ (ਸਿਰਸਾ) ਵਿਖੇ ਹੋਏ ਫ਼ਿਲਮਾਂਕਣ ਸਮੇਂ ਵੀ, ਉਹ ਕਈ ਦਿਨਾਂ ਤੱਕ ਮੇਰੇ ਨਾਲ ਰਹਿ ਕੇ, ਮੇਰੀ ਅਗਵਾਈ ਕਰਦਾ ਰਿਹਾ। ਭਾਰਤੀ ਸਾਹਿਤ ਅਕਾਦਮੀ (2000) ਤੇ ਪੰਜਾਬ ਸਰਕਾਰ ਦੇ ਸ਼੍ਰੋਮਣੀ ਪੁਰਸਕਾਰ (2003) ਸਮੇਤ 60 ਤੋਂ ਵੱਧ ਸੂਬਾਈ, ਕੌਮੀ ਤੇ ਕੌਮਾਂਤਰੀ ਪੁਰਸਕਾਰ ਪ੍ਰਾਪਤ ਕਰਨ ਵਾਲਾ ਇਹ ਲੇਖਕ, ਪੰਜਾਬੀ ਕਹਾਣੀ ਦਾ ਬੇਹੱਦ ਵਿਲੱਖਣ ਕਹਾਣੀਕਾਰ ਹੈ।
ਕੁਲਵੰਤ ਸਿੰਘ ਵਿਰਕ ਦੇ ਨਿੱਕੀ ਕਹਾਣੀ ਲਿਖਣ ਦੇ ਤਲਿਸਮ ਨੂੰ, ਪੰਜਾਬੀ ’ਚ ਲੰਮੀ ਕਹਾਣੀ ਲਿਖਣ ਦੇ ਚਮਤਕਾਰ ਤੱਕ ਵਿਸਥਾਰਨ ਵਾਲਾ ਵਰਿਆਮ ਸਿੰਘ ਸੰਧੂ, ਜੀਵਨੀ, ਸਵੈ-ਜੀਵਨੀ ਤੇ ਸਫ਼ਰਨਾਮਾ ਲਿਖਣ ’ਚ ਵੀ ਓਨਾ ਹੀ ਨਿਪੁੰਨ ਹੈ, ਜਿੰਨਾ ਇਤਿਹਾਸ ਲਿਖਣ, ਆਪਣੇ ਸੰਪਰਕ ’ਚ ਆਈਆਂ ਵੱਡੀਆਂ ਸ਼ਖ਼ਸੀਅਤਾਂ ਦੇ ਸ਼ਬਦ-ਚਿਤਰ ਲਿਖਣ ਤੇ ਬੇਹੱਦ ਰੌਚਿਕਤਾ ਭਰਪੂਰ ਲੱਛੇਦਾਰ ਵਾਰਤਕ ਲਿਖਣ ’ਚ।
ਉਸ ਦੀ ਸਰਲ, ਸਾਦੀ, ਵਾਰਤਾਲਾਪੀ ਸ਼ੈਲੀ ਪਾਠਕ ਨੂੰ ਅੱਖ ਝਪਕਣ ਦੀ ਫੁਰਸਤ ਵੀ ਨਹੀਂ ਦਿੰਦੀ। ਉਹ ਪਾਠਕ ਦੀ ਪੜ੍ਹਨ-ਯੋਗਤਾ ਨੂੰ ਸ਼ਬਦਾਂ ਦਾ ਸਹਿਜ ਪ੍ਰਦਾਨ ਕਰਕੇ, ਸਹਿਜ ਰੂਪ ’ਚ ਹੀ ਸੁਣਨ-ਯੋਗਤਾ ’ਚ ਢਾਲ ਲੈਂਦਾ ਹੈ। ਉਸ ਦੀ ਲਿਖਤ ਨੂੰ ਪੜ੍ਹਦਾ ਹੋਇਆ ਪਾਠਕ, ਇਕ ਸੁਭਾਵਿਕ ਸਰੋਤਾ ਬਣ ਜਾਂਦਾ ਹੈ ਤੇ ਵਰਿਆਮ ਸਿੰਘ ਸੰਧੂ ਦੇ ਸ਼ਬਦਾਂ ਰਾਹੀਂ, ਆਪਣੇ ਆਪ ਨੂੰ ਸੁਣਨਾ ਸ਼ੁਰੂ ਕਰ ਦਿੰਦਾ ਹੈ। ਅਜਿਹੀ ਸਹਿਜ ਸ਼ੈਲੀ ਸ਼ਾਇਦ ਹੀ ਕਿਸੇ ਹੋਰ ਪੰਜਾਬੀ ਲੇਖਕ ਦੇ ਹਿੱਸੇ ਆਈ ਹੋਵੇ। ਨਕਸਲਬਾੜੀ ਲਹਿਰ ਦੀ ਸ਼ੁਰੂਆਤ ਦੇ ਅਤਿ ਗਰਮ ਦਿਨਾਂ ’ਚ ਕਵਿਤਾ ਲਿਖਣ ਤੋਂ ਆਪਣਾ ਸਾਹਿਤਕ ਸਫ਼ਰ ਆਰੰਭ ਕਰਨ ਵਾਲਾ ਵਰਿਆਮ ਸਿੰਘ ਸੰਧੂ ਭਰ ਜਵਾਨੀ ’ਚ ਹੀ ਸਮਾਜ ਨੂੰ ਬਦਲਣ ਦਾ ਸੁਪਨਾ ਲੈ ਕੇ, ਉਨ੍ਹਾਂ ਭੰਬੂ ਤਾਰਿਆਂ ’ਚ ਗੁੰਮ ਗਿਆ ਸੀ, ਜਿਹੜੇ ਇਸ ਦੇਸ਼ ਦੇ ਵੰਨ-ਸੁਵੰਨੇ ਕਮਿਊਨਿਸਟਾਂ ਨੇ, ਇਸ ਦੇਸ਼ ਦੀ ਨਵੀਂ ਪੀੜ੍ਹੀ ਨੂੰ ਵਿਖਾਏ ਸਨ। ਅਜਿਹੇ ਸੁਪਨਿਆਂ ਦੀ ਤਰਜਮਾਨੀ ਕਰਦੀਆਂ ਬਹੁਤ ਸਾਰੀਆਂ ਕਵਿਤਾਵਾਂ ਵੀ ਉਸ ਨੇ ਲਿਖੀਆਂ ਜੋ ਵੱਖ-ਵੱਖ ਤਤਕਾਲੀ ਰਸਾਲਿਆਂ ਤੇ ਮੰਚਾਂ ਦਾ ਸ਼ਿੰਗਾਰ ਬਣਦੀਆਂ ਰਹੀਆਂ :
