ਸ਼ਾਮ ਢਲ ਰਹੀ ਸੀ। ਪੰਛੀ ਘਰਾਂ ਨੂੰ ਵਾਪਸ ਮੁੜ ਰਹੇ ਸਨ। ਪਿੰਡ ਦੇ ਬਾਹਰਲੇ ਸ਼ਿਵਾਲੇ ਦੇ ਬਾਹਰ ਅਚਾਨਕ ਔਲਖ ਨਿਰੰਜਨ ਦਾ ਨਾਦ ਉਭਰਿਆ। ਕਿਸੇ ਨੇ ਆ ਕੇ ਸਿੰਗੀ ਵਜਾਈ। ਧੂਣਾ ਬਲ ਉੱਠਿਆ। ਹੁਣ ਰੋਜ਼ ਸ਼ਾਮ ਆਰਤੀ ਹੁੰਦੀ।

ਸ਼ਾਮ ਢਲ ਰਹੀ ਸੀ। ਪੰਛੀ ਘਰਾਂ ਨੂੰ ਵਾਪਸ ਮੁੜ ਰਹੇ ਸਨ। ਪਿੰਡ ਦੇ ਬਾਹਰਲੇ ਸ਼ਿਵਾਲੇ ਦੇ ਬਾਹਰ ਅਚਾਨਕ ਔਲਖ ਨਿਰੰਜਨ ਦਾ ਨਾਦ ਉਭਰਿਆ। ਕਿਸੇ ਨੇ ਆ ਕੇ ਸਿੰਗੀ ਵਜਾਈ। ਧੂਣਾ ਬਲ ਉੱਠਿਆ। ਹੁਣ ਰੋਜ਼ ਸ਼ਾਮ ਆਰਤੀ ਹੁੰਦੀ। ਕੋਈ ਪੰਜਾਹ ਕੁ ਸਾਲ ਦੀ ਉਮਰ ਦਾ ਕਨਪਟਾ ਜੋਗੀ ਆਰਤੀ ਦੇ ਨਾਲ-ਨਾਲ ਭਜਨ ਵੀ ਗਾਉਂਦਾ। ਕਿਤੇ-ਕਿਤੇ ਗੁਰੂ ਗੋਰਖਨਾਥ ਦਾ ਜੈਕਾਰਾ ਵੀ ਲਗਦਾ। ਹੌਲੀ-ਹੌਲੀ ਆਲੇ ਦੁਆਲੇ ਦੇ ਵਿਹਲੇ ਭੰਗੜ ਸ਼ਾਮ ਨੂੰ ਇਕੱਠੇ ਹੋਣ ਲੱਗ ਪਏ। ਉਨ੍ਹਾਂ ਦਾ ਖ਼ਿਆਲ ਸੀ ਜੋਗੀ ਕੋਲ ਭੰਗ, ਸੁਲਫਾ ਤਾਂ ਹੋਣਾ ਹੀ ਹੈ। ਉਹ ਧੂਣੇ 'ਤੇ ਆ ਕੇ ਬੈਠਣ ਲੱਗ ਪਏ। ਪਰ ਉਨ੍ਹਾਂ ਨੂੰ ਆਪਣੀ ਮੁਰਾਦ ਪੂਰੀ ਹੁੰਦੀ ਨਜ਼ਰ ਨਾ ਆਈ। ਤਿੰਨ ਚਾਰ ਦਿਨਾਂ ਬਾਅਦ ਧੂਣੇ 'ਤੇ ਬੈਠੇ ਇਕ ਮੁੰਡੇ ਨੇ ਹੌਸਲਾ ਕਰ ਕੇ ਪੁੱਛਿਆ,'ਮਹਾਰਾਜ ਕੌਣ ਹੋ ਤੁਸੀਂ ਤੇ ਏਧਰ ਕਿਵੇਂ? ਜੋਗੀ ਖਿੜਖਿੜਾ ਕੇ ਹੱਸਿਆ ਫੇਰ ਕਹਿਣ ਲੱਗਾ,'ਜਾਤ ਨਾ ਪੂਛੋ ਸਾਧ ਕੀ ਪੂਛੋ ਉਸ ਕਾ ਗਿਆਨ।' ਫੇਰ ਆਪ ਹੀ ਕਹਿਣ ਲੱਗਾ,'ਜੋਗੀ ਹੁੰਦੇ ਹਾਂ ਅਸੀਂ। ਕਨਪਟੇ ਜੋਗੀ। ਗੋਰਖਨਾਥ ਦੇ ਚੇਲੇ।' ਜੋਗੀ ਵਜਦ 'ਚ ਆ ਰਿਹਾ ਸੀ। 'ਬਾਬਾ ਜੀ! ਕੋਈ ਹੋਰ ਗੱਲ ਕਰੋ।' ਅਸੀਂ ਤਾਂ ਇਹ ਨਾਂ ਹੀ ਪਹਿਲੀ ਵਾਰ ਸੁਣਿਆ ਹੈ।'
'ਅਬ ਕੌਣ ਜਾਣਤਾ ਹੈ ਕੰਨ ਪਟਿਆ ਕੋ। ਕਦੇ ਪੂਰੇ ਦੇਸ਼ ਵਿਚ ਤੇ ਧੁਰ ਅਫ਼ਗਾਨਿਸਤਾਨ ਤਕ ਜੋਗੀਆਂ ਕੀ ਤੂਤੀ ਬੋਲਤੀ ਥੀ। ਥਾਂ-ਥਾਂ ਪਰ ਹਮਾਰੇ ਟਿੱਲੇ ਥੇ। ਧਾੜਵੀ ਆਫ਼ਤ ਦੇ ਰੂਪ ਵਿਚ ਹਰ ਸਾਲ ਆਉਂਦੇ। ਦੇਸ਼, ਧਰਮ, ਜਾਤ-ਪਾਤ, ਅਮੀਰ-ਗ਼ਰੀਬ, ਜੋਗੀ ਭੋਗੀ, ਸਿੱਧ-ਅਸਿੱਧ, ਸਾਕਤ ਵੈਸ਼ਨਵ, ਵਾਮ-ਮਾਰਗੀਆਂ ਆਦਿ ਵਿਚ ਵੰਡਿਆ ਹੋਇਆ ਸੀ, ਯੇ ਉਸ ਸਮੇਂ ਕੀ ਬਾਤ ਹੈ ਬੱਚਾ।' ਆਜ ਇਤਨਾ ਹੀ,'ਕੱਲ ਫੇਰ ਆਉਣਾ, ਫੇਰ ਬਚਨ-ਬਿਲਾਸ ਕਰਾਂਗੇ।'
ਮੁੰਡਿਆਂ ਵਿਚ ਉਤਸੁਕਤਾ ਜਾਗ ਪਈ ਸੀ। ਅਗਲੀ ਸ਼ਾਮ ਨਾਥਾਂ ਦੀ ਆਰਤੀ ਤੋਂ ਬਾਅਦ ਧੂਣਾ ਫੇਰ ਰੌਸ਼ਨ ਹੋ ਗਿਆ। ਜੋਗੀ ਨੇ ਕਿਹਾ,'ਕੱਲ ਬਤਾਇਆ ਥਾ ਕੈਸੇ ਸਾਰਾ ਦੇਸ ਹਿੱਲਿਆ ਪਿਆ ਥਾ। ਹਿੰਦੋਸਤਾਨ ਦਾ ਰਾਜ ਧਰਮ ਬੋਧ ਧਰਮ ਵੀ ਖਾਮੀਆਂ ਦਾ ਸ਼ਿਕਾਰ ਸੀ। ਤੰਤਰ ਔਰ ਮੰਤਰ ਕਾ ਦੌਰ ਥਾ। ਇਸਲਾਮ ਦੀ ਆਮਦ ਨਾਲ ਉਨ੍ਹਾਂ ਦੇ ਸਾਧੂ ਸੰਤ ਵੀ ਹਿੰਦੋਸਤਾਨ ਵਿਚ ਪ੍ਰਵੇਸ਼ ਕਰ ਰਹੇ ਸਨ। ਮਹਿਮੂਦ ਗ਼ਜ਼ਨਬੀ ਨਾਲ ਰਾਜਾ ਜੈਪਾਲ ਅਨੰਗਪਾਲ ਯੁੱਧ ਮੇਂ ਲਗਾ ਥਾ।
ਇਸਲਾਮ ਦੇ ਕਰਾਮਾਠੀ ਫਿਰਕੇ ਕੇ ਕਹਿਨੇ ਪਰ ਗ਼ਜ਼ਨੀ ਨੇ ਮੁਲਤਾਨ ਦਾ ਸੂਰਜ ਮੰਦਰ ਢਾਹ-ਢੇਰੀ ਕਰ ਦੀਆ। ਬਹੁਤ ਕਤਲੇਆਮ ਹੂਆ। ਬਸ ਕਿਆ ਬਤਾਵੇ ਹਿੰਦੋਸਤਾਨ ਹਾਲੋ ਬੇਹਾਲ ਥਾ।' ਜੋਗੀ ਨੇ ਲੰਮਾ ਸਾਹ ਲਿਆ, ਏਧਰ ਉੱਧਰ ਵੇਖਿਆ, ਮੁੰਡੇ ਧਿਆਨ ਨਾਲ ਉਹਦੀ ਗੱਲ ਸੁਣ ਰਹੇ ਸਨ। ਇਨ੍ਹਾਂ ਹਾਲਤਾਂ ਮੇਂ ਹਿੰਦੂ ਧਰਮ ਔਰ ਬੋਧ ਧਰਮ ਦੀ ਵਜਰਯਾਨ ਸਾਖਾ ਦੇ ਇਕ ਦੂਸਰੇ ਊਪਰ ਪੜੇ ਪ੍ਰਭਾਵਾਂ ਤੋਂ ਇਕ ਨਵਾ ਪੰਥ ਸ਼ੁਰੂ ਹੋਇਆ ਜਿਸ ਦੇ ਇਸ਼ਟ ਭਗਵਾਨ ਸ਼ੰਕਰ ਥੇ। ਪਰ ਉਨ ਕੋ ਚਲਾਨੇ ਵਾਲੇ ਥੇ ਮਛੇਂਦਰ ਨਾਥ।'
'ਮਛੇਂਦਰ ਨਾਥ' ਸਭ ਨੇ ਉੱਚੀ ਆਵਾਜ਼ ਵਿਚ ਕਿਹਾ। ਇਕ ਮੁੰਡਾ ਬੋਲਿਆ, 'ਬਾਬਾ! ਇਹ ਮਛੇਂਦਰ ਨਾਥ ਕੌਣ ਸੀ?' 'ਕੱਲ ਬਤਾਵਾਂਗੇ' ਕਹਿ ਕੇ ਜੋਗੀ ਉੱਠ ਖਲੋਇਆ।
ਮਛੇਂਦਰ ਨਾਥ
ਅਗਲੇ ਦਿਨ ਜੋਗੀ ਨੇ ਫੇਰ ਕਿਹਾ 'ਅਜਿਹੇ ਸਮੇਂ ਮੇਂ ਗਿਆਨ ਦਾ ਇਕ ਦੀਪ ਪ੍ਰਜਵਲਤ ਹੋ ਰਿਹਾ ਸੀ। ਮੈਂ ਠੀਕ ਸੇ ਤੋ ਨਹੀਂ ਕਹਿਤਾ ਪਰ ਆਠਵੀ ਸਦੀ ਕਾ ਆਖਿਰ ਜਾਂ ਨੌਵੀ ਸਦੀ ਦੀ ਸ਼ੁਰੂਆਤ ਸੀ। ਦੂਰ ਬੰਗਾਲ-ਅਸਾਮ ਵੱਲ ਇਕ ਨਦੀ ਦੇ ਕਿਨਾਰੇ ਵਸੇ ਪਿੰਡ ਵਿਚ ਏਕ ਮਛੇਰਨ ਦੀ ਕੁੱਖ ਤੋਂ ਇਨ੍ਹਾਂ ਦਾ ਜਨਮ ਹੋਇਆ। ਕੋਈ ਤੋ ਕਹਿਤਾ ਹੈ ਕਿ ਮਛਲੀ ਕੇ ਪੇਟ ਸੇਂ ਇਨ ਕਾ ਜਨਮ ਹੋਇਆ। ਇਨ੍ਹਾਂ ਨੇ ਗਿਆਨ ਵੀ ਉਸੇ ਰੂਪ ਵਿਚ ਭਗਵਾਨ ਸ਼ੰਕਰ ਤੋਂ ਲਿਆ। ਬਾਬਾ ਸ਼ੁਰੂ-ਸ਼ੁਰੂ ਮੇਂ ਤੋ ਕੌਲ ਮਾਰਗੀ ਥੇ।'
ਵਿੱਚੋਂ ਇਕ ਨੇ ਪੁੱਛਿਆ,
'ਇਹ ਕੌਲ ਮਾਰਗੀ ਦਾ ਮਤਲਬ ਨਾਥ ਜੀ?'
