ਗੁਰਮੁਖੀ ਸ਼ਬਦ ਦਾ ਭਾਸ਼ਾਈ ਮੂਲਕ ਅਰਥ ਹੈ ‘ਗੁਰੂ ਦੇ ਮੁਖ ਵਿਚੋਂ ਨਿਕਲੀ ਹੋਈ ਅਤੇ ਲਿਪੀਮੂਲਕ ਅਰਥ ਹੈ ‘ਜੋ ਗੁਰੂ ਨੇ ਬਣਾਈ।’ ਗੁਰਮੁਖੀ ਦਾ ਨਿਰਮਾਣ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਨੇ, ਭਾਈ ਲਹਿਣੇ ਦੇ ਰੂਪ ਵਿਚ, ਕਰਤਾਰਪੁਰ ਵਿਖੇ ਸਤਿਗੁਰੁ ਸਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਰਹਿਨੁਮਾਈ ਹੇਠ ਕੀਤਾ।

ਗੁਰਮੁਖੀ ਸ਼ਬਦ ਦਾ ਭਾਸ਼ਾਈ ਮੂਲਕ ਅਰਥ ਹੈ ‘ਗੁਰੂ ਦੇ ਮੁਖ ਵਿਚੋਂ ਨਿਕਲੀ ਹੋਈ ਅਤੇ ਲਿਪੀਮੂਲਕ ਅਰਥ ਹੈ ‘ਜੋ ਗੁਰੂ ਨੇ ਬਣਾਈ।’ ਗੁਰਮੁਖੀ ਦਾ ਨਿਰਮਾਣ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਨੇ, ਭਾਈ ਲਹਿਣੇ ਦੇ ਰੂਪ ਵਿਚ, ਕਰਤਾਰਪੁਰ ਵਿਖੇ ਸਤਿਗੁਰੁ ਸਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਰਹਿਨੁਮਾਈ ਹੇਠ ਕੀਤਾ। ਗੁਰਬਾਣੀ ਨੂੰ ਲਿਖਣ ਲਈ ਉਸ ਸਮੇਂ ਪੰਜਾਬ ’ਚ ਪ੍ਰਚਲਿਤ ਲਿਪੀਆਂ ਵਿਚੋਂ ਕੋਈ ਵੀ ਢੱੁਕਵੀਂ ਨਹੀਂ ਸੀ। ਇਸ ਲਈ ਨਵੀਂ ਲਿਪੀ ਦੇ ਨਿਰਮਾਣ ਦੀ ਪਹਿਲੀ ਤੇ ਬੁਨਿਆਦੀ ਲੋੜ, ਗੁਰਬਾਣੀ ਨੂੰ ਲਿਖਤੀ ਰੂਪ ਵਿਚ ਸੁਰੱਖਿਅਤ ਕਰਨਾ ਸੀ। ਨਵੇਂ ਸੁਤੰਤਰ ਭਾਈਚਾਰਕ, ਪੰਥਕ ਜਾਂ ਕੌਮੀ ਸੰਗਠਨ ਲਈ ਵੀ ਇਹ ਬੁਨਿਆਦੀ ਲੋੜ ਸੀ।
ਇਸ ਲੋੜ ਸੰਬੰਧੀ ਗੁਰੂ ਨਾਨਕ ਦੇਵ ਜੀ ਪਹਿਲਾਂ ਹੀ ਇਸ਼ਾਰਾ ਕਰ ਚੁੱਕੇ ਸਨ: ਲਿਖੇ ਬਾਝਹੁ ਸੁਰਤਿ ਨਾਹੀ ਬੋਲਿ ਬੋਲਿ ਗਵਾਈਐ॥ (ਵਡਹੰਸੁ ਮ: ੧, 566। ਗੁਰੂ ਨਾਨਕ ਦੇਵ ਜੀ ਨੇ ਆਪਣੀ ‘ਪਟੀ’ ਬਾਣੀ (ਰਾਗ ਆਸਾ ਮਹਲਾ ੧ ਪਟੀ ਲਿਖੀ, 432-34) ਵਿਚ ਉਸ ਸਮੇਂ ਪ੍ਰਚਲਿਤ ਪਹਿਲੀਆਂ ਪਰੰਪਰਕ ਲਿਪੀਆਂ ਦੀ ਸਮੀਖਿਆ ਕਰਕੇ ਨਵੀਂ (ਗੁਰਮੁਖੀ) ਲਿਪੀ ਦੇ ਨਿਰਮਾਣ ਦਾ ਆਧਾਰ ਖੁਦ ਹੀ ਤਿਆਰ ਕਰ ਦਿੱਤਾ ਸੀ। ਜੀਵਨ ਦੇ ਆਖ਼ਰੀ ਸਮੇਂ, ਜਦੋਂ ਗੁਰੂ ਨਾਨਕ ਦੇਵ ਜੀ ਉਦਾਸੀਆਂ ਉਪਰੰਤ ਕਰਤਾਰਪੁਰ ਵਿਖੇ ਟਿਕ ਗਏ ਤਾਂ ਇਥੇ ਉਨ੍ਹਾਂ ਦੀ ਅਗਵਾਈ ਵਿਚ ਭਾਈ ਲਹਿਣਾ ਜੀ ਤੇ ਉਨ੍ਹਾਂ ਦੇ ਸਾਥੀ ਗੁਰਮੁਖਾਂ (ਬਾਬਾ ਬੁੱਢਾ ਜੀ, ਭਾਈ ਮਨਸੁਖ ਜੀ, ਬਾਬਾ ਸ੍ਰੀ ਚੰਦ ਆਦਿ) ਨੇ ਗੁਰਮੁਖੀ ਦੀ ਸਿਰਜਣਾ ਦਾ ਮਹਾਨ ਕਾਰਜ ਕੀਤਾ ਅਤੇ ਗੁਰੂ ਨਾਨਕ ਜੀ ਦੀ ਬਾਣੀ ਅਤੇ ਉਨ੍ਹਾਂ ਦੁਆਰਾ ਸੰਗ੍ਰਹਿਤ ਕੀਤੀ ਭਗਤ ਸਾਹਿਬਾਨ ਦੀ ਬਾਣੀ ਨੂੰ (ਮਹਿਮਾ ਪ੍ਰਕਾਸ਼ ਵਾਰਤਕ 1773 ਈ. ਦੇ ਸ਼ਬਦਾਂ ਅਨੁਸਾਰ) ‘ਮਰਯਾਦਾ’ ਵਿਚ ਕੀਤਾ, ਭਾਵ ਪੋਥੀਆਂ ਤਿਆਰ ਕੀਤੀਆਂ ਗਈਆਂ।
