ਬੈਂਕ ਮੈਨੇਜਰ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਪਹਿਲਾਂ ਦੇ ਸਾਹਿਤਕ ਸਫ਼ਰ ਬਾਰੇ ਚਰਚਾ ਕਰਦਿਆਂ ਰਾਜ਼ ਗੁਰਦਾਸਪੁਰੀ ਨੇ ਦੱਸਿਆ ਕਿ ਬੈਂਕ ਮੈਨੇਜਰ ਵਜੋਂ ਮੈਂ ਲੋਕਾਂ ਨਾਲ ਬਹੁਤ ਨੇੜੇ ਤੋਂ ਜੁੜਿਆ ਰਿਹਾ। ਤਰ੍ਹਾਂ ਤਰ੍ਹਾਂ ਦੇ ਲੋਕਾਂ ਨੂੰ ਮਿਲਣਾ, ਉਨ੍ਹਾਂ ਦੀਆਂ ਕਹਾਣੀਆਂ ਸੁਣਨਾ, ਉਨ੍ਹਾਂ ਦੇ ਦੁੱਖ-ਸੁੱਖ ਸਾਂਝੇ ਕਰਨਾ, ਇਹ ਸਭ ਮੇਰੀ ਕਵਿਤਾ ਲਈ ਬਹੁਤ ਉਪਯੋਗੀ ਸਾਬਤ ਹੋਇਆ।
ਗ਼ਜ਼ਲ ਅਜਿਹੀ ਵਿਧਾ ਹੈ ਜੋ ਬਹੁਤ ਹੀ ਸੰਖੇਪ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਗਹਿਰੀਆਂ ਭਾਵਨਾਵਾਂ ਅਤੇ ਵਿਚਾਰਾਂ ਨੂੰ ਪ੍ਰਗਟ ਕਰ ਸਕਦੀ ਹੈ। ਮੈਨੂੰ ਇਸ ਦੀ ਕਾਵਿਕ ਬਣਤਰ, ਇਸ ਦੇ ਕਾਫ਼ੀਏ ਅਤੇ ਰਦੀਫ਼ ਦੀ ਵਰਤੋਂ ਬਹੁਤ ਪਸੰਦ ਹੈ। ਇਹ ਮੈਨੂੰ ਆਪਣੀ ਗੱਲ ਕਹਿਣ ਦੀ ਪੂਰੀ ਆਜ਼ਾਦੀ ਦਿੰਦੀ ਹੈ ਅਤੇ ਮੈਂ ਇਸ ਵਿਚ ਆਪਣੀਆਂ ਭਾਵਨਾਵਾਂ ਨੂੰ ਪੂਰੀ ਤਰ੍ਹਾਂ ਨਾਲ ਵਿਅਕਤ ਕਰ ਸਕਦਾ ਹਾਂ। ਇਸ ਲਈ ਇਹ ਵਿਦਾ ਹਮੇਸ਼ਾ ਮੇਰੇ ਦਿਲ ਗੇ ਨੇਰੇ ਰਹੀ ਹੈ। ਇਹ ਵਿਚਾਰ ਪੰਜਾਬੀ ਜਾਗਰਣ ਦੇ ਵਿਹੜੇ ਆਏ ਰਾਜ਼ ਗੁਰਦਾਸਪੁਰੀ ਨੇ ਸਾਂਝੇ ਕੀਤੇ।
ਉਨ੍ਹਾਂ ਦੇ ਸਾਹਿਤਕ ਨਾਮ ਬਾਰੇ ਪੁੱਚੇ ਸਵਾਲ ਦੇ ਜਨਾਬ ਵਿਚ ਉਨ੍ਹਾਂ ਕਿਹਾ ਕਿ ਮੇਰਾ ਅਸਲੀ ਨਾਮ ਦੇਵ ਰਾਜ਼ ਸਿੰਘ ਹੈ ਤੇ ਮੇਰਾ ਕਲਮੀ ਨਾਮ ਰਾਜ਼ ਗੁਰਦਾਸਪੁਰੀ ਹੈ ਜੋ ਮੇਰੇ ਕਾਲਜ ਦੇ ਪ੍ਰੋਫੈਸਰ ਕਿਰਪਾਲ ਸਿੰਘ ਜੋਗੀ ਜੀ ਦੀ ਦੇਣ ਹੈ। ਉਹ ਮੇਰੇ ਪ੍ਰੇਰਨਾ ਸਰੋਤ ਵੀ ਰਹੇ ਸਨ। ਇਸ ਤਰ੍ਹਾਂ ‘ਰਾਜ਼’ ਮੇਰਾ ਉਪਨਾਮ ਹੈ, ਜੋ ਮੈਂ ਆਪਣੀਆਂ ਰਚਨਾਵਾਂ ਵਿਚ ਵਰਤਦਾ ਹਾਂ। ਇਹ ਇਕ ਤਰ੍ਹਾਂ ਨਾਲ ਮੇਰੀ ਸ਼ਖ਼ਸੀਅਤ ਦਾ ਪ੍ਰਤੀਬਿੰਬ ਹੈ, ਜਿੱਥੇ ਮੈਂ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਕਵਿਤਾ ਦੇ ਰੂਪ ਵਿਚ ਪੇਸ਼ ਕਰਦਾ ਹਾਂ।
ਜਨਮ ਸਥਾਨ ਅਤੇ ਰਿਹਾਇਸ਼ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦੀ ਧਰਤੀ ਨਾਲ ਮੇਰਾ ਬਚਪਨ ਜੁੜਿਆ ਹੋਇਆ ਹੈ, ਇਸ ਮੇਰੀ ਜਨਮ ਭੂਮੀ ਹੈ ਅਤੇ ਪਠਾਨਕੋਟ ਮੇਰੀ ਵਰਤਮਾਨ ਕਰਮਭੂਮੀ। ਦੋਹਾਂ ਥਾਵਾਂ ਦੇ ਸੱਭਿਆਚਾਰ, ਲੋਕ-ਜੀਵਨ ਅਤੇ ਕੁਦਰਤੀ ਸੁੰਦਰਤਾ ਨੇ ਮੈਨੂੰ ਹਮੇਸ਼ਾ ਪ੍ਰੇਰਿਤ ਕੀਤਾ ਹੈ। ਇਹ ਸਭ ਕੁਝ ਮੇਰੀਆਂ ਰਚਨਾਵਾਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਝਲਕਦਾ ਹੈ।
ਬੈਂਕ ਮੈਨੇਜਰ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਪਹਿਲਾਂ ਦੇ ਸਾਹਿਤਕ ਸਫ਼ਰ ਬਾਰੇ ਚਰਚਾ ਕਰਦਿਆਂ ਰਾਜ਼ ਗੁਰਦਾਸਪੁਰੀ ਨੇ ਦੱਸਿਆ ਕਿ ਬੈਂਕ ਮੈਨੇਜਰ ਵਜੋਂ ਮੈਂ ਲੋਕਾਂ ਨਾਲ ਬਹੁਤ ਨੇੜੇ ਤੋਂ ਜੁੜਿਆ ਰਿਹਾ। ਤਰ੍ਹਾਂ ਤਰ੍ਹਾਂ ਦੇ ਲੋਕਾਂ ਨੂੰ ਮਿਲਣਾ, ਉਨ੍ਹਾਂ ਦੀਆਂ ਕਹਾਣੀਆਂ ਸੁਣਨਾ, ਉਨ੍ਹਾਂ ਦੇ ਦੁੱਖ-ਸੁੱਖ ਸਾਂਝੇ ਕਰਨਾ, ਇਹ ਸਭ ਮੇਰੀ ਕਵਿਤਾ ਲਈ ਬਹੁਤ ਉਪਯੋਗੀ ਸਾਬਤ ਹੋਇਆ। ਮੇਰੇ ਪੇਸ਼ੇ ਨੇ ਮੈਨੂੰ ਮਨੁੱਖੀ ਭਾਵਨਾਵਾਂ ਦੀ ਡੂੰਘੀ ਸਮਝ ਦਿੱਤੀ, ਜੋ ਮੇਰੀ ਗ਼ਜ਼ਲ ਲਿਖਣ ਦੀ ਵਿਧਾ ਲਈ ਬਹੁਤ ਜ਼ਰੂਰੀ ਹੈ। ਸੇਵਾਮੁਕਤੀ ਤੋਂ ਬਾਅਦ ਮੈਨੂੰ ਸਾਹਿਤ ਲਈ ਹੋਰ ਸਮਾਂ ਮਿਲਿਆ ਹੈ, ਜਿਸ ਨਾਲ ਮੈਂ ਆਪਣੀ ਲੇਖਣੀ ਨੂੰ ਹੋਰ ਵੀ ਨਿਖਾਰ ਸਕਿਆ ਹਾਂ।
ਉਸਤਾਦੀ-ਸ਼ਾਗਿਰਦੀ ਬਾਰੇ ਚਰਚਾ ਕਰਦਿਆਂ ਉਨ੍ਹਾਂ ਆਪਣੇ ਉਸਤਾਦਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਮੇਰੇ ਉਸਤਾਦਾਂ, ਵਿਸਨੂੰ ਗੁਰਦਾਸਪੁਰੀ ਅਤੇ ਦੀਪਕ ਜੈਤੋਈ ਦਾ ਮੇਰੀ ਸਾਹਿਤਕ ਯਾਤਰਾ ਵਿਚ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਨੇ ਮੈਨੂੰ ਗ਼ਜ਼ਲ ਦੀਆਂ ਬਾਰੀਕੀਆਂ ਸਿਖਾਈਆਂ ਅਤੇ ਮੇਰੀ ਲੇਖਣੀ ਨੂੰ ਸਹੀ ਦਿਸ਼ਾ ਦਿੱਤੀ। ਉਨ੍ਹਾਂ ਦੀ ਸਿੱਖਿਆ ਅਤੇ ਪ੍ਰੇਰਨਾ ਤੋਂ ਬਿਨਾਂ ਮੈਂ ਇਸ ਮੁਕਾਮ ਤੱਕ ਨਹੀਂ ਪਹੁੰਚ ਸਕਦਾ ਸੀ। ਗ਼ਜ਼ਲ ਅਜਿਹੀ ਵਿਧਾ ਹੈ ਜੋ ਉਸਤਾਦਾਂ ਦੀ ਸੰਗਤ ਤੋਂ ਬਿਨਾਂ ਸਿਖਣੀ ਸੰਭਵ ਨਹੀਂ।
ਕਿਤਾਬਾਂ ਤੇ ਵਿਸ਼ਿਆਂ ਬਾਰੇ ਚਰਚਾ ਕਰਦਿਆਂ ਉਨ੍ਹਾਂ ਦੱਸਿਆ ਕਿ ਹੁਣ ਤੱਕ ਮੇਰੇ ਛੇ ਸੰਗ੍ਰਹਿ ਆ ਚੁੱਕੇ ਹਨ ਜਿਨ੍ਹਾਂ ਵਿਚ ‘ਲੋਕ ਦਿਲਾਂ ਦੇ ਕਾਲੇ’, ‘ਸੁਰਖ਼ੀ’, ‘ਦਰਦ ਪਰਾਇਆ ਸਹਿਣਾ’, ‘ਤੇਰੇ ਜਾਣ ਪਿੱਛੋਂ’, ‘ਮੌਸਮ ਉਦਾਸ ਲੱਗੇ’, ‘ਚੁੱਪ ਚਾਪ ਜੁਦਾ ਹੋਇਓਂ’ ਜਿਨ੍ਹਾਂ ਦੇ ਨਾਮ ਹਨ। ਮੇਰੀਆਂ ਜ਼ਿਆਦਾਤਰ ਕਿਤਾਬਾਂ ਵਿਚ ਮਨੁੱਖੀ ਭਾਵਨਾਵਾਂ, ਦਰਦ, ਵਿਛੋੜਾ ਅਤੇ ਸਮਾਜਿਕ ਵਿਸ਼ਿਆਂ ਨਾਲ ਓਤ-ਪੋਤ ਹਨ। ਜ਼ਿੰਦਗੀ ਦੇ ਤਲਖ਼ ਤਜਰਬੇ ਅਤੇ ਆਸ-ਪਾਸ ਦੇ ਲੋਕਾਂ ਦੀਆਂ ਕਹਾਣੀਆਂ ਮੈਨੂੰ ਲਿਖਣ ਲਈ ਪ੍ਰੇਰਦੀਆਂ ਹਨ। ਮੈਂ ਚਾਹੁੰਦਾ ਹਾਂ ਕਿ ਮੇਰੀ ਕਵਿਤਾ ਲੋਕਾਂ ਦੇ ਦਿਲਾਂ ਨੂੰ ਛੂਹੇ ਅਤੇ ਉਨ੍ਹਾਂ ਨੂੰ ਆਪਣੀਆਂ ਭਾਵਨਾਵਾਂ ਨਾਲ ਜੁੜਨ ਵਿਚ ਮਦਦ ਕਰੇ।
