ਪੰਜਾਬੀ ਸਾਹਿਤ ਵਿਚ ਇਸਤਰੀ ਸੰਵੇਦਨਾ ਨੂੰ ਕਲਾਮਈ ਢੰਗ ਨਾਲ ਪੇਸ਼ ਕਰਨ ਵਾਲੀ ਪ੍ਰਭਜੋਤ ਕੌਰ ਦਾ ਜਨਮ 6 ਜੁਲਾਈ 1924, ਵਿਚ ਗੁਜਰਾਤ ਦੇ ਇਕ ਛੋਟੇ ਜਿਹੇ ਪਿੰਡ ਲੰਗੜਵਾਲ ਵਿਚ ਹੋਇਆ। ਉਸ ਨੇ ਜ਼ਿੰਦਗੀ ਦੀ ਇਕ ਲੰਮੀ ਪਾਰੀ ਖੇਡੀ ਤੇ 92 ਸਾਲ ਦੀ ਉਮਰ ਵਿਚ 24 ਨਵੰਬਰ 2016 ਨੂੰ ਚਲਾਣਾ ਕਰ ਗਈ। ਉਹ ਇਕ ਅਜਿਹੀ ਸ਼੍ਰੇਸ਼ਠ ਇਸਤਰੀ ਹੋਈ ਹੈ ਜਿਸ ਨੇ ਨਾਰੀ ਦਾ ਇਕ ਆਦਰਸ਼ਕ ਰੂੁਪ ਪੇਸ਼ ਕੀਤਾ ਹੈ ਜਿਸ ’ਤੇ ਹਰ ਔਰਤ ਮਾਣ ਕਰ ਸਕਦੀ ਹੈ। ਇਸ ਆਧੁਨਿਕ ਸਮੇਂ ਵਿਚ ਦੋ ਔਰਤਾਂ ਅੰਮਿ੍ਰਤਾ ਤੇ ਪ੍ਰਭਜੋਤ ਦਾ ਸਾਹਿਤ ਪ੍ਰਤੀ ਯੋਗਦਾਨ ਇੰਨਾ ਹੈ ਕਿ ਇਸ ਨੂੰ ਭੁਲਾਇਆ ਨਹੀਂ ਜਾ ਸਕਦਾ।

ਸਾਹਿਤ ਦੇ ਖੇਤਰ ਵਿਚ ਇਨ੍ਹਾਂ ਦੋਹਾਂ ਨੂੰ ਸਾਹਿਤ ਦੇ ਸਾਰੇ ਇਨਾਮ-ਸਨਮਾਨ ਵੀ ਮਿਲੇ ਹਨ ਜੋ ਇਸ ਦੀਆਂ ਪੂਰੀਆਂ ਹੱਕਦਾਰ ਸਨ। ਕੇਵਲ ਫ਼ਰਕ ਇਨ੍ਹਾਂ ਵਿਚ ਇਹ ਦੇਖਿਆ ਜਾਂਦਾ ਹੈ ਕਿ ਜਿੱਥੇ ਇਸ ਸਮਾਜ ਵਿਚ ਅੰਮਿ੍ਰਤਾ ਨੂੰ ਫੱੁਲਾਂ ਨਾਲ ਕੰਢੇ ਵੀ ਚੱੁਭਦੇ ਰਹੇ ਹਨ ਪਰ ਪ੍ਰਭਜੋਤ ਕੌਰ ਦਾ ਵਿਆਹੁਤਾ ਜੀਵਨ ਉਤਮ ਹੋਣ ਕਰਕੇ ੳੇੁਸ ਦਾ ਜੀਵਨ ਸਦਾ ਫੱੁਲਾਂ ਦੀ ਚੰਗੇਰ ਹੀ ਬਣਿਆ ਰਿਹਾ ਹੈ। ਪੰਜਾਬੀ ਭਾਸ਼ਾ ਵਿਚ ਹੋਰ ਕੋਈ ਵੀ ਮਿਸਾਲ ਇਸ ਸਾਹਿਤਕ ਪੱਧਰ ਦੀ ਨਹੀਂ ਮਿਲਦੀ ਜਿਸ ਵਿਚ ਦੋਵੇਂ ਜੀ ਪਤੀ ਪਤਨੀ ਸਾਹਿਤਕਾਰ ਹੋਣ। ਪ੍ਰਭਜੋਤ ਕੌਰ ਦੇ ਪਤੀ ਕਰਨਲ ਨਰਿੰਦਰ ਪਾਲ ਸਿੰਘ ਭਾਰਤੀ ਫ਼ੌਜ ਵਿਚ ਉੱਚੇ ਅਹੁਦੇ ’ਤੇ ਰਹੇ। ਉਨ੍ਹਾਂ ਦੀ ਪੋਸਟਿੰਗ ਭਾਰਤ ਦੀ ਵੱਖ-ਵੱਖ ਥਾਵਾਂ ’ਤੇ ਹੁੰਦੀ ਰਹਿੰਦੀ ਸੀ ਤੇ ਉਹ ਬਹੁਤ ਸਾਰੇ ਲੋਕਾਂ ਦੇ ਸੰਪਰਕ ਵਿਚ ਆਉਂਦੇ ਰਹੇ। ਪ੍ਰਭਜੋਤ ਨੂੰ ਬਾਹਰਲੇ ਮੁਲਕਾਂ ਵਿਚ ਰਹਿਣ ਦਾ ਮੌਕਾ ਵੀ ਆਪਣੇ ਪਤੀ ਦੀ ਨੌਕਰੀ ਕਾਰਨ ਮਿਲਦਾ ਰਿਹਾ।

