ਇਤਿਹਾਸ ਦੇ ਸਫ਼ਿਆਂ 'ਤੇ Punjab ਅੱਜ ਵੀ ਸੰਕਟਾਂ ਵਿਚ ਘਿਰਿਆ ਹੋਇਐ। ਅੱਜ ਦੁਨੀਆ ਭਰ ਵਿਚ ਪੰਜਾਬੀ ਦਾ ਬੋਲਬਾਲਾ ਹੈ। ਡੇਢ ਸੌ ਤੋਂ ਵਧੇਰੇ ਮੁਲਕਾਂ ਵਿਚ ਪੰਜਾਬੀ ਵਸਦੇ ਹਨ ਤੇ ਹਰ ਦੇਸ਼ ਵਿਚ ਇਕ ਨਿੱਕਾ ਜਿਹਾ ਪੰਜਾਬ ਵਸਿਆ ਹੋਇਐ। ਸਭ ਨੂੰ ਰਲ ਮਿਲ ਕੇ ਇਸ ਮਾਂ ਬੋਲੀ ਦੀ ਤਰੱਕੀ ਲਈ ਸੀਰ ਪਾਉਣਾ ਚਾਹੀਦਾ ਹੈ।

ਭਾਰਤ ਵਿਚਲੀ ਭਾਸ਼ਾਈ ਵਨਸੁਵੰਨਤਾ ਬੜੇ ਮਹੱਤਵ ਵਾਲੀ ਹੈ। ਮੱਧ ਕਾਲ ਵਿਚ ਭਾਸ਼ਾਵਾਂ ਵਿਚ ਬੜੀ ਸਹਿਹੋਂਦ ਨਜ਼ਰ ਆਉਂਦੀ ਹੈ। ਹਰ ਭਾਸ਼ਾ ਆਪਣੀ ਚੜ੍ਹਦੀ ਕਲਾ ਦੇ ਨਾਲ- ਨਾਲ ਦੂਜੀਆਂ ਦਾ ਸਤਿਕਾਰ ਵੀ ਕਰਦੀ ਸੀ। ਭਾਸ਼ਾਵਾਂ ਲਈ ਇਹ ਬੜੀ ਆਦਰਸ਼ਕ ਸਥਿਤੀ ਸੀ। ਸਮੁੱਚਾ ਧਾਰਮਿਕ ਤੇ ਅਧਿਆਤਮਕ ਕਾਵਿ ਇਸ ਦਾ ਗਵਾਹ ਹੈ। ਬਹੁਭਾਸ਼ਾਵਾਦ ਮੱਧ ਕਾਲ ਦੀ ਆਤਮਾ ਵਿਚ ਸਮਾਇਆ ਹੋਇਆ ਨਜ਼ਰ ਆਉਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚਲੀਆਂ 64 ਭਾਸ਼ਾਵਾਂ ਇਕੋ ਪ੍ਰਭੂ ਦਾ ਗੁਣਗਾਨ ਕਰਦੀਆਂ, ਜ਼ਿੰਦਗੀ ਨੂੰ ਸਵਾਰਨ ਦਾ ਸੰਦੇਸ਼ ਦਿੰਦੀਆਂ ਹਨ।
ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿਚ ਪੰਜਾਬ ਦੀਆਂ ਹੱਦਾਂ ਇਕ ਪਾਸੇ ਉੱਤਰ ਪੱਛਮ ਵਿਚ ਅਫਗਾਨਿਸਤਾਨ ਨਾਲ, ਦੱਖਣ ਵਿਚ ਸਿੰਧ ਨਾਲ ਤੇ ਪੂਰਬ ਵਿਚ ਜਮਨਾ ਨਾਲ ਲਗਦੀਆਂ ਸਨ। ਏਨੇ ਵੱਡੇ ਭੂ-ਭਾਗ ਨੂੰ ਮਹਾਰਾਜੇ ਨੇ ਬੜੀ ਕੁਸ਼ਲਤਾ ਨਾਲ ਰਾਜ-ਪ੍ਰਬੰਧਕੀ ਢਾਂਚੇ ਵਿਚ ਸਮਾਇਆ ਹੋਇਆ ਸੀ। ਪਰ ਅੰਗਰੇਜ਼ੀ ਸਾਮਰਾਜ ਨੇ ਦੋ ਕੌਮਾਂ ਦਾ ਸਿਧਾਂਤ ਪ੍ਰਵਾਨ ਕਰ ਕੇ ਇਸ ਭੂਗੋਲਿਕ ਖਿੱਤੇ ਨੂੰ ਕੌਮਾਂ ਤੇ ਭਾਸ਼ਾਵਾਂ ਵਿਚ ਵੰਡ ਦਿੱਤਾ। ਪੰਜਾਬੀ ਵੀ ਵੰਡੀ ਗਈ। ਆਜ਼ਾਦੀ ਪ੍ਰਾਪਤੀ ਤੋਂ ਬਾਅਦ ਭਾਸ਼ਾਈ ਆਧਾਰ 'ਤੇ ਰਾਜਾਂ ਦਾ ਪੁਨਰਗਠਨ ਕੀਤਾ ਗਿਆ। ਪਰ ਪੰਜਾਬੀ ਭਾਸ਼ਾ ਦੇ ਆਧਾਰ 'ਤੇ ਪੰਜਾਬੀ ਸੂਬੇ ਨੂੰ ਮਾਨਤਾ ਦੇਣ ਤੋਂ ਪੱਲਾ ਝਾੜ ਦਿੱਤਾ ਗਿਆ।
