17 ਅਗਸਤ 1947 ਨੂੰ ਦੋਹਾਂ ਦੇਸ਼ਾਂ ਵਿਚਾਲੇ ਸਰਹੱਦ ਦੀ ਵੰਡ ਹੋ ਗਈ। ਬਰਤਾਨਵੀ ਵਕੀਲ ਸਰ ਸਿਰਿਲ ਰੈਡਕਲਿਫ਼ ਨੇ ਇਕ ਹਿੰਦੂ ਅਤੇ ਇਕ ਮੁਸਲਿਮ ਵਕੀਲ ਦੀ ਮਦਦ ਨਾਲ ਦੋਹਾਂ ਦੇਸ਼ਾਂ ਦੀ ਸੀਮਾ ਤੈਅ ਕੀਤੀ। ਉਸ ਦੇ ਨਾਂ ’ਤੇ ਇਸ ਦਾ ਨਾਂ ਰੈੱਡਕਲਿਫ ਲਾਈਨ ਰੱਖਿਆ ਗਿਆ ਸੀ। ਇਸ ਦਿਨ ਵੱਡੀ ਗਿਣਤੀ ਵਿਚ ਲੋਕ ਭਾਰਤ ਦੇ ਇਸ ਪਾਸੇ ਤੋਂ ਪਾਕਿਸਤਾਨ ਚਲੇ ਗਏ ਅਤੇ ਭਾਰਤ ਦੋ ਹਿੱਸਿਆਂ ਵਿਚ ਵੰਡਿਆ ਗਿਆ।
15 ਅਗਸਤ 1947 ਦੀ ਅੱਧੀ ਰਾਤ ਨੂੰ ਹਿੰਦੋਸਤਾਨ ਤੇ ਪਾਕਿਸਤਾਨ ਕਾਨੂੰਨੀ ਤੌਰ ’ਤੇ ਦੋ ਆਜ਼ਾਦ ਦੇਸ਼ ਬਣ ਗਏ ਸਨ, ਭਾਵ ਭਾਰਤ ਦੇ ਸੂਬੇ ਪੰਜਾਬ ਅਤੇ ਬੰਗਾਲ ਦੇ ਕੁੱਝ ਹਿੱਸੇ ਪਾਕਿਸਤਾਨ ਨੂੰ ਦੇ ਕੇ ਅੰਗਰੇਜ਼ ਸਰਕਾਰ ਨੇ ਆਪਣੀ ‘ਪਾੜੋ ਅਤੇ ਰਾਜ਼ ਕਰੋ’ ਦੀ ਨੀਤੀ ਨੂੰ ਅਮਲੀ ਜ਼ਾਮਾ ਪਹਿਨਾਇਆ ਸੀ। ਭਾਰਤ ਦੇ ਤਤਕਾਲੀ ਵਾਇਸਰਾਏ ਲਾਰਡ ਮਾਊਂਟਬੇਟਨ ਨੇ ਬਰਤਾਨਵੀ ਵਕੀਲ ਸਿਰਿਲ ਰੈੱਡਕਲਿਫ ਨੂੰ ਰਾਤ ਦੇ ਖਾਣੇ ’ਤੇ ਸੱਦਿਆ। ਇਸ ਦੌਰਾਨ ਦੋਵਾਂ ਦਰਮਿਆਨ ਪਾਕਿਸਤਾਨ ਨੂੰ ਲੈ ਕੇ ਲੰਮੀ ਗੱਲਬਾਤ ਹੋਈ ਜਿਸ ਨੇ ਪਾਕਿਸਤਾਨ ਦੇ ਕਈ ਜ਼ਿਲ੍ਹਿਆਂ ਦੀ ਤਕਦੀਰ ਬਦਲ ਕੇ ਰੱਖ ਦਿੱਤੀ। ਵਾਇਸਰਾਏ ਮਾਊਂਟਬੇਟਨ ਤੇ ਸਿਰਿਲ ਰੈੱਡਕਲਿਫ ਦੀ ਵਾਰਤਾ ਦੌਰਾਨ ਭਾਰਤ ਦੀ ਵੰਡ ਕਿਵੇਂ ਹੋਵੇਗੀ, ਯਾਨੀ ਕਿ ਕਿਹੜਾ ਹਿੱਸਾ ਭਾਰਤ ਵਿਚ ਰਹੇਗਾ ਅਤੇ ਕਿਹੜਾ ਹਿੱਸਾ ਪਾਕਿਸਤਾਨ ਦੇ ਹਿੱਸੇ ਆਵੇਗਾ। ਇਹ ਤੈਅ ਕਰਨ ਦੀ ਜ਼ਿੰਮੇਵਾਰੀ ਸਿਰਿਲ ਰੈਡਕਲਿਫ ਨੂੰ ਸੌਪੀ ਗਈ। ਸਿਰਿਲ ਰੈੱਡਕਲਿਫ ਨੇ 1947 ਦੇ ਬਟਵਾਰੇ ਤੋਂ ਪਹਿਲਾਂ ਹੀ ਹਿੰਦੋਸਤਾਨ ਦੇ ਨਕਸ਼ੇ ’ਤੇ ਪੰਜਾਬ ਦੀ ਵੰਡ ਦੀ ਲਕੀਰ ਖਿੱਚ ਚੁੱਕੇ ਸਨ। ਭਾਰਤ ਦੇ ਨਕਸ਼ੇ ’ਤੇ ਖਿੱਚੀ ਲਕੀਰ ਦੇ ਮੁਤਾਬਿਕ ਸਿਰਿਲ ਰੈੱਡਕਲਿਫ ਨੇ ਜ਼ਿਲ੍ਹਾ ਗੁਰਦਾਸ ਪੁਰ, ਜ਼ਿਲ੍ਹੇ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ, ਜ਼ਿਲ੍ਹਾ ਫਿਰੋਜਪੁਰ, ਉਸ ਦੀ ਤਹਿਸੀਲ ਜ਼ੀਰਾ ਨੂੰ ਪਾਕਿਸਤਾਨ ਦਾ ਹਿੱਸਾ ਦੱਸਿਆ ਸੀ।
ਬਜ਼ੁਰਗਾਂ ਦੇ ਦੱਸਣ ਮੁਤਾਬਕ
