ਖ਼ੂਬਸੂਰਤ ਜ਼ਿੰਦਗੀ ਨੂੰ ਜਿਊਣ ਦੀਆਂ ਸੁਰੀਲੇ ਸੁਰਾਂ ਤਾਂ ਉਸ ਵਿਚ ਵੀ ਹਨ ਪਰ ਹਾਲਾਤ ਅੱਗੇ ਬੇਵੱਸ ਹੁੰਦੀ ਹੋਈ ਹਾਰ ਜਾਂਦੀ ਹੈ। ਆਓ ਅੱਜ ਦੇ ਅੰਤਰਰਾਸ਼ਟਰੀ ਨਾਰੀ ਦਿਵਸ ਤੇ ਇਹ ਪ੍ਰਣ ਕਰੀਏ ਕਿ ਇਸਤਰੀ ਦੀ ਤਰੱਕੀ ਲਈ ਹਰ ਸੰਭਵ ਯਤਨ ਕਰਾਂਗੇ। ਉਸ ਨੂੰ ਜੀਵਨ ਦੇ ਹਰ ਖੇਤਰ ਵਿਚ ਅੱਗੇ ਵਿਗਸਣ ਦੇ ਮੌਕੇ ਦੇਵਾਂਗੇ।

ਮਾਂ ਨੂੰ ਕੋਈ ਛੁੱਟੀ ਨਹੀਂ ਹੁੰਦੀ। ਉਹ ਤਾਅ ਉਮਰ ਆਪਣੇ ਬੱਚਿਆਂ ਅਤੇ ਪਰਿਵਾਰ ਨੂੰ ਸਮਰਪਿਤ ਹੁੰਦੀ ਹੈ। ਸਵੇਰੇ ਸੂਰਜ ਦੇ ਜਾਗਣ ਤੋਂ ਪਹਿਲਾਂ ਉਹ ਜਾਗ ਜਾਂਦੀ ਹੈ। ਫਿਰ ਸ਼ੁਰੂ ਹੁੰਦਾ ਹੈ ਪੂਰੇ ਦਿਨ ਦਾ ਕਾਰਜ, ਸੁਬ੍ਹਾ ਤੋਂ ਲੈ ਕੇ ਰਾਤ ਤੱਕ। ਸਾਰੇ ਪਰਿਵਾਰ ਦੇ ਕੰਮ ਕਰਦੀ ਹੈ, ਖਾਣਾ ਬਣਾਉਂਦੀ ਹੈ, ਕੱਪੜੇ ਧੋਂਦੀ ਹੈ, ਸਫ਼ਾਈ ਕਰਦੀ ਹੈ ਅਤੇ ਹੋਰ ਦਿਹਾੜੀ ਦੇ ਅਨੇਕਾਂ ਕੰਮਕਾਰ ਪਰ ਮਾਂ ਨੂੰ ਕਦੇ ਛੁੱਟੀ ਨਹੀਂ ਹੁੰਦੀ। ਜੋ ਔਰਤਾਂ ਨੌਕਰੀ ਪੇਸ਼ਾ ਹਨ, ਉਨ੍ਹਾਂ ਦੀ ਜੀਵਨ ਕਹਾਣੀ ਤਾਂ ਘਰੇਲੂ ਔਰਤ ਤੋਂ ਵੀ ਬਦਤਰ ਹੈ। ਨੌਕਰੀ ਕਰਨੀ, ਘਰ ਸੰਭਾਲਣਾ, ਸਮਾਜਿਕ ਜਿ਼ੰਮੇਵਾਰੀਆਂ। ਸਦੀਆਂ ਤੋਂ ਮਰਦ ਪ੍ਰਧਾਨ ਸਮਾਜ ਵਿਚ ਔਰਤ ਨੂੰ ਹਮੇਸ਼ਾਂ ਹੀ ਦੂਜੇ ਦਰਜੇ ’ਤੇ ਰੱਖਿਆ ਗਿਆ। ਇਤਿਹਾਸ ਗਵਾਹ ਹੈ, ਔਰਤ ਨੂੰ ਪੈਰ ਦੀ ਜੁੱਤੀ ਕਿਹਾ ਗਿਆ ਹੈ।