'ਉਹ ਭਾਈ! ਉਸ ਸਮੇਂ ਹਿੰਦੋਸਤਾਨ ਮੇਂ ਮਾਤਰਪੂਜਾ ਦਾ ਰਿਵਾਜ ਥਾ ਖਾਸ ਕਰ ਚੌਂਸਠ ਜੋਗਨੀਆਂ ਦੀ ਪੂਜਾ ਹੋਤੀ ਥੀ। ਅਬ ਤੋ ਇਨ ਕਾ ਨਾਮ ਹੀ ਰਹਿ ਗਿਆ। ਇਸ ਪੂਜਾ ਵਿਚ ਪੰਜ ਮਕਾਰਾਂ ਦਾ ਵਿਧਾਨ ਸੀ। ਮਾਸ, ਮਦਰਾ, ਮੁਦਰਾ, ਮੈਥੁਨ ਨੂੰ ਪ੍ਰਮੁੱਖ ਸਥਾਨ ਥਾ। ਯਹ ਬਾਬਾ ਭੀ ਪਹਿਲੋ ਪਹਿਲ ਕੌਲ ਮੱਤ ਨੂੰ ਅਪਣਾਈ ਬੈਠਾ ਥਾ। ਇਨ੍ਹਾਂ ਇਕ ਗ੍ਰੰਥ ਵੀ ਲਿਖਿਆ ਜਿਸ ਨੂੰ 'ਕੌਲਗਿਆਨ ਨਿਰਨੈ' ਕਹਿੰਦੇ
ਹਨ। ਯੇ ਤੰਤਰ ਵਿੱਦਿਆ ਦਾ ਬਹੁਤ ਬੜਾ ਗ੍ਰੰੰਥ ਥਾ। ਮੈਨੇ ਬਾਬਾ ਜੋ ਮੇਰੇ ਗੁਰੂ ਥੇ ਉਨ੍ਹਾਂ ਦੇ ਪਾਸ ਵੇਖਿਆ ਥਾ। ਸੰਸਕ੍ਰਿਤ ਬੋਲੀ ਵਾਲਾ ਗ੍ਰੰਥ ਪੁਰਾਣੀ ਨਿਵਾਰੀ ਲਿਪੀ ਵਿਚ ਥਾ। ਭਾਈ ਇਨ੍ਹਾਂ ਜੋਗਨੀਆਂ ਦਾ ਜ਼ਿਕਰ ਤਾਂ ਸਾਡੇ ਪੁਰਾਤਨ ਗ੍ਰੰਥਾਂ, ਪੁਰਾਣਾਂ ਆਦਿ ਵਿਚ ਮਿਲਤਾ ਹੈ। ਇਹ ਗ੍ਰੰਥ ਸੰਵਾਦਾਤਮਕ ਹੈ ਬੱਚਾ। ਇਹ ਸੰਵਾਦ ਭੈਰਵ ਤੇ ਦੇਵੀ ਭਾਵ ਸ਼ਿਵਾ ਤੇ ਸ਼ਕਤੀ ਵਿਚ ਹੈ। ਤਾਂਤਰਿਕਾਂ ਲਈ ਤਾਂ ਇਸ ਤੋਂ ਉੱਪਰ ਗ੍ਰੰਥ ਹੀ ਨਹੀਂ।'
ਕੌਲ ਮਾਰਗ ਕੇ ਵੀ ਦੋ ਰਸਤੇ ਸਨ। ਕਰਿਤਕਾ ਅਤੇ ਸਹਿਜਾ। ਕਾਇਆ ਕੀ 32 ਨਾੜੀਆਂ 32 ਜੋਗਨੀਆਂ ਥੀ। ਬਾਬਾ ਮਛੇਂਦਰ ਨਾਥ ਬੜੇ ਮਹਾਨ ਸਾਧਕ ਤੇ। ਭਾਈ ਇਨ੍ਹਾਂ ਨੇ ਹੋਰ ਵੀ ਗ੍ਰੰਥ ਲਿਖੇ ਹੋਏ ਨੇ ਪਰ ਬਹੁਤ ਸਾਰੇ ਤਾਂ ਰੌਲਿਆਂ ਗੌਲਿਆਂ ਵਿਚ ਹੀ ਨਸ਼ਟ ਹੋ ਗਏ। ਇਨ੍ਹਾਂ ਨੇ ਰਾਗਾਂ ਵਿਚ ਵੀ ਭਜਨ ਗਾਏ। ਇਕ ਭਜਨ ਮੈਂ ਤੁਮਹੇ ਸੁਨਾਤਾ ਹੂੰ। ਰਾਗ ਧਨਾਸੀ ਮੇਂ ਹੈ।' ਜਲ ਕੂ ਚਾਹੇ ਮਾਛਲੀ ਥਣ ਕੂ ਚਾਹੇ ਮੋਰ। ਸੇਵਰਾ ਚਾਹੇ ਰਾਮ ਕੂ। ਜਿਉਂ ਚਯੰਵਤ ਚੰਦ ਚਕੋਰ। 'ਜੋਗੀ ਸੋਈ ਜਾਣੀ ਰੇ, ਜਗਤ ਰਹੇ ਉਦਾਸ। ਤੱਤ ਨਿਰੰਜਨ ਪਾਈਆ ਯੂੰ ਕਹੇ ਮਛੰਦਰ ਨਾਥ।' ਇਨ ਕਾ ਇਕ ਔਰ ਭਜਨ ਹੈ।
'ਡਾਲ ਨਾ ਮੂਲ,
ਪੱਤਰ ਨਾ ਛਾਇਆ।
ਸਵਰਗ, ਮਰਿਤੂ ਪਾਤਾਲ
ਏਕ ਹੀ ਕਾਇਆ।
ਪਿਅੰਡ, ਬ੍ਰਹਿਮੰਡ
ਏਕ ਕਰ ਜਾਣੀ
ਸ਼ੰਕਰ ਬੋਲੰਤ
ਅਤੀਤ ਬਾਣੀ।'
ਫਿਰ ਇਕ ਸਮਾਂ ਆਇਆ ਕਿ ਨਾਥ ਕੌਲ ਮਾਰਗ ਨੂੰ ਤਿਆਗ ਕੇ ਯੋਗ ਤੇ ਉਹ ਵੀ ਹੱਠ ਯੋਗ ਨੂੰ ਪਰਣਾਏ ਗਏ। ਇਸ ਵਿਚ ਇਨ ਕੇ ਚੇਲੇ ਗੋਰਖਨਾਥ ਦਾ ਬੜਾ ਯੋਗਦਾਨ ਥਾ। ਅਬ ਨਾਥ ਯੋਗ ਸੁਰਤ ਤੇ ਸ਼ਬਦ ਦੀ ਬਾਤ ਕਰਤੇ ਥੇ। ਉਨ੍ਹਾਂ ਕਿਹਾ।
'ਅਵਧੂ, ਸ਼ਬਦ ਅਨਾਹਦ
ਸੁਰਤਿ ਸੋ ਚਿਤ
ਨਿਹਿਤ ਨਿਰਾਲੰਭ ਲਾਗੈ ਬੰਧ
ਦੁਬਿਧਾ ਮੇਟ ਸਹਿਜ ਮੇਂ ਰਹੇ।
ਐਸਾ ਵਿਚਾਰ ਮਛੰਦਰ ਕਹੇ।
ਕੌਲ ਮਤ ਤੋਂ ਬਾਬਾ ਮਛੇਂਦਰ ਨਾਥ ਦਾ ਮਨ ਚੁੱਕਿਆ ਗਿਆ। ਇਹ ਕਰਿਸ਼ਮਾ ਉਨ ਕੇ ਇਕ ਚੇਲੇ ਗੋਰਖਨਾਥ ਨੇ ਕਰ ਵਿਖਾਇਆ। ਮਹਾਨ ਯੋਗੀ ਗੋਰਖਨਾਥ ਜਿਸ ਨੇ ਹਿੰਦੋਸਤਾਨ ਦੀ ਕਾਇਆ ਪਲਟ ਦੀ ਔਰ ਭੋਗ ਸੇ ਯੋਗ ਕੀ ਤਰਫ਼ ਲੋਕਾਂ ਕਾ ਧਿਆਨ ਮੋੜਿਆ। ਇਨ ਕੀ ਕਥਾ ਤੋਂ ਕੱਲ੍ਹ ਬਤਾਵਾਂਗੇ ਪਰ ਐਸਾ ਮਹਾਨ ਯੋਗੀ ਫਿਰ ਕਭੀ ਪੈਦਾ ਨਹੀਂ ਹੋਇਆ। ਬਾਬਾ ਹੱਠ ਯੋਗ ਕੇ ਯੋਗ ਦੇ ਸਾਥ-ਸਾਥ ਸਹਿਜ ਯੋਗ ਦੇ ਉਪਾਸ਼ਕ ਥੇ।
ਗੁਰੂ ਗੋਰਖਨਾਥ
'ਬਤਾ ਰਹੇ ਥੇ ਨਾ ਗੁਰੂ ਮਛੇਂਦਰ ਨਾਥ ਕੇ ਬਾਰੇ ਮੇਂ, ਨਾਥ ਨੇ ਚਿਮਟੇ ਨਾਲ ਧੂਣਾ ਫਰੋਲਦਿਆਂ ਕਿਹਾ,'ਕਹਿਤੇ ਹੈ ਉਨ ਕੇ ਹੀ ਆਸ਼ੀਰਵਾਦ ਸੇ ਗੁਰੂ ਗੋਰਖਨਾਥ ਕਾ ਜਨਮ ਹੂਆ ਥਾ' ਜਨਮ ਸੇ ਇਨ੍ਹਾਂ ਨਾਲ ਚਮਤਕਾਰ ਜੁੜ ਗਏ ਸਨ। ਕਹਿਤੇ ਹੈ ਮਛੇਂਦਰ ਨਾਥ ਨੇ ਆਪਣੀ ਯੋਗ ਵਿੱਦਿਆ ਕੇ ਬਲ ਪੇ ਪੈਦਾ ਕੀਤਾ ਥਾ। ਕੁਝ ਕਹਿਤੇ ਹੈ ਬਾਵਾ ਨੇ ਗਾਇ ਕੇ ਗੋਬਰ ਦਾ ਪੁਤਲਾ ਬਣਾ ਕੇ ਪ੍ਰਾਣ ਫੂਕ ਦੀਏ ਥੇ। ਖੈਰ ਜੋ ਲੋਕ ਮਹਾਨ ਹੋਤੇ ਹੈ ਨਾ, ਉਨ ਕੇ ਸਾਥ ਕਿੱਸੇ ਕਹਾਣੀਆਂ ਤਾਂ ਜੁੜ ਜਾਤੇ ਹੈ। ਗੁਰੂ ਜੀ ਯੋਗ ਵਿੱਦਿਆ ਮੇਂ ਮਾਹਰ ਹੋਤੇ ਚਲੇ ਗਏ।
