ਮਰਜ਼ੀ ਦੇ ਵਿਆਹ ਦੀ ਜ਼ਿੱਦ ਪੁਗਾਉਣ ਲਈ ਚਿੰਕੀ ਨੇ ਦੂਜੇ ਦਿਨ ਵੀ, ਨਾ ਤਾਂ ਚੱਜ ਨਾਲ ਰੋਟੀ ਖਾਧੀ ਤੇ ਨਾ ਹੀ ਉਹ ਆਪਣੇ ਕਮਰੇ ਵਿੱਚੋਂ ਬਾਹਰ ਨਿਕਲੀ। ਹਾਲੇ ਸਵਾਮੀ ਹੁਰੀਂ ਕਿਸੇ ਜਜਮਾਨ ਦਾ ਫਾਂਡਾ ਕਰਵਾ ਕੇ ਪਰਤੇ ਹੀ ਸਨ ਕਿ ਬੰਸੋ ਨੇ ਸੈਨਤ ਮਾਰ ਕੇ ਸਭ ਕੁਝ ਦੱਸ ’ਤਾ।

ਮਰਜ਼ੀ ਦੇ ਵਿਆਹ ਦੀ ਜ਼ਿੱਦ ਪੁਗਾਉਣ ਲਈ ਚਿੰਕੀ ਨੇ ਦੂਜੇ ਦਿਨ ਵੀ, ਨਾ ਤਾਂ ਚੱਜ ਨਾਲ ਰੋਟੀ ਖਾਧੀ ਤੇ ਨਾ ਹੀ ਉਹ ਆਪਣੇ ਕਮਰੇ ਵਿੱਚੋਂ ਬਾਹਰ ਨਿਕਲੀ। ਹਾਲੇ ਸਵਾਮੀ ਹੁਰੀਂ ਕਿਸੇ ਜਜਮਾਨ ਦਾ ਫਾਂਡਾ ਕਰਵਾ ਕੇ ਪਰਤੇ ਹੀ ਸਨ ਕਿ ਬੰਸੋ ਨੇ ਸੈਨਤ ਮਾਰ ਕੇ ਸਭ ਕੁਝ ਦੱਸ ’ਤਾ। ਵੱਡੀ ਸਾਰੀ ‘ਹੂੰਅ...’ ਆਖ ਕੇ ਸਵਾਮੀ ਹੁਰਾਂ ਨੇ ਕਹਿ ਦਿੱਤਾ, ‘ਕੱਲ੍ਹ ਤਾਂ ਮੈਂ ਵੱਡੇ ਬਾਬਿਆਂ ਨਾਲ ‘ਵਿਸ਼ੇਸ਼ ਕਾਰਜਸਿੱਧੀ’ ਲਈ ਜਾਣੈ, ਕਰਮਾਂ ਆਲੀਏ ... ਚੰਗਾ ਫੇਰ, ਪਰਸੋਂ ਨੂੰ ਸੱਦ ਲਿਓ, ਨਾਲੇ, ਮੈਂ ਮੁੰਡੇ ਨੂੰ ਸਾਹਮਣਿਓਂ ਦੇਖਣਾ ਚਾਹੁੰਦਾ ਹਾਂ ਤੇ ਕੁਝ ਸਵਾਲ ਵੀ ਕਰਨੇ ਨੇ। ਧੀ ਦੇਣ ਤੋਂ ਪਹਿਲਾਂ ਸੌ ਗੱਲਾਂ ਵਿਚਾਰਨੀਆਂ ਹੁੰਦੀਆਂ ਨੇ..’! ਅਖ਼ੀਰ ’ਤੇ ਉਨ੍ਹਾਂ ਨੇ ਆਪਣਾ ਤਕੀਆਕਲਾਮ ਕਿ ਅਸੀਂ ਮੋਹਰੇ ਬੁੱਧੂ ਤਾਂ ਨਈ... ਆਖ ਕੇ ਗੱਲ ਮੁਕਾ ਦਿੱਤੀ।