15ਵੀਂ ਸਦੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਹੁੰਦਾ ਹੈ। ਉਸ ਸਮੇਂ ਵੀ ਸਮਾਜ ਵਿਚ ਇਸਤਰੀ ਦੇ ਹਾਲਾਤ ਬਹੁਤ ਤਰਸਯੋਗ ਸਨ। ਉਨ੍ਹਾਂ ਪਹਿਲੀ ਵਾਰ ਇਸਤਰੀ ਜਾਤੀ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਅਤੇ ਆਪਣੀ ਬਾਣੀ ਵਿਚ ਇਸਤਰੀ ਨੂੰ ‘ਸੋ ਕਿਉ ਮੰਦਾ ਆਖੀਐ, ਜਿਤ ਜੰਮੇ ਰਾਜਾਨ’ ਕਹਿ ਕੇ ਵੱਡਾ ਮਾਣ ਦਿੱਤਾ।
ਰਿਗਵੇਦ ਦੀ ਗੱਲ ਕਰੀਏ ਤਾਂ ਉਸ ਵਿਚ ਤਿੰਨ ਮਹਾਨ ਔਰਤਾਂ ਵਿਸ਼ਵਾ, ਘੋਸ਼ਾ ਅਤੇ ਉਪਲਾ ਦਾ ਜ਼ਿਕਰ ਆਉਂਦਾ ਹੈ। ਇਹ ਤਿੰਨੋਂ ਔਰਤਾਂ ਸਿੱਖਿਆਦਾਇਕ ਅਤੇ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਹੋਣ ਦੇ ਨਾਲ਼-ਨਾਲ਼ ਸਮਾਜ ਵਿਚ ਬਾਕੀ ਔਰਤਾਂ ਨੂੰ ਵੀ ਚੇਤਨਾ ਪ੍ਰਤੀ ਜਾਗਰੂਕ ਕਰਦੀਆਂ ਸਨ। ਸਮੇਂ ਦੇ ਨਾਲ਼ ਬਦਲਦੀਆਂ ਪਰਿਸਥਿਤੀਆਂ ਦੇ ਕਾਰਨ ਅਤੇ ਵਿਦੇਸ਼ੀ ਹਮਲਿਆਂ ਨੇ ਇਸਤਰੀ ਦੀ ਜਾਗ੍ਰਤੀ ਨੂੰ ਢਾਹ ਲਾਈ ਹੈ। ਚਾਰੇ ਵਰਣਾਂ ਵਿਚ ਵੀ ਇਸਤਰੀ ਦੇ ਸੁਧਾਰ ਦੀ ਕੋਈ ਗੱਲ ਨਹੀਂ ਕੀਤੀ ਗਈ, ਔਰਤ ਨੂੰ ਦੁਰਕਾਰਿਆ ਹੀ ਹੈ। ਵਰਣਿਕ ਵੰਡ ਵਿਚ ਸ਼ੂਦਰ ਨਾਰੀ ਦੀ ਸਥਿਤੀ ਸਮਾਜ ਵਿਚ ਬੇਹੱਦ ਤਰਸਯੋਗ ਸੀ। ਇਸ ਤੋਂ ਵੀ ਪਿੱਛੇ ਝਾਤ ਮਾਰੀਏ ਤਾਂ ਆਰੀਅਨਾਂ ਦੇ ਆਉਣ ਤੋਂ ਬਾਅਦ ਅਤੇ ਮੁਗ਼ਲ ਵਿਦੇਸ਼ੀ ਹਮਲਾਵਰਾਂ ਦੇ ਭਾਰਤ ਵਿਚ ਆਉਣ ਤੋਂ ਬਾਅਦ ਭਾਰਤੀ ਨਾਰੀ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਗਈ। ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ, ਸੰਤਾਂ, ਸੂਫ਼ੀ, ਫ਼ਕੀਰਾਂ ਅਤੇ ਸਮੇਂ-ਸਮੇਂ ’ਤੇ ਪੈਦਾ ਹੋਈਆਂ ਸਮਾਜ ਸੁਧਾਰਕ ਲਹਿਰਾਂ ਨੇ ਬੇਸ਼ੱਕ ਔਰਤ ਦੇ ਮਾਨ ਸਨਮਾਨ ਦੀ ਗੱਲ ਤਾਂ ਕੀਤੀ ਪਰ ਮਰਦ ਪ੍ਰਧਾਨ ਸਮਾਜ ਵਿਚ ਉਹ ਰੁਤਬਾ ਹਾਸਲ ਨਾ ਕਰ ਸਕੀ ਜੋ ਉਸ ਨੂੰ ਮਰਦ ਦੇ ਬਰਾਬਰ ਦਾ ਸਥਾਨ ਪ੍ਰਾਪਤ ਹੁੰਦਾ। ਸਿੱਖਿਆ ਦੀ ਜਾਗਰਤੀ ਨੇ ਇਸਤਰੀ ਨੂੰ ਉਸ ਦੇ ਅਧਿਕਾਰਾਂ ਪ੍ਰਤੀ ਸੁਚੇਤ ਤਾਂ ਕੀਤਾ ਹੈ ਪਰ ਇਹ ਚੇਤਨਾ ਆਰਥਿਕ ਤੌਰ ’ਤੇ ਮਜ਼ਬੂਤ ਖ਼ਾਸ ਵਰਗ ਤੱਕ ਹੀ ਮਹਿਦੂਦ ਹੋ ਕੇ ਰਹਿ ਗਈ। ਇਸਤਰੀ ਦੀ ਗ਼ੁਲਾਮ ਮਾਨਸਿਕਤਾ ਦਾ ਕਾਰਨ ਕਿਤੇ ਨਾ ਕਿਤੇ ਸਾਡਾ ਭਾਰਤੀ ਸਮਾਜ ਅਤੇ ਸੱਭਿਆਚਾਰ ਵੀ ਇਸ ਦੀ ਪਰੋੜਤਾ ਵਿਚ ਇਜ਼ਾਫ਼ਾ ਕਰਦਾ ਹੈ।
ਹੁਣ ਗੱਲ ਕਰਦੇ ਹਾਂ ਵਿਸ਼ਵ ਪੱਧਰ ਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਜੋ ਔਰਤਾਂ ਦੇ ਜ਼ਮੀਨੀ ਅਤੇ ਯਥਾਰਥਿਕਤਾ ਦੇ ਪੱਧਰ ਤੱਕ ਦੇ ਅਧਿਕਾਰਾਂ ਦੀ ਅਗਵਾਈ ਕਰਦੀ ਹੈ। ਅੰਤਰਰਾਸ਼ਟਰੀ ਮਹਿਲਾ ਦਿਵਸ ਜਾਂ ਕੌਮਾਂਤਰੀ ਨਾਰੀ ਦਿਵਸ , ਜਿਸ ਨੂੰ ਸ਼ੁਰੂ ਵਿੱਚ ‘International working a women’s Day’ ਕਿਹਾ ਗਿਆ, ਹਰ ਸਾਲ 8 ਮਾਰਚ ਨੂੰ ਪੂਰੇ ਸੰਸਾਰ ਭਰ ਵਿੱਚ ਮਨਾਇਆ ਜਾਂਦਾ ਹੈ। ਇਹ ਦਿਵਸ ਇਕ ਅੰਦੋਲਨ ਦੇ ਰੂਪ ਵਿਚ ਸੀ। ਜਿਸ ਨੂੰ ਸੰਯੁਕਤ ਰਾਸ਼ਟਰ ਨੇ ਸਲਾਨਾ ਸਮਾਗਮ ਦੇ ਤੌਰ ਤੇ ਸਵੀਕਾਰ ਕੀਤਾ। ਇਸ ਸਮਾਗਮ ਦਾ ਬੀਜ 1908 ਈਸਵੀ ਵਿੱਚ ਹੀ ਬੀਜਿਆ ਗਿਆ ਸੀ, ਜਦੋਂ ਨਿਊਯਾਰਕ ਸ਼ਹਿਰ ਵਿਚ 