ਡਾ. ਦੀਵਾਨ ਸਿੰਘ ‘ਕਾਲੇਪਾਣੀ’ ਨੇ ਜਾਪਾਨੀ ਫ਼ੌਜਾਂ ਦੇ ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕੀਤਾ। 23 ਅਕਤੂਬਰ 1943 ਨੂੰ ਆਪ ਜੀ ਦੀ ਗ੍ਰਿਫ਼ਤਾਰੀ ਦੇ ਹੁਕਮ ਜਾਰੀ ਹੋ ਗਏ। ਉਨ੍ਹਾਂ ਨੂੰ ਝੂਠੇ ਕੇਸ ’ਚ ਫਸਾ ਕੇ ਕੈਦ ਕਰ ਲਿਆ ਗਿਆ। ਹੁਣ ਉਹ ਜੇਲ੍ਹ ’ਚ ਹੀ ਡਾਕਟਰੀ ਸੇਵਾਵਾਂ ਦੇਣ ਲੱਗੇ...

‘ਸੱਚ ਸੂਰਜ
ਨੂਰ ਚਮਕਦਾ ਹੈ,
ਜੋ ਇਸ ਤੇ ਧਿਆਨਜਮਾ ਸਕਦਾ
ਉਹ ਜ਼ੁਲਮਤ ਦੂਰ ਹਟਾ ਸਕਦਾ।’
ਆਪਣੀ ਲਿਖਤ ਡਾ. ਦੀਵਾਨ ਸਿੰਘ ਕਾਲੇਪਾਣੀ ਦੀ ਕਵਿਤਾ ‘ਸੱਚ’ ਦੀਆਂ ਇਨ੍ਹਾਂ ਸਤਰਾਂ ਨਾਲ ਸ਼ੁਰੂ ਕਰਨ ਦਾ ਭਾਵ ਇਹ ਹੀ ਹੈ ਕਿ ਡਾ. ਦੀਵਾਨ ਸਿੰਘ ਨੇ ਜੋ ਲਿਖਿਆ ਉਹ ਆਪਣੇ ਪਿੰਡੇ ’ਤੇ ਹੰਢਾਇਆ ਵੀ। ਆਪ ਹੱਕ-ਸੱਚ ਦੀ ਆਵਾਜ਼ ਬੁਲੰਦ ਕਰਦੇ ਕਾਲੇ ਪਾਣੀਆਂ ਦੀ ਧਰਤੀ ’ਤੇ ਸ਼ਹਾਦਤ ਪ੍ਰਾਪਤ ਕਰ ਗਏ। ਨੇਕੀ ਦੇ ਮੁਜੱਸਮੇ ਦੀਵਾਨ ਸਿੰਘ ਦੇ ਨਾਮ ਨਾਲ ਕਾਲੇਪਾਣੀ ਦਾ ਤਖੱਲਸ ਉਨ੍ਹਾਂ ਦੀ ਅੰਡੇਮਾਨ ਨਿਕੋਬਾਰ ਟਾਪੂਆਂ ਵਿਖੇ ਕੀਤੀ ਨਿਸ਼ਕਾਮ ਸੇਵਾ ਦਾ ਹੀ ਫਲ ਹੈ। ਡਾ. ਦੀਵਾਨ ਸਿੰਘ ‘ਕਾਲੇਪਾਣੀ’ ਦਾ ਜਨਮ 22 ਮਈ 1897 ਨੂੰ ਪਿੰਡ ਗਲ੍ਹੋਟੀਆ ਖ਼ੁਰਦ, ਜ਼ਿਲ੍ਹਾ ਸਿਆਲਕੋਟ (ਹੁਣ ਪਾਕਿਸਤਾਨ) ਵਿਖੇ ਸੁੰਦਰ ਸਿੰਘ ਦੇ ਘਰ ਮਾਤਾ ਇੰਦਰ ਕੌਰ ਦੀ ਕੁੱਖੋਂ ਹੋਇਆ ਸੀ।
