'ਪੰਜਾਬੀ ਜਾਗਰਣ' 18 ਜੂਨ ਨੂੰ ਆਪਣੇ 9 ਵਰ੍ਹੇ ਪੂਰੇ ਕਰ ਰਿਹਾ ਹੈ। ਸਾਡੀ ਹਮੇਸ਼ਾ ਇਹੋ ਕੋਸ਼ਿਸ਼ ਰਹੀ ਹੈ ਕਿ ਨਾਰੀ ਲੇਖਕਾਂ ਨੂੰ ਵੀ ਬਣਦੀ ਜਗ੍ਹਾ ਦਿੱਤੀ ਜਾਵੇ। ਅੱਜ ਚਰਚਾ ਕਰਾਂਗੇ ਪੰਜਾਬੀ ਸਾਹਿਤ ਦਾ ਮਾਣ ਵਧਾਉਣ ਵਾਲੀਆਂ 9 ਨਾਰੀ ਲੇਖਕਾਂ ਬਾਰੇ , ਜਿਨ੍ਹਾਂ ਨੇ ਪੰਜਾਬੀ ਮਾਂ-ਬੋਲੀ ਦੀ ਸ਼ਾਨ ਪੂਰੀ ਦੁਨੀਆ 'ਚ ਵਧਾਈ ਹੈ...

ਲਿਖਣਾ ਇਕ ਵਚਨਬੱਧਤਾ ਹੈ , ਕੋਈ ਸ਼ੁਗਲ ਜਾਂ ਦਿਲ ਪਰਚਾਵੇ ਵਾਲੀ ਪ੍ਰਕਿਰਿਆ ਨਹੀਂ। ਸਾਹਿਤ ਸਿਰਜਣਾ ਘੋਰ ਫ਼ਕੀਰੀ ਦਾ ਰਾਹ ਹੈ ਤੇ ਨਾਰੀ ਲੇਖਕਾਂ ਲਈ ਤਾਂ ਹੋਰ ਵੀ ਬਿਖੜਾ ਪੈਂਡਾ। ਉਸ ਦੇ ਲਈ ਦੋ ਵਿਕਲਪ ਹਨ : ਇਕ ਪਾਸੇ ਘਰ ਅਤੇ ਦੂਜੇ ਪਾਸੇ ਕਲਮ। ਜੇ ਉਹ ਘਰ-ਪਰਿਵਾਰ ਵੱਲ ਪੂਰਾ ਧਿਆਨ ਦਿੰਦੀ ਹੈ ਤਾਂ ਉਸ ਦੀ ਸਾਹਿਤ-ਸਿਰਜਣਾ ਕੁਝ ਨਾ ਕੁਝ ਨਿਸਤੇਜ ਰਹਿ ਜਾਂਦੀ ਹੈ ਅਤੇ ਜੇ ਉਹ ਕਲਮ ਨੂੰ ਬਹੁਤ ਸਮਾਂ ਦੇਵੇ ਤਾਂ ਘਰ-ਪਰਿਵਾਰ ਵੱਲ ਉਸ ਦੀਆਂ ਜ਼ਿੰਮੇਵਾਰੀਆਂ ਵਿਚ ਕੁਝ ਨਾ ਕੁਝ ਢਿੱਲ-ਮੱਠ ਰਹਿ ਜਾਣੀ ਕੁਦਰਤੀ ਹੈ। ਪੰਜਾਬੀ ਸਾਹਿਤ ਨੂੰ ਸ਼ਾਹਕਾਰ ਰਚਨਾਵਾਂ ਦੇਣ ਵਾਲਾ ਰਾਮ ਸਰੂਪ ਅਣਖੀ ਖ਼ੁਦ ਲਿਖਦਾ ਹੈ, ''ਇਸਤਰੀ-ਮਨ ਦੀ ਪੀੜ ਨੂੰ ਜਿੰਨੀ ਸ਼ਿੱਦਤ ਤੇ ਗਹਿਰਾਈ ਨਾਲ ਔਰਤ ਆਪ ਪੇਸ਼ ਕਰ ਸਕਦੀ ਹੈ, ਮਰਦ -ਲੇਖਕ ਕਿੰਨਾ ਵੀ ਅਨੁਭਵੀ ਤੇ ਉਦਾਰਵਾਦੀ ਹੋਵੇ, ਇਸਤਰੀ-ਮਨ ਨੂੰ ਓਨਾ ਨੇੜਿਓਂ ਨਹੀਂ ਪਕੜ ਸਕਦਾ।'' ਪੰਜਾਬੀ ਸਾਹਿਤ ਦੇ ਨਾਮੀ ਆਲੋਚਕ ਪ੍ਰੋ. ਬ੍ਰਹਮਜਗਦੀਸ਼ ਸਿੰਘ ਦੇ ਸ਼ਬਦਾਂ 'ਚ, ''ਮਨੁੱਖੀ ਸੱਭਿਆਚਾਰ 'ਚ ਪੁਰਖ ਨਾਲੋਂ ਇਸਤਰੀ ਵਧੇਰੇ ਸੰਵੇਦਨਸ਼ੀਲ, ਸਾਬਰ ਤੇ ਸਮਝਦਾਰ ਹੁੰਦੀ ਹੈ। ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੁਰਸ਼ ਨਾਲੋਂ ਵਧੇਰੇ ਚੰਗੀ ਤਰ੍ਹਾਂ ਨਾਲ ਸਮਝਦੀ ਹੈ। ਭਾਰਤੀ ਪਰਿਪੇਖ 'ਚ ਇਹ ਗੱਲ ਵਧੇਰੇ ਚੰਗੀ ਤਰ੍ਹਾਂ ਨਾਲ ਸਮਝੀ ਜਾ ਸਕਦੀ ਹੈ ਕਿਉਂਕਿ ਸਾਡੇ ਇੱਥੇ ਇਸਤਰੀ ਦੇ ਸਾਹਮਣੇ ਫ਼ਰਜ਼ ਹੀ ਫ਼ਰਜ਼ ਹਨ। ਅਧਿਕਾਰਾਂ ਦੀ ਕੋਈ ਮਹਿਕਦੀ ਜਾਂ ਖ਼ੂਬਸੂਰਤ ਵਾਦੀ ਹੈ ਹੀ ਨਹੀਂ। ਉਹ ਆਪਣੀਆਂ ਕੋਮਲ ਭਾਵਨਾਵਾਂ ਉੱਪਰ ਮਰਯਾਦਾ ਦੇ ਬੋਝਲ ਪੱਥਰ ਰੱਖ ਕੇ ਮਰਦ ਦੀ ਇੱਛਾ ਅਨੁਸਾਰ ਜਿਊਣ ਲਈ ਮਜਬੂਰ ਹੈ।''