15 ਹਜ਼ਾਰ ਮਹਿਲਾਵਾਂ ਨੇ ਕੰਮ ਦੇ ਘੰਟੇ ਘੱਟ ਕਰਨੇ, ਚੰਗਾ ਵੇਤਨ ਦੇਣਾ ਅਤੇ ਵੋਟ ਦਾ ਅਧਿਕਾਰ ਦੇਣ ਦੀ ਮੰਗ ਦੇ ਨਾਲ਼ ਵਿਰੋਧ ਪ੍ਰਦਰਸ਼ਨ ਕੀਤਾ। ਇਸ ਤੋਂ ਇਕ ਸਾਲ ਬਾਅਦ 1909 ਵਿਚ ਯੂਨਾਈਟਡ ਸਟੇਟਸ ਵਿਚ 28 ਫਰਵਰੀ ਨੂੰ ਨੈਸ਼ਨਲ ਵੀਮਨ ‘ਜ਼ ਡੇਅ ਮਨਾਇਆ ਗਿਆ। ਅਮਰੀਕੀ ਸੋਸ਼ਲਿਸਟ ਪਾਰਟੀ ਨੇ ਪਹਿਲੀ ਵਾਰ ਰਾਸ਼ਟਰੀ ਮਹਿਲਾ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ। ਇਸ ਦਿਨ ਨੂੰ ਅੰਤਰਰਾਸ਼ਟਰੀ ਬਣਾਉਣ ਦਾ ਵਿਚਾਰ ‘ਕੁਲਾਰਾ ਜੈਟਕਿਨ”(ਜਰਮਨ ਇੱਕ ਸਮਾਜ ਸੇਵਕਾ) ਦੇ ਦਿਮਾਗ਼ ਵਿਚ ਆਇਆ। ਉਨ੍ਹਾਂ ਨੇ ਆਪਣਾ ਇਹ ਵਿਚਾਰ 1910 ਈਸਵੀ ਵਿਚ ਕਾਪਨਹੇਗਨ ਵਿਚ ਆਯੋਜਿਤ ਇੰਟਰਨੈਸ਼ਨਲ ਕਾਨਫਰੰਸ ਆਫ ਵਰਕਿੰਗ ਵੀਮਨ ਵਿਚ ਮਹਿਲਾਵਾਂ ਲਈ ਇਕ ਵਿਸ਼ੇਸ਼ ਦਿਨ ਮਨਾਉਣ ਦਾ ਸੁਝਾਅ ਦਿੱਤਾ। ਇਸ ਤੋਂ ਬਾਅਦ ਹੀ 1911 ਵਿਚ ਪਹਿਲੀ ਵਾਰ 19 ਮਾਰਚ ਨੂੰ ਆਸਟਰੇਲੀਆ, ਜਰਮਨੀ, ਸਵਿਟਜ਼ਰਲੈਂਡ ਅਤੇ ਡੈਨਮਾਰਕ ਵਿਚ ਮਹਿਲਾ ਦਿਵਸ ਮਨਾਇਆ ਗਿਆ। ਫਿਰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। 08 ਮਾਰਚ ਦੀ ਤਾਰੀਖ਼ ਇਸ ਕਰਕੇ ਤੈਅ ਹੋਈ ਕਿ 1917 ਵਿਚ ਰੂਸ ਵਿਚ ਕ੍ਰਾਂਤੀ ਆਈ ਉਥੋਂ ਦੀਆਂ ਔਰਤਾਂ ਨੇ ‘ਰੋਟੀ ਅਤੇ ਅਮਨ’ ਲਈ ਹੜਤਾਲ ਕਰ ਦਿੱਤੀ। ਰੂਸੀ ਕ੍ਰਾਂਤੀ ਵਿਚ ਔਰਤਾਂ ਨੂੰ ਮਤਾ ਪ੍ਰਾਪਤ ਹੋਣ ਤੋਂ ਬਾਅਦ ਆਈ. ਡਬਲਿਊ. ਡੀ. ਨੂੰ ਰਾਸ਼ਟਰੀ ਛੁੱਟੀ ਬਣਾ ਦਿੱਤਾ ਗਿਆ ਸੀ। ਇਸ ਇਤਿਹਾਸਿਕ ਘਟਨਾ ਦੀ ਯਾਦ ਵਿਚ ਅੱਠ ਮਾਰਚ ਨੂੰ ਮਹਿਲਾ ਦਿਵਸ ਮਨਾਇਆ ਜਾਣ ਲੱਗਿਆ। 