ਚਿੰਕੀ ਨੂੰ ਸੁਣਾਉਣ ਲਈ ਸਵਾਮੀ ਹੁਰਾਂ ਨੇ ਆਮ ਨਾਲੋਂ ਰਤਾ ਉੱਚੀ ਆਵਾਜ਼ ਵਿਚ ਇਹ ਗੱਲ ਕਹੀ ਸੀ। ... ਭਲਾ ਕਿਹੜੀ ਗੱਲ? ‘‘ਇਹੀ ਕਿ ਪਰਸੋਂ ਮੁੰਡਾ ਸੱਦ ਲਿਓ, ਮੈਂ ਪਰਖ ਕਰਨੀ ਏ’’।
ਬੰਸੋ, ਭਾਵੇਂ ਅਜੋਕੇ ਜ਼ਮਾਨੇ ਦੀ ਵਿੱਦਿਆ ਤੋਂ ਸੱਖਣੀ ਐ... ਪਰ... ਧੀ ਦਾ ਦੁੱਖ ਦਿਲੋਂ ਮੰਨ ਰਹੀ ਸੀ, ਆਂਦਰਾਂ ਦੀ ਸਾਂਝ ਜੁ ਹੋਈ..! ਸਵਾਮੀ ਹੁਰਾਂ ਨੂੰ ਏਸ ਫ਼ੈਸਲੇ ਤੱਕ ਲਿਆਉਣ ਪਿੱਛੇ ਉਹਦਾ ਈ ਦਮਾਕ ਏ।
ਓਧਰ, ਚਿੰਕੀ ਕੋਲੋਂ 48 ਘੰਟੇ ਮਸਾਂ ਲੰਘਾਏ ਗਏ। ਓਹਨੂੰ ਚਾਅ ਸੀ ਕਿ ਓਹਦਾ ਕੁਝ ਲੱਗਦਾ, ਆਉਣ ਵਾਲਾ ਏ।
ਸ਼ਿਗਨਾਪੁਰ ਦੇ ਕਹਿ ਕੇ ਆਪਣੀਆਂ ਦੁਕਾਨਾਂ ਵਿਚ ਤਿਆਰ ਕੀਤੇ ਵੱਖ-ਵੱਖ ਸਸਤੀਆਂ ਧਾਤਾਂ ਨਾਲ ਬਣਾਏ ਜਾਂਦੇ ਨਗਾਂ, ਰੰਗ-ਬਿਰੰਗੀਆਂ ਤੇ ਵੰਨ-ਸੁਵੰਨੀਆਂ ਮੁੰਦਰੀਆਂ ਤੇ ਹੋਰ ਲਟਰਮ-ਪਟਰਮ ਦਾ ਬਾਜ਼ਾਰ, ਗਾਹਕਾਂ ਦੀ ਲਗਾਤਾਰ ਮੰਗ ਸਦਕਾ ਗਰਮ ਹੈ।
ਬਿਲਗਾ ਤੇ ਅੱਪਰਾ ਵਿਚ ਰਾਜ ਕਰਦਾ ਇਕ ਸੌਦਾਗਰ ਆਪਣੀ ਸ਼ੋਅਰੂਮਨੁਮਾ ਹੱਟੀ ਵਿਚ ਬੈਠਾ ਗਾਹਕਾਂ ਦੇ ਫੋਨ ਸੁਣੀ ਜਾ ਰਿਹਾ ਹੈ ਤੇ ‘ਕੰਮ’ ਹੋ ਜਾਣ ਬਾਰੇ ਇਤਲਾਹਾਂ ਕਰ ਰਿਹਾ ਹੈ। ਏਨੇ ਨੂੰ ਕਾਲ ਰਸੀਵ ਕਰਨ ਵੇਲੇ ਆਵਾਜ਼ ਆਉਂਦੀ ਹੈ, ਆਵਾਜ਼ ਭਾਰੀ ਤੇ ਕੁਰਖ਼ਤ ਹੋਣ ਕਾਰਨ ਇਹ ਫੋਨ ਦੇ ਸਪੀਕਰਾਂ ਵਿੱਚੋਂ ਇੰਝ ਡੁੱਲ੍ਹ-ਡੁੱਲ੍ਹ ਪੈ ਰਹੀ ਹੈ ਜਿਵੇਂ ਫੋਨ ਸੁਣਨ ਵਾਲੇ ਨੇ ਸਪੀਕਰ ਔਨ ਕੀਤਾ ਹੋਵੇ।