ਹੁਣ ਤੱਕ ਆਈਆਂ ਕਿਤਾਬਾਂ ਵਿੱਚੋਂ ਤੁਹਾਡੇ ਦਿਲ ਦੇ ਸਭ ਤੋਂ ਕਰੀਬ ਕਿਹਰੀ ਹੈ ਅਤੇ ਕਿਉਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ, ਇਹ ਕਹਿਣਾ ਤਾਂ ਬਹੁਤ ਮੁਸ਼ਕਿਲ ਹੈ ਕਿਉਂਕਿ ਹਰ ਕਿਤਾਬ ਮੇਰੇ ਲਈ ਖ਼ਾਸ ਹੈ। ਪਰ ਜੇ ਮੈਨੂੰ ਇਕ ਚੁਣਨੀ ਹੋਵੇ ਤਾਂ ਸ਼ਾਇਦ ‘ਚੁੱਪ ਚਾਪ ਜੁਦਾ ਹੋਇਓਂ’ ਮੇਰੇ ਦਿਲ ਦੇ ਜ਼ਿਆਦਾ ਕਰੀਬ ਹੈ। ਇਸ ਕਿਤਾਬ ਵਿਚ ਮੈਂ ਕੁਝ ਬਹੁਤ ਹੀ ਨਿੱਜੀ ਅਤੇ ਗਹਿਰੀਆਂ ਭਾਵਨਾਵਾਂ ਨੂੰ ਬਿਆਨ ਕੀਤਾ ਹੈ ਜੋ ਮੇਰੇ ਅੰਦਰ ਬਹੁਤ ਲੰਬੇ ਸਮੇਂ ਤੋਂ ਸਨ।
ਪੰਜਾਬੀ ਜਾਗਰਣ ਦੇ ਪਾਠਕਾਂ ਤੇ ਲੇਖਣੀ ਨਾਲ ਜੁੜੇ ਖ਼ਾਸ ਤੌਰ ’ਤੇ ਨੌਜਵਾਨ ਪੀੜ੍ਹੀ ਨੂੰ ਮੁਖਾਤਿਬ ਹੁੰਦਿਆਂ ਉਨ੍ਹਾਂ ਕਿਹਾ, ਮੈਂ ਬਸ ਇਹ ਕਹਿਣਾ ਚਾਹੁੰਦਾ ਹਾਂ ਕਿ ਜੇ ਤੁਹਾਡੇ ਅੰਦਰ ਲਿਖਣ ਦੀ ਇੱਛਾ ਹੈ ਤਾਂ ਉਸ ਨੂੰ ਕਦੇ ਮਰਨ ਨਾ ਦਿਓ। ਲਿਖੋ, ਪੜ੍ਹੋ, ਅਤੇ ਆਪਣੇ ਉਸਤਾਦਾਂ ਤੋਂ ਸਿੱਖੋ। ਆਪਣੀ ਆਵਾਜ਼ ਲੱਭੋ ਅਤੇ ਬੇਝਿਜਕ ਹੋ ਕੇ ਆਪਣੀਆਂ ਭਾਵਨਾਵਾਂ ਨੂੰ ਕਲਮਬੱਧ ਕਰੋ। ਮਿਹਨਤ ਅਤੇ ਲਗਨ ਨਾਲ ਤੁਸੀਂ ਜ਼ਰੂਰ ਸਫ਼ਲ ਹੋਵੋਗੇ। ਪਠਕਾਂ ਨੂੰ ਚੰਗਾ ਪੜ੍ਹਨਾ ਚਾਹੀਦਾ ਹੈ ਤੇ ਮੰਦੇ ਦੀ ਮੁਖ਼ਾਲਫ਼ਤ ਕਰਨੀ ਚਾਹੀਦੀ ਹੈ।
- ਜਸਵਿੰਦਰ ਦੂਹੜਾ
98723-36944