1960 ਦੇ ਦਹਾਕੇ ਦੇ ਅਖ਼ੀਰ ਵਿੱਚ ਵਿਸ਼ਵ ਨਾਰੀਵਾਦੀ ਲਹਿਰ ਖੱਬੇ ਪੱਖੀ ਅੰਦੋਲਨ ਨਾਲ ਜੁੜੀ ਹੋਈ ਸੀ। ‘ਗਲੋਰੀਆ ਸਟੀਨੇਮ’ ਵਿਸ਼ਵ ਪ੍ਰਸਿੱਧ ਨਾਰੀਵਾਦੀ ਪੱਤਰਕਾਰ ਨੇ ਇਕ ਵਾਰ ਕਿਹਾ ਸੀ ਕਿ ਸਮਾਨਤਾ ਲਈ ਔਰਤਾਂ ਦੇ ਸੰਘਰਸ਼ ਦੀ ਕਹਾਣੀ ਕਿਸੇ ਇਕ ਨਾਰੀਵਾਦੀ, ਨਾ ਹੀ ਕਿਸੇ ਸੰਗਠਨ ਨਾਲ ਸੰਬੰਧਿਤ ਹੈ ਪਰ ਮਨੁੱਖੀ ਅਧਿਕਾਰਾਂ ਦੀ ਪਰਵਾਹ ਕਰਨ ਵਾਲੇ ਸਾਰਿਆਂ ਦੇ ਸਮੂਹਿਕ ਯਤਨਾਂ ਨਾਲ ਸਬੰਧਿਤ ਹੈ। 1975 ਵਿਚ ਸੰਯੁਕਤ ਰਾਸ਼ਟਰ ਨੇ ਇਸ ਦਿਨ ਨੂੰ ਅਧਿਕਾਰਕ ’ਤੌਰ ਤੇ ਮਨਾਉਣਾ ਸ਼ੁਰੂ ਕੀਤਾ। ਇਸ ਦਾ ਮਕਸਦ ਔਰਤਾਂ ਦੀ ਸਥਿਤੀ, ਉਨ੍ਹਾਂ ਦੀਆਂ ਸੱਭਿਆਚਾਰਕ, ਰਾਜਨੀਤਕ , ਸਮਾਜਿਕ ਅਤੇ ਆਰਥਿਕ ਪ੍ਰਾਪਤੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਮਨਾਇਆ ਜਾਂਦਾ ਹੈ।
ਮੌਜੂਦਾ ਸਮੇਂ ਵਿੱਚ ਵੇਖਿਆ ਜਾਵੇ ਭਾਵੇਂ ਮਹਿਲਾਵਾਂ ਨੇ ਆਰਥਿਕ ਅਤੇ ਸਮਾਜਿਕ ਖੇਤਰ ਵਿਚ ਵਧੀਆ ਪ੍ਰਗਤੀ ਕੀਤੀ ਹੈ ਪਰ ਅਜੇ ਵੀ ਉਨ੍ਹਾਂ ਲਈ ਬਰਾਬਰ ਦੇ ਮੌਕੇ, ਸੁਰੱਖਿਆ ਅਤੇ ਰੋਜ਼ਗਾਰ ਵਿਚ ਚੁਣੌਤੀਆਂ ਮੌਜੂਦ ਹਨ। ਇਹ ਗੱਲ ਬੜੇ ਦਾਵੇ ਨਾਲ ਕਹੀ ਜਾ ਸਕਦੀ ਹੈ ਕਿ 30% ਭਾਰਤੀ ਨਾਰੀ ਹੀ ਆਪਣੇ ਅਧਿਕਾਰਾਂ ਪ੍ਰਤੀ ਚੇਤਨ ਹੈ, ਬਾਕੀ ਵੱਡਾ ਹਿੱਸਾ ਭਾਰਤੀ ਨਾਰੀ ਦਾ ਅੱਜ ਵੀ ਗ਼ੁਲਾਮੀ ਦੀਆਂ ਜੰਜ਼ੀਰਾਂ ਵਿਚ ਜਕੜਿਆ ਹੋਇਆ ਹੈ। ਜਿਸ ਵਿੱਚੋਂ ਮਨੀਪੁਰ, ਹਾਥਰਸ ਅਤੇ ਦੇਸ਼ ਦੀਆਂ ਹੋਰ ਬਹੁਤ ਸਾਰੀਆਂ ਘਟਨਾਵਾਂ ਜਨਮ ਲੈਂਦੀਆਂ ਹਨ। ਜਿਸ ਕਰਕੇ ਉਹ ਆਸਮਾਨਤਾ, ਬੇਰੁਜ਼ਗਾਰੀ , ਭੁੱਖਮਰੀ ਅਤੇ ਅਣਮਨੁੱਖੀ ਵਿਵਹਾਰ ਦੀ ਪੀੜਾ ਸਹਿ ਰਹੀ ਹੈ। ਪਿਛਲੇ ਸਾਲਾਂ ਦੌਰਾਨ ਲਿੰਗ ਆਸਮਾਨਤਾ ਇਸੇ ਗੱਲ ਦੀ ਗਵਾਹੀ ਭਰਦੀ ਹੈ ਜਿਸ ਵਿਚ ਹਜ਼ਾਰ ਮਰਦਾਂ ਪਿੱਛੇ ਸਿਰਫ਼ 835 ਔਰਤਾਂ ਹੀ ਰਹਿ ਗਈਆਂ ਸਨ। ਜਿਸ ਦਾ ਖ਼ਮਿਆਜ਼ਾ ਸਮਕਾਲ ਭੁਗਤ ਰਿਹਾ ਹੈ। ਲੜਕੀਆਂ ਨੂੰ ਕੁੱਖ ਵਿਚ ਹੀ ਮਾਰ ਦੇਣਾ ਸਾਡੇ ਸਮਾਜ ਦੀ ਅਗਾਂਹ ਵਧੂ ਸੋਚ ਦਾ ਹਿੱਸਾ ਬਣ ਗਿਆ ਸੀ। ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੀ ਨਾਰੀ ਸਾਰੀ ਉਮਰ ਬਹੁਤ ਹੀ ਨਾਜ਼ੁਕ ਹਾਲਾਤ ਦਾ ਸਾਹਮਣਾ ਕਰਦੀ ਹੈ। ਖ਼ੂਬਸੂਰਤ ਜ਼ਿੰਦਗੀ ਨੂੰ ਜਿਊਣ ਦੀਆਂ ਸੁਰੀਲੇ ਸੁਰਾਂ ਤਾਂ ਉਸ ਵਿਚ ਵੀ ਹਨ ਪਰ ਹਾਲਾਤ ਅੱਗੇ ਬੇਵੱਸ ਹੁੰਦੀ ਹੋਈ ਹਾਰ ਜਾਂਦੀ ਹੈ। ਆਓ ਅੱਜ ਦੇ ਅੰਤਰਰਾਸ਼ਟਰੀ ਨਾਰੀ ਦਿਵਸ ਤੇ ਇਹ ਪ੍ਰਣ ਕਰੀਏ ਕਿ ਇਸਤਰੀ ਦੀ ਤਰੱਕੀ ਲਈ ਹਰ ਸੰਭਵ ਯਤਨ ਕਰਾਂਗੇ। ਉਸ ਨੂੰ ਜੀਵਨ ਦੇ ਹਰ ਖੇਤਰ ਵਿਚ ਅੱਗੇ ਵਿਗਸਣ ਦੇ ਮੌਕੇ ਦੇਵਾਂਗੇ। ਕਿੰਨਾ ਸੋਹਣਾ ਲਿਖਿਆ ਹੈ ਕਿਸੇ ਨੇ : ਸੁਰਾਂ ਦਾ ਇਲਮ ਹੈ ਮੈਨੂੰ, ਸੁਰੀਲੀ ਬਾਂਸੁਰੀ ਹਾਂ ਮੈਂ। ਤੇਰੀ ਦੁਰਕਾਰ ਦੇ ਸਦਕਾ, ਹੋਈ ਪਰ ਬੇਸੁਰੀ ਹਾਂ ਮੈਂ।
-ਅੰਮ੍ਰਿਤਪਾਲ ਕਲੇਰ
86996-93680