15 ਨਵੰਬਰ, 1948 ਨੂੰ ਮਾਸਟਰ ਤਾਰਾ ਸਿੰਘ ਦੇ ਕਹਿਣ 'ਤੇ 23 ਅਕਾਲੀ ਵਿਧਾਇਕਾਂ ਨੇ ਇਕ ਮਤੇ ਵਿਚ ਕਿਹਾ ਕਿ ਉਨ੍ਹਾਂ ਦੇ ਮੰਗ ਪੱਤਰ ਵਿਚਲੀਆਂ ਪੰਜ ਕਾਨੂੰਨੀ ਸੁਰੱਖਿਆਵਾਂ ਜੇਕਰ ਨਹੀਂ ਮੰਨੀਆਂ ਜਾਂਦੀਆਂ ਤਾਂ ਸਿੱਖਾਂ ਨੂੰ ਸੱਤ ਜ਼ਿਲ੍ਹਿਆਂ ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਫਿਰੋਜ਼ਪੁਰ, ਅੰਮ੍ਰਿਤਸਰ, ਗੁਰਦਾਸਪੁਰ ਤੇ ਅੰਬਾਲੇ ਨੂੰ ਮਿਲਾ ਕੇ ਇਕ ਨਵਾਂ ਸੂਬਾ ਬਣਾਉਣ ਦੀ ਇਜਾਜ਼ਤ ਦਿੱਤੀ ਜਾਵੇ।' ਉਨ੍ਹਾਂ ਦੀ ਹਿਦਾਇਤ 'ਤੇ ਹੀ ਹੁਕਮ ਸਿੰਘ ਨੇ ਮੰਗ ਕੀਤੀ ਕਿ –ਪੰਜਾਬੀ ਦੇ ਆਧਾਰ 'ਤੇ ਭਾਸ਼ਾਈ ਰਾਜ ਦੀ ਨਿਸ਼ਾਨਦੇਹੀ ਕੀਤੀ ਜਾਵੇ।' ਸਿੱਖਾਂ ਦੀ ਪ੍ਰਤੀਨਿਧ ਕਨਵੈਨਸ਼ਨ ਨੇ ਅਪ੍ਰੈਲ-1949 ਵਿਚ ਆਪਣੇ ਉਦੇਸ਼ ਵਜੋਂ ਪੰਜਾਬੀ ਸੂਬੇ ਦੀ ਮੰਗ ਨੂੰ ਅਪਨਾ ਲਿਆ। ਪਰ ਪੰਜਾਬ ਦੇ ਹਿੰਦੂਆਂ ਵੱਲੋਂ ਪਾਕਿਸਤਾਨ ਵਾਂਗ ਇਹਦਾ ਵਿਰੋਧ ਸ਼ੁਰੂ ਹੋ ਗਿਆ।
ਪੰਜਾਬੀ ਸੂਬੇ ਦੇ ਕੱਟੜ ਵਿਰੋਧੀਆਂ ਵਿਚ ਪ੍ਰਤਾਪ ਸਿੰਘ ਕੈਰੋਂ ਵੀ ਸਨ। ਉਨ੍ਹਾਂ ਨੇ ਇਸਦੀ ਵਿਰੋਧਤਾ ਕਰਦਿਆਂ ਦਸੰਬਰ, 1950 ਵਿਚ ਇਕ ਕਨਵੈਨਸ਼ਨ ਕਰਨ ਦਾ ਐਲਾਨ ਕਰ ਦਿੱਤਾ। ਜੋ 15 ਦਸੰਬਰ, 1950 ਨੂੰ ਅੰਮ੍ਰਿਤਸਰ ਵਿਚ ਹੋਈ। ਇਸ ਕਨਵੈਨਸ਼ਨ ਦੇ ਪ੍ਰਧਾਨ ਤੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਸਰਦੂਲ ਸਿੰਘ ਕਵੀਸ਼ਰ ਨੇ ਇਸ ਨੂੰ ਸੰਬੋਧਨ ਕੀਤਾ। ਉਹਨੇ ਅਕਾਲੀਆਂ ਦੀ ਪੰਜਾਬੀ ਸੂਬੇ ਦੀ ਮੰਗ ਨੂੰ ਮੁੱਢੋਂ ਰੱਦ ਕਰ ਦਿੱਤਾ ਤੇ ਇਸਨੂੰ ਪਾਕਿਸਤਾਨ ਦੀ ਮੰਗ ਕਰਨ ਵਾਲੇ ਜਿਨਾਹ ਦੀ ਸੋਚ ਤੇ ਨਾਅਰੇ ਨਾਲ ਜੋੜ ਦਿੱਤਾ। ਹਾਲਾਂਕਿ ਵੰਡ ਤੋਂ ਪਹਿਲਾਂ ਵੇਲੇ ਦੀ ਸਰਕਾਰ ਨੇ ਸਿੱਖਾਂ ਨੂੰ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਦੀ ਭਾਸ਼ਾ, ਧਰਮ ਤੇ ਸੱਭਿਆਚਾਰ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ, ਕਿਉਂਕਿ ਅੰਗਰੇਜ਼ ਸਿੱਖਾਂ ਨੂੰ ਤੀਜੀ ਧਿਰ ਮੰਨਦੇ ਸਨ। ਪੰਜਾਬੀ ਸੂਬੇ ਦੀ ਮੰਗ ਨੂੰ ਕਮਜ਼ੋਰ ਕਰਨ ਲਈ ਕਈ ਰਾਜਨੀਤਕ ਹੱਥ-ਕੰਡੇ ਵਰਤੇ ਗਏ। ਇਨ੍ਹਾਂ ਵਿੱਚੋਂ ਇਕ ਸੀ ਸੱਚਰ ਫਾਰਮੂਲਾ, ਜਿਸ ਅਨੁਸਾਰ ਪੰਜਾਬ ਨੂੰ ਦੋ ਰਿਜਨਾਂ ਹਿੰਦੀ ਤੇ ਪੰਜਾਬੀ ਵਿਚ ਵੰਡ ਦਿੱਤਾ ਗਿਆ ਜੋ ਬਾਅਦ ਵਿਚ ਪੰਜਾਬ ਦੇ ਟੋਟੇ ਕਰਨ ਵਿਚ ਸਹਾਈ ਹੋਇਆ।
ਓ. ਹਿੰਦੀ ਰਿਜਨ ਵਿਚ– ਰੋਹਤਕ, ਗੁੜਗਾਓਂ, ਕਰਨਾਲ ਤੇ ਕਾਂਗੜੇ ਦੇ ਜ਼ਿਲ੍ਹੇ ਘੱਗਰ ਦਰਿਆ ਦੇ ਦੱਖਣ ਵੱਲ ਪੈਂਦੇ ਹਿਸਾਰ ਜ਼ਿਲ੍ਹੇ ਦੇ ਸਾਰੇ ਹਿੱਸੇ ਤੇ ਅੰਬਾਲੇ ਜ਼ਿਲ੍ਹੇ ਦੀਆਂ ਜਗਾਧਰੀ ਤੇ ਨਰਾਇਣਗੜ੍ਹ ਤਹਿਸੀਲਾਂ ਨੂੰ ਇਸ ਵਿਚ ਸ਼ਾਮਲ ਕੀਤਾ ਗਿਆ।
ਅ. ਪੰਜਾਬੀ ਰਿਜਨ ਵਿਚ – ਅੰਮ੍ਰਿਤਸਰ, ਜਲੰਧਰ, ਗੁਰਦਾਸਪੁਰ, ਫਿਰੋਜ਼ਪੁਰ, ਲੁਧਿਆਣਾ ਤੇ ਹੁਸ਼ਿਆਰਪੁਰ ਦੇ ਜ਼ਿਲ੍ਹੇ, ਫਿਰੋਜ਼ਪੁਰ ਦੇ ਪੂਰਬ ਵੱਲ ਤੇ ਘੱਗਰ ਦਰਿਆ ਦੇ ਪਟਿਆਲੇ ਵਾਲੇ ਪਾਸੇ ਪੈਂਦੇ ਹਿਸਾਰ ਜ਼ਿਲ੍ਹੇ ਦੇ ਹਿੱਸੇ, ਜ਼ਿਲ੍ਹਾ ਅੰਬਾਲੇ ਦੀਆਂ ਰੋਪੜ ਤੇ ਖਰੜ ਤਹਿਸੀਲਾਂ ਅਤੇ ਜ਼ਿਲ੍ਹਾ ਅੰਬਾਲੇ ਦੀ ਅੰਬਾਲਾ ਤਹਿਸੀਲ।
ਓ. ਦੋ-ਭਾਸ਼ੀ ਇਲਾਕੇ– ਸ਼ਿਮਲਾ ਅਤੇ ਜ਼ਿਲ੍ਹਾ ਅੰਬਾਲੇ ਦੀ ਅੰਬਾਲਾ ਤਹਿਸੀਲ।
ਦੇਸ਼ ਵੰਡ ਕਾਰਨ ਹੋਏ ਅਬਾਦੀਆਂ ਦੇ ਤਬਾਦਲੇ ਨੇ ਪੰਜਾਬੀ ਬੋਲਦੇ ਇਕਾਲਿਆਂ ਦਾ ਤਵਾਜ਼ਨ ਵਿਗਾੜ ਦਿੱਤਾ। ਇਸ ਲਈ ਪੰਜਾਬੀ ਬੋਲਦੇ ਇਲਾਕਿਆਂ ਦੀ ਮੁੜ ਨਿਸ਼ਾਨਦੇਹੀ ਕੀਤੀ ਗਈ। ਪਹਿਲਾਂ ਜ਼ਿਲ੍ਹਾ ਅੰਬਾਲੇ ਦੀਆਂ ਦੋ ਤਹਿਸੀਲਾਂ ਰੋਪੜ ਤੇ ਖਰੜ ਹੀ ਮੁਖ ਤੌਰ 'ਤੇ ਪੰਜਾਬੀ ਬੋਲਦੇ ਇਲਾਕੇ ਸਨ ਪਰ ਵੰਡ ਵੇਲੇ ਇਸ ਜ਼ਿਲ੍ਹੇ ਦੇ ਹਿੰਦੋਸਤਾਨੀ ਬੋਲਦੇ ਮੁਸਲਮਾਨ ਪਾਕਿਸਤਾਨ ਚਲੇ ਗਏ ਤੇ ਉਨ੍ਹਾਂ ਦੀ ਥਾਂ ਪੰਜਾਬੀ ਬੋਲਦੇ ਹਿੰਦੂ ਸਿੱਖ ਸ਼ਰਨਾਰਥੀ ਆ ਗਏ। ਸਿੱਟੇ ਵਜੋਂ ਇਹ ਇਲਾਕਾ ਪੰਜਾਬੀ ਬੋਲਦਾ ਇਲਾਕਾ ਬਣ ਗਿਆ।
ਜਿੱਥੋਂ ਤਕ ਹਿਸਾਰ ਜ਼ਿਲ੍ਹੇ ਦਾ ਸਬੰਧ ਹੈ ਇਸ ਦੀਆਂ ਹਿਸਾਰ, ਭਵਾਨੀ ਤੇ ਹਾਂਸੀ ਤਹਿਸੀਲਾਂ ਸਿਵਾਏ ਟੋਹਾਨਾ ਸਬ ਤਹਿਸੀਲ ਦੇ ਹਿੰਦੋਸਤਾਨੀ ਬੋਲਦੀਆਂ ਸਨ, ਜਦ ਕਿ ਸਿਰਸਾ, ਫਤਿਹਾਬਾਦ, ਟੋਹਾਨਾ ਪੰਜਾਬੀ ਬੋਲਦੇ ਇਲਾਕੇ ਸਨ। ਇਨ੍ਹਾਂ ਇਲਾਕਿਆਂ ਵਿਚ ਵੀ ਵੰਡ ਤੋਂ ਬਾਅਦ ਵੱਡੀ ਗਿਣਤੀ ਵਿਚ ਪੰਜਾਬੀ ਸ਼ਰਨਾਰਥੀ ਵਸ ਗਏ ਤੇ ਇਹ ਇਲਾਕੇ ਵੀ ਪੰਜਾਬੀ ਬਹੁਲ ਵਸੋਂ ਵਾਲੇ ਹੋ ਗਏ। ਅਜਿਹੀ ਸਥਿਤੀ ਕਰਨਾਲ ਜ਼ਿਲ੍ਹੇ ਦੀਆਂ ਥਨੇਸਰ ਤੇ ਕੈਥਲ ਤਹਿਸੀਲਾਂ ਦੀ ਵੀ ਸੀ।
ਪੈਪਸੂ ਦੇ ਪਟਿਆਲਾ, ਬਰਨਾਲਾ, ਬਠਿੰਡਾ, ਮਾਨਸਾ, ਫਤਹਿਗੜ੍ਹ ਸਾਹਿਬ, ਕਪੂਰਥਲਾ, ਫਰੀਦਕੋਟ, ਸੰਗਰੂਰ ਸਿਵਾਏ ਜੀਂਦ ਤੇ ਨਰਵਾਣੇ ਦੇ ਸਾਰੇ ਪੰਜਾਬੀ ਬੋਲਦੇ ਜ਼ਿਲ੍ਹੇ ਸਨ। ਰਾਜਸਥਾਨ ਦੀ ਗੰਗਾਨਗਰ ਕਾਲੋਨੀ, ਸੂਰਤਗੜ੍ਹ, ਹਨੂੰਮਾਨਗੜ੍ਹ, ਲਾਲਗੜ੍ਹ ਮੁੱਖ ਤੌਰ 'ਤੇ ਪੰਜਾਬੀ ਬੋਲਦੇ ਇਲਾਕੇ ਸਨ। ਇਨ੍ਹਾਂ ਇਲਾਕਿਆਂ ਵਿਚ ਵੀ ਪੱਛਮੀ ਪੰਜਾਬ ਤੋਂ ਵੱਡੀ ਗਿਣਤੀ ਵਿਚ ਆ ਕੇ ਸ਼ਰਨਾਰਥੀ ਵਸੇ ਸਨ।
ਏਡੇ ਵੱਡੇ ਇਲਾਕੇ ਵਿਚ ਪੰਜਾਬੀ ਵਸੋਂ ਹੋਣ ਦੇ ਬਾਵਜੂਦ ਪੰਜਾਬ ਨੂੰ ਪੰਜਾਬੀ ਸੂਬੇ ਦਾ ਸੰਵਿਧਾਨਕ ਅਧਿਕਾਰ ਤੋਂ ਇਨਕਾਰ ਕੀਤਾ ਜਾ ਰਿਹਾ ਸੀ।1951 ਦੀ ਮਰਦਮਸ਼ੁਮਾਰੀ ਪੁਆੜੇ ਦੀ ਜੜ੍ਹ ਬਣ ਗਈ ਜਿਸ ਵਿਚ ਪੰਜਾਬ ਦੀ ਵੱਡੀ ਹਿੰਦੂ ਆਬਾਦੀ, ਜੋ ਘਰਾਂ ਵਿਚ ਪੰਜਾਬੀ ਬੋਲਦੀ ਸੀ ਨੇ ਮਾਂ ਬੋਲੀ ਤੋਂ ਮੁਨਕਰ ਹੋ ਕੇ ਆਪਣੀ ਮਾਤ ਭਾਸ਼ਾ ਹਿੰਦੀ ਲਿਖਵਾ ਦਿਤੀ। ।
27 ਮਈ, 1964 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਕਾਲ ਚਲਾਣਾ ਕਰ ਗਏ। ਪੰਜਾਬੀ ਸੂਬੇ ਦੇ ਕੱਟੜ ਵਿਰੋਧੀ ਪ੍ਰਤਾਪ ਸਿੰਘ ਕੈਰੋਂ ਦਾ 6 ਫਰਵਰੀ, 1965 ਨੂੰ ਕਤਲ ਹੋ ਗਿਆ। ਦੇਸ਼ ਦੀ ਵਾਗ ਡੋਰ ਲਾਲ ਬਹਾਦਰ ਸ਼ਾਸਤਰੀ ਦੇ ਹੱਥਾਂ ਵਿਚ ਆ ਗਈ। 1965 ਦੀ ਭਾਰਤ-ਪਾਕ ਜੰਗ ਵਿਚ ਸਿੱਖਾਂ ਦੀ ਬਹਾਦਰੀ ਦੇ ਉਹ ਪ੍ਰਸੰਸਕ ਸਨ। ਉਨ੍ਹਾਂ ਨੇ ਸਿੱਖਾਂ ਨੂੰ ਪੰਜਾਬੀ ਸੂਬੇ ਦੀ ਮੰਗ ਹਮਦਰਦੀ ਨਾਲ ਵਿਚਾਰਨ ਦਾ ਭਰੋਸਾ ਦਿੱਤਾ ਤੇ ਇਹਦੇ ਲਈ ਅਮਲੀ ਆਧਾਰ ਤਿਆਰ ਕਰਨ ਦੇ ਹੁਕਮ ਵੀ ਦਿੱਤੇ। ਪਰ 11 ਜਨਵਰੀ, 1966 ਨੂੰ ਤਾਸ਼ਕੰਦ ਵਿਚ ਸ਼ਾਸਤਰੀ ਜੀ ਦਾ ਦੇਹਾਂਤ ਹੋ ਗਿਆ। 3 ਮਾਰਚ, 1966 ਨੂੰ ਇੰਦਰਾ ਗਾਂਧੀ ਦੇਸ਼ ਦੀ ਪ੍ਰਧਾਨ ਮੰਤਰੀ ਬਣ ਗਈ। ਭਾਰਤ ਦੇ ਗ੍ਰਹਿ ਮੰਤਰੀ ਗੁਲਜ਼ਾਰੀ ਲਾਲ ਨੰਦਾ ਨੇ ਪੰਜਾਬ ਦੀ ਹੱਦਬੰਦੀ ਲਈ ਕਮਿਸ਼ਨ ਬਣਾਇਆ ਜਿਸ ਦੀਆਂ ਸ਼ਿਫਾਰਸ਼ਾਂ 'ਤੇ ਪਹਿਲੀ ਨਵੰਬਰ, 1966 ਨੂੰ ਪੰਜਾਬੀ ਸੂਬਾ ਹੋਂਦ ਵਿਚ ਆ ਗਿਆ। ਪਰ ਇਸ ਵੰਡ ਪਿੱਛੇ ਰਾਜਨੀਤਕ ਖੇਡ ਖੇਡੀ ਗਈ ਤੇ ਪੰਜਾਬ ਦੇ ਤਿੰਨ ਟੋਟੇ ਕਰ ਦਿੱਤੇ ਗਏ। ਪੰਜਾਬੀ ਬੋਲਦੇ ਇਲਾਕੇ ਜਾਣ ਬੁਝ ਕੇ ਪੰਜਾਬ ਤੋਂ ਬਾਹਰ ਰਹਿਣ ਦਿੱਤੇ ਗਏ। ਚੰਡੀਗੜ੍ਹ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾ ਦਿੱਤਾ ਗਿਆ। ਇਨ੍ਹਾਂ ਰਹਿ ਗਏ ਇਲਾਕਿਆਂ, ਚੰਡੀਗੜ੍ਹ ਤੇ ਪੰਜਾਬੀ ਭਾਸ਼ਾ ਲਈ ਅੱਜ ਤਕ ਪੰਜਾਬ ਲੜ ਰਿਹਾ ਹੈ। ਇਸ ਕੱਟੇ ਵੱਢੇ ਪੰਜਾਬ ਦੇ ਚੀਰ ਹਰਨ 'ਤੇ ਪੰਜਾਬੀ ਕਵੀਆਂ ਨੇ ਕਾਵਿ ਸੋਗ ਮਨਾਇਆ ਤੇ ਸਮੇਂ ਦੀਆਂ ਸਰਕਾਰਾਂ ਤੇ ਹੋਛੀ ਰਾਜਨੀਤੀ ਨੂੰ ਭੰਡਿਆ ਜਿਸਨੇ ਪੰਜਾਬ ਦੇ ਨਾਲ-ਨਾਲ ਪੰਜਾਬੀ ਦਾ ਵੀ ਘਾਣ ਕਰ ਦਿੱਤਾ ਸੀ। ਇਨ੍ਹਾਂ ਕਾਵਿ ਰਚਨਾਵਾਂ ਰਾਹੀਂ ਅਸੀਂ ਉਸ ਦੁਖਭਰੀ ਰਾਗਨੀ ਦੀ ਵਿਥਿਆ ਸੁਣ ਸਕਦੇ ਹਾਂ ਜੋ ਮਾਂ ਬੋਲੀ ਲਈ ਤੜਫ ਰਹੀ ਸੀ।
ਕੋਈ ਸਮਾਂ ਸੀ ਜਦੋਂ ਪੰਜਾਬੀ ਕਵੀਆਂ ਨੇ ਵਿਸ਼ਾਲ ਪੰਜਾਬ ਦੀ ਸਾਂਝੀ ਵਿਰਾਸਤ ਦੀ ਮੁਕਤ ਕੰਠ ਨਾਲ ਪ੍ਰਸੰਸਾ ਕੀਤੀ ਸੀ। ਇਸ ਨੂੰ ਕਈ ਤਸ਼ਬੀਹਾਂ ਦੇ ਕੇ ਇਹਦੀ ਵਡਿਆਈ ਕੀਤੀ ਸੀ ਪਰ ਹੁਣ ਇਸ ਵਲੂੰਧਰੇ, ਤੋੜੇ ਮਰੋੜੇ ਪੰਜਾਬ ਨੂੰ ਦੇਖ ਕੇ ਦੁਖੀ ਹੋਇਆ ਕਵੀ ਅਜਾਇਬ ਕਮਲ ਲਿਖਦਾ ਹੈ –
ਗਾਮੇ ਤੇ ਕਿੱਕਰ ਸਿੰਘ ਵਰਗਾ
ਭਰਵੇਂ ਜੁੱਸੇ ਵਾਲਾ ਪੰਜਾਬ
ਪੰਜਾਬ ਨਹੀਂ ਰਿਹਾ
ਬੌਣਾ, ਠਿਗਣਾ
ਰੱਦੀ ਕਾਗਜ਼ਾਂ ਵਾਂਗ ਮਰੋੜਿਆ, ਤਰੋੜਿਆ
ਅਪੰਗ ਜਿਹਾ ਬਣ ਕੇ ਰਹਿ ਗਿਐ- ਪੰਜਾਬ
ਪੰਜਾਬੀ ਜੋ ਕਦੇ ਉੱਚੇ ਪਰਬਤਾਂ ਦੀ ਬੋਲੀ ਸੀ, ਥਲਾਂ ਵਿਚ ਬੋਲੀਆਂ ਪਾਉਂਦੀ ਸੀ, ਦਰਿਆਵਾਂ ਕੰਢੇ ਇਸ਼ਕ ਕਮਾਉਂਦੀ ਤੇ ਜਿਸ ਦੀਆਂ ਇਲਾਹੀ ਧੁਨਾਂ ਅਕਾਸ਼ਾਂ ਵਿਚ ਗੂੰਜਦੀਆਂ ਸਨ, ਹੁਣ ਉਹ ਸੁੰਗੜ ਕੇ ਰਹਿ ਗਈ। ਸ਼ਿਵਦੇਵ ਸੰਧਾਵਾਲੀਆ ਲਿਖਦਾ ਹੈ–
* ਜਦੋਂ ਪੰਜ ਪਾਣੀ ਏਥੇ ਵਗਦੇ ਸਨ
ਸਾਰੇ ਨਕਸ਼ਿਆਂ ਵਿਚ ਪੰਜਾਬ ਕਹਿੰਦੇ
ਢਾਈ ਢਾਈ ਕਰ ਕੇ ਜਦ ਦੇ ਗਏ ਵੰਡੇ
ਕਿਉਂ ਨਹੀਂ ਲੋਕ ਫਿਰ ਇਸ ਨੂੰ ਢਾਬ ਕਹਿੰਦੇ
* ਢਾਈ ਆਬ ਕਹੋ ਜਾਂ ਇਸਨੂੰ ਢਾਬ ਕਹੋ
'ਸਰਹੱਦੀ' ਪੰਜਾਬ ਨਾਂ ਪੰਜ ਦਰਿਆਵਾਂ ਦਾ
(ਸੁਲੱਖਣ ਸਰਹੱਦੀ)
ਢਾਈ ਨਦੀਆਂ ਦੇ ਇਸ ਪੰਜਾਬ ਲਈ ਰਾਜਨੀਤੀ ਜ਼ਿੰਮੇਵਾਰ ਹੈ ਜੋ ਵਾਰ-ਵਾਰ ਇਸ ਨਗੀਨੇ ਦੀ ਕੱਟਾ ਵੱਡੀ ਲਈ ਮੂਕ ਦਰਸ਼ਕ ਬਣੀ ਰਹੀ। ਏਸੇ 'ਤੇ ਵਿਅੰਗ ਕਰਦਾ ਸੁਰਜੀਤ ਪਾਤਰ ਲਿਖਦਾ ਹੈ –
* ਢਾਈ ਨਦੀਆਂ ਦਾ ਇਹ ਪੰਜਾਬ
ਹੋਵੇਗਾ ਕਿਸੇ ਨੇਤਾ ਲਈ ਪੰਜਾਬ
ਮੈਂ ਨੇਤਾ ਨਹੀਂ ਹਾਂ ...
* ਜਿਵੇਂ ਹੋਏ ਕੋਹਿਨੂਰ ਦੇ ਚਾਰ ਟੋਟੇ
ਤਿਵੇਂ ਹੋਏ ਪੰਜਾਬ ਦੇ ਚਾਰ ਟੋਟੇ
(ਪ੍ਰੀਤ ਸਿੰਘ ਕਾਸਦ)
ਪ੍ਰੋ. ਪੂਰਨ ਸਿੰਘ ਨੇ ਕਦੇ ਕਿਹਾ ਸੀ – 'ਪੰਜਾਬ ਜੀਂਦਾ ਗੁਰਾਂ ਦੇ ਨਾਂ 'ਤੇ' ਤੇ ਫਿਰੋਜ਼ਦੀਨ ਸ਼ਰਫ ਇਸ ਨੂੰ 'ਗੁਲਾਬ ਦਾ ਫੁੱਲ' ਕਹਿੰਦਾ ਸੀ ਪਰ ਸੰਪਰਦਾਇਕਤਾ ਨੇ ਦੋਹਾਂ ਦਾ ਮਾਣ ਤੋੜ ਦਿੱਤਾ। ਇਹਦੇ ਟੋਟੇ ਹੋ ਗਏ ਜਿਸਨੂੰ ਪੰਜਾਬੀ ਕਵੀਆਂ ਨੇ ਵਿਰਲਾਪ ਧੁਨੀ ਉਲਾਂਭੇ ਦੇ ਰੂਪ ਵਿਚ ਪੇਸ਼ ਕੀਤਾ ਹੈ –
* ਪੂਰਨ ਸਿੰਹਾਂ, ਪੰਜਾਬ ਹੁਣ
ਗੁਰੂ ਦੇ ਨਾਂ 'ਤੇ ਨਹੀਂ
ਪੱਗਾਂ ਤੇ ਟੋਪੀਆਂ ਦੇ ਨਾਂ 'ਤੇ ਜਿਊਂਦਾ ਹੈ -
(ਸੁਰਿੰਦਰ ਧੰਜਲ)
* ਸਤਲੁਜ, ਬਿਆਸ ਕਿ ਰਾਵੀ,
ਝਨਾਬ ਦੀ ਗੱਲ
ਰਾਵੀ ਕਰੇ ਅੱਜ ਕਿਹੜੇ
ਪੰਜਾਬ ਦੀ ਗੱਲ।
(ਸ.ਸ. ਮੀਸ਼ਾ)
*ਇਹ ਸੂਬਾ ਨਵਾਂ ਬਣਾਇਆ
ਗਿਆ ਪੰਜਾਬੀ ਦਾ
ਤੇਰਾ ਅੰਗ ਅੰਗ ਕੱਟ ਕੇ
ਫਿਰਕੂ ਨਾਦ ਵਜਾ ਦਿੱਤਾ –
(ਸ.ਵ.ਸ. ਹਸਰਤ)
ਕਵੀਆਂ ਨੂੰ ਇਹ ਵੀ ਲਗਦਾ ਹੈ ਕਿ ਪੰਜਾਬੀਆਂ ਦੀ ਆਪਸੀ ਫੁੱਟ ਨੇ ਹੀ ਪੰਜਾਬ ਦਾ ਕਤਲ ਕਰਵਾਇਆ ਹੈ। ਜੇ ਪੰਜਾਬੀ ਜ਼ਬਾਨ ਦੇ ਨਾਂ 'ਤੇ ਇਕੱਠੇ ਹੋ ਜਾਂਦੇ ਤਾਂ ਕਿਸੇ ਦੀ ਜੁਰਅਤ ਨਹੀਂ ਸੀ ਕਿ ਉਹ ਪੰਜਾਬ ਦੇ ਟੋਟੇ ਕਰ ਦੇਂਦਾ। ਪਰ ਆਪਸੀ ਫੁੱਟ ਤੇ ਸ਼ੱਕ ਨੇ ਵਸਦੇ ਰਸਦੇ ਪੰਜਾਬ ਨੂੰ ਵੀਰਾਨ ਕਰ ਦਿਤਾ। ਹਰਚਰਨਜੀਤ ਚੰਨ ਲਿਖਦਾ ਹੈ –
ਦਿਖਾਏ ਫੁੱਟ ਨੇ ਵੇਖ ਲੌ ਕਈ ਜਲਵੇ
ਵਸਦਾ ਦੇਸ਼ ਸੀ ਕੀਤਾ ਵੀਰਾਨ ਫੁੱਟ ਨੇ
ਹਿਮਾਚਲ, ਹਰਿਆਣਾ, ਪੰਜਾਬ ਵੇਖੋ
ਟੋਟੇ ਤਿੰਨ ਸੀ ਕੀਤੇ ਸ਼ੈਤਾਨ ਫੁੱਟ ਨੇ
ਕਵੀਆਂ ਨੂੰ ਇਸ ਗੱਲ ਦਾ ਵੀ ਝੋਰਾ ਹੈ ਕਿ ਜਿੱਥੇ ਦੂਰ ਦੁਰਾਡੇ ਸਾਰੇ ਇਲਾਕਿਆਂ ਵਿਚ ਪੰਜਾਬੀ ਦਾ ਬੋਲਬਾਲਾ ਸੀ ਹੁਣ ਉੱਥੇ ਪੰਜਾਬੀ ਬੇਗਾਨੀ ਹੋ ਗਈ ਤੇ ਇਸ ਪ੍ਰਤੀ ਨਫ਼ਰਤੀ ਬੋਲ ਬੋਲੇ ਜਾ ਰਹੇ ਹਨ। ਜਸਵੰਤ ਸਿੰਘ ਵੰਤਾ ਇਸ ਕੱਟੇ ਵੱਢੇ ਪੰਜਾਬ 'ਤੇ ਕੀਰਨੇ ਪਾਉਂਦਾ ਹੈ –
* ਅੱਜ ਪੰਜਾਬ ਦੇ ਟੋਟੇ ਹੋ ਗਏ,
ਲੱਤਾਂ ਬਾਹਾਂ ਕੱਟੀਆਂ