ਕਰਨਲ ਨਰਿੰਦਰ ਪਾਲ ਸਿੰਘ ਜੇ ਕਾਬਲ ਰਹੇ ਤਾਂ ਨਾਵਲਾਂ ਵਿਚ ਇਥੋਂ ਦੀਆਂ ਕਹਾਣੀਆਂ ਬਣਾ ਕੇ ਪੇਸ਼ ਕੀਤੀਆਂ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਬਲ ਤਕ ਸੀ। ਪ੍ਰਭਜੋਤ ਨੂੰ ਇਹ ਸਾਰਾ ਅਨੁਭਵ ਕੰਮ ਆਇਆ।

ਪਿਆਰ ਬਾਰੇ ਪ੍ਰਭਜੋਤ ਦਾ ਸੰਕਲਪ ਹੀ ਬਦਲ ਗਿਆ। ਉਸ ਨੇ ਸਾਰੀ ਦੁਨੀਆ ਦੇ ਵੱਡੇ ਸ਼ਹਿਰਾਂ ਦੀ ਯਾਤਰਾ ਕੀਤੀ ਤੇ ਉਨ੍ਹਾਂ ਦਾ ਜੀਵਨ ਦਰਸ਼ਨ ਪੜ੍ਹਿਆ ਇਸ ਨਾਲ ਉਸ ਦਾ ਜ਼ਿੰਦਗੀ ਦਾ ਨਜ਼ਰੀਆ ਵਿਸ਼ਾਲ ਹੋ ਗਿਆ। ਉਸ ਅਨੁਸਾਰ ਪਿਆਰ ਵਿਚ ਦੇਹੀ ਦਾ ਪਿਆਰ ਵੀ ਸ਼ਾਮਲ ਹੁੰਦਾ ਹੈ। ਉਸ ਦੀਆਂ ਪੁਸਤਕਾਂ ਦੇ ਭਿੰਨ-ਭਿੰਨ ਨਾਉਂ ਹੀ ਕੇਂਦਰੀ ਵਿਸ਼ੇ ਪਿਆਰ, ਸੁਹਜ, ਮਨੱੁਖੀ ਵਲਵਲੇ, ਸਧਰਾਂ ’ਤੇ ਇਕ ਝਾਤ ਪੁਆਂਦੇ ਹਨ। ਪ੍ਰਭਜੋਤ ਕੌਰ ਦੀਆਂ ਚਰਚਿਤ ਪੁਸਤਕਾਂ ਵਿਚ ‘ਲਟ ਲਟ ਜੋਤ ਜਲੇ, ਪੰਖੇਰੂ, ਪਲਕਾਂ ਓਹਲੇ, ਅਜ਼ਲ ਤੋਂ, ਸੁਪਨੇ ਸਧਰਾਂ, ਵੱਡਦਰਸ਼ੀ ਸ਼ੀਸ਼ਾ, ਚੰਦਰ ਯੱੁਗ, ਚਰਮ ਸਮਾਂ, ਅੰਤਰਨਾਦ, ਖਾੜੀ ਤੇ ਵਿਸ਼ੇਸ਼ ਕਰ ਕੇ ‘ਪੱਬੀ’ ਆਦਿ ਹਨ। ਪ੍ਰਭਜੋਤ ਨੇ ਛੋਟੀ ਉਮਰ ਵਿਚ ਹੀ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ ਤੇ ਕੇਵਲ 22 ਸਾਲ ਦੀ ਉਮਰ ਵਿਚ ਉਸਦੇ ਚਾਰ ਕਵਿਤਾ ਸੰਗ੍ਰਹਿ ਛਪ ਚੁਕੇ ਸਨ। ਪ੍ਰਭਜੋਤ ਦੀ ਕਵਿਤਾ ਵਿਚ ਕਈ ਰੰਗ ਮਿਲਦੇ ਹਨ, ਪਹਿਲਾਂ ਦੇਸ਼ ਭਗਤੀ ਦਾ ਰੰਗ, ਫਿਰ ਪ੍ਰਗਤੀਵਾਦੀ ਰੰਗ ਮਿਲਦਾ ਹੈ।