ਸਾਹਿਤ ਦੇ ਕਿੰਨੇ ਹੀ ਰੂਪ ਤੇ ਕਿੰਨੇ ਹੀ ਵਾਦ ਹਨ। ਨਾਰੀ ਲੇਖਕਾਂ ਦੀ ਰਚਨਾ ਦਾ ਕੋਈ ਵਾਦ ਨਹੀਂ। ਅਜੋਕੇ ਦੌਰ ਦੀਆਂ ਨਾਰੀ ਲੇਖਕਾਂ ਦੀ ਖ਼ਾਸੀਅਤ ਇਹ ਹੈ ਕਿ ਉਹ ਆਪਣੇ ਨਿੱਜੀ ਵਿਗੋਚੇ ਤੇ ਵਿਅਕਤੀਗਤ ਸੱਖਣੇਪਣ ਤੋਂ ਪਾਰ ਲੰਘ ਆਈਆਂ ਹਨ ਤੇ ਨਿੱਜ ਦੇ ਦਰਦ ਤੋਂ ਘੇਰਾ ਵਸੀਹ ਕਰਦਿਆਂ ਲੋਕਾਈ ਦੇ ਦਰਦ ਨੂੰ ਆਪਣੀ ਰਚਨਾਕਾਰੀ ਦਾ ਹਿੱਸਾ ਬਣਾ ਰਹੀਆਂ ਹਨ। ਸਾਡੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਨਾਰੀ ਲੇਖਕਾਂ ਦੀਆਂ ਰਚਨਾਵਾਂ ਨੂੰ ਵੀ ਪ੍ਰਮੁੱਖਤਾ ਦਿੱਤੀ ਜਾਵੇ। ਨਵੀਆਂ ਕਲਮਾਂ ਨੂੰ ਉਤਸ਼ਾਹਿਤ ਕਰਨ ਲਈ 'ਪੱਤਰ ਹਰੇ ਕਚੂਰ' ਕਾਲਮ ਸ਼ੁਰੂ ਕੀਤਾ ਗਿਆ, ਜਿਸ 'ਚ ਨਵੀਆਂ ਉੱਠ ਰਹੀਆਂ ਨਾਰੀ ਕਲਮਾਂ ਨੂੰ ਜਗ੍ਹਾ ਦਿੱਤੀ ਜਾ ਰਹੀ ਹੈ।

ਸਾਹਿਤਕ ਪੱਤਰਕਾਰੀ ਤੇ ਕਵਿਤਾ ਦੀ ਅਹਿਮ ਹਸਤਾਖ਼ਰ ਅਰਤਿੰਦਰ ਸੰਧੂ

ਅਜੋਕੇ ਦੌਰ 'ਚ ਸਾਹਿਤਕ ਰਸਾਲਾ ਕੱਢਣਾ ਹਾਰੀ-ਸਾਰੀ ਦੇ ਵੱਸ ਨਹੀਂ। ਇਸ ਮੁਸ਼ਕਲ ਕੰਮ ਨੂੰ ਸੰਭਵ ਕਰ ਦਿਖਾਇਆ ਹੈ ਗੁਰੂ ਨਗਰੀ ਅੰਮ੍ਰਿਤਸਰ ਦੀ ਕਵਿੱਤਰੀ ਅਰਤਿੰਦਰ ਸੰਧੂ ਨੇ। ਉਹ ਉੱਚਪਾਏ ਦੀ ਕਵਿਤਾ ਲਿਖਣ ਦੇ ਨਾਲ-ਨਾਲ 'ਸਾਹਿਤਕ ਏਕਮ' ਰਸਾਲਾ ਵੀ ਬੜੀ ਸਫ਼ਲਤਾ ਨਾਲ ਕੱਢ ਰਹੀ ਹੈ। ਉਹ ਹੁਣ ਤਕ 'ਸਿਜਦੇ ਜੁਗਨੂੰਆਂ ਨੂੰ', 'ਸਪੰਦਨ', 'ਇਕ ਟੋਟਾ ਵਰੇਸ', 'ਏਕਮ ਦੀ ਫਾਂਕ', 'ਕਿਣ ਮਿਣ ਅੱਖਰ', 'ਸ਼ੀਸ਼ੇ ਦੀ ਜੂਨ', 'ਕਿੱਥੋਂ ਆਉਂਦੀ ਕਵਿਤਾ', 'ਕਦੇ ਕਦਾਈਂ', 'ਘਰ ਘਰ' , 'ਆਪਣੇ ਤੋਂ ਆਪਣੇ ਤਕ', 'ਕਦੇ ਤਾਂ ਮਿਲ ਜ਼ਿੰਦਗੀ', 'ਵਿਚਲਾ ਮੌਸਮ' ਕਾਵਿ-ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕੀ ਹੈ। ਉਸ ਦਾ ਇਕ ਕਾਵਿ-ਸੰਗ੍ਰਹਿ 'ਘਰ ਘਰ ਤੇ ਘਰ' ਤਾਜ਼ਾ ਹੀ ਛਪਿਆ ਹੈ। ਉਹ ਦਿਸਹੱਦਿਆਂ ਤੋਂ ਪਾਰ ਦੀ ਕਵਿਤਾ ਸਿਰਜਦੀ ਹੈ। ਉਸ ਦੀ ਰੂਪਕ ਪੱਖ ਤੋਂ ਪੰਜਾਬੀ ਕਵਿਤਾ ਨੂੰ ਮਹੱਤਵਪੂਰਨ ਦੇਣ ਹੈ।


