ਸੰਨ 2022 ਦੀ ਪੰਜਾਬੀ ਕਹਾਣੀ ਵਿਸ਼ੇ ਰੂਪ ਤੇ ਸ਼ੈਲੀ ਪੱਖੋਂ ਨਵਾਂ ਕਲਾਤਮਿਕ ਮੁਹਾਂਦਰਾ ਸਿਰਜ ਕੇ ਹੀ ਪਾਠਕਾਂ ਦੀਆਂ ਨਜ਼ਰਾਂ ਵਿਚ ਪ੍ਰਵਾਨ ਚੜ੍ਹੀ ਹੈ। ਸੰਸਾਰੀਕਰਨ ਦੀਆਂ ਨਵੀਆਂ ਲੋੜਾਂ ਮੁਤਾਬਿਕ ਨਵੇਂ ਉਸਰ ਰਹੇ ਸਮਾਜਿਕ ਯਥਾਰਥ ਨੂੰ ਹੂ-ਬਹੂ ਪੇਸ਼ ਕਰਨ ਲਈ ਨਵੀਂ ਸਮਾਜਿਕ ਦਿ੍ਰਸ਼ਟੀ ਦੀ ਲੋੜ ਹੈ।
ਸੰਨ 2022 ਦੀ ਪੰਜਾਬੀ ਕਹਾਣੀ ਵਿਸ਼ੇ ਰੂਪ ਤੇ ਸ਼ੈਲੀ ਪੱਖੋਂ ਨਵਾਂ ਕਲਾਤਮਿਕ ਮੁਹਾਂਦਰਾ ਸਿਰਜ ਕੇ ਹੀ ਪਾਠਕਾਂ ਦੀਆਂ ਨਜ਼ਰਾਂ ਵਿਚ ਪ੍ਰਵਾਨ ਚੜ੍ਹੀ ਹੈ। ਸੰਸਾਰੀਕਰਨ ਦੀਆਂ ਨਵੀਆਂ ਲੋੜਾਂ ਮੁਤਾਬਿਕ ਨਵੇਂ ਉਸਰ ਰਹੇ ਸਮਾਜਿਕ ਯਥਾਰਥ ਨੂੰ ਹੂ-ਬਹੂ ਪੇਸ਼ ਕਰਨ ਲਈ ਨਵੀਂ ਸਮਾਜਿਕ ਦਿ੍ਰਸ਼ਟੀ ਦੀ ਲੋੜ ਹੈ, ਇਸ ਲਈ ਨਵੇਂ ਕਹਾਣੀਕਾਰ ਤੇਜ਼ੀ ਨਾਲ ਅੱਗੇ ਆ ਰਹੇ ਹਨ ਤੇ ਨਵੇਂ ਯੁਗ ਦੀਆਂ ਨਵੀਆਂ ਮਨੋ-ਸਮਾਜਿਕ ਸਮੱਸਿਆਵਾਂ ਨਾਲ ਜੂਝ ਰਹੇ ਪੁਰਾਣੇ ਕਹਾਣੀਕਾਰ ਉਨ੍ਹਾਂ ਲਈ ਸਪੇਸ਼ ਛੱਡ ਰਹੇ ਹਨ। ਸੰਨ 2022 ’ਚ ਨੌਜਵਾਨ ਕਹਾਣੀਕਾਰਾਂ ਦਾ ਪੂਰਾ ਬੋਲਬਾਲਾ ਰਿਹਾ ਹੈ। ਭਾਵੇਂ ਇਸ ਸਾਲ ਤੀਜੀ ਪੀੜ੍ਹੀ ਦੇ ਕਥਾਕਾਰ ਮਨਮੋਹਨ ਬਾਵਾ ਦਾ ਕਹਾਣੀ ਸੰਗ੍ਰਹਿ ‘ਕਹੋ ਰੁਕਮਣੀ’ ਵੀ ਪ੍ਰਕਾਸ਼ਿਤ ਹੋਇਆ ਹੈ ਇਸ ਪੀੜ੍ਹੀ ਦੇ ਕੁਝ ਹੋਰ ਸਾਹਿਤਕਾਰਾਂ ਨੇ ਵੀ ਵੱਖ-ਵੱਖ ਸਾਹਿਤਕ ਪਰਚਿਆਂ ਤੇ ਕਿਤਾਬਾਂ ਰਾਹੀਂ ਆਪਣੀ ਸਾਹਿਤਕ ਹਾਜ਼ਰੀ ਲੁਆਈ ਹੈ ਪਰ ਮੁੱਖ ਤੌਰ ’ਤੇ ਇਸ ਸਾਲ ਪੰਜਾਬੀ ਕਹਾਣੀ ਦੀ ਵਾਗਡੋਰ ਨੌਜਵਾਨ ਕਹਾਣੀਕਾਰਾਂ ਦੇ ਹੱਥਾਂ ਵਿਚ ਹੀ ਰਹੀ ਹੈ।
ਕਹਾਣੀ ਨੂੰ ਸਾਹਿਤ ਅਕਾਦਮੀ ਪੁਰਸਕਾਰ
ਇਸ ਸਾਲ ਦਾ ਸਾਹਿਤ ਅਕਾਦਮੀ ਪੁਰਸਕਾਰ ਸੁਖਜੀਤ ਦੇ ਕਹਾਣੀ ਸੰਗ੍ਰਹਿ ‘ਮੈਂ ਅਯਨਘੋਸ਼ ਨਹੀ’ ਨੂੰ ਮਿਲਣਾ ਵੀ ਪੰਜਾਬੀ ਕਹਾਣੀ ਦੀ ਅਭਿਵਿਅਕਤੀਗਤ ਸਮਰੱਥਾ ਦਾ ਜਾਦੂ ਸਿਰ ਚੜ੍ਹ ਕੇ ਬੋਲਣ ਵਾਲੀ ਗੱਲ ਹੈ। ਕਰੋਨਾ ਕਾਲ ਤੋਂ ਬਾਅਦ ਪੰਜਾਬੀ ਕਹਾਣੀ ਨੂੰ ਪ੍ਰਮੋਟ ਕਰਨ ਵਾਲੇ ਵੱਡੇ ਪਰਚੇ ‘ਹੁਣ’ ਦਾ ਪ੍ਰਕਾਸ਼ਨ ਇਸ ਸਾਲ ਦੁਬਾਰਾ ਸ਼ੁਰੂ ਹੋਣਾ ਤੇ ‘ਰਾਗ’ ਵੱਲੋਂ ਦੁਬਾਰਾ ਮੈਦਾਨ ਵਿਚ ਆਉਣ ਦਾ ਐਲਾਨ ਕਰਨਾ ਵੀ ਪੰਜਾਬੀ ਕਹਾਣੀ ਲਈ ਸ਼ੁਭ ਸ਼ਗਨ ਹੈ।
ਕਥਾਕਾਰ ਮਨਮੋਹਨ ਬਾਵਾ ਦਾ ਕਹਾਣੀ ਸੰਗ੍ਰਹਿ ‘ਕਹੋ ਰੁਕਮਣੀ’ ਉਸਦੀ ਦੀ ਪੂਰਵਲੀ ਪਛਾਣ ਮੁਤਾਬਿਕ ਹੀ ਲੋਕ ਕਥਾਵਾਂ ਦਾ ਦਰਜਾ ਰੱਖਦੀਆਂ ਭਾਰਤੀ ਇਤਿਹਾਸਕ ਤੇ ਮਿਥਿਹਾਸਕ ਘਟਨਾਵਾਂ ਦਾ ਗਲਪੀਕਰਨ ਕਰ ਕੇ ਭਾਰਤੀ ਇਤਿਹਾਸ ਤੇ ਮਿਥਿਹਾਸ ਨੂੰ ਲੋਕਪੱਖੀ ਦਿ੍ਰਸ਼ਟੀਕੋਣ ਤੋਂ ਨਵੇਂ ਅਰਥ ਪ੍ਰਦਾਨ ਕਰਦਾ ਹੈ। ਇਸ ਸੰਗ੍ਰਹਿ ਵਿਚ ਸਿਰਲੇਖ ਕਹਾਣੀ ਤੋਂ ਇਲਾਵਾ ਉਸ ਦੀਆਂ ਛੇ ਹੋਰ ਲੰਮੀਆਂ ਕਹਾਣੀਆਂ ਸ਼ਾਮਿਲ ਹਨ। ਇਹ ਕਹਾਣੀਆਂ ਪੂਰਵਲੇ ਇਤਿਹਾਸਕ ਖੋਜਕਾਰਾਂ ਵੱਲੋਂ ਅਣਡਿੱਠ ਕੀਤੇ ਗਏ ਬਹੁਤ ਸਾਰੇ ਇਤਿਹਾਸਕ ਮਿਥਿਹਾਸਿਕ ਪਾਤਰਾਂ ਤੇ ਘਟਨਾਵਾਂ ਦੀ ਪੁਨਰ-ਸੁਰਜੀਤੀ ਕਰ ਕੇ ਗਲਪੀ ਇਤਿਹਾਸਕਾਰੀ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਦੀਆਂ ਹਨ। ਭਾਵੇਂ ਅਜਿਹਾ ਕਰਦਿਆਂ ਉਸ ਕੁਝ ਕਾਲਪਨਿਕ ਦਿ੍ਰਸ਼ ਵੀ ਸਿਰਜੇ ਹਨ ਪਰ ਇਤਿਹਾਸਕ ਸੰਦਰਭ ਵਿਚ ਕੀਤੀ ਉਸ ਦੀ ਕੋਈ ਵੀ ਕਲਪਨਾ ਸੰਭਵ ਤੇ ਸੰਭਾਵੀ ਯਥਾਰਥ ਤੋਂ ਪਰ੍ਹੇ ਨਹੀਂ ਜਾਂਦੀ।
ਅਨੇਮਨ ਸਿੰਘ ਦਾ ਤੀਸਰਾ ਮੌਲਿਕ ਕਹਾਣੀ ਸੰਗ੍ਰਹਿ ‘ਆਈ ਲਾਚਾ’ ਇਸ ਸਾਲ ਪੰਜਾਬੀ ਕਹਾਣੀ ਦੇ ਵਿਸ਼ਿਆਂ ਦੀ ਨਵੀਨਤਾ ਬਾਰੇ ਨਵੀਂ ਚਰਚਾ ਛੇੜਨ ਲਈ ਹਾਜ਼ਰ ਹੈ। ਇਸ ਸੰਗ੍ਰਹਿ ਵਿਚ ਸ਼ਾਮਿਲ ਕਹਾਣੀਆਂ ਦੇ ਵਿਸ਼ੇ ਨਾਂ ਆਪਸ ਵਿਚ ਮੇਲ ਖਾਂਦੇ ਹਨ ਤੇ ਨਾ ਸਮਕਾਲੀ ਕਹਾਣੀਕਾਰਾਂ ਦੀਆਂ ਕਹਾਣੀਆਂ ਨਾਲ। ਇਹ ਅਸਲੋਂ ਹੀ ਨਵੇਂ ਵਿਸ਼ੇ 2022 ਦੀ ਕਹਾਣੀ ਦੀ ਨਕਸ ਨੁਹਾਰ ਨੂੰ ਪ੍ਰਤੀਬਿੰਬਤ ਕਰਨ ਵਿਚ ਵਿਸ਼ੇਸ਼ ਤੌਰ ’ਤੇ ਸਹਾਈ ਬਣਦੇ ਹਨ। ਟਾਈਟਲ ਕਹਾਣੀ ‘ਆਈ ਲਾਚਾ’ ਗੱਡੀ ਲੁਹਾਰ ਕਬੀਲੇ ਦੀਆਂ ਪੁਰਾਤਨ ਲੋਕ ਮਾਨਤਾਵਾਂ ਦੇ ਟੁੱਟਣ ਤੇ ਨਵੀਆਂ ਮਾਨਤਾਵਾਂ ਦੇ ਜਨਮ ਲੈਣ ਦੇ ਸਬੰਧ ਵਿਚ ਆਪਣਾ ਬਿਰਤਾਂਤ ਸਿਰਜਦੀ ਹੈ ਤਾਂ ਇਹ ਧਾਰਨਾ ਵਿਸ਼ੇਸ਼ ਤੌਰ ’ਤੇ ਉਭਰਦੀ ਹੈ ਕਿ ਪਿਆਰ ਦੀ ਦੇਵੀ ਆਈ ਲਾਚਾ ਨਵੀਆਂ ਕੀਮਤਾਂ ਸਿਰਜਣ ਵਾਲੇ ਲੋਕਾਂ ਨੂੰ ਸਰਾਪ ਨਹੀਂ ਸਗੋਂ ਵਰਦਾਨ ਹੀ ਦਿੰਦੀ ਹੈ। ਕਹਾਣੀ ‘ਕਾਰਾ ਮਹੰਤ’ ਪ੍ਰਧਾਨਗੀਆਂ ਕਾਇਮ ਰੱਖਣ ਲਈ ਗੁਰੂ ਘਰਾਂ ਵਿਚ ਹੁੰਦੀ ਸਿਆਸਤ ਤੋਂ ਸ਼ੁਰੂ ਹੁੰਦੀ ਹੈ ਤੇ ਇਸ ਸਿਆਸਤ ਦਾ ਹਿੱਸਾ ਬਣਦੀਆਂ ਬੇ-ਅਦਬੀ ਦੀਆਂ ਘਟਨਾਵਾਂ ’ਤੇ ਖ਼ਤਮ ਹੁੰਦੀ ਹੈ। ਅਜਿਹੀਆਂ ਕਹਾਣੀਆਂ ਕੇਵਲ ਅਨੇਮਨ ਸਿੰਘ ਹੀ ਲਿਖ ਸਕਦਾ ਹੈ।
ਦੀਪਤੀ ਬਬੂਟਾ ਨੇ ਇਸ ਸਾਲ ਆਪਣਾ ਚੌਥਾ ਕਥਾ ਸੰਗ੍ਰਹਿ ‘ਭੁੱਖ ਇਉਂ ਸਾਹ ਲੈਂਦੀ ਹੈ’ ਛਪਵਾਇਆ ਹੈ, ਜਿਸ ਵਿਚ ਉਸਦੀਆਂ ਨੌਂ ਕਹਾਣੀਆਂ ਸ਼ਾਮਿਲ ਹਨ। ਦੀਪਤੀ ਦੀਆਂ ਕਹਾਣੀਆਂ ਦੇ ਵਿਸ਼ੇ ਨਵੇਂ ਹੀ ਨਹੀਂ, ਨਰੋਏ ਵੀ ਹਨ। ਉਹ ਆਪਣੀਆਂ ਕਹਾਣੀਆਂ ਵਿਚਲੀ ਸਿਰਜਣਾਤਮਕਤਾ ਰਾਹੀਂ ਮਨੁੱਖਤਾ ਦੇ ਖੇਤਰ ਵਿਚ ਪੈਦਾ ਹੋਏ ਖਲਾਅ ਨੂੰ ਭਰਨਾ ਚਾਹੁੰਦੀ ਹੈ। ਉਸ ਦੀ ਕਹਾਣੀ ‘ਵਸ਼ੀਕਰਨ’ ਦੀ ਪਾਤਰ ਸੰਗੀਤਾ ਆਪਣੇ ਅੰਦਰੋ ਗੁਆਚੇ ਸਹਿਜ, ਸੁਹਜ ਤੇ ਸੰਗੀਤ ਨੂੰ ਤਲਾਸ਼ ਕਰਨ ਲਈ ਅੰਤ ਆਪਣੇ ਹੀ ਘਰ ਵਾਪਸ ਪਰਤਦੀ ਹੈ ਤਾਂ ਕਹਾਣੀ ‘ਮੁਕਤੀ ਤੋਂ ਪਾਰ ਦੇ ਪਾਤਰ ਵੀ ਹੱਠ ਕਰਮ ਤੇ ਵੈਰਾਗ ਭਰਮ ਤੋਂ ਮੁਕਤ ਹੋ ਕੇ ਫਿਰ ਤੋਂ ਆਪਣੇ ਘਰ ਨਾਲ ਹੀ ਜੁੜਦੇ ਹਨ। ਕਹਾਣੀ ‘ਭੁੱਖ ਇਉਂ ਸਾਹ ਲੈਂਦੀ ਹੈ’ ਮਨੁੱਖ ਅੰਦਰਲੀਆਂ ਇਛਾਵਾਂ ਦੀ ਸੀਮਾ ਰਹਿਤ ਭੁੱਖ ਦੀਆਂ ਮਨੋ ਵਿਗਿਆਨਕ ਪਰਤਾਂ ਪਰਤਦੀ ਹੈ ਤਾਂ ਕਹਾਣੀ ‘ਸਿਰਫ਼ ਏਨੀ ਮੇਰੀ ਬਾਤ’ ਪੰਜਾਬ ਖੇਤਰ ਨਾਲ ਪਿਛਲੇ ਸਮੇਂ ਦੌਰਾਨ ਹੋਈਆਂ ਅਮਾਨਵੀ ਵਧੀਕੀਆਂ ਦੀ ਬਾਤ ਦਾ ਹੁੰਗਾਰਾ ਬਣਦੀ ਹੈ।
ਵਿਸ਼ਵਜੋਤੀ ਧੀਰ ਇਸ ਸਾਲ ਆਪਣੇ ਦੂਜੇ ਕਹਾਣੀ ਸੰਗ੍ਰਹਿ ‘ਮੈਂ ਇਕ ਕਥਾ’ ਲੈ ਕੇ ਪੰਜਾਬੀ ਪਾਠਕਾਂ ਦੀ ਕਚਹਿਰੀ ’ਚ ਹਾਜ਼ਰ ਹੋਈ ਹੈ। ਇਸ ਸੰਗ੍ਰਹਿ ਵਿਚ ਉਸ ਦੀਆਂ ਚਾਰ ਵੱਡ ਆਕਾਰੀ ਕਹਾਣੀਆਂ ਸ਼ਾਮਿਲ ਹਨ। ‘ਮੈਂ ਇਕ ਕਥਾ’ ਨਾਂ ਦੀ ਕੋਈ ਵੀ ਕਹਾਣੀ ਸੰਗ੍ਰਹਿ ਵਿਚ ਸ਼ਾਮਿਲ ਨਹੀਂ ਹੈ ਪਰ ਕਹਾਣੀ ਸੰਗ੍ਰਹਿ ਦੇ ਇਸ ਟਾਈਟਲ ਦਾ ਥੀਮਕ ਪਸਾਰ ਚਾਰੇ ਹੀ ਕਹਾਣੀਆਂ ਵਿਚ ਪਸਰਿਆ ਵਿਖਾਈ ਦਿੰਦਾ ਹੈ। ਇਨ੍ਹਾਂ ਕਹਾਣੀਆਂ ਦਾ ਵਿਸ਼ਲੇਸ਼ਣੀ ਬੋਧ ਹਰ ਮਨੁੱਖ ਨੂੰ ਆਪਣੇ ਆਪ ਵਿਚ ਕਥਾ ਕਰਾਰ ਦਿੰਦਾ ਹੈ ਤੇ ਇਸ ਅਨੁਸਾਰ ਸਮਾਜਿਕ, ਆਰਥਿਕ ਤੇ ਮਾਨਸਿਕ ਲੋੜਾਂ ਦੀ ਪੂਰਤੀ ਦੇ ਯਤਨਾਂ ਵਿੱਚੋਂ ਮਿਲਦੀ ਸਫਲਤਾ ਜਾਂ ਅਸਫਲਤਾ ਹਰ ਮਨੁੱਖੀ ਕਥਾ ਨੂੰ ਨਵਾਂ ਮੁਹਾਂਦਰਾ ਪ੍ਰਦਾਨ ਕਰਦੀ ਹੈ। ਸਮਾਜ ਦੀ ਪੁਰਸ਼ ਪ੍ਰਧਾਨਤਾ ਅਨੰਤਕਾਲ ਤੋਂ ਹੀ ਔਰਤ ਤੋਂ ਉਸਦੇ ਹਿੱਸੇ ਦੇ ਮਨੁੱਖੀ ਅਧਿਕਾਰ ਖੋਹਣ ਦੇ ਯਤਨ ਕਰ ਰਹੀ ਹੈ ਤਾਂ ਉਸ ਦੀਆਂ ਕਹਾਣੀਆਂ ਇਸ ਸਥਿਤੀ ਵਿਚ ਉਭਰਣ ਵਿਚ ਸਹਾਈ ਬਣਦਿਆਂ ਉਸ ਦੀ ਸਹਾਇਤਾ ਕਰਦੀਆਂ ਹਨ।
ਨਿਰੰਜਣ ਬੋਹਾ ਨੇ ਵੀ ਇਸ ਸਾਲ ਆਪਣੇ ਕਹਾਣੀ ਸੰਗ੍ਰਹਿ ‘ਤੀਸਰੀ ਖਿੜਕੀ’ ਰਾਹੀਂ ਪੰਜਾਬੀ ਕਹਾਣੀ ਦੇ ਖੇਤਰ ਵਿਚ ਆਪਣੀ ਦੂਸਰੀ ਹਾਜ਼ਰੀ ਲਵਾਈ ਹੈ। ਡਾ. ਅਮਰਜੀਤ ਕੌਂਕੇ ਇਸ ਕਹਾਣੀ ਸੰਗ੍ਰਹਿ ’ਤੇ ਆਪਣੀ ਪ੍ਰਤੀਕਿਰਿਆ ਦਰਜ ਕਰਾਉਂਦਾ ਆਖਦਾ ਹੈ ਕਿ ਇਸ ਦੀਆਂ ਕਹਾਣੀਆਂ ਸਾਡੇ ਸਮਾਜਿਕ ਢਾਂਚੇ ਵਿਚ ਫੈਲੇ ਰਿਸ਼ਤਿਆਂ ਦੇ ਜਟਿਲ ਤਾਣੇ-ਬਾਣੇ ਨੂੰ ਸਮਕਾਲੀ ਯਥਾਰਥਕ ਪ੍ਰਸੰਗ ਵਿਚ ਸਾਡੇ ਸਾਹਮਣੇ ਪੇਸ਼ ਕਰਦੀਆਂ ਹਨ। ਇਨ੍ਹਾਂ ਕਹਾਣੀਆਂ ਵਿਚ ਲੇਖਕ ਆਪਣੇ ਪਾਤਰਾਂ ਰਾਹੀਂ ਆਧੁਨਿਕ ਮਨੁੱਖ ਦੀ ਮਾਨਸਿਕਤਾ ਨੂੰ ਦਰਪੇਸ਼ ਵਿਸੰਗਤੀਆਂ ਦੀ ਦਾਸਤਾਨ ਬਹੁਤ ਹੀ ਖ਼ੂਬਸੂਰਤ ਢੰਗ ਨਾਲ ਕਹਿਣ ਦੀ ਕੋਸ਼ਿਸ਼ ਕਰਦਾ ਹੈ।
ਡਾ. ਹਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਸੰਗ੍ਰਹਿ ਦੀਆਂ ਸਾਰੀਆਂ ਕਹਾਣੀਆਂ ਪੰਜਾਬੀ ਰਿਸ਼ਤਾ-ਨਾਤਾ ਪ੍ਰਬੰਧ ਦੀਆਂ ਵਿਭਿੰਨ ਪਰਤਾਂ ਨੂੰ ਯਥਾਰਥਵਾਦੀ ਵਿਧੀ ਨਾਲ ਪਰਤ-ਦਰ-ਪਰਤ ਖੋਲ੍ਹਦੀਆਂ ਹਨ। ਇਨ੍ਹਾਂ ਕਹਾਣੀਆਂ ਦੇ ਪਾਤਰ ਜਿਉਂਦੇ-ਜਾਗਦੇ ਤੇ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨਾਲ ਦੋ-ਚਾਰ ਹੁੰਦੇ ਸਾਧਾਰਨ ਲੋਕਾਂ ਦੀ ਨੁਮਾਇੰਦਗੀ ਕਰਦੇ ਹਨ।
ਦੀਪ ਦੇਵਿੰਦਰ ਦੇ ਨਵੇਂ ਕਹਾਣੀ ਸੰਗ੍ਰਹਿ ‘ਤਿ੍ਰਕਾਲ-ਸੰਧਿਆ’ ਵਿਚ ਉਸ ਦੀਆਂ ਛੇ ਕਹਾਣੀਆਂ ਸ਼ਾਮਿਲ ਹਨ। ਉਸ ਦੀਆਂ ਕਹਾਣੀਆਂ ਦੇ ਪਾਤਰ ਬਾਹਰੀ ਤੌਰ ’ਤੇ ਸਾਬਤ ਸਬੂਤੇ ਵਿਖਾਈ ਦਿੰਦੇ ਹਨ ਪਰ ਆਪਣੇ ਅਵਚੇਤਨ ਵਿਚ ਪਏ ਸੰਸਕਾਰਾਂ ਤੇ ਅਤਿ੍ਰਪਤੀਆਂ ਕਾਰਨ ਅੰਦਰੋਂ ਪੂਰੀ ਤਰ੍ਹਾਂ ਬੇ-ਚੈਨ ਹਨ। ਕਹਾਣੀ ‘ਗੰਢਾਂ’ ਵਿੱਚਲੇ ਤਹਿਸੀਲਦਾਰ ਦੇ ਅਵਚੇਤਨ ਵਿਚ ਪਈਆਂ ਜਾਤੀ ਤਿ੍ਰਸਕਾਰ ਦੀਆਂ ਗੰਢਾਂ ਉੱਚੇ ਰੁਤਬੇ ’ਤੇ ਹੁੰਦਿਆਂ ਵੀ ਉਸ ਨੂੰ ਮਾਨਸਿਕ ਤੌਰ ’ਤੇ ਬੇਚੈਨ ਰੱਖਦੀਆਂ ਹਨ ਤਾਂ ਕਹਾਣੀ ‘ਰੁੱਤ ਫਿਰੀ ਵਣ ਕੰਬਿਆ’ ਵਿਚਲੀ ਗੂੰਗੀ ਤਾਰੋ ਦਾ ਸਰਾਪਿਆਂ ਅਤੀਤ ਉਸ ਨੂੰ ਪੈਣ ਵਾਲੇ ਅੰਧਰੰਗ ਦੇ ਦੌਰੇ ਦਾ ਕਾਰਨ ਬਣਦਾ ਹੈ। ਕਹਾਣੀ ‘ਤਿ੍ਰਕਾਲ ਸੰਧਿਆ’ ਦੇ ਪਾਤਰ ਕੁਲਬੀਰ ਨੂੰ ਵੀ ਭਾਵੇਂ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਆਪਣੀਆਂ ਸਰੀਰਕ ਤੇ ਮਾਨਸਿਕ ਲੋੜਾਂ ਦੀ ਪੂਰਤੀ ਲਈ ਤਣਾਅ ਪੂਰਨ ਸਥਿਤੀਆਂ ਵਿਚ ਲੰਘਣਾ ਪੈਂਦਾ ਹੈ ਪਰ ਕਹਾਣੀਕਾਰ ਨੇ ਉਸ ਦੇ ਦੂਜੇ ਵਿਆਹ ਲਈ ਪਰਿਵਾਰਕ ਸਵਿਕਿ੍ਰਤੀ ਦਾ ਰਾਹ ਲੱਭ ਕੇ ਉਸ ਦੀ ਜੀਵਨ ਤੋਰ ਨੂੰ ਨਵਾਂ ਹੁਲਾਰਾ ਦਿੱਤਾ ਹੈ।
