ਇਸ ਸਮੇਂ ਕੇਵਲ ਭਾਰਤ ਦੀ ਨਾਰੀ ਨੇ ਹੀ ਆਜ਼ਾਦੀ ਨਹੀਂ ਲਈ ਸਗੋਂ ਦੁਨੀਆ ਭਰ ਦੀਆਂ ਔਰਤਾਂ ਨੇ ਹੀ ਆਪਣੇ ਪੈਰਾਂ ’ਤੇ ਖੜ੍ਹੇ ਹੋ ਕੇ ਆਪਣੀ ਹੋਂਦ ਦਾ ਪ੍ਰਗਟਾਵਾ ਕੀਤਾ ਅਤੇ ਪੁਰਸ਼ ਸਮਾਜ ਨੂੰ ਹੈਰਾਨ ਕਰ ਦਿੱਤਾ। ਅੱਜ ਜ਼ਿੰਦਗੀ ਦਾ ਕੋਈ ਮੁਕਾਮ ਨਹੀਂ ਜਿਸ ਵਿਚ ਹਿੱਸਾ ਪਾ ਕੇ ਔਰਤਾਂ ਨੇ ਆਪਣੀ ਸਰਦਾਰੀ ਨਹੀਂ ਦਿਖਾਈ।

ਅਜੋਕੀ ਔਰਤ ਨਿੱਤ ਨਵੀਂਆਂ ਬੁਲੰਦੀਆਂ ਛੂਹ ਰਹੀ ਹੈ। ਔੌੌੌੌੌੌੌੌੌੌਰਤ ਦੀ ਇਸ ਉੱਨਤੀ ਦੇਖਣ ਤੋਂ ਪਹਿਲਾਂ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਉਸ ਨੇ ਆਪਣਾ ਸਫ਼ਰ ਕਿੱਥੋਂ ਸ਼ੁਰੂ ਕੀਤਾ। ਭਾਵ ਉਹ ਕਿੱਥੋਂ ਤੁਰੀ ਅਤੇ ਕਿਹੜੀਆਂ ਬਿਖਮ ਸਥਿਤੀਆਂ ਵਿੱਚੋਂ ਹੁੰਦੀ ਹੋਈ ਅੱਜ ਦੇ ਸਥਾਨ ’ਤੇ ਪਹੁੰਚੀ। ਉਸ ਲਈ ਅੱਗੋਂ ਆਉਣ ਵਾਲੀਆਂ ਕਿਹੜੀਆਂ ਚੁਣੌਤੀਆਂ ਹਨ?
ਔਰਤ ਨੇ ਆਪਣੀ ਜ਼ਿੰਦਗੀ ਦਾ ਸਫ਼ਰ ਸਿਫ਼ਰ ਦੇ ਬਿੰਦੂ ਤੋਂ ਵੀ ਹੇਠਾਂ ਤੋਂ ਸ਼ੁਰੂ ਕੀਤਾ। ਆਦਿ ਕਾਲ ਤੋਂ ਹੀ ਔਰਤ ਮਰਦ ਪ੍ਰਧਾਨ ਸਮਾਜ ਦੇ ਜ਼ੁਲਮ ਦਾ ਸ਼ਿਕਾਰ ਹੁੰਦੀ ਰਹੀ ਹੈ। ਪਹਿਲੇ ਸਮੇਂ ਵਿਚ ਔਰਤ ਨੂੰ ਮਨੁੱਖ ਹੀ ਨਹੀਂ ਸੀ ਸਮਝਿਆ ਜਾਂਦਾ। ਉਸ ਨੂੰ ਜਾਇਦਾਦ ਜਾਂ ਭੋਗ ਦੀ ਵਸਤੂ ਸਮਝਿਆ ਜਾਂਦਾ ਸੀ ਜਿਸ ਨੂੰ ਦੂਸਰੇ ਨੂੰ ਉਪਹਾਰ ਦੇ ਰੂਪ ਵਿਚ ਦਿੱਤਾ ਜਾ ਸਕਦਾ ਸੀ, ਵੇਚਿਆ ਵੀ ਜਾ ਸਕਦਾ ਸੀ ਅਤੇ ਜੂਏ ਵਿਚ ਹਾਰਿਆ ਵੀ ਜਾ ਸਕਦਾ ਸੀ। ਔਰਤ ਨੂੰ ਪਸ਼ੂ ਦੀ ਤਰ੍ਹਾਂ ਕਿਸੇ ਵੀ ਕਿੱਲੇ ਨਾਲ ਬੰਨ੍ਹ ਦਿੱਤਾ ਜਾਏ ਤਾਂ ਵੀ ਉਹ ਉਫ਼ ਨਹੀਂ ਸੀ ਕਰ ਸਕਦੀ। ਸਮਾਜ ਵਿਚ ਉਸ ਦੀ ਕੋਈ ਇੱਛਾ ਨਹੀਂ ਸੀ।
