ਅੱਜ-ਕੱਲ੍ਹ ਭਾਵੇਂ ਪੰਜਾਬੀ ਪਹਿਰਾਵੇ ’ਚੋਂ ਚਾਦਰੇ ਲੋਪ ਹੋ ਚੁੱਕੇ ਹਨ ਪਰ ਫਿਰ ਵੀ ਕਈ ਵਡੇਰੀ ਉਮਰ ਦੇ ਬਜ਼ੁਰਗਾਂ ਨੇ ਚਾਦਰੇ ਦੀ ਇਸ ਵਿਰਾਸਤ ਨੁੰ ਸੰਭਾਲਿਆ ਹੋਇਆ ਹੈ| ਅੱਜ ਵੀ ਚਾਦਰਾ ਪੰਜਾਬੀ ਗਾਇਕਾਂ ਦੀ ਪਛਾਣ ਅਤੇ ਪਹਿਲੀ ਪਸੰਦ ਹੈ...

ਪੰਜਾਬੀ ਸੱਭਿਆਚਾਰ ਦੀ ਆਪਣੀ ਨਿਵੇਕਲੀ ਪਹਿਚਾਣ ਹੈ ਅਤੇ ਪੰਜਾਬੀ ਪਹਿਰਾਵਾ ਪੰਜਾਬੀ ਸੱਭਿਆਚਾਰ ਦਾ ਅਹਿਮ ਅੰਗ ਹੈ| ਪੰਜਾਬੀ ਪਹਿਰਾਵੇ ਨੇ ਪੰਜਾਬੀਆਂ ਨੂੰ ਪੂਰੀ ਦੁਨੀਆ ਵਿੱਚ ਵੱਖਰੀ ਪਛਾਣ ਦਿਵਾਈ ਹੈ| ਪਹਿਰਾਵਾ ਮੂਲ ਰੂਪ ਵਿੱਚ ਮਨੁੱਖ ਦੀ ਸਰੀਰਕ ਲੋੜ ਨੂੰ ਪੂਰਾ ਕਰਦਾ ਹੈ ਅਤੇ ਸਰੀਰ ਨੂੰ ਢੱਕਣ ਵਿੱਚ ਸਹਾਈ ਹੁੰਦਾ ਹੈ| ਪੰਜਾਬੀ ਮੁਟਿਆਰਾਂ ਦਾ ਮੂਲ ਪਹਿਰਾਵਾ ਜਿੱਥੇ ਘੱਗਰਾ, ਲਾਚੇ, ਲੰਮੀ ਕਮੀਜ਼ ਅਤੇ ਫੁਲਕਾਰੀ ਹੁੰਦਾ ਸੀ ੳੱੁਥੇ ਹੀ ਪੰਜਾਬੀ ਗੱਭਰੂ ਕਲੀਆਂ ਵਾਲੇ ਕੁੜਤੇ ਨਾਲ ਧੂੰਵਾਂ ਚਾਦਰਾ ਅਤੇ ਤੁਰਲੇ ਵਾਲੀ ਪੱਗ ਬੰਨ੍ਹਦੇ ਸਨ| ਅਸਲ ਵਿੱਚ ਪੰਜਾਬੀ ਗੱਭਰੂ ਅਤੇ ਮੁਟਿਆਰਾਂ ਪੰਜਾਬੀ ਪਹਿਰਾਵੇ ਵਿੱਚ ਹੀ ਫੱਬਦੇ ਹਨ| ਇਕ ਸਮਾਂ ਸੀ ਜਦੋਂ ਪੰਜਾਬੀ ਗੱਭਰੂ ਤੁਰਲੇ ਵਾਲੀ ਪੱਗ ਬੰਨ੍ਹ ਕੇ ਤੇ ਕਲੀਆਂ ਵਾਲੇ ਕੁੜ੍ਹਤੇ ਨਾਲ ਚਿੱਟਾ ਚਾਦਰਾ ਲਗਾ ਕੇ ਘਰੋਂ ਬਾਹਰ ਨਿਕਲਦਾ ਸੀ ਤਾਂ ਵੇਖਣ ਵਾਲਾ ਹਰ ਵਿਅਕਤੀ ਅਸ਼-ਅਸ਼ ਕਰ ਉੱਠਦਾ ਸੀ| ਪੰਜਾਬੀ ਗੱਭਰੂ ਦੇ ਪਹਿਰਾਵੇ ਵਿੱਚ ਚਾਦਰੇ ਦਾ ਕਿੰਨਾ ਮਹੱਤਵ ਸੀ, ਇਸਦਾ ਪਤਾ ਤਾਂ ਸਾਡੇ ਲੋਕ ਗੀਤਾਂ ਤੇ ਲੋਕ ਬੋਲੀਆਂ ਤੋਂ ਵੀ ਲੱਗਦਾ ਹੈ-
ਸਾਡੇ ਪਿੰਡ ਦੇ ਮੁੰਡੇ ਵੇਖ ਲਓ,
ਜਿਉਂ ਟਾਹਲੀ ਦੇ ਪਾਵੇ
ਕੰਨ੍ਹੀਦਾਰ ਉਹ ਬੰਨ੍ਹਦੇ ਚਾਦਰੇ,
ਪਿੰਜਣੀ ਨਾਲ ਸੁਹਾਵੇ
ਦੱੁਧ ਕਾਸ਼ਣੀ ਬੰਨ੍ਹਦੇ ਪੱਗਾਂ,
ਜਿਉਂ ਉੱਡਦਾ ਕਬੂਤਰ ਜਾਵੇ
ਭੰਗੜਾ ਪਾਉਂਦੇ ਮੁੰਡਿਆਂ ਦੀ,
ਸਿਫ਼ਤ ਕਰੀ ਨਾ ਜਾਵੇ’
ਇਕ ਸਮਾਂ ਸੀ ਜਦੋਂ ਚਾਦਰੇ ਨੂੰ ਮੱੁਖ ਪਹਿਰਾਵੇ ਵਜੋਂ ਮਾਨਤਾ ਦਿੱਤੀ ਜਾਂਦੀ ਸੀ| ਚਾਦਰਾ ਮਰਦਾਂ ਦੇ ਤੇੜ ਬੰਨ੍ਹਣ ਵਾਲਾ ਇਕ ਵੱਡਾ ਕੱਪੜਾ ਹੁੰਦਾ ਸੀ, ਜਿਸ ਨੂੰ ਮਾਲਵੇ ਦੇ ਲੋਕ ਭੋਥਾ ਕਹਿੰਦੇ ਸਨ| ਵਿਆਹਾਂ, ਅਖਾੜਿਆਂ, ਮੇਲਿਆਂ ਵਿੱਚ ਇਕੋ ਰੰਗ ਦੇ ਚਾਦਰਿਆਂ ਵਾਲੇ ਗੱਭਰੂਆਂ ਦੀ ਵੱਖਰੀ ਹੀ ਟੌਹਰ ਹੰੁਦੀ ਸੀ| ਚਾਦਰਾ ਬੰਨ੍ਹਣ ਦਾ ਵੀ ਵਿਸ਼ੇਸ਼ ਅੰਦਾਜ਼ ਹੁੰਦਾ ਸੀ| ਚਿੱਟੇ ਚਾਦਰੇ ਬੰਨ੍ਹ ਕੇ ਗੱਭਰੂਆਂ ਦੀ ਟੋਲੀ ਜਦੋਂ ਕਿਸੇ ਵਿਆਹ ਜਾਂ ਮੇਲੇ ਨੂੰ ਤੁਰਦੀ ਤਾਂ ਬਜ਼ੁਰਗਾਂ ਦੇ ਮੂੰਹੋਂ ਇਹ ਆਮ ਹੀ ਨਿਕਲ ਜਾਂਦਾ ਸੀ-
‘ਚਿੱਟੇ ਚਾਦਰੇ, ਚਾਰੇ ਲੜ ਖਾਲੀ
ਨਵਿਆਂ ਸ਼ੌਕੀਨਾ ਦੇ’
ਕਈ ਸ਼ੌਕੀਨ ਗੱਭਰੂ ਤਾਂ ਚਾਦਰੇ ’ਤੇ ਕਢਾਈ ਵੀ ਕਰਵਾਉਂਦੇ ਸਨ| ਘਰਾਂ ਵਿੱਚ ਸੁਆਣੀਆਂ ਸਿਲਾਈ-ਕਢਾਈ ਦਾ ਕੰੰਮ ਆਮ ਹੀ ਕਰ ਲੈਂਦੀਆਂ ਸਨ, ਜਿਵੇਂ ਸਾਡੇ ਲੋਕ ਗੀਤਾਂ ਅਤੇ ਬੋਲੀਆਂ ਵਿੱਚ ਵੀ ਇਸਦਾ ਜ਼ਿਕਰ ਆਉਂਦਾ ਹੈ -
‘ਲਿਆ ਦਿਓਰਾ ਤੇਰਾ ਕੱਢਾਂ ਚਾਦਰਾ, ਵਿੱਚ ਪਾ ਕੇ ਕਲਮੀ ਸ਼ੋਰਾਂ
ਵਿੱਚ ਭਰਜਾਈਆਂ ਦੇ, ਬੋਲ ਕਲੈਰੀ ਮੋਰਾ, ਵਿੱਚ ਭਰਜਾਈਆਂ ਦੇ’।
ਚਾਦਰੇ ਦੀ ਕਿਸੇ ਸਮੇਂ ਪੰਜਾਬੀ ਪਹਿਰਾਵੇ ਵਿੱਚ ਪੂਰੀ ਸਰਦਾਰੀ ਹੁੰਦੀ ਸੀ| ਮਾਲਵੇ ਦੇ ਲੋਕਾਂ ਦਾ ਮਸ਼ਹੂਰ ਪਹਿਰਾਵਾ ਸੀ ਚਿੱਟਾ ਚਾਦਰਾ,ਟੇਢੀ ਪੱਗੜੀ, ਧੂੰਵਾਂ ਚਾਦਰਾ ਤੇ ਹੱਥ ਵਿੱਚ ਸੰਮਾਂ ਵਾਲੀ ਡਾਂਗ, ਵੱਖਰੀ ਹੀ ਟੌਹਰ ਹੁੰਦੀ ਸੀ ਪੰਜਾਬੀ ਗੱਭਰੂਆਂ ਦੀ| ਇਸ ਸਸਤੇ ਤੇ ਸਧਾਰਨ ਪਹਿਰਾਵੇ ਵਿੱਚ ਵੀ ਉਹ ਕਿਸੇ ਰਾਜੇ-ਮਹਾਰਾਜੇ ਤੋਂ ਘੱਟ ਨਹੀਂ ਲੱਗਦੇ ਸਨ| ਇਸੇ ਕਰਕੇ ਤਾਂ ਮੁਟਿਆਰ ਆਪਣੇ ਮਾਹੀ ਨੂੰ ਧੰੂਵਾਂ ਚਾਦਰਾ ਤੇ ਟੇਢੀ ਪੱਗੜੀ ਬੰਨ੍ਹ ਕੇ ਉਸ ਨੂੰ ਲੈਣ ਆਉਣ ਲਈ ਆਖਦੀ ਹੈ-
‘ਟੇਢੀ ਪੱਗੜੀ, ਧੂੰਵਾਂ ਚਾਦਰਾ,
ਗਲੀਆਂ ਹੂੰਝਦਾ ਆਈਂ ਵੇ
ਮੈਨੂੰ ਲੈਣ ਸੋਹਣਿਆਂ,
ਪੰਜ ਭਾਦੋਂ ਨੂੰ ਆਈਂ ਵੇ’
ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ ਆਉਣ ਕਾਰਣ ਅੱਜ ਸਾਡਾ ਪੰਜਾਬੀ ਪਹਿਰਾਵਾ ਵੀ ਬਦਲ ਗਿਆ ਹੈ| ਅੱਜ-ਕੱਲ੍ਹ ਦੇ ਮੁੰਡਿਆਂ ਨੇ ਨਾ ਤਾਂ ਚਾਦਰੇ ਵੇਖੇ ਹਨ ਤੇ ਨਾ ਹੀ ਉਨ੍ਹਾਂ ਨੂੰ ਚਾਦਰੇ ਬੰਨ੍ਹਣੇ ਆਉਂਦੇ ਹਨ| ਹੌਲੀ- ਹੌਲੀ ਚਾਦਰੇ ਦੀ ਜਗ੍ਹਾ ਕੁੜ੍ਹਤੇ-ਪਜਾਮੇ ਨੇ ਲੈ ਲਈ| ਹੁਣ ਤਾਂ ਕੁੜ੍ਹਤੇ-ਪਜਾਮੇ ਦੀ ਜਗ੍ਹਾ ਵੀ ਸੂਟ-ਬੂਟ, ਪੈਂਟਾ ਕਮੀਜ਼ਾਂ ਅਤੇ ਜੀਨਾਂ ਨੇ ਲੈ ਲਈ ਹੈ| ਭਾਵੇਂ ਪੰਜਾਬੀ ਗੱਭਰੂਆਂ ਨੇ ਚਾਦਰੇ ਨੂੰ ਕਿੱਲੀ ’ਤੇ ਟੰਗ ਪੈਂਟ-ਸੂਟ ਵਾਲੇ ਪੱਛਮੀ ਸੱਭਿਆਚਾਰ ਨੂੰ ਅਪਣਾ ਲਿਆ ਹੈ ਪਰ ਮਹਿੰਗੇ ਤੋਂ ਮਹਿੰਗੇ ਪਹਿਰਾਵੇ ਵੀ ਚਾਦਰੇ ਦਾ ਮੁਕਾਬਲਾ ਨਹੀ ਕਰ ਸਕਦੇ| ਜੋ ਟੌਹਰ ਧੂੰਵੇ ਚਾਦਰੇ, ਤੁਰਲੇ ਵਾਲੀ ਪੱਗ ਤੇ ਸੰਮਾਂ ਵਾਲੀ ਡਾਂਗ ਨਾਲ ਪੰਜਾਬੀ ਗੱਭਰੂਆਂ ਦੀ ਹੁੰਦੀ ਸੀ, ਉਹ ਕਿਸੇ ਹੋਰ ਪਹਿਰਾਵੇ ਨਾਲ ਨਹੀਂ ਹੋ ਸਕਦੀ-
