ਇਨ੍ਹਾਂ ਲਿਖਤਾਂ ’ਚ ਆਪ ਦੀ ਵਾਰਤਕ ਸ਼ੈਲੀ ਇੰਨੀ ਚਮਤਕਾਰੀ ਰੰਗਣ ਵਾਲੀ ਪ੍ਰਗਟ ਹੋਈ ਹੈ ਕਿ ਪੰਜਾਬੀ ਵਾਰਤਕ ਕਲਾ ਦੀਆਂ ਸਿਖ਼ਰਾਂ ਨੂੰ ਛੋਹਣ ਲੱਗ ਪਈ।

ਉਨ੍ਹੀਵੀਂ ਸਦੀ ਦੇ ਸਮਾਪਤ ਹੋਣ ’ਚ ਅਜੇ ਅਠਾਈ ਵਰ੍ਹੇ ਰਹਿੰਦੇ ਸਨ, ਜਦੋਂ ਪੰਜਾਬ ਦੀ ਧਰਤੀ ’ਤੇ ਇਕ ਸੰਤ-ਕਵੀ ਦਾ ਆਗਮਨ ਹੋਇਆ। ਇਸ ਵੀਰ-ਪੁਰਸ਼ ਦਾ ਨਾਂ ਮਾਤਾ-ਪਿਤਾ ਨੇ ਵੀਰ ਸਿੰਘ ਰੱਖਿਆ, ਜਿਸ ਨੇ ਮਾਨਵਤਾ ਦਾ ਵੀਰ ਬਣ ਕੇ ਆਪਣੇ -ਆਪ ਨੂੰ ਇਸ ਦੇ ਯੋਗ ਸਿੱਧ ਕਰ ਵਿਖਾਇਆ। ਭਾਈ ਵੀਰ ਸਿੰਘ ਦਾ ਜਨਮ ਦੀਵਾਨ ਕੌੜਾ ਮੱਲ ਦੀ ਅੱਠਵੀਂ ਪੀੜ੍ਹੀ ’ਚ ਡਾ. ਚਰਨ ਸਿੰਘ ਦੇ ਘਰ ਮਾਤਾ ਉੱਤਮ ਕੌਰ ਦੀ ਕੁੱਖੋਂ 5 ਦਸੰਬਰ 1872 ਈ. ਨੂੰ ਅੰਮਿ੍ਰਤਸਰ ਵਿਖੇ ਹੋਇਆ। ਦੀਵਾਨ ਕੌੜਾ ਮੱਲ ਮੀਰ ਮੰਨੂੰ ਦੇ ਸਮੇਂ ਸਰਕਾਰੀ ਮਸ਼ੀਨਰੀ ਦਾ ਅੰਗ ਹੁੰਦਿਆਂ ਹੋਇਆਂ ਵੀ ਹਥਿਆਰਬੰਦ ਸੰਘਰਸ਼ ’ਚ ਜੁਟੇ ਹੋਏ ਸਿੱਖਾਂ ਦੀ ਗੁਪਤ ਢੰਗ ਨਾਲ ਮਦਦ ਕਰਿਆ ਕਰਦੇ ਸਨ, ਇਸੇ ਲਈ ਖ਼ਾਲਸਾ ਫ਼ੌਜ ’ਚ ਆਪ ਨੂੰ ‘ਮਿੱਠਾ ਮੱਲ’ ਦੇ ਨਾਂ ਵਜੋਂ ਜਾਣਿਆ ਜਾਂਦਾ ਸੀ।