ਗੁਰਲਾਲ ਅਮਨ ਪਰਵਾਸੀ ਕਹਾਣੀਕਾਰ ਦੇ ਇਸ ਸਾਲ ਛਪੇ ਕਹਾਣੀ ਸੰਗ੍ਰਹਿ ‘ਗੁਲਾਬੀ ਰੰਗ ਦੇ ਛਿੱਟੇ’ ਵਿਚ ਉਸ ਦੀਆਂ 11 ਕਹਾਣੀਆਂ ਸ਼ਾਮਿਲ ਹਨ। ਉਸ ਦੀਆਂ ਕਹਾਣੀਆਂ ਮਨੁੱਖ ਨੂੰ ਕੁਦਰਤ ਨਾਲ ਜੋੜਨ ਤੇ ਉਸ ਅੰਦਰਲੀ ਮਾਨਵੀ ਸੰਵੇਦਨਾ ਨੂੰ ਝੰਜੋੜਣ ਵਾਲੀਆਂ ਹਨ। ਉਸ ਦੀ ਕਹਾਣੀ ‘ਸਤਯੁੱਗ’ ਦੇ ਵਿਸਲੇਸ਼ਣੀ ਬੋਧ ਅਨੁਸਾਰ ਜੇ ਮਨੁੱਖ ਦੇ ਮਨ ਵਿਚ ਸਤਯੁੱਗ (ਸੱਚਾ ਆਚਾਰ ਤੇ ਵਿਵਹਾਰ) ਹੋਵੇ ਤਾਂ ਉਸ ਨੂੰ ਆਪਣੇ ਚਾਰ ਚੁਫੇਰੇ ਹੀ ਸਤਯੁੱਗ ਵਿਖਾਈ ਦੇਣ ਲੱਗਦਾ। ‘ਬਦਾਮੀ ਰੰਗ ਦੇ ਛਿੱਟੇ’ ਉਸ ਲਈ ਮਾਨਵੀ ਸੁਹਿਰਦਤਾ ਦੇ ਪ੍ਰਤੀਕ ਹਨ ਤੇ ਉਸ ਦਾ ਮੰਨਣਾ ਹੈ ਕਿ ਇਸ ਇੰਟਰਨੈਟ ਯੁੱਗ ਵਿਚ ਘਰ ਬੈਠਿਆਂ ਹੀ ਲੋਕ ਕਲਿਆਣ ਦਾ ਕਾਰਜ ਜਾਰੀ ਰੱਖਿਆ ਜਾ ਸਕਦਾ। ਉਸ ਦੀਆਂ ਕਹਾਣੀਆਂ ਜਿੱਥੇ ਦੂਹਰੀ ਗੁਲਾਮੀ ਭੋਗ ਰਹੀਆਂ ਔਰਤਾਂ ਦੇ ਦਰਦ ਨੂੰ ਬਗਾਵਤੀ ਜ਼ੁਬਾਨ ਦਿੰਦੀਆਂ ਹਨ ਉੱਥੇ ਸਾਰੀ ਜ਼ਿੰਦਗੀ ਆਪਣਾ ਟੁੱਟਿਆ ਘਰ ਜੋੜਨ ਦੀ ਕੋਸ਼ਿਸ਼ ਵਿਚ ਜੁੱਟੇ ਰਹਿਣ ਵਾਲੀਆਂ ਕਮਲ ਵਰਗੀਆਂ ਔਰਤਾਂ ਦਾ ਦਿਲੋਂ ਸਤਿਕਾਰ ਵੀ ਕਰਦੀਆਂ ਹਨ।
ਕਥਾਕਾਰਾ ਰੇਮਨ ਦਾ ਇਸ ਸਾਲ ਪ੍ਰਕਾਸ਼ਿਤ ਹੋਇਆ ਕਥਾ ਸੰਗ੍ਰਹਿ ‘6 : 45’ ਪੰਜਾਬੀ ਕਹਾਣੀਆਂ ਦੀਆਂ ਪੁਰਾਣੀਆਂ ਪ੍ਰੰਪਰਾਵਾਂ ਤੇ ਜ਼ਾਬਤਿਆਂ ਨੂੰ ਤੋੜ ਕੇ ਆਪਣਾ ਨਵਾਂ ਪ੍ਰਭਾਵ ਸਿਰਜਣ ਦੇ ਆਹਰ ਵਿਚ ਹੈ। ਇਸ ਸੰਗ੍ਰਹਿ ਵਿਚ ਸ਼ਾਮਿਲ 17 ਕਹਾਣੀਆਂ ਆਕਾਰ ਪੱਖੋਂ ਛੋਟੀਆਂ ਹਨ ਪਰ ਬਹੁਤ ਬੇਬਾਕ ਤੇ ਨਿਰਭੀਕ ਹਨ। ਇਹ ਕਹਾਣੀਆਂ ਔਰਤ ਮਨ ਵਿਚ ਪੈਦਾ ਹੋਣ ਵਾਲੇ ਬਗ਼ਾਵਤੀ ਭਾਵਾਂ ਦਾ ਗਲਪੀਕਰਨ ਕਰਦੀਆਂ ਹਨ ਤਾਂ ਮੌਜੂਦਾ ਸਮਾਜਿਕ ਵਿਵਸਥਾ ਕਈ ਤਰ੍ਹਾਂ ਦੇ ਸੁਆਲਾਂ ਦੇ ਘੇਰੇ ਵਿਚ ਆ ਜਾਂਦੀ ਹੈ। ਉਸ ਦੀ ਬਹੁ ਚਰਚਿਤ ਕਹਾਣੀ ‘ਯਹਾਂ ਔਰਤ ਅੱਛੀ ਨਹੀਂ ਮਿਲਤੀ’ ਵੱਲੋਂ ਪਾਇਆ ਸੁਆਲ ਹੈ ਕਿ ਹਰ ਵੇਲੇ ਔਰਤ ਤੋਂ ਸਰੀਰਕ ਤੇ ਮਾਨਸਿਕ ਸੁੱਚਤਾ ਦੀ ਮੰਗ ਕਰਨ ਵਾਲਾ ਮਰਦ ਖ਼ੁਦ ਇਹ ਸ਼ਰਤਾਂ ਪੂਰੀਆਂ ਕਰ ਕੇ ‘ਅੱਛਾ ਮਰਦ’ ਕਦੋਂ ਬਣੇਗਾ? ਉਸ ਦੀਆਂ ਕਹਾਣੀਆਂ ਜੁਆਨ ਜਿਸਮਾਂ ਵਿਚ ਉੱਠਦੀ ਮਹਿਕ ਦੇ ਮਨੋਵਿਗਿਆਨਕ ਪ੍ਰਭਾਵਾਂ ਬਾਰੇ ਚਰਚਾ ਕਰਦੀਆਂ ਹਨ ਤਾਂ ‘ਬੌਬ ਕੱਟ’ ਤੇ ‘ਕੰਧ ਵਿੱਚੋਂ ਉੱਗੀ ਚਮੇਲੀ’ ਵਰਗੀਆਂ ਖ਼ੂਬਸੂਰਤ ਕਹਾਣੀਆਂ ਜਨਮ ਲੈਂਦੀਆਂ ਹਨ।
ਕਹਾਣੀਕਾਰ ਰਵਿੰਦਰ ਰੁਪਾਲ ਕੌਲਗੜ੍ਹ ਦੇ ਪਲੇਠੇ ਕਹਾਣੀ ਸੰਗ੍ਰਹਿ ‘ਨਿਆਈਂ ਵਾਲਾ ਖੇਤ’ ਦੀਆਂ ਕਹਾਣੀਆਂ ਉਨ੍ਹਾਂ ਮਨੋ-ਸਮਾਜਿਕ ਕਾਰਨਾਂ ਦੀ ਨਿਸ਼ਾਨਦੇਹੀ ਉਚੇਚੇ ਤੌਰ ’ਤੇ ਕਰਦੀਆਂ ਹਨ, ਜਿਹੜੇ ਸਾਡੇ ਸਮਾਜਿਕ ਤੇ ਪਰਿਵਾਰਕ ਰਿਸ਼ਤਿਆਂ ਦੇ ਟੁੱਟਣ ਤੇ ਤਿੜਕਣ ਦਾ ਕਾਰਨ ਹੀ ਨਹੀਂ ਬਣ ਰਹੇ ਸਗੋਂ ਇਨ੍ਹਾਂ ਨੂੰ ਪੇਚੀਦਾ ਤੇ ਗੁੰਝਲਦਾਰ ਵੀ ਬਣਾ ਰਹੇ ਹਨ। ਇਨ੍ਹਾਂ ਕਹਾਣੀਆਂ ਦੇ ਪਾਤਰ ਜ਼ਿੰਦਗੀ ਦੀਆਂ ਤੰਗੀਆਂ-ਤੁਰਸ਼ੀਆਂ, ਦੁਸ਼ਵਾਰੀਆਂ, ਅੰਤਰ -ਦਵੰਦਾਂ, ਤਣਾਵਾਂ, ਭਟਕਣਾਵਾਂ ਤੇ ਹਾਰਾਂ ਨੂੰ ਆਪਣੇ ਤਨ ਤੇ ਮਨ ਹੰਢਾਉਂਦਿਆਂ ਸਮਕਾਲੀਨ ਸਮਾਜਿਕ ਤੇ ਆਰਥਿਕ ਵਿਵਸਥਾ ਦੇ ਲੋਕ ਵਿਰੋਧੀ ਖਾਸੇ ਨੂੰ ਸਹਿਜ ਰੂਪ ਵਿਚ ਹੀ ਪਾਠਕਾਂ ਦੇ ਦਿ੍ਰਸ਼ਟੀਗੋਚਰ ਕਰ ਜਾਂਦੇ ਹਨ। ਇਹ ਕਹਾਣੀਆਂ ਆਪਣੀ ਸਮਕਾਲੀ ਸਮਾਜਿਕ ਵਿਵਸਥਾ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਵੇਖਣ ਦੀ ਕੋਸ਼ਿਸ਼ ਕਰਦੀਆਂ ਹਨ ਤੇ ਇਸ ਦੇ ਨੰਗੇਜ਼ ’ਤੇ ਪਰਦਾ ਪਾਉਣ ਦੀ ਬਜਾਇ ਇਸ ਨੂੰ ਸਰਵਜਨਕ ਕਰਨ ਦਾ ਦਮ ਰੱਖਦੀਆਂ ਹਨ।
ਸੁਰਿੰਦਰ ਕੈਲੇ ਦੇ ਇਸ ਸਾਲ ਪ੍ਰਕਾਸ਼ਿਤ ਹੋਏ ਦੂਜੇ ਕਹਾਣੀ ਸੰਗ੍ਰਹਿ ‘ਸੋਨ ਸਵੇਰਾ’ ਵਿਚ ਸ਼ਾਮਿਲ ਕਹਾਣੀਆਂ ਦੇ ਪਾਤਰ ਵੱਡੇ ਆਰਥਿਕ ਤੇ ਸਮਾਜਿਕ ਦਬਾਵਾਂ ਦਾ ਸਾਹਮਣਾ ਕਰਦਿਆਂ ਵੀ ਜ਼ਿੰਦਗੀ ਦੇ ਸੋਨ ਸਵੇਰੇ ਦੀ ਉਡੀਕ ਵਿਚ ਹਨ। ਸੰਗ੍ਰਹਿ ਦੀ ਟਾਈਟਲ ਕਹਾਣੀ ਕਿਸਾਨੀ ਨੂੰ ਖ਼ੁੁਦਕੁਸ਼ੀਆਂ ਦੇ ਰਾਹ ਤੋਂ ਮੋੜ ਕੇ ਖ਼ੁਸ਼ਹਾਲੀ ਉਸ ਸਵੇਰੇ ਵੱਲ ਲਿਜਾਂਦੀ ਹੈ ਜਿਹੜਾ ਖੇਤੀ ਤੇ ਮਸ਼ੀਨੀ ਮਾਡਲ ਨੂੰ ਰੱਦ ਕਰ ਕੇ ਤੇ ਕੁਦਰਤੀ ਮਾਡਲ ਦੀ ਪੁਨਰ ਸੁਰਜੀਤੀ ਨਾਲ ਜੁੜਿਆ ਹੋਇਆ ਹੈ। ਕਹਾਣੀ ‘ਸੰਗ ਭਰਾਵਾਂ ਜੀਵਨਾ’ ਇਸ ਸਵੇਰ ਦੀ ਝਲਕ ਪੁਰਾਣੀ ਭਾਈਚਾਰਕ ਸਾਂਝ ਵਿੱਚੋਂ ਵੇਖਦੀ ਹੈ ਤੇ ਕਹਾਣੀ ‘ਚਾਦਰ’ ਔਰਤ ਵਰਗ ਤੇ ਹੋਣ ਵਾਲੀਆਂ ਸਮਾਜਿਕ ਜ਼ਿਆਦਤੀਆਂ ਦਾ ਹੱਲ ਉਨ੍ਹਾਂ ਦੇ ਬਾ-ਰੁਜ਼ਗਾਰ ਹੋਣ ਵਿੱਚੋਂ ਤਲਾਸ਼ਦੀ ਹੈ। ਸੰਗ੍ਰਹਿ ਦੀਆਂ ਹੋਰ ਕਹਾਣੀਆਂ ਵੀ ਮਨੁੱਖੀ ਜੀਵਨ ਤੋਰ ਨੂੰ ਅੱਗੇ ਲਿਜਾਣ ਵਾਲੇ ਸਮਾਜਿਕ ਮੁੱਲਾਂ ਨੂੰ ਦਿਲੋਂ ਸਵੀਕਾਰਦੀਆਂ ਤੇ ਮਨੁੱਖੀ ਪ੍ਰਗਤੀ ਵਿਚ ਬਾਧਕ ਮੁੱਲਾਂ ਨੂੰ ਨਕਾਰਦੀਆਂ ਹਨ।
ਸਰਬ ਕੌਰ ਦੇ ਇਸ ਸਾਲ ਪ੍ਰਕਾਸ਼ਿਤ ਹੋਏ ਕਹਾਣੀ ਸੰਗ੍ਰਹਿ ‘ਸੁਪਨੇ ਜਵਾਬ ਮੰਗਦੇ ਨੇ’ ਵਿਚ ਸ਼ਾਮਿਲ ਕਹਾਣੀਆਂ ਸਮਾਜ ਦੇ ਉਨ੍ਹਾਂ ਅਣਗੌਲੇ ਲੋਕਾਂ ਦੇ ਸੁਪਨਿਆਂ ਦਾ ਭਾਸ਼ਾਈ ਬਿਰਤਾਂਤ ਸਿਰਜਦੀਆਂ ਹਨ ਜਿਨ੍ਹਾਂ ਨੂੰ ਆਪਣੀ ਸਮਾਜਿਕ ਹੋਂਦ ਤੇ ਸਨਮਾਨ ਦੀ ਬਹਾਲੀ ਲਈ ਨਿਰੰਤਰ ਸੰਘਰਸ਼ ਕਰਨਾ ਪੈਂਦਾ ਹੈ, ਫਿਰ ਵੀ ਉਨ੍ਹਾਂ ਦੇ ਸੁਪਨੇ ਉਨ੍ਹਾਂ ਦੇ ਜੀਵਨ ਉਤਸ਼ਾਹ ਨੂੰ ਮੱਠਾ ਨਹੀਂ ਪੈਣ ਦਿੰਦੇ। ਜੀਵਨ ਤੋਰ ਨੂੰ ਅੱਗੇ ਲੈ ਕੇ ਜਾਣ ਵਾਲੇ ਸੁਪਨਿਆਂ ਦੀ ਪੂਰਤੀ ਲਈ ਜਵਾਬਦੇਹੀ ਨਿਸ਼ਚਿਤ ਕਰਨਾ ਉਸ ਦੀਆਂ ਕਹਾਣੀਆਂ ਦਾ ਮੰਤਵ ਵੀ ਹੈ ਤੇ ਲੋੜ ਵੀ ਹੈ। ਇਹ ਕਹਾਣੀਆਂ ਸਮਾਜਿਕ, ਸੱਭਿਆਚਾਰਕ ਤੇ ਆਰਥਿਕ ਦਬਾਵਾਂ ਦਾ ਸਾਹਮਣਾ ਕਰ ਰਹੇ ਅਜੋਕੇ ਮਨੁੱਖ ਦੀ ਸੋਚ, ਸੁਭਾਅ ਤੇ ਵਰਤੋਂ ਵਿਵਹਾਰ ਵਿਚ ਆ ਰਹੇ ਵੱਡੇ ਬਦਲਾਵਾਂ ਦੀ ਨਿਸ਼ਾਨਦੇਹੀ ਵੀ ਕਰਦੀਆਂ ਹਨ ਤੇ ਜੀਵਨ ਦੀ ਮਾਨਵੀ ਦਿਸ਼ਾ ਤੋਂ ਭਟਕ ਚੁੱਕੇ ਮਨੁੱਖ ਨੂੰ ਉਸਦੀ ਗ਼ਲਤੀ ਦਾ ਅਹਿਸਾਸ ਵੀ ਕਰਾਉਂਦੀਆਂ ਹਨ। ਦਿੱਲੀ ਨਿਵਾਸੀ ਕਹਾਣੀਕਾਰਾ ਬਲਵਿੰਦਰ ਕੌਰ ਖੁਰਾਣਾ ਦੇ ਇਸ ਸਾਲ ਛਪੇ ਕਹਾਣੀ ਸੰਗ੍ਰਹਿ ‘ਨਿਰਮੋਹੇ’ ਵਿਚ ਉਸ ਦੀਆਂ ਪੰਦਰਾਂ ਕਹਾਣੀਆਂ ਸ਼ਾਮਿਲ ਹਨ। ਉਸ ਦੀਆਂ ਕਹਾਣੀਆਂ ਪਰਿਵਾਰਕ ਤੇ ਸਮਾਜਿਕ ਰਿਸ਼ਤਿਆਂ ਦੀਆਂ ਉਲਝ ਰਹੀਆਂ ਤੰਦਾਂ ਨੂੰ ਸੁਲਝਾਉਣ ਅਤੇ ਮੋਹ ਰਹਿਤ ਹੁੰਦੇ ਜਾ ਰਹੇ ਰਿਸ਼ਤਿਆਂ ਨੂੰ ਮੋਹਵੰਤੇ ਬਣਾਉਣ ਲਈ ਆਪਣਾ ਯਥਾ ਸੰਭਵ ਯੋਗਦਾਨ ਪਾਉਂਦੀਆਂ ਹਨ। ਉਸ ਦੀ ਕਹਾਣੀ ‘ਦੁੱਧ ਦੀ ਬੋਤਲ’ ਅਨੁਸਾਰ ਜੇ ਰਿਸ਼ਤੇ ਨਿਭਾਉਣ ਵੇਲੇ ਇਕ ਦੂਜੇ ਦੀਆਂ ਭਾਵਨਾਵਾਂ ਦੀ ਕਦਰ ਨਾ ਕੀਤੀ ਜਾਵੇ ਤਾਂ ਮਾਂ ਧੀ ਹੰਢਣਸਾਰ ਰਿਸ਼ਤਾ ਵੀ ਆਪਣਾ ਨਿੱਘ ਗੁਆ ਬੈਠਦਾ ਹੈ। ਕਹਾਣੀ ‘ਨਿਰਮੋਹੇ’ ਬਾਪ ਤੇ ਔਲਾਦ ਵਿਚਕਾਰ ਡੂੰਘੀ ਹੁੰਦੀ ਜਾ ਰਹੀ ਨਿਰਮੋਹੇਪਣ ਦੀ ਖਾਈ ’ਤੇ ਚਿੰਤਾ ਵਿਅਕਤ ਕਰਦੀ ਹੈ। ਕਹਾਣੀ ‘ਫ਼ਕੀਰ ਬਾਬਾ’ ਵਿਚਲਾ ਫ਼ੌਜੀ ਬਾਬਾ ਜਦੋਂ ਪਰਿਵਾਰਕ ਮੋਹ ਭੰਗਤਾ ਦਾ ਸ਼ਿਕਾਰ ਹੋ ਕੇ ਇਨਸਾਨਾਂ ਤੋਂ ਦੂਰ ਰਹਿਣਾ ਚਾਹੁੰਦਾ ਹੈ। ਇਸ ਸੰਗ੍ਰਹਿ ਦੀਆਂ ਕਹਾਣੀਆਂ ਭਾਰਤੀ ਔਰਤ ਨੂੰ ਕੋਮਲ ਅੰਗੀ ਦਰਸਾਉਣ ਦੀ ਬਜਾਏ ਉਸ ਦਾ ਗਲਪੀ ਬਿੰਬ ਆਪਣੇ ਮਨੁੱਖੀ ਹਿੱਤਾਂ ਲਈ ਲੜਨ ਵਾਲੀਆਂ ਸੁਚੇਤ ਔਰਤਾਂ ਵਜੋਂ ਉਭਾਰਦੀਆਂ ਹਨ।
ਦੀਪ ਅਮਨ ਜੱਖੂ ਨੇ ਆਪਣੇ ਕਹਾਣੀ ਸੰਗ੍ਰਹਿ ‘ਸੂਰਜ ਆਖਿਰੀ ਸਾਹਾਂ’ ’ਤੇ ਪ੍ਰਕਾਸ਼ਿਤ ਕਰਵਾਇਆ ਹੈ। ਕਹਾਣੀ ਦੇ ਖੇਤਰ ਵਿਚ ਭਾਵੇਂ ਉਸਦਾ ਪ੍ਰਵੇਸ਼ ਨਵਾਂ ਪਰ ਸੰਭਾਵਨਾਵਾਂ ਭਰਪੂਰ ਹੈ। ਉਸ ਦੀਆਂ ਕਹਾਣੀਆਂ ਵਿਚਲੀ ਮਾਨਵਤਾਵਾਦੀ ਸੁਰ ਸਮਕਾਲੀਨ ਸਮਾਜਿਕ ਤੇ ਆਰਥਿਕ ਵਿਵਸਥਾ ਨੂੰ ਇਹੋ ਜਿਹਾ ਮਨੁੱਖਤਾ ਉਪਯੋਗੀ ਦਿਸ਼ਾ ਦੇਣਾ ਚਾਹੁੰਦੀ ਹੈ ਜਿਸ ਅਨੁਸਾਰ ਬਖਸ਼ੀਸ਼ ਵਰਗੀਆਂ ਹੋਣਹਾਰ ਕੁੜੀਆਂ ਉਮਰ ਦੇ ਆਖ਼ਰੀ ਪੜਾਅ ’ਤੇ ਪਹੁੰਚੇ ਚਰਨੇ ਵਰਗੇ ਬਾਪੂਆਂ ਲਈ ਚੁਫੇਰੇ ਰੋਸ਼ਨੀ ਫੈਲਾਉਣ ਵਾਲਾ ਸੂਰਜ ਬਣਦੀਆਂ ਰਹਿਣ। ਕਹਾਣੀ ‘ਆਪਣਾ ਘਰ’ ਬਜ਼ੁਰਗ ਮਾਪਿਆਂ ਦੀ ਸੇਵਾ ਸੰਭਾਲ ਦੀ ਜਾਗ ਲਾਉਂਦੀ ਹੈ ਤਾਂ ਕਹਾਣੀ ਅਰਦਾਸ ਮਨੁੱਖੀ ਜੀਵਨ ਨੂੰ ਸਕਾਰਾਤਮਕ ਦਿਸ਼ਾ ਦੇਣ ਵਾਲੀ ਅਰਦਾਸ ਨਾਲ ਜੋੜਦੀ ਹੈ।
ਪਰਵਾਸੀ ਕਹਾਣੀਕਾਰ ਰਵੀ ਸ਼ੇਰਗਿੱਲ ਨੇ ਇਸ ਸਾਲ ਆਪਣੇ ਪਲੇਠੇ ਕਹਾਣੀ ਸੰਗ੍ਰਹਿ’ ‘ਕਿਤੇ ਉਹ ਨਾ ਹੋਵੇ’ ਰਾਹੀਂ ਪੰਜਾਬੀ ਕਹਾਣੀ ਦੇ ਖੇਤਰ ਵਿਚ ਸੰਭਾਵਨਾਵਾਂ ਭਰਪੂਰ ਹਾਜ਼ਰੀ ਲੁਆਈ ਹੈ। ਉਸ ਦਾ ਪਿਛੋਕੜ ਪੰਜਾਬ ਦੇ ਮਾਲਵਾ ਖੇਤਰ ਨਾਲ ਜੁੜਿਆ ਹੋਇਆ ਹੈ ਤੇ ਵਰਤਮਾਨ ਪੂੰਜੀਵਾਦੀ ਵਿਵਸਥਾ ਦੇ ਸਿਖ਼ਰ ਵਜੋਂ ਜਾਣੇ ਜਾਂਦੇ ਪੱਛਮੀ ਮੁਲਕ ਅਮਰੀਕਾ ਨਾਲ। ਇਸ ਲਈ ਉਸ ਦੀਆਂ ਕਹਾਣੀਆਂ ਵਾਸ-ਪਰਵਾਸ ਨਾਲ ਅੰਤਰ ਸਬੰਧਿਤ ਮਨੋ -ਸਮਾਜਿਕ ਸਮੱਸਿਆਵਾਂ ਬਾਰੇ ਹੱਡੀ ਹੰਢਾਇਆ ਅਨੁਭਵ ਵੀ ਰੱਖਦੀਆਂ ਹਨ ਤੇ ਇਨ੍ਹਾਂ ਨਾਲ ਨਿਜੱਠਣਾ ਵੀ ਜਾਣਦੀਆਂ ਹਨ। ਇਸ ਸੰਗ੍ਰਹਿ ਵਿਚ ਸ਼ਾਮਿਲ ਉਸ ਦੀਆਂ 10 ਕਹਾਣੀਆਂ ਉਨ੍ਹਾਂ ਕਾਰਨਾਂ ਦੀ ਨਿਸ਼ਾਨਦੇਹੀ ਉਚੇਚੇ ਤੌਰ ’ਤੇ ਕਰਦੀਆਂ ਹਨ ਜੋ ਸਾਡੇ ਸਮਾਜਿਕ ਰਿਸ਼ਤਿਆਂ ਨੂੰ ਪੇਚੀਦਾ ਤੇ ਗੁੰਝਲਦਾਰ ਬਣਾਉਣ ਵਿਚ ਵੱਡੀ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਕਹਾਣੀਆਂ ਦੇ ਵਿਸ਼ੇ ਵੱਖੋ ਵੱਖਰੇ ਹਨ ਪਰ ਇਹ ਸਾਰੇ ਵਿਸ਼ੇ ਮਿਲ ਕੇ ਮਨੁੱਖੀ ਜੀਵਨ ਤੋਰ ਨੂੰ ਅੱਗੇ ਲੈ ਕੇ ਜਾਣ ਵਾਲੇ ਹਨ।