ਫੋਨ ਸੁਣਨ ਵਾਲਾ ਤੇ ਕਰਨ ਵਾਲਾ ਦੋਵੇਂ ਗੂੜ੍ਹੇ ਮਿੱਤਰ ਨੇ, ਸਗੋਂ ਇਹ ਕਹੀਏ ਕਿ ਜੁੰਡੀ ਦੇ ਯਾਰ ਨੇ ਤਾਂ ਕੋਈ ਅਤਿਕਥਨੀ ਨਹੀਂ। ਸ਼ਿਗਨਾਪੁਰ ਦੇ ਨਗ-ਮੁੰਦੀਆਂ ਦੱਸ ਕੇ ਜਿੰਨੀਆਂ ਸਧਾਰਨ ਤੇ ਸਸਤੀਆਂ ਧਾਤਾਂ ਵੇਚ ਕੇ, ਇਨ੍ਹਾਂ ਨੇ ਅਥਾਹ ਦੌਲਤ ਇਕੱਤਰ ਕੀਤੀ ਹੈ ਸ਼ਾਇਦ ਹੀ ਕਿਸੇ ਸੌਦਾਗਰ ਨੇ ਇਕੱਤਰ ਕੀਤੀ ਹੋਵੇ।
ਫੋਨ ਦੇ ਸਪੀਕਰ ਵਿੱਚੋਂ ਬਾਹਰ ਆਉਂਦੀ ਆਵਾਜ਼ ਕੁਰਖ਼ਤ ਤੇ ਪਾਟਵੀਂ ਏ, ਇਹ ਦੋਵੇਂ ਦੋਸਤ ਮਾਇਆਧਾਰੀ ਨੇ ਅਤੇ ਲੋਕਾਈ ਨਾਲ ਜੁੜੇ ਸਰੋਕਾਰਾਂ ਤੋਂ ਕੋਰੇ, ਸਾਹਿਤਕ, ਸਮਾਜਿਕ ਚੇਤਨਾ ਤੋਂ ਕੋਹਾਂ ਦੂਰ ਅਤੇ ਮਾਇਆ ਦੇ ਗ਼ਰੂਰ ਵਿੱਚੋਂ ਬੋਲਦੇ ਨੇ..! ਫੋਨ ਕਰਨ ਵਾਲੇ ਨੇ ਦੁਹਾਈਪਾਈ ਹੈ ਕਿ ਉਹਦੇ ਜੇਲ੍ਹ ਜਾਣ ਦੇ ਯੋਗ ਬਣ ਰਹੇ ਨੇ, ਇਹ ਗੱਲ ਉਸ ਨੂੰ ਕਿਸੇ ਪਹੁੰਚੇ ਹੋਏ ਨੇ ਦੱਸੀ ਏ, ਉਹਦੀ ਹੈ ਮੰਗ ਹੈ ਕਿ ਯਾਰ ਕਿਧਰੋਂ ਜੇਲ੍ਹ ਦੇ ਕੈਦੀਆਂ ਨਾਲ ਬਣੀ ਰੋਟੀ ਦਾ ਮਹੀਨਾ ਕੁ ਪ੍ਰਬੰਧ ਕਰ ਦਿਓ, ਉਹ ਜੇਲ੍ਹ ਜਾਣੋਂ ਬੱਚ’ਜੇਗਾ। ਉਹ ਆਖਦੈ, ਯਾਰ ਪੈਸਿਆਂ ਦੀ ਫ਼ਿਕਰ ਨਹੀਂ ਕਰਨੀ, ਪਾਣੀ ਵਾਂਗ ਰੋੜ੍ਹ ਦਿਆਂਗਾ, ਪਾਣੀ ਵਾਂਗ..!
(ਇਸ ਤਰ੍ਹਾਂ ਜੇਲ੍ਹ ਜਾਏ ਬਿਨਾਂ ਜੇਲ੍ਹ ਦੀ ਰੋਟੀ ਦਾ ਇੰਤਜ਼ਾਮ ਕਰਨ ਲਈ ਯਤਨ ਵਿੱਢ ਦਿੱਤੇ ਜਾਂਦੇ ਨੇ। ਇਕ ਬੰਦਾ ਮਿਲ ਵੀ ਪੈਂਦੈ..!)