ਪ੍ਰਭਜੋਤ ਨੇ ਆਪਣੀ ਸਵੈ-ਜੀਵਨੀ ਨੂੰ ਵੀ ਕਲਮ ਬਧ ਕੀਤਾ ਹੈ, ਜੀਣਾ ਵੀ ਇਕ ਕਲਾ ਹੈ, ਮੇਰੀ ਸਾਹਿਤਕ ਜੀਵਨੀ ਤੇ ਆਲੋਚਨਾ ਦੀ ਕਿਤਾਬ ‘ਕਾਵਿ ਕਲਾ ਤੇ ਮੇਰਾ ਅਨੁਭਵ’, ਵਿਚ ਵੀ ਕਈ ਪ੍ਰਸੰਗ ਜੀਵਨੀ ਨਾਲ ਮਿਲਦੇ ਜੁਲਦੇ ਹਨ।

ਪ੍ਰਭਜੋਤ ਕੌਰ ਇਕ ਸਰਬਾਂਗੀ ਲੇਖਿਕਾ ਸੀ। ਬੱਚਿਆਂ ਦੀ ਮਾਨਸਿਕਤਾ ਨੂੰ ਪੂਰੀ ਤਰ੍ਹਾਂ ਜਾਣਦੀ ਸੀ। ਪੁਸਤਕਾਂ ਦੇ ਨਾਂ ਵੀ ਇਸ ਗੱਲ ਦੇ ਸੂਚਕ ਹਨ ਕਿ ਉਹ ਸਾਮਾਜਿਕ ਜ਼ਿੰਦਗੀ ਦਾ ਕਿੰਨਾ ਅਨੁਭਵ ਰੱਖਦੀ ਸੀ। ਝੂਟੇ ਮਾਈਆਂ, ਆਲ ਮਾਲ ਹੋਈ ਹੈ ਥਾਲ, ਅੱਡੀ ਟੱਪਾ, ਇਕ ਵਾਰੀ ਦੀ ਗੱਲ ਸੁਣਾਵਾਂ ਆਦਿ ਵਿਸ਼ੇਸ਼ ਯਾਦਗਾਰੀ ਪੁਸਤਕਾਂ ਹਨ, ਇਨ੍ਹਾਂ ਪੁਸਤਕਾਂ ਦੀ ਇਕ ਸਾਂਝੀ ਖ਼ੂਬਸੂਰਤ ਵਿਸ਼ੇਸ਼ਤਾ ਇਹ ਹੈ ਕਿ ਇਹ ਹੋਰ ਕਈ ਬਾਲ ਲੇਖਕਾਂ ਦੀਆਂ ਪੁਸਤਕਾਂ ਦੀ ਤਰ੍ਹਾਂ ਬਚਗਾਨਾ ਨਹੀਂ ਸਗੋਂ ਬੱਚਿਆਂ ਨੂੰ ਸਾਹਿਤ ਨਾਲ ਜੋੜਨ ਲਈ ਹਨ।