ਕੈਨੇਡਾ ਵਾਸੀ ਗੁਰਮੇਲ ਬੀਰੋਕੇ ਦੇ ਇਸ ਸਾਲ ਛਪੇ ਪਲੇਠੇ ਕਹਾਣੀ ਸੰਗ੍ਰਹਿ ‘ਅੱਗ ’ਚ ਸੜਦੇ ਫੁੱਲ’ ਵਿਚ ਇਸ ਨਾਂ ਦੀ ਕੋਈ ਵੀ ਕਹਾਣੀ ਸ਼ਾਮਿਲ ਨਹੀਂ ਹੈ ਪਰ ਇਨ੍ਹਾਂ ਕਹਾਣੀਆਂ ਵਿੱਚੋਂ ਫੁੱਲਾਂ ਵਰਗੀਆਂ ਜਵਾਨੀਆਂ ਦੇ ਨਫ਼ਰਤੀ ਅੱਗ ਵਿਚ ਸੜਨ ਦੇ ਦਰਦ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਉਸ ਦੀਆਂ ਕਹਾਣੀਆਂ ਇਸ ਗੱਲ ਦਾ ਵਿਸ਼ੇਸ਼ ਤੌਰ ’ਤੇ ਖ਼ੁਲਾਸਾ ਕਰਦੀਆਂ ਹਨ ਕਿ ਪੂਰਬ ਵੱਲੋਂ ਪੱਛਮੀ ਮੁਲਕਾਂ ਵਿਚ ਜਾਣ ਵਾਲੇ ਲੋਕ ਆਪਣੇ ਜੀਵਨ ਵਿਚਲੀਆਂ ਬਹੁਤ ਸਾਰੀਆਂ ਸਮੱਸਿਆਵਾਂ ਲਈ ਆਪ ਹੀ ਜ਼ਿੰਮੇਵਾਰ ਹਨ।
ਕਹਾਣੀ ‘ਡਰੇ ਹੋਏ ਫੁੱਲ’ ਤੇ ‘ਛਾਲਾ ਫਿਸ ਗਿਆ’ ਦੇ ਪਾਤਰ ਪਰਵਾਸ ਨੂੰ ਸਹਿਜ ਵਾਸ ਵਿਚ ਬਦਲਣ ਦੀ ਕੋਸ਼ਿਸ਼ ਕਰਨ ਦੀ ਬਜਾਇ ਆਪਣੇ ਪਿਛੋਕੜੀ ਸੰਸਕਾਰਾਂ ਵਿਚ ਜਕੜੇ ਰਹਿੰਦੇ ਹਨ। ਕਹਾਣੀ ‘ਝੂਠੀਆਂ ਇੱਜ਼ਤਾਂ ਵਾਲੇ’ ਅਨੁਸਾਰ ਪੱਛਮੀ ਮੁਲਕਾਂ ਵਿੱਚ ਵਸੇਬਾ ਕਰਨ ਵਾਲੇ ਪੰਜਾਬੀ ਇੱਕੀਵੀ ਸਦੀ ਵਿਚ ਪਹੁੰਚ ਕੇ ਵੀ ਸਾਂਝੇ ਮਨੁੱਖੀ ਭਾਈਚਾਰੇ ਦਾ ਹਿੱਸਾ ਬਣਨ ਦੀ ਬਜਾਇ ਖਾਨਦਾਨੀ ਇੱਜ਼ਤ ਦੇ ਸੰਸਕਾਰਾਂ ਵਿਚ ਜਕੜੇ ਹੋਏ ਹਨ। ‘ਆਲ੍ਹਣੇ ਵਾਲਾ ਸੱਪ’ ਤੇ ‘ਸੀਲ ਮੋਰਨੀ’ ਵੀ ਉਸ ਦੀਆਂ ਪੜ੍ਹਨਯੋਗ ਕਹਾਣੀਆਂ ਹਨ।
ਪਰਵਾਸੀ ਕਹਾਣੀਕਾਰਾ ਅਮਰਜੀਤ ਕੌਰ ਪੰਨੂ ਦਾ 11 ਕਹਾਣੀਆਂ ’ਤੇ ਅਧਾਰਿਤ ਕਥਾ ਸੰਗ੍ਰਹਿ ‘ਸੁੱਚਾ ਗੁਲਾਬ’ ਪਰਵਾਸੀ ਲੋਕਾਂ ਦੀਆਂ ਸੱਮਸਿਆਵਾਂ ਦਾ ਅਧਿਐਨ ਮਨੋ ਵਿਗਿਆਨਕ ਨਜ਼ਰੀਏ ਤੋਂ ਤਲਾਸ਼ਦਾ ਹੈ। ਉਸ ਦੀਆਂ ਕਹਾਣੀਆਂ ਦੇ ਪਾਤਰ ਆਪਣੀਆਂ ਆਪਣੇ ਅੰਦਰਲੀ ਸੰਘਰਸ਼ੀ ਸਮਰੱਥਾ ਰਾਹੀਂ ਸਮੱਸਿਆਵਾਂ ਦਾ ਹੱਲ ਆਪ ਲੱਭਣ ਦੇ ਆਹਰ ਵਿਚ ਵਿਖਾਈ ਦਿੰਦੇ ਹਨ। ਜਦੋਂ ਅਸੀਂ ਟਾਈਟਲ ਕਹਾਣੀ ‘ਸੁੱਚਾ ਗੁਲਾਬ’ ਦੇ ਪਾਠ ਵਿੱਚੋਂ ਲੰਘਦੇ ਹਾਂ ਤਾਂ ਇਸ ਵਿੱਚੋਂ ਆਉਂਦੀ ਮਨੁੱਖੀ ਰਿਸ਼ਤਿਆਂ ਦੀ ਸੁੱਚੇ ਗੁਲਾਬ ਵਰਗੀ ਮਹਿਕ ਨੂੰ ਸਹਿਜੇ ਹੀ ਮਾਣਿਆਂ ਜਾ ਸਕਦਾ ਹੈ।
ਇਸ ਕਹਾਣੀ ਦੀ ਪਾਤਰ ਡਾਕਟਰ ਸੁਖਬੀਰ ਕੌਰ ਭਾਵੇ ਗੋਰੇ ਨੌਜਵਾਨ ਦਾ ਸਾਥ ਕੁਝ ਸਮੇਂ ਲਈ ਹੀ ਮਾਣਦੀ ਹੈ ਪਰ ਭਾਵਨਾਤਮਕ ਤੌਰ ’ਤੇ ਇਸ ਸਾਥ ਦੀ ਮਹਿਕ ਉਮਰ ਭਰ ਲਈ ਉਸ ਦੇ ਹੱਡਾਂ ਵਿਚ ਰਚ ਜਾਂਦੀ ਹੈ।
ਪਾਕਿਸਤਾਨੀ ਪੰਜਾਬੀ ਕਹਾਣੀ
ਲਹਿੰਦੇ ਪੰਜਾਬ ਦੇ ਕਹਾਣੀਕਾਰ ਏਜਾਜ਼ ਦੇ ਇਸ ਸਾਲ ਗੁਰਮੁਖੀ ਲਿਪੀ ਵਿਚ ਦੋ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਹੋਏ ਹਨ। ਕਹਾਣੀ ਸੰਗ੍ਰਹਿ ‘ਗੋਰਾਂ ਨਾਲ ਉਲਹਾਮੇ’ ਗੁਰਮੁਖੀ ਵਿਚ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ ਸ਼ਾਹਮੁਖੀ ਵਿੱਚ ਪ੍ਰਕਾਸ਼ਿਤ ਹੋ ਕੇ ਲਹਿੰਦੇ ਪੰਜਾਬ ਵਿਚ ਚਰਚਿਤ ਹੋ ਚੁੱਕਾ ਸੀ ਤੇ ਇਸ ਸਾਲ ਗੁਰਮੁਖੀ ਵਿਚ ਛਪ ਕੇ ਇਸ ਚੜ੍ਹਦੇ ਪੰਜਾਬ ਦੇ ਪਾਠਕਾਂ ਕੋਲੋਂ ਵੀ ਬਹੁਤ ਸਾਰਾ ਪਿਆਰ ਹਾਸਿਲ ਕੀਤਾ ਹੈ। ਇਸ ਸੰਗ੍ਰਹਿ ਦਾ ਪਾਠ ਕਰਨ ਵੇਲੇ ਉਸ ਦੇ ਸਮਾਜਿਕ ਨਜ਼ਰੀਏ ਦੀ ਵਿਸ਼ਾਲਤਾ ਪਾਠਕਾਂ ਨੂੰ ਵਿਸ਼ੇਸ਼ ਤੌਰ ’ਤੇ ਪ੍ਰਭਾਵਿਤ ਕਰਦੀ ਹੈ। ਉਹ ਧਰਮਾਂ, ਮਜ਼੍ਹਬਾਂ, ਫ਼ਿਰਕਿਆਂ, ਜਾਤਾਂ, ਗੋਤਾਂ, ਹੱਦਾਂ-ਸਰਹੱਦਾਂ ਤੇ ਭਾਸ਼ਾਈ ਹੱਦਬੰਦੀਆਂ ਤੋਂ ਉਪਰ ਉੱਠ ਕੇ ਸੋਚਦਾ ਤੇ ਆਪਣੀ ਸੋਚ ਨੂੰ ਅਮਲੀ ਜਾਮਾ ਪਹਿਨਾਉਣ ਦੀ ਪੁਰਜ਼ੋਰ ਕੋਸ਼ਿਸ਼ ਵੀ ਕਰਦਾ ਹੈ। ਉਸ ਦੀ ਕਹਾਣੀ ‘ਬਾਜੀ’, ‘ਵਲਗਣਾਂ ਵਿਚ ਘਿਰਿਆ ਜੀਵਨ’, ‘ਵਾਰਤਾ’,‘ਕੁਰਤਾ’, ‘ਅੰਗੀਠੀ’, ‘ਡਰ’ ‘ਵੇਦਨ ਕਹੀਏ ਕਿਸ’ ਆਦਿ ਵਿੱਚੋਂ ਉਭਰਦੀ ਮਾਨਵਤਾਵਾਦੀ ਸੁਰ ਦੁਨੀਆ ਦੇ ਸਾਰੇ ਦੁਖਿਆਰੇ ਲੋਕਾਂ ਨਾਲ ਆਪਣੀ ਸਾਂਝ ਪਾਉਂਦੀ ਜਾਪਦੀ ਹੈ।
ਏਜਾਜ਼ ਦਾ ਇਸੇ ਸਾਲ ਪ੍ਰਕਸ਼ਿਤ ਹੋਇਆ ਦੂਜਾ ਕਹਾਣੀ ਸੰਗ੍ਰਹਿ ‘ਈਰਖਾ’ ਵਿੱਚ ਉਸ ਦੀਆਂ 10 ਕਹਾਣੀਆਂ ਸ਼ਾਮਿਲ ਹਨ। ਇਹ ਕਹਾਣੀਆਂ ਲਹਿੰਦੇ ਪੰਜਾਬ ਦੀ ਸਮਾਜਿਕ, ਆਰਥਿਕ ਤੇ ਸੱਭਿਆਚਾਰਕ ਵਿਵਸਥਾ ਦੇ ਬਾਹਰੀ ਯਥਾਰਥ ਨੂੰ ਰੂਪਮਾਨ ਕਰਨ ਦੇ ਨਾਲ-ਨਾਲ ਆਪਣੇ ਪਾਤਰਾਂ ਦੇ ਮਨ-ਮਸਤਿਕ ਵਿਚ ਕਾਰਜਸ਼ੀਲ ਲੁੱਕਵੇਂ ਤੇ ਅਵਚੇਤਨੀ ਯਥਾਰਥ ਨੂੰ ਉਘੇੜਣ ਵਿੱਚ ਵੀ ਉਚੇਚੀ ਦਿਲਚਸਪੀ ਲੈਂਦੀਆਂ ਹਨ। ਕਹਾਣੀਆਂ ਦੇ ਪਾਤਰਾਂ ਦੇ ਅਵਚੇਤਨ ਵਿਚ ਪਿਆ ਕੌੜਾ ਤੇ ਕੁਸੈਲਾ ਅਤੀਤ ਉਨ੍ਹਾਂ ਦੇ ਵਰਤਮਾਨ ਨੂੰ ਸੰਕਟ ਗ੍ਰਸਤ ਬਣਾਉਂਦਾ ਹੈ ਤਾਂ ਸੌਂਦਿਆਂ -ਜਾਗਦਿਆਂ ਅਤੀਤ ਮੁਖੀ ਡਰਾਉਣੇ ਖਿਆਲ ਉਨ੍ਹਾਂ ਨੂੰ ਨਿਰੰਤਰ ਪਰੇਸ਼ਾਨ ਕਰਦੇ ਹਨ। ‘ਪਰਛਾਵੇਂ’ ਕੋਲਾਜ਼, ਈਰਖਾ ਤੇ ‘ਨਾਰੀਵਾਦ’ ਵਰਗੀਆਂ ਕਹਾਣੀਆਂ ਵਿੱਚੋਂ ਮਨੁੱਖੀ ਅਵਚੇਤਨੀ ਵਿਵਹਾਰ ਦੀਆਂ ਬਹੁਤ ਸਾਰੀਆਂ ਪਰਤਾਂ ਨੂੰ ਪੜ੍ਹਿਆ ਜਾ ਸਕਦਾ ਹੈ ਜੋ ਚੇਤਨ ਪੱਧਰ ’ਤੇ ਵੀ ਮਨੁੱਖ ਦੀ ਸਮਾਜਿਕ ਹੋਂਦ ਨੂੰ ਪ੍ਰਭਾਵਿਤ ਕਰਦੀਆਂ ਹਨ।
ਸੰਪਾਦਿਤ ਕਹਾਣੀ ਸੰਗ੍ਰਹਿ