ਗੁਰੂ ਤੋ ਇਨ ਕੇ ਮਛੇਂਦਰ ਨਾਥ ਥੇ ਪਰ ਹੱਠ ਯੋਗ ਪਰ ਏਨਾ ਅਭਿਆਸ ਹੋ ਗਿਆ ਕਿ ਨੌਂ ਨਿਧੀਆਂ ਔਰ 12 ਸਿਧੀਆਂ ਇਨ ਕੇ ਪਾਸ ਥੀ। ਖੇਚਰੀ ਮੁਦਰਾ ਕੇ ਅਭਿਆਸ ਸੇ ਆਕਾਸਾਚਾਰੀ ਥੇ ਗੁਰੂ ਗੋਰਖ ਨਾਥ। ਸਮੇਂ ਬਹੁਤ ਬੁਰਾ ਥਾ। ਹਮਲਾਵਰਾਂ ਦੇ ਆਕਰਮਣ ਨਾਲ ਧਰਤੀ ਕੰਬ ਰਹੀ ਸੀ। ਪੰਜਾਬ ਊਪਰ ਲਗਾਤਾਰ ਗ਼ਜ਼ਨੀ ਅਤੇ ਗੌਰੀ ਕੇ ਹਮਲੇ ਹੋ ਰਹੇ ਥੇ। ਜਿਹਾਦ ਛੇੜ ਰੱਖਿਆ ਥਾ। ਸਾਥ-ਸਾਥ ਮੁਸਲਮਾਨ ਸੰਤ ਸਰਕਾਰ ਕੀ ਸਹਾਇਤਾ ਔਰ ਤੰਤਰ ਮੰਤਰ ਦਾ ਸਹਾਰਾ ਲੈ ਕੇ ਲੋਗਾਂ ਕੋ ਮੁਸਲਮਾਨ ਬਣਾ ਰਹੇ ਥੇ।
ਗੋਰਖ ਨਾਥ ਨੇ ਇਨ੍ਹਾਂ ਨਾਲ ਬਚਨ ਬਿਲਾਸ ਕੀਤੇ। ਇਨ੍ਹਾਂ ਨੂੰ ਗੋਸ਼ਟੀਆਂ 'ਚ ਹਰਾਇਆ ਤਬ ਕਹੀ ਜਾ ਕੇ ਧਰਮ ਕੀ ਜੈ ਜੈ ਕਾਰ ਹੋਈ। ਇਸ ਤੋਂ ਇਲਾਵਾ ਬਾਬਾ ਤੋ ਬੜੇ ਵੈਦ ਥੇ। ਕਾਇਆ ਕੇ ਸਭੀ ਰੋਗਾਂ ਦਾ ਇਲਾਜ ਚੁਟਕੀਆਂ ਮੇਂ ਕਰ ਦੀਆ ਕਰਤੇ ਥੇ। ਮੰਤਰ ਤੋ ਐਸੇ ਕੇ ਪੜ੍ਹਨੇ ਵਾਲੇ ਕੋ ਲਗਤੇ ਕੇ ਕਿਆ ਤੁੱਕ-ਭੇੜ ਹੈ ਪਰ ਐਸਾ ਸਟੀਕ ਕੇ ਕੋਈ ਵੀ ਚਾਲੀਸ ਦਿਨ ਪੜ੍ਹ ਕੇ ਸਿੱਧ ਕਰ ਸਕਤਾ ਥਾਂ। ਦਵਾਈ ਬੂਟੀ ਕੀ ਇਤਨੀ ਪਛਾਣ ਕਿ ਪੂਛੋ ਨਾ। ਅਭੀ ਵੀ ਉਧਰ ਪਹਾੜਾਂ ਮੇਂ ਗੋਰਖਨਾਥ ਧੂਣੀ ਦੀ ਸੁਆਹ ਹੀ ਲੋਕਾਂ ਨੂੰ ਠੀਕ ਕਰ ਦਿੰਦੀ ਹੈ। ਉਧਰ ਕਾ ਜੋਗੀ ਸੁਆਹ ਦੀ ਭਸਮ ਵਿਚ ਜੜੀ ਰਲਾ ਕੇ ਰੋਗ ਠੀਕ ਕਰਤਾ ਹੈ।
ਰਾਤ ਲੰਮੀ ਹੋ ਚੱਲੀ ਸੀ। ਧੂਣੇ 'ਤੇ ਬੈਠੇ ਲੋਕਾਂ ਨੂੰ ਨੀਂਦ ਆ ਰਹੀ ਸੀ। ਜੋਗੀ ਬੋਲਿਆ 'ਔਲਖ ਨਿਰੰਜਨ ਤੇ ਬਾਕੀ ਗੱਲਾਂ ਕੱਲ੍ਹ ਨੂੰ ਕਹਿ ਕੇ ਸਾਰਿਆਂ ਨੂੰ ਜਾਣ ਲਈ ਇਸ਼ਾਰਾ ਕਰ ਦਿੱਤਾ। ਸ਼ਾਮ ਪੈਂਦਿਆਂ ਹੀ ਜੋਗੀ ਨੇ ਸੰਖ ਵਜਾਇਆ, ਆਰਤੀ ਉਤਾਰੀ ਤੇ ਧੂਣੇ 'ਤੇ ਆ ਬੈਠਾ। ਹੌਲੀ-ਹੌਲੀ ਧੂਣੇ 'ਤੇ ਰੌਣਕ ਵਧਣ ਲੱਗੀ। ਜੋਗੀ ਦੀਆਂ ਗੱਲਾਂ ਦਾ ਰਸ ਆਮ ਸਧਾਰਨ ਲੋਕਾਂ ਤਕ ਪਹੁੰਚ ਗਿਆ ਸੀ। ਮੁੰਡਿਆਂ ਦੇ ਨਾਲ-ਨਾਲ ਅੱਧਖੜ ਉਮਰ ਦੇ ਲੋਕ ਵੀ ਧੂਣੇ 'ਤੇ ਆਉਣ ਲੱਗ ਪਏ ਸਨ। ਜੋਗੀ ਨੇ ਉੱਚੀ ਆਵਾਜ਼ ਵਿਚ 'ਔਲਖ ਨਿਰੰਜਨ' ਕਿਹਾ ਤੇ ਬੋਲਣਾ ਸ਼ੁਰੂ ਕੀਤਾ। 'ਹਮ ਜੋਗੀ ਇਕ ਜਗ੍ਹਾ ਜ਼ਿਆਦਾ ਦਿਨ ਨਹੀਂ ਠਹਿਰਤੇ। ਗੋਰਖਨਾਥ ਭੀ ਐਸੇ ਥੇ, ਅੱਜ ਯਹਾਂ ਕਲ ਵਹਾਂ। ਇਸ ਲਈ ਤਾਂ ਉਨ੍ਹਾਂ ਨੂੰ ਆਕਾਸ਼ਾਚਾਰੀ ਕਿਹਾ ਜਾਤਾ ਹੈ।
ਜੋਗੀ ਨਾਥ ਪਿੰਡ-ਪਿੰਡ ਘੂੰਮਤੇ। ਅਬ ਤੋਂ ਗੋਰਖਨਾਥ ਭਿੱਖਿਆ ਦੇ ਨਾਲ-ਨਾਲ ਧਰਮ ਦੀ ਰੱਖਿਆ ਲਈ ਨੌਜਵਾਨ ਮੁੰਡਿਆਂ ਨੂੰ ਲੋਕਾਂ ਕੋਲੋਂ ਮੰਗਦੇ, ਉਨ੍ਹਾਂ ਨੂੰ ਯੋਗ ਸਿਖਾਉਂਦੇ, ਸਰੀਰਕ ਅਭਿਆਸ, ਸ਼ਸਤਰ ਅਭਿਆਸ ਤੇ ਅਧਿਆਤਮਕਤਾ ਰੰਗ ਵਿਚ ਰੰਗੇ ਜੋਗੀਆਂ ਕੀ ਵਿਸ਼ਾਲ ਸੈਨਾ ਖੜ੍ਹੀ ਹੋ ਰਹੀ ਥੀ। ਰਾਜਪੁਤਾਨੇ ਮੇਂ ਤਾ ਉਨ੍ਹਾਂ ਨੇ ਬੱਪਾ ਰਾਵਲ ਨੂੰ ਆਸ਼ਰੀਵਾਦ ਦੇ ਕੇ ਮੁਗ਼ਲਾਂ ਲਈ ਸਦਾ ਵਾਸਤੇ
ਇਕ ਦੀਵਾਰ ਖੜ੍ਹੀ ਕਰਤੀ।
ਯੋਧਾ, ਯੋਗੀ ਹੋਣੇ ਦੇ ਨਾਲ ਨਾਥ ਵਿਧਾਧਰ ਵੀ ਸਨ। ਮਰੇ ਕੋ ਜਵਾਲਨਾ, ਅਨੇਕ ਵਸਤੂਆਂ ਕੋ ਇੱਛਾ ਮਾਤਰ ਸੇ ਪੈਦਾ ਕਰਨਾ, ਸਮੋਹਿਤ ਕਰ ਦੇਣਾ, ਸ਼ਸਤਰ ਬਾਂਧ ਦੇਣਾ, ਰੂਪ ਬਦਲ ਲੈਣਾ। ਅਨੇਕਾਂ ਕੌਤਕ ਕਰਤੇ ਥੇ ਨਾਥ।
ਸਭ ਤੋਂ ਬੜੀ ਬਾਤ ਵੁਹ ਅਨੇਕ ਗ੍ਰੰਥਾਂ ਕੇ ਰਚੈਤਾ ਥੇ। ਉਨ ਕੇ ਤਿੰਨ ਚਾਰ ਗ੍ਰੰਥ ਜੋ ਹਸਤ ਲਿਖਤ ਥੇ ਮੇਰੇ ਗੁਰੂ ਕੇ ਪਾਸ ਥੇ। ਗੁਰੂ ਕਹਿਤੇ ਥੇ ਪ੍ਰਾਣ ਸੰਕਲੀ, ਆਤਮਬੋਧ, ਸਪਤਵਾਰ, ਗਿਆਨਮਾਲਾ ਯੇ
ਗ੍ਰੰਥ ਤੋਂ ਮੇਰੇ ਪਾਸ ਅਭੀ ਭੀ ਹੈ। ਵਹ ਬੜੇ ਸਮਾਜ ਸੁਧਾਰਕ, ਮਹਾਨ ਯੋਗੀ ਔਰ ਸ਼ਬਦ ਸੁਰਤਿ ਕੇ ਗਿਆਤਾ ਥੇ। ਬਾਬਾ ਕਹਿਤੇ ਥੇ 'ਸਬਦਹਿ ਸਬਦ ਸੂ ਪਰਚਾ ਹੂਆ। ਸਬਦਹਿ ਸਬਦ ਸਮਾਇਆ£