ਬਚਪਨ ’ਚ ਹੀ ਮਾਪੇ ਉਨ੍ਹਾਂ ਨੂੰ ਸਦੀਵੀ ਵਿਛੋੜਾ ਦੇ ਗਏ। ਪਾਲਣ-ਪੋਸ਼ਣ ਉਨ੍ਹਾਂ ਦੇ ਚਾਚੇ ਸੋਹਣ ਸਿੰਘ ਅਤੇ ਉਨ੍ਹਾਂ ਦੀ ਦਾਦੀ ਜੀ ਨੇ ਹੀ ਕੀਤਾ। ਗਲ੍ਹੋਟੀਆ ਖ਼ੁਰਦ ਵਿਖੇ ਸਕੂਲ ਨਾ ਹੋਣ ਕਾਰਨ ਆਪ ਤਿੰਨ ਮੀਲ ਪੈਦਲ ਚੱਲ ਕੇ ਗਲ੍ਹੋਟੀਆ ਕਲਾਂ ਵਿਖੇ ਸਥਿਤ ਪ੍ਰਾਇਮਰੀ ਸਕੂਲ ਵਿਚ ਪੜ੍ਹਨ ਜਾਇਆ ਕਰਦੇ ਸਨ। ਆਪ ਨੇ ਮਿਡਲ ਦੀ ਪੜ੍ਹਾਈ ਸਕਾਚ ਮਿਸ਼ਨ ਸਕੂਲ ਡਸਕਾ, ਜ਼ਿਲ੍ਹਾ ਸਿਆਲਕੋਟ ਤੋਂ ਕੀਤੀ ਅਤੇ ਮੈਟਿ੍ਰਕ 1915 ’ਚ ਖ਼ਾਲਸਾ ਹਾਈ ਸਕੂਲ ਸਿਆਲਕੋਟ ਤੋਂ ਪਾਸ ਕਰਨ ਉਪਰੰਤ ਡਾਕਟਰੀ ਦੀ ਪੜ੍ਹਾਈ ਲਈ ਮੈਡੀਕਲ ਕਾਲਜ ਆਗਰਾ ’ਚ ਦਾਖ਼ਲਾ ਲੈ ਲਿਆ। 1919 ’ਚ ਆਪ ਜੀ ਰਾਵਲਪਿੰਡੀ ਵਿਖੇ ਸਰਕਾਰੀ ਨੌਕਰੀ ਕਰਨ ਲੱਗੇ। ਇਸ ਤੋਂ ਇਕ ਸਾਲ ਪਹਿਲਾਂ ਆਪ ਜੀ ਦਾ ਵਿਆਹ ਵੀ ਹੋ ਚੁੱਕਾ ਸੀ, ਇਤਫਾਕਨ ਆਪ ਦੀ ਪਤਨੀ ਦਾ ਨਾਮ ਵੀ ਆਪ ਦੀ ਮਾਤਾ ਵਾਲਾ ਹੀ ਸੀ ਭਾਵ ਸ਼੍ਰੀਮਤੀ ਇੰਦਰ ਕੌਰ। ਰਾਵਲਪਿੰਡੀ ਤੋਂ ਬਾਅਦ ਆਪ ਬੰਨੂ, ਕੋਹਾਟ ਤੇ ਵਜ਼ੀਰਸਤਾਨ ਵਿਖੇ ਵੀ ਡਾਕਟਰੀ ਸੇਵਾਵਾਂ ਦਿੰਦੇ ਰਹੇ। ਆਪ ਸਾਹਿਤ ਦੀਆਂ ਚੰਗੀਆਂ ਕਿਤਾਬਾਂ ਵੀ ਪੜ੍ਹਦੇ ਰਹਿੰਦੇ ਸਨ।
ਅੰਗਰੇਜ਼ ਸਰਕਾਰ ਖ਼ਿਲਾਫ਼ ਬੋਲਣ ’ਤੇ ਸਜ਼ਾ