ਮੈਂ ਜਦ ਵੀ ਕਤਲ ਹੋਇਆ ਹਾਂ
ਮੇਰਾ ਕੱਦ ਹੋਰ ਵਧਿਆ ਹੈ
ਮੈਨੂੰ ਕੱਟ ਕੇ
ਆਪਣਾ ਜਿੱਡਾ ਨੀਵਾਂ ਕਰ ਲੈਣ ਦੀ
ਤੁਹਾਡੀ ਹਰ ਸਾਜ਼ਿਸ਼
ਨਾਕਾਮ ਰਹਿ ਗਈ ਹੈ।
ਪਹਿਲਾਂ ਆਪਣੀ ਸਾਹਿਤਕ ਸਵੈ-ਜੀਵਨੀ ਲਿਖ ਕੇ ਤੇ ਫੇਰ ‘ਗੁਫ਼ਾ ਵਿਚਲੀ ਉਡਾਣ’ ਸਿਰਲੇਖ ਹੇਠ ਆਪਣੇ ਜੀਵਨ ਦੀ ਸਮੁੱਚੀ ਘਾਲਣਾ ਨੂੰ ਸ਼ਬਦਾਂ ’ਚ ਬੰਨ੍ਹ ਕੇ, ਉਸ ਨੇ ਆਪਣੇ ਜੀਵਨ ਰਹੱਸਾਂ ਦੇ ਸਾਰੇ ਪਰਦੇ ਬਹੁਤ ਬੇਬਾਕੀ ਨਾਲ ਚੁੱਕ ਦਿੱਤੇ ਹਨ। ਇਹ ਉਸ ਦੀਆਂ ਸਫ਼ਲਤਾਵਾਂ ਤੇ ਅਸਫ਼ਲਤਾਵਾਂ ਦੇ ਅਜਿਹੇ ਦਸਤਾਵੇਜ਼ ਹਨ, ਜੋ ਇਕ ਵਿਚਾਰਕ ਤੇ ਸਾਹਿਤਕ ਸ਼ਖ਼ਸੀਅਤ ਦੇ ਕਦਮ-ਦਰ-ਕਦਮ ਵਿਕਾਸ ਦੀ ਨਿਰਛੱਲ ਗਵਾਹੀ ਭਰਦੇ ਹਨ। ਆਪਣੀਆਂ ਲਿਖਤਾਂ ਰਾਹੀਂ, ਸਮਾਜ ਨੂੰ ਬਦਲਣ ਦੀ ਬੇਬਾਕ ਘਾਲਣਾ ਤੋਂ ਸ਼ੁਰੂ ਹੋਇਆ ਉਸ ਦਾ ਸਫ਼ਰ, ਜਦੋਂ ਸਮਾਜਿਕ ਤੇ ਰਾਜਨੀਤਕ ਘੋਲਾਂ ਦੀ ਘਾਲਣਾ ਤੱਕ ਵੀ ਫੈਲ ਗਿਆ ਤਾਂ 1972 ’ਚ ਉਸ ਨੂੰ ਅੰਮ੍ਰਿਤਸਰ ਵਿਖੇ ਗ੍ਰਿਫ਼ਤਾਰ ਕਰ ਲਿਆ ਗਿਆ। ਹਾਲਾਂਕਿ ਇਸ ਗ੍ਰਿਫ਼ਤਾਰੀ ਦਾ ਤਤਕਾਲੀਨ ਕਾਰਨ, ਮੋਗਾ ਕਾਂਡ ਨਾਲ ਸਬੰਧਤ ਇਕ ਰੈਲੀ ’ਚ ਉਸ ਦੀ ਅਣਚਾਹੀ ਸ਼ਮੂਲੀਅਤ ਹੀ ਸੀ ਪਰ ਸਰਕਾਰ ਦੀ ਨਜ਼ਰ ’ਚ ਉਹ ਉਦੋਂ ਤੋਂ ਹੀ ਰੜਕਣ ਲੱਗ ਪਿਆ ਸੀ, ਜਦੋਂ 1971 ’ਚ ਖ਼ਾਲਸਾ ਕਾਲਜ ਜਲੰਧਰ ਵਿਖੇ ਹੋਏ, ਇਕ ‘ਕ੍ਰਾਂਤੀਕਾਰੀ ਕਵੀ ਦਰਬਾਰ’ ’ਚ ਉਸ ਨੇ ਆਪਣੀ ਕਵਿਤਾ ‘ਅਨੰਦਪੁਰ’ ਪੜ੍ਹੀ ਸੀ :
-ਕਿਸ ਨੂੰ ਉਡੀਕਦੇ ਹੋ
ਗੋਬਿੰਦ ਨੇ ਹੁਣ
ਪਟਨੇ ’ਚੋਂ ਨਹੀਂ ਆਉਣਾ_
ਮਸਤਕ ਤੋਂ ਹੱਥ ਤੱਕ
ਇਹੋ ਹੀ ਰਸਤਾ
ਕੇਸਗੜ੍ਹ ਦੇ ਮੈਦਾਨ ਨੂੰ ਜਾਂਦਾ ਹੈ...