ਨਾਥ ਜੀ ਕੀ ਵਿਚਾਰਧਾਰਾ ਮੇ ਏਕ ਮੂਲਮਾਨਤਾ ਥੀ ਕਿ ਮੁਕਤੀ ਲਈ ਏਂਦਰਿਕ ਭੋਗ ਨਹੀਂ ਸਗੋਂ ਇੰਦਰੀਆਂ ਉੱਪਰ ਕਾਬੂ ਅਤੇ ਸੰਜਮ ਜ਼ਰੂਰੀ ਹੈ। ਇਨ੍ਹਾਂ ਨੇ ਸਿੱਧੋਂ ਕੇ ਪ੍ਰਵਿਰਤੀ ਮਾਰਗ ਦੇ ਵਿਰੁੱਧ ਨਵਿਰਤੀ ਮਾਰਗ ਦੀ ਸਥਾਪਨਾ ਕੀਤੀ। ਸੰਸਾਰਿਕ ਭੋਗਾਂ ਤੋਂ ਮੁਕਤ ਹੋ ਕੇ ਹੀ ਪਰਮਸੱਤਾ ਤਕ ਪਹੁੰਚਿਆ ਜਾ ਸਕਦਾ ਹੈ। ਸਿੱਧ ਯੋਗੀ ਪੰਜ ਮਕਾਰਾਂ ਮੇਂ ਲਿਪਤ ਥੇ ਪਰ ਹੱਠ ਯੋਗੀ ਗੋਰਖਨਾਥ ਸਮਾਜ ਨੂੰ ਕਹਿ ਰਹੇ ਸਨ।
'ਹਸਿਬਾ ਖੇਲਬਾ ਰਹਿਬਾ ਰੰਗ
ਕਾਮ ਕ੍ਰੋਧ ਨਾ ਕਰਿਬਾ ਸੰਗ।।
ਹਸਿਬਾ ਖੇਲਬਾ ਧਰਿਬਾ ਧਿਆਨ, ਅਹਿਨਸ ਕਥਿਬਾ ਬ੍ਰਹਮ ਗਿਆਨ।।
'ਉਤਪਤੀ ਹਿੰਦੂ, ਜਰਨਾ ਜੋਗੀ
ਅਕਲ ਪਰਿ ਮੁਸਲਮਾਨ।'
ਐਸੇ ਥੇ ਗੁਰੂ ਗੋਰਖਨਾਥ। ਕੱਲ੍ਹ ਇਨ ਕੇ ਹੀ ਗੁਰੂ ਭਾਈ ਔਰ ਮਸ਼ਹੂਰ ਜੋਗੀ ਜਲੰਧਰ ਨਾਥ ਕੀ ਕਥਾ ਬਤਾਵੇਂਗੇ।'
ਜਲੰਧਰ ਨਾਥ
ਸ਼ਾਮ ਵੇਲੇ ਕਥਾ ਸ਼ੁਰੂ ਹੋਈ। ਲੋਕ ਧੂਣੇ 'ਤੇ ਜੁੜ ਕੇ ਬੈਠੇ ਸਨ।
ਜੋਗੀ ਕਹਿ ਰਿਹਾ ਸੀ,'ਇਸ ਗੋਰਖਨਾਥ ਕੇ ਹੀ ਗੁਰੂ ਭਾਈ ਥੇ ਜਲੰਧਰ ਨਾਥ। ਇਨ ਕਾ ਸਥਾਨ ਬੋਧ ਮਤ ਕੀ ਏਕ ਸਾਖਾ ਵਜਰਯਾਨ ਕੇ ਸਾਥ ਵੀ ਥਾ। ਵੇਹ ਇਨ ਕੋ ਜਲੀਪੀ ਕਹਿਤੇ ਥੇ। ਇਹ ਸਿੰਧ ਪ੍ਰਦੇਸ਼ ਜਿਹੜਾ ਕਿ ਪਾਕਿਸਤਾਨ ਵਿਚ ਹੈ ਉੱਥੇ ਜਨਮੇ। ਫੇਰ ਅਫ਼ਗਾਨਿਸਤਾਨ ਵਿਚ ਉਡਿਆਨ ਜਾ ਕੇ ਸਾਧਕ ਬਣੇ। ਅਰੇ ਬੜੇ ਭਾਰੀ ਜੋਗੀ ਥੇ। ਯੋਗ ਮੇਂ ਜਲੰਧਰ ਬੰਧੂ ਔਰ ਉਡਿਆਨ ਬੰਧੂ ਇਨ ਕੀ ਹੀ ਦੇਨ ਹਨ। ਤੰਤਰ ਵਿੱਦਿਆ ਮੇਂ ਤੋ ਕਮਾਲ ਥਾ। 'ਹੇਵੱਜਰਾ' ਤੰਤਰ ਕੀ ਖੋਜ ਭੀ ਤੋਂ ਇਨ੍ਹਾਂ ਦੀ ਸੀ ਭਾਈ।' ਕਹਿੰਦੇ ਨੇ ਚੌਸਠ ਯੋਗਨੀਆਂ ਵੀ ਸਿੱਧ ਥੀ। ਮਹਾਂਮੁਦਰਾ ਸਿਧੀ ਵੀ ਤਾਂ ਪ੍ਰਾਪਤ ਥੀ। ਉਡਿਆਨ ਸੇ ਫੇਰ ਜਵਾਲਾ ਮਾਈ ਦੇ ਕੋਲ ਡੇਰਾ ਲਾਇਆ। ਤ੍ਰਿਪੁਰਾ ਸੁੰਦਰੀ ਦੇ ਉਪਾਸ਼ਕ ਹੋਣ ਕਾਰਨ ਜਿੱਥੇ ਉਸ ਦੀ ਪੂਜਾ ਕੀਤੀ ਉਹੀ ਥਾਂ ਭਾਈ ਜਲੰਧਰ ਕਹਾਇਆ। ਬਾਬਾ ਕਹਿਤੇ ਥੇ,
'ਪਹਿਲੇ ਕੀਆ ਸੋ ਅਬ ਭੁਗਤਾਵੇ
ਜੋ ਅਬ ਕਰੇ ਸੋ ਆਗੇ ਪਾਵੇ।
ਜੈਸਾ ਦੀਜੇ ਤੀਸਾ ਲੀਜੇ।
ਮੈਂ ਇਨ ਕੇ ਦੋਹੇ ਸੁਣਾ ਰਹਾਂ ਹੂੰ। ਇਨ੍ਹਾਂ ਨੇ ਬੜੀ ਰਚਨਾ ਕੀ। ਇਨ ਕੇ ਸੱਤ ਗ੍ਰੰਥ ਤੰਜੋਰ ਮੇਂ ਹੈਂ। ਘੁਮੰਤੂ ਸੰਤ ਥੇ। ਆਕਾਸ਼ਚਾਰੀ ਥੇ। ਬੰਗਾਲ, ਉੜੀਸਾ, ਅਫ਼ਗਾਨਿਸਤਾਨ ਅਰੇ ਕਹਾਂ ਕਹਾਂ ਨਾ ਗਏ। ਗੋਪੀ ਚੰਦ ਔਰ ਉਸ ਦੀ ਮਾਂ ਮੈਨਾਵਤੀ ਇਨ ਕੇ ਚੇਲੇ ਬਾਲਕੇ ਥੇ। ਪੰਜਾਬੀ ਭਾਸ਼ਾ ਕੋ ਇਨ ਕੀ ਬਹੁਤ ਦੇਣ ਹੈ। ਬਹੁਤ ਪਹਿਲੇ ਬੋਲੀ ਜਾਣ ਵਾਲੀ ਪੰਜਾਬੀ ਕੇ ਅੰਸ਼ ਮਿਲਤੇ ਹੈ।' ਜੋਗੀ ਫੇਰ ਗਾਉਣ ਲੱਗਾ। 'ਅਜਪਾ ਜਪਨਾ, ਤੱਪ ਬਿਨ ਤਪਨਾ।'
ਕਹਿਤੇ ਥੇ ਸਾਰੀਆਂ ਹੀ ਦੁਨਿਆਵੀ ਪ੍ਰਵਿਰਤੀਆਂ ਤਿਆਗ ਕੇ ਆਪਣਾ ਧਿਆਨ ਸ਼ਬਦ ਤੇ ਸੁਰਤ 'ਤੇ ਕੇਂਦਰਤ ਕਰੋ। ਧੂਣੀ ਦੀ ਅਗਨੀ ਮੰਦ ਪੈਂਦੀ ਜਾ ਰਹੀ ਸੀ। ਲੋਕ ਉੱਠਣ ਦਾ ਨਾਂ ਹੀ ਨਹੀਂ ਲੈ ਰਹੇ ਸਨ। ਆਖ਼ਰ ਅਗਲੀ ਸ਼ਾਮ ਦਾ ਕਹਿ ਕੇ ਬਾਬੇ ਨੇ ਲੋਕਾਂ ਨੂੰ ਘਰੋ ਘਰੀ ਜਾਣ ਲਈ ਕਿਹਾ।
ਚਰਪਟ ਨਾਥ
ਜੋਗੀ ਨੇ ਧੂਨੇ 'ਤੇ ਬੈਠੇ ਲੋਕਾਂ ਨੂੰ ਵੇਖ ਕੇ ਹੁੰਕਾਰ ਭਰੀ 'ਆ ਗਏ ਬਈ ਸਭ।' ਸਾਰਿਆਂ ਨੇ ਕਿਹਾ,'ਹਾਂ ਜੀ।'
'ਲਓ ਭਾਈ! ਸੁਣੋ ਕਥਾ ਫੇਰ ਚਰਪਟ ਨਾਥ ਜੀ ਕੀ। ਇਹ ਗੁਰੂ ਗੋਰਖ ਕੇ ਸ਼ਿਸ਼ ਥੇ। ਕਹਿਤੇ ਹੈ ਯੇ ਚੰਬੇ ਕੇ ਰਾਜਾ ਥੇ ਜਾਂ ਰਾਜਾ ਕੇ ਗੁਰੂ। ਜੋ ਵੀ ਹੈ ਚੰਬੇ ਵਿਚ ਇਨ੍ਹਾਂ ਨਾਲ ਸਬੰਧਤ ਤਿੰਨ ਸਥਾਨ ਮਿਲਦੇ ਹਨ। ਇਨ੍ਹਾਂ ਕਾ ਨਾਮ ਚੰਬਾ ਮੇਂ ਇਤਨਾ ਚਲਤਾ ਥਾ ਕੇ ਜੇ ਤੋ ਰਾਜਾ ਸੇ ਭੀ ਉਪਰ ਥੇ। ਰਾਜ ਮੁਦਰਾ ਮੇਂ ਇਨ ਕੀ ਫੋਟੋ ਮਿਲਤੀ ਹੈ। ਇਨ ਕੇ ਬਾਰੇ ਮੇਂ ਦੋ ਗ੍ਰੰਥ ਚਰਪਟ ਨਾਥ ਜੀ ਕੇ ਸ਼ਬਦ ਔਰ ਸਲੋਕ ਮਿਲਤੇ ਹੈ। ਕਹਿਤੇ ਹੈ ਇਨ ਕੇ ਸਾਥ ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਾ ਭੀ ਬਚਨ ਵਿਲਾਸ ਹੂਆ ਥਾ। ਸਿੱਧ ਗੋਸਟਿ ਨਾਮ ਤੋਂ ਬਾਣੀ ਵਿਚ ਮਿਲਤਾ ਹੈ। ਬਹੁਤ ਬੜੇ ਰਸਾਚਾਰੀਆ ਥੇ। ਆਜ ਜਿਸੇ ਰਸਾਇਣ ਸ਼ਾਸਤਰ ਕਹਿਤੇ ਹੈ ਉਸ ਦੇ ਬੜੇ ਭਾਰੀ ਵਿਦਵਾਨ ਥੇ।
ਪੰਜ ਸਿਰਸਾਰੀ ਗੰਧਕ ਲੇਹ,
ਪਾਰਾ ਸਿਰਜਾਹੀ ਨਿਤ ਲੇਹ
ਇਕ ਤੋਲਾ ਗੋਰੋਚਨ ਪਾਵੇ,
ਚਾਰ ਦੁਧ ਤਿ ਹੰਮ ਮਹਿ ਖਪਾਏ।
ਇਹ ਤਾਂ ਸੋਨਾ ਬਣਾਨੇ ਕੀ ਵਿਧੀ ਬਤਾਈ ਹੈ। ਯੇਹ ਇਨ ਕੇ ਗ੍ਰੰਥ 'ਚਰਪਟ ਨਾਥ ਸੂਤਕ' ਮੇਂ ਮਿਲਦੀ ਹੈ। 'ਅਨੰਤ ਵਾਕਿਆ' ਔਰ 'ਮਹਾਸੰਤਾ ਵਾਕਿਆ' ਮੇ ਇਨ ਕੀ ਬਹੁਤ ਮਹਿਮਾ ਗਾਈ ਹੈ। ਇਹ ਤਾਂ ਪ੍ਰਸਿੱਧ ਰਸਆਚਾਰੀਆ ਨਾਗਅਰਜੁਨ ਦੇ ਗੁਰੂ ਸਨ। ਕਿਆ ਬਤਾਏ ਭਾਈ ਪੁਰਾਤਨ ਵਿੱਦਿਆ ਕੋ ਭੁਲਾ ਦੀਆ। ਯੇਹ ਤੋਂ ਵੱਡੇ ਸਮਾਜ ਸੁਧਾਰਕ ਥੇ। ਇਨ੍ਹਾਂ ਨੇ ਵਿਖਾਵੇ ਦੇ ਜੋਗੀਆਂ ਉੱਪਰ ਆਪਣੀ ਬਾਣੀ ਸੇ ਕਰੋੜੀ ਚੋਟੇਂ ਮਾਰੀ। ਬਾਹਰੀ ਭੇਖਾਂ ਕੋ ਸਵਾਂਗ ਬਤਾਤੇ ਕਹਿਤੇ ਥੇ।
'ਇਕ ਪੀਤ ਪਟਾ ਇਕ ਲੰਬਾ ਜਟਾ,
ਇਕ ਸੇਤ ਜਨੇਉ ਤਿਲਕ ਫਟਾ,
ਇਕ ਜੰਗਮ ਕਹੀਏ ਭਸਮ ਛਟਾ
ਤਬ ਚਰਪਟ ਸਗਲੇ ਸਵਾਂਗ ਨਟਾ।
ਔਰ ਕਹਿਤੇ ਥੇ 'ਦਿਨ ਭਰ ਭਿਖਿਆ, ਰਾਤਯੂੰ ਭੋਗ, ਚਰਪਟ ਕਹੈ ਵਿਗੋਵੇਂ ਜੋਗ।' ਦਖਾਵੇ ਕਾ ਜੋਗ ਨਹੀਂ ਭਾਈ ਮਨ ਸੇ ਯੋਗ ਹੋਣਾ ਚਾਹੀਦੈ। ਤਬੀ ਤੋਂ ਬਾਬਾ ਨਾਨਕ ਜੀ ਫੁਰਮਾਤੇ ਹੈ 'ਗਲੀ ਜੋਗੁ ਨਾ ਹੋਈ।'
ਤਦੇ ਧੂਣੇ 'ਤੇ ਬੈਠਾ ਇਕ ਬੋਲਿਆ,'ਸੁਣਿਆ ਬਾਬਾ, ਏ ਅਮਰ ਹੋਣ ਲਈ ਕੋਈ ਦਵਾਈ ਬਣਾਉਂਦੇ ਸੀ ਜਿਸ ਨੂੰ ਪੀ ਕੇ ਉਮਰ ਲੰਬੀ ਹੁੰਦੀ ਹੈ।' ਹਾਂ ਮੈਨੇ ਬਤਾਇਆ ਯੇਹ ਬਹੁਤ ਬੜੇ ਕੀਮਿਆਗਰ ਥੇ। ਪਾਰੇ ਦੇ ਅਸ਼ੁੱਧ ਰੂਪ ਨੂੰ ਸੋਧਿਤ ਕਰ ਕੇ ਉਸ ਵਿਚ ਅਬ੍ਰਕ ਭਸਮ ਮਿਲਾ ਕੇ ਦਵਾਈ ਤਿਆਰ ਕਰਤੇ ਥੇ। ਪਰ ਭਾਈ ਤੁਮ ਇਸ ਪਚੜੇ ਮੇਂ ਮਤ ਪੜਨਾ। ਬਿਨ ਗੁਰੂ ਗਿਆਨ ਨਾ ਹੋਈ। ਅਬ ਕਹਾਂ ਰਹਿ ਗਏ ਇਤਨੀ ਸਾਧਨਾ ਕਰਨੇ ਵਾਲੇ। ਏਨਾ ਕਹਿ ਕੇ ਜੋਗੀ ਨੇ ਔਲਖ ਨਿਰੰਜਨ ਕਿਹਾ 'ਤੇ ਉੱਠ ਪਏ।
ਭਰਥਰੀ ਨਾਥ
ਸ਼ਾਮ ਦੀ ਆਰਤੀ ਦੇ ਬਾਅਦ ਧੂਣੇ 'ਤੇ ਬੈਠੇ ਲੋਕਾਂ ਨੂੰ ਜੋਗੀ ਨੇ ਕਿਹਾ ਕਿÀੁਂ, ਸੰਗਤੋ ਕਭੀ ਸੁਣਾ ਹੈ ਰਾਜਾ ਜੋਗੀ ਹੋ ਜਾਏ। ਉਨ੍ਹਾਂ ਵਿੱਚੋਂ ਇਕ ਬੋਲਿਆ, ਮਹਾਰਾਜ! ਰਾਜਾ ਭਰਥਰੀ ਦੇ ਬਾਰੇ ਸੁਣਿਆ ਹੈ।' ਜੋਗੀ ਹੱਸ ਕੇ ਕਹਿਣ ਲੱਗਾ 'ਅਬ ਰਾਜਾ ਭਰਥਰੀ ਕੀ ਕਥਾ ਬਤਾਵਾਂਗੇ ਅਰੇ ਇਸ ਨੇ ਅਵਿੰਤਕਾ ਨਗਰੀ ਪਰ ਰਾਜ ਕੀਆ ਹੈ ਔਰ ਯੇ ਵਿਕਰਮਾਦਿੱਤ ਰਾਜਾ ਕਾ ਭਾਈ ਥਾ। ਇਸ ਨੇ ਆਪਣੀ ਰਾਣੀ ਪਿੰਗਲਾ ਕੇ ਕਾਰਨ ਸੰਨਿਆਸ ਧਾਰਨ ਕੀਆ। ਯੇ ਰਾਣੀ ਮੈਨਾਵਤੀ ਕਾ ਭਾਈ ਥਾ ਜਿਸ ਕੇ ਪੁੱਤਰ ਗੋਪੀ ਚੰਦ ਨੇ ਆਗੇ ਜਾ ਕਰ ਯੋਗ ਲੀਆ। ਇਨ੍ਹਾਂ ਨੇ ਤਿੰਨ ਗ੍ਰੰਥ ਲਿਖੇ, ਵੈਰਾਗਸ਼ਤਕ, ਸਿੰਗਾਰਸ਼ਤਕ ਅਤੇ ਨੀਤੀਸ਼ਤਕਾ। ਯੇ ਗੁਰੂ ਗੋਰਖਨਾਥ ਕੇ ਚੇਲੇ ਥੇ। ਇਸ ਦਾ ਉਦਾਹਰਨ ਤੋਂ ਚੀਨ ਕੇ ਬੋਧ ਭਿਕਸ਼ੂ ਈ ਤਿਸੰਗ ਨੇ ਭੀ ਦੀਆ ਹੈ। ਇਨ੍ਹਾਂ ਦਾ ਜ਼ਿਕਰ ਤਾਂ ਕਬੀਰ ਜੀ ਨੇ ਵੀ ਆਪਣੇ ਗ੍ਰੰਥਾਂ ਵਿਚ ਕੀਤਾ ਹੈ। ਇਨ ਕੇ ਨਾਮ ਕਾ ਮੰਦਰ ਤੋ ਉਜੈਨ ਵਿਚ ਮੌਜੂਦ ਹੈ। ਇਨ ਕੋ ਸਿੱਧ ਵਿਚਾਰਨਾਥ ਵੀ ਕਹਿਤੇ ਹੈ। ਕਾਮਨੀ ਸੇ ਮਾਰ ਖਾਣੇ ਕੇ ਬਾਅਦ ਇਨ੍ਹਾਂ ਨੇ ਔਰਤ ਕੋ ਬਹੁਤ ਨਿੰਦਿਆ। ਕਹਿਤੇ ਹੈ,
'ਰਾਜ ਕਿਆ ਕੂੰ ਰਾਜਾ ਝੂਰੇ,
ਬੈਦ ਗਿਆ ਕੂੰ ਰੋਗੀ।
