ਸਾਹਿਤ ਨੇ ਮੁੱਢਲਾ ਸਫ਼ਰ ਕਵਿਤਾ ਤੋਂ ਸ਼ੁਰੂ ਕੀਤਾ ਸੀ। ਇਸੇ ਕਰ ਕੇ ਓਦੋਂ ਸਾਰੇ ਸਾਹਿਤ ਨੂੰ ‘ਕਾਵਿ’ ਕਿਹਾ ਜਾਂਦਾ ਸੀ ਪਰ ਜਿਵੇਂ-ਜਿਵੇਂ ਮਨੁੱਖ ਦੀ ਸੋਚ ਤਰਕ/ਵਿਤਰਕ ਕਰਨ ਲੱਗੀ ਤਾਂ ਵਾਰਤਕ ਰੂਪ ਸਾਹਮਣੇ ਆਏ। ਇਹਦਾ ਵੱਡਾ ਕਾਰਨ ਸੀ ਕਿ ਮਨੁੱਖੀ ਵਿਚਾਰ ਗੁੰਝਲਦਾਰ ਤੇ ਗਿਆਨ ਸ਼ਾਸਤਰ ਵੱਲ ਰੁਚਿਤ ਹੋਣ ਲੱਗੇ। ਇਨ੍ਹਾਂ ਦੇ ਵਿਸਥਾਰ ਨੂੰ ਕਵਿਤਾ ’ਚ ਪ੍ਰਗਟਾਉਣਾ ਸੰਭਵ ਨਹੀਂ ਸੀ।

ਸਾਹਿਤ ਨੇ ਮੁੱਢਲਾ ਸਫ਼ਰ ਕਵਿਤਾ ਤੋਂ ਸ਼ੁਰੂ ਕੀਤਾ ਸੀ। ਇਸੇ ਕਰ ਕੇ ਓਦੋਂ ਸਾਰੇ ਸਾਹਿਤ ਨੂੰ ‘ਕਾਵਿ’ ਕਿਹਾ ਜਾਂਦਾ ਸੀ ਪਰ ਜਿਵੇਂ-ਜਿਵੇਂ ਮਨੁੱਖ ਦੀ ਸੋਚ ਤਰਕ/ਵਿਤਰਕ ਕਰਨ ਲੱਗੀ ਤਾਂ ਵਾਰਤਕ ਰੂਪ ਸਾਹਮਣੇ ਆਏ। ਇਹਦਾ ਵੱਡਾ ਕਾਰਨ ਸੀ ਕਿ ਮਨੁੱਖੀ ਵਿਚਾਰ ਗੁੰਝਲਦਾਰ ਤੇ ਗਿਆਨ ਸ਼ਾਸਤਰ ਵੱਲ ਰੁਚਿਤ ਹੋਣ ਲੱਗੇ। ਇਨ੍ਹਾਂ ਦੇ ਵਿਸਥਾਰ ਨੂੰ ਕਵਿਤਾ ’ਚ ਪ੍ਰਗਟਾਉਣਾ ਸੰਭਵ ਨਹੀਂ ਸੀ। ਹਰ ਵਿਚਾਰ, ਤਰਕ, ਸੋਚ, ਗਿਆਨ ਇਹਦੇ ਲਈ ਵਿਸਥਾਰ ਮੰਗਦੇ ਸਨ। ਇਸ ਲਈ ਕਵਿਤਾ ਤੋਂ ਹੱਟ ਕੇ ਨਵੇਂ ਸਾਹਿਤ ਰੂਪਾਂ ਦੀ ਲੋੜ ਮਹਿਸੂਸ ਹੋਈ। ਸਮੇਂ ਦੇ ਬਦਲਣ ਨਾਲ ਵਾਰਤਕ ਦੇ ਨਵੇਂ ਰੂਪ ਸਾਹਮਣੇ ਆਉਣ ਲੱਗੇ। ਵਾਰਤਕ ਲਿਖਣ ਲਈ ਭਾਸ਼ਾ ਦੀ ਸਪੱਸ਼ਟਤਾ ਤੇ ਨਿਖ਼ਰੀ ਸ਼ੈਲੀ ਦੀ ਲੋੜ ਹੁੰਦੀ ਹੈ। ਇਸ ਦੇ ਨਾਲ ਲੇਖਕ ਨੂੰ ਪ੍ਰਗਟਾਏ ਜਾ ਰਹੇ ਵਿਸ਼ੇ ਦੀ ਸੀਮਾ ਤੇ ਸੰਭਾਵਨਾ ਦਾ ਵੀ ਪਤਾ ਹੋਣਾ ਚਾਹੀਦਾ ਹੈ। ਯਾਦਾਂ, ਯਾਤਰਾ, ਸਵੈ-ਜੀਵਨੀ, ਨਿਬੰਧ, ਡਾਇਰੀ, ਲੇਖ, ਵਿਗਿਆਨਕ ਵਾਰਤਕ, ਸੰਪਾਦਕੀਆਂ, ਰੇਖਾ ਚਿੱਤਰ, ਜੀਵਨੀਆਂ, ਵਿਅੰਗ ਤੇ ਹੋਰ ਕਈ ਪ੍ਰਕਾਰ ਦੀਆਂ ਵੰਨਗੀਆਂ ਇਸ ਵਿਧਾ ’ਚ ਸ਼ਾਮਿਲ ਹਨ। ਅਸਾਂ ਇਸ ਵਰ੍ਹੇ ਸਾਹਿਤਕ ਪੱਖੋਂ ਸਾਹਮਣੇ ਆਈਆਂ ਕਿਤਾਬਾਂ ’ਚੋਂ ਵਿਸ਼ੇਸ਼ ਕਿਤਾਬਾਂ ਦੀ ਚੋਣ ਕੀਤੀ ਹੈ ਤਾਂ ਕਿ ਭਾਸ਼ਾ ਤੇ ਸ਼ੈਲੀ ਪੱਖੋਂ ਉਨ੍ਹਾਂ ਦੇ ਗੁਣਾਂ ਤੇ ਵਿਸ਼ੇ ਨੂੰ ਉਭਾਰਿਆ ਜਾ ਸਕੇ।
.jpg)
.jpg)
ਲੇਖਾਂ ਦਾ ਗੁਲਦਸਤਾ
ਉੱਘੇ ਲੇਖਕ ਸੁਖਬੀਰ ਹੋਰਾਂ ਦੀ ਨਵੀਂ ਵਾਰਤਕ ਕਿਤਾਬ ‘ਲਿਖਤਮ’ ’ਚ ਉਨ੍ਹਾਂ ਦੇ ਵੱਖ-ਵੱਖ ਸਮਿਆਂ ’ਚ ਲਿਖੇ ਲੇਖ ਹਨ। ਇਹ ਪਹਿਲਾਂ ਵੀ ਵੱਖ-ਵੱਖ ਥਾਵਾਂ ’ਤੇ ਛਪ ਚੁੱਕੇ ਹਨ। ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਦੀ ਲੇਖਣੀ ਬਾਰੇ ਉਨ੍ਹਾਂ ਦੇ ਸ਼ਬਦ ਦੁਹਰਾਉਂਦਿਆਂ ਲਿਖਿਆ ਹੈ-ਬੰਬਈ ਦਾ ਜੰਮਪਲ ਹੋਣ ਕਰਕੇ ਤੇ ਮੇਰੀ ਜ਼ਿੰਦਗੀ ਦਾ ਬਹੁਤਾ ਹਿੱਸਾ ਬੰਬਈ ’ਚ ਬੀਤਣ ਕਰਕੇ, ਮੈਨੂੰ ਪੰਜਾਬੀ ’ਚ ਲਿਖਣ-ਸਿੱਖਣ ਲਈ ਔਖਿਆਈ ਹੋਈ ਸੀ। ਜਿਥੇ ਹਿੰਦੀ ਮੈਂ ਸਕੂਲ-ਕਾਲਜ ’ਚ ਸਿੱਖੀ ਸੀ, ਪੰਜਾਬੀ ਘਰ ’ਚ ਸਿੱਖੀ ਸੀ। ਪੰਜਾਬੀ ’ਚ ਲਿਖਣਾ ਵੀ ਹਿੰਦੀ ’ਚ ਲਿਖਣ ਤੋਂ ਕੁਝ ਸਾਲਾਂ ਬਾਅਦ ਹੀ ਸ਼ੁਰੂ ਕੀਤਾ ਸੀ। ਪੰਜਾਬੀ ਲਿਖਣ ਦੀ ਔਖੀ ਘਾਲਣਾ ਦੇ ਬਾਵਜੂਦ ਮਾਤ ਭਾਸ਼ਾ ’ਚ ਲਿਖਣ ਦਾ ਜਜ਼ਬਾਤੀ ਮਾਣ ਮੈਨੂੰ ਕਦੇ ਨਹੀਂ ਸੀ ਹੋਇਆ। ਹਾਂ, ਮਾਣ ਹੈ ਪੰਜਾਬੀ ਤੇ ਹਿੰਦੀ ਦੋਵਾਂ ਭਾਸ਼ਾਵਾਂ ਵਿਚ ਲਿਖਣ ਦਾ। ਤੇ ਜੇ ਉਰਦੂ ਤੇ ਅੰਗਰੇਜ਼ੀ ’ਚ ਲਿਖਣ ਦੀ ਚੰਗੀ ਮੁਹਾਰਤ ਹੁੰਦੀ, ਤਾਂ ਮੈਂ ਇਨ੍ਹਾਂ ਭਾਸ਼ਾਵਾਂ ਵਿਚ ਵੀ ਲਿਖਣਾ ਸੀ। ਤੇ ਚਾਰ ਭਾਸ਼ਾਵਾਂ ਵਿਚ ਲਿਖਣ ਦਾ ਮਾਣ ਮਹਿਸੂਸ ਕਰਨਾ ਸੀ।’ ਸੰਪਾਦਕ ਡਾ. ਚੰਦਰ ਮੋਹਨ ਨੇ ਇਸ ਦੇ ਤਿੰਨ ਭਾਗ ਕੀਤੇ ਹਨ ਤੇ ਇਨ੍ਹਾਂ ਭਾਗਾਂ ਨੂੰ ਅੱਗੋਂ ਫਿਰ ਹਿੱਸਿਆਂ ’ਚ ਵੰਡਿਆ ਹੈ। ਪਹਿਲਾ ਭਾਗ-ਖ਼ੁਦੀ, ਖ਼ੁਦਾ ਤੇ ਤਕਦੀਰ ’ਚ ਲੇਖਕ ਦੀ ਜ਼ਿੰਦਗੀ, ਯਾਦਾਂ ਤੇ ਲੇਖਣੀ ਨਾਲ ਸੰਬੰਧਿਤ ਲੇਖ ਹਨ। ਦੂਸਰੇ ਹਿੱਸੇ ’ਚ : ਕਿ ਹਰ ਤਕਦੀਰ ਸੇ ਪਹਿਲੇ, ਕੁਝ ਕਿਤਾਬਾਂ ਤੇ ਵਿਸ਼ਵ ਪੱਧਰ ਦੇ ਲੇਖਕਾਂ ਮਾਰਕਸ, ਫਰਾਇਡ, ਚੈਖੋਵ, ਪਿਕਾਸੋ, ਇਰਵਿੰਗ ਸਟੋਨ ਬਾਰੇ ਲੇਖ ਹਨ ਜਦਕਿ ਕਿਤਾਬਾਂ ’ਚ ਗੇਂਜੀ ਦੀ ਕਹਾਣੀ ਜੰਗ ਤੇ ਅਮਨ, ਲਾਲ ਬੱਤੀ, ਫਾਊਂਟੈਨ ਹੈੱਡ, ਰਿਸ਼ਤਾ, ਘੋੜਾ ਬਾਦਸ਼ਾਹ ਕਿਤਾਬਾਂ ਬਾਰੇ ਗੱਲ ਕੀਤੀ ਹੈ। ਤੀਜੇ ਹਿੱਸੇ ’ਚ ਇਸ ’ਚ ਰੱਬ, ਧਰਮਯੋਗੀ, ਕਰਮਯੋਗੀ, ਰੱਬ ਦੀ ਭਾਲ, ਨਵੇਂ ਮਨੁੱਖ ਦੀ ਸਿਰਜਣਾ ਮਹਾਨ ਚਿੰਤਕਾਂ ਦੀ ਗੱਲ ਕੀਤੀ ਹੈ। ਚੌਥੇ ਹਿੱਸੇ ’ਚ ਸਨਮਾਨਾਂ, ਮੌਲਿਕਤਾ, ਮਾਂ-ਬੋਲੀ ਦੀ ਨਿਸ਼ਕਾਮ ਸੇਵਾ, ਸਾਹਿਤਕ ਤੇ ਅਣ-ਸਾਹਿਤਕ ਮਹਿਫ਼ਲਾਂ ’ਚ ਗ਼ੈਰ-ਹਾਜ਼ਰੀ ਬਾਰੇ ਲੇਖ ਹਨ। ਦੂਜੇ ਭਾਗ ’ਚ ਸੁਹਜ ਸਿਰਜਣਾ ਦੀ ਤਸਵੀਰ ਦੇ ਪਹਿਲੇ ਹਿੱਸੇ ’ਚ ਕਲਮ ਦਾ ਰਾਹ ’ਚ ਕਲਮ ਦੀ ਕਿਰਤ ਕਮਾਈ, ਲੇਖਕ ਦੀ ਜਾਤ, ਸ਼ਨਾਖ਼ਤ ਸ਼ਬਦਾਂ ਦੀ, ਫਾਲਤੂ ਲਫ਼ਜ਼ਾਂ ਦਾ ਜੰਜਾਲ, ਮਾਤ-ਬੋਲੀ ਦਾ ਮਸਲਾ, ਜੱਟਵਾਦ: ਰਾਜਨੀਤੀ ’ਚ, ਸੰਸਕ੍ਰਿਤੀ ’ਚ ਆਿਦ ਤੋਂ ਇਲਾਵਾ ਕੁਝ ਹੋਰ ਲੇਖ ਵੀ ਸ਼ਾਮਿਲ ਹਨ। ਦੂਜੇ ਹਿੱਸੇ ’ਚ ਰੇਖਾ ਚਿੱਤਰਨੁਮਾ ਸ਼ੈਲੀ ਵਾਲੇ ਹਨ। ਇਨ੍ਹਾਂ ’ਚ ਵਿਕਟਰ ਫਰੈਂਕਲ, ਜਗਜੀਤ ਅਨੰਦ, ਰਬਿੰਦਰਨਾਥ ਟੈਗੋਰ, ਬਲਰਾਜ ਸਾਹਨੀ, ਜਗਤਾਰ, ਸੁਕੀਰਤ ਤੇ ਜਤਿੰਦਰ ਪਨੂੰ, ਐਸ ਤਰਸੇਮ, ਜੰਗ ਬਹਾਦਰ ਗੋਇਲ ਆਦਿ ਬਾਰੇ ਲੇਖ ਤੇ ਰਚਨਾਵਾਂ ਦੇ ਹਵਾਲੇ ਨਾਲ ਗੱਲ ਕੀਤੀ ਹੈ। ਤੀਜੇ ਤੇ ਆਖ਼ਰੀ ਭਾਗ ’ਚ ਖ਼ਤ-ਨੁਮਾ ਲੇਖ ਸ਼ਾਮਿਲ ਹਨ। ਸੁਖਬੀਰ ਦੀ ਵਾਰਤਕ ਸ਼ੈਲੀ ਸੁਹਜਮਈ ਹੋਣ ਦੇ ਨਾਲ ਭਾਸ਼ਾ ਪੱਖੋਂ ਵੀ ਪੁਖ਼ਤਾ ਹੈ।

.jpg)
ਸੰਤਾਲੀ ਦੀ ਵੰਡ ਦਾ ਦਰਦ
ਕਿਤਾਬ ‘ਸ਼ੇਖੂਪੁਰਾ’ ਸੰਤਾਲੀ ਦੇ ਕਹਿਰ ਬਾਰੇ ਮੁਲਾਕਾਤਾਂ ਨਾਲ ਸਬੰਧਿਤ ਹੈ। ਸੰਪਾਦਕ ਗੁਰਪ੍ਰੀਤ ਸਿੰਘ ਤੂਰ ਹਨ। ਸੰਪਾਦਕੀ ਵਿਚ ਲੇਖਕ ਲਿਖਦਾ ਹੈ-ਇਕ ਰਿਸਰਚ ਸਕਾਲਰ ਮਨੋਵਿਗਿਆਨ ਦੀ ਡਾਕਟ੍ਰੇਟ ਕਰਦੀ ਸਿੰਧੀ ਲੜਕੀ ਕਹਿੰਦੀ-‘ਸਿੰਧ ਤੋਂ ਆ ਕੇ ਮੇਰੇ ਦਾਦਾ ਜੀ ਚੁੱਪ ਹੀ ਰਹਿੰਦੇ। ਦੇਹਲੀਆਂ ਵਿਚ ਬੈਠ ਜਾਂਦੇ, ਬੱਚਿਆਂ ਵਾਂਗ ਇਕ ਲੱਤ ਏਧਰ ਇਕ ਲੱਤ ਬਾਹਰ ਵੱਲ ਕਰਕੇ। ਘਰ ਆਇਆ ਜਾਂ ਲੰਘਿਆ ਜਾਂਦਾ ਕੋਈ ਵਿਅਕਤੀ ਜਦ ਸਿੰਧੀ ਬੋਲੀ ਦਾ ਕੋਈ ਸ਼ਬਦ ਬੋਲ ਜਾਂਦਾ ਤਾਂ ਉਨ੍ਹਾਂ ’ਚ ਹਰਕਤ ਆ ਜਾਂਦੀ। ਹੱਥ, ਬੁੱਲ੍ਹ, ਮੱਥਾ, ਅੱਖਾਂ ਜਿਵੇਂ ਫੁਲ ਖਿੜ੍ਹਨ ਸਮੇਂ ਪੱਤੀਆਂ ਆਪੋ-ਆਪਣੀ ਥਾਂ ਸੰਭਾਲ ਲੈਂਦੀਆਂ ਹਨ। ਓਧਰੋਂ ਆਇਆ ਕੋਈ ਰਿਸ਼ਤੇਦਾਰ ਜਦ ਉਨ੍ਹਾਂ ਨਾਲ ਪੁਰਾਣੀਆਂ ਗੱਲਾਂ ਛੇੜਦਾ ਤਾਂ ਉਨ੍ਹਾਂ ਦੀ ਦੁੱਧ, ਦਹੀਂ ਲੱਸੀ ਵਿਚ ਦਿਲਚਸਪੀ ਜਾਗ ਪੈਂਦੀ। ਭੁੱਖ ਚਮਕ ਉੱਠਦੀ। ਉਹ ਪਰਿਵਾਰ ਦੇ ਜੀਆਂ ਨੂੰ ਚਾਅ ਨਾਲ ਬੁਲਾਉਣ ਲੱਗ ਪੈਂਦੇ। ਉਨ੍ਹਾਂ ਨੇ ਸਿੰਧ ਤੋਂ ਪਰਵਾਸ ਦੇ ਦੁਖਾਂਤ ਨੂੰ ਮੌਤ ਵਾਂਗ ਹੰਢਾਇਆ। ਉਹ ਭਰੇ ਗਲੇ ਨਾਲ ਕਹਿੰਦੀ, ‘ਮੇਜ਼ ਦੁਆਲੇ ਬੈਠੇ ਪੰਜ-ਛੇ ਬੰਦਿਆਂ ਨੂੰ ਏਡਾ ਵੱਡਾ ਫ਼ੈਸਲਾ ਕਰਨ ਦੀ ਇਜਾਜ਼ਤ ਕਿਸ ਨੇ ਦਿੱਤੀ।’ ਇਹ ਪ੍ਰਸ਼ਨ ਚਿੰਨ੍ਹ ਉਸ ਇਤਿਹਾਸਕ ਫ਼ੈਸਲੇ ’ਤੇ ਹੈ ਜਿਸ ਕਰਕੇ ਦੇਸ਼ ਦੀ ਵੰਡ ਹੋਈ। ਇਸ ਕਿਤਾਬ ’ਚ ਕੁਲ ਚਾਰ ਭਾਗ ਹਨ। ਪਹਿਲੇ ਭਾਗ ’ਚ ਸ਼ੇਖੂਪੁਰਾ ਸ਼ਹਿਰ ਤੋਂ ਲੈ ਕੇ ਉਨ੍ਹਾਂ ਲੋਕਾਂ ਦੀਆਂ ਮੁਲਾਕਾਤਾਂ ਸ਼ਾਮਿਲ ਹਨ ਜੋ ਇਸ ਵੰਡ ਦਾ ਸ਼ਿਕਾਰ ਹੋਏ। ਅਗਲੇ ਭਾਗ ’ਚ ਉਨ੍ਹਾਂ ਵਿਅਕਤੀਆਂ ਬਾਰੇ ਜਾਣਕਾਰੀ ਹੈ ਜੋ ਵੰਡ ’ਚ ਉਜੜੇ। ਉਨ੍ਹਾਂ ਦੀ ਹੱਡ-ਬੀਤੀ ਦਾ ਵੀ ਵਰਨਣ ਹੈ। ਤੀਜੇ ’ਚ ਉਨ੍ਹਾਂ ਨਾਲ ਮੁਲਾਕਾਤਾਂ ਹਨ ਜਿਨ੍ਹਾਂ ਨੇ ਵੰਡ ਦੇ ਦੁਖਾਂਤ ਨੂੰ ਅੱਖੀਂ ਦੇਖਿਆ। ਆਖ਼ਰੀ ਭਾਗ ’ਚ ਸੰਪਾਦਕ ਨੇ ‘ਇਹ ਕਿਤਾਬ ਕਿਉਂ’ ਦੇ ਸਿਰਲੇਖ ਹੇਠ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਹ ਇਤਿਹਾਸਕ ਮਹੱਤਵ ਵਾਲੀ ਕਿਤਾਬ ਹੈ।
.jpg)
ਅੰਤਹੀਨ ਯਾਤਰਾ
ਦੂਜੀ ਵਾਰਤਕ ਕਿਤਾਬ ‘ਖ਼ਾਮੋਸ਼ ਰਾਹਾਂ ਦੇ ਭੇਦ’ ਪਰਮਿੰਦਰ ਸਿੰਘ ਸ਼ੋਂਕੀ ਦੀ ਹੈ। ਇਸ ਕਿਤਾਬ ਦੇ ਮੁਖੜੇ ਵਿਚ ਲੇਖਕ ਇਹਦਾ ਭੇਦ ਉਜਾਗਰ ਕਰਦਾ ਲਿਖਦਾ ਹੈ- ‘ਇਹ ਕਿਤਾਬ ਕਿਸੇ ਕਥਾ ਦੀ ਕਹਾਣੀ ਨਹੀਂ, ਸਗੋਂ ਇਕ ਦਰਵਾਜ਼ਾ ਹੈ-ਉਹ ਦਰਵਾਜ਼ਾ ਜੋ ਬਾਹਰਲੇ ਸੰਸਾਰ ਤੋਂ ਨਹੀਂ, ਸਗੋਂ ਅੰਦਰਲੇ ਜਗਤ ਤੋਂ ਖੁੱਲ੍ਹਦਾ ਹੈ। ਜਦੋਂ ਕੋਈ ਮਨੁੱਖ ਜੀਵਨ ਨੂੰ ਸਿਰਫ਼ ਸਮੇਂ ਦੀ ਲਕੀਰ ਵਾਂਗ ਵੇਖਦਾ ਹੈ, ਤਾਂ ਉਹ ਉਸ ਦੀ ਗਹਿਰਾਈ ਤੋਂ ਅਨਜਾਣ ਰਹਿ ਜਾਂਦਾ ਹੈ ਪਰ ਜਦੋਂ ਉਹ ਆਪਣੇ ਅੰਦਰ ਵੱਜ ਰਹੀਆਂ ਗੂੰਜਾਂ ਨੂੰ ਸੁਣਨ ਲੱਗਦਾ ਹੈ, ਤਦ ਉਸ ਨੂੰ ਪਤਾ ਲੱਗਦਾ ਹੈ ਕਿ ਜੀਵਨ ਨਾ ਰੇਖਾ ਹੈ, ਨਾ ਗੋਲ-ਇਹ ਇਕ ਅਣਥੱਕ ਧੁਨੀ ਹੈ ਜੋ ਬ੍ਰਹਿਮੰਡ ਦੇ ਅੰਦਰ ਗੂੰਜ ਰਹੀ ਹੈ।’ ਇਹ ਕਿਤਾਬ ਰੂਹ ਦੀ ਅੰਤਹੀਨ ਯਾਤਰਾ ਹੈ। ਇਸ ’ਚ ਰੂਹਾਂ ਦੀ ਆਵਾਜ਼, ਅਨੰਤ ਪਿਆਰ ਦਾ ਸਫ਼ਰ, ਦਿਲ ਦਾ ਆਦ੍ਰਿਸ਼ ਦਰਿਆ, ਅੰਦਰੂਨੀ ਤਾਲ ਤੇ ਸੰਘਰਸ਼ ਦੀ ਧੁਨ, ਸਮੇਂ ਤੇ ਯਾਦਾਂ ਦੇ ਪ੍ਰਛਾਵੇਂ, ਪਹਾੜਾਂ ਦੀ ਚੁੱਪ ’ਚ ਲੁਕੇ ਰਾਗ, ਚਿਨਾਰ ਦੀ ਛਾਂ ਹੇਠ ਸਮਾਂ ਰੁਕ ਜਿਹਾ ਜਾਂਦਾ, ਮੌਤ ਤੇ ਅਨੰਤਤਾ ਦਾ ਰਹੱਸ, ਸਿਆਹ ਸਾਏ ਦੇ ਸ਼ਹਿਰ ’ਚ, ਦਰਿਆ ਅੰਦਰਲਾ ਰੂਹ ਦਾ ਰਾਜ਼ ਆਦਿ ਲੇਖ ਸ਼ਾਮਿਲ ਹਨ। ਸਾਰੀ ਕਿਤਾਬ ਬੜੇ ਕਾਵਿਕ ਅੰਦਾਜ਼ ’ਚ ਲਿਖੀ ਗਈ ਹੈ। ਭਾਸ਼ਾ ਬੜੀ ਸਪੱਸ਼ਟ ਤੇ ਰੂਹ ਨੂੰ ਟੁੰਬਣ ਵਾਲੀ ਹੈ।
ਲੇਖਕਾਂ ਦੇ ਰੇਖਾ ਚਿੱਤਰ
ਜਰਨੈਲ ਸਿੰਘ ਸੇਖਾ ਦੀ ‘ਚੇਤੇ ਵਿਚ ਉੱਕਰੇ ਚਿਹਰੇ’ ਕਿਤਾਬ ’ਚ ਬਹੁਤ ਸਾਰੇ ਪੰਜਾਬੀ ਲੇਖਕਾਂ ਦੇ ਰੇਖਾ ਚਿੱਤਰ ਹਨ ਜੋ ਲੇਖਕ ਦੇ ਸੰਪਰਕ ’ਚ ਆਏ। ਇਨ੍ਹਾਂ ’ਚ ਜਸਵੰਤ ਸਿੰਘ ਕੰਵਲ, ਸਰਦਾਰ ਸੋਭਾ ਸਿੰਘ, ਮੁਹਿੰਦਰ ਸਿੰਘ ਸਰਾਂ, ਦਰਸ਼ਨ ਗਿੱਲ, ਨਛੱਤਰ ਸਿੰਘ ਬਰਾੜ, ਪ੍ਰੀਤਮ ਸਿੰਘ ਪੱਤੋ, ਹਰਬੀਰ ਸਿੰਘ ਭੰਵਰ, ਕਰਤਾਰ ਸਿੰਘ ਬਰਾੜ, ਆਤਮ ਹਮਰਾਹੀ, ਇਕਬਾਲ ਅਰਪਨ, ਮੁਹਿੰਦਰ ਸਾਥੀ, ਅਵਤਾਰ ਟੱਲੇਵਾਲੀਆ, ਬਹਾਦਰ ਡਾਲਵੀ, ਹਰਚੰਦ ਸਿੰਘ ਸਰਾਂ, ਜਰਨੈਲ ਸਿੰਘ ਆਰਟਿਸਟ ਤੇ ਹਰਜੀਤ ਦੌਧਰੀਆ ਸ਼ਾਮਿਲ ਹਨ। ਜਰਨੈਲ ਸਿੰਘ ਰੇਖਾ ਚਿੱਤਰ ਨੁਮਾ ਵਾਰਤਕ ਵਿਚ ਵੀ ਕਈ ਲੇਖ ਗ਼ਲਪੀ ਰੰਗ ਵਾਲੇ ਹਨ। ਮਹਿੰਦਰ ਸਾਥੀ ਦੀ ਸ਼ਖ਼ਸੀਅਤ ਬਾਰੇ ਉਹ ਲਿਖਦੇ ਹਨ-‘ਉਹ ਕਹਿਣੀ ਤੇ ਕਰਨੀ ਦਾ ਸੂਰਾ ਸੀ, ਆਖ਼ਰੀ ਦਮ ਤੱਕ ਓਵੇਂ ਹੀ ਰਿਹਾ। ਉਹ ਇਨਕਲਾਬੀ, ਅਾਵਾਮੀ ਸ਼ਾਇਰ ਸੀ, ਸੱਤਾ ਤੋਂ ਨਾਬਰ ਰਿਹਾ ਅਤੇ ਸਦਾ ਹੀ ਸੱਤਾ ਦੇ ਵਿਰੋਧ ਵਿਚ ਲਿਖਿਆ। ਉਸ ਕਦੀ ਸੱਤਾ ਨਾਲ ਸਮਝੌਤਾ ਨਹੀਂ ਸੀ ਕੀਤਾ। ਫੈਕਟਰੀਆਂ ਵਿਚ ਲੋਹਾ ਕੁੱਟਦਾ ਲੋਹ-ਪੁਰਸ਼ ਬਣ ਗਿਆ। ਜਿਸ ਫੈਕਟਰੀ ਵਿਚ ਕੰਮ ਕਰਦਾ ਸੀ ਉਸ ਦੇ ਮਾਲਕਾਂ ਵੱਲੋਂ ਕੀਤੇ ਜਾ ਰਹੇ ਮਜ਼ਦੂਰਾਂ ਦੇ ਸੋਸ਼ਣ ਵਿਰੁੱਧ ਅਾਵਾਜ਼ ਉਠਾਈ ਅਤੇ ਹੜਤਾਲ ਕਰਵਾਈ। ਅਖ਼ੀਰ ਜਿੱਤ ਪ੍ਰਾਪਤ ਕੀਤੀ।
ਲਾਹੌਰ ਦੀਆਂ ਗੱਲਾਂ
ਅਗਲੀ ਕਿਤਾਬ ਰਵਿੰਦਰ ਸਹਿਰਾਅ ਦਾ ਸਫ਼ਰਨਾਮਾ ‘ਲਾਹੌਰ ਨਾਲ ਗੱਲਾਂ’ ਹੈ। ਇਸ ਵਿਚ ਲੇਖਕ ਨੇ ਲਾਹੌਰ ਦੇ ਆਲੇ-ਦੁਆਲੇ ਨਾਲ ਜਾਣ-ਪਛਾਣ ਕਰਾਈ ਹੈ। ਲੇਖਕ ਨੇ ਲਾਹੌਰ ਵਿਚ ਜੋ ਵੱਖ-ਵੱਖ ਥਾਵਾਂ ਵੇਖੀਆਂ, ਉਨ੍ਹਾਂ ਬਾਰੇ ਇਕ ਯਾਤਰੀ ਦੀ ਨਿਗ੍ਹਾ ਨਾਲ ਇਨ੍ਹਾਂ ਦਾ ਵਰਨਣ ਕੀਤਾ ਹੈ। ‘ਇਕਬਾਲ ਕੈਸਰ ਦਾ ਪੰਜਾਬੀ ਖੋਜਗੜ੍ਹ’ ਵਾਲੇ ਲੇਖ ’ਚ ਉਹ ਲਿਖਦਾ ਹੈ-ਅਨੇਕਾਂ ਸੱਭਿਆਚਾਰਾਂ ਨਾਲ ਸਬੰਧਿਤ, ਪੰਜਾਬੀਅਤ ਨਾਲ ਅਤੇ ਸਾਹਿਤ ਨਾਲ ਸਬੰਧਿਤ ਕਿਤਾਬਾਂ ਦੇਖ ਕੇ ਰੂਹ ਖ਼ੁਸ਼ ਹੋ ਗਈ। ਇਸ ਦੀ ਵਿਲੱਖਣਤਾ ਇਹ ਹੈ ਕਿ ਕਿਤਾਬਾਂ ਇਸ਼ੂ ਨਹੀਂ ਕੀਤੀਆਂ ਜਾਂਦੀਆਂ। ਕੋਈ ਵੀ ਖੋਜਾਰਥੀ ਇਥੇ ਬਹਿ ਕੇ ਕਿਸੇ ਵੀ ਕਿਤਾਬ ਨੂੰ ਹਵਾਲੇ ਵਜੋਂ ਦੇਖ ਸਕਦਾ ਹੈ। ਇਕ ਮਿਊਜ਼ੀਅਮ ਹੈ, ਜਿਸ ਵਿਚ ਪੁਰਾਣੇ ਪੰਜਾਬੀ ਸੱਭਿਆਚਾਰ ਦੀਆਂ ਚੀਜ਼ਾਂ, ਵਸਤਾਂ ਤੇ ਪੁਰਾਣੀਆਂ ਫਿਲਮਾਂ ਦੇ ਪੋਸਟਰ ਵੀ ਸਾਂਭੇ ਹੋਏ ਹਨ। ਇਹ ਕਿਤਾਬ ਸਫ਼ਰਨਾਮੇ ਦੀ ਪਹਿਲੀ ਝਲਕ ਵਜੋਂ ਵੇਖੀਆਂ ਥਾਵਾਂ ਦੇ ਮੁੱਢਲੇ ਪ੍ਰਭਾਵਾਂ ਤੇ ਸੂਚਨਾਵਾਂ ਨਾਲ ਓਤਪੋਤ ਹੈ। ਸ਼ੈਲੀ ਅਤੇ ਭਾਸ਼ਾ ਯਾਤਰੀ ਵਾਲੀ ਹੈ। ਕਿਤੇ ਕਿਤੇ ਭਾਸ਼ਾ ਨੂੰ ਸੰਪਾਦਿਤ ਕਰਨ ਦੀ ਲੋੜ ਨਜ਼ਰ ਆਉਂਦੀ ਹੈ। ਇਹ ਵੀ ਜਾਪਦਾ ਜਿਵੇਂ ਸਫ਼ਰ ਦੌਰਾਨ ਲਏ ਨੋਟਸ ਨੂੰ ਕਾਹਲੀ ਵਿਚ ਪੇਸ਼ ਕੀਤਾ ਹੈ।
ਨਾਬਰੀ ਪਰੰਪਰਾ ਦੀ ਗੌਰਵਸ਼ਾਲੀ ਪੇਸ਼ਕਾਰੀ
ਅਗਲੀ ਕਿਤਾਬ ਇਕ ਹੋਰ ਪਰਵਾਸੀ ਲੇਖਕ ਧਰਮ ਸਿੰਘ ਗੋਰਾਇਆ ਦੀ ‘ਲੋਕ ਨਾਇਕ- ਜੱਗਾ ਸੂਰਮਾ’ ਹੈ। ਧਰਮ ਸਿੰਘ ਖੋਜੀ ਲੇਖਕ ਹੈ ਤੇ ਉਹਨੇ ਪੰਜਾਬੀ ਵਾਰਤਕ ਵਿਚ ਖੋਜੀ ਪੈੜਾਂ ਵਾਹੀਆਂ ਹਨ। ਜੱਗਾ ਪੰਜਾਬੀਆਂ ਦਾ ਲੋਕ ਨਾਇਕ ਹੈ। ਉਹਦੇ ਬਾਰੇ ਜੋਗਿੰਦਰ ਸਿੰਘ ਕੈਰੋਂ ਦਾ ਕਥਨ ਹੈ-‘ਜੱਗੇ ਸੂਰਮੇ ਨੂੰ ਅਸੀਂ ਸਥਾਨਿਕ ਵਿਰੋਧ ਵਿਚੋਂ ਉਠਿਆ ਨਾਇਕ ਕਹਿ ਸਕਦੇ ਹਾਂ, ਜਿਹੜਾ ਸੂਦਖ਼ੋਰ ਬਾਣੀਏ ਨੂੰ ਕਤਲ ਕਰਕੇ ਲੋਕ ਨਾਇਕ ਬਣਦਾ ਹੈ, ਕਿਉਂਕਿ ਉਹ ਬਾਣੀਆ ਲੋਕਾਂ ਦੀ ਲੁੱਟ-ਖੋਹ ਕਰਦਾ ਹੈ। ਗ਼ਰੀਬਾਂ ਵੱਲੋਂ ਉਸ ਦਾ ਪੈਸਾ ਵਿਆਜ ਸਮੇਤ ਵਾਪਸ ਮੋੜ ਦੇਣ ’ਤੇ ਵੀ ਆਪਣੀ ਵਹੀ ਵਿਚੋਂ ਸੂਦ ਵਾਲਾ ਖ਼ਾਤਾ ਖ਼ਤਮ ਨਹੀਂ ਕਰਦਾ। ਜੱਗੇ ਨੂੰ ਉਸ ਸੂਦਖ਼ੋਰ ਦਾ ਵਰਤਾਰਾ ਠੀਕ ਨਹੀਂ ਲੱਗਦਾ, ਉਹ ਉਸ ਦੀਆਂ ਲਾਲ ਵਹੀਆਂ ਸਾੜ ਦੇਂਦਾ ਹੈ ਤੇ ਉਸ ਵੱਲੋਂ ਇਕੱਠੇ ਕੀਤੇ ਗ਼ਰੀਬਾਂ ਦੇ ਗਹਿਣੇ ਖੋਹ ਕੇ ਲੋੜਵੰਦਾਂ ਵਿਚ ਵੰਡ ਦਿੰਦਾ ਹੈ। ਉਸਦੇ ਜੋਟੀਦਾਰ ਉਸਨੂੰ ਇਸ ਕੰਮ ਤੋਂ ਵਰਜਦੇ ਵੀ ਹਨ, ਪਰੰਤੂ ਜੱਗੇ ਤੋਂ ਗ਼ਰੀਬਾਂ ਦਾ ਦਰਦ ਸਹਿਣ ਨਹੀਂ ਹੁੰਦਾ।’ ਗੋਰਾਇਆ ਨੇ ਇਸ ਕਿਤਾਬ ’ਚ ਪੰਜਾਬ ਦੀ ਨਾਬਰੀ ਪਰੰਪਰਾ ਨੂੰ ਬੜੇ ਗੌਰਵਸ਼ਾਲੀ ਢੰਗ ਨਾਲ ਪੇਸ਼ ਕੀਤਾ ਹੈ। ਇਸ ਵਿਚਲੇ ਸਿਰਲੇਖ ਵੀ ਇਸਦੀ ਗਵਾਹੀ ਭਰਦੇ ਹਨ। ਮਸਲਨ ਤੇਰੇ ਜ਼ੁਲਮ ਦੀ ਜੜ੍ਹ ਨੂੰ ਪੁੱਟਣਾ, ਤੇਰਾ ਸੂਰਜ ਲੈਣਾ ਘੇਰ, ਜੱਗਾ ਜੰਮਿਆ ਫੱਜਰ ਦੀ ਬਾਂਗੇ ਲੌਢੇ ਵੇਲੇ ਖੇਡਦਾ ਫਿਰੇ, ਜੱਗੇ ਦਾ ਹਾਕਮਾਂ ਨੂੰ ਪਹਿਲਾ ਲਲਕਾਰਾ, ਤੂਫ਼ਾਨੀ ਰਾਹਾਂ ਦੇ ਰਾਹੀ, ਨਿਡਰਤਾ ਦੀ ਹੱਦ, ਸਾਈਮਨ ਗੋ ਬੈਕ, ਜੱਗਾ ਮਾਰਿਆ ਬੋਹੜ ਦੀ ਛਾਵੇਂ। ਇਸ ਦੀ ਸ਼ੈਲੀ ਨਾਬਰੀ ਵਾਲੀ ਅਤੇ ਪੰਜਾਬੀ ਪਰੰਪਰਾ ਨੂੰ ਹੁਲਾਰਾ ਦੇਣ ਵਾਲੀ ਹੈ। ਇਸ ਵਿਚ ਕਥਾ ਰਸ ਦੇ ਨਾਲ-ਨਾਲ ਪੰਜਾਬੀ ਗੌਰਵ ਦੇ ਚਿੰਨ੍ਹਾਂ ਦੀ ਵੀ ਸ਼ਨਾਖ਼ਤ ਹੁੰਦੀ ਹੈ।
ਫਿਲਮੀ ਜਗਤ ਦੀਆਂ ਤਿੰਨ ਉੱਘੀਆਂ ਹਸਤੀਆਂ
ਅਗਲੀ ਕਿਤਾਬ ਪਰਵਾਸੀ ਗ਼ਜ਼ਲਗੋ ਅਜੈ ਤਨਵੀਰ ਦੀ ‘ਜਾਦੂਨਗਰੀ ਦੇ ਜਾਦੂਗਰ’ ਹੈ। ਇਸ ਵਿਚ ਉਹਨੇ ਫਿਲਮੀ ਜਗਤ ਦੀਆਂ ਤਿੰਨ ਉੱਘੀਆਂ ਹਸਤੀਆਂ -ਅੱਗ ਦੀ ਲਾਟ ਚਿਮਟੇ ਨਾਲ ਫੜਨ ਵਾਲਾ -ਗੁਲਜ਼ਾਰ, ਜਾਦੂਨਗਰੀ ਦਾ ਜਾਦੂਗਰ -ਜਾਦੂ ਉਰਫ਼ ਜਾਵੇਦ ਅਖ਼ਤਰ, ਕੰਧ ’ਤੇ ਲਿਖਿਆ ਦਸਤਾਵੇਜ਼-ਸਾਗਰ ਸਰਹੱਦੀ ਬਾਰੇ ਖਾਕਾਨਿਗਾਰੀ ਕੀਤੀ ਹੈ। ਗੁਲਜ਼ਾਰ ਬਾਰੇ ਉਹ ਲਿਖਦਾ ਹੈ- ਗੁਲਜ਼ਾਰ ਆਪਣੇ-ਆਪ ਵਿਚ ਗੁਲਜ਼ਾਰ ਨਹੀਂ। ਉਹ ਹਰ ਕਿਸੇ ਲਈ ਹਰ ਮੌਸਮ ’ਚ ਗੁਲਜ਼ਾਰ ਹੈ। ਉਹ ਕੱਲਰੀ ਧਰਤੀ ’ਚ ਵੀ ਖਿੜ੍ਹਨਾ ਜਾਣਦਾ ਹੈ। ਉਸ ਦੀ ਮਹਿਕ ਹਰ ਸਾਹਿਤ ਪ੍ਰੇਮੀ ਨੂੰ ਹੱਦਾਂ-ਸਰਹੱਦਾਂ ਚੀਰ ਕੇ ਵੀ ਗਲਵੱਕੜੀ ਪਾ ਲੈਂਦੀ ਹੈ। ਉਸ ਦੀ ਗਲਵੱਕੜੀ ਵਿਚ ਪੋਹ-ਮਾਘ ਦੀ ਧੁੱਪ ਵਰਗਾ ਨਿੱਘ ਹੈ। ਗੁਲਜ਼ਾਰ ਜੇਠ-ਹਾੜ੍ਹ ’ਚ ਤਪਦਾ ਨਹੀਂ, ਠਰਦਾ ਹੈ। ਬਸ ਲੋੜ ਹੈ ਉਸ ਦੇ ਅੰਦਰ ਉਤਰਨ ਦੀ ਫਿਰ ਅਨੰਦ ਹੀ ਅਨੰਦ ਹੈ। ਜਾਦੂ ਨੇ ਫ਼ਰਜ਼ਾਂ ਨੂੰ ਜ਼ਿੰਮੇਵਾਰੀਆਂ ਸਮਝ ਕੇ ਨਿਭਾਇਆ।