ਤਹਿਸੀਲ ਅਜਨਾਲਾ ਦੇ ਸਭ ਤੋਂ ਵੱਡੇ ਪਿੰਡ ਜਗਦੇਵ ਕਲਾਂ ਦੇ ਬਜ਼ੁਰਗਾਂ ਦੇ ਦੱਸਣ ਮੁਤਾਬਕ ਸਾਡੀ ਤਹਿਸੀਲ ਅਜਨਾਲਾ ਪਾਕਿਸਤਾਨ ਵਿਚ ਚਲੀ ਗਈ ਹੈ। ਸਾਡੇ ਗੁਆਂਢੀ ਪਿੰਡ ਦਬੁਰਜ਼ੀ ਤਹਿਸੀਲ ਅੰਮ੍ਰਿਤਸਰ ਿਵਚ ਪੈਂਦਾ ਸੀ। ਉਨ੍ਹਾਂ ਸੋਚਿਆਂ ਅਸੀਂ ਟਿੰਡ ਫੋਹੜੀ ਚੁੱਕ ਉੱਥੇ ਚਲੇ ਜਾਵਾਂਗੇ। ਜਦੋਂ ਰੋਲ਼ਾ-ਰੱਪਾ ਹੱਟਿਆ ਤਾਂ ਪਰਤ ਆਵਾਂਗੇ। ਪਿੰਡ ਵਿਚ ਬਹੁਤ ਘੱਟ ਗਿਣਤੀ ਵਿਚ ਮੁਸਲਮਾਨ, ਅਰਾਈਂ ਆਦਿ ਰਹਿੰਦੇ ਸਨ। ਉਹ ਪਿੰਡ ਦੀ ਵੱਡੀ ਮਸਜ਼ਿਦ ਵਿਚ ਇਕੱਠੇ ਹੋਏ ਪਰ ਡਰਦਿਆਂ ਜਸ਼ਨ ਨਾਂ ਮਨਾਏ। ਫਿਰ ਮੇਰੀ ਬਤੌਰ ਅਧਿਆਪਕ ਇੱਧਰਲੇ ਬਾਰਡਰ ਏਰੀਏ ਦੇ ਇਕ ਸਕੂਲ ਵਿਚ ਨਿਯੁਕਤੀ ਹੋਈ ਤਾਂ ਮੈਂ ਆਪਣੇ ਸੁਪਨਿਆਂ ਦੇ ਪਿੰਡ ਪ੍ਰੀਤ ਨਗਰ ਵਿਖੇ ਇਕ ਕੋਠੀ ਕਿਰਾਏ ’ਤੇ ਲੈ ਆਪਣੀ ਰਿਹਾਇਸ਼ ਲੈ ਆਂਦੀ। ਮਹਾਨ ਸੁਪਨਸਾਜ਼ ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਮਾਡਲ ਟਾਊਨ ਲਾਹੌਰ ਪ੍ਰੀਤ ਨਗਰ ਦੇ ਸੁਪਨੇ ਨੂੰ ਰੂਪ ਰੇਖਾ ਦਿੱਤੀ ਸੀ। ਇਸ ਮਕਸਦ ਲਈ ਉਨ੍ਹਾਂ ਨੇ ਲਾਹੌਰ ਤੇ ਅੰਮ੍ਰਿਤਸਰ ਦਰਮਿਆਨ ਪੈਂਦੇ, ਸਾਹਿਤ, ਸੱਭਿਆਚਾਰ ਅਤੇ ਆਰਥਿਕ ਪੱਖੋਂ ਵਿਕਸਤ ਪਿੰਡ ਲੋਪੋਕੇ ਦੇ ਦੌਲਤ ਰਾਮ ਦੀ ਧਨੀ ਰਾਮ ਚਾਤ੍ਰਿਕ ਰਾਹੀਂ 400 ਏਕੜ ਬੰਜਰ ਤੇ ਰੱਕੜ ਜ਼ਮੀਨ 40 ਹਜ਼ਾਰ ਵਿਚ ਖ੍ਰੀਦ ਲਈ ਤੇ ਸੁਪਨੀਲਾ ਨਗਰ ਪ੍ਰੀਤ ਨਗਰ ਵਸਾਇਆ। 1947 ਦਾ ਬਟਵਾਰਾ ਪ੍ਰੀਤ ਨਗਰ ਦੀ ਤਬਾਹੀ ਦਾ ਸਬੱਬ ਬਣਿਆ ਸੀ। 1947 ਨੂੰ ਪ੍ਰੀਤ ਨਗਰ ਆਲੇ ਦੁਆਲੇ ਦੇ ਬਹੁਤੇ ਪਿੰਡ ਮੁਸਲਮਾਨ ਬਹੁਤਾਤ ਵਾਲੇ ਸਨ।
14 ਅਗਸਤ ਨੂੰ ਪਾਕਿਸਤਾਨ ਤਾਂ ਬਣ ਗਿਆ ਪਰ ਆਸ-ਪਾਸ ਦੀ ਬਹੁ ਗਿਣਤੀ ਪਿੰਡਾਂ ਦੇ ਮੁਸਲਮਾਨਾਂ ਦੀ ਕਿਸਮਤ ਦਾ ਫ਼ੈਸਲਾ ਹਾਲੇ ਹੋਣਾ ਸੀ। ਸਿਰਿਲ ਰੈੱਡਕਲਿਫ ਨੇ ਆਪਣਾ ਫ਼ੈਸਲਾ 18 ਅਗਸਤ ਨੂੰ ਸੁਣਾਉਣਾ ਸੀ। ਉਸ ਗੁਰਦਾਸਪੁਰ, ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਤੇ ਜ਼ਿਲ੍ਹੇ ਫਿਰੋਜ਼ਪੁਰ ਦੀ ਤਹਿਸੀਲ ਜ਼ੀਰਾ ਤੇ ਫਿਰੋਜ਼ਪੁਰ 48 ਘੰਟਿਆ ਬਾਅਦ ਭਾਰਤ ਦੇ ਹਵਾਲੇ ਕਰ ਦਿੱਤੇ। ਗੁਰਦਾਸਪੁਰ ਜ਼ਿਲ੍ਹੇ ਦੀ ਤਹਿਸੀਲ ਸ਼ਕਰਗੜ੍ਹ ਪਾਕਿਸਤਾਨ ਹਵਾਲੇ ਕਰ ਦਿੱਤੀ ਗਈ।
