ਪਾਲ ਕੌਰ ਪੰਜਾਬੀ ਕਵਿਤਾ ਵਿਚ ਖ਼ਲਾਅਵਾਸੀ (1986) ਕਾਵਿ ਸੰਗ੍ਰਹਿ ਤੋਂ ਸ਼ੁਰੂਆਤ ਕਰ ਨਿਰੰਤਰ ਸਫ਼ਰ ਵਿਚ ਹੈ। ਉਸ ਨੇ ਲੀਹ ਤੋਂ ਹਟਵੀਂ ਅਤੇ ਲੀਹ ਖ਼ਿਲਾਫ਼ ਕਵਿਤਾ ਲਿਖੀ ਹੈ। ਇਸ ਲੀਹ ਨੇ ਹੀ ਉਸ ਨੂੰ ਵੱਖਰੇ ਰਾਹ ਕਿਵੇਂ ਪਛਾਣ ਵਿਚ ਲਿਆਉਣੇ ਨੇ ਉਹ ਸਿਖਾਏ। ਪਰਤ ਦਰ ਪਰਤ ਖੁੱਲ੍ਹ ਕੇ ਹੋਰ ਗਹਿਰਾ ਹੋਣਾ ਪਾਲ ਕੌਰ ਦੀ ਕਵਿਤਾ ਦਾ ਸੁਭਾਅ ਹੈ। ਔਰਤ ਹੋਣ ਦਾ ਸੰਤਾਪ ਪਾਲ ਲਈ ਕੋਈ ਵਲ਼ਾ ਨਹੀਂ ਬਣਿਆ ਸਗੋਂ ਉਸ ਨੂੰ ਆਪਣੀ ਮੰਜ਼ਿਲ ਤਕ ਪਹੁੰਚਾਉਣ ਲਈ ਸੰਘਰਸ਼ ਹੋ ਨਿਬੜਿਆ।

ਪਾਲ ਕੌਰ ਦੀਆਂ ਬਲਦੇ ਖ਼ਤਾਂ ਦੇ ਸਿਰਨਾਵੇਂ (ਸੰਪਾਦਤ), ਖ਼ਲਾਅਵਾਸੀ (1986), ਮੈਂ ਮੁਖ਼ਾਤਿਬ ਹਾਂ (1988), ਇੰੰਜ ਨਾ ਮਿਲੀਂ (1999) ਬਾਰਿਸ਼ ਅੰਦਰੇ ਅੰਦਰ (2005), ਪੀਂਘ( 2007) ਮੀਰਾ- ਇਕੱਲੀਆਂ ਔਰਤਾਂ ਦੇ ਰੇਖਾ ਚਿੱਤਰ (2007) ਪੌਣ ਤੜਾਗੀ (2009) ਹੁਣ ਤਕ (2019) ਅਤੇ ਇਨ੍ਹੀਂ ਦਿਨੀਂ ਆਈ ਉਨ੍ਹਾਂ ਦੀ ਚਰਚਿਤ ਪੁਸਤਕ 'ਕਟਹਿਰੇ ਵਿਚ ਔਰਤ' ਪਾਲ ਕੌਰ ਦਾ ਸਰਮਾਇਆ ਹਨ। ਆਓ ਉਨ੍ਹਾਂ ਨਾਲ ਕੁਝ ਗੱਲਬਾਤ ਦੇ ਅੰਸ਼ ਤੁਹਾਡੇ ਨਾਲ ਸਾਂਝੇ ਕਰਦੇ ਹਾਂ।

- ਜਦੋਂ 'ਖੱਬਲ' ਕਵਿਤਾ ਲਿਖੀ, ਉਸ ਵੇਲੇ ਹਜ਼ਾਰਾਂ ਪਾਲ ਕੌਰਾਂ ਦੀ ਸਥਿਤੀ ਇਹੋ ਜਿਹੀ ਸੀ। ਅੱਜ ਕੀ ਤਬਦੀਲੀ ਵੇਖਦੇ ਹੋ?