ਪੰਜਾਬੀ ਗ਼ਜ਼ਲ ਨੂੰ ਰੁਮਾਨੀ ਰੰਗ ਦੇਣ ਵਾਲੀ ਸੁਖਵਿੰਦਰ ਅੰਮ੍ਰਿਤ

ਪੰਜਾਬੀ ਗ਼ਜ਼ਲ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਨਾਰੀ ਗ਼ਜ਼ਲਕਾਰਾਂ ਵੱਲੋਂ ਤਕਨੀਕ ਤੇ ਵਿਸ਼ੇ ਪੱਖੋਂ ਬੜੀ ਉਮਦਾ ਗ਼ਜ਼ਲ ਲਿਖੀ ਜਾ ਰਹੀ ਹੈ। ਜੇ ਪੰਜਾਬੀ ਨਾਰੀ ਗ਼ਜ਼ਲਕਾਰਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਨਾਂ ਆਉਂਦਾ ਹੈ ਸੁਖਵਿੰਦਰ ਅੰਮ੍ਰਿਤ ਦਾ, ਜਿਸ ਨੇ ਨਾਰੀ ਮਨ ਦੇ ਵਲਵਲਿਆਂ ਨੂੰ ਬੜੀ ਬੇਬਾਕੀ ਨਾਲ ਆਪਣੀਆਂ ਗ਼ਜ਼ਲਾਂ 'ਚ ਚਿਤਰਿਆ ਹੈ। ਉਸ ਨੇ ਪੁਰਸ਼ ਪ੍ਰਧਾਨ ਸਮਾਜ 'ਚ ਨਾਰੀ ਦੀਆਂ ਕੁਚਲੀਆਂ ਜਾ ਰਹੀਆਂ ਭਾਵਨਾਵਾਂ ਨੂੰ ਬੜੀ ਸ਼ਿੱਦਤ ਤੇ ਗਹਿਰਾਈ ਨਾਲ ਉਭਾਰਿਆ ਹੈ। ਉਸ ਦੇ 'ਸੂਰਜ ਦੀ ਦਹਿਲੀਜ਼', 'ਚਿਰਾਗ਼ਾਂ ਦੀ ਡਾਰ', 'ਪੱਤਝੜ ਵਿਚ ਪੁੰਗਰਦੇ ਪੱਤੇ', 'ਹਜ਼ਾਰ ਰੰਗਾਂ ਦੀ ਲਾਟ' ਤੇ 'ਪੁੰਨਿਆ' ਗ਼ਜ਼ਲ ਸੰਗ੍ਰਹਿ ਛਪੇ ਹਨ। ਗ਼ਜ਼ਲਾਂ ਦੇ ਨਾਲ-ਨਾਲ ਉਸ ਨੇ ਗੀਤ ਤੇ ਕਵਿਤਾ 'ਤੇ ਵੀ ਬਾਖ਼ੂਬੀ ਹੱਥ ਅਜ਼ਮਾਇਆ। 'ਨੀਲਿਆ ਮੋਰਾ ਵੇ...' ਉਸ ਦਾ ਖ਼ੂਬਸੂਰਤ ਗੀਤਾਂ ਦਾ ਸੰਗ੍ਰਹਿ ਹੈ। 'ਧੁੱਪ ਦੀ ਚੁੰਨੀ' ਤੇ 'ਕਣੀਆਂ' ਕਾਵਿ-ਸੰਗ੍ਰਹਿ ਹਨ। ਉਸ ਦੀਆਂ ਗ਼ਜ਼ਲਾਂ ਨਾਲ ਪੰਜਾਬੀ ਗ਼ਜ਼ਲ ਦਾ ਰੁਮਾਨੀ ਰੰਗ ਨਿੱਖਰਿਆ ਹੈ।