ਫਿਰਕੂ ਨਫ਼ਰਤਾਂ ਦਾ ਜ਼ਹਿਰ
ਇਸ ਤੋਂ ਪਹਿਲਾਂ ਰੈੱਡਕਲਿਫ ਨੇ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੀ ਸਰਹੱਦ ਦਰਿਆ ਰਾਵੀ ਨੂੰ ਮਨ ਲਿਆ ਸੀ। ਹਵਾ ਵਿਚ ਫਿਰਕੂ ਨਫ਼ਰਤਾਂ ਦਾ ਜ਼ਹਿਰ ਫੈਲ ਗਿਆ। ਪ੍ਰੀਤ ਨਗਰ ਵਿਚ ਕੁਝ ਇਨਸਾਨੀਅਤ ਦੇ ਰਖਵਾਲਿਆਂ ਇਕ ‘ਅਮਨ ਕਮੇਟੀ’ ਬਣਾਈ ਹੋਈ ਸੀ ਅਤੇ ਆਸ-ਪਾਸ ਪਿੰਡ ਦੇ ਮੁਸਲਮਾਨ ਪਰਿਵਾਰਾਂ ਨੂੰ ਪਹਿਲਾਂ ਪ੍ਰੀਤ ਲੜੀ ਪ੍ਰੈਸ ਵਿਚ ਸ਼ਰਨ ਦਿੱਤੀ ਗਈ ਸੀ ਫਿਰ ਜਗ੍ਹਾ ਸੜਕ ਕਿਨਾਰੇ ਹੋਣ ਕਰਕੇ ਅੰਦਰਲੀ ਕੋਠੀ ਪਨਾਹ ਗੀਰਾਂ ਨੂੰ ਦੇ ਦਿੱਤੀ ਗਈ ਸੀ। ਕਿਉਂਕਿ ਪ੍ਰੀਤ ਨਗਰ ਵਿਚ ਪਹਿਲਾਂ ਹੀ ਕੁਝ ਮੁਸਲਮਾਨ ਪਰਿਵਾਰ ਵੱਸਦੇ ਸਨ, ਜਿਹੜੇ ਹੁਨਰਮੰਦ ਸਨ ਅਤੇ ਕਈ ਧੰਦੇ/ਕਾਰੋਬਾਰ ਕਰਦੇ ਸਨ ਜਿਵੇਂ ਸਾਬਣ ਬਣਾਉਣਾ, ਤੇਲ ਕੱਢਣਾ, ਹੱਥ ਨਾਲ ਬਣਨ ਵਾਲਾ ਕਾਗ਼ਜ਼ ਵੀ ਇੱਥੇ ਬਣਦਾ ਸੀ। ਐਕਟਿਵਿਟੀ ਸਕੂਲ ਦੇ ਬੱਚਿਆਂ ਦੀ ਵਰਦੀ ਵੀ ਮੁਸਲਮਾਨ ਦਰਜ਼ੀ ਬਣਾਉਂਦੇ ਸਨ। ਜੁਲਾਹੇ ਕੱਪੜਾ ਬੁਣਦੇ ਸਨ। ‘ਅਮਨ ਕਮੇਟੀ ਦੇ ਨੌਜਵਾਨ ਮੁਸਲਮਾਨਾਂ ਨੂੰ ਰਾਵੀ ਪਾਰ ਕਰਵਾ ਆਏ ਸਨ। ਇਸ ਦਾ ਪਤਾ ਜਦੋਂ ਧਾਵੀਆਂ ਨੂੰ ਲੱਗਾ ਤਾਂ ਉਹ ਪ੍ਰੀਤ ਨਗਰ ਤੇ ਖ਼ਾਸ ਕਰਕੇ ਗੁਰਬਖਸ਼ ਸਿੰਘ ਨੂੰ ਸੋਧਣ ਦੀਆਂ ਧਮਕੀਆਂ ਦੇਣ ਲੱਗੇ। ਉਨ੍ਹਾਂ ਲੋਪੋਕੇ ਦੇ ਥਾਣੇ ਕੋਲ ਗੁਰਬਖਸ਼ ਸਿੰਘ ਦੇ ਅੰਮ੍ਰਿਤਸਰ ਤੋਂ ਮੁੜਦਿਆਂ ਮੌਕੇ ਹਮਲਾ ਕਰਨ ਦੀ ਯੋਜਨਾ ਬਣਾਈ ਪਰ ਇਸ ਦੀ ਸੂਚਨਾ ਪਹਿਲਾਂ ਮਿਲਣ ਕਰਕੇ ਉਹ ਰਾਹ ਬਦਲ ਪ੍ਰੀਤ ਨਗਰ ਪਹੁੰਚ ਗਏ। ਪ੍ਰੀਤ ਨਗਰ ਦੇ ਨੇੜਲੇ ਪਿੰਡ ਭੁੱਲਰ ਦੇ ਪ੍ਰੀਤ ਸਨੇਹੀ ਕਾਮਰੇਡ ਗੁਲਾਮ ਨਬੀ ਭੁੱਲਰ ਪਾਕਿਸਤਾਨ ਜਾ ਕੇ ਸੰਪਰਕ ਅਫ਼ਸਰ ਜਾ ਲੱਗਿਆ। ਉਹ ਇਕ ਦਿਨ ਮੁਸਲਮਾਨਾ ਉਧਾਲੀਆਂ ਔਰਤਾਂ ਨੂੰ ਲੱਭਣ ਅੰਮ੍ਰਿਤਸਰ ਆਇਆ ਤਾਂ ਪ੍ਰੀਤ ਨਗਰ ਦੇ ਬਾਨੀ ਗੁਰਬਖਸ਼ ਸਿੰਘ ਨੇ ਪਾਕਿਸਤਾਨ ਦੇ ਸੰਪਰਕ ਅਫ਼ਸਰ ਕਾਮਰੇਡ ਗੁਲਾਮ ਨਬੀ ਭੁੱਲਰ ਨਾਲ ਸੰਪਰਕ ਕੀਤਾ। ਉਹ ਬਲੋਚ ਮਿਲਟਰੀ ਦੀ ਹਿਫ਼ਾਜ਼ਤ ’ਚ ਲਾਰੀ ਲੈ ਕੇ ਪ੍ਰੀਤਨਗਰ ਆਏ ਤੇ ਮੁਸਲਮਾਨ ਬਜ਼ੁਰਗਾਂ, ਔਰਤਾਂ ਤੇ ਬੱਚਿਆਂ ਨੂੰ ਲੈ ਗਏ। ਪਰ ਸਿੱਖ ਧਾਵਵੀ ਬਦਲੇ ਦੀ ਅੱਗ ਵਿਚ ਸੜਨ ਲੱਗੇ ਅਤੇ ਉਨ੍ਹਾਂ ਦੂਰ ਦੁਰਾਡੀਆਂ ਕੋਠੀਆਂ ਦੇ ਬੂਹੇ ਬਾਰੀਆਂ, ਬਾਲੇ ਸ਼ਤੀਰ ਪੁੱਟ ਕੇ ਲੈ ਗਏ ਅਤੇ ਲਾਇਬ੍ਰੇਰੀ ਦੀਆਂ ਤਕਰੀਬਨ ਦਸ ਹਜ਼ਾਰ ਪੁਸਤਕਾਂ ਸਾੜ ਗਏ। ਜ਼ਿਲ੍ਹੇ ਗੁਰਦਾਸਪੁਰ ਨੂੰ ਫਿਰ ਹਿੰਦੋਸਤਾਨ ਵਿਚ ਸ਼ਾਮਲ ਕਰਨ ਦੇ ਐਲਾਨ ਨਾਲ ਹੀ ਕੁਝ ਦਿਨਾਂ ਵਿਚ ਮੁਸਲਮਾਨਾਂ ਦੇ ਕਤਲੇਆਮ, ਲੁੱਟਾਂ ਖੋਹਾਂ, ਨੂੰਹਾਂ ਧੀਆਂ ਦੇ ਉਧਾਲਿਆਂ, ਬੇਹੁਮਤੀਆਂ ਦਾ ਸ਼ਿਕਾਰ ਹੋ ਕੱਟੇ ਵੱਢੇ ਘਰੋਂ ਬਾਹਰੋਂ ਉੱਜੜ ਕੇ ਰਾਵੀ ਪਾਰ ਕਰ ਨਵੇਂ ਮੁਲਕ ਪਾਕਿਸਤਾਨ ਜਾ ਪਹੁੰਚੇ।
ਮਹਾਰਾਜਾ ਹਰੀ ਸਿੰਘ
ਵਾਇਸਰਾਏ ਲਾਰਡ ਮਾਊਂੇਟ ਬੇਟਨ ਨੇ ਰਿਆਸਤ ਜੰਮੂ ਕਸ਼ਮੀਰ ਦੇ ਹਿੰਦੋਸਤਨ ਵਿਚ ਰਲੇਵੇਂ ਨੂੰ ਲੈ ਕੇ ਕੰਡੇ ਬੀਜ਼ੇ। ਹਿੰਦੂ ਰਾਜਾ ਹਰੀ ਸਿੰਘ ਦੀ ਪਰਜਾ ਅਤੇ ਫ਼ੌਜ ਵਿਚ ਬਹੁ ਗਿਣਤੀ ਮੁਸਲਮਾਨਾਂ ਦੀ ਸੀ। ਮਹਾਰਾਜਾ ਹਰੀ ਸਿੰਘ ਅਜੇ ਵੀ ਤੈਅ ਨਹੀਂ ਕਰ ਸਕੇ ਕਿ ਉਨ੍ਹਾਂ ਨੇ ਹਿੰਦੋਸਤਾਨ ਵਿਚ ਰਲੇਵਾਂ ਕਰਨਾ ਹੈ ਕਿ ਪਾਕਿਸਤਾਨ ਨਾਲ ਜਾਣਾ ਹੈ ਜਾਂ ਸੁਤੰਤਰ ਰਹਿਣਾ ਹੈ। ਵਾਇਸਰਾਏ ਲਾਰਡ ਮਾਊਂਟਬੇਟਨ ਜੁਲਾਈ 1947 ਵਿਚ ਚਾਰ ਦਿਨਾਂ ਲਈ ਕਸ਼ਮੀਰ ਵਿਚ ਸਨ। ਉਸ ਨੇ ਮਹਾਰਾਜਾ ਨੂੰ ਕਿਹਾ ਕਿ ਭਾਰਤ ਨਾਲ ਰਲੇਵਾਂ ਕਰਨਾ ਜਾਂ ਪਾਕਿਸਤਾਨ ਨਾਲ ਜਾਣ ਬਾਰੇ ਉਨ੍ਹਾਂ ਨੂੰ ਛੇਤੀ ਫ਼ੈਸਲਾ ਲੈਣਾ ਚਾਹੀਦਾ ਹੈ। ਆਖ਼ਰਕਾਰ ਜੰੰਮੂ ਕਸ਼ਮੀਰ ’ਤੇ ਕਬਜ਼ਾ ਕਰਨ ਲਈ 22 ਅਕਤੂਬਰ 1947 ਨੂੰ ‘ਆਪਰੇਸ਼ਨ ਗੁਲਮਰਗ’ ਦੇ ਤਹਿਤ ਪਾਕਿਸਤਾਨੀ ਸੈਨਾ ਕਬਾਇਲੀਆਂ ਦੇ ਭੇਸ ਵਿਚ ਜੰੰਮੂ ਕਸ਼ਮੀਰ ਦੇ ਕੁਝ ਸ਼ਹਿਰਾਂ ਮੀਰਪੁਰ ਆਦਿ ’ਤੇ ਹਮਲੇ ਕੀਤੇ। ਮਹਾਰਾਜੇ ਦੀ ਮੁਸਲਮਾਨ ਫ਼ੌਜੀ ਕਬਾਇਲੀਆਂ ਨਾਲ ਰਲ ਗਏ। ਹਿੰਦੂ ਸਿੱਖਾਂ ਦੇ ਪਿੰਡਾਂ ਸ਼ਹਿਰਾਂ ਦੀ ਲੁੱਟਮਾਰ ਅਤੇ ਜਬਰ-ਜਨਾਹ ਕਰਦੇ ਬਾਰਾਮੁਲਾ ਤੱਕ ਆ ਪਹੁੰਚੇ। ਸੋ 26 ਅਕਤੂਬਰ 