ਹਾਂ ਤਬਦੀਲੀ ਤਾਂ ਆਈ ਹੈ, ਤਕਰੀਬਨ ਸੱਠ ਸਾਲਾਂ ਵਿਚ। ਮੇਰੇ ਭਰਾਵਾਂ ਦੇ ਘਰ ਕੁੜੀਆਂ ਹੋਈਆਂ ਤਾਂ ਉਨ੍ਹਾਂ ਦਾ ਤ੍ਰਿਸਕਾਰ ਨਹੀਂ ਹੋਇਆ। ਉਨ੍ਹਾਂ ਦੇ ਪਾਲਣ-ਪੋਸ਼ਣ ਤੇ ਜ਼ਿੰਦਗੀ ਵਿਚ ਮੌਕੇ ਮਿਲਣ ਵਿਚ ਵਿਤਕਰੇ ਨਹੀਂ ਹੋਏ। ਪਰ ਸਮਾਜ ਦਾ ਸਮੁੱਚਾ ਦ੍ਰਿਸ਼ ਵੇਖੀਏ ਤਾਂ ਕਈ ਵਾਰ ਲੱਗਦਾ ਹੈ, ਕੋਈ ਤਬਦੀਲੀ ਨਹੀਂ ਆਈ। ਹਾਲੇ ਵੀ ਕੁੜੀਆਂ ਦੇ ਗਰਭਪਾਤ ਜਾਰੀ ਨੇ, ਜਾਇਦਾਦ ਦੇ ਹੱਕ ਦੇ ਨਾਂ 'ਤੇ ਮੱਥੇ 'ਤੇ ਵੱਟ ਪੈ ਜਾਂਦੇ ਨੇ, ਆਨਰ ਕਿਲਿੰਗ ਹਾਲੇ ਵੀ ਜਾਰੀ ਹੈ।

- ਪਾਲ ਕੌਰ ਦੇ ਕਵਿਤਾ ਲਿਖਣ ਦੇ ਸ਼ੁਰੂਆਤੀ ਦਿਨਾਂ ਵਿਚ ਕਿਸੇ ਨੇ ਉਹਦੇ ਹੱਥੋਂ ਕਲਮ ਖੋਹੀ ਹੋਵੇ, ਕਿਸੇ ਨੇ ਉਸ ਦੇ ਸੁਪਨੇ ਖੋਹ ਲਏ ਹੋਣ, ਹੋਇਆ ਕਦੀ?

ਕਲਮ ਤਾਂ ਕਿਸੇ ਨੇ ਨਹੀਂ ਖੋਹੀ, ਕਿਉਂਕਿ ਮੇਰੇ ਪਿਤਾ ਵੀ ਕਵੀ ਸਨ ਤੇ ਮੇਰੇ ਵੱਡੇ ਭਰਾ ਵੀ ਲਿਖਦੇ ਸਨ ਪਰ ਜਦੋਂ ਕਵਿਤਾਵਾਂ ਛਪੀਆਂ ਤਾਂ ਪਿਤਾ ਦੇ ਮੱਥੇ ਉੱਪਰ ਤਿਊੜੀ ਸੀ। ਪਰ ਉਦੋਂ ਤਕ ਮੈਂ ਤਿਊੜੀਆਂ ਤੋਂ ਬੇਪਰਵਾਹ ਹੋ ਗਈ ਸਾਂ ਤੇ ਕਲਮ ਨੂੰ ਘੁੱਟ ਕੇ ਫੜ ਲਿਆ ਸੀ, ਜਿਵੇਂ ਸਵੈ-ਸੁਰੱਖਿਆ ਲਈ ਇਹੀ ਮੇਰਾ ਹਥਿਆਰ ਹੋਵੇ। ਸੁਪਨਿਆਂ ਦੀ ਕਹਾਣੀ ਦਿਲਚਸਪ ਹੈ ਗੁਰਪ੍ਰੀਤ! ਜੋ ਸੁਪਨੇ ਦੂਜਿਆਂ ਨੇ ਮੇਰੇ ਅੱਗੇ ਵਿਛਾਏ, ਕੁਝ ਕਦਮ ਚੱਲ ਕੇ, ਉਹ ਸੁਪਨੇ ਖੋਹ ਕੇ ਇਕੱਠੇ ਕਰ ਲੈ ਗਏ! ਪਰ ਜੋ ਸੁਪਨੇ ਮੇਰੀਆਂ ਅੱਖਾਂ ਨੇ ਆਪ ਵੇਖੇ ਸਨ, ਉਨ੍ਹਾਂ ਸੁਪਨਿਆਂ ਵਿਚ ਮੈਂ ਤੇ ਮੇਰੀ ਦੁਨੀਆ ਸੀ, ਉਹ ਸੁਪਨੇ ਸਾਕਾਰ ਹੋਏ। ਮੈਂ ਆਪਣੇ ਪੈਰਾਂ 'ਤੇ ਖੜ੍ਹੀ ਹੋਈ ਤੇ ਆਪਣੇ ਸੁਤੰਤਰ ਵਜੂਦ ਦੀ ਬਾਤ ਪਾ ਸਕੀ।

- ਇੰਟਲੈਕਚੁਅਲ ਹੋਣ ਦੇ ਨਾਤੇ ਭਾਰਤੀ ਪਰੰਪਰਾਵਾਦੀ ਸੋਚ ਕਿੰਨਾ ਕੁ ਪ੍ਰਭਾਵਿਤ ਕਰਦੀ ਹੈ?