ਸੰਨ 1922 ’ਚ ਆਪ ਦੀ ਬਦਲੀ ਲਾਹੌਰ ਤੋਂ ਪਹਾੜੀ ਸਥਾਨ ਡਗਸ਼ਈ ਹੋ ਗਈ ਜਿੱਥੇ ਕੁਦਰਤੀ ਵਾਤਾਵਰਨ ਨੇ ਆਪ ਜੀ ਦੇ ਕਵੀ ਮਨ ’ਤੇ ਬਹੁਤ ਡੂੰਘਾ ਪ੍ਰਭਾਵ ਪਾਇਆ। ਉੱਥੇ ਇਕ ਜਲਸੇ ਵਿਚ ਆਪ ਨੇ ਪਿ੍ਰੰਸ ਆਫ ਵੇਲਜ਼ ਦੇ ਵੱਡੇ ਪੁੱਤਰ ਦੇ ਭਾਰਤ ਦੌਰੇ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ। ਬਰਤਾਨਵੀ ਸਾਮਰਾਜ ਦੇ ਵਿਰੋਧ ਵਿਚ ਬੋਲਣ ਕਾਰਨ ਉਨ੍ਹਾਂ ’ਤੇ ਮੁਕੱਦਮਾ ਦਰਜ ਕੀਤਾ ਗਿਆ ਪਰ ਕੋਈ ਗਵਾਹ ਨਾ ਮਿਲਣ ਕਰਨ ਉਹ ਬਾਇੱਜ਼ਤ ਬਰੀ ਹੋ ਗਏ ਪਰ ਉਹ ਅੰਗਰੇਜ਼ ਸਰਕਾਰ ਦੀਆਂ ਅੱਖਾਂ ’ਚ ਰੜਕਣ ਲੱਗ ਪਏ ਸਨ ਕਿਉਂਕਿ ਇਕ ਸਰਕਾਰੀ ਕਰਮਚਾਰੀ ਦਾ ਸਰਕਾਰ ਵਿਰੁੱਧ ਬੋਲਣਾ ਉਹ ਕਿਵੇਂ ਸਹਿਣ ਕਰ ਸਕਦੀ ਸੀ। ਇਸ ਲਈ ਆਪ ਜੀ ਦੀ ਬਦਲੀ ਰੰਗੂਨ-ਬਰਮਾ ਵਿਖੇ ਕਰ ਦਿੱਤੀ ਗਈ ਅਤੇ ਫਿਰ ਇੱਥੋਂ ਹੀ ਆਪ ਜੀ ਨੂੰ ਕਾਲ਼ੇਪਾਣੀ ਦੀ ਸੈਲੂਲਰ ਜੇਲ੍ਹ ਦੇ ਡਾਕਟਰ ਵਜੇ ਸੇਵਾਵਾਂ ਨਿਭਾਉਣ ਲਈ ਤਾਇਨਾਤ ਕਰ ਦਿੱਤਾ ਗਿਆ।
ਆਪ ਨੇ ਉੱਥੇ ਪੁੱਜ ਕੇ ਆਮ ਲੋਕਾਂ ਦੇ ਮਨਾਂ ’ਚ ਦੇਸ਼ ਭਗਤੀ ਦੀ ਭਾਵਨਾ ਭਰਨ ਲਈ ਕਈ ਅਹਿਮ ਕਾਰਜ ਕੀਤੇ। ਡਾ. ਕਾਲੇਪਾਣੀ ਦੇ ਦਿਲ ਅੰਦਰ ਆਜ਼ਾਦੀ ਲਈ ਤੜਫ਼ ਸੀ। ਉਸ ਸਮੇਂ ਆਮ ਲੋਕਾਂ ਵਿਚ ਸੰਬੋਧਨ ਕਰਨਾ ਮਨ੍ਹਾ ਸੀ। ਇਸ ਲਈ ਉਨ੍ਹਾਂ ਦੁਆਰਾ ਇਕ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਗਈ ਤਾਂ ਜੋ ਇਸ ਸਰਬ-ਸਾਂਝੇ ਅਸਥਾਨ ’ਤੇ ਅਵਾਮ ਅੰਦਰ ਪ੍ਰੇਮ-ਪਿਆਰ ਪੈਦਾ ਕੀਤਾ ਜਾ ਸਕੇ। ਇਸ ਅਸਥਾਨ ਦੀ ਕਮੇਟੀ ’ਚ ਸਾਰੇ ਧਰਮਾਂ ਦੇ ਲੋਕ ਸ਼ਾਮਲ ਕੀਤੇ ਗਏ। ਇਸ ਗੁਰਦੁਆਰਾ ਸਾਹਿਬ ਵਿਚ ਪੰਜਾਬੀ, ਹਿੰਦੀ, ਤਾਮਿਲ, ਬੰਗਾਲੀ, ਉਰਦੂ ਅਤੇ ਅੰਗਰੇਜ਼ੀ ਭਾਸ਼ਾ ਸਿੱਖਣ ਦਾ ਪ੍ਰਬੰਧ ਕੀਤਾ ਗਿਆ। ਸੰਨ 1942 ’ਚ ਆਪ ਕਾਲ਼ੇਪਾਣੀ ਟਾਪੂ ਵਿਖੇ ਹੋਂਦ ’ਚ ਆਈ ਭਾਰਤੀ ਸੁਤੰਤਰਤਾ ਲੀਗ ਦੇ ਪ੍ਰਧਾਨ ਚੁਣੇ ਗਏ।
ਸਾਹਿਤ ਸੇਵਾਵਾਂ
ਡਾਕਟਰ ਹੋਣ ਦੇ ਨਾਲ-ਨਾਲ ਉਹ ਮਹਾਨ ਕਵੀ ਵੀ ਸਨ। ਉਨ੍ਹਾਂ ਦੇ ਕਾਵਿ-ਸੰਗ੍ਰਹਿ ‘ਵੱਗਦੇ ਪਾਣੀ’ ,‘ਅੰਤਿਮ ਲਹਿਰਾਂ’ ਅਤੇ ‘ਮਲ੍ਹਿਆਂ ਦੇ ਬੇਰ’ ਬੜੇ ਹੀ ਪ੍ਰਸਿੱਧ ਹੋਏ। ਆਪ ਜੀ ਦੇ ਵਾਰਤਕ ‘ਮੇਰਾ ਜੀਵਨ ਮੇਰਾ ਗੀਤ’ ਅਤੇ ‘ਸਹਿਜ ਸੰਚਾਰ’ ਵੀ ਪ੍ਰਕਾਸ਼ਿਤ ਹੋਏ। ਡਾ ਕਾਲੇਪਾਣੀ ਦੀ ਕਵਿਤਾ ਵਿਚ ਅਧਿਆਤਮਕਤਾ ਅਤੇ ਭੌਤਿਕਤਾ
ਦਾ ਭਾਵਪੂਰਤ ਸੁਮੇਲ ਦਿਖਾਈ ਦਿੰਦਾ ਹੈ। ਜਿਵੇਂ:
‘ਰੱਬ ਮੇਰੇ ਵਿਚ ਵਸਦਾ ਏ,
ਰਹਿੰਦਾ ਏ,
ਤੂੰ ਭੀ ਮੇਰੇ ਵਿਚ ਵਸ ਕਿ
ਰੱਬ ਵਿਚ ਰਹੇਂ।
ਮੇਰੇ ਪਿਆਰ, ਮੇਰੀ ਗਲਵਕੜੀ ਵਿਚ ਰੱਬ ਵੱਸਦਾ ਏ,
ਤੂੰ ਭੀ ਮੇਰੇ ਪਿਆਰ ਵਿਚ ਆ, ਮੇਰੀ ਗਲਵਕੜੀ ਵਿਚ ਰਹੁ,
ਕਿ ਰੱਬ ਵਿਚ ਵਸੇ।
ਉਨ੍ਹਾਂ ਦੀ ਭਾਵਪੂਰਤ ਕਵਿਤਾ ‘ਜ਼ਿੰਦਗੀ’ ਆਪ ਨਾਲ ਸਾਂਝੀ ਕਰ ਰਿਹਾ:
‘ਮੈਂ ਸੌਂ ਗਿਆ ਤੇ ਸੁਫ਼ਨਿਆ-
ਕਿ ਜ਼ਿੰਦਗੀ ਆਜ਼ਾਦ ਸੀ,
ਕਿ ਜ਼ਿੰਦਗੀ ਆਬਾਦ ਸੀ,
ਕਿ ਜ਼ਿੰਦਗੀ ਸਵਾਦ ਸੀ ।
ਮੈਂ ਜਾਗਿਆ ਤੇ ਵੇਖਿਆ-
ਕਿ ਜ਼ਿੰਦਗੀ ਇਕ ਫਰਜ਼ ਸੀ,
ਕਿ ਜ਼ਿੰਦਗੀ ਇਕ ਕਰਜ਼ ਸੀ,