ਆਪ ਦੇ ਦਾਦਾ ਬਾਬਾ ਕਾਹਨ ਸਿੰਘ ਇਸ ਘਰਾਣੇ ਦੇ ਪਹਿਲੇ ਅੰਮਿ੍ਰਤਧਾਰੀ ਸਿੰਘ ਸਨ। ਆਪ ਦੇ ਨਾਨਾ ਗਿਆਨੀ ਹਜ਼ਾਰਾ ਸਿੰਘ ਇਕ ਸੰਤ-ਪੁਰਸ਼ ਹੋਣ ਦੇ ਨਾਲ-ਨਾਲ ਚੰਗੇ ਵਿਦਵਾਨ ਵੀ ਸਨ। ਭਾਈ ਸਾਹਿਬ ਦਾ ਮੁੱਢਲਾ ਸਮਾਂ ਗਿਆਨੀ ਜੀ ਕੋਲ ਹੀ ਬੀਤਿਆ। ਭਾਈ ਵੀਰ ਸਿੰਘ ਦੇ ਪਿਤਾ ਡਾ. ਚਰਨ ਸਿੰਘ ਡਾਕਟਰੀ ਵਿੱਦਿਆ ਦੇ ਨਾਲ-ਨਾਲ ਅਰਬੀ-ਫ਼ਾਰਸੀ ਦੇ ਵੀ ਚੰਗੇ ਜਾਣਕਾਰ ਸਨ। ਇਸ ਤਰ੍ਹਾਂ ਦੇ ਮਾਹੌਲ ’ਚ ਰਹਿ ਕੇ ਭਾਈ ਸਾਹਿਬ ਨੂੰ ਅਧਿਆਤਮਕ, ਆਦਰਸ਼ਕ, ਧਾਰਮਿਕ, ਵਿੱਦਿਅਕ ਤੇ ਸਾਹਿਤਕ ਗੁਣ ਵਿਰਸੇ ’ਚੋਂ ਹੀ ਪ੍ਰਾਪਤ ਹੋ ਗਏ। ਭਾਈ ਵੀਰ ਸਿੰਘ ਨੇ ਦਸਵੀਂ ਦੀ ਪ੍ਰੀਖਿਆ 1891 ਈ. ’ਚ ਅੰਮਿ੍ਰਤਸਰ ਦੇ ਮਿਸ਼ਨ ਸਕੂਲ ਤੋਂ ਪਾਸ ਕੀਤੀ ਅਤੇ ਪੂਰੇ ਜ਼ਿਲ੍ਹੇ ’ਚੋਂ ਪਹਿਲੇ ਸਥਾਨ ’ਤੇ ਆਉਣ ਕਰਕੇ ਆਪ ਨੂੰ ਸੋਨੇ ਦਾ ਤਗ਼ਮਾ ਇਨਾਮ ਵਜੋਂ ਮਿਲਿਆ। ਮਿਸ਼ਨ ਸਕੂਲ ਦੀ ਸਿੱਖਿਆ ਅਤੇ ਇਥੋਂ ਦੇ ਮਾਹੌਲ ਨੇ ਆਪ ਨੂੰ ਅੰਗਰੇਜ਼ੀ ਅਤੇ ਕੁਝ ਹੋਰ ਯੂਰਪੀਅਨ ਭਾਸ਼ਾਵਾਂ ਦੇ ਸਾਹਿਤ ਦੇ ਅਧਿਐਨ ਦਾ ਮੌਕਾ ਪ੍ਰਦਾਨ ਕੀਤਾ। ਡਾ. ਬਲਬੀਰ ਸਿੰਘ (ਭਾਈ ਵੀਰ ਸਿੰਘ ਦੇ ਛੋਟੇ ਭਰਾ) ਦੇ ਕਥਨ ਅਨੁਸਾਰ ਆਪ ਦੀ ਤੀਖਣ ਬੁੱਧੀ ਨੂੰ ਵੇਖ ਕੇ ਸਕੂਲ ਦੇ ਅੰਗਰੇਜ਼ ਪਿ੍ਰੰਸੀਪਲ ਨੇ ਆਪ ਦੇ ਸਰਟੀਫਿਕੇਟ ’ਚ ਇਹ ਸ਼ਬਦ ਲਿਖੇ ਸਨ,‘ਇਹ ਨਿਰੋਲ ਸੱਚਾ, ਖ਼ਰਾ ਤੇ ਈਮਾਨਦਾਰ ਲੜਕਾ ਹੈ ਤੇ ਇਕ ਚੰਗੇ ਖ਼ਾਨਦਾਨ ਦਾ ਬੱਚਾ ਹੈ। ਸਹੀ ਹੁੰਦਾ ਹੈ ਕਿ ਇਸ ਦੁਨੀਆ ਲਈ ਇਹ ਬੜਾ ਉਪਕਾਰੀ ਸਾਬਤ ਹੋਵੇਗਾ। ਮੈਨੂੰ ਭਰੋਸਾ ਹੈ ਕਿ ਜੋ ਕੁਝ ਵੀ ਇਹ ਕਰੇਗਾ, ਇਸ ਦੇ ਕੰਮਾਂ ’ਤੇ ਪਰਮਾਤਮਾ ਦੀ ਬਰਕਤ ਅਤੇ ਰਹਿਮਤ ਹੋਵੇਗੀ।’
ਸਾਹਿਤਕ ਘਾਲਣਾ
ਭਾਈ ਸਾਹਿਬ ਦੀਆਂ ਸਾਹਿਤਕ ਰਚਨਾਵਾਂ ਦੀ ਗਿਣਤੀ ਤਿੰਨ ਦਰਜਨ ਤੋਂ ਵਧੀਕ ਹੈ। ਇਨ੍ਹਾਂ ਵਿਚ ਇਕ ਮਹਾਕਾਵਿ, ਗੀਤਾਂ ਤੇ ਕਵਿਤਾਵਾਂ ਦੇ ਦਸ ਸੰਗ੍ਰਹਿ, ਚਾਰ ਨਾਵਲ, ਇਕ ਨਾਟਕ, ਪੰਜ ਵਾਰਤਕ ਰਚਨਾਵਾਂ, ਦੋ ਬਾਲ ਪੁਸਤਕਾਂ, ਸੰਪਾਦਿਤ ਤੇ ਟੀਕੇ ਆਦਿ ਸ਼ਾਮਿਲ ਹਨ। ਉਨ੍ਹਾਂ ਦੀਆਂ ਕਵਿਤਾਵਾਂ ਬਾਰੇ ਸਮੇਂ-ਸਮੇਂ ’ਤੇ ਵਿਸਤਿ੍ਰਤ ਚਰਚਾ ਹੁੰਦੀ ਰਹੀ ਹੈ। ਹੱਥਲੇ ਲੇਖ ’ਚ ਉਨ੍ਹਾਂ ਦੀ ਵਾਰਤਕ ਬਾਰੇ ਕੁਝ ਜਾਣ-ਪਛਾਣ ਕਰਵਾਈ ਜਾ ਰਹੀ ਹੈ: ਗੱਦ-ਰਚਨਾ ’ਚ ਭਾਈ ਸਾਹਿਬ ਨੇ ਕੁਝ ਚਮਤਕਾਰਾਂ ‘ਸ੍ਰੀ ਗੁਰੂ ਨਾਨਕ ਚਮਤਕਾਰ’ (ਦੋ ਭਾਗ), ‘ਸ੍ਰੀ ਕਲਗੀਧਰ ਚਮਤਕਾਰ’ (ਦੋ ਭਾਗ), ‘ਅਸ਼ਟ ਗੁਰੂ ਚਮਤਕਾਰ’ (ਦੋ ਭਾਗ), ‘ਗੁਰ ਬਾਲਮ ਸਾਖੀਆਂ’, ‘ਸੰਤ ਗਾਥਾ’ ਦੀ ਰਚਨਾ ਕੀਤੀ ਹੈ। ਭਾਈ ਸਾਹਿਬ ਨੇ ਕੁਦਰਤ ਵਿਚੋਂ ਕਾਦਰ ਦਾ ਜਲਵਾ ਵੇਖਿਆ ਅਤੇ ਹੋਰਨਾਂ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ। ‘ਸ੍ਰੀ ਗੁਰੂ ਨਾਨਕ ਚਮਤਕਾਰ’ ਦਾ ਆਰੰਭ ਹੀ ਆਪ ਪ੍ਰਕਿਰਤੀ ਦੇ ਰਹੱਸ ਦਾ ਵਰਣਨ ਕਰਦਿਆਂ ਕਰਦੇ ਹਨ: ‘ਜੋ ਕੂੜ ਪਸਾਰਾ ਸਾਡੇ ਨੈਣ ਚਾਰ-ਚੁਫ਼ੇਰੇ ਵੇਖਦੇ ਹਨ, ਏਹ ਏਤਨਾ ਹੀ ਨਹੀਂ ਤੇ ਨਾ ਹੀ ਇਹ ਏਥੇ ਹੀ ਬੱਸ ਹੈ, ਇਸ ਦੇ ਅੰਤਰਭੂਤ ਕੁਝ ਹੋਰ ਹੈ ਤੇ ਏਸ ਤੋਂ ਪਰ੍ਹੇ ਕੁਛ ਹੋਰ ਹੈ। ਜਿੰਨਾ ਕੁ ਸਾਨੂੰ ਦਿੱਸਦਾ ਹੈ ਇਹ ‘ਇੰਨਾ ਬੀ ਏਦਾਂ ਦਾ ਹੈ, ਜਿੰਨਾ ਕੁ ਅਸੀਂ ਵੇਖਦੇ ਹਾਂ ਕਿ ਹੋਰਵੇਂ ਹੈ?’ ਇਸ ਦਾ ਬੀ ਪਤਾ ਨਹੀਂ।’
ਕੁਦਰਤ ਦਾ ਚਿਤਰਨ
ਭਾਈ ਵੀਰ ਸਿੰਘ ਦੀ ਰਚਨਾ ’ਚ ਕੁਦਰਤ-ਚਿਤਰਣ ਦਾ ਵਰਣਨ ਆਮ ਤੌਰ ’ਤੇ ਉਨ੍ਹਾਂ ਦੀ ਕਵਿਤਾ ਸਬੰਧੀ ਚਰਚਾ ਕਰਦਿਆਂ ਹੀ ਕੀਤਾ ਜਾਂਦਾ ਹੈ। ਪਰੰਤੂ ਆਪ ਨੇ ਵਾਰਤਕ ’ਚ ਕੁਦਰਤ ਦੇ ਅਜਿਹੇ ਦਿ੍ਰਸ਼ ਪੇਸ਼ ਕੀਤੇ ਹਨ ਕਿ ਪਾਠਕ ਹੈਰਾਨ ਰਹਿ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸਮੇਂ ਦਾ ਇਹ ਦਿ੍ਰਸ਼ ਵੇਖਣਯੋਗ ਹੈ: ‘ਪਿਛਲੀ ਰਾਤ ਦਾ ਚੰਦ ਜੋ ਕਈ ਦਿਨਾਂ ਤੋਂ ਹਰ ਦਿਨ ਪਤਲਾ ਹੁੰਦਾ ਜਾਂਦਾ ਸੀ, ਅੱਜ ਪੁਰੇ ਦੀਆਂ ਸ਼ੁਕਰਾਂ ’ਚ ਬ੍ਰੀਕ ਜਿਹੀ ਪ੍ਰਕਾਸ਼ ਦੀ ਇਕ ਨਿੱਕੀ ਜਿਹੀ ਕਮਾਨ ਬਣ ਕੇ ਸੂਰਜ ਦੇ ਉਦੈ ਹੋਣ ਵਾਲੇ ਚਾਨਣੇ ਦੀ ਉਡੀਕ ’ਚ ਚਾਂਦਨੀ ਆਪਾ ਵਾਰਨ ਨੂੰ ਐਉਂ ਤਿਆਰ ਖੜ੍ਹੀ ਹੈ, ਜਿਵੇਂ ਕਿਸੇ ਅਗਨਿ ਹੋਤ੍ਰੀ ਦੇ ਹੱਥ ’ਚ ਅਰਘੇ ਦੇ ਮੂੰਹ ਅੱਗੇ ਘਿਓ ਦੀ ਆਹੂਤੀ ਅਗਨੀ ਵਿਚ ਛਾਲ ਮਾਰਨ ਨੂੰ ਤਿਆਰ ਹੁੰਦੀ ਹੈ।... ਪੁਰੇ ਤੋਂ ਪਹਿਲੀ ਚਾਨਣ ਰੇਖਾ ਛੁੱਟੀ, ਮਗਰੇ ਹੀ ਮਹੀਨ ਮਹੀਨ, ਸੋਹਲ ਸੋਹਲ, ਅਡੋਲ ਅਡੋਲ ਆਪੋ ’ਚ ਮਿਲੀਆਂ ਇਕ ਦੂਜੇ ਤੋਂ ਕਾਹਲੀਆਂ ਕਾਹਲ਼ੀਆਂ ਚਾਨਣ-ਰਿਸ਼ਮਾਂ ਬੇ-ਮਲੂਮੇ ਵੇਗ ’ਚ ਦੌੜਦੀਆਂ ਆ ਰਹੀਆਂ ਹਨ।’ (ਸ੍ਰੀ ਗੁਰੂ ਨਾਨਕ ਚਮਤਕਾਰ, ਪੰਨਾ 27) ਇਨ੍ਹਾਂ ਚਮਤਕਾਰਾਂ ’ਚ ਆਪ ਨੇ ਗੁਰੂ ਸਾਹਿਬਾਨ ਦੇ ਜੀਵਨ-ਇਤਿਹਾਸ ਵਰਣਨ ਕਰਨ ਦਾ ਯਤਨ ਕੀਤਾ ਹੈ ਪਰ ਆਪ ਦਾ ਮਨੋਰਥ ਇਤਿਹਾਸ ਲਿਖਣਾ ਨਹੀਂ ਸੀ। ਆਪ ‘ਉੱਚੀ ਹਿੰਮਤ’, ‘ਉੱਚੇ ਆਸ਼ੇ’ ਅਤੇ ਦਸਾਂ ਸਤਿਗੁਰੂਆਂ ਵੱਲੋਂ ਸਿਖਾਏ ਉੱਚੇ ਜੀਵਨ ਤੇ ਚਿੱਤਰ ਖਿੱਚਣਾ ਚਾਹੁੰਦੇ ਸਨ।
ਪੰਜਾਬੀ ਵਾਰਤਕ ਦਾ ਵਿਕਾਸ
ਇਨ੍ਹਾਂ ਲਿਖਤਾਂ ’ਚ ਆਪ ਦੀ ਵਾਰਤਕ ਸ਼ੈਲੀ ਇੰਨੀ ਚਮਤਕਾਰੀ ਰੰਗਣ ਵਾਲੀ ਪ੍ਰਗਟ ਹੋਈ ਹੈ ਕਿ ਪੰਜਾਬੀ ਵਾਰਤਕ ਕਲਾ ਦੀਆਂ ਸਿਖ਼ਰਾਂ ਨੂੰ ਛੋਹਣ ਲੱਗ ਪਈ। ਆਪ ਦੀ ਕਾਵਿਮਈ ਸ਼ੈਲੀ ਨੂੰ ਵੇਖ ਕੇ ਹੀ ਡਾ. ਕਾਲਾ ਸਿੰਘ ਬੇਦੀ ਨੇ ਲਿਖਿਆ ਹੈ, ‘ਗੱਦ ’ਚ ਵੀ ਆਪ ਜੀ ਦਾ ਕਾਵਿ-ਰੰਗ ਮੌਜੂਦ ਹੈ। ਉਨ੍ਹਾਂ ਦੇ ਗੱਦ-ਵਾਕਾਂ ਉੱਪਰ ਹਜ਼ਾਰਾਂ ਕਵਿਤਾਵਾਂ ਕੁਰਬਾਨ ਕੀਤੀਆਂ ਜਾ ਸਕਦੀਆਂ ਹਨ।’
ਇਨ੍ਹਾਂ ਚਮਤਕਾਰਾਂ ’ਚ ਪ੍ਰਗਟ ਕੀਤੀ ਭਾਈ ਸਾਹਿਬ ਦੀ ਭਰਪੂਰ ਵਿਦਵਤਾ ਤੇ ਅਦੁੱਤੀ ਇਤਿਹਾਸਕ, ਧਾਰਮਿਕ ਜਾਣਕਾਰੀ ਤੇ ਜੀਵਨੀਆਂ ਦੀ ਸਮੱਗਰੀ ਨੂੰ ਉਸਾਰਨ ਤੇ ਘੜਨ ਦੀ ਅਦੱੁਤੀ ਜੁਗਤ ਕਰਕੇ ਪ੍ਰੋ. ਦੀਵਾਨ ਸਿੰਘ ਨੇ ਆਪ ਨੂੰ ਆਧੁਨਿਕ ਜੀਵਨਕਾਰੀ ਦਾ ਮੋਢੀ ਤੇ ਪਿਤਾਮਾ ਮੰਨਿਆ ਹੈ। ‘ਸੰਤ ਗਾਥਾ’ ਪੁਸਤਕ ਵਿਚ ਆਪ ਨੇ ਸਿਰਫ਼ ਅੰਮਿ੍ਰਤਧਾਰੀ ਸਿੱਖ ਸੰਤਾਂ ਦੀ ਜੀਵਨ-ਗਾਥਾ ਹੀ ਵਰਣਨ ਨਹੀਂ ਕੀਤੀ, ਸਗੋਂ ਸੇਵਾਪੰਥੀ ਸਾਧੂਆਂ ਦੇ ਬਿਰਤਾਂਤ ਵੀ ਲਿਖੇ ਹਨ।
ਇਨ੍ਹਾਂ ਮਹਾਪੁਰਸ਼ਾਂ ਦੇ ਜੀਵਨ ਬਿਰਤਾਂਤ ਆਪ ਨੇ ਇਤਿਹਾਸਕ ਗ੍ਰੰਥਾਂ ਤੋਂ ਨਹੀਂ, ਸਗੋਂ ਇਨ੍ਹਾਂ ਦੇ ਸੰਪਰਕ ’ਚ ਆਏ ਵਿਅਕਤੀਆਂ ਕੋਲੋਂ ਸੁਣ-ਸੁਣਾ ਕੇ ਸੰਗ੍ਰਹਿਤ ਕੀਤੇ। ਸਾਧ-ਪੁਰਖ ਗੋਦੜੀਆਂ ’ਚ ਲਾਲਾਂ ਵਾਂਗ ਛੁਪੇ ਰਹਿੰਦੇ ਹਨ, ਇਸੇ ਕਰਕੇ ਬਹੁਤੇ ਲੋਕਾਂ ਨੂੰ ਉਨ੍ਹਾਂ ਦੇ ਗੁਣਾਂ ਦਾ ਪਤਾ ਹੀ ਨਹੀਂ ਲੱਗਦਾ। ਸੰਤ ਨਿਹਾਲ ਸਿੰਘ ਬਾਰੇ ਆਪ ਨੂੰ ਇਕ ਮੁਸਲਮਾਨ ਦੀ ਜ਼ੁਬਾਨੀ ਪਤਾ ਲੱਗਾ ਸੀ, ਸ੍ਰੀ ਛਾਲੋਨੇ ਵਾਲੇ ਬਾਬਾ ਜੀ ਬਾਰੇ ਜਾਣਕਾਰੀ ਗਵਾਲੀਅਰ ਤੋਂ ਆਏ ਇਕ ਅਮੀਰ ਚੌਬੇ ਵਿਨਾਇਕ ਰਾਉ ਤੋਂ ਪ੍ਰਾਪਤ ਹੋਈ।