ਕੌਮੀ ਪੱਧਰ ਦੀ ਪੰਜਾਬੀ ਗਲਪਕਾਰਾ ਅਜੀਤ ਕੌਰ

ਪੰਜਾਬੀ ਕਹਾਣੀ ਹੁਣ ਕੌਮੀ ਪੱਧਰ 'ਤੇ ਪਛਾਣੀ ਜਾਣ ਲੱਗੀ ਹੈ। ਪੰਜਾਬੀ ਕਹਾਣੀਆਂ ਹੋਰਨਾਂ ਭਾਰਤੀ ਭਾਸ਼ਾਵਾਂ 'ਚ ਵੀ ਤਰਜਮਾ ਹੋਣ ਲੱਗੀਆਂ ਹਨ। ਇਸ ਤਰ੍ਹਾਂ ਦੀਆਂ ਕਹਾਣੀਆਂ ਦੀ ਸਿਰਜਕ ਹੈ ਅਜੀਤ ਕੌਰ, ਜਿਸ ਦੀਆਂ ਕਹਾਣੀਆਂ ਪੂਰੇ ਦੇਸ਼ 'ਚ ਚਰਚਾ ਦਾ ਵਿਸ਼ਾ ਬਣੀਆਂ। ਅੰਮ੍ਰਿਤਾ ਪ੍ਰੀਤਮ ਤੋਂ ਬਾਅਦ ਜੇ ਕਿਸੇ ਨੇ ਨਾਰੀ ਮਨ ਦੇ ਵਲਵਲਿਆਂ ਨੂੰ ਸਾਹਿਤਕ ਖ਼ੂਬਸੂਰਤੀ ਨਾਲ ਚਿਤਰਿਆ ਤਾਂ ਉਹ ਅਜੀਤ ਕੌਰ ਹੀ ਹੈ। ਉਸ ਦੇ ਸਾਰੇ ਕਹਾਣੀ ਸੰਗ੍ਰਹਿ ਹੀ ਬਹੁਤ ਚਰਚਿਤ ਹੋਏ, ਜਿਨ੍ਹਾਂ 'ਚ 'ਗੁਲਬਾਨੋ', 'ਮੌਤ ਅਲੀ ਬਾਬੇ ਦੀ', 'ਮਹਿਕ ਦੀ ਮੌਤ',ਨਾ ਮਾਰੋ', 'ਬੁਤਸ਼ਿਕਨ', 'ਫਾਲਤੂ ਔਰਤ', 'ਸਾਵੀਆਂ ਚਿੜੀਆਂ', 'ਨਵੰਬਰ 84', 'ਕਾਲੇ ਖੂਹ', 'ਆਪਣੇ ਆਪਣੇ ਜੰਗਲ' ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਉਸ ਦੇ ਨਾਵਲ 'ਧੁੱਪ ਵਾਲਾ ਸ਼ਹਿਰ', 'ਪੋਸਟ ਮਾਰਟਮ', 'ਗੌਰੀ', 'ਕੱਟੀਆਂ ਲਕੀਰਾਂ', 'ਟੁੱਟੇ ਤ੍ਰਿਕੋਣ', 'ਧੂੰਆਂ ਧੂੰਆਂ ਅਸਮਾਨ' ਵੀ ਖ਼ੂਬ ਚਰਚਿਤ ਰਹੇ। ਉਸ ਨੇ ਔਰਤ ਦੀ ਸਮਾਜ 'ਚ ਦਸ਼ਾ ਬਾਰੇ ਯਥਾਰਥਵਾਦੀ ਨਾਵਲ ਲਿਖੇ। ਉਸ ਦੀ ਸਵੈ-ਜੀਵਨੀ 'ਖਾਨਾਬਦੋਸ਼' ਤੇ 'ਕੂੜਾ-ਕਬਾੜਾ' ਬਹੁਤ ਮਕਬੂਲ ਹੋਈ। ਉਸ ਨੂੰ ਸਾਹਿਤ ਅਕਾਦਮੀ ਪੁਰਸਕਾਰ ਤੋਂ ਇਲਾਵਾ ਪਦਮਸ੍ਰੀ ਪੁਰਸਕਾਰ ਨਾਲ ਵੀ ਨਵਾਜਿਆ ਆ ਚੁੱਕਿਆ ਹੈ। ਅੱਜਕੱਲ੍ਹ ਉਹ ਦਿੱਲੀ ਵਿਖੇ ਰਹਿ ਕੇ ਸਾਹਿਤ ਸਿਰਜਣਾ 'ਚ ਲੱਗੀ ਹੋਈ ਹੈ।