1947 ਨੂੰ ਰਿਆਸਤ ਜੰਮੂ ਕਸ਼ਮੀਰ ਦੇ ਰਾਜੇ ਹਰੀ ਸਿੰਘ ਨੇ ਹਿੰਦੋਸਤਾਨ ਨਾਲ ਰਲੇਵੇ ’ਤੇ ਦਸਤਖ਼ਤ ਕੀਤੇ ਅਤੇ ਭਾਰਤੀ ਫ਼ੌਜ ਕਬਾਇਲੀਆਂ ਨੂੰ ਖਦੇੜ੍ਹਨ ਲਈ ਕਸ਼ਮੀਰ ਪਹੁੰਚ ਗਈ। ਇਸ ਤਰ੍ਹਾਂ ਅੰਗਰੇਜ਼ ਸਰਕਾਰ ਅਤੇ ਉਸ ਦੇ ਨੌਕਰਸ਼ਾਹ ਵਾਇਸਰਾਏ ਮਾਊਂਟ ਬੇਟਨ ਦੀ ਸਾਜਿਸ਼ ਨਾਕਾਮਯਾਬ ਹੋ ਗਈ ਅਤੇ ਜੰਮੂ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਬਣ ਗਿਆ।
ਭੰਬਲਭੂਸੇ ਵਿਚ ਸਨ ਲੋਕ
ਆਮ ਤੌਰ ਉਤੇ 15 ਅਗਸਤ 1947 ਨੂੰ ਦੇਸ਼ ਵਿਚ ਆਜ਼ਾਦੀ ਦਿਹਾੜਾ ਮਨਾਇਆ ਜਾਂਦਾ ਹੈ ਪਰ ਕੁਝ ਇਲਾਕੇ ਅਜਿਹੇ ਸਨ ਜੋ ਇਹ ਜਸ਼ਨ ਨਹੀਂ ਮਨਾ ਸਕੇ ਸਨ, ਕਿਉਂਕਿ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਉਹ ਪਾਕਿਸਤਾਨ ਵਿਚ ਹਨ ਜਾਂ ਭਾਰਤ। ਉਹ ਭੰਬਲਭੂਸੇ ਵਿਚ ਸਨ ਕਿ ਸ਼ਾਇਦ ਉਨ੍ਹਾਂ ਨੂੰ ਥਾਂ ਛੱਡ ਕੇ ਕਿਤੇ ਹੋਰ ਜਾਣਾ ਪੈ ਸਕਦਾ ਹੈ। ਲੋਕਾਂ ਦੀ ਸਥਿਤੀ ਨੂੰ ਦੇਖਦੇ ਹੋਏ 17 ਅਗਸਤ 1947 ਨੂੰ ਸਥਿਤੀ ਸਪੱਸ਼ਟ ਕਰ ਦਿੱਤੀ ਗਈ ਸੀ। ਦੋਵਾਂ ਦੇਸ਼ਾਂ ਵਿਚਾਲੇ ਰੈੱਡਕਲਿਫ ਲਾਈਨ ਖਿੱਚ ਕੇ ਲੋਕਾਂ ਦਾ ਭੰਬਲਭੂਸਾ ਖ਼ਤਮ ਕਰ ਦਿੱਤਾ ਗਿਆ ਸੀ। ਰੈੱਡਕਲਿਫ ਦੀ ਪੰਜਾਬ ਵੰਡ ਨੂੰ ਲੈ ਕੇ ਜ਼ਿਲ੍ਹਾ ਗੁਰਦਾਸਪੁਰ, ਜ਼ਿਲ੍ਹੇ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਫਿਰੋਜਪੁਰ ਅਤੇ ਤਹਿਸੀਲ ਜ਼ੀਰਾ ਭਾਰਤ ਨੂੰ ਮਿਲ ਗਏ ਜਦੋਂ ਕਿ ਜ਼ਿਲ੍ਹੇ ਗੁਰਦਾਸਪੁਰ ਦੀ ਤਹਿਸੀਲ ਸ਼ਕਰਗੜ੍ਹ ਪਕਿਸਤਾਨ ਨੂੰ ਮਿਲ ਗਈ।
ਦੋਹਾਂ ਦੇਸ਼ਾਂ ਦੀ ਸੀਮਾ ਤੈਅ
ਇਹ ਦਿਨ ਭਾਰਤ ਦੀ ਆਜ਼ਾਦੀ ਤੋਂ ਬਾਅਦ ਦਾ ਦੂਜਾ ਦਿਨ ਸੀ, ਜਦੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਇਕ ਸੀਮਾ ਰੇਖਾ ਖਿੱਚੀ ਗਈ। 17 ਅਗਸਤ 1947 ਨੂੰ ਦੋਹਾਂ ਦੇਸ਼ਾਂ ਵਿਚਾਲੇ ਸਰਹੱਦ ਦੀ ਵੰਡ ਹੋ ਗਈ। ਬਰਤਾਨਵੀ ਵਕੀਲ ਸਰ ਸਿਰਿਲ ਰੈਡਕਲਿਫ਼ ਨੇ ਇਕ ਹਿੰਦੂ ਅਤੇ ਇਕ ਮੁਸਲਿਮ ਵਕੀਲ ਦੀ ਮਦਦ ਨਾਲ ਦੋਹਾਂ ਦੇਸ਼ਾਂ ਦੀ ਸੀਮਾ ਤੈਅ ਕੀਤੀ। ਉਸ ਦੇ ਨਾਂ ’ਤੇ ਇਸ ਦਾ ਨਾਂ ਰੈੱਡਕਲਿਫ ਲਾਈਨ ਰੱਖਿਆ ਗਿਆ ਸੀ। ਇਸ ਦਿਨ ਵੱਡੀ ਗਿਣਤੀ ਵਿਚ ਲੋਕ ਭਾਰਤ ਦੇ ਇਸ ਪਾਸੇ ਤੋਂ ਪਾਕਿਸਤਾਨ ਚਲੇ ਗਏ ਅਤੇ ਭਾਰਤ ਦੋ ਹਿੱਸਿਆਂ ਵਿਚ ਵੰਡਿਆ ਗਿਆ।