‘ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ
ਪੱਗ ਝੱਗਾ ਚਾਦਰਾ ਨਵਾਂ ਸਵਾ ਕੇ
ਕੱਛੇ ਮਾਰ ਵੰਜਲੀ ਆਨੰਦ
ਛਾ ਗਿਆ
ਮਾਰਦਾ ਦਮਾਮੇ ਜੱਟ ਮੇਲੇ
ਆ ਗਿਆ|’
ਸਾਡੇ ਲੋਕ ਗੀਤਾਂ ਤੇ ਲੋਕ ਬੋਲੀਆਂ ਵਿੱਚ ਤਾਂ ਚਾਦਰੇ ਦਾ ਜ਼ਿਕਰ ਵਾਰ-ਵਾਰ ਆਉਂਦਾ ਹੈ ਜਿਵੇਂ-
‘ਚਿੱਟਾ ਚਾਦਰਾ ਪੱਗ ਗੁਲਾਬੀ
ਖ਼ੂਹ ਤੇ ਕੱਪੜੇ ਧੋਵੇ
ਸਾਬਣ ਥੋੜ੍ਹੀ ਮੈਲ ਬਥੇਰੀ
ਉੱਚੀ-ਉੱਚੀ ਰੋਵੇ
ਛੜੇ ਵਿਚਾਰੇ ਦਾ ਕੌਣ
ਚਾਦਰਾ ਧੋਵੇ ।
ਅੱਜ-ਕੱਲ੍ਹ ਭਾਵੇਂ ਪੰਜਾਬੀ ਪਹਿਰਾਵੇ ’ਚੋਂ ਚਾਦਰੇ ਲੋਪ ਹੋ ਚੁੱਕੇ ਹਨ ਪਰ ਫਿਰ ਵੀ ਕਈ ਵਡੇਰੀ ਉਮਰ ਦੇ ਬਜ਼ੁਰਗਾਂ ਨੇ ਚਾਦਰੇ ਦੀ ਇਸ ਵਿਰਾਸਤ ਨੁੰ ਸੰਭਾਲਿਆ ਹੋਇਆ ਹੈ| ਅੱਜ ਵੀ ਚਾਦਰਾ ਪੰਜਾਬੀ ਗਾਇਕਾਂ ਦੀ ਪਛਾਣ ਅਤੇ ਪਹਿਲੀ ਪਸੰਦ ਹੈ| ਸਕੂਲਾਂ , ਕਾਲਜਾਂ ਅਤੇ ਯੂਨੀਵਰਸਿਟੀ ਦੀਆਂ ਸਟੇਜਾਂ ’ਤੇ ਚਾਦਰਾ ਲਾ ਕੇ ਭੰਗੜਾ ਪਾਉਂਦੇ ਗੱਭਰੂ ਅੱਜ ਵੀ ਵਿਖਾਈ ਦਿੰਦੇ ਹਨ| ਅਸਲ ਵਿੱਚ ਭੰਗੜਾ ਅਤੇ ਮਲਵਈ ਗਿੱਧਾ ਅੱਜ ਵੀ ਚਾਦਰੇ ਬਿਨਾਂ ਅਧੂਰਾ ਹੈ| ਚਾਦਰਾ ਭਾਵੇਂ ਅੱਜ ਪੰਜਾਬੀਆਂ ਦਾ ਆਮ ਪਹਿਰਾਵਾ ਨਹੀਂ ਰਿਹਾ ਪਰ ਫਿਰ ਵੀ ਕਿਸੇ ਨਾ ਕਿਸੇ ਖ਼ਾਸ ਮੌਕੇ ’ਤੇ ਕਲੀਆਂ ਵਾਲੇ ਕੁੜ੍ਹਤੇ ਅਤੇ ਤੁਰਲੇ ਵਾਲੀ ਪੱਗ ਦੇ ਨਾਲ ਚਿੱਟੇ ਚਾਦਰੇ ਬੰਨ੍ਹੀ ਪੰਜਾਬੀ ਗੱਭਰੂਆਂ ਨੂੰ ਵੇਖ ਕੇ ਰੂਹ ਅਸ਼-ਅਸ਼ ਕਰ ਉੱਠਦੀ ਹੈ|
-ਜਸਪ੍ਰੀਤ ਕੌਰ ਸੰਘਾ
99150-33176