ਅਰਤਿੰਦਰ ਸੰਧੂ ਪੰਜਾਬੀ ਕਵਿਤਾਕਾਰੀ ਦੇ ਖੇਤਰ ’ਚ ਸਥਾਪਤ ਨਾਂ ਹੈ। ਉਸ ਨੇ ਗਿਣਾਤਮਕ ਤੇ ਗੁਣਾਤਮਕ ਪੱਖੋਂ ਪੰਜਾਬੀ ਕਵਿਤਾ ਦਾ ਦਾਇਰਾ ਵਧਾਉਣ ਦੇ ਨਾਲ-ਨਾਲ ‘ਏਕਮ’ ਰਾਹੀਂ ਸਾਹਿਤਕ ਪੱਤਰਕਾਰੀ ਦੇ ਖੇਤਰ ’ਚ ਵੀ ਵਡਮੁੱਲਾ ਯੋਗਦਾਨ ਪਾਇਆ ਹੈ। ਸਮਕਾਲੀ ਨਾਰੀ ਕਾਵਿ ਨਾਲੋਂ ਉਸ ਦੀ ਕਵਿਤਾ ਦਾ ਵਿਲੱਖਣ ਮੁਹਾਂਦਰਾ ਹੈ।

ਅਰਤਿੰਦਰ ਸੰਧੂ ਪੰਜਾਬੀ ਕਵਿਤਾਕਾਰੀ ਦੇ ਖੇਤਰ ’ਚ ਸਥਾਪਤ ਨਾਂ ਹੈ। ਉਸ ਨੇ ਗਿਣਾਤਮਕ ਤੇ ਗੁਣਾਤਮਕ ਪੱਖੋਂ ਪੰਜਾਬੀ ਕਵਿਤਾ ਦਾ ਦਾਇਰਾ ਵਧਾਉਣ ਦੇ ਨਾਲ-ਨਾਲ ‘ਏਕਮ’ ਰਾਹੀਂ ਸਾਹਿਤਕ ਪੱਤਰਕਾਰੀ ਦੇ ਖੇਤਰ ’ਚ ਵੀ ਵਡਮੁੱਲਾ ਯੋਗਦਾਨ ਪਾਇਆ ਹੈ। ਸਮਕਾਲੀ ਨਾਰੀ ਕਾਵਿ ਨਾਲੋਂ ਉਸ ਦੀ ਕਵਿਤਾ ਦਾ ਵਿਲੱਖਣ ਮੁਹਾਂਦਰਾ ਹੈ। ਉਸ ਦਾ ਤਾਜ਼ਾ ਕਾਵਿ-ਸੰਗ੍ਰਹਿ ‘ਮਨ ਦਾ ਮੌਸਮ’ ਜ਼ਿੰਦਗੀ ਦੇ ਵਿਭਿੰਨ ਰੰਗਾਂ ਨੂੰ ਸੰਵੇਦਨਾ ਦੀ ਪੁੱਠ ਚਾੜ ਕੇ ਪੇਸ਼ ਕਰਦਾ ਹੈ। ਕੁਝ ਕਵਿਤਾਵਾਂ ’ਚ ਮੁਹੱਬਤੀ ਛੋਹਾਂ ਵੀ ਹਨ ਪਰ ਜ਼ਿਆਦਾਤਰ ਕਵਿਤਾਵਾਂ ਸਮਕਾਲੀ ਸਮਾਜਿਕ ਸਰੋਕਾਰਾਂ ਨਾਲ ਹੀ ਸਬੰਧਿਤ ਹਨ :
ਸਾਡਾ ਜੀਣਾ ਵੀ ਹੈ ਇੰਜ ਦਾ
ਸਾਨੂੰ ਮੌਤ ਰੋਜ਼ ਪੁਕਾਰਦੀ
ਲੈਂਦੇ ਹਾਂ ਸਾਹ ਵੀ ਇਸ ਤਰ੍ਹਾਂ
ਜਿਵੇਂ ਜ਼ਿੰਦਗੀ ਏ ਉਧਾਰ ਦੀ
ਇਸ ਕਾਵਿ-ਸੰਗ੍ਰਹਿ ਦੀ ਸਭ ਤੋਂ ਵੱਡੀ ਖ਼ਾਸੀਅਤ ਸਮਕਾਲ ਦੇ ਯਥਾਰਥ ਨੂੰ ਬੜੀ ਬੇਬਾਕੀ ਨਾਲ ਬਿਆਨਣਾ ਹੈ। ਕੁਝ ਕਵਿਤਾਵਾਂ ’ਚ ਨਿੱਜ ਦਾ ਦਰਦ ਵੀ ਹੈ ਪਰ ਜ਼ਿਆਦਾਤਰ ਕਵਿਤਾਵਾਂ ਸਮੂਹਿਕ ਪੀੜਾ ਨੂੰ ਬਿਆਨਦੀਆਂ ਹਨ। ਪੰਜਾਬ ਦੇ ਮੌਜੂਦਾ ਹਾਲਾਤ ਹਰ ਸੰਵੇਦਨਸ਼ੀਲ ਸ਼ਖ਼ਸ ਦੀ ਰੂਹ ਨੂੰ ਝੰਜੋੜ ਕੇ ਰੱਖ ਦੇਣ ਵਾਲੇ ਹਨ। ਸਰਕਾਰਾਂ ਬਦਲੀਆਂ, ਸਭ ਕੁਝ ਬਦਲਿਆ ਪਰ ਲੋਕਾਈ ਦੇ ਹਾਲਾਤ ਨਹੀਂ ਬਦਲੇ। ਜਵਾਨੀ ਵਿਦੇਸ਼ਾਂ ਵੱਲ ਨੂੰ ਭੱਜ ਰਹੀ ਹੈ ਤੇ ਜੋ ਇੱਧਰ ਬਚੀ ਹੈ, ਉਸ ਨੂੰ ਨਸ਼ਿਆਂ ਤੇ ਬੇਰੁਜ਼ਗਾਰੀ ਨੇ ਨਿਗਲ ਲਿਆ ਹੈ। ਦੇਸ਼ ਦਾ ਭਵਿੱਖ ਤਾਂ ਕੀ ਸਗੋਂ ਵਰਤਮਾਨ ਵੀ ਗਰਦਿਸ਼ ’ਚ ਹੈ। ਅਜਿਹੇ ਨਾਜ਼ੁਕ ਸਮੇਂ ’ਚ ਅਦੀਬਾਂ ਦੀ ਜ਼ਿੰਮੇਵਾਰੀ ਹੋਰ ਵੀ ਜ਼ਿਆਦਾ ਵਧ ਜਾਂਦੀ ਹੈ :
ਏਸ ਨਗਰ ਦੀਆਂ ਮਾਵਾਂ ਪੱਲੇ
ਕੌਣ ਵੈਣ ਗਿਆ ਪਾ
ਭੈਣਾਂ ਹੱਥ ਫੜੀ ਰੱਖੜੀ ਨੂੰ
ਤੋੜ ਕੇ ਕੌਣ ਗਿਆ
ਰਿਸ਼ਤਿਆਂ ਦੇ ਖਿੱਲਰੇ ਧਾਗੇ
ਚੁੱਕੀ ਫਿਰਦੀ ਵਾਅ
-ਆਸਾਂ ਨੂੰ ਸਮਿਆਂ ਨੇ ਮਿੱਧਿਆ
ਚਾਅ ਵਰੋਲਣ ਸਾਹ
ਪੌਣ ਸਰਾਪੀ, ਜ਼ਹਿਰੀ ਪਾਣੀ
ਨਸ਼ਿਆਂ ਪੂੰਝੇ ਰਾਹ
ਅਜੋਕਾ ਇਨਸਾਨ ਜਿਉਂ ਤਾਂ ਰਿਹਾ ਹੈ ਪਰ ਮੌਤ ਤੋਂ ਵੀ ਬਦਤਰ ਜਿਉਣ ਨੂੰ ਜ਼ਿੰਦਗੀ ਤਾਂ ਨਹੀਂ ਕਿਹਾ ਜਾ ਸਕਦਾ। ਹਰ ਇਨਸਾਨ ਜ਼ਿੰਦਗੀ ਨੂੰ ਮਾਣਨਾ ਚਾਹੁੰਦਾ ਹੈ ਪਰ ਸਮਕਾਲੀ ਹਾਲਾਤਾਂ ਦੀ ਮਾਰ ਉਸ ਨੂੰ ਘੁਟ-ਘੁਟ ਕੇ ਜਿਉਣ ਲਈ ਮਜਬੂਰ ਕਰਦੀ ਹੈ। ਉਹ ਚਾਹ ਕੇ ਵੀ ਕੁਝ ਕਰਨ ਤੋਂ ਅਸਮਰੱਥ ਹੈ। ਅਜੋਕੇ ਮਾਨਵ ਦੀ ਇਸ ਸਥਿਤੀ ਨੂੰ ਸੰਵੇਦਨਸ਼ੀਲ ਕਵਿੱਤਰੀ ਬਾਖ਼ੂਬੀ ਸਮਝਦੀ ਹੈ :
ਰੁੱਤਾਂ ਤਾਂ ਜੀਣ ਦੇ ਘਰੌਂਦੇ
ਪੂੰਝ ਤੁਰੀਆਂ ਨੇ
ਬਾਕੀ ਬਚੇ ਕੱਖ ਵੀ ਹਵਾਵਾਂ
ਹੂੰਝ ਤੁਰੀਆਂ ਨੇ
ਰਹਿ ਗਏ ਅਸੀਂ ਤਾਂ ਬੱਸ
ਸਿਤਮ ਜਰਨ ਲਈ....
*ਕੀ ਕਰੇ ਹਵਾਵਾਂ ’ਚੋਂ
ਸਾਹਵਾਂ ’ਚ ਰਚਦੀ ਪੀੜ ਦਾ
ਵੇਲਣਾ ਸੋਚਾਂ ਦਾ ਹਰਦਮ
ਜਿੰਦ ਨੂੰ ਨਪੀੜਦਾ
ਪੀੜਾਂ ਪਰੁੱਚੇ ਜੀਣ ਦੇ ਇਸ
ਸਾਜ਼ ਦਾ ਕੋਈ ਕੀ ਕਰੇ...
*ਏਸ ਨਗਰ ਦੀ ਰੀਤ ਨਿਰਾਲੀ
ਜੀਣ ਦਾ ਕਾਲ ਪਿਆ
ਹਰ ਇੱਕ ਮੋੜ ’ਤੇ ਮੌਤ ਦਾ ਪਹਿਰਾ
ਬੰਦੇ ਜਾਂਦੀ ਖਾ
ਰਿਸ਼ਤਿਆਂ ਦੀ ਭੀੜ ’ਚ ਵੀ ਅਜੋਕਾ ਇਨਸਾਨ ਇਕੱਲਤਾ ਹੰਢਾਉਣ ਲਈ ਮਜਬੂਰ ਹੈ। ਅਜੋਕੇ ਪਦਾਰਥਵਾਦੀ, ਭੌਤਿਕਵਾਦੀ ਅਤੇ ਪੂੰਜੀਵਾਦੀ ਦੌਰ ’ਚ ਰਿਸ਼ਤਿਆਂ ਵਿਚ ਉਹ ਪਹਿਲਾਂ ਜਿਹੀ ਅਪਣੱਤ ਨਹੀਂ ਰਹੀ। ਸੰਵੇਦਨਸ਼ੀਲ ਲੋਕਾਂ ਦੀ ਗਿਣਤੀ ਆਟੇ ’ਚ ਲੂਣ ਬਰਾਬਰ
ਰਹਿ ਗਈ ਹੈ :
ਆਪਣੇ ਲਈ ਮੁਖੌਟੇ ਸਿਰਜੇ
ਕਦੇ ਸਾਂ ਆਪ ਮੁਖੌਟਿਆਂ ਖ਼ਾਤਰ
ਖ਼ੁਦ ਦੇ ਤੰਬੂ ਅੰਦਰ ਹੋਏ
ਆਪਣੀ ਹਮਦਰਦੀ ਦੇ ਪਾਤਰ
ਇਸ ਬੇਬਾਕ ਇਕੱਲੇਪਨ ਦੇ
ਰਿਸ਼ਤੇ ਦਾ ਹੈ ਕੀ ਸਿਰਨਾਵਾਂ
ਕਈ ਕਵਿਤਾਵਾਂ ’ਚ ਜ਼ਿੰਦਗੀ ਦੀ ਫਿਲਾਸਫ਼ੀ ਨੂੰ ਬੜੇ ਸੁਹਜ ਨਾਲ ਪੇਸ਼ ਕੀਤਾ ਗਿਆ ਹੈ :
ਜਦੋਂ ਇਹ ਲੱਗ ਰਿਹਾ ਹੁੰਦਾ
ਕਿਸੇ ਨੂੰ ਯਾਦ ਕਰਦੇ ਹਾਂ
ਕਿਸੇ ਅੰਦਰ ਦੀ ਖਾਈ ਦਾ
ਉਦੋਂ ਅਨੁਵਾਦ ਕਰਦੇ ਹਾਂ