ਭਾਰਤੀ ਪਰੰਪਰਾਵਾਦੀ ਸੋਚ ਵਿਚ ਔਰਤ ਦੇ ਜੀਵਨ, ਮਨ ਤੇ ਇੱਛਾਵਾਂ ਦੇ ਫ਼ੈਸਲੇ ਹਮੇਸ਼ਾ ਪੁਰਸ਼ਾਂ ਦੁਆਰਾ ਲਏ ਗਏ। ਕੁਦਰਤੀ ਹੈ ਕਿ ਇਸ ਸੋਚ ਨੇ ਮੈਨੂੰ ਉਲਟੇ ਪਾਸਿਉਂ ਪ੍ਰਭਾਵਿਤ ਕੀਤਾ, ਯਾਨਿ ਮੇਰੀ ਲੜਾਈ ਔਰਤ ਦੇ ਫ਼ੈਸਲੇ ਉਸ ਦੇ ਆਪਣੇ ਹੋਣ ਦੀ ਰਹੀ ਹੈ। ਪੰਜਾਬ ਵਿਚ ਜੋ ਮੱਧਕਾਲੀ ਜਗੀਰੂ ਸੋਚ ਘਰ ਕਰ ਗਈ ਹੋਈ ਹੈ, ਜੋ ਅੱਜ ਵੀ ਸਾਡੇ ਗਾਣਿਆਂ ਵਿਚ ਪ੍ਰਧਾਨ ਹੈ, ਉਸ ਨਾਲ ਮੇਰੀ ਭਾਰੀ ਵਿਰੋਧਤਾ ਹੈ। ਪਰੰਪਰਾਵਾਦੀ ਸੋਚ, ਜੋ ਸਮਾਜ ਦੇ ਕੁਝ ਵਰਗਾਂ ਨੂੰ ਹਾਸ਼ੀਏ 'ਤੇ ਬਿਠਾ ਦੇਂਦੀ ਹੈ ਤੇ ਸਮਾਜ ਵਿਚ ਵਿਤਕਰੇ ਤੇ ਵੰਡੀਆਂ ਪੈਦਾ ਕਰਦੀ ਹੈ, ਉਸ ਨਾਲ ਮੇਰੀ ਵਿਰੋਧਤਾ ਹੈ।

- 'ਕਟਹਿਰੇ ਵਿਚ ਔਰਤ : ਅੰਮ੍ਰਿਤਾ ਪ੍ਰੀਤਮ ਦੇ ਅੰਗ ਸੰਗ' ਕਿਤਾਬ ਔਰਤ ਵਰਗ ਦੇ ਹੱਕ ਵਿਚ ਖੜ੍ਹੀ ਹੈ। ਇਸ ਕਿਤਾਬ ਨੂੰ ਜਗੀਰਦਾਰੀ ਸੋਚ ਸਵੀਕਾਰ ਕਰੇਗੀ?

ਗੁਰਪ੍ਰੀਤ, ਜੇ ਇਹ ਕਿਤਾਬ ਔਰਤ ਵਰਗ ਦੇ ਹੱਕ ਵਿਚ ਖੜ੍ਹਦੀ ਹੈ ਤਾਂ ਜਗੀਰਦਾਰੀ ਸੋਚ ਇਸ ਨੂੰ ਕਿਵੇਂ ਸਵੀਕਾਰ ਕਰੇਗੀ? ਜਗੀਰਦਾਰੀ ਸੋਚ ਨੇ ਨਾ ਪੀਰੋ ਨੂੰ ਸਵੀਕਾਰ ਕੀਤਾ, ਨਾ ਅੰਮ੍ਰਿਤਾ ਨੂੰ, ਨਾ ਮੈਨੂੰ। ਇਹ ਕਿਤਾਬ ਲਿਖੀ ਹੀ ਇਸ ਮਕਸਦ ਨਾਲ ਗਈ ਹੈ ਕਿ ਲਿਖਣ ਵਾਲੀ, ਸੁਤੰਤਰ ਵਿਚਾਰਾਂ ਵਾਲੀ ਤੇ ਆਪਣੀ ਜ਼ਿੰਦਗੀ ਦੇ ਫ਼ੈਸਲੇ ਆਪ ਲੈਣ ਵਾਲੀ ਔਰਤ ਨੂੰ ਇਸ ਜਗੀਰਦਾਰੀ ਦ੍ਰਿਸ਼ਟੀਕੋਣ ਵਾਲੇ ਸਮਾਜ ਦਾ ਕਿਵੇਂ ਸਾਹਮਣਾ ਕਰਨਾ ਪੈਂਦਾ ਹੈ।

- ਕੋਈ ਮਰਦ ਕਵੀ ਔਰਤ ਬਾਰੇ ਕਵਿਤਾ ਲਿਖਦਾ ਕਿੰਨਾ ਕੁ ਕਵਿਤਾ ਨਾਲ ਨਿਆਂ ਕਰ ਸਕਦਾ ਹੈ?