ਪ੍ਰਭਜੋਤ ਇਕ ਬਹੁਭਾਸ਼ੀ ਲੇਖਿਕਾ ਸੀ ਜੇ ਉਸ ਦੀਆਂ ਪੁਸਤਕਾਂ ਦੇ ਕਈ ਭਾਸ਼ਾਵਾਂ ਵਿਚ ਅਨੁਵਾਦ ਹੋਏ, ਤਾਂ ਉਸ ਨੇ ਉਤਮ ਰਚਨਾਵਾਂ ਦੇ ਅਨੁਵਾਦ ਵੀ ਕੀਤੇ ਹੋਏ ਹਨ। ਇਨ੍ਹਾਂ ਪੁਸਤਕਾਂ ਦੇ ਛਪਣ ਨਾਲ ਪ੍ਰਭਜੋਤ ਲਈ ਇਨਾਮਾਂ ਦੀ ਇਕ ਝੜੀ ਹੀ ਲੱਗ ਗਈ। ‘ਪੱਬੀ’ ਨੂੰ ਭਾਰਤ ਸਰਕਾਰ ਨੇ ਸਾਹਿਤ ਅਕਾਦਮੀ ਦਾ ਸਰਵੋਤਮ ਇਨਾਮ 1964 ਵਿਚ ਦਿੱਤਾ। ਉਸ ਦੇ ਪਤੀ ਕਰਨਲ ਨਰਿੰਦਰ ਸਿੰਘ ਦੇ ਨਾਵਲ ‘ਬਾਮੁਲਾਜ਼ਾ ਹੁਸ਼ਿਆਰ’ ਨੂੰ ਵੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਹੈ। ਪ੍ਰਭਜੋਤ ਨੂੰ ਪਦਮਸ੍ਰੀ 1967 ਵਿਚ ਮਿਲਿਆ। ਜਿੱਥੋਂ ਤਕ ਕੌਮਾਂਤਰੀ ਇਨਾਮਾਂ ਦਾ ਸੁਆਲ ਹੈ ਉਹ ਵੀ ਸਭ ਤੋਂ ਵੱਧ ਵਕਾਰੀ ਇਨਾਮ ਪ੍ਰਭਜੋਤ ਨੂੰ ਹੀ ਮਿਲੇ ਹਨ, ਇਸ ਵਿਚ ਫਰਾਂਸ ਦਾ ਇਨਾਮ ‘ਰੋਜ਼ ਦਿ ਲਾਅ’ ਵੀ ਸ਼ਾਮਲ ਹੈ। ਇਹ ਇਨਾਮ ਉਸ ਨੂੰ 1968 ’ਚ ਮਿਲਿਆ। ਹੋਰ ਦੂਸਰੇ ਸਮਕਾਲੀ ਕਵੀ ਕੇਵਲ ਰਾਜ ਪੱਧਰ ਤਕ ਹੀ ਇਨਾਮਾਂ ਦੇ ਪੱਖ ਤੋਂ ਸੀਮਤ ਰਹਿ ਜਾਂਦੇ ਹਨ ਪਰ ਇਹ ਪ੍ਰਭਜੋਤ ਦੇ ਹਿੱਸੇ ਹੀ ਆਇਆ ਹੈ ਕਿ ਪੰਜਾਬ ਸਰਕਾਰ ਨੇ ਵੀ ਆਪਣੀ ਇਸ ਧੀ ਨੂੰ ਬੁਲੰਦੀਆਂ ਛੋਹਦੇ ਹੋਏ ਦੇਖਿਆ ਤੇ ਉਸ ਨੂੰ ਵਿਧਾਨ ਪ੍ਰੀਸ਼ਦ ਦਾ ਮੈਂਬਰ ਵੀ ਬਣਾਇਆ।

ਪ੍ਰਭਜੋਤ ਕੌਰ ਨੇ ਫਿਰ ਦੇਸ਼ ਪ੍ਰੇਮ ਦੇ ਜਜ਼ਬੇ ਨੂੰ ਮੱੁਖ ਰੱਖਕੇ ਕੁਝ ਦੇਸ਼ ਭਗਤੀ ਦੀਆਂ ਕਵਿਤਾਵਾਂ ਵੀ ਲਿਖੀਆਂ, ਜਿਨ੍ਹਾਂ ਵਿਚ ਲੋਕ ਗੀਤਾਂ ਵਰਗਾ ਰਸ ਭਰਿਆ ਹੋਇਆ ਹੈ। ਉਸ ਦੀ ਵਿਚਾਰਧਾਰਾ ਵਿਚ ਪ੍ਰਗਤੀਵਾਦ ਤੇ ਰੋਮਾਂਟਿਕ ਰੰਗ ਤਾਂ ਪਹਿਲਾਂ ਵੀ ਸੀ, ਇਸ ਤਰ੍ਹਾਂ ਉਸ ਦੀਆਂ ਸਾਰੀਆਂ ਕਵਿਤਾਵਾਂ ਵਿਚ ਵੱਖ-ਵੱਖ ਰੰਗ ਮਿਲਦੇ ਹਨ। ਉਸ ਨੇ ਭਾਰਤ ਦੇ ਲੋਕ ਗੀਤਾਂ ਬਾਰੇ ਇਕ ਪੁਸਤਕ ਲਿਖੀ ਜਿਸ ਵਿਚ ਇਸ ਸਰਬ ਗੁਣ ਸੰਪੰਨ ਇਸਤਰੀ ਬਾਰੇ ਇਹ ਗੱਲ ਕਹਿੰਦੇ ਹਨ ਕਿ ਜਿੰਨੇ ਵਿਦੇਸ਼ੀ ਭਾਸ਼ਾਵਾਂ ਵਿਚ ਤਰਜਮੇ ਉਸ ਦੀਆਂ ਪੁਸਤਕਾਂ ਦੇ ਮਿਲਦੇ ਹਨ ਉਹ ਹੁਣ ਤਕ ਕਿਸੇ ਕਵੀ ਦੇ ਨਹੀਂ। ਇਨ੍ਹਾਂ ਵਿਚ ਰੂਸੀ, ਅੰਗਰੇਜ਼ੀ ਫਰੈਂਚ, ਐਰਬਿਕ ਵਿਚ ਹੋਏ ਅਨੁਵਾਦ ਸ਼ਾਮਲ ਹਨ। ਉਸ ਦੀ ਇਕ ਪੁਸਤਕ ‘ਪਲੈਟੋ’ ਪੈਰਿਸ ਵਿਚ ਛਪੀ ਹੈ।