ਕੰਤ ਗਿਆ ਕੂੰ ਕਾਮਨੀ ਝੂਰੇ,
ਬਿੰਦ ਗਿਆ ਕਿ ਜੋਗੀ।
ਜੇ ਤੋ ਪੂਰਨ ਬੈਰਾਗੀ ਔਰ ਤਿਆਗੀ ਥੇ। ਇਨ ਕੇ ਬਾਰੇ ਮੇਂ ਇਕ ਕਥਾ ਹੋਰ ਵੀ ਪ੍ਰਚਲਿਤ ਹੈ ਕਿ ਸ਼ਿਕਾਰ ਕਰਨੇ ਕੋ ਗਏ, ਏਕ ਹਿਰਨ ਕੋ ਮਾਰਾ ਤੋ ਹਿਰਨੀ ਘੋੜੇ ਕੇ ਪੀਛੇ ਪੀਛੇ ਚਲੀ ਆਈ। ਉਸ ਕੀ ਆਖ ਮੇਂ ਅਥਰੂ ਥੇ। ਤਬ ਕਹੀ ਗੁਰੂ ਗੋਰਖਨਾਥ ਪ੍ਰਗਟ ਹੋਏ, ਰਾਜਾ ਸੇ ਕਿਹਾ, ਦੇਖ ਰਹਾ ਇਸ ਹਿਰਨੀ ਕੀ ਕਰਨ ਪੁਕਾਰ। ਤਬ ਉਨ੍ਹਾਂ ਆਪਣੇ ਯੋਗਬਲ ਸੇ ਹਿਰਨ ਕੋ ਜਿੰਦਾ ਕੀਆ। ਯੇ ਦੇਖ ਰਾਜਾ ਗੁਰੂ ਕੇ ਚਰਨੋ ਮੇਂ ਪੜ ਗਏ। ਉਨ੍ਹਾਂ ਨੇ ਯੋਗ ਧਾਰਨ ਕੀਆ। ਇਨ੍ਹਾਂ ਨੇ ਬਾਹਰੀ ਕਰਮਾਂ ਉੱਪਰ ਬਹੁਤ ਜ਼ੋਰ ਦੀਆ ਹੈ। ਕਹਿਤੇ ਥੇ
ਨਾਰੀ ਚੋਰੀ ਜਾਰੀ ਤੀਨ
ਬਤ ਬਿਬਰਜਿਤ ਤਿਆਗੀ।
ਸਤਿ-ਸਤਿ ਭਾਖਤ ਜੋਗੀ
ਭਰਥਰੀ ਤੇ ਨਾਈ ਰਤਾ ਬੈਰਾਗੀ।
ਇਨ੍ਹਾਂ ਨੇ ਤੋ ਬੈਰਾਗੀ ਪੰਥ ਵੀ ਚਲਾਇਆ। ਇਸ ਕੋ ਭਰਤਰੀ ਬੈਰਾਗ ਪੰਥ ਕਹਿਤੇ ਹੈ। ਇਸ ਦੇ ਨਾਲ-ਨਾਲ ਬਹੁਤ ਬੜੇ ਵਿਆਕਰਨ ਆਚਾਰੀਆ ਥੇ। ਸਫੋਟ ਕਾ ਸਿਧਾਂਤ ਇਨ੍ਹਾਂ ਨੇ ਦੀਆ। ਇਨ ਕੀ ਇਕ ਕਿਤਾਬ 'ਵਾਕਿਅਪਦਿਆ' ਥੀ। ਅਰੇ ਐਸੇ ਵਿਆਕਰਨ ਆਚਾਰੀਆ ਥੇ ਕਿ ਅਬ ਤੋਂ ਇਨ ਕੇ ਸਿਧਾਂਤ ਕੋ ਬੜੇ ਬੜੇ ਅੰਗਰੇਜ਼ ਵਿਦਵਾਨਾਂ ਨੇ ਮੰਨਿਆ ਮਿਲਤਾ ਹੈ ਕਹੀ ਐਸਾ ਸੰਯੋਗ ਕਿ ਰਾਜਾ, ਜੋਗੀ ਔਰ ਭਾਸ਼ਾ ਦਾ ਵਿਦਵਾਨ। ਯੇ ਹੈ ਹਮਾਰਾ ਭਾਰਤ ਜਹਾਂ ਰਾਜਾ ਵੇਹ ਹੋਤਾ ਥਾ ਜੋ ਵਿਦਵਾਨ ਹੋ, ਸੂਰਬੀਰ ਹੋ ਔਰ ਤਿਆਗੀ ਹੋ। ਆਜ ਜੈਸੇ ਨਹੀਂ ਕਿ ਬਸ ਕੁਰਸੀ ਪਕੜ ਲੀ ਤੋ ਮਰਦੇ ਦਮ ਤਕ ਨਹੀਂ ਛੋੜਨੀ। ਲਉ ਭਾਈ ਬਾਕੀ ਕਥਾ ਕੱਲ੍ਹ ਕਹੇਂਗੇ।' ਗੁਰੂ ਸੂੰ ਗਿਆਨ, ਗਿਆਨ ਸੂੰ ਬੁੱਧ ਭਈ, ਬੁਧਿ ਸੋ ਅਕਲ ਪ੍ਰਕਾਸੀ।
ਰਾਜਾ ਗੋਪੀ ਚੰਦ
ਜੋਗੀ ਨੇ ਅੱਜ ਰਾਜਾ ਗੋਪੀ ਚੰਦ ਦੀ ਕਥਾ ਛੂਹ ਲਈ। ਕਹਿਣ ਲੱਗਾ,'ਅਰੇ ਇਨ੍ਹਾਂ ਦਾ ਨਾਂ ਤਾਂ ਪੂਰੇ ਉੱਤਰੀ ਭਾਰਤ ਮੇਂ ਚੱਲਤਾ ਹੈ। ਇਨ ਕੀ ਮਾਤਾ ਦਾ ਨਾਂ ਮੈਨਾਵਤੀ ਥਾ ਜੋ ਆਪ ਵੀ ਜਲੰਧਰ ਨਾਥ ਕੀ ਚੇਲੀ ਬਾਲਕਾ ਥੀ। ਯੋਗ ਕੀ ਪਹਿਲੀ ਸਿੱਖਿਆ ਤੋ ਮਾਂ ਨੇ ਹੀ ਦੀ ਥੀ। ਇਸੇ ਲਈ ਤੋ ਕਹਿਤੇ ਹੈ ਬੱਚਾ ਕਿ ਅਗਰ ਮਾਂ ਸਮਝਦਾਰ, ਵਿਦਵਾਨ ਹੈ ਤੋ ਫੇਰ ਬੱਚਾ ਵੀ ਐਸਾ ਹੀ ਹੋਗਾ। ਜੈਸੀ ਕੋਕੋ ਤੈਸੇ ਉਸ ਕੇ ਬੱਚੇ। ਅਗਰ ਮਾਂ ਜੀਜਾ ਬਾਈ ਜੈਸੀ ਹੋਗੀ ਤੋ ਫਿਰ ਸ਼ਿਵਾ ਜੀ ਜੈਸੇ ਵੀਰ ਪੈਦਾ ਹੋਤੇ ਹੈ। ਖੈਰ ਕਹਿਤੇ ਹੈ ਮਹਾਨ ਯੋਗੀ ਭਰਥਰੀ ਨਾਥ ਇਨ੍ਹਾਂ ਦੇ ਮਾਮਾ ਥੇ। ਇਨ ਕੇ ਪਿਤਾ ਬੰਗਾਲ ਕੇ ਰਾਜਾ ਮਾਨਕ ਚੰਦਰਾ ਥੇ। ਇਸ ਜੋਗੀ ਕੇ ਕਿੱਸੇ ਤੋ ਪੰਜਾਬ ਮੇਂ ਬੜੇ ਮਸ਼ਹੂਰ ਹੈ। ਛੋਟਾ ਬਾਲਕ ਥਾਂ ਮੈਂ ਜਦ ਮੇਲਿਆਂ 'ਚ ਲੱਗੀਆਂ ਦੁਕਾਨਾਂ ਤੋਂ ਲੈ ਕੇ ਪੜ੍ਹਦਾ ਸੀ। ਇਨ੍ਹਾਂ ਨੇ ਆਪਣੀਆਂ ਦੋ ਪਤਨੀਆਂ ਉਦਾਇਨੀ ਔਰ ਪਦਮਨੀ ਕੋ ਛੋੜ ਕਰ ਯੋਗ ਕਾ ਰਸਤਾ ਫੜਿਆ। ਜੇ ਕਹਿਤੇ ਹੈ
'ਗੁਰੂ ਹਮਾਰੇ ਗੋਰਖ ਬੋਲੀਏ
ਚਰਪਟ ਹੈ ਗੁਰ ਭਾਈ
ਸ਼ਬਦ ਇਕ ਹਮਕੋ ਨਾਥ ਜੀ ਦੀਆ
ਤੇਵੋ ਲੱਖਾ ਮੈਨਾਵਤੀ ਮਾਈ।
ਓ ਭਾਈ ਇਨ੍ਹਾਂ ਨੇ ਵੀ ਸਾਹਿਤ ਰਚਨਾ ਕੀਤੀ। ਇਨ੍ਹਾਂ ਦੀਆਂ ਕਈ ਸ਼ਬਦੀਆਂ ਤੇ ਵਚਨ-ਬਿਲਾਸ ਮਸ਼ਹੂਰ ਹਨ। ਅਰੇ ਯੋ ਤੋ ਬੜੇ ਸੰਗੀਤਕਾਰ ਥੇ। ਇਨ੍ਹਾਂ ਨੇ ਮੋਪੀਯੰਤਰ ਦੀ ਕਾਢ ਨਿਕਾਲੀ। ਜ਼ਰੂਰ ਯੇ ਸ਼ਬਦੀਆਂ ਗਾਤੇ ਹੋਗੇ। ਸੰਗੀਤ ਔਰ ਯੋਗ ਕਾ ਆਪਸ ਮੇਂ ਗਹਿਰਾ ਰਿਸ਼ਤਾ ਹੈ। ਇਨ੍ਹਾਂ ਨੇ ਰਾਗਾਂ ਮੇਂ ਭੀ ਬਾਣੀ ਰਚੀ। 'ਗੋਪੀ ਚੰਦ ਕੀ ਸ਼ਬਦੀ' ਵਾਲੀ ਕਿਤਾਬ ਮੇਂ 35 ਪਦ ਹੈ। ਇਨ ਕੇ ਕਈ ਸੰਵਾਦ ਆਪਣੀ ਮਾਈ ਮੈਨਾਵਤੀ ਸੇ ਹੈ ਜਿਸ ਮੇਂ ਇਨ੍ਹਾਂ ਨੇ ਜੋਗੀ ਕੋ ਸੰਜਮੀ ਹੋਣ ਦੀ ਪ੍ਰੇਰਨਾ ਦੀ ਹੈ। ਗੋਪੀ ਚੰਦ ਕੋ ਸਿੰਧ ਪ੍ਰਦੇਸ਼ ਮੇਂ ਪੀਰ ਪੋਤ ਵੀ ਕਹਿਤੇ ਹੈ। ਜੋਗੀ ਫੇਰ ਰਾਜ ਗੋਪੀ ਚੰਦ ਤੇ ਮੈਨਾਵਤੀ ਦੇ ਪ੍ਰਸ਼ਨ-ਉੱਤਰ ਸੰਤ ਭਾਖਾ ਵਿਚ ਸੁਣਾਉਣ ਲੱਗ ਪਿਆ। ਫੇਰ ਉਸ ਨੇ ਕ੍ਰਿਸ਼ਨਪਾਦ ਦੀ ਕਥਾ ਛੂਹ ਲਈ। ਮਾਹੌਲ ਵਿਚ ਸਰੂਰ ਸੀ ਤੇ ਬਾਹਰ ਗੁਲਾਬੀ ਠੰਢ। ਲੋਕ ਹੋਰ ਉਤਸੁਕ ਹੋ ਕੇ ਸੁਣਨ ਲੱਗੇ।