ਮਰਦ ਕਵੀ ਔਰਤ ਬਾਰੇ ਆਪਣਾ ਦ੍ਰਿਸ਼ਟੀਕੋਣ ਲਿਖ ਸਕਦਾ ਹੈ, ਉਸ ਨਾਲ ਆਪਣਾ ਅਨੁਭਵ ਲਿਖ ਸਕਦਾ ਹੈ ਪਰ ਕਵੀ ਜੇ ਮਰਦ ਨਾ ਹੋ ਕੇ ਇਨਸਾਨ ਹੋ ਜਾਏ ਤਾਂ ਨਿਆਂ ਕਰ ਸਕੇਗਾ। ਜੋ ਔਰਤ ਨੂੰ ਇਨਸਾਨ ਸਮਝ ਸਕੇ, ਜਿਸ ਦੀ ਆਪਣੀ ਕੋਈ ਸੋਚ, ਮਨ, ਇੱਛਾ, ਮਰਜ਼ੀ, ਰੀਝ ਹੋ ਸਕਦੀ ਹੈ ਅਤੇ ਜੋ ਆਪਣੇ ਉੱਪਰੋਂ ਮਰਦ-ਹਉਂ ਦਾ ਚੋਲਾ ਲਾਹ ਸਕੇ, ਉਹ ਜ਼ਰੂਰ ਔਰਤ ਨਾਲ ਤੇ ਕਵਿਤਾ ਨਾਲ ਨਿਆਂ ਕਰ ਸਕੇਗਾ। ਨਹੀਂ ਤਾਂ ਪ੍ਰੋ. ਮੋਹਨ ਸਿੰਘ ਦੀ ਕਵਿਤਾ ਵਾਂਗ ਔਰਤ ਪੁਰਸ਼ ਦੀ 'ਜਾਇਦਾਦ' ਤੇ ਨਿਸ਼ਕਿਰਿਆ ਬਣ ਕੇ ਰਹਿ ਜਾਂਦੀ ਹੈ, ਜਾਂ ਫਿਰ ਕਵੀ ਜਿਸਮਾਨੀ ਸੁੰਦਰਤਾ ਦੀ ਬਾਤ ਪਾਉਂਦਾ, ਕਾਮ ਦੀ ਪੁਤਲੀ ਬਣਾ ਦੇਂਦਾ ਹੈ। ਹੁਣ ਔਰਤ ਨਾ ਆਪ ਸ਼ਮ੍ਹਾ ਵਾਂਗ ਸੜਨਾ ਚਾਹੁੰਦੀ ਹੈ ਤੇ ਨਾ ਕਿਸੇ ਨੂੰ ਸਾੜਨਾ ਚਾਹੁੰਦੀ ਹੈ। ਉਸ ਨੂੰ ਦਿਲੋ-ਦਿਮਾਗ਼ ਦੇ ਸਾਵੇਂ ਰਿਸ਼ਤੇ ਦੀ ਤਲਾਸ਼ ਹੁੰਦੀ ਹੈ।

- ਇਕੱਲਤਾ ਨੇ ਊਟ-ਪਟਾਂਗ ਦੀ ਸਥਿਤੀ ਪੈਦਾ ਕੀਤੀ ਕਿ ਕਵਿਤਾ ਹੀ ਝੋਲੀ ਪਾਈ ਹੈ?

