ਪੁਸਤਕ ‘ਨਾ ਕਾਹੂ ਸੇ ਦੋਸਤੀ’ ਦੇ ਅਰੰਭਕ ਸ਼ਬਦਾਂ ’ਚ ਬਹੁਤ ਹੀ ਅਹਿਮ ਗੱਲ ਆਖੀ ਗਈ ਹੈ। ਇਸ ਤੋਂ ਸੇਧ ਵੀ ਲਈ ਜਾ ਸਕਦੀ ਹੈ। ਇਸ ’ਚ ਲੇਖਕ ਦਾ ਕਹਿਣਾ ਹੈ ਕਿ ਜੇਕਰ ਅੱਖਾਂ, ਕੰਨ ਤੇ ਮੂੰਹ ਸੁਚੱਜੇ ਢੰਗ ਨਾਲ ਵਰਤਣਾ ਆ ਜਾਵੇ ਤਾਂ ਇਸ ਨਾਲ ਅਸੀਂ ਕਿਸੇ ਗੱਲ ਦੇ ਪੁੱਠੇ ਪਾਸੇ ਵੇਖਣ ਦੇ ਕਾਬਲ ਵੀ ਹੋ ਸਕਦੇ ਹਾਂ।
ਪੁਸਤਕ ‘ਨਾ ਕਾਹੂ ਸੇ ਦੋਸਤੀ’ ਦੇ ਅਰੰਭਕ ਸ਼ਬਦਾਂ ’ਚ ਬਹੁਤ ਹੀ ਅਹਿਮ ਗੱਲ ਆਖੀ ਗਈ ਹੈ। ਇਸ ਤੋਂ ਸੇਧ ਵੀ ਲਈ ਜਾ ਸਕਦੀ ਹੈ। ਇਸ ’ਚ ਲੇਖਕ ਦਾ ਕਹਿਣਾ ਹੈ ਕਿ ਜੇਕਰ ਅੱਖਾਂ, ਕੰਨ ਤੇ ਮੂੰਹ ਸੁਚੱਜੇ ਢੰਗ ਨਾਲ ਵਰਤਣਾ ਆ ਜਾਵੇ ਤਾਂ ਇਸ ਨਾਲ ਅਸੀਂ ਕਿਸੇ ਗੱਲ ਦੇ ਪੁੱਠੇ ਪਾਸੇ ਵੇਖਣ ਦੇ ਕਾਬਲ ਵੀ ਹੋ ਸਕਦੇ ਹਾਂ। ਜ਼ਰੂਰੀ ਨਹੀਂ ਕਿ ਬੁਰਾ ਸੁਣਨ, ਬੋਲਣ ਤੇ ਵੇਖਣ ਦੇ ਪ੍ਰਤੀਕ ਵਜੋਂ ਮਹਾਤਮਾ ਗਾਂਧੀ ਦੇ ਤਿੰਨ ਬਾਂਦਰ ਬਣ ਕੇ ਜਿਵੇਂ ਦੁਨੀਆ ਜ਼ਿੰਦਗੀ ਕੱਟ ਰਹੀ ਹੈ, ਉਸੇ ਪੈੜ ਵਿਚ ਤੁਰੇ ਜਾਈਏ। ਜ਼ਿੰਦਗੀ ਉਦੋਂ ਹੀ ਇਸ ‘ਕੱਟਣ’ ਦੇ ਚੱਕਰ ’ਚੋਂ ਬਾਹਰ ਨਿਕਲ ਕੇ ਜਿਊਣ ਵਾਲੇ ਪਾਸੇ ਆ ਸਕਦੀ ਹੈ ਜਦੋਂ ਅਸੀਂ ਸਮਾਜ ਨੂੰ ਨੀਝ ਲਾ ਕੇ ਵੇਖਣ ਦਾ ਵਲ ਸਿੱਖ ਲੈਂਦੇ ਹਾਂ। ਹਾਲਾਂਕਿ ਇਹ ਕਿਤਾਬ ਦੀ ਮੁੱਢਲੀ ਜਾਣਕਾਰੀ ਹੈ ਪਰ ਇਸ ਨਾਲ ਲੇਖਕ ਦਾ ਮੁਕੰਮਲ ਇਸ਼ਾਰਾ ਸਮਝਣ ਲਈ ਸਾਨੂੰ ਉਸ ਵਿਧਾ ਨੂੰ ਵੀ ਸਮਝਣਾ ਪਵੇਗਾ, ਜਿਸ ਰਾਹੀਂ ਲੇਖਕ ਨੇ ਸਮਾਜਿਕ ਚੰਗਿਆਈਆਂ ਤੇ ਬੁਰਾਈਆਂ ਦਾ ਅਸਲੀ ਚਿਹਰਾ ਸ਼ਬਦਾਂ ਦੇ ਸ਼ੀਸ਼ੇ ਵਿਚ ਉਤਾਰਨ ਦੀ ਕੋਸ਼ਿਸ਼ ਕੀਤੀ ਹੈ।