2900 ਕਿ.ਮੀ. ਲੰਬੀ ਭਾਰਤ-ਪਾਕਿ ਸਰਹੱਦ
ਸਰ ਰੈਡਕਲਿਫ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ 175,000 ਵਰਗ ਮੀਲ ਬਰਾਬਰ ਵੰਡਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਉਨ੍ਹਾਂ ਨੂੰ ਦੋਵਾਂ ਦੇਸ਼ਾਂ ਦੇ ਸਰਹੱਦੀ ਕਮਿਸ਼ਨਾਂ ਦਾ ਸੰਯੁਕਤ ਚੇਅਰਮੈਨ ਬਣਾਇਆ ਗਿਆ ਸੀ। 15 ਅਗਸਤ, 1947 ਨੂੰ ਭਾਰਤ ਦੀ ਆਜ਼ਾਦੀ ਤੋਂ ਤਿੰਨ ਦਿਨ ਪਹਿਲਾਂ, 12 ਅਗਸਤ, 1947 ਨੂੰ ਸੀਮਾਬੰਦੀ ਲਾਈਨ ਨੂੰ ਅੰਤਿਮ ਰੂਪ ਦਿੱਤਾ ਗਿਆ ਸੀ। ਇਸ ਤੋਂ ਬਾਅਦ ਇਹ ਲਾਈਨ 17 ਅਗਸਤ 1947 ਨੂੰ ਲਾਗੂ ਕੀਤੀ ਗਈ। ਰੈੱਡਕਲਿਫ ਲਾਈਨ ਭਾਰਤ-ਪਾਕਿਸਤਾਨ ਦੀ ਸੀਮਾ ਬਣ ਗਈ ਅਤੇ ਪੱਛਮੀ ਹਿੱਸੇ ਨੂੰ ਭਾਰਤ-ਪਾਕਿਸਤਾਨ ਸਰਹੱਦ ਵਜੋਂ ਜਾਣਿਆ ਜਾਂਦਾ ਹੈ। ਜਦੋਂ ਕਿ ਪੂਰਬੀ ਹਿੱਸੇ ਵਿਚ ਭਾਰਤ-ਬੰਗਲਾਦੇਸ਼ ਦੀ ਸਰਹੱਦ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ 2900 ਕਿਲੋਮੀਟਰ ਲੰਬੀ ਸਰਹੱਦ ਹੈ ਪਰ ਕਰਾਸਿੰਗ ਪੁਆਇੰਟ ਸਿਰਫ਼ 5 ਬਣਾਏ ਗਏ ਹਨ।
ਇਕ ਮਹੀਨੇ ’ਚ ਤੈਅ ਹੋਈਆਂ ਸਰਹੱਦਾਂ
ਭਾਰਤ-ਪਾਕਿਸਤਾਨ ਦੀ ਸਰਹੱਦੀ ਲਾਈਨ ਲਈ ਸਿਰਫ਼ ਇਕ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ। ਜਦੋਂ ਸਰ ਰੈਡਕਲਿਫ 8 ਜੁਲਾਈ 1947 ਨੂੰ ਭਾਰਤ ਆਏ ਤਾਂ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ। ਉਸ ਨੂੰ ਇਕ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਟੀਮ ਇਸ ਕੰਮ ਵਿਚ ਜੁੱਟ ਗਈ। ਜਨਗਣਨਾ ਦੀਆਂ ਰਿਪੋਰਟਾਂ ਅਤੇ ਕੁਝ ਨਕਸ਼ਿਆਂ ਦੀ ਮਦਦ ਨਾਲ ਉਨ੍ਹਾਂ ਨੇ ਸੀਮਾ ਰੇਖਾ ’ਤੇ ਕੰਮ ਸ਼ੁਰੂ ਕਰ ਦਿੱਤਾ। ਸਰਹੱਦ ਨੂੰ ਧਾਰਮਿਕ ਜਨਸੰਖਿਆ ਦੇ ਆਧਾਰ ’ਤੇ ਵੰਡਣ ਦਾ ਕੰਮ ਕੀਤਾ ਗਿਆ ਸੀ।
ਕੀ ਸੀ ਰੈੱਡਕਲਿਫ ਲਾਈਨ?