ਭਾਈ ਲਹਿਣਾ ਜੀ ਨੇ ਉਸ ਸਮੇਂ ਪ੍ਰਚਲਿਤ ਲਿਪੀਆਂ, ਜਿਹਾ ਕਿ ਲੰਡੇ, ਸਾਰਦਾ, ਟਾਕਰੀ ਆਦਿ ਤੋਂ ਸਹਾਇਤਾ ਵੀ ਲਈ। ਬੰਸਾਵਲੀਨਾਮੇ (1799) ਦੇ ਕਰਤਾ ਭਾਈ ਕੇਸਰ ਸਿੰਘ ਨੇ ਗੁਰਮੁਖੀ ਨਿਰਮਾਣ ਵਿਚ ਬਾਬਾ ਸ੍ਰੀ ਚੰਦ ਜੀ ਦਾ ਵੀ ਵਿਸ਼ੇਸ਼ ਨਾਂ ਲਿਆ ਹੈ, ਜਿਸ ਦਾ ਸਪੱਸ਼ਟ ਭਾਵ ਹੈ ਕਿ ਗੁਰਮੁਖੀ ਦੇ ਨਿਰਮਾਣ ਵਿਚ ਬਾਬਾ ਸ੍ਰੀ ਚੰਦ ਜੀ ਦੀ ਵੀ ਇਕ ਟੀਮ ਮੈਂਬਰ ਵਜੋਂ ਭੂਮਿਕਾ ਹੈ।
ਲਿਪੀਆਂ ਦੀ ਉਤਪਤੀ ਵਿਧੀਵਤ ਵਰਤਾਰਾ
ਗੁਰਮੁਖੀ ਦੀ ਉਤਪਤੀ ਸੰਬੰਧੀ ਸਪੱਸ਼ਟ ਇਤਿਹਾਸਕ ਤੇ ਸਿਧਾਂਤਕ ਪ੍ਰਮਾਣ ਹੋਣ ਦੇ ਬਾਵਜੂਦ ਸਾਡੇ ਅਕਾਦਮਿਕ ਜਾਂ ਜਨਸਾਧਾਰਨ ਜਗਤ ਵਿਚ ਹੋਰ ਕਈ ਗਲਤਫਹਿਮੀਆਂ ਸਮੇਤ, ਇਕ ਗ਼ਲਤਫਹਿਮੀ ਬੜੇ ਸੁਚੇਤ ਪੱਧਰ ਉਤੇ ਵਿਧੀਵਤ ਢੰਗ ਨਾਲ ਇਹ ਫੈਲਾਈ ਗਈ ਕਿ ਗੁਰਮੁਖੀ ਲਿਪੀ ਦੀ ਸਿਰਜਣਾ ਵਿਚ ਸਿੱਖ ਗੁਰੂ ਸਾਹਿਬਾਨ ਦਾ ਯੋਗਦਾਨ ਨਹੀਂ ਹੈ।
ਇਸ ਤਰਕ ਪਿਛੇ ਕੰਮ ਕਰਦੀ ਰਾਜਨੀਤੀ, ਗਲਤਫਹਿਮੀ ਜਾਂ ਅਗਿਆਨ ਦਾ ਮੁਤਾਲਿਆ ਕਰਨਾ ਹਥਲਾ ਮਨੋਰਥ ਨਹੀਂ; ਸਾਡਾ ਮਨੋਰਥ ਤਾਂ ਗੁਰਮੁਖੀ ਰੂਪੀ ਇਸ ਸ਼ਾਨਦਾਰ ਵਿਰਾਸਤ ਨਾਲ ਰੂਹ ਦੇ ਪੱਧਰ ਉਤੇ ਅਜ਼ਲਾਂ (ਧੁਰ ਅੰਤ) ਤਕ ਸਾਂਝ ਪਾਉਣੀ ਹੈ। ਗੁਰਮਤਿ ਸਚੁ ਧਰਮ ਸਭਿਅਤਾ ਦੇ ਵਿਗਸਣ ਵਿਚ ਗੁਰਮੁਖੀ ਦਾ ਯੋਗਦਾਨ ਬੁਨਿਆਦੀ ਅਤੇ ਅਨਿਕ ਪ੍ਰਕਾਰੀ ਹੈ। ਗੁਰਮੁਖੀ ਦੇ ਨਿਰਮਾਣ ਤੇ ਇਸ ਦੇ ਵਿਗਾਸ ਬਾਰੇ ਵਿਚਾਰ ਕਰਦਿਆਂ ਇਹ ਕੁਝ ਜਾਣਨਾ ਜਾਂ ਸਮਝਣਾ ਜ਼ਰੂਰੀ ਹੈ :
(1) ਦੁਨੀਆ ਭਰ ਦੀਆਂ ਲਿਪੀਆਂ ਕਿਸੇ ਵਿਅਕਤੀ, ਵਿਅਕਤੀ-ਸਮੂਹ ਜਾਂ ਸੰਸਥਾ ਨੇ ਹੀ ਤਿਆਰ ਕੀਤੀਆਂ ਹਨ। ਲਿਪੀ, ਭਾਸ਼ਾ (ਬੋਲੀ) ਵਰਗਾ ਕੁਦਰਤੀ, ਸੁੱਤੇ ਸਿਧ, ਵਿਸ਼ਾਲ ਤੇ ਅੰਤਮ ਵਰਤਾਰਾ ਨਹੀਂ ਹੁੰਦਾ; ਇਹ ਨਿਸ਼ਚਿਤ, ਵਿਧੀਵਤ ਤੇ ਸੰਕੁਚਤ ਵਰਤਾਰਾ ਹੁੰਦਾ ਹੈ। ਵਰਤਮਾਨ ਦੁਨੀਆ ਵਿਚ ਕੋਈ ਵੀ ਐਸਾ ਸਮੂਹ ਨਹੀਂ, ਜਿਸ ਕੋਲ ਬੋਲੀ ਨਹੀਂ ਪਰ ਸੈਂਕੜੇ ਕਬੀਲੇ, ਸਮੂਹ ਜਾਂ ਭਾਈਚਾਰੇ ਹਨ, ਜਿਨ੍ਹਾਂ ਕੋਲ ਆਪਣੀ ਬੋਲੀ ਲਈ ਲਿਪੀ (ਚਿੰਨ੍ਹ) ਨਹੀਂ। ਪੱਛਮ ਦੀਆਂ ਕਈ ਅਕਾਦਮਿਕ ਭਾਸ਼ਾ ਵਿਗਿਆਨਕ ਸੰਸਥਾਵਾਂ ਨੇ ਕਬੀਲਿਆਂ ਦੀਆਂ ਬੋਲੀਆਂ ਲਈ ਲਿਪੀਆਂ ਵਿਕਸਿਤ ਕੀਤੀਆਂ ਹਨ। ਇਸ ਤੱਥ ਦੀ ਆਮ ਜਾਣੀ ਜਾਂਦੀ ਪੁਖਤਾ ਉਦਾਹਰਨ ਬਰੇਲ ਲਿਪੀ ਦੀ ਕਾਢ ਹੈ, ਜਿਸ ਨੂੰ ਚਾਰਲਸਬਰ ਬੇਅਰ ਜਾਂ ਲੋਹਿਸ ਬਰੇਲ (/) ਆਦਿ ਜਿਹੇ ਵਿਦਵਾਨਾਂ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਨਿਰਮਤ ਕੀਤਾ ਸੀ। ਇਸੇ ਤਰ੍ਹਾਂ ਦੇ ਰੂਪ ਵਿਚ ਤਿਆਰ ਹੋਈਆਂ ਲਿਪੀਆਂ ਵੇਖੀਆਂ ਜਾ ਸਕਦੀਆਂ ਹਨ। ਇਥੇ ਅਜਿਹੀਆਂ ਹੀ ਹੋਰ ਕਈ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ। ਇਸ ਤਰ੍ਹਾਂ ਇਹ ਤੱਥ ਤਾਂ ਸਪੱਸ਼ਟ ਹੈ ਕਿ ਲਿਪੀ ਦੀ ਘਾੜਤ ਹਮੇਸ਼ਾ ਵਿਅਕਤੀਗਤ, ਸੰਸਥਾਗਤ ਜਾਂ ਇਕ ਸੰਗਠਿਤ ਕਾਰਜ ਹੁੰਦਾ ਹੈ। ਇਹ ਕਿਸੇ ਨਿਸ਼ਚਿਤ ਸਥਾਨ ਅਤੇ ਇਤਿਹਾਸਕ ਸਮੇਂ ਦੇ ਬਿੰਦੂ ਉਤੇ ਹੀ ਹੋਂਦ ਗ੍ਰਹਿਣ ਕਰਦੀ ਹੈ। ਇਸ ਹਵਾਲੇ ਨਾਲ ਗੁਰਮੁਖੀ ਕਰਤਾਰਪੁਰ ਦੇ ਸਥਾਨ ਉਤੇ ਹੋਂਦ ’ਚ ਆਉਂਦੀ ਹੈ। ਕਰਤਾਰਪੁਰ ਦੇ ਸਥਾਨ ਉਤੇ, ਇਸ ਕਾਰਜ ਵਿਚ ਭਾਈ ਲਹਿਣੇ/ਗੁਰੂ ਅੰਗਦ ਦੇਵ ਜੀ ਦੀ, ਪਹਿਲਾਂ ਕੀਤੇ ਇਸ਼ਾਰੇ ਮੁਤਾਬਿਕ, ਕਈ ਗੁਰਮੁਖਾਂ ਨੇ ਸਹਾਇਤਾ ਵੀ ਕੀਤੀ, ਜਿਵੇਂ ਭਾਈ ਮਨਸੁਖ ਨੇ ਗੁਰਮੁਖੀ ਦੇ ਨਿਰਮਾਣ ਸਮੇਤ ਪੋਥੀਆਂ ਲਿਖਣ ਵਿਚ ਵੀ ਮਦਦ ਕੀਤੀ। ਜਨਮਸਾਖੀਆਂ ਅਨੁਸਾਰ ‘ਤੀਨ ਬਰਸ ਬਾਬੇ ਕੋਲ ਰਹਿਆ॥ ਗੁਰੂ ਬਾਬੇ ਦੀ ਬਾਣੀ ਬਹੁਤ ਲਿਖੀਆਸੁ [ਸਿਖੀਆਸੁ] ॥ ਪੋਥੀਆ ਲਿਖ [ਸਿਖ] ਲੀਤੀਓਸੁ॥ (ਪੁਰਾਤਨ ਜਨਮਸਾਖੀ, ਸਾਖੀ/ਪੰਨਾ ੪੧/੧੪੪); “ਤੀਨ ਬਰਸ ਜਾ ਰਹਿਆ ਤਾ ਬਾਬੇ ਕੀ ਬਾਣੀ ਬਹੁਤੁ ਲਿਖਿ ਕਰਿ ਪੋਥੀਆ [ਲਿਖ] ਲੀਤੀਆ॥’’ (ਆਦਿ ਸਾਖੀਆਂ, ਸਾਖੀ/ਪੰਨਾ ੨੧/੬੧)।
(2) ਸਾਡੇ ਕਈ ਉਤਸ਼ਾਹੀ ਵਿਦਵਾਨ ਜਦੋਂ ਲਿਪੀਆਂ ਦਾ ਅਧਿਐਨ ਕਰਦੇ ਹਨ ਤਾਂ ਉਨ੍ਹਾਂ ਵਿਚੋਂ ਵਧੇਰੇ ਬਣੀ-ਬਣਾਈ ਧਾਰਨਾ ਅਨੁਸਾਰ ਗੁਰਮੁਖੀ ਨੂੰ ਹੋਰਾਂ ਕਈ ਲਿਪੀਆਂ ਵਾਂਗ, ਬ੍ਰਹਮੀ ਤੋਂ ਉਪਜੀ ਹੋਈ ਸਿੱਧ ਕਰਨ ਲਈ ਕਈ ਕਿਸਮ ਦੀਆਂ ਕਿਆਸ ਅਰਾਈਆਂ ਲਾਉਂਦੇ ਹਨ। ਇਸ ਤਰਕ ਦਾ ਸੁਚੇਤ ਅਧਾਰ ਰਾਜਨੀਤਿਕ ਵਧੇਰੇ ਤੇ ਅਕਾਦਮਿਕ ਘੱਟ ਹੈ ਪਰ ਅਚੇਤ ਪੱਧਰ ’ਤੇ ਇਹ ਭਾਸ਼ਾ ਦੇ ਇਤਿਹਾਸਕ ਅਧਿਐਨ ਤੋਂ ਵੀ ਪ੍ਰਭਾਵਿਤ ਹੈ। ਧਿਆਨਯੋਗ ਹੈ ਕਿ ਜਿਵੇਂ ਭਾਸ਼ਾਵਾਂ ਇਕ ਦੂਜੀ ਤੋਂ ਪ੍ਰਭਾਵਿਤ ਜਾਂ ਰੂਪਾਂਤਰਿਤ ਹੁੰਦੀਆਂ ਜਾਂ ਜਨਮਦੀਆਂ/ਵਿਗਸਦੀਆਂ ਹਨ, ਇਉਂ ਲਿਪੀਆਂ ਨਹੀਂ ਹੁੰਦੀਆਂ। ਲਿਪੀ ਦਾ ਅਧਿਐਨ ਹਮੇਸ਼ਾ ‘ਸਮਕਾਲੀ’ (ਇਕਾਲਕ) ਹੁੰਦਾ ਹੈ। ਸੌਖੇ ਸ਼ਬਦਾਂ ਵਿਚ ਜਿਵੇਂ ਇਕ ਭਾਸ਼ਾ, ਦੂਜੀ ਵਿਚੋਂ ਰੂਪਾਂਤਰਿਤ ਹੁੰਦੀ ਹੈ, ਜਿਵੇਂ ਪੂਰਬੀ ਏਸ਼ੀਆ ਤੇ ਇਸ ਖਿੱਤੇ ਦੀਆਂ ਸਾਡੀਆਂ ਸਾਰੀਆਂ ਭਾਸ਼ਾਵਾਂ; ਸਮੇਤ ਸੰਸਕਿ੍ਰਤ, ਪ੍ਰਾਕਿ੍ਰਤਾਂ (ਲੋਕ ਬੋਲੀਆਂ) ਵਿਚੋਂ ਸੁਤੰਤਰ ਰੂਪ ਗ੍ਰਹਿਣ ਕਰਦੀਆਂ ਹਨ। ਇਉਂ ਇਕ ਲਿਪੀ, ਦੂਜੀ ਵਿਚੋਂ ਪੈਦਾ ਨਹੀਂ ਹੁੰਦੀ। ਹਰੇਕ ਲਿਪੀ ਦੀ ਹੋਂਦ ਸੁਤੰਤਰ ਹੁੰਦੀ ਹੈ। ਇਕ ਲਿਪੀ ਦੀ ਸਿਰਜਣਾ ਲਈ ਦੂਜੀਆਂ ਪੂਰਵਵਰਤੀ ਲਿਪੀਆਂ ਤੋਂ ਸਹਾਇਤਾ ਲੈਣਾ ਬਿਲਕੁਲ ਵੱਖਰੀ ਕਿਸਮ ਦਾ ਸਵਾਲ ਹੈ, ਜਿਵੇਂ ਗੁਰਮੁਖੀ ਦੇ ਨਿਰਮਾਣ ਸਮੇਂ ਪੂਰਵ ਜਾਂ ਸਮਕਾਲ ਦੀਆਂ ਕਈ ਚਲ ਰਹੀਆਂ (ਲੰਡੇ, ਸਾਰਧਾ, ਟਾਕਰੀ ਆਦਿ) ਲਿਪੀਆਂ ਤੋਂ ਸਹਾਇਤਾ ਲਈ ਗਈ।
(3) ਲਿਪੀ ਇਕ ਮੁਕੰਮਲ ਪ੍ਰਬੰਧ ਜਾਂ ਵਿਵਸਥਾ ਦਾ ਨਾਂ ਹੈ। ਇਸ ਵਿਚ ਅੱਖਰ/ਵਰਣਮਾਲਾ, ਮੁਹਾਰਨੀ, ਅੰਕ, ਲਿਖਣ ਦੇ ਢੰਗ, ਤਰਤੀਬ ਆਦਿ ਕਈ ਕੁਝ ਸ਼ਾਮਲ ਹੁੰਦਾ ਹੈ। ਕਈ ਵਿਦਵਾਨ ਗੁਰਮੁਖੀ ਦੇ ਅੱਖਰਾਂ ਦੇ ਸਰੂਪ ਨੂੰ ਹੋਰਨਾਂ ਲਿਪੀਆਂ ਨਾਲ ਮੇਲ ਕੇ ਇਹ ਤਰਕ ਘੜਦੇ ਹਨ, ਕਿ ਫਲਾਣਾ ਅੱਖਰ, ਫਲਾਣੇ ਨਾਲ ਮੇਲ ਖਾਂਦਾ ਹੈ। ਜੇਕਰ ਅਸੀਂ ਗੁਰਮੁਖੀ ਤੇ ਹੋਰਨਾਂ ਲਿਪੀਆਂ ਨੂੰ ਇਕ ਸਾਰਣੀ ਵਿਚ ਪੇਸ਼ ਕਰੀਏ ਤਾਂ ਇਹ ਸਿੱਧ ਕਰਨਾ ਸੰਭਵ ਨਹੀਂ ਕਿ ਕਿਹੜਾ ਅੱਖਰ, ਕਿਸ ਵਿਚੋਂ ਨਿਕਲਿਆ ਜਾਂ ਅਧਾਰਿਤ ਹੈ। ਜਿਸ ਤਰਕ ਨੂੰ ਅਧਾਰ ਬਣਾ ਕੇ ਗੁਰਮੁਖੀ ਦੇ ਅੱਖਰ, ਕਿਸੇ ਦੂਜੀ ਲਿਪੀ ਵਿਚੋਂ ‘ਵਿਕਸਿਤ’ ਹੋਏ ਮੰਨੇ ਜਾਂਦੇ ਹਨ, ਉਸੇ ਤਰਕ ਨੂੰ ਅਧਾਰ ਬਣਾ ਕੇ ਇਹ ਸਿਧ ਕਰਨਾ ਵੀ ਕੋਈ ਔਖਾ ਨਹੀਂ, ਕਿ ਸੰਬੰਧਿਤ ਲਿਪੀ ਦੇ ਅਖਰ ਗੁਰਮੁਖੀ ਤੋਂ ‘ਵਿਕਸਿਤ‘ ਹੋਏ ਹਨ। ਸਹੀ ਵਸਤੂ-ਸਥਿਤੀ ਤਾਂ ਇਹ ਹੈ ਕਿ ਜਦੋਂ ਵੀ ਕੋਈ ਲਿਪੀ ਹੋਂਦ ਵਿਚ ਆਉਂਦੀ ਹੈ ਤਾਂ ਉਹ ਪੂਰਵਵਰਤੀ ਲਿਪੀਆਂ ਦੀ ਸਹਾਇਤਾ ਤਾਂ ਲੈਂਦੀ ਹੈ ਪਰ ਅਧਾਰਿਤ ਨਹੀਂ ਹੁੰਦੀ। ਸਾਂਝ ਦੇ ਰੂਪ, ‘ਲਿਖਤ’ ਪਧਰ ਉਤੇ ਵਧੇਰੇ ਹੁੰਦੇ ਹਨ, ਇਨ੍ਹਾਂ ਬਾਰੇ ਅੱਗੇ ਗੱਲ ਕੀਤੀ ਜਾਵੇਗੀ । ਇਸ ਤਰ੍ਹਾਂ ਕੋਈ ਵੀ ਲਿਪੀ ਕਿਸੇ ਹੋਰ ਲਿਪੀ ’ਚੋਂ ਪੈਦਾ ਨਹੀਂ ਹੁੰਦੀ। ਇਹ ਇਕ ਸੁਤੰਤਰ ਤੇ ਸੁਚੇਤ ਵਰਤਾਰਾ ਹੈ। ਦਿਲਚਸਪ ਪਹਿਲੂ ਇਹ ਹੈ ਕਿ ਸਾਡੇ ‘ਉਤਪਤੀ’ ਦੀ ਇਹ ਧਾਰਨਾ ਹੋਰਾਂ ਲਿਪੀਆਂ ’ਤੇ ਤਾਂ ਲਾਗੂ ਕੀਤੀ ਜਾਂਦੀ ਹੈ, ਖੁਦ ਬ੍ਰਹਮੀ ’ਤੇ ਲਾਗੂ ਨਹੀਂ ਕੀਤੀ ਜਾਂਦੀ, ਭਾਵ ਜੇ ਬ੍ਰਹਮੀ ’ਚੋਂ ‘ਸਾਰੀਆਂ’ ਲਿਪੀਆਂ ਨਿਕਲੀਆਂ ਹਨ, ਫਿਰ ਬ੍ਰਹਮੀ ਕਿਥੋਂ ਨਿਕਲੀ ਹੈ? ਇਸ ਸਵਾਲ ਨੂੰ ਲੈ ਕੇ ‘ਵਿਕਾਸਵਾਦੀ’ ਸਿਧਾਂਤ ਫੇਲ੍ਹ ਕਰ ਦਿੱਤਾ ਜਾਂਦਾ ਹੈ। ਅਸਲ ਵਿਚ ਬ੍ਰਹਮੀ ਲਿਪੀ ਦਾ ਨਿਰਮਾਣ ਵੀ, ਸਿੰਧੂ ਲਿਪੀ ਦੇ ਅਧਾਰ ਉਤੇ ਮਹਾਨ ਜੈਨ ਮੁਨੀਆਂ ਨੇ ਕੀਤਾ ਸੀ।
(4) ਕੋਈ ਵੀ ਲਿਪੀ ਆਮ ਹਾਲਤ ਵਿਚ, ਖਾਸ ਕਰਕੇ ਸ਼ੁਰੂ ਵਿਚ ਆਪਣੀਆਂ ਸਮਕਾਲੀ ਲੋੜਾਂ ਦੇ ਸਨਮੁਖ ਹੋਂਦ ਗ੍ਰਹਿਣ ਕਰਦੀ ਹੈ, ਭਾਵੇਂ ਕਿ ਭਵਿੱਖ ਦੀ ‘ਲੰਮੀ ਨਦਰਿ’ ਵੀ ਇਸ ਵਿਚ ਸ਼ਾਮਿਲ ਹੁੰਦੀ ਹੈ। ਗੁਰਮੁਖੀ ਦਾ ਨਿਰਮਾਣ ਬੁਨਿਆਦੀ ਰੂਪ ਵਿਚ ਗੁਰਬਾਣੀ ਲਈ ਹੋਇਆ ਸੀ। ਇਸ ਲਈ ਗੁਰਮੁਖੀ, ਗੁਰਬਾਣੀ ਵਾਸਤੇ ਸਭ ਤੋਂ ਢੁੱਕਵੀਂ, ਯੋਗ ਅਤੇ ਨਿਸ਼ਚਿਤ ਹੈ। ਗੁਰਮੁਖੀ, ਖਾਸ ਕਰਕੇ ਉਤਰੀ-ਭਾਰਤ ਦੀਆਂ ਭਾਵੇਂ ਸਾਰੀਆਂ ਭਾਸ਼ਾਵਾਂ ਲਿਖਣ ਦੇ ਸਮੱਰਥ ਹੈ ਪਰ ਰਾਜਸੀ ਕਾਰਨਾਂ ਕਰਕੇ ਇਹ ਪੰਜਾਬੀ ਤਕ ਸੀਮਤ ਕਰ ਦਿਤੀ ਗਈ, ਹਾਲਾਂਕਿ ਮੱਧਕਾਲ ਦਾ ਬਹੁਤ ਸਾਰਾ ਬ੍ਰਜ, ਸੰਸਕਿ੍ਰਤ, ਫਾਰਸੀ ਅਤੇ ਖੜ੍ਹੀ ਬੋਲੀ ਦਾ ਸਾਹਿਤ ਵੀ ਇਸ ਵਿਚ ਲਿਖਿਆ ਗਿਆ। ਸਮੇਂ ਨਾਲ ਅਨੇਕ ਕਾਰਨਾਂ ਕਰਕੇ ਪੰਜਾਬੀ ਭਾਸ਼ਾ ਵਿਚ ਕਈ ਪੱਖਾਂ ਤੋਂ ਕੁਦਰਤੀ/ਗੈਰ-ਕੁਦਰਤੀ ਪਰਿਵਰਤਨ ਵਾਪਰੇ; ਤੇ ਸਮੇਂ ਦੇ ਵਿਕਾਸ ਦੀਆਂ ਲੋੜਾਂ ਕਾਰਨ ਲਿਪੀ ਵਿਚ ਵੀ ਕੁਝ ਪਰਿਵਰਤਨ ਵੀ ਕਰਨੇ ਪਏ, ਜਿਵੇਂ ਕਿ ਮੂਲ ੩੫ ਅਖਰਾਂ ਵਿਚ / ਸ਼, ਖ਼, ਗ਼, ਜ਼/... ਆਦਿ ਕ੍ਰਮਵਾਰ / ਸ਼ੀਨ, / ਖ਼ੇ, / ਗ਼ੈਨ, / ਜ਼ੁਆਦ ਆਦਿ ਧੁਨੀਆਂ ਦੇ ਸ਼ਾਮਿਲ ਹੋਣ ਨਾਲ 18-19ਵੀਂ ਸਦੀ ਵਿਚ ਨਵੀਂ ਪਾਲ ਸ਼ਾਮਿਲ ਹੋਈ।
(5) ਵਿਸ਼ੇਸ਼ ਧਿਆਨਯੋਗ ਤੱਥ ਇਹ ਹੈ ਕਿ ਵਿਕਾਸ ਵਧੇਰੇ ਕਰਕੇ ‘ਲਿਖਤ’ ਵਿਚ ਹੁੰਦਾ ਹੈ, ਲਿਪੀ ਵਿਚ ਨਹੀਂ। ਇਸੇ ਤਰ੍ਹਾਂ ਹੀ ਲਿਪੀਆਂ ਦੀ ‘ਸਾਂਝ’ ਵੀ ਵਧੇਰੇ ਲਿਖਤ ਪੱਧਰ ਉਤੇ ਹੀ ਹੁੰਦੀ ਹੈ, ਲਿਪੀ-ਚਿੰਨ੍ਹਾਂ ਦੇ ਪੱਧਰ ਉਤੇ ਨਹੀਂ। ਜਿਵੇਂ ਗੁਰਮੁਖੀ ਤੇ ਨਾਗਰੀ ਦੋਵੇਂ ਖੱਬੇ ਤੋਂ ਸੱਜੇ ਲਿਖੀਆਂ ਜਾਂਦੀਆਂ ਹਨ, ਦੋਵੇਂ ਲਕੀਰ ਦੇ ਹੇਠਾਂ ਲਿਖੀਆਂ ਜਾਂਦੀਆਂ ਹਨ, ਦੋਵਾਂ ਦੇ ਅੱਖਰ ਨੂੰ ਇਕਾਈ ਬਣਾਉਣ ਵਾਸਤੇ ਸਿਰੋਰੇਖਾ ਦਾ ਇਸਤੇਮਾਲ ਕਰਨਾ ਪੈਂਦਾ ਹੈ, ਆਦਿ। ਇਹ ਸਾਂਝਾਂ ਲੇਖਣੀ ਪੱਧਰ ਦੀਆਂ ਹਨ। ਅੱਖਰਾਂ ਦਾ ਰੂਪ-ਭੇਦ ਵੀ ਵਧੇਰੇ ਕਰਕੇ ਸਮੇਂ, ਸਥਾਨ ਜਾਂ ਵਿਅਕਤੀ-ਰੁਚੀ ਕਾਰਨ ਹੁੰਦਾ ਹੈ; ਲਿਪੀਆਸਣ ਦੀ ਸਥਿਤੀ ਵੀ ਅਖਰਾਂ ਦੇ ਰੂਪ-ਭੇਦ ਵਿਚ ਇਕ ਮੁਖ ਕਾਰਨ ਬਣਦੀ ਹੈ, ਜਿਵੇਂ ਕਾਗਜ, ਮਿੱਟੀ ਅਤੇ ਪਧਰੇ ਲਿਪੀਆਸਣ ਉਤੇ ਲਿਖਿਆ ਗੁਰਮੁਖੀ ਦਾ ਇਕ ਅੱਖਰ (ਮੰਨ ਲਓ) ‘ਸ’ ਇਕ ਵਿਅਕਤੀ ਲਿਖਤ ਹੋਣ ਦੇ ਬਾਵਜੂਦ ਰੂਪ-ਭੇਦ ਧਾਰਨ ਕਰ ਜਾਵੇਗਾ। ਅੱਖਰਾਂ ਦੇ ਰੂਪ, ਆਧੁਨਿਕ ਛਾਪੇ ਜਾਂ ਕੰਪਿਊਟਰ ਦੀ ਵਜ੍ਹਾ ਕਾਰਨ ਹੀ ਸਥਿਰ ਹੋਏ ਹਨ। ਇਹ ‘ਵਿਕਾਸ’ ਘੱਟ ਹਨ, ਰੂਪ-ਭੇਦ ਵਧੇਰੇ ਹਨ। ਇਸ ਤਰ੍ਹਾਂ ਲਿਪੀ ਤੋਂ ਲਿਪੀ ਦੀ ਉਤਪਤੀ ਨਹੀਂ ਹੁੰਦੀ ਤੇ ਨਾ ਹੀਂ ਵਿਕਸਤ ਹੁੰਦੀ ਹੈ; ਸਗੋਂ ਲਿਖਤਾਂ ਇਕ ਦੂਜੀ ਤੋਂ ਪ੍ਰਭਾਵਿਤ ਹੁੰਦੀਆਂ ਹਨ, ਜਿਵੇਂ ਆਧੁਨਿਕ ਭਾਰਤ (ਬਲਕਿ ਵਿਸ਼ਵ) ਦੀਆਂ ਸਾਰੀਆਂ ਲਿਖਤਾਂ ਨੇ (ਗੁਰਮੁਖੀ ਸਮੇਤ) ਵਿਸ਼ਰਾਮ ਚਿੰਨ੍ਹ, ਰੋਮਨ ਲਿਖਤਾਂ ਤੋਂ ਗ੍ਰਹਿਣ ਕੀਤੇ ਹਨ।
(6) ਲਗਭਗ ਹਰੇਕ ਲਿਪੀ ਦੀ ਉਪਜ/ਸਿਰਜਣਾ ਪਿਛੇ ਧਾਰਮਿਕ ਪ੍ਰੇਰਣਾ ਕੰਮ ਕਰਦੀ ਰਹੀ ਹੈ। ਇਉਂ ਹਰੇਕ ਲਿਪੀ ਦਾ ਮੁੱਢ ਕਿਸੇ ਧਾਰਮਿਕ ਪਰੰਪਰਾ ਨਾਲ ਜੁੜਿਆ ਹੋਇਆ ਹੈ। ਧਰਮ, ਸੰਬੰਧਿਤ ਭਾਸ਼ਾਵਾਂ ਤੇ ਲਿਪੀਆਂ ਦਾ ਸੁਰੱਖਿਆ ਕਵਚ ਬਣਦਾ ਆਇਆ ਹੈ। ਸ਼ੁਰੂ ਸ਼ੁਰੂ ਵਿਚ ਲਿਪੀ ਨਿਰਮਾਣ ਦੀ ਪ੍ਰਕਿਰਿਆ ਵੀ ਵਧੇਰੇ ਕਰਕੇ ਧਾਰਮਿਕ ਕਾਰਜਾਂ ਵਾਸਤੇ ਹੀ ਹੋਈ ਸੀ, ਜਿਵੇਂ ਅਵੇਸਤਾ (ਪਾਰਸੀ ਧਰਮ ਗ੍ਰੰਥ) ਲਈ ਇਕ ਵਿਸ਼ੇਸ਼ ਲਿਪੀ ਦਾ ਨਿਰਮਾਣ ਕੀਤਾ ਗਿਆ, ਜਿਸ ਨੂੰ ‘ਪਾਂਜਦ’ ਕਿਹਾ ਜਾਂਦਾ ਸੀ। ਇਸੇ ਤਰ੍ਹਾਂ ਹੀ ਵੈਦਿਕ ਪਾਠਾਂ ਦੀ ਰਾਖੀ ਲਈ ਜੈਨ ਮੁਨੀਆਂ ਦੀ ਸਿਰਜੀ ਬ੍ਰਹਮੀ (ਬੰਮ੍ਹੀ/ ਬੰਭੀ) ਨੂੰ ਅਪਣਾਇਆ ਗਿਆ। ਹਿਬਰੂ ਦਾ ਸੁਰਖਿਆ ਕਵਚ ਯਹੂਦੀ ਧਰਮ ਗ੍ਰੰਥ ਤੁਰੈਤ (ਤੁਰਹ) ਬਣਿਆ, ਇਉਂ ਹੀ ‘ਅਰਬੀ’ ਧਰਮ-ਨਿਰਪਖੀ ਲਈ ਜੋ ਮਰਜੀ ਹੋਏ, ਮੁਸਲਮਾਨ ਦੀ ਇਮਾਨ-ਜਾਨ ਹੈ, ਕਿਉਂਕਿ ਇਸ ਵਿਚ ਪਵਿੱਤਰ ਕੁਰਾਨ ਲਿਖਿਆ ਗਿਆ ਹੈ। ਇਹੋ ਸਥਿਤੀ ਗੁਰਮੁਖੀ ਦੀ ਵੀ ਹੈ। ਪੰਜਾਬੀ/ਗੁਰਮੁਖੀ ਦੇ ਸਿੱਖਾਂ ਨਾਲ ਜੁੜਨ ਪਿਛੇ ਕੇਵਲ ਸੰਪ੍ਰਦਾਇਕ ਕਾਰਨ ਨਹੀਂ, ਜਿਵੇਂ ਕਿ ਪੰਜਾਬੀ ਅਕਾਦਮਿਕਤਾ ਦੇ ਇਕ ਹਿੱਸੇ ਵਲੋਂ ਸੁਚੇਤ ਪੱਧਰ ਉਤੇ ਪ੍ਰਚਾਰੇ-ਪ੍ਰਸਾਰੇ ਜਾਂਦੇ ਹਨ, ਇਤਿਹਾਸਕ ਵੀ ਹਨ। ਪੰਜਾਬੀ ਗੁਰਮੁਖੀ ਹੋਰਾਂ ਲਈ ਜੋ ਮਰਜ਼ੀ ਹੋਵੇ, ਸਿੱਖਾਂ ਲਈ ਜੀਣ-ਥੀਣ ਤੇ ਰੂਹ ਦੀ ਖੁਰਾਕ ਹੈ ਤੇ ਇਸ ਦੀ ਸੁਰੱਖਿਆ ਜਾਮਨ ਗੁਰਬਾਣੀ (ਗੁਰਮੁਖੀ) ਹੈ। ਇਉਂ ਗੁਰਮੁਖੀ, ਇਕ ਸਿੱਖ ਵਾਸਤੇ ਪਵਿੱਤਰ ਹੈ, ਕਿਉਂਕਿ ਇਹ ਗੁਰੂ ਸਾਹਿਬਾਨ ਦੀ ਸਿਰਜੀ ਹੋਈ ਹੈ ਤੇ ਇਸ ਵਿਚ ਗੁਰਬਾਣੀ ਲਿਖੀ ਹੋਈ ਹੈ। ਇਤਿਹਾਸ ਗਵਾਹ ਹੈ ਕਿ ਗੁਰਮੁਖੀ ਪੰਜਾਬੀ ਦੀ ਸੁਰੱਖਿਆ ਲਈ ਘੱਟ-ਗਿਣਤੀ ਸਿਰਫ਼ ਸਿੱਖ ਹੀ ਸਾਹਮਣੇ ਆਏ ਹਨ।