ਗਿਣਾਤਮਕ ਪੱਖੋਂ ਬਾਜ਼ੀ ਮਾਰਨ ਵਾਲੀ ਕਹਾਣੀਕਾਰਾ ਬਚਿੰਤ ਕੌਰ

ਇਹ ਰੁਤਬਾ ਕਿਸੇ-ਕਿਸੇ ਨੂੰ ਹੀ ਹਾਸਲ ਹੁੰਦਾ ਹੈ ਕਿ ਉਹ ਲਿਖੇ ਵੀ ਬਹੁਤ ਜ਼ਿਆਦਾ ਤੇ ਲਿਖੇ ਵੀ ਉੱਚ ਪਾਏ ਦਾ। ਬਚਿੰਤ ਕੌਰ ਪੰਜਾਬੀ ਕਹਾਣੀ 'ਚ ਅਜਿਹਾ ਨਾਂ ਹੈ, ਜਿਸ ਨੂੰ ਗਿਣਾਤਮਕ ਤੇ ਗੁਣਾਤਮਕ ਪੱਖੋਂ ਸਾਹਿਤ ਸਿਰਜਣਾ ਲਈ ਜਾਣਿਆ ਜਾਂਦਾ ਹੈ। ਉਸ ਨੇ ਕਹਾਣੀ ਦੇ ਨਾਲ-ਨਾਲ ਕਵਿਤਾ, ਨਾਵਲ, ਬਾਲ ਸਾਹਿਤ 'ਤੇ ਵੀ ਹੱਥ ਅਜ਼ਮਾਇਆ ਹੈ। ਉਸ ਦੇ 'ਮੰਜ਼ਲ', 'ਸੂਹਾ ਰੰਗ ਸਿਆਹ ਰੰਗ', 'ਭੁੱਬਲ ਦੀ ਅੱਗ', 'ਕਿਆਰੀ ਲੌਂਗਾਂ ਦੀ', 'ਖੁਰੇ ਹੇਏ ਰੰਗ', 'ਮੁਕਲਾਵੇ ਵਾਲੀ ਰਾਤ', 'ਵਾਟਾਂ ਅਧੂਰੀਆਂ', 'ਕੰਧਾਂ ਕੋਲ੍ਹੇ', 'ਰੇਸ਼ਮੀ ਰੁਮਾਲ' ਆਦਿ ਕਹਾਣੀ ਸੰਗ੍ਰਹਿ ਛਪੇ। ਇਸ ਤੋਂ ਇਲਾਵਾ ਉਸ ਨੇ ਕਈ ਨਾਵਲ ਵੀ ਲਿਖੇ, ਜਿਨ੍ਹਾਂ 'ਚ 'ਜੀਵਤ ਮਾਟੀ ਹੋਇ', 'ਦਰੋਪਦੀ', 'ਦਿ ਲਾਸਟ ਪੇਜ਼' ਪ੍ਰਮੁੱਖ ਹਨ। ਉਸ ਨੇ ਬਾਲ ਸਾਹਿਤ 'ਤੇ ਵੀ ਨਿੱਠ ਕੇ ਕੰਮ ਕੀਤਾ ਹੈ। ਉਸ ਦੀਆਂ ਵੱਡੀ ਗਿਣਤੀ 'ਚ ਰਚਨਾਵਾਂ ਹਿੰਦੀ 'ਚ ਅਨੁਵਾਦ ਹੋ ਕੇ ਛਪੀਆਂ ਹਨ।


ਲੀਹ ਤੋਂ ਹਟਵੀਂ ਕਵਿਤਾ ਦੀ ਸਿਰਜਕ ਪਾਲ ਕੌਰ

ਪਾਲ ਕੌਰ ਲੀਹ ਤੋਂ ਹਟ ਕੇ ਕਵਿਤਾ ਲਿਖਣ ਵਾਲੀ ਕਵਿੱਤਰੀ ਹੈ। 1986 ਤੋਂ ਸ਼ੁਰੂ ਹੋਇਆ ਉਸ ਦਾ ਕਾਵਿਕ ਸਫ਼ਰ ਹਾਲੇ ਵੀ ਨਿਰੰਤਰ ਜਾਰੀ ਹੈ। ਉਸ ਦੇ ਪਿਤਾ ਤੇ ਭਰਾ ਵੀ ਲੇਖਕ ਸਨ। 'ਖਲਾਅਵਾਸੀ', 'ਮੈਂ ਮੁਖ਼ਾਤਿਬ ਹਾਂ', 'ਇੰਜ ਨਾ ਮਿਲੀਂ', 'ਬਾਰਿਸ਼ ਅੰਦਰੇ ਅੰਦਰ', 'ਪੀਂਘ', 'ਪੌਣ ਤੜਾਗੀ', 'ਹੁਣ ਤਕ' ਤੇ 'ਕਟਹਿਰੇ ਵਿਚ ਔਰਤ' ਜਿਹੇ ਚਰਚਿਤ ਕਾਵਿ-ਸੰਗ੍ਰਹਾਂ ਦੀ ਸਿਰਜਕ ਇਸ ਰਚਨਾਕਾਰਾ ਦੀ ਹਰ ਕਿਤਾਬ ਸਾਹਿਤਕ ਸੱਥਾਂ 'ਚ ਚਰਚਾ ਦਾ ਵਿਸ਼ਾ ਬਣਦੀ ਹੈ। ਉਸ ਦੀ ਕਵਿਤਾ ਅਜੋਕੇ ਮਰਦ ਪ੍ਰਧਾਨ ਨਿਜ਼ਾਮ 'ਤੇ ਬੜੀ ਬੇਬਾਕੀ ਨਾਲ ਸਵਾਲ ਉਠਾਉਂਦੀ ਹੈ। ਉਸ ਦੀ ਰਚਨਾਕਾਰੀ ਪੰਜਾਬੀ ਕਵਿਤਾ 'ਚ ਕ੍ਰਾਂਤੀਕਾਰੀ ਸੁਰਾਂ ਨੂੰ ਉਭਾਰਦੀ ਹੈ।


