ਉਰਦੂ ਸ਼ਾਇਰੀ ਦੀ ਦੁਨੀਆ ਦਾ ਰੋਸ਼ਨ ਚਿਰਾਗ ਬੁਝ ਗਿਆ। ਮੁਹੱਬਤ, ਰਿਸ਼ਤਿਆਂ, ਤਨਹਾਈ ਅਤੇ ਮਨੁੱਖੀ ਜਜ਼ਬਾਤਾਂ ਨੂੰ ਆਪਣੀ ਸਾਦੀ ਪਰ ਅਸਰਦਾਰ ਜ਼ੁਬਾਨ ’ਚ ਬਿਆਨ ਕਰਨ ਵਾਲੇ ਮਸ਼ਹੂਰ ਸ਼ਾਇਰ ਡਾ. ਬਸ਼ੀਰ ਬਦਰ ਹੁਣ ਸਾਡੇ ’ਚ ਨਹੀਂ ਰਹੇ। 28 ਮਈ, 2026 ਨੂੰ ਭੋਪਾਲ ’ਚ ਉਨ੍ਹਾਂ ਨੇ ਆਖ਼ਰੀ ਸਾਹ ਲਏ। ਉਹ ਲੰਬੇ ਸਮੇਂ ਤੋਂ ਡਿਮੈਂਸ਼ੀਆ ਦੀ ਬਿਮਾਰੀ ਨਾਲ ਜੂਝ ਰਹੇ ਸਨ।

ਉਰਦੂ ਸ਼ਾਇਰੀ ਦੀ ਦੁਨੀਆ ਦਾ ਰੋਸ਼ਨ ਚਿਰਾਗ ਬੁਝ ਗਿਆ। ਮੁਹੱਬਤ, ਰਿਸ਼ਤਿਆਂ, ਤਨਹਾਈ ਅਤੇ ਮਨੁੱਖੀ ਜਜ਼ਬਾਤਾਂ ਨੂੰ ਆਪਣੀ ਸਾਦੀ ਪਰ ਅਸਰਦਾਰ ਜ਼ੁਬਾਨ ’ਚ ਬਿਆਨ ਕਰਨ ਵਾਲੇ ਮਸ਼ਹੂਰ ਸ਼ਾਇਰ ਡਾ. ਬਸ਼ੀਰ ਬਦਰ ਹੁਣ ਸਾਡੇ ’ਚ ਨਹੀਂ ਰਹੇ। 28 ਮਈ, 2026 ਨੂੰ ਭੋਪਾਲ ’ਚ ਉਨ੍ਹਾਂ ਨੇ ਆਖ਼ਰੀ ਸਾਹ ਲਏ। ਉਹ ਲੰਬੇ ਸਮੇਂ ਤੋਂ ਡਿਮੈਂਸ਼ੀਆ ਦੀ ਬਿਮਾਰੀ ਨਾਲ ਜੂਝ ਰਹੇ ਸਨ। ਬਿਮਾਰੀ ਨੇ ਹੌਲੀ-ਹੌਲੀ ਉਨ੍ਹਾਂ ਦੀ ਯਾਦਦਾਸ਼ਤ ਕਮਜ਼ੋਰ ਕਰ ਦਿੱਤੀ ਸੀ ਪਰ ਉਨ੍ਹਾਂ ਦੀ ਸ਼ਾਇਰੀ ਅੱਜ ਵੀ ਕਰੋੜਾਂ ਲੋਕਾਂ ਦੀਆਂ ਯਾਦਾਂ ’ਚ ਉਸੇ ਤਰ੍ਹਾਂ ਜਿਉਂਦੀ ਹੈ, ਜਿਵੇਂ ਪਹਿਲੀ ਵਾਰ ਸੁਣੀ ਗਈ ਹੋਵੇ।
ਹਰ ਤਬਕੇ ਦੇ ਲੋਕਾਂ ਤੱਕ ਪਹੁੰਚੀ ਸ਼ਾਇਰੀ