(7) ਵਰਤਮਾਨ ਗੁਰਮੁਖੀ ਨਾਲ ਜਿਥੇ ਕਈ ਕਿਸਮ ਦੇ ‘ਟੈਬੂ’ ਜੁੜ ਗਏ ਹਨ, ਓਥੇ ਕਈ ਢੰਗ ਤਰੀਕੇ ਵੀ ਬਦਲ ਗਏ ਹਨ। ਮੁੱਖ ਫਰਕ ਇਹ ਪਿਆ ਹੈ ਕਿ ਆਮ ਹਾਲਤ ਵਿਚ ਗੁਰਮੁਖੀ ਨੂੰ ਜਾਂ ਤਾਂ ਭਾਸ਼ਾ, ਬੋਲੀ, ਵਿਆਕਰਨ ਆਦਿ ਨਾਲ ਜੋੜ ਕੇ ਬੋਲ-ਚਾਲ, ਸਿਖਿਆ ਆਦਿ ਸਕੂਲੀ ਲੋੜ ਵਜੋਂ ਪੇਸ਼ ਕੀਤਾ ਜਾਂਦਾ ਹੈ ਜਾਂ ਕਈ ਹਾਲਾਤਾਂ ਵਿਚ ਵਧੇਰੇ ਕਰਕੇ ਰੁਜ਼ਗਾਰ ਨਾਲ ਜੋੜਿਆ ਗਿਆ ਹੈ ਪਰ ਧਿਆਨ ਰਹੇ ਕਿ ਗੁਰਮੁਖੀ ਸਿੱਖਣਾ ਕੇਵਲ ਭਾਸ਼ਾ-ਵਿਗਿਆਨਕ; ਬੋਲ-ਚਾਲੀ ਜਾਂ ਰੁਜ਼ਗਾਰ ਤਕ ਸੀਮਿਤ ਮਾਮਲਾ ਨਹੀਂ; ਇਹ ਸਾਡੀ ਹੋਂਦ-ਹਸਤੀ ਨਾਲ ਜੁੜਿਆ ਹੋਇਆ ਸਾਡੀ ‘ਮੁਕਤੀ’ ਦਾ ਸਵਾਲ ਹੈ। ਗੁਰਮੁਖੀ ਬਿਨਾਂ ਸਾਡੀ ਕੋਈ ਹੋਂਦ ਨਹੀਂ।
ਇਤਿਹਾਸਕ ਪ੍ਰਮਾਣ
ਗੁਰਮੁਖੀ ਦੀ ਸਿਰਜਣਾ ਦਾ ਇਤਿਹਾਸਕ ਪ੍ਰਮਾਣ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਕਾਲ ਤੋਂ ਪਹਿਲਾਂ ਦੀ ਇਕ ਵੀ ਗੁਰਮੁਖੀ ਲਿਖਤ ਪ੍ਰਾਪਤ ਨਹੀਂ ਹੁੰਦੀ। ‘ਏਕਾਦਸੀ ਮਹਾਤਮ’, ਜਿਸ ਨੂੰ ਪੁਰਾਣਾ ਖਰੜਾ; ਭਾਵ ਗੁਰਮੁਖੀ ਦਾ ਗੁਰੂ ਸਾਹਿਬਾਨ ਤੋਂ ਪਹਿਲਾਂ ਦਾ ਸਿਧ ਕਰਨ ਦੀ ਕਵਾਇਦ ਜਾਂ ਜੋਰ-ਅਜਮਾਈ ਕੀਤੀ ਜਾਂਦੀ ਹੈ, ਉਹ ਭਾਸ਼ਾਈ ਸਥਿਤੀ ਅਨੁਸਾਰ ਅਠਾਰਵੀਂ ਸਦੀ ਦੇ ਤੀਜੇ-ਚੌਥੇ ਦਹਾਕੇ ਦੀ ਰਚਨਾ ਹੈ। ਹੁਣ ਤਕ ਜੋ ਵੀ ਮੱੁਢਲੀ ਗੁਰਮੁਖੀ ਲਿਖਤ ਪ੍ਰਾਪਤ ਹੋਈ ਹੈ ਉਹ ਗੁਰਬਾਣੀ ਖਰੜਾ ਹੀ ਹੈ। ਦਿਲਚਸਪ ਪਹਿਲੂ ਇਹ ਹੈ ਕਿ ਉਸੇ ਖਰੜੇ ਵਿਚ ਹੀ ਇਹ ਲਿਖਿਆ ਹੈ: “ਗੁਰੂ ਅੰਗਦੁ ਗੁਰਮੁਖੀ ਅਖਰੁ ਬਨਾਏ ਬਾਬੇ ਅਗੇ ਸਬਦੁ ਭੇਟ ਕੀਤਾ“ (ਮੋਹਨ ਪੋਥੀਆਂ)। ਇਸ ਤੋਂ ਬਿਨਾਂ ਆਧੁਨਿਕ ਕਾਲ (ਅੰਗਰੇਜ਼ ਕਾਲ) ਤੋਂ ਪਹਿਲਾਂ ਦੀਆਂ ਸਾਰੀਆਂ ਲਿਖਤਾਂ ਵਿਚ ਗੁਰਮੁਖੀ ਅੱਖਰਾਂ ਦੇ ਕਰਤਾ ਜਾਂ ਸਿਰਜਕ ਗੁਰੂ ਨਾਨਕ ਦੇਵ ਜੀ ਜਾਂ ਗੁਰੂ ਅੰਗਦ ਦੇਵ ਜੀ ਨੂੰ ਹੀ ਦਰਸਾਇਆ ਗਿਆ ਹੈ। ਗੁਰਮੁਖੀ ਸਿਰਜਣਾ ਪ੍ਰਤੀ ਗੁਰੂ ਸਾਹਿਬਾਨ ਦਾ ਨਾਤਾ ਤੋੜਨ ਦੀ ਅਕਾਦਮਿਕ ਕਵਾਇਦ ਵਧੇਰੇ ਕਰਕੇ ਪੰਜਾਬ ਦੇ ਬਟਵਾਰੇ (’47) ਤੋਂ ਬਾਅਦ ਸ਼ੁਰੂ ਹੋਈ ਹੈ।
ਗੁਰਮਤਿ ਸਾਹਿਤ ’ਚ ਹੀ ਹੈ ‘ਗੁਰਮੁਖੀ’ ਪਦ
‘ਗੁਰਮੁਖਿ’ ਪਦ ਗੁਰੂ ਕਾਲ ਤੋਂ ਪਹਿਲਾਂ ਦਾ ਮਿਲਦਾ ਵੀ ਦੱਸਿਆ ਜਾਂਦਾ ਹੈ, ਖਾਸ ਕਰਕੇ ਸਿੱਧ-ਨਾਥਾਂ ਦੀਆਂ ਲਿਖਤਾਂ ਵਿਚ। ਗੁਰਮੁਖਿ ਪਦ ਜ਼ਰੂਰ ਮਿਲਦਾ ਹੈ, ਪਰ ਇਸ ਪਦ ਨਾਲ ਜੋ ਭਾਵ ਤੇ ਬਿਬੇਕ ਗੁਰਮਤਿ ਸਾਹਿਤ ਵਿਚ ਜੁੜਿਆ ਹੋਇਆ ਹੈ, ਉਹ ਹੋਰ ਕਿਤੇ ਨਹੀਂ। ‘ਗੁਰਮੁਖੀ’ ਪਦ ਗੁਰਮਤਿ ਸਾਹਿਤ ਵਿਚ ਹੀ ਹੈ। ਵਰਤਮਾਨ ਸਮੇਂ ਭਾਸ਼ਾ ਵਿਗਿਆਨ ਭਾਵੇਂ ਬਹੁਤ ਤਰੱਕੀ ਕਰ ਗਿਆ ਹੈ, ਪਰ ਸਾਡੇ ਮੁਲਕ ਵਿਚ ਹਾਲੇ ਵੀ ਇਹ ਇਤਿਹਾਸਕ ਭਾਸ਼ਾ ਵਿਗਿਆਨ ਦੇ ਪ੍ਰਭਾਵ ਤੋਂ ਬਹੁਤਾ ਮੁਕਤ ਨਹੀਂ ਹੋ ਸਕਿਆ। ਇਸੇ ਤਰ੍ਹਾਂ ਹੀ ਇਸ ਨਾਲ ਜਿੰਨੇ ਵੀ ਸਿੱਧੇ ਜਾਂ ਅਸਿੱਧੇ ਗਿਆਨ-ਅਨੁਸ਼ਾਸਨ ਸੰਬੰਧਿਤ ਹਨ, ਉਹ ਵੀ ਵਧੇਰੇ ਕਰਕੇ ਇਤਿਹਾਸਕ ਭਾਸ਼ਾ ਵਿਗਿਆਨ ਤੋਂ ਪ੍ਰਭਾਵਿਤ ਹਨ। ਇਹੀ ਕਾਰਨ ਹੈ ਕਿ ‘ਵਿਕਾਸ’ ਦੀ ਧਾਰਨਾ ਤਹਿਤ ਅਸੀਂ ਆਪਣੀ ਹਰੇਕ ਸਿਰਜਣਾ ਨੂੰ ਸੁਤੰਤਰ ਗ੍ਰਹਿਣ ਕਰਨ ਦੀ ਥਾਂ ਕਿਸੇ ਪੂਰਵ-ਉਪਲਭਧੀ ਦੀ ਲਗਾਤਾਰਤਾ ਵਿਚ ਵੇਖਣ ਦੀ ਆਦਤ ਜਾਂ ਫੈਸ਼ਨ ਬਣਾ ਚੁੱਕੇ ਹਾਂ। ਲਿਪੀਆਂ ਨਾਲ ਵੀ ਇਹੋ ਭਾਣਾ ਵਾਪਰਿਆ ਹੈ। ਜੇਕਰ ਅਸੀਂ ਇਕਾਲਕ ਦਿ੍ਰਸ਼ਟੀ ਰਾਹੀਂ ਵੇਖਾਂਗੇ ਤਾਂ ਹਰ ਉਪਲਬਧੀ ਸੁਤੰਤਰ ਨਜ਼ਰ ਆਵੇਗੀ। ਗੁਰਮੁਖੀ ਨੂੰ ਵੀ ਇਵੇਂ ਵੇਖਣ ਦੀ ਲੋੜ ਹੈ। ਦੂਜੀ ਦਿ੍ਰਸ਼ਟੀ ਧਰਮ-ਮੀਮਾਂਸਕ ਹੈ। ਜਿਵੇਂ ਕਿ ਪਹਿਲਾਂ ਕਿਹਾ ਗਿਆ ਹੈ ਲਗਭਗ ਹਰੇਕ ਉਪਲਬਧੀ ਜਾਂ ਸਿਰਜਣਾ ਪਿਛੇ ਧਾਰਮਿਕ ਪ੍ਰੇਰਣਾ ਕੰਮ ਕਰਦੀ ਰਹੀ ਹੈ। ਭਾਸ਼ਾਵਾਂ ਤੇ ਲਿਪੀਆਂ ਨਾਲ ਵੀ ਇਸੇ ਤਰ੍ਹਾਂ ਹੀ ਹੋਇਆ ਹੈ। ਅਸੀਂ ਚੇਤਨ ਹੋਈਏ ਕਿ ਗੁਰਮੁਖੀ ਇਕ ਸੰਪੂਰਨ ਤਹਿਜੀਬ ਹੈ; ਇਕ ਸ਼ਾਨਦਾਰ ਸਭਿਅਤਾ। ਇਸ ਦੇ ਪੈਂਤੀ ਅੱਖਰ ਆਪਣੇ ਆਪ ਵਿਚ ਵੱਖ-ਵੱਖ ਰੰਗਾਂ ਦੀ ਅਨਹਦ ਧੁਨੀ ਅਲਾਪਦੇ ਹਨ, ਭਾਵੇਂ ਧਰਤੀ ਵਾਲਿਆਂ ਨੂੰ ਹਾਲੇ ਇਸ ਦਾ ਬਹੁਤਾ ਇਲਮ ਨਹੀਂ। ਧਰਤੀ ਵਾਲੇ ਗੁਰਮੁਖੀ ਨੂੰ ਇਕ ‘ਲਿਪੀ’ ਮੰਨਦੇ ਹਨ, ਇਹ ਲਿਪੀ ਹੈ ਜ਼ਰੂਰ ਪਰ ਕੇਵਲ ਲਿਪੀ ਨਹੀਂ; ਇਹ ਬੋਲ ਵੀ ਹੈ; ਇਕ ਸਰੋਦੀ ਨਾਦ ਵੀ, ਜੋ ਪੂਰੀ ਤਰ੍ਹਾਂ ਸੰਗੀਤਕ ਹੈ। ਇਸ ਦੇ ਸਰੋਦੀ ਸੰਗੀਤ ’ਚ ਧਰਤੀ ਅਸਮਾਨ ਗੂੰਜਦੇ ਹਨ। ਗੁਰਬਾਣੀ ਦਾ ਪ੍ਰਕਾਸ਼ ਗੁਰੂ ਨਾਨਕ ਪਾਤਸ਼ਾਹ ਦਰਵੇਸ਼ ਦੇ ‘ਧੁਰ’ ਹਿਰਦੇ ਘਰ ’ਚ ਹੋਇਆ, ਜਿਸ ਦਾ ਵਾਹਨ ਗੁਰਮੁਖੀ ਬਣੀ; ਇਉਂ ਅੱਖਰਾਂ ਦੇ ਅਖਰ ਗੁਰੂ ਪਾਤਸ਼ਾਹ ਦੇ ਮਨ-ਮਸਤਕ ’ਚ ਫੁਲਝੜੀਆਂ ਬਣ ਕੇ ਗੁਰਬਾਣੀ ਦੀ ਆਰਤੀ ਉਤਾਰਦੇ ਹਨ। ਇਉਂ ਗੁਰਮੁਖੀ ਸੰਗੀਤਮਈ ਜੀਵਨ-ਸ਼ੈਲੀ ਹੈ, ਇਕ ਤਹਿਜੀਬ।
- ਰਮਨਦੀਪ ਕੌਰ