ਕਿ ਜ਼ਿੰਦਗੀ ਇਕ ਮਰਜ਼ ਸੀ ।
ਮੈਂ ਸੋਚਿਆ ਤੇ ਸਮਝਿਆ-
ਕਿ ਫ਼ਰਜ਼ ਹੀ ਆਜ਼ਾਦ ਹੈ,
ਕਿ ਕਰਜ਼ ਹੀ ਆਬਾਦ ਹੈ,
ਕਿ ਮਰਜ਼ ਹੀ ਇਕ ਸਵਾਦ ਹੈ।’
ਅਜਿਹੀ ਕਵਿਤਾ ਦਾ ਸਿਰਜਨਹਾਰ ਸਾਡੀ ਚੇਤਨਾ ਦਾ ਰਾਹ ਦਸੇਰਾ ਹੋ ਸਕਦਾ। ਆਪ ਜੀ ਦੀਆਂ ਕਵਿਤਾਵਾਂ ਵੀ ਸਮਾਜਿਕ, ਆਰਥਿਕ, ਧਾਰਮਿਕ ਅਤੇ ਰਾਜਨੀਤਕ ਚੇਤਨਾ ਦੇ ਵਿਸ਼ੇ ਨਾਲ ਸਬੰਧਤ ਹਨ। ‘ਵਗਦੇ ਪਾਣੀ’ ਉਨ੍ਹਾਂ ਦੀ ਇਕ ਅਜਿਹੀ ਰਚਨਾ ਹੈ ਜਿਸ ਦਾ ਪੰਜਾਬੀ ਸਾਹਿਤ ’ਚ ਆਪਣਾ ਇਕ ਨਿਵੇਕਲਾ ਸਥਾਨ ਹੈ :
ਪਾਣੀ ਵਗਦੇ ਹੀ ਰਹਿਣ, ਕਿ ਵਗਦੇ ਸੁੰਹਦੇ ਨੇ,
ਖੜੋਂਦੇ ਬੁੱਸਦੇ ਨੇ, ਕਿ ਪਾਣੀ ਵਗਦੇ ਹੀ ਰਹਿਣ।...
ਤੇ ਮੈਂ ਟੁਰਦਾ ਹੀ ਰਹਾਂ, ਕਿ ਟੁਰਿਆ ਵੱਧਦਾ ਹਾਂ,
ਖਲੋਇਆਂ ਘਟਦਾ ਹਾਂ, ਕਿ ਹਾਂ, ਮੈਂ ਟੁਰਦਾ ਹੀ ਰਹਾਂ।
ਲੇਖ ਰਚਨਾ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਾਉਦਿਆਂ ‘ਮੇਰਾ ਜੀਵਨ-ਮੇਰੇ ਗੀਤ’ ਅਤੇ ‘ਸਹਿ ਸੰਚਾਰ’ ਰਾਹੀ ਪੰਜਾਬੀ ਸਾਹਿਤ ਭਾਵਪੂਰਤ ਹਾਜ਼ਰੀ ਲਗਵਾਈ। ਆਪ ਜੀ ਕਵਿਤਾ ਅਤੇ ਵਾਰਤਕ ਵਿੱਚ ਆਪਣੀ ਵਿਲੱਖਣ ਪਛਾਣ ਸਿਰਜਣ ਵਿੱਚ ਕਾਮਯਾਬ ਰਹੇ।
ਪੋਰਟ ਬਲੇਅਰ ’ਚ ਪੰਜਾਬੀ