ਕਰਿਸ਼ਨਪਾਦ (ਕਾਨਪਾ)
'ਇਨ ਕੋ ਕਾਨਪਾ ਭੀ ਕਹਿਤੇ ਹੈ। ਆਜ ਜੋ ਹਮ ਨਾਥ ਕੀ ਬਾਤ ਕਰੇਂਗੋ ਜੇ ਜਲੰਧਰ ਨਾਥ ਕੇ ਚੇਲੇ ਥੇ। ਇਨ੍ਹਾਂ ਨੂੰ ਕੋਈ ਕਰਨਾਟਕ ਕਾ ਕਹਿਤਾ ਹੈ ਕੋਈ ਉੜੀਆ ਦਾ ਮਾਨਤਾ ਥਾ। ਬਈ ਯੇ ਕਪਾਲਿਕ ਥੇ। ਮਹਾਰਾਸ਼ਟਰ ਵਿਚ ਸਹਿਸਆਦਰੀ ਪਰਬਤ ਸ਼੍ਰੰਖਲਾ ਵਿਚ ਇਨ੍ਹਾਂ ਦੀ ਸਮਾਧੀ ਬਣੀ ਹੋਈ ਹੈ। ਇਨ ਕੋ ਕਨੀਫਾ ਨਾਥ ਭੀ ਕਹਿਤੇ ਥੇ। ਕਹਿਤੇ ਹੈ ਇਨ ਕਾ ਹਾਥੀ ਕੇ ਕਾਨ ਮੇਂ ਜਨਮ ਹੂਆ ਥਾ।
'ਮਹਾਰਾਜ ਹਾਥੀ ਦੇ ਕੰਨ ਵਿਚ? ਮੰਨਣ ਵਿਚ ਨਹੀਂ ਆਉਂਦਾ।'
ਓਏ ਭੋਲੇ ਪੰਛੀ ਐਸੇ ਤੋਂ ਸਭੀ ਨਾਥੋਂ ਕੋ ਜਨਮ ਹੁਆ ਹੈ। ਕਿਸੀ ਦਾ ਮਛਲੀ ਤੋਂ ਕਿਸੇ ਦਾ ਗੋਬਰ ਤੋਂ, ਕਿਸੇ ਦਾ ਲੰਗੋਟ ਤੋਂ ਭਾਈ ਯੇ ਸਾਧੋ ਕੀ ਭਾਸ਼ਾ ਹੈ। ਇਸ ਦਾ ਵੋਹ ਮਤਲਬ ਨਹੀਂ ਹੁੰਦਾ ਜੋ ਦਿਖਾਈ ਦਿੰਦਾ ਹੈ। ਇਹ ਅਧਿਆਤਮ ਦੀ ਭਾਸ਼ਾ ਹੈ। ਤੁਮ ਮੁਝ ਕੋ ਟੋਕੋ ਮਤ ਪਰ ਗੱਲ ਕਹਿਨੇ ਦੋ। ਯੇ ਇਤਨੇ ਮਹਾਨ ਥੇ ਕਿ ਤਿਬਤੀ ਲਾਮਾ ਭੀ ਇਨ ਦਾ ਬੜਾ ਆਦਰ ਕਰਤੇ ਥੇ। ਜੇ ਹੈ ਵਜਰ ਮੰਡਲ ਸਾਧਨਾ ਕੇ ਮਹਾਨ ਅਚਾਰੀਆ ਥੇ। ਇਨ੍ਹਾਂ ਨੇ ਬਹੁਤ ਸਾਰੇ ਤੰਤਰ ਗ੍ਰੰਥ ਲਿਖੇ। ਇਨ੍ਹਾਂ ਦੇ ਗ੍ਰੰਥ ਤੰਜੋਰ ਵਿਚ ਮਿਲਦੇ ਹਨ। ਇਨ੍ਹਾਂ ਵਿੱਚੋਂ ਹੇਵਜਰਾਨਾਮਮਾਲਾ, ਹੇ ਵਜਰਾ ਹੋਮਾਵਿਧੀ ਮਸ਼ਹੂਰ ਹਨ। ਸਾਰੇ ਗ੍ਰੰਥ ਸੰਸਕ੍ਰਿਤ ਭਾਸ਼ਾ ਤੇ ਅਪਭ੍ਰੰਸਾ ਵਿਚ ਲਿਖੇ ਮਿਲਦੇ ਹਨ। ਕਵੀ ਭੀ ਥੇ ਔਰ ਇਨ ਕੋ ਦੋਹੇ 'ਕਿਰਿਆਪਦਾ' ਅੋਰ ਕਿਰਿਆ ਗੀਤੀ ਵਿਚ ਮਿਲਤੇ ਹੈਂ। ਰਾਗਾਂ ਵਿਚ ਵੀ ਕਵਿਤਾ ਲਿਖੀ।
ਬਾਲਨਾਥ
'ਲਉ ਭਈ ਮੁੰਡਿਓ ਅੱਜ ਹੀਰ ਕੇ ਸਾਥ ਕਥਾ ਆਰੰਭ ਕਰਤੇ ਹੈ। 'ਬੁਝੀ ਇਸ਼ਕ ਦੀ ਅੱਗ ਨੂੰ ਵਾਉ ਲੱਗੀ, ਸਮਾਂ ਆਇਆ ਸੌਕ ਜਗਾਵਣੇ ਦਾ। ਬਾਲਨਾਥ ਦੇ ਟਿੱਲੇ ਦਾ ਰਾਹ ਫੜਿਆ ਮਤਾ ਜਾਗਿਆ ਕੰਨ ਪੜਵਾਵਣੇ ਦਾ। ਜੇ ਕਥਾ ਰਾਂਝੇ ਕੇ ਜੋਗ ਲੈਣ ਵੇਲੇ ਕੀ ਹੈ। ਰਾਝਾ ਜੋਗ ਲਈ ਉਸ ਵੇਲੇ ਨਾਥਾਂ ਦੇ ਪ੍ਰਸਿੱਧ ਨਾਥ ਬਾਲਨਾਥ ਕੋਲ ਜਾਂਦਾ ਹੈ। ਰਾਂਝੇ ਦੀ ਤਰਸ ਭਰੀ ਕਹਾਣੀ ਸੁਣ ਕਰ ਕੋਮਲ ਚਿੱਤ ਬਾਲਨਾਥ ਉਸ ਕੋ ਜੋਗ ਦੇਣੇ ਕੇ ਲਈ ਤਿਆਰ ਹੋ ਜਾਂਦੇ ਹਨ। ਇਹ ਵੱਖਰੀ ਬਾਤ ਹੈ ਕਿ ਰਾਂਝਾ ਆਪਣੀਆਂ ਸ਼ਰਤਾਂ ਪਰ ਜੋਗ ਲੇਤਾ ਹੈ। ਇਨ ਕੋ ਬਾਲਨਾਥ ਗੁਦਾਈ ਕਰ ਕੇ ਜਾਣਿਆ ਜਾਂਦਾ ਸੀ। ਪੁਰਾਨੇ ਪੰਜਾਬ ਮੇਂ ਇਨ ਕੀ ਬੜੀ ਮਾਨਤਾ ਥੀ। ਜੋਗੀਆਂ ਦੀ ਪਛਾਣ ਦੱਸਦੇ ਨਾਥ ਆਖਦੇ ਹਨ।
ਤੂੰਬਾ ਸਿਮਰਨਾ, ਖੱਪਰੀ ਨਾਦ, ਸਿੰਗੀ, ਚਿਮਟਾ, ਭੰਗ, ਨਲੇਯਰ ਜੰਜੀਰੀਆਂ ਨੀ,
ਛੱਡ ਤ੍ਰੀਮਤਾਂ ਦੀ ਝਾਕ, ਹੋਇ ਜੋਗੀ, ਫੱਕਰ ਨਾਲ ਜਹਾਨ ਕੀ ਸੀਰੀਆਂ ਨੀ।
ਇਨ ਕੇ ਗੁਰੂ ਗੋਰਖਨਾਥ ਥੇ 'ਜੇ ਆਪਣੀ ਸਬਦੀ ਮੇਂ ਕਹਿਤੇ ਹੈ।' ਗੋਰਖਨਾਥ ਗੁਰੂ ਸ਼ਿਸ਼ ਬਾਲਗੁਦਾਈ ਪੁਛਤ ਕਹਿਬਾ ਸੋਈ। ਦਸ ਦਰਵਾਜ਼ੇ ਪੰਜ ਗਿਆਨ ਇੰਦਰੀਆਂ, ਬ੍ਰਹਮਚਾਰੀਆ ਆਦਿ ਦਾ ਜ਼ਿਕਰ ਇਨ੍ਹਾਂ ਦੀ ਬਾਣੀ ਮੇਂ ਮਿਲਤਾ ਹੈ। 'ਦਸ ਦਰਵਾਜ਼ੇ ਰਾਖੈ ਬਾਣ, ਭੀਤਰ ਚੋਰ ਨਾ ਏਈ ਜਾਣ, ਗਿਆਨ ਕਛੌਟੀ ਬਾਧੈ ਕਸਿ ਪਾਚੋ ਇੰਦਰੀ ਰਾਖੈ ਬਸਿ।' ਨਾਥਾਂ ਮੇਂ ਗੁਰੂ ਦੀ ਬਹੁਤ ਮਹੱਤਤਾ ਹੈ। ਇਸ ਕੇ ਬਿਨਾਂ ਪਰਮਾਤਮਾ ਕੋ ਮਿਲਨਾ ਅਸੰਭਵ ਹੈ।' ਖੱਟ ਰਸ ਮਿਠਰਸ ਸਭ ਰਸ ਭੋਗੀ, ਬਿਨ ਗੁਰੂ ਗਿਆਨ ਫਿਰੇ ਮੂੜ ਜੋਗੀ।' ਬਾਲਨਾਥ ਦਾ ਪ੍ਰਭਾਵ ਹਿੰਦੂ ਮੁਸਲਮਾਨ ਸਭ ਪਰ ਥਾ। ਕੁਝ ਲੋਕ ਇਨ੍ਹੇ ਬਾਲ ਗੁਦਾਈ ਭੀ ਕਹਿਤੇ ਹੈ।