ਸਾਡੇ ਦੇਸ਼ ’ਚ ਫ਼ਸਲਾਂ ਅਤੇ ਨਸਲਾਂ ਦਾ ਸੰਕਟ ਗਹਿਰਾਇਆ ਹੋਇਆ ਹੈ। ਸਰਮਾਏਦਾਰ ਦੋਵਾਂ ਨੂੰ ਨਿਗਲ ਜਾਣ ਲਈ ਉਤਾਵਲੇ ਹਨ। ਕਵਿੱਤਰੀ ਇਨ੍ਹਾਂ ਲੰੂਬੜ ਚਾਲਾਂ ਤੋਂ ਬਾਖ਼ੂਬੀ ਸੁਚੇਤ ਹੈ। ਪੰਜਾਬ ਦੀ ਧਰਤੀ ’ਤੇ ਹੁਣ ਪਹਿਲਾਂ ਵਾਲੇ ਖ਼ੁਸ਼ੀਆਂ-ਖੇੜੇ, ਗਿੱਧੇ ਭੰਗੜੇ ਦੀਆਂ ਰੌਣਕਾਂ ਨਹੀਂ ਲੱਭਦੀਆਂ। ਤਿਉਹਾਰਾਂ ਦੇ ਵੀ ਹੁਣ ਪਹਿਲਾਂ ਜਿਹੇ ਚਾਅ ਨਹੀਂ ਰਹੇ :
ਸੁੰਨ ਸੁੰਨ ਮੌਸਮਾਂ ’ਚ ਕਣਕਾਂ ਸੀ ਪਾਲੀਆਂ
ਵੇਖ ਵੇਖ ਚੜ੍ਹਦੀਆਂ ਸਾਨੂੰ ਵੀ ਸੀ ਲਾਲੀਆਂ
ਉੱਡ ਗਏ ਨੇ ਰੰਗ ਸਾਰੇ ਬਦਲੇ ਹਾਲਾਤ ਏਵੇਂ
ਬੈਠੀ ਏਂ ਬੇਰੰਗ ਸਾਡੀ ਰੋਟੀ ਦੀਏ ਰਾਖੀਏ
ਪਹਿਲੇ ਰੂਪ ਵਿੱਚ ਹੁਣ ਆ ਜਾ ਨੀ ਵਿਸਾਖੀਏ
-ਨਵੇਂ ਸਮੇ ਦੇ ਬਾਣੇ ਪਾ ਕੇ ਮੰਡੀ ਘਰ ਆਈ
ਪੀਂਘਾਂ, ਗਿੱਧੇ ਖੇੜੇ ਜ਼ਿੰਦਗੀ ਗਿਰਵੀ ਧਰ ਆਈ
ਹੱਸਣਾ ਗਾਉਣਾ ਭੁੱਲੀ ਤੇ ਹੁਣ ਡਿੱਗੀ ਪਈ ਅਚੇਤ
ਖ਼ਬਰੇ ਕਿੱਥੇ ਗੁੰਮ ਗਏ ਜਿੰਦੇ ਤੇਰੇ ਫੱਗਣ ਚੇਤ
ਕਈ ਕਵਿਤਾਵਾਂ ਅਜੋਕੀ ਔਰਤ ਦੇ ਦੁਖਾਂਤ ਬਾਰੇ ਵੀ ਹਨ। ਕਵਿਤਾਵਾਂ ਵਿਸ਼ਾ ਪੱਖ ਦੇ ਨਾਲ-ਨਾਲ ਰੂਪਕ ਪੱਖ ਤੋਂ ਵੀ ਵਿਚਾਰਨਯੋਗ ਹਨ। ਬਿੰਬ ਕੁਦਰਤ ’ਚੋਂ ਲਏ ਗਏ ਹਨ। ‘ਸਰਘੀ ਰੰਗੀਏ ਕੁੜੀਏ’ ’ਚ ਪੰਜਾਬਣ ਮੁਟਿਆਰ ਦੀ ਸਿਫ਼ਤ ਬੜੀ ਖ਼ੂਬਸੂਰਤੀ ਨਾਲ ਕੀਤੀ ਗਈ ਹੈ। ਕੁੱਲ ਮਿਲਾ ਕੇ ‘ਮਨ ਦਾ ਮੌਸਮ’ ਜ਼ਿੰਦਗੀ ’ਚ ਘਰ ਕਰ ਗਈ ਖ਼ਿਜ਼ਾ ਦੇ ਚਲੇ ਜਾਣ ਅਤੇ ਖ਼ੁਸ਼ੀਆਂ ਦੇ ਰੰਗ ਬਿਖੇਰਨ ਵਾਲੀ ਬਹਾਰ ਦੀ ਕਾਮਨਾ ਕਰਦਾ ਹੈ।
- ਗੁਰਪ੍ਰੀਤ ਖੋਖਰ