ਰੈੱਡਕਲਿਫ ਲਾਈਨ 1947 ਵਿਚ ਭਾਰਤ ਦੀ ਵੰਡ ਵੇਲੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਸੀਮਾ ਰੇਖਾ ਸੀ। ਇਸ ਦਾ ਨਾਮ ਸਰ ਸਿਰਿਲ ਰੈਡਕਲਿਫ ਦੇ ਨਾਮ ’ਤੇ ਰੱਖਿਆ ਗਿਆ ਸੀ, ਜਿਸ ਨੂੰ ਬੰਗਾਲ ਅਤੇ ਪੰਜਾਬ ਲਈ ਸੀਮਾ ਕਮਿਸ਼ਨਾਂ ਦੇ ਚੇਅਰਮੈਨ ਵਜੋਂ ਨਿਯੁਕਤ ਕੀਤਾ ਗਿਆ ਸੀ।
ਕੌਣ ਸੀ ਸਰ ਸਿਰਿਲ ਰੈਡਕਲਿਫ?
ਸਰ ਸਿਰਿਲ ਰੈਡਕਲਿਫ ਇੱਕ ਬ੍ਰਿਟਿਸ਼ ਵਕੀਲ ਸੀ। ਜਿਸ ਦਾ ਭਾਰਤੀ ਉਪ ਮਹਾਂਦੀਪ ਵਾਰੇ ਕੋਈ ਤਜਰਬਾ ਨਹੀਂ ਸੀ। ਉਸ ਨੂੰ ਦੋ ਸੀਮਾ ਕਮਿਸ਼ਨਾਂ ਦੀ ਪ੍ਰਧਾਨਗੀ ਕਰਨ ਦਾ ਕੰਮ ਸੌਂਪਿਆ ਗਿਆ ਸੀ। ਪੰਜਾਬ ਅਤੇ ਬੰਗਾਲ ਦੇ ਪ੍ਰਾਂਤਾਂ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਵੰਡਣ ਦੀ ਜ਼ਿੰਮੇਵਾਰੀ ਇਨ੍ਹਾਂ ਕਮਿਸ਼ਨਾਂ ਨੂੰ ਦਿੱਤੀ ਗਈ ਸੀ।
ਕੀ ਸੀ ਰੈੱਡਕਲਿਫ ਕਮਿਸ਼ਨ?
ਰੈੱਡਕਲਿਫ ਕਮਿਸ਼ਨ ਬੰਗਾਲ ਅਤੇ ਪੰਜਾਬ ਦੇ ਪ੍ਰਾਂਤਾਂ ਲਈ ਦੋ ਵੱਖਰੇ ਸੀਮਾ ਕਮਿਸ਼ਨ ਸਨ। ਉਹਨਾਂ ਨੂੰ ਭਾਰਤ ਅਤੇ ਪਾਕਿਸਤਾਨ ਦੇ ਨਵੇਂ ਰਾਸ਼ਟਰ ਬਣਾਉਣ ਲਈ ਇਹਨਾਂ ਪ੍ਰਾਂਤਾਂ ਨੂੰ ਜ਼ਿਲ੍ਹਾ-ਵਾਰ ਹਿੰਦੂ ਅਤੇ ਮੁਸਲਿਮ ਬਹੁਗਿਣਤੀ ਦੇ ਅਧਾਰ ਤੇ ਬਰਾਬਰ ਵੰਡਣ ਦਾ ਕੰਮ ਸੌਂਪਿਆ ਗਿਆ ਸੀ।
ਸੀਮਾ ਖਿੱਚਣ ਲਈ ਰੈੱਡਕਲਿਫ ਦੇ ਮਾਪਦੰਡ
ਰੈੱਡਕਲਿਫ ਦੁਆਰਾ ਵਰਤੇ ਗਏ ਮਾਪਦੰਡ ਮੁੱਖ ਤੌਰ ’ਤੇ ਜ਼ਿਲ੍ਹਿਆਂ ਅੰਦਰ ਧਾਰਮਿਕ ਬਹੁਗਿਣਤੀ ’ਤੇ ਅਧਾਰਤ ਸਨ। ਜਿਸ ਦਾ ਉਦੇਸ਼ ਇਕ ਸੀਮਾ ਬਣਾਉਣਾ ਸੀ ਜੋ ਵੰਡ ਕਾਰਨ ਹੋਣ ਵਾਲੇ ਵਿਘਨ ਨੂੰ ਘੱਟ ਕਰੇ ਅਤੇ ਸਰਹੱਦ ਪਾਰ ਪਰਵਾਸ ਨੂੰ ਘਟਾਏ।