ਚਿੰਕੀ ਵੱਲੋਂ ਪਸੰਦ ਕੀਤਾ ਗਿਆ ਮੁੰਡਾ ਆਪਣੇ ਬਾਪ ਤੇ ਚਾਚੇ ਨੂੰ ਨਾਲ ਲੈ ਕੇ ਸਵਾਮੀ ਹੁਰਾਂ ਦੇ ਘਰ ਪੁੱਜ ਗਿਆ ਐ। ਸਵਾਮੀ ਨੇ ਕੋਈ ਖ਼ਾਸ ਉਚੇਚ ਨਹੀਂ ਕੀਤੀ ਤੇ ਘਰ ਦੇ ਬਾਹਰ ਬੈਠੇ ਮਖੌਲੀਆ ਸੁਭਾਅ ਵਾਲੇ ਹਲਵਾਈ ਪ੍ਰੇਮਪਾਲ ਪੰਮੇ ਦੀ ਹੱਟੀ ਤੋਂ ਵਾਹਵਾ ਮਿੱਠੀ ਬਰਫੀ ਲੈ ਲਈ, ਘਰੇ ਚਾਹ ਤਿਆਰ ਕਰ ਲਈ ਤੇ ਕਿਸੇ ਜਜਮਾਨ ਵੱਲੋਂ ਦਿੱਤੀ ਸੇਵਾ-ਭੇਟਾ ਵਿੱਚੋਂ ਨਿਕਲੀ ਮਠਿਆਈ ਵੀ ਪ੍ਰਾਹੁਣਿਆਂ ਅੱਗੇ ਧਰ ਦਿੱਤੀ।
ਹੁਣ, ਕਮਰੇ ਵਿਚ ਇਕ ਦੂਜੇ ਦੀ ਸੰਗ ਤੇ ਸਾਰੇ ਜੀਆਂ ਦੇ ਨਵੇਂਪਣ ਦਾ ਅਜਬ ਸੰਜੋਗ ਬਣਿਆ ਪਿਆ ਸੀ ਤੇ ਹਰ ਕੋਈ ਇਸ ਨੂੰ ਮਹਿਸੂਸ ਕਰਦਾ ਜਾਪ ਰਿਹਾ ਸੀ.. ਚਾਹ ਅੱਧ-ਪਚੱਧੀ ਪੀਤੀ ਗਈ..।
ਹਾਂ, ਵਈ ਬਰਖ਼ੁਰਦਾਰ, ਫੇਰ ਕੰਮ ਧੰਦਾ ਕੀ ਕਰਦੇ ਓ? ਕਿੰਨੀ ਕੁ ਵਿੱਦਿਆ ਪ੍ਰਾਪਤ ਕੀਤੀ ਏ?
ਚਿੰਕੀ ਦੇ ਪਿਤਾ ਦੇ ਦੋਵੇਂ ਸਵਾਲ ਸੁਣ ਕੇ ਗਿਆਨਵੀਰ (ਕੁੜੀ ਦੀ ਪਸੰਦ) ਬੋਲਿਆ। ‘ਦਸਵੀਂ ਕੀਤੀ ਸੀ ਸਾਲ 2009 ਵਿਚ।
ਫੇਰ ਟੈਲੀਵਿਜ਼ਨ ਤੇ ਡੈੱਕ ਮੁਰੰਮਤ ਕਰਨ ਦਾ ਕੰਮ ਸਿੱਖਿਆ। ਉਹ ਕਿੱਤਾ ਹੁਣ ਮੁੱਕ ਗਿਐ। ਮਹੰਤਾਂ ਦੇ ਨਾਲ ਢੋਲਕੀ ਵਜਾਉਂਦਾ ਰਿਹਾ ਹਾਂ, ਇਹੋ ਜਿਹੇ ਕਈ ਢੰਢੇਵਾੜੇ ਭੁਗਤਾਅ ਕੇ ਜੇਲ੍ਹ ਵਿਚ ਰਸੋਈਆ ਲੱਗਾ ਆ, ‘ਉੱਪਰੋਂ’ ਵੀ ਬਣਾ ਲੈਂਦਾ ਆਂ ..!