ਮੇਰੀਆਂ ਸੱਤ ਕਾਵਿ-ਪੁਸਤਕਾਂ (ਅੱਠਵੀਂ ਤਿਆਰ ਹੈ) ਮੇਰੀ ਇਕੱਲਤਾ ਦੀ ਸੌਗਾਤ ਹਨ। ਉਂਜ ਤਾਂ ਇਕੱਲਤਾ ਹਰ ਲੇਖਕ ਤੇ ਕਲਾਕਾਰ ਨੂੰ ਚਾਹੀਦੀ ਹੁੰਦੀ ਹੈ, ਸਿਰਜਣਾ ਕਰਨ ਲਈ ਪਰ ਮੈਨੂੰ ਤਾਂ ਜ਼ਿੰਦਗੀ ਤੋਂ ਇਕੱਲਤਾ ਦਾ ਵਰਦਾਨ ਮਿਲਿਆ ਹੈ। ਇਹ ਵਰਦਾਨ ਚੁਣਨ ਵਿਚ ਮੇਰੀ ਚੋਣ ਵੀ ਸ਼ਾਮਿਲ ਹੈ। ਉਂਜ ਮੇਰੀ ਕਵਿਤਾ ਨਿਰੋਲ ਇਕੱਲਤਾ ਦਾ ਸੰਵਾਦ ਨਹੀਂ, ਮੈਂ ਸਮਾਜ ਤੇ ਸਮਕਾਲ ਵਿਚ ਵਿਚਰ ਕੇ ਜੋ ਮਹਿਸੂਸ ਕਰਦੀ ਹਾਂ, ਇਕੱਲਤਾ ਵਿਚ ਉਸ ਨਾਲ ਸੰਵਾਦ ਰਚਣਾ ਹੀ ਮੇਰੀ ਕਵਿਤਾ ਹੈ। ਉਂਜ ਊਟ-ਪਟਾਂਗ ਸਥਿਤੀ ਦੀ ਗੱਲ ਕਰਾਂ ਤਾਂ ਇਕ ਪਲ ਯਾਦ ਆਉਂਦਾ ਹੈ! ਜਿਸ ਸ਼ਖ਼ਸ ਨਾਲ ਜ਼ਿੰਦਗੀ ਜੋੜਨੀ ਚਾਹੀ, ਉਹ ਵੀ ਕਵੀ ਸੀ, ਪਰ ਸੀ ਸੁਪਨਿਆਂ ਦਾ ਸੌਦਾਗਰ (ਵਪਾਰੀ), ਕਿਹਾ ਕਰਦਾ ਸੀ,'ਮੈਂ ਤੈਨੂੰ ਹੋਰ ਕੁਝ ਦੇ ਸਕਾਂ ਜਾਂ ਨਾ ਪਰ ਤੈਨੂੰ ਕਵਿੱਤਰੀ ਜ਼ਰੂਰ ਬਣਾ ਦਿਆਂਗਾ।' ਅੱਜ ਸੋਚਦੀ ਹਾਂ, ਇਹ ਸੱਚ ਹੈ ਕਿ ਉਸ ਦੀ ਹੋਂਦ ਵਿਚ ਕਵੀ ਬਣਦੀ ਜਾਂ ਨਾ, ਪਤਾ ਨਹੀਂ, ਪਰ ਉਸ ਦੀ ਅਣਹੋਂਦ ਵਿਚ ਕਵਿੱਤਰੀ ਜ਼ਰੂਰ ਬਣ ਗਈ। ਪਰ ਇਹ ਵੀ ਸੱਚ ਹੈ ਕਿ ਉਸ ਦੇ ਬਿਰਹਾ ਨੇ ਮੈਨੂੰ ਕਵੀ ਨਹੀਂ ਬਣਾਇਆ, ਉਸ ਦੇ ਨਾ ਹੋਣ ਨਾਲ ਇਕੱਲਤਾ ਦਾ ਜੋ ਵਰਦਾਨ ਮਿਲਿਆ, ਮੈਨੂੰ ਉਸ ਨੇ ਕਵੀ ਬਣਾਇਆ।

- ਜੇ ਅੰਮ੍ਰਿਤਾ ਨਾਲ ਵਿਚਰੇ ਹੋ ਤਾਂ ਕੋਈ ਇਕ ਯਾਦ ਸਾਂਝੀ ਕਰੋ।

ਜਦੋਂ ਅੰਮ੍ਰਿਤਾ ਜੀ ਦੀ ਸਿਹਤ ਖ਼ਰਾਬ ਹੁੰਦੀ ਚਲੀ ਗਈ, ਬਸ ਮੰਜੇ ਨਾਲ ਲੱਗ ਜਾਣ ਵਾਲੀ ਹੀ ਗੱਲ ਸੀ। ਵਿਚ-ਵਿਚ ਹੋਸ਼ ਵੀ ਚਲੀ ਜਾਂਦੀ। ਮੈਂ ਜਦੋਂ ਵੀ ਦਿੱਲੀ ਜਾਂਦੀ, ਸੋਚਦੀ 'ਮਿਲ ਲਵਾਂ, ਪਤਾ ਨਹੀਂ ਫਿਰ...। ਉਨ੍ਹਾਂ ਦਿਨਾਂ ਵਿਚ ਇਮਰੋਜ਼ ਜੀ ਬਹੁਤੇ ਲੋਕਾਂ ਨੂੰ ਮਿਲਣ ਤੋਂ ਮਨ੍ਹਾ ਹੀ ਕਰ ਦੇਂਦੇ ਸਨ। ਸਿਰਫ਼ ਕੁਝ ਕੁ ਲੋਕਾਂ ਨੂੰ ਹੀ ਆਉਣ ਲਈ ਕਹਿੰਦੇ, ਨਹੀਂ ਤਾਂ ਕਦੀ ਤਾਂ ਫ਼ੋਨ ਹੀ ਨਾ ਚੁੱਕਦੇ ਤੇ ਜਾਂ ਕਹਿ ਦੇਂਦੇ ਕਿ ਅੰਮ੍ਰਿਤਾ ਦੀ ਸਿਹਤ ਠੀਕ ਨਹੀਂ। ਇਮਰੋਜ਼ ਜੀ ਖ਼ੁਦ ਤੇ ਅੰਮ੍ਰਿਤਾ ਜੀ ਦੀ ਨੂੰਹ ਅਲਕਾ ਉਨ੍ਹਾਂ ਦੀ ਦੇਖ ਭਾਲ ਵਿਚ ਹੀ ਲੱਗੇ ਹੋਏ ਸਨ, ਇਸ ਲਈ ਆਏ-ਗਏ ਦੀ ਆਉ ਭਗਤ ਕੌਣ ਕਰਦਾ। ਅੰਮ੍ਰਿਤਾ ਜੀ ਜਦੋਂ ਠੀਕ ਵੀ ਸਨ ਤਾਂ ਉਨ੍ਹਾਂ ਨੂੰ ਚੰਗਾ ਨਹੀਂ ਸੀ ਲੱਗਦਾ, ਜਦੋਂ ਉਹ ਠੀਕ ਤਰ੍ਹਾਂ ਤਿਆਰ ਨਾ ਹੋਏ ਹੋਣ ਤੇ ਮਿਲਣ ਵਾਲੇ ਫ਼ੋਟੋ ਖਿੱਚਣ ਲੱਗ ਜਾਂਦੇ ਸਨ। ਉਹ ਚਾਹੁੰਦੇ ਸਨ ਯਾਦ ਕਰਨ ਵਾਲਿਆਂ ਦੇ ਚੇਤਿਆਂ ਵਿਚ ਉਨ੍ਹਾਂ ਦਾ ਅਕਸ ਕੁਝ ਠੀਕ ਠਾਕ ਹੀ ਹੋਵੇ। ਇਸ ਲਈ ਅੰਮ੍ਰਿਤਾ ਜੀ ਦੀ ਇਸ ਤਰ੍ਹਾਂ ਦੀ ਹਾਲਤ ਉਹ ਸਭ ਨੂੰ ਨਹੀਂ ਦਿਖਾਉਣਾ ਚਾਹੁੰਦੇ ਸਨ। ਖ਼ੈਰ ਮੈਨੂੰ ਕਦੀ ਮਨ੍ਹਾ ਨਹੀਂ ਹੋਇਆ। ਇਕ ਦਿਨ ਮੈਂ ਗਈ ਤਾਂ ਇਮਰੋਜ਼ ਜੀ ਅੰਦਰ ਲੈ ਗਏ, 'ਮਾਂ ਸਦਕੇ! ਪਾਲ ਆਈ ਹੈ...' ਪਰ ਅੰਮ੍ਰਿਤਾ ਜੀ ਨੂੰ ਕਿੱਥੇ ਹੋਸ਼ ਸੀ। ਮੈਂ ਉਨ੍ਹਾਂ ਦਾ ਹੱਥ ਫੜਿਆ, ਉਨ੍ਹਾਂ ਦੀਆਂ ਅੱਖਾਂ ਵਿਚ ਚਮਕ ਆਈ ਤੇ ਚਿਹਰੇ 'ਤੇ ਅਦਿੱਖ ਜਿਹੀ ਮੁਸਕਾਣ, ਜਿਵੇਂ ਮੇਰੀ ਛੋਹ ਪਛਾਣ ਲਈ ਹੋਵੇ, ਪਰ ਬੋਲ ਕੁਝ ਨਹੀਂ ਸਕੇ। ਮਨ ਬਹੁਤ ਉਦਾਸ ਹੋਇਆ, ਆ ਕੇ ਕਵਿਤਾ ਲਿਖੀ 'ਬਾਲ ਅੰਮ੍ਰਿਤਾ', ਤੇ ਇਮਰੋਜ਼ ਜੀ ਨੂੰ ਭੇਜ ਦਿੱਤੀ। ਅਗਲੀ ਵਾਰ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਮੇਰੀ ਕਵਿਤਾ ਉਨ੍ਹਾਂ ਨੇ ਥੋੜ੍ਹੀ-ਥੋੜ੍ਹੀ ਕਰ ਕੇ ਅੰਮ੍ਰਿਤਾ ਜੀ ਨੂੰ ਸੁਣਾ ਦਿੱਤੀ, ਕਿਉਂਕਿ ਵਿਚ-ਵਿਚ ਉਨ੍ਹਾਂ ਨੂੰ ਹੋਸ਼ ਆ ਜਾਂਦੀ ਸੀ।