ਡਾ. ਬਸ਼ੀਰ ਬਦਰ ਉਨ੍ਹਾਂ ਚੋਣਵੇਂ ਸ਼ਾਇਰਾਂ ’ਚੋਂ ਇਕ ਸਨ, ਜਿਨ੍ਹਾਂ ਨੇ ਉਰਦੂ ਗ਼ਜ਼ਲ ਨੂੰ ਸਿਰਫ਼ ਅਦਬੀ ਮਹਿਫ਼ਲਾਂ ਤੱਕ ਸੀਮਤ ਨਹੀਂ ਰਹਿਣ ਦਿੱਤਾ ਸਗੋਂ ਇਸ ਨੂੰ ਆਮ ਲੋਕਾਂ ਦੇ ਜੀਵਨ ਦਾ ਹਿੱਸਾ ਬਣਾਇਆ। ਉਨ੍ਹਾਂ ਦੇ ਸ਼ਿਅਰ ਕਿਤਾਬਾਂ ’ਚੋਂ ਨਿਕਲ ਕੇ ਗੱਲਬਾਤ, ਮਹਿਫ਼ਲਾਂ, ਮੁਸ਼ਾਇਰਿਆਂ ਤੇ ਸੋਸ਼ਲ ਮੀਡੀਆ ਤੱਕ ਸਾਹ ਲੈਂਦੇ ਰਹੇ। ਉਨ੍ਹਾਂ ਨੇ ਔਖੇ ਸ਼ਬਦਾਂ ਦੀ ਬਜਾਏ ਦਿਲ ਦੀ ਜ਼ੁਬਾਨ ਨੂੰ ਚੁਣਿਆ ਅਤੇ ਇਹੀ ਵਜ੍ਹਾ ਹੈ ਕਿ ਉਨ੍ਹਾਂ ਦੀ ਸ਼ਾਇਰੀ ਹਰ ਤਬਕੇ ਦੇ ਲੋਕਾਂ ਤੱਕ ਪਹੁੰਚੀ।
ਚਾਹੁਣ ਵਾਲੇ ਸਨ ਵੱਡੀ ਪਛਾਣ
15 ਫਰਵਰੀ, 1935 ਨੂੰ ਉੱਤਰ ਪ੍ਰਦੇਸ਼ ’ਚ ਜਨਮੇ ਬਸ਼ੀਰ ਬਦਰ ਬਾਅਦ ’ਚ ਭੋਪਾਲ ਆ ਕੇ ਵਸ ਗਏ। ਉਰਦੂ ਸਾਹਿਤ ’ਚ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਨੂੰ ਪਦਮਸ਼੍ਰੀ ਸਮੇਤ ਕਈ ਸਨਮਾਨਾਂ ਨਾਲ ਨਿਵਾਜਿਆ ਗਿਆ ਪਰ ਉਨ੍ਹਾਂ ਦੀ ਸਭ ਤੋਂ ਵੱਡੀ ਪਛਾਣ ਉਨ੍ਹਾਂ ਦੇ ਚਾਹੁਣ ਵਾਲੇ ਸਨ, ਜਿਨ੍ਹਾਂ ਨੇ ਉਨ੍ਹਾਂ ਦੇ ਸ਼ਿਅਰਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਿਆ। ਬਸ਼ੀਰ ਬਦਰ ਸਾਬ੍ਹ ਨਾਲ ਮੇਰੀ ਮੁਲਾਕਾਤ ਦਾ ਸਿਲਸਿਲਾ ਮੇਰੀ ਜ਼ਿੰਦਗੀ ਦੀ ਵੱਡੀ ਪੂੰਜੀ ਹੈ। ਮੈਨੂੰ ਸਭ ਤੋਂ ਜ਼ਿਆਦਾ ਉਨ੍ਹਾਂ ਦੇ ਸ਼ਿਅਰ ਯਾਦ ਹਨ। ਜੇ ਮੈਂ ਕਹਾਂ ਕਿ ਮੈਂ ਬਸ਼ੀਰ ਬਦਰ ਦੀ ਸ਼ਾਇਰੀ ਪੜ੍ਹ ਕੇ ਹੀ ਗ਼ਜ਼ਲ ਲਿਖਣੀ ਸਿੱਖੀ, ਤਾਂ ਇਹ ਗ਼ਲਤ ਨਹੀਂ ਹੋਵੇਗਾ।
ਮੱਧ ਪ੍ਰਦੇਸ਼ ਉਰਦੂ ਅਕਾਦਮੀ ਦੇ ਚੇਅਰਮੈਨ
ਸਾਲ 2009 ’ਚ ਮੈਨੂੰ ਭੋਪਾਲ ’ਚ ਹੋਏ ਇਕ ਪ੍ਰੋਗਰਾਮ ਵਿਚ ਗ਼ਜ਼ਲ ਲਿਖਣ ਲਈ ਨੌਜਵਾਨ ਸ਼ਾਇਰਾਂ ਵਿੱਚੋਂ ਪਹਿਲਾ ਇਨਾਮ ਮਿਲਿਆ। ਪ੍ਰੋਗਰਾਮ ’ਚ ਜਾਣ ਤੋਂ ਪਹਿਲਾਂ ਮੈਂ ਉਨ੍ਹਾਂ ਨੂੰ ਫੋਨ ਕਰ ਕੇ ਦੱਸਿਆ ਕਿ ਮੈਂ ਭੋਪਾਲ ਆ ਰਿਹਾ ਹਾਂ। ਉਨ੍ਹਾਂ ਦਿਨਾਂ ਵਿਚ ਉਹ ਮੱਧ ਪ੍ਰਦੇਸ਼ ਉਰਦੂ ਅਕਾਦਮੀ ਦੇ ਚੇਅਰਮੈਨ ਸਨ। ਸਮਾਰੋਹ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਆਪਣੇ ਘਰ ਬੁਲਾਇਆ। ਮੈਨੂੰ ਉਨ੍ਹਾਂ ਨਾਲ ਤਿੰਨ ਦਿਨ ਰਹਿਣ ਦਾ ਮੌਕਾ ਮਿਲਿਆ। ਉਨ੍ਹਾਂ ਦਿਨਾਂ ’ਚ ਉਹ ਪੂਰੀ ਤਰ੍ਹਾਂ ਤੰਦਰੁਸਤ ਸਨ।
ਅੱਜ ਇਕ ਗੱਲ ਵਾਰ-ਵਾਰ ਯਾਦ ਆਉਂਦੀ ਹੈ। ਗੱਲਬਾਤ ਦੌਰਾਨ ਉਨ੍ਹਾਂ ਨੇ ਅਚਾਨਕ ਮੈਨੂੰ ਪੁੱਛਿਆ, ‘ਪਰਵਾਜ਼ ਇਹ ਕਿਹੜਾ ਸ਼ਹਿਰ ਹੈ’? ਮੈਂ ਕਿਹਾ ਭੋਪਾਲ। ਉਨ੍ਹਾਂ ਮੁਸਕਰਾਉਂਦਿਆਂ ਕਿਹਾ, ‘ਖ਼ੁਦਾ ਦੀ ਕਸਮ, ਮੈਂ ਸਮਝ ਰਿਹਾ ਸੀ ਕਿ ਮੇਰਠ ਹੈ।’ ਅੱਜ ਜਦੋਂ ਉਹ ਗੱਲ ਨੂੰ ਯਾਦ ਕਰਦਾ ਹਾ ਤਾਂ ਲੱਗਦਾ ਹੈ ਕਿ ਸ਼ਾਇਦ ਉਨ੍ਹਾਂ ਦੀ ਬਿਮਾਰੀ ਦੀ ਸ਼ੁਰੂਆਤ ਉੱਥੋਂ ਹੀ ਸ਼ੁਰੂ ਹੋ ਚੁੱਕੀ ਸੀ।
ਲੋਕਾਂ ਦੇ ਦਿਲਾਂ ’ਚ ਬਣਾਈ ਜਗ੍ਹਾ
ਉਨ੍ਹਾਂ ਤਿੰਨ ਦਿਨਾਂ ’ਚ ਮੈਂ ਸਿਰਫ਼ ਇਕ ਵੱਡੇ ਸ਼ਾਇਰ ਨੂੰ ਨਹੀਂ ਸਗੋਂ ਬੇਹੱਦ ਸਾਦੇ, ਮੁਹੱਬਤ ਕਰਨ ਵਾਲੇ ਤੇ ਨਵੇਂ ਲੇਖਕਾਂ ਦੀ ਹੌਸਲਾ ਅਫ਼ਜ਼ਾਈ ਕਰਨ ਵਾਲੇ ਇਨਸਾਨ ਨੂੰ ਨੇੜਿਓਂ ਦੇਖਿਆ। ਚਾਹ ਦੀਆਂ ਮਹਿਫ਼ਲਾਂ, ਸ਼ਾਇਰੀ ਦੀਆਂ ਗੱਲਾਂ ਅਤੇ ਗ਼ਜ਼ਲ ਦੀਆਂ ਬਾਰੀਕੀਆਂ ’ਤੇ ਲੰਬੀਆਂ ਚਰਚਾਵਾਂ ਅੱਜ ਵੀ ਮੇਰੀਆਂ ਯਾਦਾਂ ’ਚ ਤਾਜ਼ਾ ਹਨ। ਉਹ ਦੱਸਦੇ ਸਨ ਕਿ ਸ਼ਾਇਰੀ ਵਿਚ ਸਿਰਫ਼ ਚੰਗੇ ਸ਼ਬਦ ਅਲਫਾਜ਼ ਕਾਫ਼ੀ ਨਹੀਂ ਹੁੰਦੇ, ਅਹਿਸਾਸ ਦੀ ਸੱਚਾਈ ਸਭ ਤੋਂ ਜ਼ਰੂਰੀ ਹੁੰਦੀ ਹੈ। ਉਹ ਆਪਣੀ ਕਾਰ ’ਚ ਮੈਨੂੰ ਉਰਦੂ ਅਕਾਦਮੀ ਵੀ ਲੈ ਗਏ ਤੇ ਇਕ ਮੁਸ਼ਾਇਰੇ ’ਚ ਸ਼ਿਰਕਤ ਕਰਨ ਦਾ ਮੌਕਾ ਵੀ ਦਿੱਤਾ। ਵਾਪਸ ਕਾਰ ’ਚ ਆਉਂਦਿਆਂ ਉਨ੍ਹਾਂ ਨੇ ਮੈਨੂੰ ਕਿਹਾ, ‘ਸ਼ਮਸੂਰ ਰਹਿਮਾਨ ਨੇ ਆਪਣੇ ਉਰਦੂ ਰਸਾਲੇ 'ਸ਼ਬਖੂਨ' ਵਿਚ ਮੇਰੀਆਂ ਗ਼ਜ਼ਲਾਂ ਕਦੇ ਪ੍ਰਕਾਸ਼ਤ ਨਹੀਂ ਕੀਤੀਆਂ। ਉਹ ਕੀ ਸਮਝਦਾ ਹੈ, ਜੇ ਬਸ਼ੀਰ ਬਦਰ ਉਨ੍ਹਾਂ ਦੇ ਰਸਾਲੇ ’ਚ ਪ੍ਰਕਾਸ਼ਿਤ ਨਹੀਂ ਹੋਵੇਗਾ ਤਾਂ ਕੀ ਸ਼ਾਇਰ ਨਹੀਂ ਬਣ ਸਕੇਗਾ।’ ਸ਼ਮਸੂਰ ਰਹਿਮਾਨ ਫਾਰੂਕੀ ਮਹਾਨ ਉਰਦੂ ਆਲੋਚਕ ਸੀ। ਉਨ੍ਹਾਂ ਦੀ ਗੱਲ ’ਚ ਸ਼ਿਕਾਇਤ ਘੱਟ ਤੇ ਆਪਣੇ ਹੁਨਰ ਉੱਤੇ ਭਰੋਸਾ ਜ਼ਿਆਦਾ ਸੀ। ਸੱਚ ਤਾਂ ਇਹ ਹੈ ਕਿ ਬਸ਼ੀਰ ਬਦਰ ਕਿਸੇ ਇਕ ਰਸਾਲੇ, ਆਲੋਚਕ, ਮੰਚ ਦੇ ਮੁਥਾਜ ਕਦੇ ਨਹੀਂ ਰਹੇ। ਉਨ੍ਹਾਂ ਨੇ ਆਪਣੇ ਸ਼ਿਅਰਾਂ ਨਾਲ ਸਿੱਧਾ ਲੋਕਾਂ ਦੇ ਦਿਲਾਂ ’ਚ ਜਗ੍ਹਾ ਬਣਾਈ।