ਪੰਜਵੀ ਪੀੜ੍ਹੀ ਦੇ ਕਹਾਣੀਕਾਰ ਅਨੇਮਨ ਸਿੰਘ ਵੱਲੋਂ ਇਸ ਸਾਲ ਉਸ ਵੱਲੋਂ ਵੱਖ ਵੱਖ ਪ੍ਰਕਾਸ਼ਨ ਅਦਾਰਿਆਂ ਲਈ ਤਿੰਨ ਕਹਾਣੀ ਸੰਗ੍ਰਹਿ ਸੰਪਾਦਿਤ ਕੀਤੇ ਗਏ ਹਨ। ਉਸ ਵੱਲੋਂ ਸੰਨ 2021 ਦੀਆਂ ਚੋਣਵੀਆਂ ਕਹਾਣੀਆਂ ਵਿਚ ਗੁਰਮੀਤ ਕੜਿਆਲਵੀ, ਬਿੰਦਰ ਬਸਰਾ, ਸਿਮਰਨ ਧਾਲੀਵਾਲ,ਦਰਸ਼ਨ ਜੋਗਾ, ਸੁਕੀਰਤ, ਦੀਪਤੀ ਬਬੂਟਾ, ਅਮਰਜੀਤ ਸਿੰਘ ਮਾਨ, ਗੁਰਮੀਤ ਪਨਾਗ, ਗੁਰਮੀਤ ਆਰਿਫ, ਜਿੰਦਰ, ਭੁਪਿੰਦਰ, .ਅੰਜਨਾ ਸ਼ਿਵਦੀਪ, ਸੰਦੀਪ ਸਮਰਾਲਾ, ਤਿ੍ਰਪਤਾ ਕੇ. ਸਿੰਘ, ਨਿਰੰਜਣ ਬੋਹਾ, ਗੁਰਪ੍ਰੀਤ ਸਹਿਜੀ, ਹਰਜੀਤ ਅਟਵਾਲ , ਅਨੇਮਨ ਸਿੰਘ ਤੇ ਸਰਘੀ ਦੀਆਂ ਕਹਾਣੀਆਂ ਸ਼ਾਮਿਲ ਹਨ। ਉਸ ਵੱਲੋਂ ਕਿਰਤੀ ਮਜ਼ਦੂਰ ਜਮਾਤ ਦੇ ਦਰਦਾਂ ਨਾਲ ਸਾਂਝ ਪਾਉਣ ਵਾਲੇ ਕਹਾਣੀ ਸੰਗ੍ਰਹਿ ‘ਹਵਾੜੇ ਸੁਪਨੇ’ ਤੇ ਵਰਜਿਤ ਰਿਸ਼ਤਿਆਂ ਦੀ ਵਰਜਿਤ ਪਰਤਾਂ ਫਰੋਲਣ ਵਾਲੇ ਸੰਗ੍ਰਹਿ ‘ਭੂਰੀਆਂ ਅੱਖਾਂ ਦਾ ਜਾਦੂ’ ਦੀ ਸੰਪਾਦਨਾ ਵੀ ਕੀਤੀ ਗਈ ਹੈ ।
ਕਥਾਕਾਰ ਸੁਕੀਰਤ ਵੱਲੋਂ ਮਾਤਾ ਉਰਮਿਲਾ ਅਨੰਦ ਦੀ ਯਾਦ ਵਿਚ ਹਰ ਸਾਲ ਪ੍ਰਕਾਸ਼ਿਤ ਕਰਵਾਏ ਇਨਾਮੀ ਮੁਕਾਬਲੇ ਨਾਲ ਸਬੰਧਤ ਕਹਾਣੀ ਸੰਗ੍ਰਹਿ ਇਸ ਵਾਰ ਦੋ ਜਿਲਦਾਂ ਵਿਚ ਛਾਪਿਆ ਗਿਆ ਹੈ। ਪਹਿਲੀ ਜਿਲਦ ਵਿਚ ਅਲੀ ਉਸਮਾਨ ਬਾਜਵਾ, ਆਗਾਜ਼ਬੀਰ, ਸਰਘੀ, ਸੁਕੀਰਤ, ਸਾਂਵਲ ਧਾਮੀ, ਗੁਰਮੀਤ ਕੜਿਆਲਵੀ , ਗੁਰਮੀਤ ਆਰਿਫ , ਗੁਰਮੀਤ ਪਨਾਗ , ਤਿ੍ਰਪਤਾ. ਕੇ .ਸਿੰਘ ਤੇ ਵਰਿਆਮ ਸੰਧੂ ਦੀਆਂ ਕਹਾਣੀਆਂ ਛਾਪੀਆਂ ਗਈਆਂ ਹਨ ਤੇ ਦੂਜੀ ਜਿਲਦ ਵਿਚ ਅਰਵਿੰਦਰ ਕੌਰ ਧਾਲੀਵਾਲ, ਅਲੀ ਉਸਮਾਨ ਬਾਜਵਾ , ਸੰਦੀਪ ਸਮਰਾਲਾ, ਹਰਪ੍ਰੀਤ ਸੇਖਾ, ਕਰਾਮਾਤ ਮੁਗਲ, ਕੁਲਬੀਰ ਬਡੇਸਰੋਂ, ਦੀਪਤੀ ਬਬੂਟਾ, ਪਰਗਟ ਸਿੰਘ ਸਤੌਜ, ਪਰਵੇਜ਼ ਸੰਧੂ, ਪਰਵੀਨ ਮਲਿਕ, ਬਿੰਦਰ ਬਸਰਾ ਤੇ ਵਿਪਨ ਗਿੱਲ ਦੀਆਂ ਕਹਾਣੀਆਂ ਨੂੰ ਸਾਲ ਦੀਆਂ ਚੋਣਵੀਆਂ ਕਹਾਣੀਆਂ ਹੋਣ ਦਾ ਮਾਣ ਦਿੱਤਾ ਗਿਆ ਹੈ।
ਤੀਜੀ ਪੀੜ੍ਹੀ ਦੀ ਕਹਾਣੀਕਾਰ ਬਚਿੰਤ ਕੌਰ ਤੋਂ ਲੈ ਕੇ ਪੰਜਵੀ ਪੀੜ੍ਹੀ ਦੀ ਕਹਾਣੀਕਾਰ ਸਿਮਰਨ ਅਕਸ ਨੂੰ ਸਾਂਝਾ ਮੰਚ ਪ੍ਰਦਾਨ ਕਰਨ ਵਾਲੇ ਬਲਵੀਰ ਕੌਰ ਰੀਹਲ ਦੇ ਸੰਪਾਦਿਤ ਕਹਾਣੀ ਸੰਗ੍ਰਹਿ ਵਿਚ ਸੁਖਵੰਤ ਕੌਰ ਮਾਨ, ਕਾਨਾ ਸਿੰਘ, ਮਿੰਨੀ ਗਰੇਵਾਲ, ਬਲਬੀਰ ਕੌਰ ਸੰਘੇੜਾ, ਬਰਜਿੰਦਰ ਗੁਲਾਟੀ, ਪ੍ਰੀਤਮਾ ਦੋਮੇਲ, ਰਛਪਾਲ ਕੌਰ ਗਿੱਲ, ਨਿਰਮਲ ਜਸਵਾਲ, ਅਮਰਜੀਤ ਕੌਰ ਪੰਨੂ, ਮਨਮੋਹਨ ਕੌਰ, ਰਾਣੀ ਨੇਗੇਂਦਰ, ਮਨਜੀਤ ਕੌਰ ਮੀਤ, ਸੋਮਾ ਸਬਲੋਕ, ਕੁਲਬੀਰ ਬਡੇਸਰੋ, ਮਨਜੀਤ ਸੇਖੋਂ, ਪਰਵੇਜ਼ ਸੰਧੂ, ਵੀਨਾ ਵਰਮਾ, ਗੁਰਮੀਤ ਪਨਾਗ, ਨਰਿੰਦਰ ਕੌਰ ਭੱਚੂ, ਜਸਮੀਤ ਕੌਰ, ਲਾਜ ਨੀਲਮ ਸੈਣੀ, ਵਿਸ਼ਵਜੋਤੀ ਧੀਰ, ਜਤਿੰਦਰ ਰੰਧਾਵਾ, ਸੁਰਿੰਦਰ ਨੀਰ, ਅਰਵਿੰਦਰ ਕੌਰ ਧਾਲੀਵਾਲ, ਸੁਰਜੀਤ ਕੌਰ, ਪਵਿੱਤਰ ਕੌਰ ਮਾਟੀ, ਬਲਵੀਰ ਕੌਰ ਰੀਹਲ, ਸਰਘੀ, ਹਰਪਿੰਦਰ ਰਾਣਾ, ਅੰਜਨਾ ਸ਼ਿਵਦੀਪ, ਸਿਮਰਜੀਤ ਕੌਰ ਸਿੰਮੀ, ਸਿੰਮੀਪ੍ਰੀਤ ਕੌਰ ਦਿਉਲ, ਪਰਮਜੀਤ, ਦੀਪਤੀ ਬਬੂਟਾ, ਹਰਕੀਰਤ ਚਾਹਲ ਤੇ ਤਿ੍ਰਪਤਾ .ਕੇ .ਸਿੰਘ ਦੀਆਂ ਕਹਾਣੀਆਂ ਸ਼ਾਮਿਲ ਹਨ ਪਰ ਇਸ ਸੰਗ੍ਰਹਿ ਵਿੱਚ ਅੰਮਿ੍ਰਤਾ ਪ੍ਰੀਤਮ ਤੇ ਦਲੀਪ ਕੌਰ ਟਿਵਾਣਾ ਦੀਆਂ ਕਹਾਣੀਆਂ ਦਾ ਸ਼ਾਮਿਲ ਨਾ ਹੋਣਾ ਹੈਰਾਨੀ ਵਾਲੀ ਗੱਲ ਹੈ। ਪਰਵਾਸੀ ਕਹਾਣੀਕਾਰ ਰਵਿੰਦਰ ਸਿੰਘ ਸੋਢੀ ਵੱਲੋਂ ਸੰਪਾਦਿਤ ਕੀਤੇ ਕਹਾਣੀ ਸੰਗ੍ਰਹਿ ‘ਹੁੰਗਾਰਾ ਕੌਣ ਭਰੇ’ ਵਿਚ ਐਸ. ਸਾਕੀ ਦੀਆਂ ਚਾਰ, ਸ਼੍ਰੀਮਤੀ ਆਸ਼ਾ ਸਾਕੀ ਦੀਆਂ ਪੰਜ, ਜਸਵੀਰ ਸਿੰਘ ਆਹਲੂਵਾਲੀਆ ਦੀਆਂ ਪੰਜ, ਚਰਨਜੀਤ ਸਿੰਘ ਮਿਨਹਾਸ ਦੀਆਂ ਚਾਰ, ਡਾ. ਕੇਵਲ ਸਿੱਧੂ ਦੀਆਂ ਚਾਰ, ਸੰਨੀ ਧਾਲੀਵਾਲ ਦੀਆਂ ਚਾਰ ਤੇ ਰਵਿੰਦਰ ਸਿੰਘ ਸੋਢੀ ਦੀਆਂ ਚਾਰ ਕਹਾਣੀਆਂ ਨੇ ਪਾਠਕਾਂ ਤੋਂ ਹਾਂ ਪੱਖੀ ਹੁੰਗਾਰਾ ਮੰਗਿਆ ਹੈ।
ਸੰਪਾਦਕ ਦੇ ਸਵੈ-ਕਥਨ ਅਨੁਸਾਰ ਉਸ ਕੋਸ਼ਿਸ਼ ਕੀਤੀ ਹੈ ਕਿ ਇਸ ਪੁਸਤਕ ਵਿਚ ਹਰ ਰੰਗ ਦੀ ਕਹਾਣੀ ਸ਼ਾਮਿਲ ਹੋਵੇ। ਚੇਤਨਾ ਪ੍ਰਕਾਸ਼ਨ ਵੱਲੋਂ ਇਸ ਸਾਲ ਸੁਖਵੰਤ ਕੌਰ ਮਾਨ ਦੀਆਂ ਸਾਰੀਆਂ ਕਹਾਣੀਆਂ ਨੂੰ ਇਕ ਜਿਲਦ ਵਿਚ ਇਕੱਠਾ ਕੀਤਾ ਗਿਆ ਹੈ।
ਕਹਾਣੀ ’ਤੇ ਆਲੋਚਨਾਤਮਕ ਕਾਰਜ
ਜੇ ਇਸ ਸਾਲ ਪੰਜਾਬੀ ਕਹਾਣੀ ’ਤੇ ਹੋਏ ਆਲੋਚਨਾਤਮਕ ਕਾਰਜ ਦੀ ਗੱਲ ਕਰੀਏ ਤਾਂ ਪ੍ਰਬੁੱਧ ਆਲੋਚਕ ਡਾ. ਤੇਜਵੰਤ ਮਾਨ ਦੀ ਆਲੋਚਨਾ ਪੁਸਤਕ ‘ਪੰਜਾਬੀ ਕਹਾਣੀ’ ਸਾਡਾ ਵਿਸ਼ੇਸ਼ ਧਿਆਨ ਖਿੱਚਦੀ ਹੈ। ਅਜੋਕੀ ਕਹਾਣੀ ਦੇ ਵਿਸ਼ਾਗਤ ਸਰੂਪ ਤੇ ਰੂਪ ਵਿਧਾਨ ਬਾਰੇ ਮਹੱਤਵਪੂਰਨ ਜਾਣਕਾਰੀ ਦੇਣ ਵਾਲੀ ਇਸ ਪੁਸਤਕ ਵਿਚ 70 ਦੇ ਲਗਪਗ ਕਹਾਣੀ ਪੁਸਤਕਾਂ ਬਾਰੇ ਲੋਕ ਸ਼ਾਸਤਰੀ ਦਿ੍ਰਸ਼ਟੀਕੋਣ ਤੋਂ ਪਰਖ ਪੜਚੋਲ ਕੀਤੀ ਗਈ ਹੈ।