‘ਉੱਪਰੋ’ ਕੀ ਏ? ਆਪਣੇ ਸਾਬ੍ਹਾਂ ਦੇ ਘਰੇ ਜਾ ਕੇ ਕੁਝ ਕਰਦੈ ਜਾਂ..? ਨਹੀਂ ਜੀ, ਜੇਲ੍ਹ ਵਿਚ ਰਸੋਈਏ ਦਾ ਠੇਕੇ ਦਾ ਕੰਮ ਏ। ... ਆਹ ਕਈ ਜੁਗਾੜੀ ਤੇ ਰਵਾਇਤੀ ਸੰਸਕਾਰਾਂ ਵਿਚ ਪਲੇ ਮੁਨਾਫ਼ਾਖੋਰ ਲੋਕ, ਜਿਹੜੇ ਦੂਜੇ ਦਾ ਹੱਕ ਮਾਰਨੋਂ ਨਹੀਂ ਟਲਦੇ ਤੇ ਆਪਣੇ ਮਾਤਹਿਤ ਮੁਲਾਜ਼ਮਾਂ ਦੀ ਰੱਤ ਵੀ ਨਚੋੜ ਲੈਂਦੇ ਨੇ ਨਾ..!
ਓਹ ਆ..ਹੋ.. ਅੱਗੇ ਦੱਸ? (ਸਵਾਮੀ ਜਗਿਆਸਾ ਨਾਲ ਬੋਲ ਪਏ... ਜਿਵੇਂ ਉਨ੍ਹਾਂ ਦੀ ਦਿਲਚਸਪੀ ਦੀ ਕੋਈ ਗੱਲ ਕਹਿ ਹੋ ਗਈ ਹੋਵੇ...)
... ਇਹੋ-ਜਿਹਿਆਂ ਨੂੰ ਹਰ ਵੇਲੇ ਜੇਲ੍ਹ ਜਾਣ ਦਾ ਡਰ ਹੁੰਦੈ। ਉਹ ਜੇਲ੍ਹ ਜਾਣੋਂ ਹਰ ਵੇਲੇ ਡਰਦੇ ਰਹਿੰਦੇ ਨੇ ਤੇ ਅਸੀਂ ਇਸੇ ਮਨੋਵਿਗਿਆਨ ਵਿੱਚੋਂ ਧੰਦੇ ਦੀ ਕਾਢ ਕੱਢ ਲਈ..!
ਹੱਛਾ... ਫੇਰ.. (ਚਿੰਕੀ ਦਾ ਪਿਓ ਹੋਰ ਘੋਖ ਕੱਢਣ ਲਈ ਬੋਲਿਆ..)
ਇਹੋ-ਜਿਹਿਆਂ ਨੂੰ ਮੈਂ ‘ਜੇਲ੍ਹ ਦੀ ਰੋਟੀ’ ਵੀ ਬਾਹਰੋਂ-ਬਾਹਰ ਮੁਹੱਈਆ ਕਰਾ ਦਿੰਨਾ ਆ, ਸੁੱਖ ਨਾਲ ਦੂਣੇ-ਤੀਣੇ ਮੁੱਲ ’ਤੇ ਵੇਚੀਦੀ ਏ। ਉਨ੍ਹਾਂ ਨੂੰ ਸਿਆਣਿਆਂ ਤੇ ਪੁੱਛਾਂ ਦੇਣ ਵਾਲਿਆਂ ਨੇ ਵੀ ਕਿਹਾ ਹੁੰਦੈ ਕਿ ਜੇਲ੍ਹ ਦੀ ਰੋਟੀ ਖਾਣ ਦੇ ਯੋਗ ਬਣਦੇ ਪਏ ਨੇ, ਜੇ ਕਿਤਿਓਂ ਬਾਹਰੋਂ ਮੰਗਾਅ ਕੇ ਨਾ ਖਾਧੀ ਤਾਂ ਜੇਲ੍ਹ ਜਾ ਕੇ ਖਾਣੀ ਪਊਗੀ...
