ਕਿਰਪਾਲ ਕਜ਼ਾਕ ਨੂੰ ਜਾਣਨ ਦੀ ਮੇਰੀ ਖ਼ਾਹਿਸ਼ ਉਸ ਸਮੇਂ ਪੈਦਾ ਹੋਈ, ਜਦੋਂ ਮੈਂ ਨਵੀਂ ਪੰਜਾਬੀ ਕਹਾਣੀ ਨੂੰ ਜਾਣਨ ਦੀ ਕੋਸ਼ਿਸ਼ ਕਰ ਰਿਹਾ ਸੀ। ਨਵੀਂ ਪੰਜਾਬੀ ਕਹਾਣੀ ਦਾ ਮੂੰਹ-ਮੁਹਾਂਦਰਾ ਸੰਵਾਰਨ, ਨਿਖਾਰਨ ਤੇ ਇਸ ਨੂੰ ਪ੍ਰਸਾਰਨ ’ਚ ਕਿਰਪਾਲ ਕਜ਼ਾਕ ਦਾ ਵਡਮੁੱਲਾ ਯੋਗਦਾਨ ਰਿਹਾ ਹੈ। ਇਕ ਕਹਾਣੀਕਾਰ ਵਜੋਂ ਉਸ ਨੂੰ ਮੂਹਰਲੀ ਕਤਾਰ ਦੇ ਉਨ੍ਹਾਂ ਕਹਾਣੀਕਾਰਾਂ ’ਚ ਸ਼ੁਮਾਰ ਕੀਤਾ ਜਾਂਦਾ ਹੈ।
ਕਿਰਪਾਲ ਕਜ਼ਾਕ ਨੂੰ ਜਾਣਨ ਦੀ ਮੇਰੀ ਖ਼ਾਹਿਸ਼ ਉਸ ਸਮੇਂ ਪੈਦਾ ਹੋਈ, ਜਦੋਂ ਮੈਂ ਨਵੀਂ ਪੰਜਾਬੀ ਕਹਾਣੀ ਨੂੰ ਜਾਣਨ ਦੀ ਕੋਸ਼ਿਸ਼ ਕਰ ਰਿਹਾ ਸੀ। ਨਵੀਂ ਪੰਜਾਬੀ ਕਹਾਣੀ ਦਾ ਮੂੰਹ-ਮੁਹਾਂਦਰਾ ਸੰਵਾਰਨ, ਨਿਖਾਰਨ ਤੇ ਇਸ ਨੂੰ ਪ੍ਰਸਾਰਨ ’ਚ ਕਿਰਪਾਲ ਕਜ਼ਾਕ ਦਾ ਵਡਮੁੱਲਾ ਯੋਗਦਾਨ ਰਿਹਾ ਹੈ। ਇਕ ਕਹਾਣੀਕਾਰ ਵਜੋਂ ਉਸ ਨੂੰ ਮੂਹਰਲੀ ਕਤਾਰ ਦੇ ਉਨ੍ਹਾਂ ਕਹਾਣੀਕਾਰਾਂ ’ਚ ਸ਼ੁਮਾਰ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਉੱਤਰ ਨਕਸਲੀ ਯਥਾਰਥ ਬੋਧ ਵਾਲੀ ਪੰਜਾਬੀ ਕਹਾਣੀ ਰਚਨਾ ਨੂੰ ਵੱਖਰੀ ਪਛਾਣ ਦਿੱਤੀ ਹੈ। ਪੰਜਾਬੀ ਕਹਾਣੀ ਰਚਨਾ ਨੂੰ ਜੇ ਇਤਿਹਾਸਕ ਦ੍ਰਿਸ਼ਟੀ ਤੋਂ ਦੇਖੀਏ ਤਾਂ ਪੰਜਾਬੀ ਕਹਾਣੀ ਦੇ ਖੇਤਰ ’ਚ ਚਾਲੀਵਿਆਂ ਤੋਂ ਬਾਅਦ ਜਿਹੜਾ ਯੋਗਦਾਨ ਪ੍ਰਿੰਸੀਪਲ ਸੰਤ ਸਿੰਘ ਸੇਖੋਂ, ਕਰਤਾਰ ਸਿੰਘ ਦੁੱਗਲ, ਪ੍ਰਿੰਸੀਪਲ ਸੁਜਾਨ ਸਿੰਘ ਅਤੇ ਪ੍ਰੋਫੈਸਰ ਮੋਹਨ ਸਿੰਘ ਵੱਲੋਂ ਪਾਇਆ ਗਿਆ, ਜਿਸ ਦੇ ਫਲਸਰੂਪ ਪੰਜਾਬੀ ਕਹਾਣੀ ਨੂੰ ਨਿੱਕੀ ਹੁਨਰੀ ਕਹਾਣੀ ਹੋਣ ਦਾ ਮਾਣ ਮਿਲਿਆ ਸੀ। ਠੀਕ ਉਸੇ ਤਰ੍ਹਾਂ ਸੱਤਰਵਿਆਂ ਤੋਂ ਬਾਅਦ ਦੀ ਪੰਜਾਬੀ ਕਹਾਣੀ ਨੂੰ ਜੀਵਨ ਦੇ ਕਠੋਰ ਯਥਾਰਥ ਨਾਲ ਜੋੜਨ ਅਤੇ ਇਸ ਨੂੰ ਨਵੀਂ ਪੰਜਾਬੀ ਕਹਾਣੀ ਦਾ ਨਾਂ ਅਤੇ ਸਥਾਨ ਦਿਵਾਉਣ ਦਾ ਸਿਹਰਾ ਵਰਿਆਮ ਸੰਧੂ, ਪ੍ਰੇਮ ਪ੍ਰਕਾਸ਼, ਪ੍ਰੇਮ ਗੋਰਖੀ ਤੇ ਕਿਰਪਾਲ ਕਜ਼ਾਕ ਵਰਗੇ ਸਮਰੱਥ ਕਹਾਣੀਕਾਰਾਂ ਨੂੰ ਜਾਂਦਾ ਹੈ।
ਬਿਨਾਂ ਸ਼ੱਕ ਕਿਰਪਾਲ ਕਜ਼ਾਕ ਨੇ ਆਪਣੀ ਕਾਵਿਕ ਲਹਿਜ਼ੇ ਵਾਲੀ ਵਾਰਤਕਨੁਮਾ ਗਲਪ ਰਚਨਾ ਕਰ ਕੇ ਪੰਜਾਬੀ ਕਹਾਣੀ ਦੇ ਖੇਤਰ ’ਚ ਅਸਲੋਂ ਹੀ ਨਵਾਂ ਰੰਗ ਭਰਨ ’ਚ ਸਫਲਤਾ ਪ੍ਰਾਪਤ ਕੀਤੀ ਹੈ। ਉਨ੍ਹਾਂ ਦਿਨਾਂ ’ਚ ਪੰਜਾਬੀ ਕਹਾਣੀ ਦੇ ਪਾਠਕਾਂ ਵਿਚ ਮੈਂ ਹਾਲੇ ਨਵਾਂ ਨਵਾਂ ਰੰਗਰੂਟ ਭਰਤੀ ਹੋਇਆ ਸੀ। ਜਦੋਂ ਅੰਮ੍ਰਿਤਸਰ ਵਿਖੇ ਉਘੇ ਨਾਟਕਕਾਰ ਗੁਰਸ਼ਰਨ ਸਿੰਘ ਜੀ ਦੇ ਘਰ ਦੀ ਛੱਤ ਉੱਤੇ ਪੰਜਾਬੀ ਕਹਾਣੀਕਾਰਾਂ ਦੀ ਇਤਿਹਾਸਕ ਮਿਲਣੀ ਹੋਈ ਸੀ। ਇਸ ਮਿਲਣੀ ’ਚ ਮੈਂ ਬਹੁਤ ਸਾਰੇ ਨਾਮਵਰ ਪੰਜਾਬੀ ਕਹਾਣੀਕਾਰਾਂ ਦੇ ਦਰਸ਼ਨ ਪਹਿਲੀ ਵਾਰ ਕੀਤੇ ਸਨ। ਇਸ ਮਿਲਣੀ ’ਚ ਜਦੋਂ ਇਹ ਸਵਾਲ ਖੜ੍ਹਾ ਹੋਇਆ ਕਿ ਕਿਰਪਾਲ ਕਜ਼ਾਕ ਦੀ ਕਹਾਣੀ ਰਚਨਾ ਦਾ ਨਿੱਖੜਵਾਂ ਲੱਛਣ ਕਿਹੜਾ ਹੈ? ਤਾਂ ਇਸ ਸਵਾਲ ਦੇ ਜਵਾਬ ’ਚ ਬਹੁਤ ਸਾਰੇ ਦੋਸਤਾਂ ਨੇ ਵਿਚਾਰ ਪੇਸ਼ ਕੀਤੇ ਸਨ। ਜਦੋਂ ਮੈਂ ਕਿਹਾ ਕਿ ਉਨ੍ਹਾਂ ਦੀ ਪੰਜਾਬੀ ਕਹਾਣੀ ਦਾ ਮੀਰੀ ਗੁਣ ਸ਼ਾਇਦ ਕਾਵਿਕ ਲਹਿਜ਼ੇ ਵਾਲੀ ਕਥਾ ਸ਼ੈਲੀ ਹੈ। ਹੋ ਸਕਦਾ ਹੈ ਕਿ ਇਹ ਗੱਲ ਹਾਜ਼ਰ ਦੋਸਤਾਂ ਨੂੰ ਪ੍ਰਵਾਨ ਹੋਈ ਹੋਵੇ ਪਰ ਉਸ ਸਮੇਂ ਤਾੜੀਆਂ ਜ਼ਰੂਰ ਵੱਜੀਆਂ ਸਨ।
ਮੈਂ ਆਪਣਾ ਪੀਐੱਚ ਡੀ ਦਾ ਖੋਜ ਕਾਰਜ ਮੁਕੰਮਲ ਕਰ ਲਿਆ ਸੀ। ਹਾਲੇ ਕਲਰਕੀ ਦੇ ਭੰਵਰ ਜਾਲ ਤੋਂ ਮੁਕਤ ਨਹੀਂ ਸੀ ਹੋਇਆ। ਉਸ ਸਮੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਖੋਜ ਸਹਾਇਕ ਦੀ ਆਸਾਮੀ ਭਰੀ ਜਾਣੀ ਸੀ। ਮੈਂ ਅੰਮ੍ਰਿਤਸਰ ਤੋਂ ਪਟਿਆਲੇ ਇੰਟਰਵਿਊ ਦੇਣ ਲਈ ਆਇਆ। ਇਸ ਇੰਟਰਵਿਊ ਲਈ ਵਿਸ਼ਾ ਮਾਹਿਰ ਉੱਘੇ ਸਾਹਿਤ ਚਿੰਤਕ ਡਾਕਟਰ ਅਤਰ ਸਿੰਘ ਆਏ ਹੋਏ ਸਨ। ਜਦੋਂ ਮੈਂ ਇੰਟਰਵਿਊ ਲਈ ਅੰਦਰ ਗਿਆ ਤਾਂ ਮੇਰਾ ਨਾਂ-ਪਤਾ ਪੁੱਛ ਕੇ ਉਹ ਕਹਿੰਦੇ ਕਿ ਜੋਸ਼ੀ ਤੁਸੀਂ ਡਾਕਟਰ ਫਰੈਂਕ ਨਾਲ ਕੰਮ ਕੀਤੈ। ਮੈਂ ਤੁਹਾਡਾ ਕੰਮ ਦੇਖਿਆ ਹੈ, ਬਹੁਤ ਸੋਹਣਾ ਕੰਮ ਹੈ ਪਰ ਇਹ ਅਸਾਮੀ ਕਿਰਪਾਲ ਕਜ਼ਾਕ ਨੂੰ ਦਿੱਤੀ ਜਾਣੀ ਹੈ। ਇਸ ਕਿਸਮ ਦਾ ਸਪੱਸ਼ਟ ਫ਼ੈਸਲਾ ਮੈਂ ਆਪਣੇ ਜੀਵਨ ਦੌਰਾਨ ਪਹਿਲੀ ਵਾਰ ਸੁਣ ਰਿਹਾ ਸੀ। ਮੈਂ ਚੁੱਪਚਾਪ ਬਾਹਰ ਆ ਗਿਆ। ਸਮਾਂ ਪੈਣ ’ਤੇ ਪੰਜਾਬੀ ਯੂਨੀਵਰਸਿਟੀ ਦੇ ਇਕ ਹੋਰ ਦਲੇਰ ਵਾਈਸ ਚਾਂਸਲਰ ਨੇ ਕਿਰਪਾਲ ਕਜ਼ਾਕ ਨੂੰ ਇਸੇ ਆਸਾਮੀ ਤੋਂ ਪ੍ਰੋਫ਼ੈਸਰ ਵਜੋਂ ਪਦ-ਉੱਨਤ ਕਰ ਦਿੱਤਾ। ਇਹ ਵੀ ਸੁਣਨ ’ਚ ਆਇਆ ਕਿ ਕਿਸੇ ਸਮੇਂ ਉਹ ਰਾਜਗਿਰੀ ਤੇ ਆਰਕੀਟੈਕਟ ਵਜੋਂ ਵੀ ਵਿਸ਼ੇਸ਼ ਮੁਹਾਰਤ ਰੱਖਦਾ ਰਿਹਾ ਹੈ।
ਪੰਜਾਬ ਦੀ ਲੋਕ ਕਲਾ ਦੀ ਸੰਭਾਲ ਅਤੇ ਪੁਨਰ ਸਿਰਜਣਾ ਦੇ ਮੰਤਵ ਨਾਲ ਪੰਜਾਬ ਦੀਆਂ ਲਗਪਗ ਸਾਰੀਆਂ ਹੀ ਯੂਨੀਵਰਸਿਟੀਆਂ ਵੱਲੋਂ ਆਪਣੇ ਯੂਥ ਫੈਸਟੀਵਲਾਂ ਵਿਚ ਦੋ ਦਿਨ ‘ਪੰਜਾਬ ਦੀ ਲੋਕ ਵਿਰਾਸਤ’ ਲਈ ਰਾਖਵੇਂ ਕਰ ਦਿੱਤੇ ਸਨ। ਇਸ ’ਚ ਲੋਕ ਕਾਵਿ ਰੂਪਾਂ ਦੇ ਨਾਲ-ਨਾਲ ਪੰਜਾਬ ਦੇ ਲੋਕ ਜੀਵਨ ’ਚ ਪ੍ਰਚੱਲਿਤ ਰਹੇ ਅਜਿਹੇ ਕਲਾ ਰੂਪ ਵੀ ਸ਼ਾਮਿਲ ਹਨ, ਜਿਹੜੇ ਪੰਜਾਬੀ ਜੀਵਨ ਵਿੱਚੋਂ ਹਾਸ਼ੀਏ ’ਤੇ ਜਾ ਚੁੱਕੇ ਹਨ। ਇਨ੍ਹਾਂ ਵਿਚ ਨਾਲਾ ਬੁਣਨਾ, ਬੋਹਟੀ ਬਣਾਉਣੀ, ਪੀੜੀ ਬੁਣਨਾ, ਰੱਸਾ ਵੱਟਣਾ, ਖਿੱਦੋ ਮੜ੍ਹਨੀ, ਟੋਕਰਾ ਬਣਾਉਣਾ ਅਤੇ ਮਿੱਟੀ ਦੇ ਖਿਡੌਣੇ ਬਣਾਉਣ ਵਰਗੀਆਂ ਲੋਕ ਕਲਾਵਾਂ ਸ਼ਾਮਿਲ ਸੀ। ਇਨ੍ਹਾਂ ਦੀ ਪੇਸ਼ਕਾਰੀ ਦੇ ਨਿਯਮ ਤੇ ਨਿਰੀਖਣ ਕਰਨ ਲਈ ਦਿਸ਼ਾ-ਨਿਰਦੇਸ਼ ਨੂੰ ਲਿਖਤੀ ਨਿਯਮਾਂਵਲੀ ਵਜੋਂ ਅੰਤਿਮ ਰੂਪ ਦੇਣ ਦੀ ਜ਼ਿੰਮੇਵਾਰੀ ਕਿਰਪਾਲ ਕਜ਼ਾਕ ਵੱਲੋਂ ਨਿਭਾਈ ਗਈ। ਮੈਂ ਬਹੁਤ ਸਾਰੇ ਯੂਥ ਫੈਸਟੀਵਲਾਂ ’ਚ ਇਨ੍ਹਾਂ ਕਲਾਵਾਂ ਦੀ ਜੱਜਮੈਂਟ ਲਈ ਉਨ੍ਹਾਂ ਦੀ ਸਹਿਯੋਗੀ ਟੀਮ ’ਚ ਸ਼ਾਮਿਲ ਹੁੰਦਾ ਰਿਹਾ ਹਾਂ। ਉਨ੍ਹਾਂ ਦੀਆਂ ਇਨ੍ਹਾਂ ਵੰਨ-ਸੁਵੰਨੀਆਂ ਲੋਕ ਕਲਾਵਾਂ ਪ੍ਰਤੀ ਸੂਝ-ਸਮਝ ਨੂੰ ਦੇਖ ਕੇ ਹੈਰਾਨ ਹੋ ਜਾਂਦਾ, ਮਜ਼ਾਲ ਹੈ ਕਿ ਕੋਈ ਹੋਰ ਵਿਦਵਾਨ ਉਨ੍ਹਾਂ ਦੇ ਫ਼ੈਸਲੇ ਨੂੰ ਕਦੇ ਚੁਣੌਤੀ ਦੇ ਸਕਿਆ ਹੋਵੇ। ਕਜ਼ਾਕ ਸੱਚਮੁੱਚ ਇਸ ਖੇਤਰ ਦਾ ਸਮਰਾਟ ਪਾਰਖੂ ਹੋਣ ਦਾ ਮਾਣ ਰੱਖਦਾ ਹੈ।
ਪਿਛਲੇ ਦਿਨੀਂ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਸਾਂਝੇ ਯਤਨਾਂ ਨਾਲ ਸਮਾਗਮ ਕਰਵਾਇਆ ਗਿਆ। ਕਿਰਪਾਲ ਕਜ਼ਾਕ ਦੇ ਰਚਨਾ ਸੰਸਾਰ ਬਾਰੇ ਇਕ ਰੋਜ਼ਾ ਸੈਮੀਨਾਰ ਗੋਸ਼ਟੀ ਦੇ ਰੂਪ ’ਚ ਅਯੋਜਿਤ ਕੀਤਾ ਗਿਆ। ਇਸ ਸਮਾਗਮ ਦੇ ਦੂਜੇ ਸੈਸ਼ਨ ਦੇ ਪ੍ਰਧਾਨਗੀ ਮੰਡਲ ’ਚਡਾ. ਸੁਰਜੀਤ, ਡਾ. ਧਨਵੰਤ ਕੌਰ, ਪਰਵਾਸੀ ਪੰਜਾਬੀ ਸ਼ਾਇਰ ਸੁਖਿੰਦਰ ਕੰਬੋਜ, ਪ੍ਰੇਮ ਗੋਰਖੀ ਤੇ ਕਿਰਪਾਲ ਕਜ਼ਾਕ ਵਰਗੇ ਅਨੇਕਾਂ ਵਿਦਵਾਨ ਸ਼ਾਮਿਲ ਹੋਏ। ਇਸ ਵਿਚਾਰ-ਚਰਚਾ ਦੌਰਾਨ ਵਿਦਵਾਨ ਲੋਕਾਂ ਨੇ ਕਜ਼ਾਕ ਦੇ ਪਹਾੜੀ ਕਬੀਲਿਆਂ ਬਾਰੇ ਕੀਤੇ ਕੰਮ ਬਾਰੇ ਕਿਹਾ ਸੀ ਕਿ ਉਹ ਦੇਵਿੰਦਰ ਸਤਿਆਰਥੀ ਦੀ ਪ੍ਰੰਪਰਾ ਦਾ ਪੈਰੋਕਾਰ ਹੈ। ਉਹ ਉਘੇ ਲੋਕਧਾਰਾਈ ਖੋਜਕਾਰਾਂ ਦੇ ਪਦ ਚਿੰਨ੍ਹ ਉਤੇ ਚੱਲਣ ਵਾਲਾ ਅਜਿਹਾ ਖੋਜਕਾਰ ਹੈ, ਜਿਹੜਾ ਦੂਰ-ਦੁਰਾਡੀਆਂ ਥਾਵਾਂ ’ਤੇ ਪਹੁੰਚ ਕੇ ਪੁਖਤਾ ਜਾਣਕਾਰੀ ਪ੍ਰਾਪਤ ਕਰਦਾ ਰਿਹਾ ਹੈ। ਜਿਸ ਕਿਸਮ ਦੇ ਕਬੀਲਿਆਂ ਬਾਰੇ ਉਸ ਨੇ ਖੋਜ ਕੀਤੀ ਹੈ, ਉਹ ਆਮ ਆਦਮੀ ਦੀ ਪਹੁੰਚ ਤੋਂ ਬਹੁਤ ਦੂਰ ਦੇ ਪਹਾੜੀ ਕਬੀਲੇ ਹਨ। ਇਨ੍ਹਾਂ ਕਬੀਲਿਆਂ ਬਾਰੇ ਜਿਸ ਕਿਸਮ ਦੇ ਤੱਥ ਉਸ ਨੇ ਸਾਹਮਣੇ ਲਿਆਂਦੇ ਹਨ, ਉਹ ਉਸ ਦੀ ਵੱਡੀ ਪ੍ਰਾਪਤੀ ਹੈ। ਉਸ ਅਨੁਸਾਰ ਤਿੱਬਤ ਸੀਮਾ ਦੇ ਨੇੜੇ ਜਾਡ ਗੰਗਾ ਦੇ ਸਰੋਤ ਸਥਾਨ ’ਤੇ ਵਸਿਆ ਇਕ ਕਬੀਲਾ ਹੈ, ਜਿਸ ਨੂੰ ਜਾਡ ਕਬੀਲਾ ਕਿਹਾ ਜਾਂਦਾ ਹੈ। ਇਸ ਕਬੀਲੇ ਦੀ ਜੀਵਨਸ਼ੈਲੀ, ਵਿਸ਼ਵਾਸਾਂ ਬਾਰੇ ਬਹੁਤ ਹੀ ਰੌਚਕ ਵੇਰਵੇ ਉਸ ਵੱਲੋਂ ਪੇਸ਼ ਕੀਤੇ ਗਏ ਹਨ।