ਉਸ ਨੇ ਆਪਣੀ ਸਵੈ-ਜੀਵਨੀ ‘ਗੁਫ਼ਾ ਵਿਚਲੀ ਉਡਾਣ’ ’ਚ ਲਿਖਿਆ ਹੈ ਕਿ ‘ਜਦੋਂ ਮੈਂ ਕਵਿਤਾ ਸੁਣਾ ਕੇ ਸਟੇਜ ਤੋਂ ਉਤਰਿਆ ਤਾਂ ਇਕ ਸਾਊ ਦਿਸਦੇ ਆਦਮੀ ਨੇ ਅੱਗੇ ਵਧ ਕੇ ਗਰਮਜੋਸ਼ੀ ਨਾਲ ਹੱਥ ਮਿਲਾ ਕੇ ਮੇਰੀ ਕਵਿਤਾ ਦੀ ਪ੍ਰਸ਼ੰਸਾ ਕੀਤੀ ਤੇ ਅੱਗੋਂ ਤੋਂ ਵੀ ਮੇਰੇ ਨਾਲ ਸੰਪਰਕ ਰੱਖਣ ਲਈ ਅਤਾ ਪਤਾ ਪੁੱਛਿਆ। ਮੈਂ ਖ਼ੁਸ਼ੀ-ਖ਼ੁਸ਼ੀ ਦੱਸ ਦਿੱਤਾ। ਆਖ਼ਰ ਉਹ ਮੇਰੀ ਕਵਿਤਾ ਦਾ ‘ਏਡਾ ਵੱਡਾ ਪ੍ਰਸ਼ੰਸਕ’ ਸੀ। ਉਹ ਹੱਥ ਮਿਲਾ ਕੇ ਤੁਰਿਆ ਤਾਂ ਜਲੰਧਰ ਦੇ ਕਿਸੇ ਕਵੀ ਨੇ ਮੈਨੂੰ ਦੱਸਿਆ ‘ਇਹ ਤਾਂ ਸੀਆਈਡੀ ਦਾ ਬੰਦਾ ਸੀ।’ ਫੇਰ ਵਰਿਆਮ ਸਿੰਘ ਸੰਧੂ ਦੇ ਇਕ ਜਮਾਤੀ ਤੇ ਗਰਾਈਂ ਜੋ ਸੀਆਈਡੀ ਇੰਸਪੈਕਟਰ ਸੀ ਨੇ ਇਸ਼ਾਰੇ-ਇਸ਼ਾਰੇ ’ਚ ਉਸ ਨੂੰ ਦੱਸ ਦਿੱਤਾ ਸੀ ਕਿ ਸਰਕਾਰੀ ਕਾਗ਼ਜ਼ਾਂ ’ਚ ਉਸ ਦਾ ਨਾਂ ਇਕ ‘ਖ਼ਤਰਨਾਕ’ ਵਿਅਕਤੀ ਵਜੋਂ ਦਰਜ ਹੋ ਚੁੱਕਾ ਸੀ। ਇਨ੍ਹਾਂ ਦਿਨਾਂ ’ਚ ਹੀ ਉਹ ਪ੍ਰਾਇਮਰੀ ਸਕੂਲ ਦੀ ਅਧਿਆਪਕੀ ਤੋਂ ਛੁੱਟੀ ਲੈ ਕੇ ‘ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ’ ਅੰਮ੍ਰਿਤਸਰ ਵਿਖੇ ਬੀਐੱਡ ਕਰਨ ਚਲਾ ਗਿਆ। ਇੱਥੇ ਹੀ ਮੋਗਾ ਕਾਂਡ ’ਚ ਪੁਲਿਸ ਗੋਲ਼ੀ ਨਾਲ ਸ਼ਹੀਦ ਹੋਏ ਵਿਦਿਆਰਥੀਆਂ ਲਈ ਇਨਸਾਫ਼ ਮੰਗਦੇ ਵਿਦਿਆਰਥੀਆਂ ਦੇ ਅੰਦੋਲਨ ਦੌਰਾਨ, ਉਸ ਨੂੰ ਅਚਾਨਕ ਗ੍ਰਿਫ਼ਤਾਰੀ ਝੱਲਣੀ ਪਈ ਸੀ... ਉਸ ਦੀ ਦੂਸਰੀ ਗ੍ਰਿਫ਼ਤਾਰੀ ਐਮਰਜੈਂਸੀ ਦੌਰਾਨ ਹੋਈ। ਇਸ ਵੇਲੇ ਤੱਕ, ਉਹ ਇਕ ਅਜੇਹਾ ਸੁਚੇਤ ਨਕਸਲੀ ਕਾਰਕੁਨ ਬਣ ਚੁੱਕਿਆ ਸੀ, ਜਿਸ ਦੇ ਮਨ ’ਚ ਨਿਰੀ ਸਾਹਿਤਕਾਰੀ ਕਰਨ ਦੇ ਨਾਲ-ਨਾਲ ਸਮਾਜ ਲਈ ਕੁਝ ਹੋਰ ਕਰਨ ਦੀ ਚਾਹਤ ਵੀ ਜਾਗ ਚੁੱਕੀ ਸੀ, ‘ਅਸਲ ’ਚ ਮੈਂ ਤਾਂ ਇਸ ਪਾਸੇ ਹਰਭਜਨ ਹਲਵਾਰਵੀ ਤੇ ਅਮਰਜੀਤ ਚੰਦਨ ਜਿਹੇ ਸਾਹਿਤਕਾਰਾਂ ਦਾ ਖਿੱਚਿਆ ਆਇਆ ਸਾਂ। ਆਪਣੇ ਸੁਪਨਿਆਂ ਦੇ ਹਾਣ ਦਾ ਰਾਜ ਤੇ ਸਮਾਜ ਸਿਰਜਣ ਦੀ ਤੀਬਰ ਤਾਂਘ, ਕਾਹਲ ਤੇ ਜਵਾਨੀ ਦੇ ਜੋਸ਼ ਨੇ, ਮੇਰੀਆਂ ਲਿਖਤਾਂ ’ਚ ਅਜਿਹਾ ਰੋਹ ਤੇ ਰੰਗ ਭਰ ਦਿੱਤਾ ਸੀ, ਜਿਸ ਨੂੰ ਵੇਖ ਕੇ, ਇਹ ਦੋਵੇਂ ਸਾਹਿਤਕਾਰ ਮੈਨੂੰ ਆਣ ਮਿਲੇ। ਲਿਖਤ ਤੋਂ ਬਾਹਰ ਨਿਕਲ ਕੇ ਵੀ ਕੁਝ ਕਰਨ ਦੀ ਮੇਰੀ ਚਾਹਤ ਨੇ, ਮੈਨੂੰ ਉਨ੍ਹਾਂ ਨਾਲ ਜੋੜ ਦਿੱਤਾ। ਫੇਰ ਉਨ੍ਹਾਂ ਤੋਂ ਇਲਾਵਾ ਸਿਆਸੀ ਕਾਰਕੁਨ ਵੀ ਮੇਰੇ ਕੋਲ ਆਉਣ ਲੱਗੇ। ਛੇਤੀ ਹੀ ਆਉਣ ਵਾਲਿਆਂ ’ਚ ਵੀ ਨਵੀਂ ਸਫ਼ਬੰਦੀ ਹੋ ਗਈ। ਹਲਵਾਰਵੀ ਹੋਰੀਂ ਪਹਿਲੇ ਗਰੁੱਪ ਨੂੰ ਛੱਡ ਕੇ ‘ਨਾਗਾ-ਰੈਡੀ’ ਗਰੁੱਪ ਨਾਲ ਚਲੇ ਗਏ। ਗਰੁੱਪ ਬਦਲ ਜਾਣ ਨਾਲ ਪਹਿਲਾਂ ਬਣੇ ਇਨਸਾਨੀ ਰਿਸ਼ਤੇ ਤੁਰੰਤ ਤਿਆਗ ਦੇਣਾ ਮੇਰੇ ਵੱਸ ’ਚ ਨਹੀਂ ਸੀ।’
ਵਰਿਆਮ ਸਿੰਘ ਸੰਧੂ ਦੀ ਦੋਸਤੀ ਦੀਆਂ ਚਿਰੰਜੀਵੀ ਮਿਸਾਲਾਂ ਹੋਰ ਵੀ ਗਿਣੀਆਂ ਜਾ ਸਕਦੀਆਂ ਹਨ। ਜਿਨ੍ਹਾਂ ’ਚ ਇਕ ਮਿਸਾਲ ਡਾਕਟਰ ਰਘਬੀਰ ਸਿੰਘ ਸਿਰਜਣਾ ਨਾਲ ਵਰਿਆਮ ਸਿੰਘ ਸੰਧੂ ਦੀ ਦੋਸਤੀ ਵੀ ਸ਼ਾਮਿਲ ਹੈ। ਇਹ ਰਿਸ਼ਤਾ ਦੋਸਤਾਨਾ ਹੋਣ ਦੇ ਨਾਲ-ਨਾਲ ਉਸਤਾਦੀ-ਸ਼ਾਗਿਰਦੀ ਵਾਲਾ ਵੀ ਹੈ। ਦਹਾਕਿਆਂ ਪੁਰਾਣੀ ਇਸ ਦੋਸਤੀ ਨੂੰ ਸਾਹਿਤਕ ਹਲਕੇ ਵਰਿਆਮ ਸਿੰਘ ਸੰਧੂ ਦੀ ਸਾਹਿਤਕ ਮਾਨਤਾ ਨਾਲ ਵੀ ਜੋੜਦੇ ਹਨ। ਕੁਝ ਸਾਹਿਤਕਾਰਾਂ ਦੀ ਧਾਰਨਾ ਹੈ ਕਿ ਜੇਕਰ ਡਾਕਟਰ ਰਘਬੀਰ ਸਿੰਘ ਦਾ ਰਸਾਲਾ ‘ਸਿਰਜਣਾ’ ਵਰਿਆਮ ਸਿੰਘ ਸੰਧੂ ਉਤੇ ਏਨਾ ਦਿਆਲੂ ਨਾ ਹੁੰਦਾ, ਤੇ ਉਸ ਨੂੰ ‘ਸਿਰਜਣਾ’ ’ਚ ਲਗਾਤਾਰ ਨਾ ਛਾਪਦਾ ਤਾਂ ਵਰਿਆਮ ਸਿੰਘ ਸੰਧੂ ਏਡਾ ਵੱਡਾ ਕਹਾਣੀਕਾਰ ਨਾ ਹੁੰਦਾ ਪਰ ਇਹ ਕਿਵੇਂ ਹੋ ਸਕਦਾ ਹੈ? ਕਿ ਕੋਈ ਲੇਖਕ ਆਪਣੀ ਲਿਖਣ-ਯੋਗਤਾ ਦੀ ਬਜਾਏ ਸਿਰਫ਼ ਆਪਣੀ ਛਪਣ-ਯੋਗਤਾ ਕਰਕੇ ਹੀ ਵੱਡਾ ਲੇਖਕ ਬਣ ਗਿਆ ਹੋਵੇ। ਵਰਿਆਮ ਸਿੰਘ ਸੰਧੂ ਦੇ ਸ਼ਬਦਾਂ ’ਚ ਹੀ ਕਹਿਣਾ ਹੋਵੇ, ‘ਕੋਈ ਖ਼ਾਲੀ ਬੋਰੀ ਕਿਵੇਂ ਖੜ੍ਹੀ ਕਰ ਸਕਦਾ ਹੈ? ਬੋਰੀ ’ਚ ਕੁਝ ਹੋਵੇਗਾ ਤਾਂ ਹੀ ਖੜ੍ਹੀ ਹੋਈ ਹੋਵੇਗੀ।’ ਸਪਸ਼ਟ ਹੈ ਕਿ ਡਾਕਟਰ ਰਘਬੀਰ ਸਿੰਘ ਦੀ ਸਮੀਖਿਆ ਸੂਝ ਨੇ, ਵਰਿਆਮ ਸਿੰਘ ਸੰਧੂ ਦੀ ਕਹਾਣੀ-ਕਲਾ ਦੀ ਵਿਲੱਖਣਤਾ ਨੂੰ ਮੁੱਢਲੇ ਦੌਰ ’ਚ ਹੀ ਪਛਾਣ ਲਿਆ ਸੀ।
ਵਰਿਆਮ ਸਿੰਘ ਸੰਧੂ ਦੀ ਇਕ ਖੂਬੀ ਇਹ ਵੀ ਹੈ ਕਿ ਉਹ ਆਪਣੇ ਦੋਸਤਾਂ ਤੇ ਅਜੀਜ਼ਾਂ ਦੀਆਂ ਤਲਖ਼ੀਆਂ ਨੂੰ ਤਰਲਤਾ ’ਚ ਬਦਲਣ ਲਈ ਸਮਰੱਥਾਵਾਨ ਹੈ। ਪਰ ਕਦੇ ਕਦੇ ਅਜੇਹੇ ਯਤਨ ਕਰਦਿਆਂ ਆਪ ਤਲਖ਼ ਹੋ ਜਾਣਾ ਵੀ ਉਸ ਦਾ ਸੁਭਾਅ ਹੈ। ਉਹ ਕਦੇ ਸੋਚ ਵੀ ਨਹੀਂ ਸਕਦਾ ਕਿ ਉਸ ਦੇ ਦੋਸਤ ਤੇ ਅਜ਼ੀਜ਼ ਉਵੇਂ ਨਾ ਸੋਚਣ, ਜਿਵੇਂ ਉਹ ਸੋਚਦਾ ਹੈ। ਅਜਿਹੇ ਅਤਿ ਵਿਸ਼ਵਾਸ ਨਾਲ ਭਰੀ ਹੋਈ ਉਸ ਦੀ ਸ਼ਖ਼ਸੀਅਤ, ਜਿਨ੍ਹਾਂਂ ਦੋਸਤਾਂ ਪ੍ਰਤੀ, ਅਤਿ ਉਲਾਰ ਤੇ ਭਾਵੁਕ ਰਹੀ ਹੈ, ਉਨ੍ਹਾਂ ’ਚੋਂ ਇਕ ਸੁਰਜੀਤ ਪਾਤਰ ਵੀ ਹੈ। ਸੁਰਜੀਤ ਪਾਤਰ ਦੇ ਚਲੇ ਜਾਣ ਤੋਂ ਬਾਅਦ ਵੀ ਇਹ ਸਥਿਤੀ ਲਗਾਤਾਰ ਬਰਕਰਾਰ ਹੈ। ਮੈਨੂੰ ਮਾਣ ਹੈ ਕਿ ਮੈਂ ਸੁਰਜੀਤ ਪਾਤਰ ਨਾਲ ਉਸ ਦੀ ਆਖ਼ਰੀ ਮੁਲਾਕਾਤ ਦਾ ਸਾਖ਼ਸ਼ੀ ਹਾਂ। ਇਹ ਮੁਲਾਕਾਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਸੁਜਾਨਪੁਰ ਦੇ ਇਕ ਸਮਾਗਮ ਦੀ ਹੈ। ਸਮਾਗਮ ਤੋਂ ਬਾਅਦ ਜਲੰਧਰ ਤੱਕ ਅਸੀਂ ਤਿੰਨੋਂ ਇੱਕੋ ਕਾਰ ’ਚ ਆਏ। ਢਾਈ ਘੰਟੇ ਦਾ ਇਹ ਸਫ਼ਰ ਤੇ ਇਸ ਸਫ਼ਰ ’ਚ ਤਫ਼ਰੀਹ ਦਾ ਪੜਾਅ, ਪੁਰਾਣੀਆਂ ਯਾਦਾਂ ਦੇ ਗਲੋਟੇ ਕੱਤਦਿਆਂ ਹੀ ਬੀਤਿਆ ਸੀ। ਉੱਨ ਦੇ ਗੋਲਿਆਂ ਵਾਂਗ ਉਧੜ ਰਹੀਆਂ ਦੋ ਮਹਾਨ ਸ਼ਖ਼ਸੀਅਤਾਂ ਦੇ ਸਹਿਜ ਸਾਹਮਣੇ, ਆਪਣੀ ਇਸ ਇਤਿਹਾਸਕ ਹਾਜ਼ਰੀ ਨੂੰ ਯਾਦ ਕਰਦਿਆਂ ਮੈਂ ਸਰੂਰ ਭਰੇ ਸਕੂਨ ਨਾਲ ਭਰ ਜਾਂਦਾ ਹਾਂ।
ਪਾਤਰ ਦੇ ਚਲੇ ਜਾਣ ਤੋਂ ਏਨੇ ਸਮੇਂ ਬਾਅਦ ਵੀ, ਜਦੋਂ ਕੋਈ ਸੁਰਜੀਤ ਪਾਤਰ ਦੇ ਜਨਤਕ ਬਿੰਬ ਨੂੰ ਵਿਗਾੜਨ ਦਾ ਯਤਨ ਕਰਦਾ ਹੈ ਤਾਂ ਵਰਿਆਮ ਸਿੰਘ ਸੰਧੂ ਆਪਣੇ ਭੱਥੇ ’ਚੋਂ ਉਸ ਉੱਪਰ ਸ਼ਬਦਾਂ ਦੇ ਤਿੱਖੇ ਬਾਣ ਦਾਗਣ ’ਚ ਦੇਰ ਨਹੀਂ ਲਾਉਂਦਾ...ਉਹਦੀਆਂ ਦੋਸਤੀਆਂ ਤੇ ਅਜ਼ੀਜ਼ਾਂ ਦਾ ਘੇਰਾ ਬੇਹੱਦ ਵਸੀਹ ਹੈ, ਪ੍ਰਿੰਸੀਪਲ ਸਰਵਣ ਸਿੰਘ, ਰਘਬੀਰ ਸਿੰਘ ਸਿਰਜਣਾ, ਬਲਵਿੰਦਰ ਗਰੇਵਾਲ, ਲਾਲ ਸਿੰਘ ਦਸੂਹਾ, ਬਲਦੇਵ ਸਿੰਘ ਧਾਲੀਵਾਲ, ਡਾ. ਚਰਨ ਲਾਲ, ਅਮਰਜੀਤ ਚੰਦਨ, ਬਲਜਿੰਦਰ ਨਸਰਾਲੀ ਤੇ ਕੁਲਵੰਤ ਸਿੰਘ ਸੰਧੂ ਅਜਿਹੇ ਨਾਂ ਹਨ, ਜਿਨ੍ਹਾਂ ਦਾ ਜ਼ਿਕਰ ਵਰਿਆਮ ਸਿੰਘ ਸੰਧੂ ਦੇ ਨਾਲ-ਨਾਲ ਰਹਿੰਦਾ ਹੈ। ਸਾਹਿਤ ਤੇ ਜ਼ਿੰਦਗੀ ਦੇ ਮਸਲਿਆਂ ਬਾਰੇ ਸਾਧਾਰਨ ਗੱਲਬਾਤ ਕਰਦਿਆਂ ਵੀ ਇਨ੍ਹਾਂ ਵਿੱਚੋਂ ਕਿਸੇ ਨਾ ਕਿਸੇ ਦਾ ਜ਼ਿਕਰ, ਵਰਿਆਮ ਦੀ ਵਾਰਤਾ ’ਚ ਵਿਦਮਾਨ ਰਹਿੰਦਾ ਹੈ। ਅੱਸੀਵੇਂ ਤੇ ਨੱਬੇਵੇਂ ਦਹਾਕਿਆਂ ਨੂੰ ਨਿਹਾਰੀਏ ਤਾਂ ਬਾਬਾ ਗੁਰਬਖਸ਼ ਸਿੰਘ ਬੰਨੋਆਣਾ, ਪਿਆਰਾ ਸਿੰਘ ਭੋਗਲ ਤੇ ਜਗਦੀਸ਼ ਸਿੰਘ ਵਰਿਆਮ ਜਲੰਧਰ ਦੀਆਂ ਉਹ ਸ਼ਖ਼ਸੀਅਤਾਂ ਸਨ, ਜਿਨ੍ਹਾਂ ਦੀ ਹਰ ਸਰਗਰਮੀ ਦਾ ਚੌਥਾ ਪਹੀਆ ਵਰਿਆਮ ਸਿੰਘ ਸੰਧੂ ਹੀ ਸੀ। ਭਾਵੇਂ ਇਹ ਕਾਰਜ ਕੇਂਦਰੀ ਪੰਜਾਬੀ ਲੇਖਕ ਸਭਾ ਨਾਲ ਸਬੰਧਿਤ ਹੋਣ, ਭਾਵੇਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਨਾਲ ਸੰਬੰਧਿਤ ਹੋਣ, ਭਾਵੇਂ ਪੰਜਾਬੀ ਲੇਖਕ ਸਭਾ ਜਲੰਧਰ ਨਾਲ ਤੇ ਭਾਵੇਂ ਵੱਡੇ-ਵੱਡੇ ਕਹਾਣੀ ਸੈਮੀਨਾਰ ਕਰਾਉਣ ਵਾਲੇ ਹੋਣ। ਇਹ ਚਾਰੇ ਸ਼ਖ਼ਸੀਅਤਾਂ ਇਕ ਦੂਸਰੇ ਦੀਆਂ ਪੂਰਕ ਹੀ ਰਹੀਆਂ।
ਵਰਿਆਮ ਸਿੰਘ ਸੰਧੂ ਦੀ ਬੇਬਾਕੀ ਪੰਜਾਬੀ ਸਾਹਿਤ ਜਗਤ ’ਚ ਬਹੁਤ ‘ਬੁਰੀ ਤਰ੍ਹਾਂ’ ਜਾਣੀ ਜਾਂਦੀ ਹੈ। ਚੰਗੇ ਭਲੇ ਚੱਲਦੇ ਸਮਾਗਮ ’ਚ ਵੀ, ਜਦੋਂ ਕਿਸੇ ਦੀ ਕੋਈ ਗੱਲ, ਉਸ ਨੂੰ ਪਸੰਦ ਨਾ ਆਵੇ ਤਾਂ ਉਹ ਇਕਦਮ ਭੁੜਕ ਪੈਂਦਾ ਹੈ। ਇਕ ਵਾਰ ਤਾਂ ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ਉਸ ਦਾ ਇਕ ਸਾਹਿਤਕਾਰ ਨਾਲ ਟੱਕਰਾਉ ਕੁਝ ਵਧੇਰੇ ਹੀ ਵਧ ਗਿਆ ਸੀ। ਕਈ ਵਾਰ ਉਹ ਆਪ ਸਟੇਜ ਸਕੱਤਰ ਹੁੰਦਿਆਂ ਸਰੋਤਿਆਂ ’ਚ ਘੁਸਰ-ਮੁਸਰ ਹੁੰਦੀ ਵੇਖ ਕੇ ਜਾਂ ਸੁਣ ਕੇ, ਕਿਸੇ ਨਾ ਕਿਸੇ ਦੀ ਏਨੀ ਕੁ ਖੁੰਬ ਠੱਪ ਦਿੰਦਾ ਹੈ ਕਿ ਅਗਲੇ ਨੂੰ ਸਮਾਗਮ ਛੱਡ ਕੇ ਜਾਣਾ ਪੈਂਦਾ ਹੈ। ਇਕ ਦਿਨ ਕਿਸੇ ਸਮਾਗਮ ’ਤੇ ਜਾਂਦਿਆਂ ਮੈਨੂੰ ਕਹਿਣ ਲੱਗਾ, ਅੱਜ ਫੇਰ ਮੇਰੀ ਘਰ ਵਾਲੀ ਨੇ ਮੈਨੂੰ ਕਹਿ ਕੇ ਤੋਰਿਆ ਹੈ ਕਿ ਐਵੇਂ ਕਿਸੇ ਨੂੰ ਕੁਝ ਨਹੀਂ ਕਹਿਣਾ, ਤੁਸੀਂ ਤੁਰੀ ਜਾਂਦੀ ਬਲਾ ਖਾਹਮ-ਖਾਹ ਆਪਣੇ ਗਲ ਪਾ ਲੈਂਦੇ ਹੋ। ਪਰ ਮੈਂ ਤੈਨੂੰ ਕਹਿਣੈ ਕਿ ਤੂੰ ਮੇਰਾ ਖ਼ਿਆਲ ਰੱਖੀਂ ! ਜੇਕਰ ਅੱਜ ਕੋਈ ਇਹੋ-ਜਿਹੀ ਸਥਿਤੀ ਆਈ ਤਾਂ ਮੈਨੂੰ ਰੋਕ ਲਵੀਂ, ਇਹ ਤੇਰੀ ਜ਼ਿੰਮੇਵਾਰੀ ਹੈ ! ਮੈਂ ਹੱਸ ਛੱਡਿਆ ਤੇ ਹਲਕਾ ਜਿਹਾ ਕਿਹਾ ਵੀ ਕਿ ਚੱਲੋ ਠੀਕ ਐ ਪਰ ਤੁਸੀਂ ਆਪ ਵੀ ਖ਼ਿਆਲ ਰੱਖਿਓ...