ਡਾ. ਕਾਲੇਪਾਣੀ ਦੇ ਯਤਨਾਂ ਸਦਕਾ ਹੀ ਪੋਰਟ ਬਲੇਅਰ ਦੇ ਸਰਕਾਰੀ ਸਕੂਲਾਂ ’ਚ ਪੰਜਾਬੀ ਭਾਸ਼ਾ ਲਾਗੂ ਹੋ ਸਕੀ। ਲੇਖਕ ਨੂੰ ਜਦੋਂ ਅੰਡੇਮਾਨ ਜਾਣ ਦਾ ਮੌਕਾ ਮਿਲਿਆ ਤਾਂ ਉਥੇ ਗੁਰਦੁਆਰਾ ਡਾ. ਦੀਵਾਨ ਸਿੰਘ ਕਾਲੇਪਾਣੀ ਕਮੇਟੀ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਖਾਲਸਾ ਪਬਲਿਕ ਸਕੂਲ ਜਾਣ ਦਾ ਸਬੱਬ ਬਣਿਆ ਤਾਂ ਇਹ ਵੇਖ ਕੇ ਖੁਸ਼ੀ ਹੋਈ ਕਿ ਤਕਰੀਬਨ 700 ਵਿਦਿਆਰਥੀ ਦੀ ਗਿਣਤੀ ਵਾਲੇ ਸਕੂਲ ਵਿਚ ਜਿਸ ਵਿਚ ਬੰਗਾਲੀ ਅਤੇ ਤਾਮਿਲ ਵਿਦਿਆਰਥੀ ਦੀ ਹੈ, ਨੂੰ ਤੀਜੀ ਭਾਸ਼ਾ ਦੇ ਰੂਪ ਵਿਚ ਪੰਜਾਬੀ ਪੜ੍ਹਾਈ ਜਾ ਰਹੀ ਹੈ। ਦੂਜੀ ਸੰਸਾਰ ਜੰਗ ਦੌਰਾਨ ਜਾਪਾਨੀਆਂ ਦਾ ਅੰਡੇਮਾਨ-ਨਿਕੋਬਾਰ ਟਾਪੂ ’ਤੇ ਕਬਜ਼ਾ ਹੋ ਗਿਆ।
ਡਾ. ਦੀਵਾਨ ਸਿੰਘ ‘ਕਾਲੇਪਾਣੀ’ ਨੇ ਜਾਪਾਨੀ ਫ਼ੌਜਾਂ ਦੇ ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕੀਤਾ। 23 ਅਕਤੂਬਰ 1943 ਨੂੰ ਆਪ ਜੀ ਦੀ ਗ੍ਰਿਫ਼ਤਾਰੀ ਦੇ ਹੁਕਮ ਜਾਰੀ ਹੋ ਗਏ। ਉਨ੍ਹਾਂ ਨੂੰ ਝੂਠੇ ਕੇਸ ’ਚ ਫਸਾ ਕੇ ਕੈਦ ਕਰ ਲਿਆ ਗਿਆ। ਹੁਣ ਉਹ ਜੇਲ੍ਹ ’ਚ ਹੀ ਡਾਕਟਰੀ ਸੇਵਾਵਾਂ ਦੇਣ ਲੱਗੇ। ਜਾਪਾਨੀਆਂ ਨੇ ਉਨ੍ਹਾਂ ਨੂੰ ਜੇਲ੍ਹ ’ਚ 82 ਦਿਨਾਂ ਤਕ ਤਸੀਹੇ ਦਿੱਤੇ। ਜਦ ਡਾਕਟਰ ਸਾਹਿਬ ਨਾ ਡੋਲੇ ਤਾਂ ਉਨ੍ਹਾਂ ਦੇ ਜਿਊਂਦੇ ਜੀਅ ਮਾਸ ਨੂੰ ਅੱਗ ਨਾਲ ਸਾੜਿਆ ਗਿਆ ਪਰ ਉਨ੍ਹਾਂ ਨੇ ਜਾਪਾਨੀਆਂ ਦੀ ਈਨ ਨਾ ਮੰਨੀ। ਉਹ 14 ਜਨਵਰੀ 1944 ਨੂੰ ਸ਼ਹਾਦਤ ਪ੍ਰਾਪਤ ਕਰ ਗਏ।
-ਜਗਜੀਤ ਸਿੰਘ ਗਣੇਸ਼ਪੁਰ
94655-76022