ਡਾ. ਤੇਜਵੰਤ ਦੀਆਂ ਆਪਣੀਆਂ ਕਹਾਣੀਆਂ ਦੀਆਂ ਪੁਸਤਕਾਂ ‘ਪਾਗਲ ਔਰਤ ਸੱਭਿਆ ਆਦਮੀ, ਆਧੁਨਿਕ ਦੰਦ ਕਥਾ ਤੇ ਸਾਬਣਦਾਨੀ ( ਚੋਣਵੀਆਂ ਕਹਾਣੀਆਂ) ਦੀ ਪਰਖ ਪੜਚੋਲ ਕਰਦੇ ਲੇਖਾਂ ਤੇ ਰਾਵਾਂ ਨਾਲ ਸਬੰਧਤ ਪੁਸਤਕ ‘ਪੰਜਾਬੀ ਕਹਾਣੀਕਾਰ ਡਾ. ਤੇਜਵੰਤ ਮਾਨ’ ਵੀ ਇਸੇ ਹੀ ਸਾਲ ਛਪੀ ਹੈ, ਜਿਸ ਵਿਚ 70 ਦੇ ਕਰੀਬ ਲੇਖਕਾਂ ਵੱਲੋਂ ਉਸ ਦੀ ਕਹਾਣੀ ਕਲਾ ਬਾਰੇ ਸੰਵਾਦ ਵੀ ਰਚਾਇਆਂ ਗਿਆ ਹੈ। ਕਹਾਣੀਕਾਰ ਦਰਸ਼ਨ ਜੋਗਾ ਦੀ ਕਥਾ ਪੁਸਤਕ ‘ਮੁੱਕਦੀ ਗੱਲ’ ਬਾਰੇ ਡਾ. ਦਲਜੀਤ ਸਿੰਘ ਨੇ ਪੁਸਤਕ ‘ਮੁੱਕਦੀ ਗੱਲ : ਬਹੁ ਪਰਤੀ ਅਧਿਐਨ” ਦੀ ਸੰਪਾਦਨਾ ਕੀਤੀ ਹੈ ਜਿਸ ਵਿਚ ਇਕ ਦਰਜਨ ਵਿਦਵਾਨਾਂ ਦੇ ਇਸ ਪੁਸਤਕ ਬਾਰੇ ਸਮੀਖਿਆ ਲੇਖ ਲਿਖੇ ਹਨ। ਪਰਵਾਸੀ ਕਹਾਣੀਕਾਰ ਕਰਮ ਸਿੰਘ ਮਾਨ ਦੀ ਕਹਾਣੀ ਕਲਾ ਦਾ ਮੁੱਲ ਪਾਉਣ ਵਾਲੀ ਸਮੀਖਿਆ ਪੁਸਤਕ ‘ਕਰਮ ਸਿੰਘ ਮਾਨ ਦੀਆਂ ਕਹਾਣੀਆਂ ਦਾ ਕਥਾ ਵਿਵੇਕ’ ਦਾ ਸੰਪਾਦਨ ਡਾ. ਜੋਗਿੰਦਰ ਸਿੰਘ ਨਿਰਾਲਾ ਤੇ ਕਹਾਣੀਕਾਰ ਭੋਲਾ ਸਿੰਘ ਸੰਘੇੜਾ ਵੱਲੋਂ ਕੀਤਾ ਗਿਆ ਹੈ । ਇਸ ਪੁਸਤਕ ਵਿਚ ਇਸ ਪਰਵਾਸੀ ਕਹਾਣੀਕਾਰ ਦੀਆ ਪੰਜ ਕਥਾ ਪੁਸਤਕਾਂ ‘ਬੋਸਕੀ ਦਾ ਪਜਾਮਾ, ਵੇਦਣੁ ਕਹੀਏ ਕਿਸੁ, ਹੇਠ ਵਗੇ ਦਰਿਆ ਫਲਾਈ ਓਵਰ ਤੇ ਹੰਝੂ ਇਕ ਦਰਿਆ’ ਦਾ ਬਾਰੇ ਵੀਹ ਆਲੋਚਕਾਂ ਦੇ ਲੇਖ ਸ਼ਾਮਿਲ ਹਨ। ਜੋਗਿੰਦਰ ਸਿੰਘ ਨਿਰਾਲਾ ਦੀ ਕਹਾਣੀ ਕਲਾ ਬਾਰੇ ਸੰਵਾਦ ਰਚਾਉਣ ਵਾਲੀ ਪੁਸਤਕ ‘ਕਹਾਣੀ ਨੂੰ ਸਮਰਪਿਤ ਡਾ. ਜੋਗਿੰਦਰ ਸਿੰਘ ਨਿਰਾਲਾ ਦੀ ਸੰਪਾਦਨਾ ਡਾ. ਵੀਰ ਪਾਲ ਕੌਰ ਕਮਲ ਵੱਲੋਂ ਕੀਤੀ ਗਈ ਹੈ ਜਿਸ ਵਿਚ ਵੀਹ ਆਲੋਚਕਾਂ ਵੱਲੋਂ ਡਾ. ਨਿਰਾਲਾ ਦੀਆਂ ਕਹਾਣੀਆਂ ਦਾ ਬਹੁ- ਪਸਾਰੀ ਵਿਸ਼ਲੇਸ਼ਣ ਕੀਤਾ ਗਿਆ ਹੈ।
ਸਿਮਰਨ ਧਾਲੀਵਾਲ ਦੀਆਂ ਚੋਣਵੀਆਂ ਕਹਾਣੀਆਂ ਨੂੰ ‘ਜਿਨ੍ਹਾਂ ਦਾ ਕੋਈ ਘਰ ਨਹੀਂ ਹੁੰਦਾ’ ਪੁਸਤਕ ਰਾਹੀਂ ਸੰਪਾਦਿਤ ਕਰਨ ਦਾ ਕਾਰਜ ਡਾ. ਮਨਰੀਤ ਕੌਰ ਵੱਲੋਂ ਕੀਤਾ ਗਿਆ ਹੈ। ਇਸ ਪੁਸਤਕ ਵਿੱਚ ਉਸਦੀਆਂ ਨੌਂ ਕਹਾਣੀਆਂ ਸ਼ਾਮਿਲ ਹਨ। ਸੰਪਾਦਕ ਡਾ. ਮਨਰੀਤ ਵੱਖਰੇ-ਵੱਖਰੇ ਵਿਸ਼ੇ ਦੀਆਂ ਇਨ੍ਹਾਂ ਕਹਾਣੀਆ ਦਾ ਸਾਂਝਾ ਸੂਤਰ ਇਨ੍ਹਾਂ ਦੇ ਪਾਤਰਾਂ ਦੇ ਮਾਨਸਿਕ ਦਵੰਦ ਤੇ ਮਾਨਸਿਕ ਛਟਪਟਾਹਟ ਨੂੰ ਮੰਨਦੀ ਹੈ ਤੇ ਚੁਣੀਆਂ ਗਈਆਂ ਸਾਰੀਆਂ ਹੀ ਕਹਾਣੀਆਂ ਉਸ ਦੇ ਉਕਤ ਕਥਨ ਦੀ ਪੁਸ਼ਟੀ ਦੀ ਪ੍ਰੋੜਤਾ ਕਰਦੀਆਂ ਹਨ। ਕਹਾਣੀ ‘ਘੋਰਕੰਡੇ’, ‘ਧੰੂਆਂ’ , ‘ਆ ਆਪਾਂ ਘਰ ਬਣਾਈਏ’, ‘ਰੋਜ਼ ਡੇਅ’ ਤੇ ‘ਉਸ ਪਲ’ ਆਦਿ ਦੇ ਪਾਤਰਾਂ ਦੀ ਬੇਚੈਨ ਮਾਨਸਿਕਤਾ ਵਿੱਚੋਂ ਬਹੁਤ ਸਾਰੀਆਂ ਸਮਾਜਿਕ ਹੋਣੀਆਂ ਤੇ ਸੰਘਰਸ਼ਾਂ ਦੀ ਬਿੜਕ ਮਿਲਦੀ ਹੈ।
ਇਸ ਸਾਲ ਦੇ ਅੰਤ ਵਿਚ ਮੀਨੂੰ ਦਾ ਕਹਾਣੀ ਸੰਗ੍ਰਹਿ ‘ਬਸੰਤ ਕੌਰ ਦੀ ਖੂੰਡੀ’, ਕੰਵਲ ਕਸ਼ਮੀਰੀ ਦਾ ਕਹਾਣੀ ਸੰਗ੍ਰਹਿ ‘ਦਿਆਰਾਂ ਵਿੱਚੋਂ ਲੰਘਦੀ ਹਵਾ’, ਵਰਗਿਸ ਸਲਾਮਤ ਦਾ ਕਹਾਣੀ ਸੰਗ੍ਰਹਿ ‘ਤੰਦ ਤਾਣੀ’, ਪਵਨ ਗਿੱਲਾਂ ਵਾਲਾ ਦਾ ਕਹਾਣੀ ਸੰਗ੍ਰਹਿ ‘ਸਰੂ ਦੀ ਪਰੀ’ ਇੰਦਰਪਾਲ ਕੌਰ ਦਾ ਕਹਾਣੀ ਸੰਗ੍ਰਹਿ ‘ਕੰਧ ’ਤੇ ਲੱਗੀ ਬਿੰਦੀ’ ‘ਮਾਸੀ ਦੀ ਚਿੱਠੀ ਅਤੇ ਅਵਤਾਰ ਸਿੰਘ ਓਠੀ ਦਾ ਕਹਾਣੀ ਸੰਗ੍ਰਹਿ ‘ਖ਼ਾਲਸ’ ਵੀ ਛਪਿਆ ਹੈ। ਇਸ ਤਰ੍ਹਾਂ 2022 ਦੀ ਕਹਾਣੀ ਦੀਆਂ ਪੰਜਾਬੀ ਸਾਹਿਤ ਦੇ ਖੇਤਰ ਵਿਚ ਪਾਈਆਂ ਗਈਆਂ ਪੈੜਾਂ ਗੌਲਣ ਯੋਗ ਵੀ ਹਨ ਤੇ ਮਾਣ ਕਰਨ ਯੋਗ ਵੀ। ਇਸ ਸਾਲ ਦੀ ਕਹਾਣੀ ਪੰਜਾਬੀ ਕਹਾਣੀ ਵਿਚ ਆ ਰਹੇ ਨਿਰੰਤਰ ਬਦਲਾਵ ਦੀ ਗਵਾਹ ਬਣਦਿਆਂ ਪੰਜਾਬੀ ਕਹਾਣੀ ਦੇ ਹੋਰ ਤੋਂ ਹੋਰ ਅੱਗੇ ਜਾਣ ਦਾ ਯਕੀਨ ਵੀ ਦਿਵਾਉਂਦੀ ਹੈ।
ਢਾਹਾਂ ਇੰਟਰਨੈਸ਼ਨਲ ਸਨਮਾਨ
ਇਸ ਸਾਲ ਦੀ ਪੰਜਾਬੀ ਕਹਾਣੀ ਦੀਆਂ ਗਿਣਾਤਮਕ ਤੇ ਗੁਣਾਤਮਕ ਪ੍ਰਾਪਤੀਆਂ ਬਹੁਤ ਅਹਿਮ ਤੇ ਅਰਥਵਾਨ ਹਨ। ਭਾਵੇਂ ਪੰਜਾਬੀ ਗਲਪ ਖੇਤਰ ਦਾ ਸਭ ਤੋਂ ਵੱਡਾ ਤੇ ਵਕਾਰੀ ਢਾਹਾਂ ਇੰਟਰਨੈਸ਼ਨਲ ਸਨਮਾਨ ਸੰਨ 2021 ’ਚ ਪ੍ਰਕਾਸ਼ਿਤ ਗਲਪੀ ਕਿਰਤਾਂ ਦੇ ਲੇਖਕਾਂ ਨੂੰ ਮਿਲਿਆ ਹੈ ਪਰ ਇਸ ਸਨਮਾਨ ਦੀ ਪ੍ਰਾਪਤੀ ਦੇ ਸਾਲ 2022 ਦੀ ਖ਼ਾਸ ਗੱਲ ਇਹ ਰਹੀ ਕਿ ਇਸ ਸਾਲ ਗਲਪ ਖੇਤਰ ਦੇ ਇਹ ਤਿੰਨੇ ਵਕਾਰੀ ਸਨਮਾਨ ਕਹਾਣੀਕਾਰਾਂ ਦੇ ਹੀ ਹਿੱਸੇ ਆਏ। ਬਲਵਿੰਦਰ ਗਰੇਵਾਲ ਦੇ ਕਹਾਣੀ ਸੰਗ੍ਰਹਿ ‘ਡਬੋਲੀਆ’ ਨੇ ਪਹਿਲਾ, ਅਰਵਿੰਦਰ ਕੌਰ ਧਾਲੀਵਾਲ ਦੇ ਕਹਾਣੀ ਸੰਗ੍ਰਹਿ ‘ਝਾਂਜਰਾਂ ਵਾਲੇ ਪੈਰ’ ਤੇ ਜਾਵੇਦ ਬੂਟਾ (ਪਾਕਿਸਤਾਨ) ਦੇ ਕਹਾਣੀ ਸੰਗ੍ਰਹਿ ‘ਚੌਲਾਂ ਦੀ ਬੁਰਕੀ’ ਨੇ ਦੂਜਾ ਸਨਮਾਨ ਹਾਸਿਲ ਕਰ ਕੇ ਸਾਬਤ ਕਰ ਦਿੱਤਾ ਕਿ ਪੰਜਾਬੀ ਕਹਾਣੀ ਹੁਣ ਆਪਣੀ ਹਰਮਨਪਿਆਰਤਾ ਦੀਆਂ ਸਿਖ਼ਰਾਂ ਨੂੰ ਛੂਹ ਰਹੀ ਹੈ।
ਚੋਣਵੀਆਂ ਕਹਾਣੀਆਂ ਦੇ ਸੰਗ੍ਰਹਿ