ਪੂਰੇ ਦੇਸ਼ ਦਾ ਮਾਣ ਬਣ ਕੇ ਉੱਭਰੀ ਇੰਦਰਜੀਤ ਨੰਦਨ

'ਬੇਹਿੰਮਤੇ ਹੁੰਦੇ ਨੇ ਉਹ ਲੋਕ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ, ਹਿੰਮਤ ਵਾਲੇ ਤਾਂ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ'। ਇਸ ਸ਼ਿਅਰ ਨੂੰ ਸੱਚ ਕਰ ਦਿਖਾਇਆ ਹੈ ਹੁਸ਼ਿਆਰਪੁਰ ਦੀ ਇੰਦਰਜੀਤ ਨੰਦਨ ਨੇ, ਜਿਸ ਦੇ ਰਾਹ 'ਚ ਸਰੀਰਕ ਚੁਣੌਤੀਆਂ ਅੜਿੱਕਾ ਨਾ ਪਾ ਸਕੀਆਂ। ਸਰੀਰਕ ਤੌਰ 'ਤੇ ਅਸਮਰੱਥ ਹੋਣ ਦੇ ਬਾਵਜੂਦ ਉਸ ਨੇ ਛੇ ਕਿਤਾਬਾਂ ਲਿਖੀਆਂ। ਉਹ ਸੰਸਕ੍ਰਿਤੀ ਪੁਰਸਕਾਰ ਨਾਲ ਨਿਵਾਜੀ ਜਾਣ ਵਾਲੀ ਇੱਕੋ-ਇਕ ਪੰਜਾਬੀ ਲੇਖਿਕਾ ਹੈ। ਉਸ ਨੂੰ 2018 'ਚ ਰਾਸ਼ਟਰਪਤੀ ਐਵਾਰਡ ਪ੍ਰਾਪਤ ਕਰਨ ਦਾ ਵੀ ਮਾਣ ਹਾਸਲ ਹੈ। ਉਸ ਨੇ ਤਿੰਨ ਕਾਵਿ-ਸੰਗ੍ਰਹਿ 'ਦਿਸਹੱਦਿਆਂ ਤੋਂ ਪਾਰ', 'ਚੁੱਪ ਦੇ ਰੰਗ' 'ਕਵਿਤਾ ਦੇ ਮਾਰਫ਼ਤ' ਤੋਂ ਇਲਾਵਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਮਹਾਤਮਾ ਬੁੱਧ ਦੀ ਪਤਨੀ ਯਸ਼ੋਧਰਾ ਬਾਰੇ ਮਹਾਕਾਵਿ ਵੀ ਰਚਿਆ ਹੈ। ਉਸ ਨੇ ਪੰਜਾਬੀ ਥੀਏਟਰ ਦੇ ਭੀਸ਼ਮ ਪਿਤਾਮਾ ਕਹੇ ਜਾਣ ਵਾਲੇ ਜੋਗਿੰਦਰ ਬਾਹਰਲਾ ਬਾਰੇ ਵੀ ਕਿਤਾਬ ਲਿਖੀ, ਜਿਸ ਨਾਲ ਪੰਜਾਬੀ ਸਾਹਿਤ 'ਚ ਜੀਵਨੀ ਦੇ ਰੂਪਕ ਪੱਖ ਤੋਂ ਸਿਫ਼ਤਯੋਗ ਵਾਧਾ ਹੁੰਦਾ ਹੈ। ਉਸ ਦੀ ਕਵਿਤਾ ਕੁਦਰਤ ਨਾਲ ਇਕਮਿਕ ਹੋਣ ਦਾ ਸੰਦੇਸ਼ ਦਿੰਦੀ ਹੈ। ਲੇਖਣੀ ਨਾਲ ਉਸ ਦੇ ਜਨੂੰਨ ਦੀ ਹੱਦ ਤਕ ਇਸ਼ਕ ਦੇ ਜਜ਼ਬੇ ਨੂੰ ਸਲਾਮ ਹੈ।


ਅਣਗੌਲੇ ਵਰਗਾਂ ਦੀ ਅਲੰਬਰਦਾਰ ਗਲਪਕਾਰਾ ਹਰਪਿੰਦਰ ਰਾਣਾ

ਸਮਾਜ 'ਚ ਕਈ ਅਜਿਹੇ ਵਰਗ ਹਨ, ਜੋ ਹਾਸ਼ੀਏ 'ਤੇ ਤਾਂ ਕੀ ਸਗੋਂ ਹਾਸ਼ੀਏ ਤੋਂ ਵੀ ਪਾਰ ਵਿਚਰ ਰਹੇ ਹਨ। ਇਸੇ ਤਰ੍ਹਾਂ ਦਾ ਇਕ ਵਰਗ ਹੈ ਹਿਜੜਿਆਂ ਦਾ, ਜਿਸ ਨੂੰ ਸਾਡੇ ਸਮਾਜ 'ਚ ਬਹੁਤ ਮਾੜੀਆਂ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ। ਇਸ ਵਰਗ ਦੀਆਂ ਭੁੱਖਾਂ, ਤੇਹਾਂ, ਥੁੜਾਂ, ਭਾਵਨਾਵਾਂ, ਚਾਹਤਾਂ, ਸੁਪਨੇ ਤੇ ਸੱਧਰਾਂ ਦੀ ਤਰਜਮਾਨੀ ਕਰਨ ਵੱਲ ਲੇਖਕਾਂ ਦਾ ਧਿਆਨ ਘੱਟ ਹੀ ਗਿਆ ਹੈ। ਇਸ ਕੰਮ ਨੂੰ ਬੜੀ ਸ਼ਿੱਦਤ ਤੇ ਗਹਿਰਾਈ ਨਾਲ ਨੇਪਰੇ ਚਾੜ੍ਹਿਆ ਹੈ ਸ੍ਰੀ ਮੁਕਤਸਰ ਸਾਹਿਬ ਦੀ ਹਰਪਿੰਦਰ ਰਾਣਾ ਨੇ। ਉਸ ਦੇ ਨਾਵਲ 'ਕੀ ਜਾਣਾਂ ਮੈਂ ਕੌਣ' ਨੇ ਹਿਜੜਿਆਂ ਬਾਰੇ ਸਾਡੇ ਸਮਾਜ ਦੀ ਸੋਚ 'ਤੇ ਸਵਾਲ ਖੜ੍ਹੇ ਕੀਤੇ ਹਨ। ਇਹ ਨਾਵਲ ਰਚਣ ਲਈ ਉਸ ਨੇ ਬੜੀ ਮੁਸ਼ੱਕਤ ਕੀਤੀ ਤੇ ਇਸ ਅਣਗੌਲੇ ਵਰਗ ਦੇ ਜੀਵਨ ਦੇ ਹਰ ਪੱਖ ਨੂੰ ਨੇੜਿਓਂ ਵਾਚਿਆ। ਇਸ ਨਾਵਲ ਨੂੰ ਆਮ ਪਾਠਕਾਂ ਦੇ ਨਾਲ-ਨਾਲ ਆਲੋਚਕਾਂ ਤੇ ਲੇਖਕਾਂ ਨੇ ਵੀ ਬਹੁਤ ਵੱਡੇ ਪੱਧਰ 'ਤੇ ਸਲਾਹਿਆ ਹੈ। ਇਸ ਤੋਂ ਪਹਿਲਾਂ ਉਸ ਦਾ ਨਾਵਲ 'ਸ਼ਾਹਰਗ ਦੇ ਰਿਸ਼ਤੇ' ਰੀੜ੍ਹ ਦੀ ਹੱਡੀ ਦੇ ਵਿਗਾੜ ਕਾਰਨ ਪੈਦਾ ਹੋਈਆਂ ਸਰੀਰਕ ਤੇ ਮਾਨਸਿਕ ਸਮੱਸਿਆਵਾਂ 'ਤੇ ਆਧਾਰਤ ਮਨੋਵਿਗਿਆਨਕ ਵਿਸ਼ਲੇਸ਼ਣ ਸੀ, ਜੋ ਪੰਜਾਬੀ ਗਲਪ ਸਾਹਿਤ 'ਚ ਆਪਣੇ ਆਪ 'ਚ ਇਕ ਵਿਲੱਖਣ ਤਜਰਬਾ ਸੀ। ਉਹ ਕਈ ਜਮਹੂਰੀ ਜਥੇਬੰਦੀਆਂ ਨਾਲ ਵੀ ਜੁੜੀ ਹੋਈ ਹੈ।