ਅਸੀਂ ਸਮਾਗਮ ’ਤੇ ਪਹੁੰਚ ਗਏ। ਸੁਰਜੀਤ ਪਾਤਰ, ਵਰਿਆਮ ਸਿੰਘ ਸੰਧੂ ਤੇ ਮੈਂ ਪ੍ਰਧਾਨਗੀ ਮੰਡਲ ’ਚ ਬੈਠੇ ਸਾਂ। ਸਟੇਜ ਸਕੱਤਰ, ਜੋ ਉਸੇ ਕਾਲਜ ਦਾ ਅਧਿਆਪਕ ਸੀ, ਸੁਰਜੀਤ ਪਾਤਰ ਨੂੰ ਸਟੇਜ ਉੱਤੇ ਬੁਲਾਉਣ ਲੱਗਿਆ ਤਾਂ ਉਸ ਨੇ ਪਾਤਰ ਦਾ ਇਕ ਸ਼ਿਅਰ ਪੜ੍ਹਨਾ ਸ਼ੁਰੂ ਕਰ ਦਿੱਤਾ : ਏਨਾ ਸੱਚ ਨਾ ਬੋਲ ਕਿ ਕੱਲਾ ਹੀ ਰਹਿ ਜਾਵੇਂ...। ਅਜੇ ਉਹਨੇ ਏਨਾ ਮਿਸ਼ਰਾ ਹੀ ਬੋਲਿਆ ਸੀ ਕਿ ਵਰਿਆਮ ਸਿੰਘ ਸੰਧੂ ਪ੍ਰਧਾਨਗੀ ਮੰਡਲ ’ਚੋਂ ਉੱਠ ਕੇ ਖੜ੍ਹਾ ਹੋ ਗਿਆ... ‘ਗੱਲ ਸੁਣ ਓਏ ਭਾਈ ! ਜੇ ਕਿਸੇ ਦਾ ਸ਼ਿਅਰ ਕੋਟ ਕਰਨਾ ਹੁੰਦਾ ਤਾਂ ਪਹਿਲਾਂ ਚੱਜ ਨਾਲ ਪੜ੍ਹ ਕੇ ਆਈਦਾ ਹੁੰਦਾ। ਇਹਦੇ ’ਚ ‘ਹੀ’ ਸ਼ਬਦ ਕਿੱਥੋਂ ਆ ਗਿਆ। ਪਾਤਰ ਦੀ ਸਾਰੀ ਬਹਿਰ ਹੀ ਵਿਗਾੜ ਕੇ ਰੱਖ ਦਿੱਤੀ ਤੂੰ !’ ਪੰਡਾਲ ’ਚ ਹਾਸਾ ਪੈ ਗਿਆ... ਸਟੇਜ ਸਕੱਤਰ ਕੱਖੋਂ ਹੌਲਾ ਹੋ ਗਿਆ... ਪਾਤਰ ਸਾਹਿਬ ਨੇ ਮੁਸਕਰਾਉਂਦੇ ਹੋਏ ਡਾਇਸ ’ਤੇ ਜਾ ਕੇ, ਆਪਣਾ ਭਾਸ਼ਣ ਆਰੰਭ ਦਿੱਤਾ। ਸਮਾਗਮ ਖ਼ਤਮ ਹੋਇਆ, ਖਾਣਾ ਖਾਣ ਲਈ ਜਾਂਦੇ ਹੋਏ ਅਸੀਂ ਹੱਸੀ ਜਾਂਦੇ ਸਾਂਂ। ਵਰਿਆਮ ਮੈਨੂੰ ਕਹਿਣ ਲੱਗਿਆ, ‘ਸਭ ਤੇਰਾ ਕਸੂਰ ਐ, ਮੈਂ ਤੈਨੂੰ ਕਿਹਾ ਸੀ, ਮੇਰਾ ਖ਼ਿਆਲ ਰੱਖੀਂ...।’ ‘ਮੈਂ ਕਿਹਾ ਖ਼ਿਆਲ ਕਦੋਂ ਰੱਖਦਾ ? ਤੁਸੀਂ ਮੌਕਾ ਹੀ ਨਹੀਂ ਦਿੱਤਾ।’ ਖਾਣਾ ਖਾਂਦਿਆਂ ਵਰਿਆਮ ਸਿੰਘ ਸੰਧੂ ਕਹਿਣ ਲੱਗਾ, ‘ਵੈਸੇ ਮੈਂ ਚੁੱਪ ਵੀ ਰਹਿੰਦਾ ਤਾਂ ਮੇਰਾ ਕੀ ਜਾਣਾ ਸੀ। ਪਾਤਰ ਆਪਣਾ ਸ਼ਿਅਰ ਸਟੇਜ ’ਤੇ ਜਾ ਕੇ ਆਪੇ ਠੀਕ ਕਰ ਦਿੰਦਾ।’ ਪਾਤਰ ਸਾਹਿਬ ਹੱਸ ਪਏ ਤੇ ਕਹਿੰਦੇ, ‘ਮੈਂ ਨਾ ਵੀ ਠੀਕ ਕਰਦਾ ਤਾਂ ਵੀ ਕੀ ਹੋ ਜਾਣਾ ਸੀ।’ ਅਜਿਹੇ ਬਹੁਤ ਸਾਰੇ ਮੌਕੇ ਹਨ, ਜਦੋਂ ਵਰਿਆਮ ਸਿੰਘ ਸੰਧੂ ਨੇ ਵਿਚਾਰਾਂ ਤੇ ਸ਼ਬਦਾਂ ਦੀ ਨਿੱਕੀ-ਮੋਟੀ ਝੋਲ ਨੂੰ ਵੀ ਬਰਦਾਸ਼ਤ ਨਾ ਕੀਤਾ ਹੋਵੇ। ਉਸ ਦੇ ਇਸ ਸੁਭਾਅ ਬਾਰੇ ਉਸ ਦੀ ਪਤਨੀ ਰਾਜਵੰਤ ਕੌਰ ਦਾ ਬਿਆਨ ਇਸ ਤਰ੍ਹਾਂ ਹੈ, ‘ਕਦੇ- ਕਦੇ ਬਹੁਤ ਗੁੱਸੇ ’ਚ ਆ ਜਾਂਦੇ ਹਨ, ਲੱਗੂ ਹੁਣੇ ਬੱਦਲ ਫਟਿਆ... ਉਂਝ ਇਨ੍ਹਾਂ ਦਾ ਗੁੱਸਾ ਵੀ ਦੁੱਧ ਦੇ ਉਬਾਲ ਵਰਗਾ ਹੈ ਪਰ ਅੰਦਰੋਂ ਬੜੇ ਹੀ ਨਾਜ਼ੁਕ ਤੇ ਨਰਮ ਮਿਜ਼ਾਜ ਹਨ। ਹੁਣ ਤਾਂ ਕਈ ਵਾਰੀ ਗੱਲ ਕਰਦਿਆਂ ਭਾਵੁਕ ਵੀ ਹੋ ਜਾਂਦੇ ਨੇ। ਅੱਖਾਂ ’ਚ ਅੱਥਰੂ ਭਰ ਲੈਂਦੇ ਨੇ, ਚਿੜੀਆਂ ਦੇ ਚੰਬੇ ਵਾਲਾ ਗੀਤ ਤਾਂ ਜਦੋਂ ਧੀਆਂ ਬਾਲੜੀਆਂ ਸਨ, ਉਦੋਂ ਤੋਂ ਹੀ ਸੁਣਦੇ ਸਨ ਤਾਂ ਰੋ ਪੈਂਦੇ ਸਨ।’ ਵਿਚਾਰਾਂ ਦੀ ਦ੍ਰਿੜ੍ਹਤਾ, ਬੋਲਚਾਲ ਦੀ ਤਰਲਤਾ ਤੇ ਲਿਖਤ ਦੀ ਸੰਪੂਰਨਤਾ ਵਾਲੀ, ਵਰਿਆਮਗੀ ਨਾਲ ਭਰੀ ਹੋਈ, ਅਜਿਹੀ ਸ਼ਖ਼ਸੀਅਤ ਪੰਜਾਬੀ ਸਾਹਿਤ ’ਚ ਬਹੁਤ ਵਿਰਲੀ ਹੈ। ਦ੍ਰਿੜ੍ਹਤਾ ਤੇ ਤਰਲਤਾ ਦਾ ਸੰਪੂਰਨ ਸੁਮੇਲ ਹੀ, ਉਸ ਨੂੰ ਇਕ ਸਮਰੱਥ ਕਹਾਣੀਕਾਰ ਤੇ ਇਕ ਬੁਲੰਦ ਬੁਲਾਰਾ ਬਣਾਉਂਦਾ ਹੈ। ਉਸ ਨਾਲ ਬੈਠ ਕੇ ਗੱਲਾਂ ਕਰਨਾ, ਮੈਨੂੰ ਹਮੇਸ਼ਾ ਅਨੰਦਿਤ ਕਰਦਾ ਹੈ।
ਕਹਾਣੀ ਲਿਖਣ ਦਾ ਸਫ਼ਰ
‘ਲੋਹੇ ਦੇ ਹੱਥ’ ਤੋਂ ਸ਼ੁਰੂ ਹੋਇਆ ਉਸ ਦਾ ਕਹਾਣੀ ਲਿਖਣ ਦਾ ਸਫ਼ਰ ‘ਜਮਰੌਦ’ ਤੱਕ ਪਹੁੰਚਦਿਆਂ, ਜਿਨ੍ਹਾਂ ਪੜਾਵਾਂ’ਚੀਂ ਗੁਜ਼ਰਿਆ, ਉਸ ’ਚ ‘ਅੰਗ ਸੰਗ’ ਵੀ ਹੈ, ‘ਭੱਜੀਆਂ ਬਾਹੀਂ’ ਵੀ ਹੈ, ‘ਚੌਥੀ ਕੂਟ’ ਵੀ ਹੈ ਤੇ ‘ਤਿਲ ਫੁੱਲ’ ਵੀ ਹੈ। ਇਨ੍ਹਾਂ ਪੜਾਵਾਂ’ਚੀਂ ਗੁਜ਼ਰਿਦਆਂ ਉਸ ਦੀਆਂ ਜਿਨ੍ਹਾਂ ਕਹਾਣੀਆਂ ਉੱਤੇ ਪੰਜਾਬੀ ਪਾਠਕਾਂ ਦੀ ਨਜ਼ਰ ਬਹੁਤ ਗਹਿਰੀ ਤਰ੍ਹਾਂ ਟਿਕੀ, ਉਨ੍ਹਾਂ ’ਚ ‘ਸੁਨਹਿਰਾ ਕਿਣਕਾ’, ‘ਡੁੰਮ’, ‘ਆਪਣਾ ਆਪਣਾ ਹਿੱਸਾ’, ‘ਨੌਂ ਬਾਰਾਂ ਦਸ’ ‘ਮੈਂ ਹੁਣ ਠੀਕ ਠਾਕ ਹਾਂ’, ‘ਮੈਂ ਰੋ ਨਾ ਲਵਾਂ ਇਕ ਵਾਰ’ ਤੇ ‘ਜਮਰੌਦ’ ਆਦਿ ਸ਼ਾਮਿਲ ਹਨ। ‘ਚੌਥੀ ਕੂਟ’ ਤੇ ‘ਮੈਂ ਹੁਣ ਠੀਕ ਠਾਕ ਹਾਂ’ ਨੂੰ ਫ਼ੀਚਰ ਫ਼ਿਲਮਾਂ ਬਣਨ ਦਾ ਸੁਭਾਗ ਵੀ ਪ੍ਰਾਪਤ ਹੋਇਆ ਹੈ।
• ਡਾ. ਲਖਵਿੰਦਰ ਸਿੰਘ ਜੌਹਲ