Book Review : ਰਾਜਾ ਰਸਾਲੂ ਤੇ ਪੰਜਾਬ ਦੀਆਂ ਹੋਰ ਕਥਾਵਾਂ
ਪੰਜਾਬੀ ਲੋਕਧਾਰਾ ਦੇ ਖਿੱਤੇ ਅੰਦਰ ਲੋਕ ਕਥਾਵਾਂ ਦੇ ਸੰਪਾਦਨ ਵਿਚ ਚਾਰਲਸ ਸਵੀਕਰਟਨ ਨੂੰ ਇਕ ਖ਼ਾਸ ਮੁਕਾਮ ਹਾਸਲ ਹੈ। ਪੁਸਤਕ ਦੀ ਸ਼ੁਰੂਆਤ ਵਿਚ ਲੇਖਕ ਨੇ ਇਨ੍ਹਾਂ ਕਥਾਵਾਂ ਨੂੰ ਇਕੱਤਰ ਕਰਨ ਸਮੇਂ ਦਾ ਜੋ ਮੰਜਰ ਸਾਡੇ ਸਾਹਮਣੇ ਪੇਸ਼ ਕੀਤਾ ਹੈ ਉਸ ਵਿੱਚੋਂ ਪੰਜਾਬੀਅਤ ਦੇ ਰੰਗ ਦਿਖਾਈ ਦਿੰਦੇ ਹਨ ਅਤੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਨੂੰ ਵੀ ਸੁਣਿਆ ਜਾ ਸਕਦਾ ਹੈ।
Publish Date: Sun, 09 Jan 2022 10:13 AM (IST)
Updated Date: Sun, 09 Jan 2022 10:15 AM (IST)
ਪੁਸਤਕ : ਰਾਜਾ ਰਸਾਲੂ ਤੇ ਪੰਜਾਬ ਦੀਆਂ ਹੋਰ ਕਥਾਵਾਂ
ਪੰਨੇ : 162, ਮੱੁਲ : 220/-
ਪ੍ਰਕਾਸ਼ਕ : ਸਪਤਰਿਸ਼ੀ ਪਬਲਿਕੇਸ਼ਨ, ਚੰਡੀਗੜ੍ਹ।
ਪੰਜਾਬੀ ਲੋਕਧਾਰਾ ਦੇ ਖਿੱਤੇ ਅੰਦਰ ਲੋਕ ਕਥਾਵਾਂ ਦੇ ਸੰਪਾਦਨ ਵਿਚ ਚਾਰਲਸ ਸਵੀਕਰਟਨ ਨੂੰ ਇਕ ਖ਼ਾਸ ਮੁਕਾਮ ਹਾਸਲ ਹੈ। ਪੁਸਤਕ ਦੀ ਸ਼ੁਰੂਆਤ ਵਿਚ ਲੇਖਕ ਨੇ ਇਨ੍ਹਾਂ ਕਥਾਵਾਂ ਨੂੰ ਇਕੱਤਰ ਕਰਨ ਸਮੇਂ ਦਾ ਜੋ ਮੰਜਰ ਸਾਡੇ ਸਾਹਮਣੇ ਪੇਸ਼ ਕੀਤਾ ਹੈ ਉਸ ਵਿੱਚੋਂ ਪੰਜਾਬੀਅਤ ਦੇ ਰੰਗ ਦਿਖਾਈ ਦਿੰਦੇ ਹਨ ਅਤੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਨੂੰ ਵੀ ਸੁਣਿਆ ਜਾ ਸਕਦਾ ਹੈ। ਲੇਖਕ ਅਨੁਸਾਰ ਇਨ੍ਹਾਂ ਕਥਾਵਾਂ ਦਾ ਸਰੋਤ ਕੁੱਝ ਪੰਜਾਬੀ ਹਨ ਕੁੱਝ ਪਠਾਨ। ਕੁੱਝ ਬਜ਼ੁਰਗ ਤੇ ਕੁੱਝ ਨੋਜਵਾਨ ਹਨ। ਪੁਸਤਕ ਦੇ ਸਿਰਲੇਖ ਵਾਲੀ ਕਥਾ ਰਾਜਾ ਰਸਾਲੂ ਅੰਦਰ ਲੇਖਕ ਮਿਥਿਹਾਸਕ ਤੱਥਾਂ ਦਾ ਮਿਸ਼ਰਣ ਹੋਇਆ ਮੰਨਦਾ ਹੈ। ਉਸ ਅਨੁਸਾਰ ਇਹ ਕਥਾ ਸੂਰਜੀ ਮਿੱਥ ਨਾਲ ਵੀ ਜੁੜੀ ਹੋ ਸਕਦੀ ਹੈ। ਪ੍ਰੰਪਰਾਗਤ ਮਨੁੱਖੀ ਖ਼ਤਰਨਾਕ ਮੁਹਿੰਮਾ ਤੋਂ ਵੀ ਪੈਦਾ ਹੋਈ ਹੋ ਸਕਦੀ ਹੈ। ਇਸ ਪੁਸਤਕ ਅੰਦਰ ਲੇਖਕ ਨੇ ਰਾਜਾ ਰਸਾਲੂ ਨਾਲ ਸਬੰਧਿਤ ਬਾਰਾਂ ਕਥਾਵਾਂ ਨੂੰ ਸ਼ਾਮਲ ਕੀਤਾ ਹੈ ਜਿਨ੍ਹਾਂ ਵਿਚ ਰਾਜਾ ਰਸਾਲੂ ਦੇ ਜਨਮ ਤੋਂ ਲੈ ਕੇ ਮੌਤ ਤਕ ਦਾ ਬਿਰਤਾਂਤ ਹੈ। ਇਨ੍ਹਾਂ ਕਥਾਵਾਂ ਤੋ ਬਾਅਦ ਸਵੀਕਰਟਨ ਨੇ ਪੰਜਤਾਲੀ ਕਹਾਣੀਆਂ ਵੀ ਸ਼ਾਮਲ ਕੀਤੀਆਂ ਹਨ ਜਿਨ੍ਹਾਂ ਨੂੰ ਉਸਨੇ ਘਰ ਦੀਆਂ ਕਹਾਣੀਆਂ ਦੇ ਨਾਮ ਨਾਲ ਜਾਣੂ ਕਰਵਾਇਆ ਹੈ।
ਲੇਖਕ ਨੇ ਇਹ ਕਹਾਣੀਆਂ ਸਿੰਧ ਦਰਿਆ ਦੇ ਨੇੜਲੇ ਇਲਾਕੇ ਵਿੱਚੋਂ ਇਕੱਤਰ ਕੀਤੀਆਂ ਹਨ, ਇਨ੍ਹਾਂ ਵਿੱਚੋਂ ਕੁੱਝ ਕਹਾਣੀਆਂ ਵਿਅੰਗ ਨਾਲ ਸਬੰਧਿਤ ਹਨ ਅਤੇ ਕੁੱਝ ਉਸਾਰੂ ਜੀਵਨ ਸੇਧ ਦੇਣ ਵਾਲੀਆਂ ਹਨ। ਕੁਝ ਕਥਾਵਾਂ ਸਿਆਣਪ ਅਤੇ ਸਦਾਚਾਰ ਦੇ ਪਰਉਪਕਾਰੀ ਉਪਦੇਸ਼ ਨੂੰ ਸਮਰਪਿਤ ਹਨ। ਅਜਿਹੀਆਂ ਕਹਾਣੀਆਂ ਹਰ ਤਬਕੇ ਨੇ ਦੂਸਰੇ ਤਬਕੇ ਬਾਰੇ ਸਿਰਜੀਆਂ ਹਨ। ਇਨ੍ਹਾਂ ਕਹਾਣੀਆਂ ਅੰਦਰ ਸੁਭਾਅ ਦੀ ਖੁੱਲ੍ਹਦਿਲੀ, ਠੇਠ ਪੰਜਾਬੀ ਭਾਸ਼ਾ ਅਤੇ ਮੁਹਾਵਰੇਦਾਰ ਲਹਿਜਾ ਦਿਲ ਨੂੰ ਟੁੰਬਣ ਵਾਲਾ ਹੈ। ਇਨ੍ਹਾਂ ਦੀ ਸ਼ੈਲੀ ਪਾਠਕ ਨੂੰ ਆਪਣੇ ਨਾਲ ਜੋੜੀ ਰੱਖਣ ਵਾਲੀ ਹੈ। ਪੁਸਤਕ ਪੜ੍ਹਨ ਅਤੇ ਸਾਂਭਣਯੋਗ ਹੈ।
- ਪਰਮਜੀਤ ਸਿੰਘ ਸੰਸੋਆ