ਸਰ ਸਿਰਿਲ ਰੈੱਡਕਲਿਫ ਨੇ ਪੰਜ ਹਫ਼ਤਿਆਂ ਦੇ ਅੰਦਰ ਸੀਮਾ ਰੇਖਾ ਪੂਰੀ ਕਰ ਲਈ, ਭਾਵੇਂ ਉਹ ਆਪਣੀ ਨਿਯੁਕਤੀ ਤੋਂ ਪਹਿਲਾਂ ਕਦੇ ਭਾਰਤ ਨਹੀਂ ਆਏ ਸਨ ਅਤੇ ਨਾ ਹੀ ਉਨ੍ਹਾਂ ਨੂੰ ਭਾਰਤੀ ਸਥਿਤੀਆਂ ਦਾ ਕੋਈ ਪਹਿਲਾਂ ਤੋਂ ਗਿਆਨ ਨਹੀਂ ਸੀ।
ਰੈੱਡਕਲਿਫ ਦੁਆਰਾ ਖਿੱਚੀ ਰੇਖਾ ਦੇ ਨਤੀਜੇ
ਵੰਡ ਰੇਖਾ ਮਨੁੱਖੀ ਇਤਿਹਾਸ ਦੇ ਸਭ ਤੋਂ ਵੱਡੇ ਪਰਵਾਸਾਂ ਵਿੱਚੋਂ ਇਕ ਵੱਲ ਲੈ ਗਈ, ਜਿਸ ਵਿਚ 10 ਤੋਂ 12 ਮਿਲੀਅਨ ਲੋਕਾਂ ਨੇ ਧਾਰਮਿਕ ਪਛਾਣ ਦੇ ਅਧਾਰ ’ਤੇ ਆਪਣੇ ਚੁਣੇ ਹੋਏ ਦੇਸ਼ ਵਿਚ ਸ਼ਾਮਲ ਹੋਣ ਲਈ ਸਰਹੱਦਾਂ ਪਾਰ ਕੀਤੀਆਂ। ਵੰਡ ਹਿੰਸਾ ਅਤੇ ਅਸ਼ਾਂਤੀ ਦਾ ਕਾਰਨ ਵੀ ਬਣੀ, ਜਿਸ ਵਿੱਚ ਇੱਕ ਮਿਲੀਅਨ ਤੱਕ ਲੋਕਾਂ ਦੀ ਮੌਤ ਹੋਣ ਦਾ ਅਨੁਮਾਨ ਹੈ।
ਵਿਵਾਦਪੂਰਨ ਸੀ ਰੈੱਡਕਲਿਫ ਰੇਖਾ !
ਰੈੱਡਕਲਿਫ ਰੇਖਾ ਵਿਵਾਦਪੂਰਨ ਸੀ ਕਿਉਂਕਿ ਇਹ ਜਲਦਬਾਜ਼ੀ ਵਿਚ ਅਤੇ ਸਥਾਨਕ ਨਸਲੀ, ਸੱਭਿਆਚਾਰਕ ਅਤੇ ਆਰਥਿਕ ਸਬੰਧਾਂ ਦੇ ਕਾਫ਼ੀ ਵਿਚਾਰ ਕੀਤੇ ਬਿਨਾਂ ਖਿੱਚੀ ਗਈ ਸੀ, ਜੋ ਟੁੱਟ ਗਏ ਸਨ। ਨਵੀਂ ਸਰਹੱਦ ਕਾਰਨ ਬਹੁਤ ਸਾਰੇ ਭਾਈਚਾਰਿਆਂ ਨੇ ਆਪਣੇ ਆਪ ਨੂੰ ਵੰਡਿਆ ਹੋਇਆ ਪਾਇਆ, ਜਿਸ ਦੇ ਨਤੀਜੇ ਵਜੋਂ ਲੰਬੇ ਸਮੇਂ ਤੇ ਸਮਾਜਿਕ ਅਤੇ ਰਾਜਨੀਤਿਕ ਮਾੜੇ ਨਤੀਜੇ ਭਗਤਨੇ ਪਏ।
ਅਧਿਕਾਰਤ ਤੌਰ ’ਤੇ ਰੈੱਡਕਲਿਫ ਲਾਈਨ ਦੀ ਹੋਂਦ
ਰੈੱਡਕਲਿਫ ਲਾਈਨ ਅਧਿਕਾਰਤ ਤੌਰ ’ਤੇ 17 ਅਗਸਤ, 1947 ਨੂੰ ਪ੍ਰਕਾਸ਼ਿਤ ਹੋਈ ਸੀ, ਪਾਕਿਸਤਾਨ ਦੀ ਆਜ਼ਾਦੀ ਤੋਂ ਤਿੰੰਨ ਦਿਨ ਬਾਅਦ ਅਤੇ ਭਾਰਤ ਦੇ ਆਜ਼ਾਦ ਹੋਣ ਤੋਂ ਦੋ ਦਿਨ ਬਾਅਦ। ਪ੍ਰਕਾਸ਼ਨ ਵਿਚ ਦੇਰੀ ਨੇ ਨਵੀਂ ਵੰਡੀ ਹੋਈ ਆਬਾਦੀ ਵਿਚ ਉਲਝਣ ਅਤੇ ਟਕਰਾਅ ਵਿਚ ਯੋਗਦਾਨ ਪਾਇਆ।
-ਮੁਖ਼ਤਾਰ ਗਿੱਲ
98140-82217
-------------------------