ਪੰਜਾਬੀ ਕਹਾਣੀ ਵਿਚ ਆਪਣਾ ਨਾਂ ਥਾਂ ਬਣਾ ਚੁੱਕੇ ਕਹਾਣੀਕਾਰਾਂ ਨੇ ਇਸ ਸਾਲ ਵੀ ਆਪਣੀਆਂ ਚੋਣਵੀਆਂ ਕਹਾਣੀਆਂ ਦੀਆਂ ਪੁਸਤਕਾਂ ਪ੍ਰਕਾਸ਼ਿਤ ਕਰਵਾਉਣ ਦਾ ਸਿਲਸਲਾ ਜਾਰੀ ਰੱਖਿਆ। ਬਾਲੀਵੁੱਡ ਜਗਤ ਦੇ ਰੁਝੇਵਿਆਂ ਵਿੱਚੋਂ ਕਹਾਣੀ ਸਿਰਜਣਾ ਲਈ ਵਕਤ ਕੱਢਣ ਵਾਲੀ ਕੁਲਬੀਰ ਬਡੇਸਰੋਂ ਦੀਆਂ ਚੋਣਵੀਆਂ ਕਹਾਣੀਆਂ ਨੂੰ ਬਲਬੀਰ ਮਾਧੋਪੁਰੀ ਵੱਲੋਂ ਸੰਪਾਦਿਤ ਕੀਤੇ ਜਾਣ ਦਾ ਮਾਣ ਹਾਸਿਲ ਹੋਇਆ ਹੈ। ‘ਕੁਲਬੀਰ ਬਡੇਸਰੋਂ ਦੀਆਂ ਇਕੱਤੀ ਕਹਾਣੀਆਂ’ ਨਾਂ ਦੀ ਇਸ ਪੁਸਤਕ ਦੀਆਂ ਸਾਰੀਆਂ ਕਹਾਣੀਆਂ ਉਸਦੇ ਪੇਂਡੂ ਪਿਛੋਕੜ ਤੇ ਮਹਾਂਨਗਰੀ ਵਰਤਮਾਨ ਨਾਲ ਜੁੜਦੇ ਉਸ ਦੇ ਵਰਤਮਾਨ ਵਿਚਲੇ ਦਵੰਦਾਤਮਿਕ ਸਬੰਧਾਂ ਦੀ ਤਰਜ਼ਮਾਨੀ ਕਰਦੀਆਂ ਹਨ। ਫਿਲਮੀ ਜਗਤ ਦੇ ਹਨੇਰਿਆਂ ਸਵੇਰਿਆਂ ਦਾ ਸਜੀਵ ਬਿਰਤਾਂਤ ਇਨ੍ਹਾਂ ਕਹਾਣੀਆਂ ਦਾ ਹਾਸਿਲ ਹੈ। ਪ੍ਰਬੁੱਧ ਕਹਾਣੀਕਾਰ ਤੇ ਆਲੋਚਕ ਜੋਗਿੰਦਰ ਨਿਰਾਲਾ ਨੇ ਆਪਣੀਆਂ ਚੋਣਵੀਆਂ ਕਹਾਣੀਆਂ ਦਾ ਸੰਪਾਦਨ ਖ਼ੁਦ ਕੀਤਾ ਹੈ। ‘ਮੇਰੀਆਂ ਪਿਆਰੀਆਂ ਕਹਾਣੀਆਂ’ ਨਾਂ ਦੀ ਇਸ ਪੁਸਤਕ ਵਿਚ ਉਸ ਦੀਆਂ ਵੀਹ ਚੋਣਵੀਆਂ ਕਹਾਣੀਆਂ ਸ਼ਾਮਿਲ ਹਨ।
ਮੈਗਜ਼ੀਨਾਂ ’ਚ ਛਪੀਆਂ ਕਹਾਣੀਆਂ
ਜੇ ਨਿਰੋਲ ਕਹਾਣੀ ਦੇ ਪਰਚਿਆਂ ਦੀ ਗੱਲ ਕਰੀਏ ਤਾਂ ਰਾਮ ਸਰੂਪ ਅਣਖੀ ਵੱਲੋਂ ਸ਼ੁਰੂ ਕੀਤੇ ਤੇ ਕ੍ਰਾਂਤੀਪਾਲ ਦੀ ਅਗਵਾਈ ਹੇਠ ਚੱਲ ਰਹੇ ਪਰਚੇ ਕਹਾਣੀ ਪੰਜਾਬ ਦੇ ਸਲਾਨਾ ਅੰਕ ਵਿਚ ਇਸ ਸਾਲ 14 ਕਹਾਣੀਆਂ ਛਪੀਆਂ ਹਨ ਤੇ ਭਗਵੰਤ ਰਸੂਲਪੁਰੀ ਦੀ ਸੰਪਾਦਨਾ ਹੇਠਲੇ ਪਰਚੇ ‘ਕਹਾਣੀਧਾਰਾ’ ਨੇ 13 ਕਹਾਣੀਆਂ ਨੂੰ ਆਪਣੇ ਵਿਚ ਥਾਂ ਦਿੱਤੀ ਹੈ। ਪੰਜਾਬੀ ਕਹਾਣੀ ਨੂੰ ਉਚੇਚਾ ਤੌਰ ’ਤੇ ਪ੍ਰਮੋਟ ਕਰਨ ਵਾਲੇ ਪਰਚੇ ‘ਸਿਰਜਣਾ’ ਨੇ ਇਸ ਸਾਲ 14 ਕਹਾਣੀਆਂ ਨੂੰ ਪ੍ਰਮੋਟ ਕੀਤਾ ਹੈ ਤੇ ‘ਪ੍ਰਵਚਨ’ ਨੇ ਇਸ ਸਾਲ 7 ਕਹਾਣੀਆਂ ਛਾਪੀਆਂ ਹਨ। ‘ਤਾਸਮਨ’ ਵਿਚ ਇਸ ਸਾਲ 20 ਕਹਾਣੀਆਂ ਤੇ ‘ਸਮਕਾਲੀ ਸਾਹਿਤ’ ਵਿਚ 19 ਕਹਾਣੀਆਂ ਛਪੀਆਂ ਹਨ। ‘ਚਿਰਾਗ’ ਵਿਚ ਛਪਣ ਵਾਲੀਆਂ ਕਹਾਣੀਆਂ ਦੀ ਗਿਣਤੀ 13 ਰਹੀ ਹੈ। ‘ਸ਼ਬਦ’ ਨੇ ਵੀ 13 ਕਹਾਣੀਆਂ ਛਾਪੀਆਂ ਹਨ ‘ਹੁਣ’ ਦੇ ਇਸ ਸਾਲ ਆਏ ਇਕੋ ਇਕ ਅੰਕ ਵਿਚ ਅੱਠ ਕਹਾਣੀਆਂ ਨੇ ਆਪਣੇ ਲਈ ਥਾਂ ਬਣਾਈ ਹੈ। ‘ਸਾਹਿਤਕ ਏਕਮ’ ਵਿਚ 15, ‘ਕਲਾਕਾਰ ਸਾਹਿਤਕ’ ਵਿੱਚ 08, ‘ਮੁਹਾਂਦਰਾ’ ਵਿਚ 08 ‘ਪ੍ਰਤਿਮਾਨ’ ਵਿਚ 08 ਤੇ ‘ਨਜ਼ਰੀਆ’ ਵਿਚ 05 ਕਹਾਣੀਆਂ ਛਪੀਆਂ ਹਨ। ਇਸ ਸਾਲ ‘ਸ਼ਬਦ’ ਨੇ ਕਹਾਣੀ ਆਲੋਚਨਾ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕਰ ਕੇ ਸਾਹਿਤ ਦੇ ਖੇਤਰ ਵਿਚ ਇਕ ਚੰਗੀ ਪਿਰਤ ਪਾਈ ਹੈ। ਇਸ ਅੰਕ ਵਿਚ ਪੰਜਾਬੀ ਦੀਆਂ ਕਹਾਣੀ ਵਿਚ ਚਰਚਾ ਦੇ ਨਵੇਂ ਮਾਪਦੰਡ ਸਥਾਪਿਤ ਕਰਨ ਵਾਲੀਆਂ 15 ਕਹਾਣੀਆਂ ਦੀ ਚੋਣ ਕਰ ਕੇ ਏਨੇ ਹੀ ਆਲੋਚਕਾਂ ਤੋਂ ਇਨ੍ਹਾਂ ਕਹਾਣੀ ’ਤੇ ਨਿੱਠ ਕੇ ਚਰਚਾ ਕਰਵਾਈ ਗਈ ਹੈ। ਇਸ ਪਰਚੇ ਦੇ ਅਪਰੈਲ-ਸਤੰਬਰ ਅੰਕ ਵਿਚ ਕੇਸਰ ਸਿੰਘ ਵਾਲਾ ਕਹਾਣੀ ਗੋਸ਼ਟੀ ਵਿਚ ਸ਼ਾਮਿਲ ਹੋਏ ਮੁਖਤਿਆਰ ਸਿੰਘ, ਭੋਲਾ ਸਿੰਘ ਸੰਘੇੜਾ, ਭਗਵੰਤ ਰਸੂਲਪੁਰੀ, ਤਿ੍ਰਪਤਾ ਕੇ ਸਿੰਘ ਤੇ ਭੁਪਿੰਦਰ ਮਾਨ ਦੀਆਂ ਕਹਾਣੀਆਂ ਨੂੰ ਸ਼ਾਮਿਲ ਕਰ ਕੇ ਕਹਾਣੀ ਗੋਸ਼ਿਟ ਪਰੰਪਰਾ ਨੂੰ ਉਚੇਚਾ ਮਾਣ ਦਿੱਤਾ ਗਿਆ ਹੈ। ‘ਕਹਾਣੀਧਾਰਾ’ ਦਾ ਲੜੀ ਨੰਬਰ 64-65 ਅੰਕ ਮਰਹੂਮ ਕਥਾਕਾਰ ਪ੍ਰੇਮ ਗੋਰਖੀ ਨੂੰ ਸਮਰਪਿਤ ਰਿਹਾ ਹੈ, ਜਿਸ ਵਿਚ ਗੋਰਖੀ ਦੀ ਕਹਾਣੀ ਕਲਾਂ ਦੀਆ ਵਿਭਿੰਨ ਪਰਤਾਂ ਨੂੰ ਉਘੇੜਣ ਵਿਚ ਤਿੰਨ ਦਰਜਨ ਦੇ ਲਗਪਗ ਸਾਹਿਤ ਚਿੰਤਕਾਂ ਨੇ ਆਪਣਾ ਯੋਗਦਾਨ ਪਾਇਆ ਹੈ। ‘ਚਿਰਾਗ਼’ ਨੇ ਆਪਣੇ ਜਨਵਰੀ-ਮਾਰਚ ਦੇ ਅੰਕ ਵਿਚ ਵਿਛੜੇ ਕਹਾਣੀਕਾਰ ਗੁਰਦੇਵ ਰੁਪਾਣਾ ਤੇ ਮੋਹਨ ਭੰਡਾਰੀ ਨੂੰ ਸਮਰਪਿਤ ਕਰਦਿਆਂ ਉਨ੍ਹਾਂ ਦੀਆਂ ਬਹੁ ਚਰਚਿਤ ਕਹਾਣੀਆਂ ‘ਸ਼ੀਸ਼ਾ’ ਤੇ ‘ਮੂਨ ਦੀ ਅੱਖ’ ਨੂੰ ਛਾਪਿਆ ਤੇ ਉਨ੍ਹਾਂ ਦੀ ਕਹਾਣੀ ਕਲਾ ਨੂੰ ਵਿਸ਼ੇਸ਼ ਮਾਣ ਦਿੱਤਾ ਹੈ। ‘ਨਜ਼ਰੀਆ’ ਨੇ ਭੋਲਾ ਸਿੰਘ ਸੰਘੇੜਾ ਦੀ ਕਹਾਣੀ ‘ਬਾਪੂ’ ਛਾਪਣ ਦੇ ਨਾਲ ਇਸ ਦੀ ਸਿਰਜਣ ਪ੍ਰਕਿਰਿਆ ਬਾਰੇ ਵੀ ਗੱਲਾਂ ਕੀਤੀਆਂ ਹਨ। ਤ੍ਰੈ ਮਾਸਿਕ ‘ਮੇਲਾ’ ਦੇ ਜਨਵਰੀ-ਮਾਰਚ ਵਿਸ਼ੇਸ਼ ਕਹਾਣੀ ਅੰਕ ਵਿਚ 15 ਪੰਜਾਬੀ ਕਹਾਣੀਆਂ ਤੋਂ ਇਲਾਵਾ ਰਾਜਸਥਾਨੀ ਹਿੰਦੀ ਤੇ ਰੂਸੀ ਭਾਸ਼ਾਵਾਂ ਦੀਆਂ ਕਹਾਣੀਆਂ ਦੇ ਪੰਜਾਬੀ ਅਨੁਵਾਦ ਵੀ ਛਪੇ ਹਨ। ਕਹਾਣੀਕਾਰ ਅਤਰਜੀਤ ਤੇ ਆਤਮਾ ਰਾਮ ਰੰਜਨ ਵੱਲੋਂ ਸੰਪਾਦਿਤ ਕੀਤੇ ਜਾਣ ਵਾਲੇ ਤ੍ਰੈ ਮਾਸਿਕ ‘ਪਰਵਾਜ਼’ ਦੇ ਅਕਤੂਬਰ-ਦਸੰਬਰ ਕਹਾਣੀ ਵਿਸ਼ੇਸ਼ ਅੰਕ ਵਿਚ 10 ਕਹਾਣੀਆਂ ਸ਼ਾਮਿਲ ਹਨ।
- ਨਿਰੰਜਣ ਬੋਹਾ