ਹੱਥ ਟੁੰਡੇ, ਲੱਤਾਂ ਬਿਨ ਪੈਰਾਂ,
ਥਾਂ-ਥਾਂ ਬੱਧੀਆਂ ਪੱਟੀਆਂ
* ਮੈਂ ਪੰਜਾਬ ਹਾਂ
ਮੇਰੀਆਂ ਲੱਤਾਂ ਕੱਟ ਕੇ
ਬਣਾਇਆ ਹਿਮਾਚਲ ਤੇ ਹਰਿਆਣਾ
ਅੱਜ ਮੈਂ ਅਪੰਗ ਹਾਂ
(ਮਿਸਿਜ਼ ਰਜਨੀਸ਼ 'ਕਮਰ')
ਜਗਸੀਰ ਜੀਦੇ ਨੂੰ ਲੱਗਦਾ ਹੈ ਕਿ ਹਕੂਮਤਾਂ ਨੇ ਬੋਲੀ ਨੂੰ ਲੋਥਾਂ ਦੀ ਮੰਡੀ ਬਣਾ ਦਿਤਾ ਹੈ। ਇਹ ਬੋਲੀ ਤਾਂ ਫਰੀਦ-ਨਾਨਕ-ਬੁੱਲ੍ਹੇ ਦੀ ਬੋਲੀ ਸੀ। ਫਿਰ ਇਸ ਪ੍ਰਤੀ ਨਫ਼ਰਤ ਕਿਉਂ ਫੈਲਾਈ ਗਈ। ਇਸ ਸਾਂਝੀ ਬੋਲੀ ਨੂੰ ਕੀ ਇੰਜ ਵੰਡਿਆ ਜਾ ਸਕਦੈ? ਕੀ ਮਾਂ ਦੇ ਟੁਕੜੇ ਕੀਤੇ ਜਾ ਸਕਦੇ ਹਨ? ਸ਼ਾਇਦ ਨਹੀਂ। ਏਸੇ ਦੁੱਖ ਤੇ ਸੱਲ ਨੂੰ ਕਵੀਆਂ ਨੇ ਹੰਝੂ ਕੇਰਦਿਆਂ ਬਿਆਨਿਆ ਹੈ –
* ਪੰਜ ਦਰਿਆਵਾਂ ਦੀ ਪੰਜਾਬੀ,
ਚਾਰ ਖਾਨੇ ਵਾਂਗ ਵੰਡੀ
ਪਾਕਿਸਤਾਨ, ਹਰਿਆਣਾ,
ਹਿਮਾਚਲ, ਵੱਢ ਬੋਲੀ ਦੀ ਘੰਡੀ।
* ਅੱਜ ਸੋਹਣੇ ਦੇਸ਼ ਪੰਜਾਬ ਦੇ,
ਹਨ ਪਾਣੀ ਲਹਿ ਗਏ
ਇਨ੍ਹਾਂ ਦੀ ਜੀਵਨ-ਹਿੱਕ 'ਤੇ,
ਕਈ ਛਾਲੇ ਪੈ ਗਏ–
(ਪ.ਸ. ਸਹਿਰਾਈ)
ਉਦੋਂ ਆਬਾਦੀ ਦਾ ਇਕ ਹਿੱਸਾ ਮਹਾਂ ਪੰਜਾਬ ਲਈ ਜ਼ੋਰ ਲਾ ਰਿਹਾ ਸੀ। ਮਹਾਂ ਪੰਜਾਬ ਦਾ ਅਰਥ ਦੋ-ਭਾਸ਼ੀ ਪੰਜਾਬ ਸੀ। ਪਰ ਉਨ੍ਹਾਂ ਦੀ ਇਹ ਚਾਲ ਸਫਲ ਨਾ ਹੋਈ। ਉਸ ਵੇਲੇ ਦੇ ਗੰਧਲੇ ਮਾਹੌਲ ਵਿਚ ਜਿੰਨੀ ਰਾਜਨੀਤੀ ਪੰਜਾਬੀ ਦੇ ਨਾਂ 'ਤੇ ਹੋਈ ਉਸਨੇ ਮਨੁੱਖਤਾ ਦਾ ਸਿਰ ਨੀਵਾਂ ਕਰ ਦਿੱਤਾ। ਸੰਵੇਦਨਸ਼ੀਲ ਕਵੀਆਂ ਦੇ ਅੰਤਰ-ਮਨ ਕੁਰਲਾ ਰਹੇ ਸਨ ਕਿ ਪੰਜਾਬ ਤਾਂ ਪਹਿਲਾਂ ਹੀ ਲੁਟਿਆ ਪੁਟਿਆ ਪਿਐ। ਇਸ ਦੇ ਹੋਰ ਟੋਟੇ ਇਹਦਾ ਲੱਕ ਤੋੜ ਦੇਣਗੇ। ਰਵਿੰਦਰ ਰਵੀ ਲਿਖਦਾ ਹੈ –
ਸੁਪਨਾ ਮਹਾ ਪੰਜਾਬ ਦਾ ਫੇਟਿਆ
ਥਾਂ ਪਰ ਥਾਂ ਰੁਲਿਆ ਏ
ਕਾਤਰ ਕਾਤਰ ਹੋਈ ਇਸਦੀ
ਫੁੱਟ ਇਸਨੂੰ ਲੁਟਿਆ ਏ
ਸ਼ੇਰੇ ਪੰਜਾਬ ਨੇ ਪੰਜਾਬ ਦੀਆਂ ਭੂਗੋਲਕ ਹੱਦਾਂ ਦਾ ਵਿਸਥਾਰ ਕਰ ਕੇ ਇਕ ਸਾਮਰਾਜ ਦੀ ਨਹੀਂ ਰੱਖੀ ਸੀ। ਭਾਵੇਂ ਮਹਾਰਾਜੇ ਨੇ ਪੰਜਾਬੀ ਭਾਸ਼ਾ ਨੂੰ ਪਟਰਾਣੀ ਨਹੀਂ ਬਣਾਇਆ ਪਰ ਉਹਨੇ ਪੰਜਾਬ ਨੂੰ ਦੁਨੀਆ ਦੇ ਨਕਸ਼ੇ 'ਤੇ ਇਕ ਅਜਿਹੇ ਰਾਜ ਵਜੋਂ ਸਥਾਪਤ ਕੀਤਾ ਜੋ ਲੰਮੇ ਸਮੇਂ ਦੀ ਉਥਲ ਪੁਥਲ ਤੋਂ ਬਾਅਦ ਪੰਜਾਬੀਆਂ ਦਾ ਸਾਂਝਾ ਤੇ ਅਮਨ ਚੈਨ ਵਾਲਾ ਰਾਜ ਸੀ। ਅਜਿਹੇ ਪੰਜਾਬ ਦੇ ਢਹਿ ਢੇਰੀ ਹੋਣ 'ਤੇ ਸ਼ਾਹ ਮੁਹੰਮਦ ਨੇ ਕੀਰਨੇ ਪਾਏ ਸਨ। ਅੱਜ ਦੇ ਕਵੀ ਵੀ ਸ਼ੇਰੇ ਪੰਜਾਬ ਦੇ ਰਾਜ ਤੇ ਅੱਜ ਦੇ ਪੰਜਾਬ ਦੀ ਤੁਲਨਾ ਕਰਦੇ ਹੇਰਵੇ ਵਿਚ ਹਨ ਕਿ ਕਿਸਮਤ ਦੀ ਮਾਰ ਨੇ ਪੰਜਾਬ ਦਾ ਪਿੰਡਾ ਫੇਰ ਵਲੂੰਧਰ ਦਿੱਤਾ ਹੈ। ਰਾਮ ਨਰੈਣ ਸਿੰਘ 'ਦਰਦੀ' ਲਿਖਦਾ ਹੈ –
ਤੂੰ ਪੁਰਾਣੇ ਪੰਜਾਬ ਦੇ ਮਹਾਰਾਜੇ
ਤੂੰ ਅੱਜ ਦਾ ਜਰਾ ਪੰਜਾਬ ਤੇ ਵੇਖ
ਬਾਰ੍ਹਾਂ ਜ਼ਿਲਿਆਂ ਤੇ ਛੱਤੀ ਤਸੀਲਾਂ ਵਾਲਾ
ਕਿਸਮਤ ਮਾਰਿਆ ਅੱਜ ਦਾ ਪੰਜਾਬ ਤੇ ਵੇਖ।
ਇਤਿਹਾਸ ਦੇ ਸਫ਼ਿਆਂ 'ਤੇ ਪੰਜਾਬ ਅੱਜ ਵੀ ਸੰਕਟਾਂ ਵਿਚ ਘਿਰਿਆ ਹੋਇਐ। ਹਰ ਸਦੀ ਵਿਚ ਇਹਦੀ ਪਰੀਖਿਆ ਹੋਈ ਹੈ ਪਰ ਕੱਟੇ ਵੱਢੇ ਨੇ ਵੀ ਆਪਣੀ ਅਣਖ ਨੂੰ ਦਾਗ ਨਹੀਂ ਲੱਗਣ ਦਿਤਾ। ਅੱਜ ਦੁਨੀਆ ਭਰ ਵਿਚ ਪੰਜਾਬੀ ਦਾ ਬੋਲਬਾਲਾ ਹੈ। ਡੇਢ ਸੌ ਤੋਂ ਵਧੇਰੇ ਮੁਲਕਾਂ ਵਿਚ ਪੰਜਾਬੀ ਵਸਦੇ ਹਨ ਤੇ ਹਰ ਦੇਸ਼ ਵਿਚ ਇਕ ਨਿੱਕਾ ਜਿਹਾ ਪੰਜਾਬ ਵਸਿਆ ਹੋਇਐ। ਗਲੋਬ 'ਤੇ ਪੰਜਾਬੀ ਬੋਲਣ ਵਾਲੇ ਚੌਦਾਂ ਕਰੋੜ ਹਨ ਤੇ ਇਹ ਤਰੱਕੀ ਕਰ ਰਹੀ ਹੈ। ਸ਼ਾਇਦ ਇਹ ਬਾਬੇ ਨਾਨਕ ਦੀ ਅਸੀਸ ਸੀ ਕਿ ਭਲਿਆਂ ਨੂੰ ਉੱਜੜ ਜਾਣ ਲਈ ਕਿਹਾ ਸੀ ਤੇ ਇਨ੍ਹਾਂ ਉੱਜੜ ਜਾਣ ਵਾਲਿਆਂ ਨੇ ਹੀ ਹਰ ਮੁਲਕ ਵਿਚ ਪੰਜਾਬ ਵਸਾ ਕੇ ਨਾਨਕ ਦੇ ਨਾਮ ਨੂੰ ਧਿਆਇਆ ਹੈ। ਅਰਦਾਸ ਕਰਨੀ ਚਾਹੀਦੀ ਹੈ ਕਿ ਇਹ ਨਿੱਕਾ ਜਿਹਾ ਕੱਟਿਆ ਵੱਢਿਆ ਪੰਜਾਬ ਪੰਜਾਬੀ ਮਾਂ ਬੋਲੀ ਦਾ ਸੱਚਾ ਸਬੂਤ ਹੋਣ ਦਾ ਫ਼ਰਜ਼ ਨਿਭਾਵੇ। ਜਿਹੜੇ ਮਾਂ ਬੋਲੀ ਤੋਂ ਬੇਮੁਖ ਹੋ ਗਏ ਸਨ ਉਹ ਪਰਤ ਆਏ ਹਨ ਜਿਹੜੇ ਅਜੇ ਵੀ ਬੇਮੁਖ ਹਨ ਉਨ੍ਹਾਂ ਨੂੰ ਪਰਤ ਆਉਣਾ ਚਾਹੀਦਾ ਹੈ। ਸਭ ਨੂੰ ਰਲ ਮਿਲ ਕੇ ਇਸ ਮਾਂ ਬੋਲੀ ਦੀ ਤਰੱਕੀ ਲਈ ਸੀਰ ਪਾਉਣਾ ਚਾਹੀਦਾ ਹੈ।
- ਪਰਮਜੀਤ ਢੀਂਗਰਾ