ਇਸੇ ਤਰ੍ਹਾਂ ਹਰਕੀਦੂਨ ਅਤੇ ਨੈਨੀਤਾਲ ਦੇ ਇਲਾਕੇ ’ਚ ਵੱਸਦਾ ਜੌਨਸਰੀ ਕਬੀਲਾ ਹੈ। ਹਰਕੀਦੂਨ ਦਾ ਇਲਾਕਾ ਕੌਰਵ ਨਰੇਸ਼ ਦੁਰਯੋਧਨ ਦਾ ਇਲਾਕਾ ਮੰਨਿਆ ਜਾਂਦਾ ਹੈ, ਜਿੱਥੇ ਬਹੁ-ਪਤਨੀ ਪ੍ਰਥਾ ਪ੍ਰਚੱਲਿਤ ਹੈ। ਇਹ ਜਾਣ ਕੇ ਹੈਰਾਨੀ ਹੁੰਦੀ ਹੈ ਕਿ ਹਿੰਦੂ ਦੇਵਮਾਲਾ ’ਚ ਖ਼ਲਨਾਇਕ ਮੰਨਿਆ ਜਾਂਦਾ ਦੁਰਯੋਧਨ ਇਸ ਇਲਾਕੇ ਅੰਦਰ ਕੁਲ ਦੇਵਤਾ ਦੇ ਰੂਪ ’ਚ ਪਰਵਾਨ ਕੀਤਾ ਜਾਂਦਾ ਹੈ। ਉਤਰਾਂਚਲ ਦੇ ਗੜਵਾਲ ਇਲਾਕੇ ਅੰਦਰ ਉਸ ਨੂੰ ਸਮਸੂ ਦੇਵਤਾ ਦੇ ਰੂਪ ’ਚ ਪੂਜਿਆ ਜਾਂਦਾ ਹੈ। ਇਸ ਇਲਾਕੇ ਅੰਦਰ ਸਮਸੂ ਦੇਵਤਾ ਦੇ ਬਕਾਇਦਾ ਮੰਦਰ ਬਣੇ ਹੋਏ ਹਨ। ਕਿਰਪਾਲ ਕਜ਼ਾਕ ਨੇ ਇਨ੍ਹਾਂ ਕਬੀਲਿਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦੇ ਕੇ ਸੱਚਮੁੱਚ ਸਲਾਹੁਣਯੋਗ ਕਾਰਜ ਕੀਤਾ ਹੈ। ਉਸ ਦੀ ਖੋਜ ਅਨੁਸਾਰ ਦੇਹਰਾਦੂਨ ਨੇੜੇ ਜੌਨਸਰ ਬਾਬਰ ਪਾਂਡਵਾ ਦਾ ਇਲਾਕਾ ਮੰਨਿਆ ਜਾਂਦਾ ਹੈ। ਇਸ ਇਲਾਕੇ ’ਚ ਬਹੁ-ਪਤੀ ਪ੍ਰਥਾ ਪ੍ਰਚੱਲਿਤ ਹੈ। ਜੌਨਸਰ ਕਬੀਲਾ ਆਪਣੇ ਆਪ ਨੂੰ ਪਾਂਡਵਾਂ ਦਾ ਵੰਸ਼ ਮੰਨਦਾ ਹੈ। ਇਹ ਕਬੀਲਾ ਕੁੰਤੀ ਨੂੰ ਆਪਣੀ ਕੁਲ ਦੇਵੀ ਦੇ ਰੂਪ ਵਿਚ ਪੂਜਦਾ ਹੈ। ਇਸੇ ਤਰ੍ਹਾਂ ਮਾੜੀਆ ਕਬੀਲੇ ਦੇ ਲੋਕ ਹਿਮਾਂਚਲ, ਤਰਾਈ ਅਤੇ ਨੇਪਾਲ ਦੇ ਸੀਮਾਵਰਤੀ ਇਲਾਕੇ ਬਸਤਰ ਵਿਚ ਵਸੇ ਹੋਏ ਹਨ। ਮਾੜੀਆ ਕਬੀਲੇ ਦੇ ਲੋਕ ਦੋ ਤਰ੍ਹਾਂ ਦੇ ਹਨ, ਇਕ ਨੂੰ ਦੰਡਾਮੀ ਕਿਹਾ ਜਾਂਦਾ ਹੈ ਅਤੇ ਦੂਜੇ ਨੂੰ ਅਬੂੜ ਕਿਹਾ ਜਾਂਦਾ ਹੈ। ਮਾੜੀਆ ਕਬੀਲੇ ਦੇ ਮਰਦ ਰਿਸ਼ਟ-ਪੁਸ਼ਟ, ਚਪਟੀ ਨੱਕ, ਖੁਰਦਰੇ ਪਿੰਡੇ, ਔਸਤਨ ਕੱਦ ਲਾਖੇ ਰੰਗ ਅਤੇ ਮਾਰਖੋਰੀ ਬਿਰਤੀ ਦੇ ਧਾਰਨੀ ਹਨ। ਇਨ੍ਹਾਂ ਕਬੀਲਿਆਂ ਦੇ ਵਿਆਹ ਦੀਆਂ ਅਨੋਖੀਆਂ ਰਵਾਇਤਾਂ ਹੁੰਦੀਆਂ ਹਨ। ਜਿਵੇਂ ਇਬਾਨ ਕਬੀਲੇ ਦੀ ਮੁਟਿਆਰ ਉਸ ਗੱਭਰੂ ਨੂੰ ਵਰ ਦੇ ਰੂਪ ਵਿਚ ਚੁਣਦੀ ਹੈ, ਜਿਸ ਦੇ ਗਲੇ ’ਚ ਸਭ ਤੋਂ ਵੱਧ ਮਨੁੱਖੀ ਖੋਪੜੀਆਂ ਦੀ ਮਾਲਾ ਪਹਿਨੀ ਹੋਵੇ। ਇਹ ਮਨੁੱਖ ਵੀ ਉਸ ਦੇ ਆਪਣੇ ਵਡੇਰੇ ਹੁੰਦੇ ਹਨ। ਕਿਰਪਾਲ ਕਜ਼ਾਕ ਨੇ ਇਹ ਅਨੋਖੀ, ਮੌਲਿਕ ਜਾਣਕਾਰੀ ਆਪਣੀ ਜਾਨ ਜੋਖ਼ਮ ’ਚ ਪਾ ਕੇ ਪ੍ਰਾਪਤ ਕੀਤੀ ਹੈ।
ਇਹ ਵੀ ਸੁਣਨ ’ਚ ਆਇਆ ਹੈ ਕਿ ਕਬੀਲਿਆਂ ਬਾਰੇ ਖੋਜ ਦਾ ਜਨੂੰਨ ਪੂਰਾ ਕਰਨ ਲਈ ਉਹ ਲੰਬਾ ਸਮਾਂ ਸਬੰਧਿਤ ਕਬੀਲੇ ਵਿਚ ਰਹਿੰਦਾ ਰਿਹਾ ਸੀ। ਨਾ ਭਾਸ਼ਾ ਦੀ ਸਾਰ, ਨਾ ਖਾਣ-ਪੀਣ ਦੀ ਸਾਂਝ ਤੇ ਨਾ ਹੀ ਕਿਸੇ ਨਾਲ ਕੋਈ ਜਾਣ ਪਛਾਣ, ਫਿਰ ਵੀ ਉਹ ਆਪਣੇ ਕਾਰਜ ਦੀ ਧੁਨੀ ਵਿਚ ਮਸਤ ਆਪਣੇ ਖੋਜ ਕਾਰਜ ਵਿਚ ਰੁੱਝਿਆ ਰਿਹਾ ਸੀ। ਇਸ ਕਿਸਮ ਦੇ ਅਵੱਲੇ ਰਾਹਾਂ ਦੇ ਅਨੋਖੇ ਰਾਹਗੀਰ ਬਾਰੇ ਮੇਰੇ ਵਰਗਾ ਸਾਧਾਰਨ ਬੰਦਾ ਭਲਾਂ ਕੀ ਲਿਖ ਸਕਦਾ ਹੈ।
- ਜੀਤ ਸਿੰਘ ਜੋਸ਼ੀ