ਇਮਰੋਜ਼ ਜੀ ਨੇ ਇਹ ਵੀ ਦੱਸਿਆ ਕਿ ਅਮੀਆ ਕੁੰਵਰ ਲੇਖਕਾਂ/ਸ਼ਾਇਰਾਂ ਦੀਆਂ ਅੰਮ੍ਰਿਤਾ ਜੀ ਬਾਰੇ ਲਿਖੀਆਂ ਕਵਿਤਾਵਾਂ ਇਕੱਠੀਆਂ ਕਰਕੇ ਕਿਤਾਬ ਤਿਆਰ ਕਰ ਰਹੀ ਸੀ। ਉਸ ਨੂੰ ਅੰਮ੍ਰਿਤਾ ਜੀ ਹਰ ਵਾਰ ਕਹਿੰਦੇ ਸਨ, ਹਾਲੇ ਰੁਕ ਜਾ, ਪਰ ਮੇਰੀ ਉਹ ਨਜ਼ਮ ਸੁਣਨ ਤੋਂ ਬਾਅਦ ਅਮੀਆ ਨੂੰ ਕਿਹਾ ਕਿ ਪਾਲ ਦੀ ਇਹ ਨਜ਼ਮ ਅਖੀਰ ਵਿਚ ਲਾ ਕੇ ਕਿਤਾਬ ਛਪਵਾ ਲਉ। ਇਮਰੋਜ਼ ਜੀ ਨੇ ਵੀ ਉਹ ਨਜ਼ਮ ਪੇਂਟਿੰਗ ਵਿਚ ਲਿਖ ਕੇ ਮੈਨੂੰ ਦਿੱਤੀ, ਜੋ ਮੇਰੇ ਲਈ ਨਾਯਾਬ ਤੋਹਫ਼ਾ ਹੈ।

- ਬਹੁਤਿਆਂ ਨੇ ਜੁਗਾੜਬੰਦੀ ਲਾ ਕੇ ਸਾਹਿਤ ਅਕਾਦਮੀ ਨੂੰ ਅੰਗੀਠੀਆਂ ਉੱਪਰ ਟਿਕਾ ਲਿਆ, ਤੁਹਾਡਾ ਇਸ ਬਾਰੇ ਕੀ ਵਿਚਾਰ ਹੈ?

ਉਨ੍ਹਾਂ ਦੀ ਤਸੱਲੀ! ਅੱਜ ਤਕ ਕੋਈ ਲੇਖਕ ਸਾਹਿਤ ਅਕਾਦਮੀ ਦੇ ਇਨਾਮ ਨਾਲ ਵੱਡਾ ਲੇਖਕ ਨਹੀਂ ਬਣ ਗਿਆ। ਸਗੋਂ ਬਹੁਤੇ ਤਾਂ ਇਨਾਮ ਤੋਂ ਬਾਅਦ ਢਹਿੰਦੇ ਪਾਸੇ ਹੀ ਗਏ। ਲੇਖਕ ਨੇ ਆਪਣੀ ਸਮਰੱਥਾ, ਸਿਰਜਣਾ ਤੇ ਦਿਆਨਤਦਾਰੀ ਨਾਲ ਅਤੇ ਸਾਹਿਤ ਤੇ ਸਮਾਜ ਲਈ ਵਚਨਬੱਧਤਾ ਨਾਲ ਕੰਮ ਕਰਨਾ ਹੁੰਦਾ ਹੈ। ਇਨਾਮ ਉਸ ਦੀ ਮੰਜ਼ਿਲ ਜਾਂ ਮਕਸਦ ਨਹੀਂ, ਰਸਤੇ ਵਿਚ ਥੋੜ੍ਹਾ ਜਿਹਾ ਹੌਸਲਾ ਹੋ ਸਕਦਾ ਹੈ। ਪਰ ਦੁੱਖ ਹੁੰਦਾ ਹੈ ਜਦੋਂ ਇਹ ਮੁਹਾਵਰਾ ਬਣ ਜਾਵੇ ਕਿ 'ਉਸ ਨੇ ਇਨਾਮ ਲੈ ਲਿਆ ਹੈ', ਜਦੋਂ ਕਿ ਹੋਣਾ ਇਹ ਚਾਹੀਦਾ ਹੈ ਕਿ 'ਉੇਸ ਨੂੰ ਇਨਾਮ ਮਿਲਿਆ ਹੈ'!