ਭਾਈ ਸਾਹਿਬ ਦੀਆਂ ਰਚਨਾਵਾਂ ਦਾ ਮਨੋਰਥ ਪੰਜਾਬੀ ਬੋਲੀ ਦੇ ਭੰਡਾਰ ਨੂੰ ਅਮੀਰ ਕਰਨਾ ਤੇ ਮਨੁੱਖੀ ਆਤਮਾ ਨੂੰ ਦੁੱਖਾਂ ’ਚੋਂ ਕੱਢ ਕੇ ਸੁੱਖਾਂ ਵਿਚ ਪ੍ਰਵੇਸ਼ ਕਰਾਉਣਾ ਸੀ। ਆਪਣੇ ਲੇਖਨ ਦਾ ਮੰਤਵ ਦੱਸਦਿਆਂ ਉਹ ਇਕ ਕਵਿਤਾ ਵਿਚ ਸਪੱਸ਼ਟ ਕਰਦੇ ਹਨ:
ਸੁਣ ਤੂੰ ਲਿਖਣਹਾਰਿਆ,
ਐਸਾ ਕੁਝ ਨਾ ਲਿਖ
ਜਿਸ ਨੂੰ ਪੜ੍ਹਨੇ ਤੇ ਜਗਤਿ ਵਧੇ
ਪਾਪ ਅਰ ਦੁਖ।
ਜਗਤ ਜਲੰਦੇ ਦੀ ਮੱਲ੍ਹਮ
ਲਿਖਤ ਬਣੇ ਸੋ ਲਿਖ
ਦਿਲ ਦੁਨੀਆ ਦੇ ਭੁੱਜ
ਰਹੇ ਹੋ ਰਹੇ ਹੈਨ ਕਬਾਬ
ਅੰਮਿ੍ਰਤ-ਛੱਟੇ ਲੇਖ ਲਿਖ,
ਕੁਝ ਦੁਖ ਘਟੇ ਮਨੁੱਖ।
ਸਾਹਿਤ-ਸੇਵਾ ਨੂੰ ਮੁੱਖ ਰੱਖ ਕੇ ਆਪ ਨੂੰ ਪਦਮ ਭੂਸ਼ਨ, ਸ਼੍ਰੋਮਣੀ ਸਾਹਿਤਕਾਰ, ਡਾਕਟਰ ਆਫ਼ ਓਰੀਐਂਟਲ ਲਰਨਿੰਗ, ਭਾਰਤੀ ਸਾਹਿਤ ਅਕਾਦਮੀ, ਪੰਜਾਬ ਵਿਧਾਨ ਪ੍ਰੀਸ਼ਦ ਦਾ ਮੈਂਬਰ ਜਿਹੇ ਸਨਮਾਨ, ਪੁਰਸਕਾਰ ਤੇ ਉਪਾਧੀਆਂ ਪ੍ਰਦਾਨ ਕੀਤੀਆਂ ਗਈਆਂ। 10 ਜੂਨ 1957 ਈ. ਨੂੰ ਪੰਜਾਬੀ ਦਾ ਮਹਾਨ ਸਾਹਿਤਕਾਰ ਸਦੀਵੀ ਵਿਛੋੜਾ ਦੇ ਗਿਆ ਜਿਸ ਦੀਆਂ ਲਿਖ਼ਤਾਂ ਅਮਰ ਹਨ।
-ਪ੍ਰੋ. ਨਵ ਸੰਗੀਤ ਸਿੰਘ
94176-92015