ਜੋਗੀ ਕਹਿਣ ਲੱਗਾ,'ਮੈਨੇ ਨੌਂ ਦਿਨ ਮੇਂ ਨੌ ਨਾਥੋਂ ਕੀ ਕਥਾ ਇਸ ਲਈ ਸੁਣਾਈ ਹੈ ਕਿ ਇਨ ਨਾਥੋਂ ਕੀ ਪੰਜਾਬ ਕੋ ਬੜੀ ਦੇਨ ਹੈ। ਜਿਤਨੇ ਦੋਹੇ ਮੈਨੇ ਤੁਮਕੋ ਸੁਣਾਏ ਹੈ ਉਨ ਮੇਂ ਪੰਜਾਬੀ ਬੋਲੀ ਆਪਣੇ ਨਕਸ਼ ਸਮੇਟੀ ਬੈਠੀ ਹੈ। ਇਸ ਕੇ ਸਾਥ ਨਾਥ ਬਾਹਰਲੇ ਹਮਲਾਵਰੋਂ ਕੇ ਸਾਥ ਵੀ ਸੱਭਿਆਚਾਰਕ ਔਰ ਅਧਿਆਤਮਕ ਤੌਰ ਪੇ ਲੋਕਾਂ ਕੋ ਸੰਗਠਿਤ ਕਰ ਰਹੇ ਥੇ। ਬਿਨਾਂ ਊਚ, ਨੀਚ, ਜਾਤਪਾਤ ਜੇ ਸਭ ਕੋ ਏਕ ਪਰਮਾਤਮਾ ਕੇ ਸਾਥ ਜੁੜਨੇ ਕੀ ਸਿੱਖਿਆ ਦੇ ਰਹੇ ਥੇ। ਧੀਰੇ-ਧੀਰੇ ਨਾਥੋਂ ਮੇਂ ਭੀ ਬੁਰਾਈਆਂ ਆਣੇ ਲਗੀ ਔਰ ਯੇ ਮਤ ਖ਼ਤਮ ਹੋਤਾ ਚਲਾ ਗਿਆ। ਇਨ੍ਹਾਂ ਨੇ ਪੰਜਾਬੀਓ ਕੋ ਬਹੁਤ ਕੁਝ ਦੀਆ ਹੈ। ਹਮਨੇ ਅਭੀ ਇਨ ਕੇ ਬਾਰੇ ਮੇਂ ਔਰ ਖੋਜਨਾ ਤੇ ਜਾਣਨਾ ਹੈ।'
ਸਵੇਰ ਹੋਈ ਲੋਕਾਂ ਨੇ ਦੇਖਿਆ ਧੂਣੇ ਦਾ ਨਾਂ ਨਿਸ਼ਾਨ ਨਹੀਂ ਸੀ। ਜੋਗੀ ਆਪਣੀ ਪ੍ਰਵਿਰਤੀ ਕਿ, 'ਪਾਣੀ ਵਹਿੰਦੇ
ਭਲੇ ਜੋਗੀ ਚੱਲਦੇ ਭਲੇ' ਨੂੰ ਸੱਤ ਕਰ ਕੇ ਜਾ ਚੁੱਕਾ ਸੀ। ਕਈ ਮਹੀਨੇ ਜੋਗੀ ਤੇ ਨਾਥਾਂ ਉੱਪਰ ਖੁੰਡ ਚਰਚਾ ਹੁੰਦੀ ਰਹੀ।
ਚੌਰੰਗੀ ਨਾਥ (ਪੂਰਨ ਭਗਤ)
ਅਗਲੀ ਸ਼ਾਮ ਜੋਗੀ ਨੇ 'ਚੌਰੰਗੀ ਨਾਥ' ਨਾਂ ਲੈ ਕੇ ਜੁੜੇ ਲੋਕਾਂ ਨੂੰ ਪੁੱਛਿਆ ਕਿ ਇਨ੍ਹਾਂ ਦਾ ਨਾਂ ਕੋਈ ਜਾਣਦਾ ਹੈ। ਸਭ ਚੁੱਪ ਕਰ ਗਏ। ਜੋਗੀ ਹੱਸਿਆ ਤੇ ਕਹਿਣ ਲੱਗਾ ਭਾਈ ਸਭ ਨੇ ਪੂਰਨ ਭਗਤ ਬਾਰੇ ਸੁਣਾ ਹੈ।' ਸਾਰੇ ਹੀ ਬੋਲ ਪਏ,'ਹਾਂ ਜੀ।' ਜੋਗੀ ਹੱਸਿਆ ਤੇ ਕਹਿਣ ਲੱਗਾ,'ਪੂਰਨ ਭਗਤ ਕੋ ਹੀ ਚੌਰੰਗੀ ਨਾਥ ਕਹਾ ਜਾਤਾ ਹੈ। ਐਸੇ ਭਗਤ ਤੋਂ ਬਹੁਤ ਘੱਟ ਪੈਦਾ ਹੂੰਐ ਹੈ। ਇਨ ਕੇ ਬਾਰੇ ਮੇਂ ਤੋਂ ਪੰਜਾਬ ਮੇਂ ਸਭ ਜਾਣਦੇ ਹੈ। ਮਤਰੇਈ ਮਾਂ ਕੇ ਦਸ਼ਟ ਦੇਣੇ ਸਮੇਂ ਇਹ ਗੁਰੂ ਗੋਰਖ ਨਾਥ ਦੇ ਸ਼ਿਸ਼ ਬਣੇ। ਸਲਵਾਹਨ ਘਰੇ ਹਮਾਰਾ ਜਨਮ ਉਤਪਤੀ ਸਤਿ ਮਾਂ ਝੂਟ ਬੋਲੀ ਲਾ। ਬਹੁਤ ਸਾਰੇ ਨਾਥਾਂ ਕੇ ਗ੍ਰੰਥੋਂ ਮੇਂ ਇਨ ਦਾ ਜ਼ਿਕਰ ਮਿਲਤਾ ਹੈ। ਸਿਆਲਕੋਟ ਕੇ ਪਰਾਕਰਮੀ ਰਾਜਾ ਸਲਵਾਨ ਕੇ ਪੁੱਤਰ ਥੇ। ਉਹ ਪਰਾਕਰਮੀ ਰਾਜਾ ਜਿਸ ਨੇ ਮਹਿਮੂਦ ਗ਼ਜ਼ਨੀ ਕੋ ਭੀ ਏਕ ਬਾਰ ਹਰਾਇਆ ਥਾ। ਜਿਸ ਖੂਹ ਮੇਂ ਪੂਰਨ ਕੇ ਹਾਥ ਪੈਰ ਕਾਟ ਕਰ ਸੁੱਟਿਆ ਥਾਂ ਵਹਿ ਅਭ ਵੀ ਸਿਆਲਕੋਟ ਮੇਂ ਹੈ। ਇਨ ਕਾ ਭਾਈ ਰਾਜਾ ਰਸਾਲੂ ਕੇ ਨਾਂ ਕਾ ਇਕ ਪ੍ਰਸਿੱਧ ਯੋਧਾ ਥਾ। ਇਨ੍ਹਾਂ ਦਾ ਇਕ ਗ੍ਰੰਥ ਪ੍ਰਾਣ ਸੰਗਲੀ ਮਿਲਦਾ ਹੈ ਜਿਸ ਦੀ ਭਾਸ਼ਾ ਪੂਰਬੀ ਹੈ ਪਰ ਬਾਅਦ ਵਿਚ ਰਾਜਸਥਾਨੀ ਡਿੰਗਲ ਵਾਲੀ ਹੋ ਗਈ ਹੈ। ਆਪ ਕਹਿੰਦੇ ਹਨ 'ਪਾਪ ਕਲਪਨਾ ਨਹੀਂ ਹਮਾਰੇ ਮਨੇ। ਹਾਥ ਪਾਂਵ ਕਟਾਇ ਰਲਾਇ ਲਾਇਲਾ ਨਿਰੰਜਨ ਬਨੇ।' ਇਨ ਕਾ ਤੋ ਕਿੱਸਾ 'ਪੂਰਨ ਭਗਤ' ਬੜਾ ਮਸ਼ਹੂਰ ਹੈ ਜਿਸ ਨੂੰ ਪੰਜਾਬ ਦੇ ਲੋਕ ਗਾਤੇ ਹੈ। ਇਨ੍ਹਾਂ ਦੇ ਨਾਲ ਤਾਂ ਬਹੁਤ ਸਾਰੇ ਚਮਤਕਾਰ ਜੁੜੇ ਹੈਂ। ਇਨ੍ਹਾਂ ਨੇ ਗੋਰਖਨਾਥ ਜੀ ਕੀ ਨਿਗਰਾਨੀ ਮੇਂ ਪੂਰੇ 12 ਸਾਲ ਤਪੱਸਿਆ ਕੀ ਥੀ। ਇਨ ਕੇ ਹੀ ਕਹਿਨੇ ਪਰ ਮਤਰੇਈ ਮਾਂ ਕੇ ਇਕ ਪੁੱਤਰ ਹੋਇਆ ਥਾ। ਬੜਾ ਪਰਾਕਰਮੀ ਔਰ ਵੀਰ ਜਿਸ ਕੋ ਰਾਜਾ ਰਸਾਲੂ ਕੇ ਨਾਮ ਸੇ ਜਾਨਤੇ ਹੈ। ਤਭੀ ਤੋਂ ਲੋਕ ਗੀਤੋਂ ਮੇਂ ਪੂਰਨ ਭਗਤ ਬਾਰੇ ਕਹਿਤੇ ਹੋ 'ਪੂਰਨ ਜਿਹਾ ਭਗਤ ਨਾ ਕੋਈ ਜਿਨ ਰੱਬ ਕਾ ਨਾਮ ਪਛਾਤਾ। ਧਰੂ, ਪੂਰਨ ਪ੍ਰਲਾਹਦ ਔਰ ਐਸੇ ਭਗਤ ਕਭੀ ਕਭੀ ਜਨਮ ਲੇਤੇ ਹੈ।
- ਡਾ. ਅਨੁਰਾਗ ਸ਼ਰਮਾ
98552-63576