- ਆਖ਼ਰ ਵਿਚ ਕੁਝ ਕਹਿਣਾ ਹੋਵੇ, ਜੋ ਮੈਂ ਪੁੱਛਣੋਂ ਰਹਿ ਗਿਆ ਹੋਵਾਂ?

ਅੰਮ੍ਰਿਤਾ ਜੀ 'ਨਾਗਮਣੀ' ਲਈ ਇੰਟਰਵਿਊ ਕਰਦੇ ਸਨ, ਸਿਰਲੇਖ ਹੁੰਦਾ ਸੀ, 'ਸੱਤ ਸਵਾਲ' ਪਰ ਉਹ ਛੇ ਸਵਾਲ ਹੀ ਪੁੱਛਦੇ ਸਨ, ਸੱਤਵਾਂ ਸਵਾਲ ਇੰਟਰਵਿਊ ਦੇਣ ਵਾਲੇ 'ਤੇ ਛੱਡ ਦੇਂਦੇ ਸਨ। ਫਿਰ ਉਨ੍ਹਾਂ 'ਨਾਗਮਣੀ' ਦਾ ਇਕ ਅੰਕ ਕੱਢਿਆ 'ਸੱਤਵਾਂ ਸਵਾਲ', ਜਿਸ ਵਿਚ ਉਨ੍ਹਾਂ ਸਭਨਾਂ ਨੇ ਸੱਤਵੇਂ ਸਵਾਲ 'ਤੇ ਉਸ ਦੇ ਜਵਾਬ ਨੂੰ ਸ਼ਾਮਲ ਕੀਤਾ। ਸੋ ਅਣਕਿਹਾ ਵੀ ਬਹੁਤ ਮਹੱਤਵਪੂਰਨ ਹੁੰਦਾ ਹੈ। ਨਾ ਤੁਹਾਡੇ ਸਵਾਲ ਮੁੱਕ ਸਕਦੇ ਨੇ ਤੇ ਨਾ ਮੇਰੇ ਜਵਾਬ! ਇਹ ਸਵਾਲ-ਜਵਾਬ ਦਾ ਸਿਲਸਿਲਾ ਤੁਰਦਾ ਰਹੇ ਤਾਂ ਚੰਗਾ ਹੈ। ਇਹ ਵਿਰਾਮ ਹੈ, ਪੂਰਨ ਵਿਰਾਮ ਨਹੀਂ।

- ਤੁਹਾਡੀ ਕਵਿਤਾ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਤੁਹਾਡਾ ਬਚਪਨ ਖਿੜਖਿੜਾਉਂਦਾ ਨਹੀਂ ਰਿਹਾ ਹੋਵੇਗਾ। ਕੀ ਇਹ ਸੱਚ ਹੈ?

ਹਾਂ, ਜੇ ਬਚਪਨ ਖਿੜਖਿੜਾਉਣਾ, ਬੇਫ਼ਿਕਰੀ, ਅਭੋਲ ਹੁੰਦਾ ਹੈ ਤਾਂ ਮੇਰਾ ਕੋਈ ਬਚਪਨ ਸੀ ਹੀ ਨਹੀਂ। ਇਕ ਕੁੜੀ ਹੋਣ ਦਾ ਦੁਖਾਂਤ ਮੇਰੇ ਨਾਲ ਹੀ ਜੰਮਿਆ, ਕਿਉਂਕਿ ਮੈਂ ਛੇਵੀਂ ਧੀ ਸਾਂ। ਜੇ ਉਦੋਂ ਅਲਟਰਾ ਸਾਉਂਡ ਤੇ ਗਰਭਪਾਤ ਆ ਗਿਆ ਹੁੰਦਾ ਤਾਂ ਮੇਰੇ ਜਿਹੀਆਂ ਧੀਆਂ ਜੰਮਣੀਆਂ ਹੀ ਨਹੀਂ ਸਨ। ਇਸੇ ਸਮਾਜਿਕ ਯਥਾਰਥ ਨਾਲ ਮੇਰੀ ਲੜਾਈ ਮੇਰੇ ਜੰਮਣ ਤੋਂ ਹੀ ਸ਼ੁਰੂ ਹੋਈ, ਜੋ ਹਾਲੇ ਵੀ ਜਾਰੀ ਹੈ।

- ਗੁਰਪ੍ਰੀਤ ਡੈਨੀ

97792-50653

Posted By: Harjinder Sodhi