ਬਾਅਦ ’ਚ ਉਨ੍ਹਾਂ ਨੇ ਮੇਰੀ ਸ਼ਾਇਰੀ ’ਤੇ ਆਪਣੀ ਰਾਏ ਲਿਖ ਕੇ ਭੇਜੀ। ਜਦੋਂ ਮੇਰੀ ਪਹਿਲੀ ਉਰਦੂ ਦੀ ਕਿਤਾਬ, ‘ਮਾਜ਼ੀ ਕੇ ਜ਼ਖ਼ਮ’ ਪ੍ਰਕਾਸ਼ਿਤ ਹੋਈ, ਤਾਂ ਮੈਂ ਸਤਿਕਾਰ ਨਾਲ ਉਨ੍ਹਾਂ ਨੂੰ ਉਸ ਕਿਤਾਬ ’ਚ ਸ਼ਾਮਿਲ ਕੀਤਾ। ਇਹ ਮੇਰੇ ਲਈ ਕਿਸੇ ਪੁਰਸਕਾਰ ਤੋਂ ਘੱਟ ਨਹੀਂ ਸੀ।
ਬਿਮਾਰੀ ਨੇ ਹੌਲੀ-ਹੌਲੀ ਕੀਤਾ ਖ਼ਾਮੋਸ਼
ਫਿਰ ਸਮਾਂ ਬਦਲਿਆ। ਡਿਮੈਂਸ਼ੀਆ ਨੇ ਹੌਲੀ-ਹੌਲੀ ਉਨ੍ਹਾਂ ਨੂੰ ਖ਼ਾਮੋਸ਼ ਕਰ ਦਿੱਤਾ ਪਰ ਉਨ੍ਹਾਂ ਦੀ ਸ਼ਾਇਰੀ ਦੀ ਚਮਕ ਕਿਤੇ ਨਾ ਕਿਤੇ ਬਾਕੀ ਸੀ। ਜਦੋਂ ਵੀ ਮੈਂ ਭੋਪਾਲ ਜਾਂਦਾ, ਮੈਂ ਉਨ੍ਹਾਂ ਨਾਲ ਤੇ ਉਨ੍ਹਾਂ ਦੀ ਪਤਨੀ ਡਾ. ਰਾਹਤ ਬਦਰ ਨੂੰ ਜ਼ਰੂਰ ਮਿਲਦਾ ਸੀ। ਹਰ ਸਾਲ ਉਨ੍ਹਾਂ ਦੇ ਜਨਮਦਿਨ ’ਤੇ ਫ਼ੋਨ ਕਰਕੇ ਸ਼ੁਭਕਾਮਨਾਵਾਂ ਦੇਣੀਆਂ ਮੇਰੀ ਆਦਤ ਬਣ ਗਈ ਸੀ। ਲਗਪਗ ਤਿੰਨ-ਚਾਰ ਸਾਲ ਪਹਿਲਾਂ ਮੈਂ ਉਨ੍ਹਾਂ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਗਿਆ। ਮੈਂ ਉਨ੍ਹਾਂ ਦੇ ਕੁਝ ਮਸ਼ਹੂਰ ਸ਼ਿਅਰ ਉਨ੍ਹਾਂ ਨੂੰ ਸੁਣਾਉਣੇ ਸ਼ੁਰੂ ਕਰ ਦਿੱਤੇ। ਉਹ ਮੇਰੇ ਨਾਲ ਕੁਝ ਸਤਰਾਂ ਦੁਹਰਾਉਣੇ ਲੱਗੇ। ਜਦੋਂ ਡਾ. ਰਾਹਤ ਬਦਰ ਨੇ ਉਨ੍ਹਾਂ ਨੂੰ ਕਿਹਾ, ‘ਪਰਵਾਜ਼ ਸਾਹਿਬ ਤੁਹਾਡੇ ਸ਼ਿਅਰ ਸੁਣਾ ਰਹੇ ਹਨ, ਤਾਂ ਉਨ੍ਹਾਂ ਦੇ ਚਿਹਰੇ ’ਤੇ ਬੱਚਿਆਂ ਜਿਹੀ ਖ਼ੁਸ਼ੀ ਆ ਗਈ। ਉਹ ਦ੍ਰਿਸ਼ ਅੱਜ ਵੀ ਮੇਰੇ ਮਨ ’ਚ ਉੱਕਰਿਆ ਹੋਇਆ ਹੈ। ਬਿਮਾਰੀ ਨੇ ਉਨ੍ਹਾਂ ਦੀ ਯਾਦਦਾਸ਼ਤ ਨੂੰ ਘਟਾ ਦਿੱਤਾ ਹੋਵੇ ਪਰ ਸ਼ਾਇਰੀ ਉਨ੍ਹਾਂ ਦੇ ਆਖ਼ਰੀ ਸਾਹ ਤੱਕ ਉਨ੍ਹਾਂ ਦੀ ਜ਼ਿੰਦਗੀ ਦਾ ਨਿਰੰਤਰ ਹਿੱਸਾ ਰਹੀ।