ਦਰਅਸਲ, ਇਹ ਕਿਤਾਬ ਅਖ਼ਬਾਰਾਂ ਦੇ ਬਹੁਤ ਹੀ ਅਹਿਮ ਪੰਨੇ ‘ਸੰਪਾਦਕੀ’ ’ਚ ਛਪਣ ਵਾਲੇ ‘ਮਿਡਲ’ ’ਤੇ ਅਧਾਰਤ ਹੈ। ਜਿਵੇਂ ਇਸ ਪੰਨੇ ’ਤੇ ਸੰਪਾਦਕੀ ਤੇ ਹੋਰ ਹਿੱਸਿਆਂ ਨੂੰ ਬੌਧਿਕ ਭੁੱਖ ਰੱਖਣ ਵਾਲੇ ਲੋਕ ਨੀਝ ਨਾਲ ਪੜ੍ਹਦੇ ਹਨ, ਇਸੇ ਕੜੀ ਵਿਚ ‘ਮਿਡਲ’ ’ਚ ਲੇਖਕ ਦੇ ਜੋ ਤਜਰਬੇ ਹੁੰਦੇ ਹਨ, ਉਸ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ। ਇਸ ਕਿਤਾਬ ਦੇ ਲੇਖਕ ਡਾ. ਹਜ਼ਾਰਾ ਸਿੰਘ ਚੀਮਾ ਨੇ ਰੋਜ਼ਾਨਾ ਅਖ਼ਬਾਰਾਂ ’ਚ ਛਪਣ ਵਾਲੇ ਵੱਖ-ਵੱਖ ਮਿਡਲ ਦਾ ਸੰਗ੍ਰਹਿ ਇਕੱਠਾ ਕੀਤਾ ਹੈ। ਲੇਖਕ ਦੇ ਦੱਸੇ ਮਤਾਬਕ ਇਸ ਹੱਥਲੀ ਪੁਸਤਕ ’ਚ ਹਲਕੇ ਫੁਲਕੇ ਪਰ ਸਹੀ ਸੇਧ ਦੇਣ ਵਾਲੇ ਉਹ ਲੇਖ ਸ਼ਾਮਲ ਹਨ, ਜਿਨ੍ਹਾਂ ਦਾ ਪਾਠਕ ਸਿੱਥਿਆ ਦੇ ਲਿਹਾਜ ਨਾਲ ਲਾਹਾ ਲੈ ਸਕਦੇ ਹਨ। ਗੱਲ ਇਸ ਕਿਤਾਬ ਦੇ ਪਹਿਲੇ ਮਿਡਲ ਤੋਂ ਸ਼ੁਰੂ ਕੀਤੀ ਜਾਵੇ ਤਾਂ ਲੇਖਕ ਵੱਲੋਂ ਸਮਾਜ ਦੇ ਪੁੱਠੇ ਪਾਸੇ ਨੂੰ ਕਿਵੇਂ ਸਿੱਧਾ ਕਰ ਕੇ ਬੇਪਰਦ ਕੀਤਾ ਜਾਂਦਾ ਹੈ, ਇਸ ਗੱਲ ਦਾ ਅਹਿਸਾਸ ਹੁੰਦਾ ਹੈ। ਮਿਡਲ ‘ਜਦੋਂ ਅਸੀਂ ਅੰਨਾ ਦੇ ਆਖੇ ਲੱਗੇ’ ’ਚ ਲੇਖਕ ਨੇ ਅਜਿਹੀ ਸਮਾਜਿਕ ਕੁਰੀਤੀ ਤੋਂ ਪਰਦਾ ਲਾਹਿਆ ਹੈ, ਜਿਸ ਦੇ ਅੜਿੱਕੇ ਚੜ੍ਹੇ ਲੋਕ ਬਹੁਤੀ ਵਾਰ ਇਹ ਕਹਿ ਕੇ ਪੱਲਾ ਝਾੜ ਦਿੰਦੇ ਹਨ ਕਿ ‘ਸਭ ਕਹਿਣ ਦੀਆਂ ਗੱਲਾਂ ਹਨ। ਦਰਅਸਲ ਇਸ ਵਿਚ ਅੰਨਾ ਹਜ਼ਾਰੇ ਦੇ ਭ੍ਰਿਸ਼ਟਾਚਾਰ ਲਈ ਵਿੱਢੇ ਗਏ ਸੰਘਰਸ਼ ਤੇ ਇਸ ਦੀ ਸਮਾਜ ’ਚ ਅਸਲੀਅਤ ਨੂੰ ਸਾਹਮਣੇ ਲਿਆਂਦਾ ਗਿਆ ਹੈ। ਇਕ ਪਾਸੇ ਲੇਖਕ ਅੰਨਾ ਹਜ਼ਾਰੇ ਦੇ ਇਸ ਕੁਰੀਤੀ ਖ਼ਿਲਾਫ਼ ਵਿੱਢੇ ਸੰਘਰਸ਼ ’ਚ ਆਪਣੀ ਸੁਰ ਮਿਲਾਉਂਦਾ ਹੈ ਪਰ ਦੂਜੇ ਪਾਸੇ ਉਸ ਦੇ ਆਪਣੇ ਕੰਮ ਬਿਨਾਂ ‘ਮਾਇਆ’ ਦਿੱਤੇ ਨਹੀਂ ਹੁੰਦੇ। ਫਿਰ ਉਸ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਸਭ ਕਹਿਣ ਦੀਆਂ ਗੱਲਾਂ ਤੇ ਅੰਨਾ ਹਜ਼ਾਰੇ ਨੂੰ ਕੀ ਪਤਾ ਦੁਨੀਆ ਕਿਹੜੇ ਤਰੀਕੇ ਚੱਲ ਰਹੀ ਹੈ।
ਇਸੇ ਤਰ੍ਹਾਂ ਇਸ ਪੁਸਤਕ ਦੇ ਮਿਡਲ ‘ਚਿੜੀ ਦੀ ਚੁੰਝ’ ਵੀ ਵੱਖਰੇ ਤਰ੍ਹਾਂ ਦਾ ਅਹਿਸਾਸ ਸਿਰਜਦਾ ਹੈ। ਇਸ ਵਿਚ ਲੇਖਕ ਦੱਸਦਾ ਹੈ ਕਿ ਕਿਵੇਂ ਉਸ ਨੇ ਇਕ ਛੋਟੀ ਜਿਹੀ ਮਿਲਣੀ ਮਗਰੋਂ ਇਕ ਵੱਡੇ ਸੰਘਰਸ਼ ’ਚ ਆਪਣਾ ਤਿਲ-ਫੁਲ ਪਾਇਆ ਤੇ ਇਸ ਗੱਲ ਦਾ ਅਹਿਸਾਸ ਹੋਇਆ ਕਿ ਕਈ ਵਾਰ ਅਸੀਂ ਜਿਸ ਚੀਜ਼ ਨੂੰ ਨਿਗੂਣੀ ਜਿਹੀ ਸਮਝ ਕੇ ਆਪਣਾ ਹੀ ਕੋਈ ਅਹਿਸਾਸ ਸਿਰਜ ਲੈਂਦੇ ਹਨ ਪਰ ਉਸੇ ਦੇ ਦੂਜੇ ਪਾਸੇ ਕੁਝ ਹੋਰ ਬ੍ਰਿਤਾਂਤ ਚੱਲ ਰਿਹਾ ਹੁੰਦਾ ਹੈ। ਇਕ ਹੋਰ ਮਿਡਲ ‘ਕਿੰਨਾ ਫ਼ਿਕਰ ਗ਼ਜ਼ਲਗੋ ਕਰਦੇ...’ ’ਚ ਇਕ ਵਿਅੰਗ ਤੇ ਤ੍ਰਾਸਦੀ ਨੂੰ ਬਿਆਨਣ ਦੀ ਲੇਖਕ ਨੇ ਕੋਸ਼ਿਸ਼ ਕੀਤੀ ਹੈ। ਇਸ ’ਚ ਉਸ ਨੇ ਦੱਸਿਆ ਹੈ ਕਿ ਕਿਵੇਂ ਅਸੀਂ ਤੇ ਸਮਾਜ ਦੇ ਹੋਰ ਲੋਕ ਵੱਡੀਆਂ ਗੱਲਾਂ ਨੂੰ ਇਕ ਪਾਸੇ ਕਰ ਧਰ ਦਿੰਦੇ ਹਾਂ ਤੇ ਨਿਗੂਣੀਆਂ ’ਤੇ ਸਿਰ ਖਪਾਉਂਦੇ ਰਹਿੰਦੇ ਹਾਂ। ਇਸ ਮਿਡਲ ਵਿਚਲਾ ‘ਪੱਤਰਕਾਰ’ ਕਿਰਦਾਰ ਸਾਰੀ ਕਹਾਣੀ ਦਾ ਮੁੱਢ ਹੈ।