ਜਾਦੂ ਦੇ ਪਰਿਵਾਰ ਬਾਰੇ ਕੋਈ ਵੀ ਕੁਝ ਬੋਲੇ, ਉਹ ਮਸਤੀ ਵਿਚ ਰਹਿੰਦਾ ਹੈ। ਉਸ ਦਾ ਕਹਿਣਾ ਹੈ, ‘ਤੁਸੀਂ ਨਾ ਬੋਲੋ ਤੁਹਾਡਾ ਕੰਮ ਬੋਲੇ। ਗਿਲੇ-ਸ਼ਿਕਵੇ ਜ਼ਿੰਦਗੀ ਵਿਚ ਚੱਲਦੇ ਹੀ ਰਹਿੰਦੇ ਹਨ। ਇਹ ਜ਼ਿੰਦਗੀ ਦਾ ਹਿੱਸਾ ਹੀ ਸਮਝੋ ਪਰ ਮੁਹੱਬਤ ਨਾ ਭੁੱਲੋ।’ ਇਸ ਤਰ੍ਹਾਂ ਇਹ ਵਾਰਤਕ ਖਾਕਾਨਿਗਾਰੀ ਦੇ ਨਾਲ-ਨਾਲ ਇਨ੍ਹਾਂ ਫਿਲਮੀ ਹਸਤੀਆਂ ਦੇ ਕੰਮਾਂ ਵਿਸ਼ੇਸ਼ ਕਰਕੇ ਫਿਲਮਾਂ ਵਿਚ ਪਾਏ ਯੋਗਦਾਨ ਤੇ ਸੰਘਰਸ਼ਾਂ ਨੂੰ ਵੀ ਉਘੜਵੇਂ ਰੂਪ ’ਚ ਪੇਸ਼ ਕਰਦੀ ਹੈ। ਸ਼ੈਲੀ ਪ੍ਰਭਾਵਸ਼ਾਲੀ ਤੇ ਪੇਸ਼ਕਾਰੀ ਗਲਪੀ ਪੁੱਠ ਵਾਲੀ ਹੈ।
ਪੱਤਰਕਾਰੀ ਵਾਲੀ ਵਾਰਤਕ
ਕਮਲਜੀਤ ਸਿੰਘ ਬਨਵੈਤ ਲਗਤਾਰ ਪੱਤਰਕਾਰੀ ਵਾਲੀ ਵਾਰਤਕ ਲਿਖਣ ਵਾਲਾ ਸਿਰੜੀ ਲੇਖਕ ਹੈ। ਇਸ ਵਰ੍ਹੇ ਵੀ ਉਹਦੀ ਲੇਖਾਂ ਦੀ ਕਿਤਾਬ-‘ਇਹ ਮਾਂ ਵਿਕਾਊ ਹੈ’ ਆਈ ਹੈ। ਹਥਲੀ ਕਿਤਾਬ ਬਾਰੇ ਉਹ ਖ਼ੁਦ ਲਿਖਦਾ ਹੈ-ਇਹ ਮਾਂ ਵਿਕਾਊ ਹੈ, ਕਿਸ ਕਿਸ ਦੇ ਗਿੱਟੇ ਗੋਡੇ ਲੱਗਣ ਵਾਲੀ ਹੈ, ਮੈਂ ਤਾਂ ਜਾਣਦਾ ਹੋਇਆ ਵੀ ਅਨਜਾਣ ਹਾਂ। ਪੜ੍ਹਣ ਤੋਂ ਬਾਅਦ ਤੁਹਾਡੇ ਤੋਂ ਵੀ ਲੁਕਿਆ ਨਹੀਂ ਰਹਿ ਜਾਣਾ।’
ਇਸ ਕਿਤਾਬ ਵਿਚ ਕੁਲ 23 ਲੇਖ ਹਨ ਜਿਨ੍ਹਾਂ ਵਿਚ ਦੋ ਡੰਗ ਦਾ ਇੱਜ਼ਤ ਦਾ ਟੁੱਕ, ਖੁੰਡੀ ਕੁਹਾੜੀ ਦੇ ਫੱਟ, ਗੇੜੇ ’ਤੇ ਗੇੜਾ, ਤਨਖਾਹੀਆ, ਮਿੱਠੀ ਜੇਲ੍ਹ, ਰੈਪੂਟੇਸ਼ਨ, ਨੋ ਫਾਇਰਿੰਗ, ਜੁੜੇ ਹੋਏ ਹੱਥ ਤੇ ਇਹ ਮਾਂ ਵਿਕਾਊ ਹੈ, ਪ੍ਰਮੁੱਖ ਹਨ। ਇਹ ਸਾਰੇ ਲੇਖ ਪੱਤਰਕਾਰੀ ਸ਼ੈਲੀ ਤੇ ਭਾਸ਼ਾ ਵਾਲੇ ਹਨ। ਇਨ੍ਹਾਂ ਵਿਚ ਵਿਅੰਗ, ਤਾੜਨਾ, ਦੁੱਖ-ਦਰਦ, ਚੋਭ, ਰਾਜਨੀਤੀ, ਲੋਕ ਮਸਲੇ ਤੇ ਸਮਕਾਲੀ ਸਰੋਕਾਰਾਂ ਦੀ ਭਰਵੀਂ ਪੇਸ਼ਕਾਰੀ ਕਰਨ ਦਾ ਯਤਨ ਕੀਤਾ ਹੈ। ਉਹਦੀ ਸ਼ੈਲੀ, ਵਿਅੰਗ ਤੇ ਪੇਸ਼ਕਾਰੀ ਦੀ ਉਦਾਹਰਣ ਦੇਖੀ ਜਾ ਸਕਦੀ ਹੈ-‘ਹਾਕਮ ਖ਼ਜ਼ਾਨਾ ਭਰਨ ਲਈ ਤੜਫਦਾ ਫਿਰਦਾ ਹੈ। ਵੋਟਾਂ ਵਿਚ ਸਾਲ ਰਹਿੰਦਿਆਂ ਰਾਤ ਨੂੰ ਨੀਂਦ ਪੈਣ ਤੋਂ ਹੱਟ ਗਈ ਹੈ ਕਿ ਕਿਵੇਂ ਮੁਕਾਬਲਾ ਕਰਨਾ ਆਪਣੀ ਹੀ ਜਮਾਤ ਦੇ ਸਰਮਾਏਦਾਰਾਂ ਨਾਲ। ਬਾਹਰਲਿਆਂ ਲਈ ਹਾਲੇ ਦਿੱਲੀ ਦੂਰ ਹੈ। ਬਾਹਰਲੇ ਆਂਡੇ ਦੀ ਥਾਂ ਮੁਰਗੀ ਮਾਰਨ ਲਈ ਕਾਹਲੇ ਪੈਣ ਲੱਗੇ ਹਨ। ਸ਼ਾਇਦ ਉਨ੍ਹਾਂ ਨੂੰ ਸਮਝ ਆ ਗਈ ਹੈ ਕਿ ਲੋਕ ਅਗਲੀ ਵਾਰੀ ਗਲ਼ ਨਾਲ ਲਾਉਣਾ ਤਾਂ ਇਕ ਪਾਸੇ ਰਿਹਾ, ਕਿਤੇ ਡਾਂਗ ਚੁੱਕ ਕੇ ਮਗਰ ਨਾ ਪੈ ਜਾਣ।’ ਬਨਵੈਤ ਕੋਲ ਪੱਤਰਕਾਰੀ ਦੀ ਭਾਸ਼ਾ ਨੂੰ ਸਾਣ ’ਤੇ ਲਾਉਣ ਦਾ ਗੁਰ ਹੈ।
ਪੇਂਡੂ ਸੱਭਿਆਚਾਰ ਦੀ ਪੇਸ਼ਕਾਰੀ