ਮੁਹੱਬਤ ਨੂੰ ਦਿੱਤੀ ਨਵੀਂ ਜ਼ੁਬਾਨ
ਬਸ਼ੀਰ ਬਦਰ ਦਾ ਜਾਣਾ ਸਿਰਫ਼ ਇਕ ਸ਼ਾਇਰ ਦਾ ਜਾਣਾ ਨਹੀਂ ਸਗੋਂ ਉਰਦੂ ਗ਼ਜ਼ਲ ਦੇ ਇਕ ਪੂਰੇ ਯੁੱਗ ਦਾ ਖ਼ਤਮ ਹੋ ਜਾਣਾ ਹੈ। ਉਨ੍ਹਾਂ ਨੇ ਮੁਹੱਬਤ ਨੂੰ ਨਵੀਂ ਜ਼ੁਬਾਨ ਦਿੱਤੀ, ਰਿਸ਼ਤਿਆਂ ਦੇ ਟੁੱਟਣ ਨੂੰ ਆਵਾਜ਼ ਦਿੱਤੀ ਤੇ ਮਨੁੱਖੀ ਇਕੱਲਤਾ ਨੂੰ ਇਸ ਤਰ੍ਹਾਂ ਬਿਆਨ ਕੀਤਾ ਕਿ ਹਰ ਸੁਣਨ ਵਾਲੇ ਨੂੰ ਲੱਗਦਾ ਸੀ ਕਿ ਇਹ ਸ਼ਿਅਰ ਉਸ ਦੀ ਕਹਾਣੀ ਹੈ। ਉਨ੍ਹਾਂ ਦੇ ਬਹੁਤ ਸਾਰੇ ਸ਼ਿਅਰ ਅੱਜ ਵੀ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਹਨ।
ਉਜਾਲੇ ਅਪਨੀ ਯਾਦੋਂ ਕੇ ਹਮਾਰੇ ਸਾਥ ਰਹਿਨੇ ਦੋ
ਨਾ ਜਾਨੇ ਕਿਸ ਗਲੀ ਮੇਂ ਜ਼ਿੰਦਗੀ ਕੀ ਸ਼ਾਮ ਹੋ ਜਾਏ।
ਮੁਸਾਫ਼ਿਰ ਹੈਂ ਹਮ ਭੀ ਮੁਸਾਫ਼ਿਰ ਹੋ ਤੁਮ ਭੀ
ਕਿਸੀ ਮੋੜ ਪਰ ਫਿਰ ਮੁਲਾਕਾਤ ਹੋਗੀ।
ਸਰ ਝੁਕਾਓਗੇ ਤੋ ਪੱਥਰ ਦੇਵਤਾ ਹੋ ਜਾਏਗਾ
ਇਤਨਾ ਮਤ ਚਾਹੋ ਉਸੇ ਵੋ ਬੇਵਫ਼ਾ ਹੋ ਜਾਏਗਾ।
ਅਜਿਹੇ ਸ਼ਾਇਰ ਸਦੀਆਂ ’ਚ ਪੈਦਾ ਹੁੰਦੇ ਹਨ। ਬਸ਼ੀਰ ਬਦਰ ਸਾਹਿਬ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ ਹਨ ਪਰ ਉਨ੍ਹਾਂ ਦੀ ਸ਼ਾਇਰੀ ਆਉਣ ਵਾਲੀਆਂ ਪੀੜ੍ਹੀਆਂ ਦੇ ਦਿਲਾਂ ’ਚ ਹਮੇਸ਼ਾ ਜਿਉਂਦੀ ਰਹੇਗੀ।
- ਡਾ . ਜਤਿੰਦਰ ਪਰਵਾਜ਼