ਪ੍ਰਭਜੋਤ ਦੀਆਂ ਦੋ ਧੀਆਂ ਹਨ, ਨਿਰੁੂਪਮਾ ਜੋ ਲੇਖਿਕਾ ਹੈ। ਅਨੁਪਮਾ ਦੀ ਸ਼ਾਦੀ ਭਾਰਤ ਦੇ ਸਾਬਕਾ ਸਪੀਕਰ ਹੁਕਮ ਸਿੰਘ ਦੇ ਬੇਟੇ ਹਰਿੰਦਰ ਨਾਲ ਹੋਈ ਤੇ ਅਨੂਪਮਾ ਚਿੱਤਰਕਾਰ ਹੈ ਅਤੇ ਇਕ ਫ਼ੌਜੀ ਪਰਿਵਾਰ ਵਿਚ ਜਨਰਲ ਜੇ. ਜੇ. ਸਿੰਘ ਨਾਲ ਵਿਆਹੀ ਹੋਈ ਹੈ।

ਪ੍ਰਭਜੋਤ ਕੌਰ ਕੋਲ ਮਹਾਂਨਗਰੀ ਜ਼ਿੰਦਗੀ ਦਾ ਗਹਿਰਾ ਅਤੇ ਵਿਸ਼ਾਲ ਅਨੁਭਵ ਹੈ ਜੋ ਉਸ ਦੀਆਂ ਲਿਖਤਾਂ ਨੂੰ ਨਵਾਂ ਰੰਗ ਰੂਪ ਦਿੰਦਾ ਹੈ। ਪੰਜਾਬੀ ਬੋਲੀ ਨੂੰ ਪ੍ਰਭਜੋਤ ’ਤੇ ਸਦਾ ਮਾਣ ਰਹੇਗਾ। ਭਾਸ਼ਾ ਦੀ ਸ਼ੁਧਤਾ, ਮਿਠਾਸ ਦੇਖਣ ਤੇ ਮਾਣਨ ਵਾਲੀ ਹੈ। ਆਲੋਚਕ ਹਰਿਭਜਨ ਸਿੰਘ ਦੇ ਨਾਲ ਪ੍ਰਭਜੋਤ ਕੌਰ ਨੂੰ ਵੀ ਸੁਹਜਵਾਦੀ ਕਵੀ ਮੰਨਦੇ ਹਨ। ਉਹ ਡਾ. ਹਰਿਭਜਨ ਸਿੰਘ ਤੋਂ ਬਾਅਦ ਸੁਹਜਮਈ ਕਵਿਤਾ ਦੀ ਵਾਰਸ ਮੰਨੀ ਜਾਂਦੀ ਹੈ। ਉਸ ਦੀ ਸਮੁੱਚੀ ਕਵਿਤਾ ਵਿਚ ਸਹਿਜ ਤੇ ਸੋਹਜ ਦੇ ਗੁਣ ਭਰਪੂਰ ਮਾਤਰਾ ਵਿਚ ਮਿਲਦੇ ਹਨ। ਪ੍ਰਭਜੋਤ ਕੌਰ ਔਰਤ ਦੇ ਸਦੀਵੀ ਪਿਆਰ ਦੀ ਗੱਲ ਵਿਚ ਨਵੇਂ ਅਰਥ ਭਰਨ ਵਾਲੀ ਬੇਬਾਕ ਔਰਤ ਵਜੋਂ ਜਾਣੀ ਜਾਂਦੀ ਹੈ।

- ਪ੍ਰੋ. ਜਤਿੰਦਰ ਬੀਰ ਸਿੰਘ ਨੰਦਾ

Posted By: Harjinder Sodhi