ਜਗਵਿੰਦਰ ਜੋਧਾ ਵੀ ਪੰਜਾਬੀ ਦਾ ਗ਼ਜ਼ਲਗੋ ਹੋਣ ਦੇ ਨਾਲ-ਨਾਲ ਖੋਜੀ, ਅਨੁਵਾਦਕ ਤੇ ਵਾਰਤਕ ਲੇਖਕ ਹੈ। ਇਸ ਵਰ੍ਹੇ ਉਹਦੀ ਵਾਰਤਕ ਪੁਸਤਕ ‘ਜੱਟ ਵਿਦਿਆ’ ਪ੍ਰਕਾਸ਼ਿਤ ਹੋਈ ਹੈ। ਜੱਟ ਵਿਦਿਆ ਦੇ ਹਵਾਲੇ ਨਾਲ ਉਹ ਭੂਮਿਕਾ ਵਿਚ ਲਿਖਦਾ ਹੈ ਕਿ ਮੌਜੂਦਾ ਸਮੇਂ ਜ਼ਮੀਨਾਂ ਤੇ ਖੇਤੀ ਦਾ ਰਵਾਇਤੀ ਢਾਂਚਾ ਬਦਲਾਅ ਦੇ ਦੌਰ ’ਚੋਂ ਲੰਘ ਰਿਹਾ ਹੈ। ਇਸੇ ਵਜ੍ਹਾ ਨਾਲ ਕਿਸਾਨ ਖ਼ੁਦਕੁਸ਼ੀਆਂ ਦੇ ਰਾਹ ਤੁਰਿਆ ਹੈ।’ ਕਿਤਾਬ ਵਿਚ ਲੇਖਕ ਪਿੰਡਾਂ ਨਾਲ ਜੁੜੇ ਸੱਭਿਆਚਾਰ ਨੂੰ ਪੇਸ਼ ਕਰਦਾ ਹੈ, ਮਸਲਨ ਜੱਟਾਂ ਦਾ ਕਲੰਡਰ, ਮੁਸ਼ਕੀ ਚਾਵਲਾਂ ਦੇ ਭਰੇ ਆਣ ਕੋਠੇ, ਬਾਵਾ ਕਣਕ ਲਿਆਵੇਗਾ, ਬਲਦ ਨਗੌਰੀ ਗਲ਼ ਵਿਚ ਟੱਲੀਆਂ, ਮੱਝਾਂ ਦਾ ਸਾਥ, ਭਲਵਾਨਾਂ ਦੀ ਦੁਨੀਆ, ਰੰਘੜ ਭਾਸ਼ਾ ਤੇ ਹੋਰ ਕਈ ਲੇਖ ਸ਼ਾਮਿਲ ਹਨ। ਇਨ੍ਹਾਂ ਛੋਟੇ ਲੇਖਾਂ ਵਿਚ ਪੇਂਡੂ ਰਹਿਤਲ ਨੂੰ ਉਨ੍ਹਾਂ ਦੇ ਕੰਮ ਧੰਦਿਆਂ, ਵਿਸ਼ਵਾਸਾਂ ਸੰਘਰਸ਼ਾਂ, ਮਾਨਤਾਵਾਂ ਤੇ ਲੋਕ ਗਿਆਨ ਨੂੰ ਰਸਦਾਇਕ ਸ਼ੈਲੀ ਵਿਚ ਪੇਸ਼ ਕਰਨ ਦਾ ਯਤਨ ਕੀਤਾ ਹੈ। ਇਨ੍ਹਾਂ ਲੇਖਾਂ ’ਚੋਂ ਇਕ ਉਦਾਹਰਣ ਹੈ-‘ਪੰਜਾਬੀਆਂ ਦਾ ਸੁਭਾਅ ਐ ਜਿਧਰ ਮੂੰਹ ਕਰ ਲੈਣ ਤੋਪੇ ਤੋੜ ਦੇਂਦੇ। ਮਿਸਾਲ ਵਜੋਂ ਚੌਲ ਜਾਂ ਝੋਨੇ ਦੀ ਪੈਦਾਵਾਰ ਦੀ ਗੱਲ ਕੀਤੀ ਜਾ ਸਕਦੀ ਹੈ। ਭਾਵੇਂ ਚੌਲ ਇਸ ਧਰਤੀ ’ਤੇ ਹਜ਼ਾਰਾਂ ਸਾਲਾਂ ਤੋਂ ਉਪਜਾਇਆ ਜਾ ਰਿਹਾ ਹੈ। ਇਕ ਕਰੋੜ ਸਾਲ ਪਹਿਲਾਂ ਚੌਲ ਜੰਗਲੀ ਘਾਹ ਦੇ ਰੂਪ ਵਿਚ ਪੈਦਾ ਹੁੰਦਾ ਸੀ।’
ਵਿਅੰਗ ਵਾਰਤਕ ਦੀ ਪੇਸ਼ਕਾਰੀ
ਵਿਅੰਗ ਦੇ ਖੇਤਰ ’ਚ ਮੰਗਤ ਕਲਜਿੰਦ ਤੇ ਜਗਦੀਸ਼ ਰਾਏ ਕੁਲਰੀਆ ਪਿਛਲੇ ਕੁਝ ਸਮੇਂ ਤੋਂ ਵਧੇਰੇ ਸਰਗਰਮ ਹਨ। ਇਸ ਵਾਰ ਵੀ ਉਨ੍ਹਾਂ ਨੇ ਚੋਣਵੇਂ ਹਾਸ-ਵਿਅੰਗ ਲੇਖਾਂ ਦਾ ਸੰਗ੍ਰਹਿ ‘ਤੂੰ ਕਾਹਦਾ ਪਟਵਾਰੀ’ ਪ੍ਰਕਾਸ਼ਿਤ ਕੀਤਾ ਹੈ। ਇਸ ਵਿਚ ਸੈਂਤੀ ਦੇ ਲਗਪਗ ਵਿਅੰਗ ਸ਼ਾਮਿਲ ਹਨ। ਵਿਅੰਗ ਤਲਵਾਰ ਦੀ ਧਾਰ ’ਤੇ ਤੁਰਨ ਵਰਗਾ ਕਰਮ ਹੁੰਦਾ ਹੈ। ਇਹ ਕਿਸੇ ਵੀ ਸਮਾਜ ਦੀ ਸਮਾਜਿਕ ਤੇ ਮਾਨਸਿਕ ਸਿਹਤ ਲਈ ਵਰਦਾਨ ਹੁੰਦਾ ਹੈ। ਚੋਭ ਇਸਦਾ ਖਾਸਾ ਹੈ। ਇਹ ਸਮਾਜਿਕ, ਰਾਜਨੀਤਕ, ਸਮਕਾਲੀ ਸਰੋਕਾਰਾਂ ਤੇ ਪਾਖੰਡਾਂ ਦੇ ਪਾਜ ਉਘੇੜਦਾ ਹੈ। ਇਸ ਦੀਆਂ ਇਕ ਉਦਾਹਰਣ -‘ਜੇ ਤੁਹਾਡਾ ਬੁਢਾਪਾ ਐਕਸਪ੍ਰੈਸ ਟਰੇਨ ਵਾਂਗ ਦਗੜ-ਦਗੜ ਕਰਦਾ, ਉੱਚੀ ਉੱਚੀ ਸੀਟੀਆਂ ਮਾਰਦਾ ਤੁਹਾਡੇ ’ਤੇ ਚੜ੍ਹਦਾ ਆ ਰਿਹਾ ਹੋਵੇ ਤਾਂ ਤੁਹਾਨੂੰ ਘਬਰਾਉਣ ਦੀ ਉਕਾ ਲੋੜ ਨਹੀਂ। ਵੈਦ ਜੁਗਤੀ ਮੱਲ ਦੇ ਇਹ ਨੁਸਖ਼ੇ ਤੁਹਾਨੂੰ ਜ਼ਰੂਰ ਅਜ਼ਮਾ ਲੈਣੇ ਚਾਹੀਦੇ ਹਨ।’
ਬੋਧ ਕਥਾਵਾਂ ਦੀ ਚਰਚਾ
ਬੋਧ ਕਥਾਵਾਂ ਬਾਰੇ ਮੀਤ ਅਨਮੋਲ ਦੀ ਕਿਤਾਬ ‘ਰਹਾਉ’ ਵੀ ਇਸ ਵਰ੍ਹੇ ਵਾਰਤਕ ਪੱਖੋਂ ਚਰਚਾ ਵਿਚ ਰਹੀ। ਰਹਾਉ ਖ਼ਜ਼ਾਨੇ ਦੀ ਚਾਬੀ ਵਿਚ ਪ੍ਰਭਜੋਤ ਸੋਹੀ ਲਿਖਦਾ ਹੈ-ਜ਼ਿੰਦਗੀ ਕਿੰਨੀ ਤੇਜ਼ੀ ਨਾਲ ਦੌੜ ਰਹੀ ਹੈ। ਹਰ ਕੋਈ ਦੂਜੇ ਨਾਲੋਂ ਅੱਗੇ ਨਿਕਲਣ ਦੀ ਕਾਹਲ ’ਚ ਹੈ। ਕਿੰਨੇ ਸਰੀਰ ਰੋਜ਼ਾਨਾ ਸੜਕਾਂ, ਜਲ ਮਾਰਗਾਂ ਤੇ ਹਵਾਈ ਮਾਰਗਾਂ ’ਤੇ ਦੌੜ ਰਹੇ ਹਨ। ਸਰੀਰਾਂ ਨਾਲੋਂ ਵੀ ਅੱਗੇ ਮਨ ਦੌੜ ਰਹੇ ਹਨ। ਪਤਾ ਨਹੀਂ, ਅਸੀਂ ਕਿਥੇ ਪਹੁੰਚਣਾ ਹੈ। ਆਧੁਨਿਕ ਅਤੇ ਸੱਭਿਅਕ ਮਨੁੱਖ ਆਏ ਦਿਨ ਵਿਕਾਰਾਂ ਦਾ ਸ਼ਿਕਾਰ ਹੋ ਰਿਹਾ ਹੈ। ਇਸ ਸੰਖੇਪ ਚਰਚਾ ਤੋਂ ਕਹਿ ਸਕਦੇ ਹਾਂ ਕਿ ਇਸ ਵਰ੍ਹੇ ਰਚੀ ਵਾਰਤਕ ਵਿਸ਼ੇ,ਸ਼ੈਲੀ,ਨਿਭਾਅ,ਭਾਸ਼ਾ ਤੇ ਸਰੋਕਾਰਾਂ ਪੱਖੋਂ ਬਹੁ-ਰੰਗੀ ਤੇ ਬਹੁ-ਉਦੇਸ਼ੀ ਹੈ। ਇਸ ’ਚੋਂ ਸਾਹਿਤ ਦੀ ਪਛਾਣ ਦੇ ਨਾਲ-ਨਾਲ ਇਹਦੇ ਵਿਕਾਸ ਦੇ ਪੈਮਾਨੇ ਵੀ ਨਜ਼ਰ ਆਉਂਦੇ ਹਨ। ਵਾਰਤਕ ਦੀ ਤੋਰ ਭਾਵੇਂ ਧੀਮੀ ਹੈ ਪਰ ਗੁਣਾਤਮਕ ਪੱਖੋਂ ਇਹ ਸਮੇਂ ਦੇ ਹਾਣ ਦੀ ਹੈ। ਿਬਨਾਂ ਸ਼ੱਕ ਵਾਰਤਕ ਪੜ੍ਹਨ ਦਾ ਰੁਝਾਨ ਵਧਿਆ ਹੈ। ਇਹ ਸਾਹਿਤ ਅਤੇ ਪੰਜਾਬੀ ਭਾਸ਼ਾ ਲਈ ਬਹੁਤ ਸ਼ੁੱਭ ਸ਼ਗਨ ਹੈ।
ਸੁਹਜਮਈ ਅਤੇ ਸਲੀਕੇ ਵਾਲੀ ਵਾਰਤਕ
ਪਰਮਿੰਦਰ ਸੋਢੀ ਜਾਪਾਨ ’ਚ ਵਾਸ ਕਰਦਾ ਉੱਘਾ ਪਰਵਾਸੀ ਲੇਖਕ ਹੈ। ਕਵੀ ਹੋਣ ਦੇ ਨਾਲ-ਨਾਲ ਸ਼ਬਦਾਂ ਦਾ ਖੋਜੀ ਤੇ ਵਾਰਤਕ ਲੇਖਕ ਹੈ। ਉਹਦੀ ਵਾਰਤਕ ਸੁਹਜਮਈ ਤੇ ਸਲੀਕੇ ਵਾਲੀ ਹੁੰਦੀ ਹੈ। ਨਿੱਕੇ-ਨਿੱਕੇ ਫਿਕਰਿਆਂ ’ਚ ਉਹ ਫ਼ਲਸਫ਼ੇ ਤੇ ਜ਼ਿੰਦਗੀ ਦੇ ਉਨ੍ਹਾਂ ਛਿਨਾਂ ਨੂੰ ਫੜਨ ਦਾ ਯਤਨ ਕਰਦਾ ਹੈ ਜੋ ਵਰਤਮਾਨ ’ਚ ਸਾਹ ਲੈਂਦੇ ਕਿਣਕਿਆਂ ਵਾਂਗ ਚਮਕਦੇ ਹਨ। ਇਸ ਵਰ੍ਹੇ ਉਹਦੀ ਨਵੀਂ ਕਿਤਾਬ ‘ਕਿਤਾਬ ਵਿਚ ਪਈ ਚਿੱਠੀ’ ਆਈ ਹੈ। ਇਸ ਦੇ ਨਾਲ ਇਕ ਹੋਰ ਵਾਰਤਕ ਕਿਤਾਬ ‘ਤਿਣਕਾ’ ਦੀ ਦੂਜੀ ਐਡੀਸ਼ਨ ਵੀ ਛਪੀ ਹੈ। ਛੋਟੇ-ਛੋਟੇ ਲੇਖਾਂ ’ਚ ਉਹ ਕਲਾਤਮਕ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਦਾ ਹੈ,-‘ਚੰਗੀਆਂ ਥਾਵਾਂ ਤੇ ਚੰਗੇ ਲੋਕਾਂ ਨੂੰ ਵਿਦਾ ਕਹਿਣਾ ਸੌਖਾ ਨਹੀਂ ਹੁੰਦਾ। ਵਿਦਾ ਹੁੰਦੇ ਸਮੇਂ ਬੰਦੇ ਅੰਦਰ ਸੁੰਨ ਸਮਾਧੀ ਉਤਰ ਆਉਂਦੀ ਹੈ ਤੇ ਅੱਖਾਂ ’ਚ ਹਲਕੀ ਜਿਹੀ ਨਮੀ। ਜਿਵੇਂ ਕੋਈ ਕਿਸ਼ਤੀ ਕਿਨਾਰੇ ਤੋਂ ਦੂਰ ਜਾ ਰਹੀ ਹੋਵੇ ਤੇ ਸਾਹਮਣੇ ਅਥਾਹ ਸਾਗਰ ਫੈਲਿਆ ਹੋਵੇ।’ ‘ਰੂਹ ਚੱਲਦੀ ਰਹਿਣਾ ਚਾਹੁੰਦੀ ਹੈ। ਉਸ ਨੂੰ ਰੁਕਣਾ ਚੰਗਾ ਨਹੀਂ ਲੱਗਦਾ। ਦਿਲ ਜਿਊਂਦੇ ਰਹਿਣਾ ਚਾਹੁੰਦਾ ਹੈ। ਉਹ ਮਰਨਾ ਨਹੀਂ ਚਾਹੁੰਦਾ। ਮਨ ਦੀ ਫਿਤਰਤ ਹੀ ਬੇਚੈਨੀ ਹੈ। ਰੁਕਦਾ ਹੀ ਨਹੀਂ। ਸਰੀਰ ਢੀਠ ਹੁੰਦਾ ਹੈ। ਉਹ ਬਾਂਦਰ ਹੈ ਜਿਸ ਨੇ ਕੱਛੂ ਦੇ ਖੋਲ ਦੀ ਟੋਪੀ ਬਣ ਕੇ ਆਪਣੇ ਸਿਰ ਉਪਰ ਪਹਿਣ ਲਈ ਹੈ। ਉਸਨੂੰ ਕੁਝ ਨਹੀਂ ਸੁਣਦਾ। ਹਰ ਵੇਲੇ ਭੁੱਖਾ। ਰੱਜਦਾ ਹੀ ਨਹੀਂ।’ ਸੂਕਤੀਆਂ ’ਚ ਲਿਖੀ ਇਹ ਵਾਰਤਕ ਜ਼ਿੰਦਗੀ ਦੇ ਅਨੇਕਾਂ ਰੰਗਾਂ ਦੀ ਪੇਸ਼ਕਾਰੀ ਕਰਦੀ ਹੈ। ਵਾਰਤਕ ਲੇਖਕ ਕੋਲ ਭਾਸ਼ਾ ਦਾ ਸੰਜਮੀ ਹੋਣਾ ਜ਼ਰੂਰੀ ਹੈ। ਜੇ ਉਹ ਕਵੀ ਵੀ ਹੋਵੇ ਤਾਂ ਸੋਨੇ ’ਤੇ ਸੁਹਾਗਾ ਹੁੰਦਾ ਹੈ। ਸੋਢੀ ਕਵੀ ਹੈ ਤੇ ਉਹਦੇ ਕੋਲ ਭਾਸ਼ਾ ਦਾ ਸੰਜਮੀ ਮੁਹਾਵਰਾ ਹੈ। ਸੰਖੇਪ ’ਚ ਵੀ ਉਹ ਵੱਡੀ ਗੱਲ ਕਹਿ ਜਾਂਦਾ ਹੈ। ਇਹੀ ਉਹਦੀ ਵਾਰਤਕ ਦੀ ਵਿਸ਼ੇਸ਼ਤਾ ਤੇ ਹਾਸਲ ਹੈ।
• ਪਰਮਜੀਤ ਢੀਂਗਰਾ
94173 58120