ਪੰਜਾਬੀ ਵਿਰਸੇ ਨੂੰ ਸੰਭਾਲਣ ਵਾਲੀ ਪਰਮਜੀਤ ਕੌਰ ਸਰਹਿੰਦ

ਪੰਜਾਬੀ ਵਿਰਸੇ ਨੂੰ ਪੁਸਤਕਾਂ ਰਾਹੀਂ ਸੰਭਾਲਣਾ ਬੜੀ ਮਿਹਨਤ ਤੇ ਮਿਸ਼ਨ ਵਾਲਾ ਕੰਮ ਹੈ। ਇਸ ਕੰਮ ਨੂੰ ਬਾਖ਼ੂਬੀ ਨਿਭਾ ਰਹੀ ਹੈ ਬੀਬੀ ਪਰਮਜੀਤ ਕੌਰ ਸਰਹਿੰਦ। ਉਸ ਨੇ ਹੁਣ ਤਕ 'ਚਾਨਣ ਦੀ ਨਾਨਕ ਛੱਕ', 'ਪੰਜਾਬੀ ਸੱਭਿਆਚਾਰ ਦੇ ਨਕਸ਼', 'ਪੰਜਾਬੀ ਸਾਕ-ਸਕੀਰੀਆਂ ਤੇ ਰਹੁ-ਰੀਤਾਂ', 'ਪੰਜਾਬ ਦੇ ਤਿਉਹਾਰ', 'ਬਦਲ ਗਿਆ ਮੇਰਾ ਪਿੰਡ', 'ਖ਼ੁਸ਼ੀਆਂ ਤੋਂ ਉਦਾਸੀਆਂ ਤਕ' ਨਿਬੰਧ-ਸੰਗ੍ਰਹਿ ਲਿਖੇ ਹਨ, ਜਿਸ 'ਚ ਪੰਜਾਬ ਦੇ ਅਮੀਰ ਵਿਰਸੇ ਦੇ ਵੱਖ-ਵੱਖ ਰੰਗ ਬੜੀ ਖ਼ੂਬਸੂਰਤੀ ਨਾਲ ਚਿਤਰੇ ਹਨ। ਉਸ ਦੀਆਂ ਲਿਖੀਆਂ ਕਿਤਾਬਾਂ ਪੰਜਾਬੀ ਵਿਰਸੇ ਦਾ ਇਨਸਾਈਕਲੋਪੀਡੀਆ ਹਨ। ਵਿਰਾਸਤ ਬਾਰੇ ਉਸ ਦੇ ਲੇਖ ਅਕਸਰ ਹੀ ਅਖ਼ਬਾਰਾਂ 'ਚ ਪੜ੍ਹਨ ਨੂੰ ਮਿਲਦੇ ਹਨ। ਮੌਲਿਕ ਪੁਸਤਕਾਂ ਤੋਂ ਉਲਾਵਾ ਉਸ ਨੇ ਕੁਝ ਕਿਤਾਬਾਂ ਦੀ ਸੰਪਾਦਨਾ ਵੀ ਕੀਤੀ ਹੈ।