ਹਾਲਾਂਕਿ ਲੇਖਕ ਇਹ ਵੀ ਦੱਸਣਾ ਚਾਹੁੰਦਾ ਹੈ ਕਿ ਬੇਤੁਕੀਆਂ ਚੀਜ਼ਾਂ ’ਤੇ ਛੇੜੀ ਗਈ ਬਹਿਤ ਕਈ ਵਾਰ ਵੱਡੇ ਨੁਕਸਾਨ ਦਾ ਕਾਰਨ ਬਣ ਜਾਂਦੀ ਹੈ। ਇਸ ਲਈ ਬਿਨਾਂ ਪੁਣਛਾਣ ਕੀਤਿਆਂ ਕਿਸੇ ਵੀ ਗੱਲ ਨੂੰ ਹਵਾ ਨਹੀਂ ਦੇਣੀ ਚਾਹੀਦੀ। ਇਸੇ ਕਿਤਾਬ ਵਿਚਲੇ ਮਿਡਲ ‘ਜਿੱਥੇ ਚਾਹ ਉੱਥੇ ਰਾਹ’, ‘ਤਰਸ ਬਨਮ ਤਰਸ’, ‘ਆਪਣੀ ਹੀ ਮੱਝ ਦਾ ਦੁੱਧ’, ‘ਦਲ ਬਦਲੀ ਬਨਾਮ ਦਿਲ ਬਦਲੀ’, ‘ਪੈ ਗਿਆ ਰਿਵਾਜ਼ ਖਸਮਾਂ ਨੂੰ ਖਾਣੀ ਦਾ’ ਤੇ ‘ਸਭ ਤੋਂ ਖਤਰਨਾਕ ਅੱਖ’ ਵੀ ਉਚੇਚੇ ਤੌਰ ’ਤੇ ਪੜ੍ਹਨਯੋਗ ਹਨ। ਇਕ ਗੱਲ ਜੋ ਇਸ ਕਿਤਾਬ ਬਾਰੇ ਦੱਸਣੀ ਅਹਿਮ ਹੈ, ਉਹ ਇਹ ਹੈ ਕਿ ਇਹ ਕਿਤਾਬ ਅੱਖਰਾਂ ਤੇ ਸਮਾਜਿਕ ਵਿਸ਼ਿਆਂ ਦੇ ਦੁਵੱਲੇ ਰੂਪਾਂ ਨੂੰ ਨੂੰ ਸਵਾਦ ਨਾਲ ਪੜ੍ਹਨ ਵਾਲਿਆਂ ਦੇ ਕੰਮ ਦੀ ਤਾਂ ਹੈ, ਇਸ ਦੇ ਨਾਲ-ਨਾਲ ਇਹ ਪੱਤਰਾਕਾਰੀ ਤੇ ਅੱਖਰਕਾਰੀ ਲਈ ਬੌਧਿਕ ਧਰਾਤਲ ’ਤੇ ਤੁਰਨ ਵਾਲੇ ਜਗਿਆਸੂਆਂ ਲਈ ਵੀ ਲਾਹੇਵੰਦ ਹੈ। ‘ਮਿਡਲ’ ਲਿਖਣ ਵਾਲੇ ਕਿਵੇਂ ਸਮਾਜ ਨੂੰ ਸ਼ੀਸ਼ੇ ’ਚ ਉਤਾਰ ਕੇ ਐਨ ਧੋਅ ਸਵਾਰ ਕੇ ਤੁਹਾਡੇ ਅੱਗੇ ਰੱਖ ਦਿੰਦੇ ਹਨ, ਜੇ ਉਸ ਦੀ ਕਲਾਤਮਕਤਾ ਨੂੰ ਦੇਖਣਾ ਹੋਵੇ ਤਾਂ ਇਹ ਕਿਤਾਬ ਫਾਇਦੇਮੰਦ ਹੈ। ਲੇਖਕ ਇਸ ਗੱਲ ਲਈ ਵਧਾਈ ਦਾ ਪਾਤਰ ਵੀ ਹੈ, ਜਿਸ ਨੇ ਆਪਣੀ ਜ਼ਿੰਦਗੀ ਦੇ ਤਜਰਬੇ ਤੇ ਅਹਿਮ ਪਲ ਪਾਠਕਾਂ ਦੇ ਅੱਗੇ ਰੱਖਣ ਲਈ ਇਸ ਨੂੰ ਕਿਤਾਬ ਦਾ ਰੂਪ ਦਿੱਤਾ ਹੈ। ਇਸ ਕਿਤਾਬ ਦੇ ਲੇਖਕ ਡਾ. ਹਜ਼ਾਰਾ ਸਿੰਘ ਚੀਮਾ ਹਨ ਤੇ ਇਸ ਨੂੰ ਆਜ਼ਾਦ ਬੁੱਕ ਡਿਪੂ, ਹਾਲ ਬਾਜ਼ਾਰ ਅੰਮ੍ਰਿਤਸਰ ਵੱਲੋਂ ਛਾਪਿਆ ਗਿਆ ਹੈ। ਇਸ ਦੇ ਪੰਨੇ 472 ਹਨ ਤੇ ਮੁੱਲ 660 ਰੁਪਏ ਹੈ।
- ਜਗਜੀਵਨ ਮੀਤ