ਏਦਾਂ ਵਪਾਰੀ ਵੀ ‘ਜੇਲ੍ਹ ਦੀ ਰੋਟੀ’ ਖਾ ਕੇ ਸੁਰਖ਼ਰੂ ਹੋ ਜਾਂਦੇ ਨੇ, ... ਤੇ ਨਾਲੇ ਜੀ, ਅਸੀਂ ਸੋਹਣਾ ਵਪਾਰ ਰੋੜ੍ਹ ਲਿਆ ਹੋਇਐ ਤੇ ਚੋਲਾ ਜੇਲ੍ਹ ਦੇ ਰਸੋਈਏ ਦਾ ਪਾਇਆ ਏ। ਗਿਆਨਵੀਰ ਦੀ ਗੱਲ ਸੁਣਦੇ ਸਾਰ ਸਵਾਮੀ ਹੁਰੀਂ ਖਿੜੇ ਨਜ਼ਰੀਂ ਪਏ, ਉਸ ਨੂੰ ਧੀ ਦੀ ਪਸੰਦ ’ਤੇ ਫ਼ਖ਼ਰ ਮਹਿਸੂਸ ਹੋ ਰਿਹਾ ਸੀ।
ਥੋੜ੍ਹੀ ਦੇਰ ਨੂੰ ਕਾਕਾ ਗਿਆਨਵੀਰ ਤੇ ਉਹਦੇ ਨਾਲ ਆਏ ਬੰਦੇ ਉਥੋਂ ਚਲੇ ਜਾਂਦੇ ਨੇ।
ਰਾਤ ਨੂੰ ਮੰਜੇ ’ਤੇ ਪਈ ਬੰਸੋ ਨੇ ਸਿਰ ਦੇ ਸਾਂਈ ਕੋਲੋਂ ਵਿਆਹ ਦੀ ਹਾਂ-ਨਾਂਹ ਬਾਰੇ ਪੁੱਛ ਲਿਆ, ਸਵਾਮੀ ਬੋਲ ਪਏ, ‘ਮੁੰਡਾ ਤਾਂ ਸਾਡੇ ਵਾਂਗ ਪੂਰਾ ਜੁਗਾੜੀ ਏ। ਮੈਂ ਕਿਹੜਾ ਘੱਟ ਆ, ਹਰ ਕਿਸਮ ਦੇ ਠੱਗਾਂ ਨੂੰ ਮੈਂ ਵੀ ਤਾਂ ਜੇਲ੍ਹ ਦੀ ਰੋਟੀ ਖਾਣ ਦੀ ਸਲਾਹ ਦਿੰਦਾ ਈ ਰਹਿੰਨਾ ਆ, ਕਰਮਾਂ ਆਲੀਏ, ਜਿਨ੍ਹਾਂ ਕੋਲੋਂ ਮੈਂ ਇਹ ਠੱਗਠਗਾ ਸਿੱਖਿਆ ਸੀ, ਉਹ ਵੀ ਇਹੋ ਕੁਝ ਕਰਦੇ ਰਹੇ ਨੇ...। ਮੁੰਡੇ ਨੂੰ ਬੰਸੋ ਕਰਮਾਂ ਆਲੀਏ, ਸਮਝ ਐ ਆਮ ਬੰਦਿਆਂ ਦੇ ਮਨ ਦੀ ਤੇ ਮਾਇਆ ਕਢਾਉਣ ਦੇ ਪੈਂਤੜੇ ਦੀ, ਵਈ ਮੰਨ ’ਗੇ ਕਰਮਾਂ ਆਲੀਏ, ਮੰਨ ਗਏ...।
ਬੰਸੋ ਨੇ ਪੁੱਛਿਆ, ‘...ਫੇਰ, ਹਾਂ ਈ ਸਮਝੀਏ..?
ਲੈ ਹੋਰ-ਹੋਰ, ਕਰੋ ਤਿਆਰੀ ਤੇ ਨਾਲੇ ਗਿਆਨਵੀਰ ਨੂੰ ਸੁਨੇਹਾ ਲਾ ਦਿਓ ਕਿ ਛੇਤੀ ਵਿਆਹ ਦੀ ਤਰੀਕ ਜਿਹੀ ਕਢਾ ਲਓ ਤੇ ਸਾਨੂੰ ਸਾਹੇ ਦੀ ਚਿੱਠੀ ਘੱਲੋ।
ਲੈ ਕਿਤੇ ... ਇਹੋ ਜਿਹੇ ਕਮਾਊ ਮੁੰਡੇ ਰੋਜ਼-ਰੋਜ਼ ਲੱਭਦੇ ਨੇ.!! ਮੂੰਹ ਵਿਚ ਇਹ ਵਾਕ ਬੋਲਦਾ-ਬੋਲਦਾ ਸਵਾਮੀ ਖਿੜ੍ਹਿਆ ਨਜ਼ਰੀਂ ਪੈ ਰਿਹਾ ਸੀ ਤੇ ਬੰਸੋ ਵੀ, ... ਤੇ ਖ਼ੈਰ! ਚਿੰਕੀ ਨੇ ਤਾਂ ਖ਼ੁਸ਼ ਹੋਣਾ ਈ ਸੀ..!
- ਯਾਦਵਿੰਦਰ ਵਾਹਦ