ਡੂੰਘੀਆਂ ਰਮਜ਼ਾਂ ਵਾਲੀ ਕਵਿੱਤਰੀ ਸੁਰਜੀਤ

ਪੰਜਾਬੀ ਕਵਿਤਾ ਦਾ ਘੇਰਾ ਹੁਣ ਬਹੁਤ ਵਸੀਹ ਹੋ ਗਿਆ ਹੈ। ਅਜੋਕੀ ਨਾਰੀ ਆਲੇ-ਦੁਆਲੇ ਵਾਪਰ ਰਹੀਆਂ ਘਟਨਾਵਾਂ ਪਿਛਲੇ ਕਾਰਨ ਤਲਾਸ਼ਦੀ ਹੈ। ਇਸੇ ਤਰ੍ਹਾਂ ਦੀ ਕਵਿਤਾ ਦੀ ਸਿਰਜਕ ਹੈ ਸੁਰਜੀਤ, ਜੋ ਅੱਜਕੱਲ੍ਹ ਕੈਨੇਡਾ ਵਿਖੇ ਰਹਿ ਰਹੀ ਹੈ। ਉਸ ਦੇ ਹੁਣ ਤਕ ਤਿੰਨ ਕਾਵਿ-ਸੰਗ੍ਰਹਿ 'ਸ਼ਿਕਸਤ ਰੰਗ', 'ਵਿਸਮਾਦ' ਤੇ 'ਹੇ ਸਖੀ' ਆ ਚੁੱਕੇ ਹਨ। 'ਹੇ ਸਖੀ' ਲੰਬੀ ਕਵਿਤਾ ਹੈ। 'ਪਾਰਲੇ ਪੁਲ' ਉਸ ਦਾ ਕਹਾਣੀ-ਸੰਗ੍ਰਹਿ ਹੈ। 'ਕੂੰਜਾਂ' ਉਸ ਵੱਲੋਂ ਸਹਿ-ਸੰਪਾਦਤ ਪੁਸਤਕ ਹੈ। ਉਸ ਦਾ ਕਾਵਿ-ਸੰਗ੍ਰਹਿ 'ਸ਼ਿਕਸਤ ਰੰਗ' 2009 'ਚ ਸ਼ਾਹਮੁਖੀ ਲਿਪੀ 'ਚ ਵੀ ਛਪਿਆ। ਸੁਰਜੀਤ ਲਈ ਕਵਿਤਾ ਆਪਣੇ ਆਪ ਨੂੰ ਤਲਾਸ਼ਣ ਤੇ ਤਰਾਸ਼ਣ ਵਾਲਾ ਕਾਰਜ ਹੈ। ਥਾਈਲੈਂਡ ਦੇ ਇਕ ਸਕੂਲ 'ਚ ਬਤੌਰ ਅਧਿਆਪਕ ਕੰਮ ਕਰਦਿਆਂ ਉਹ ਸਹਿਜ ਯੋਗ ਵੱਲ ਮੁੜੀ ਤੇ ਫਿਰ ਹੌਲੀ-ਹੌਲੀ ਲਿਖਣਾ ਉਸ ਦੀ ਸਾਧਨਾ ਬਣਦਾ ਗਿਆ। ਉਸ ਦੀਆਂ ਕਵਿਤਾਵਾਂ ਮਨੁੱਖੀ ਹੋਂਦ ਦੀ ਨਵੀਂ ਪਰਿਭਾਸ਼ਾ ਸਿਰਜਦੀਆਂ ਹਨ, ਜੋ 'ਸਵੈ' ਨੂੰ ਜਾਣ ਲੈਣ ਤੇ 'ਹੁਣ' ਨੂੰ ਮਹਿਸੂਸ ਕਰਨ ਦੀ ਅਭਿਲਾਸ਼ਾ 'ਚੋਂ ਉਪਜੀਆਂ ਹਨ। ਉਹ ਸਵੈ-ਚਿੰਤਨ ਜ਼ਰੀਏ ਉਮਰ ਦੇ ਵਿਭਿੰਨ ਪੜਾਵਾਂ, ਕੁਦਰਤੀ ਪਸਾਰਿਆਂ, ਮਨ, ਕਾਇਆ, ਚੇਤਨਾ, ਬੋਧ-ਅਬੋਧ, ਜੀਵਨ-ਮਕਸਦ, ਬ੍ਰਹਿਮੰਡੀ ਊਰਜਾ ਆਦਿ ਸੰਕਲਪਾਂ ਦੀ ਉਧੇੜ-ਬੁਣ ਕਰਦੀ ਹੋਈ ਸਵਾਲ ਉਠਾਉਂਦੀ ਹੈ ਅਤੇ ਫਿਰ ਆਪ ਹੀ ਅੰਤਰਮਨ ਵਿੱਚੋਂ ਉਨ੍ਹਾਂ ਸਵਾਲਾਂ ਦੇ ਜਵਾਬ ਤਲਾਸ਼ਦੀ ਹੈ। ਉਸ ਦੀਆਂ ਕਵਿਤਾਵਾਂ ਇਸ ਉਧੇੜ-ਬੁਣ ਬਾਰੇ ਸਵਾਲ ਵੀ ਹਨ ਤੇ ਜਵਾਬ ਵੀ। ਕੈਨੇਡਾ ਵਿਖੇ ਰਹਿ ਰਹੀ ਇਸ ਕਵਿੱਤਰੀ ਦੀਆਂ ਕਵਿਤਾਵਾਂ 'ਵਿਚਾਰ' ਅਤੇ 'ਅਹਿਸਾਸ' ਦਾ ਸਹਿਜ ਸੰਗਮ ਹਨ। ਉਹ ਔਰਤ ਦੀ ਜ਼ਿੰਦਗੀ ਨੂੰ ਅਗਨ ਪ੍ਰੀਖਿਆ ਮਹਿਸੂਸ ਕਰਦੀ ਹੈ।


- ਗੁਰਪ੍ਰੀਤ ਖੋਖਰ

75289-06680

Posted By: Harjinder Sodhi