ਅਜਿਹੇ ਹਾਲਾਤ ਵਿਚ ਆਜ਼ਾਦੀ ਤੋਂ ਬਾਅਦ ਭਾਰਤ ਵਿਚ ਔਰਤ ਦਾ ਨਵੇਂ ਸਿਰੇ ਤੋਂ ਸਫ਼ਰ ਸ਼ੁਰੂ ਹੋਇਆ। ਉਸ ਨੇ ਅਨੇਕਾਂ ਜ਼ੁਲਮਾਂ ਅਤੇ ਬੇਇਨਸਾਫ਼ੀਆਂ ਨੂੰ ਸਹਾਰਦੇ ਹੋਏ ਆਪਣੀ ਜ਼ਿੰਦਗੀ ਦਾ ਸਫ਼ਰ ਸ਼ੁਰੂ ਕੀਤਾ। ਉਸ ਦਾ ਸਤਰ ਉੱਚਾ ਚੁਕਣ ਲਈ ਸਰਕਾਰ ਅਤੇ ਕੁਝ ਅਗਾਂਹ ਵਧੂ ਲੋਕਾਂ ਨੇ ਵੀ ਹਿੱਸਾ ਪਾਇਆ। ਸਭ ਤੋਂ ਪਹਿਲਾਂ ਅੌਰਤਾਂ ਖ਼ਿਲਾਫ ਪੁਰਾਣੀਆਂ ਅਤੇ ਗ਼ਲਤ ਰਸਮਾਂ ਨੂੰ ਖ਼ਤਮ ਕਰਨ ਵੱਲ ਧਿਆਨ ਦਿੱਤਾ ਗਿਆ। ਮਹਿਸੂਸ ਕੀਤਾ ਗਿਆ ਕਿ ਧੀਆਂ ਦਾ ਪਾਲਣ ਪੋਸ਼ਣ ਵੀ ਪੁੱਤਰਾਂ ਦੀ ਤਰ੍ਹਾਂ ਲਾਡ ਪਿਆਰ ਨਾਲ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਉੱਚੀ ਵਿਦਿਆ ਦੇ ਕੇ ਆਪਣੇ ਪੈਰਾਂ ’ਤੇ ਖੜ੍ਹਾ ਕਰਨਾ ਚਾਹੀਦਾ ਹੈ ਤਾਂ ਕਿ ਉਹ ਆਪਣੀ ਵੱਖਰੀ ਪਛਾਣ ਬਣਾ ਸਕਣ ਅਤੇ ਆਪਣੇ ਪਰਿਵਾਰ ਅਤੇ ਸਮਾਜ ਦੇ ਵਿਕਾਸ ਵਿਚ ਭਰਪੂਰ ਹਿੱਸਾ ਪਾ ਸਕਣ। ਬਾਲੜੀਆਂ ਦੀ ਪੜ੍ਹਾਈ ਲਈ ਉਚੇਚੇ ਉਪਰਾਲੇ ਕੀਤੇ ਗਏ। ਕਿਹਾ ਗਿਆ ਕਿ ਜੇ ਇਕ ਲੜਕੀ ਨੂੰ ਪੜ੍ਹਾ ਲਿਆ ਤਾਂ ਸਮਝੋ ਕਿ ਪੂਰੇ ਖ਼ਾਨਦਾਨ ਹੀ ਪੜ੍ਹਾ ਲਿਆ। ਇਸ ਤਰ੍ਹਾਂ ਭਾਰਤ ਵਿਚ ਅੌਰਤਾਂ ਲਈ ਇਕ ਨਵਾਂ ਸਵੇਰਾ ਹੋਇਆ। ਵਿੱਦਿਆ ਨਾਲ ਔਰਤ ਦਾ ਗਿਆਨ ਵਧਿਆ। ਉਸ ਨੂੰ ਆਪਣੀ ਹਸਤੀ ਦਾ ਪਤਾ ਲੱਗਿਆ। ਉਹ ਕਾਫ਼ੀ ਹੱਦ ਤੱਕ ਮਰਦਾਂ ਅਤੇ ਸੱਸਾਂ ਦੀਆਂ ਜ਼ਿਆਦਤੀਆਂ ’ਚੋਂ ਆਜ਼ਾਦ ਹੋਈ। ਉਸ ਨੇ ਘਰ ਦੀ ਚਾਰਦੀਵਾਰੀ ਵਿੱਚੋਂ ਨਿਕਲ ਕੇ ਸਮਾਜ ਵਿਚ ਖੁੱਲ੍ਹ ਕੇ ਵਿਚਰਨਾ ਸ਼ੁਰੂ ਕੀਤਾ ਅਤੇ ਪਰਿਵਾਰ, ਸਮਾਜ ਅਤੇ ਦੇਸ਼ ਦੁਨੀਆ ਦੇ ਵਿਕਾਸ ਵਿਚ ਆਪਣਾ ਅਮੁੱਲਾ ਯੋਗਦਾਨ ਪਾ ਕੇ ਦੁਨੀਆ ਨੂੰ ਚਕਾਚੌਂਧ ਕਰ ਦਿੱਤਾ।
ਹੁਣ ਸਮਾਜ ਅਤੇ ਪਰਿਵਾਰ ਵਿਚ ਔਰਤ ਦਾ ਦਰਜਾ ਪਹਿਲੇ ਵਾਲਾ ਨਹੀਂ ਰਿਹਾ। ਹੁਣ ਔਰਤ ਮਰਦ ਦੇ ਪੈਰਾਂ ਦੀ ਜੁੱਤੀ ਨਹੀਂ ਰਹੀ ਸਗੋਂ ਉਹ ਜੀਵਨ ਸੰਗਨੀ ਹੈ। ਉਹ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਸਮਾਜ, ਪਰਿਵਾਰ ਅਤੇ ਦੇਸ਼ ਦੀ ਉਨਤੀ ਵਿਚ ਭਰਪੂਰ ਯੋਗਦਾਨ ਪਾ ਰਹੀ ਹੈ। ਉਹ ਮਰਦ ਦੀ ਗ਼ੁਲਾਮ ਨਹੀਂ ਰਹੀ। ਉਸ ਦੀ ਹੋਂਦ ਕੇਵਲ ਰਸੋਈ ਅਤੇ ਹੋਰ ਘਰੇਲੂ ਕੰਮਾਂ ਤੱਕ ਹੀ ਸੀਮਤ ਨਹੀਂ।
ਇਸ ਸਮੇਂ ਕੇਵਲ ਭਾਰਤ ਦੀ ਨਾਰੀ ਨੇ ਹੀ ਆਜ਼ਾਦੀ ਨਹੀਂ ਲਈ ਸਗੋਂ ਦੁਨੀਆ ਭਰ ਦੀਆਂ ਔਰਤਾਂ ਨੇ ਹੀ ਆਪਣੇ ਪੈਰਾਂ ’ਤੇ ਖੜ੍ਹੇ ਹੋ ਕੇ ਆਪਣੀ ਹੋਂਦ ਦਾ ਪ੍ਰਗਟਾਵਾ ਕੀਤਾ ਅਤੇ ਪੁਰਸ਼ ਸਮਾਜ ਨੂੰ ਹੈਰਾਨ ਕਰ ਦਿੱਤਾ। ਅੱਜ ਜ਼ਿੰਦਗੀ ਦਾ ਕੋਈ ਮੁਕਾਮ ਨਹੀਂ ਜਿਸ ਵਿਚ ਹਿੱਸਾ ਪਾ ਕੇ ਔਰਤਾਂ ਨੇ ਆਪਣੀ ਸਰਦਾਰੀ ਨਹੀਂ ਦਿਖਾਈ। ਮੁਸ਼ਕਿਲ ਤੋਂ ਮੁਸ਼ਕਿਲ ਜ਼ੋਖ਼ਮ ਭਰੇ ਕੰਮਾਂ, ਜਿਨ੍ਹਾਂ ਵਿਚ ਕੇਵਲ ਪੁਰਸ਼ਾਂ ਦੀ ਹੀ ਸਰਦਾਰੀ ਮੰਨੀ ਜਾਂਦੀ ਸੀ, ਵਿਚ ਵੀ ਬਰਾਬਰ ਹਿੱਸਾ ਪਾ ਕੇ ਅੌਰਤਾਂ ਪੁਰਸ਼ਾਂ ਦੇ ਬਰਾਬਰ ਖੜ੍ਹੀਆਂ ਹਨ। ਕਈ ਖਿੱਤਿਆਂ ਵਿਚ ਤਾਂ ਅੱਜ ਇਕੱਲੀ ਔਰਤ ਦੀ ਹੀ ਅਜ਼ਾਰੇਦਾਰੀ ਬਣ ਗਈ ਹੈ। ਜਿਵੇਂ ਰਿਸੈਪਸਨਿਸ਼ਟ ਅਤੇ ਨਰਸਰੀ ਸਕੂਲ ਅਧਿਆਪਕ ਆਦਿ। ਅੱਜ ਅੋਰਤਾਂ ਆਈ.ੲ.ੇਐੱਸ., ਆਈ.ਐੱਫ.ਐੱਸ. ਅਤੇ ਪੀ.ਸੀ.ਐੱਸ ਦੀਆਂ ਸਭ ਤੋਂ ਉੱਚੀਆਂ ਨੌਕਰੀਆਂ ’ਤੇ ਬਿਰਾਜਮਾਨ ਹਨ। ਉਹ ਫੌ਼ਜ, ਪੁਲਿਸ ਅਤੇ ਇੰਨਜੀਨਰਿੰਗ ਦੀਆਂ ਕੁਰਸੀਆਂ ਸੰਭਾਲੀ ਬੈਠੀਆਂ ਹਨ। ਉਹ ਪੁਲਾੜ ਵਿਚ ਵੀ ਉਡਾਰੀਆਂ ਲਾ ਰਹੀਆਂ ਹਨ। ਉਹ ਦਰਜੀ, ਮਿਸਤਰੀ ਅਤੇ ਪਲੰਬਰ ਆਦਿ ਦਾ ਕੰਮ ਵੀ ਆਸਾਨੀ ਨਾ ਕਰ ਰਹੀਆਂ ਹਨ। ਉਹ ਵਿਧਾਨ ਸਭਾ ਅਤੇ ਲੋਕ ਸਭਾ ਵਿਚ ਵੀ ਚੁਣੀਆਂ ਜਾ ਕੇ ਦੇਸ਼ ਦੀ ਵਾਗਡੋਰ ਸੰਭਾਲ ਰਹੀਆਂ ਹਨ। ਉਹ ਮੰਤਰੀ ਅਤੇ ਕਈ ਦੇਸ਼ਾਂ ਦੀਆਂ ਪ੍ਰਧਾਨ ਮੰਤਰੀ ਬਣ ਕੇ ਵੀ ਆਪਣੇ ਦੇਸ਼ਾਂ ਦੇ ਲੋਕਾਂ ਦੀ ਸਮੁੱਚੀ ਕਰ ਰਹੀਆਂ ਹਨ।
ਇਸ ਸਭ ਦੇ ਬਾਵਜੂਦ ਵੀ ਅੱਜ ਅੌਰਤਾਂ ਨੂੰ ਦੂਹਰੀ ਮੁਸ਼ੱਕਤ ਕਰਨੀ ਪੈ ਰਹੀ ਹੈ। ਦਫ਼ਤਰ ਦੇ ਕੰਮ ਦੇ ਨਾਲ ਨਾਲ ਉਨ੍ਹਾਂ ਨੂੰ ਪਰਿਵਾਰ ਦੀ ਵੀ ਸੰਭਾਲ ਕਰਨੀ ਪੈਂਦੀ ਹੈ। ਉਨ੍ਹਾਂ ਲਈ ਮਿਹਨਤ ਜ਼ਿਆਦਾ ਅਤੇ ਆਰਾਮ ਘੱਟ ਹੈ ਪਰ ਹਾਲੀ ਵੀ ਕਈ ਘਟੀਆ ਸੋਚ ਵਾਲੇ ਬੰਦੇ ਆਪਣੀ ਪਤਨੀ ਨੂੰ ਤਾਅਨਾ ਦਿੰਦੇ ਹਨ ਕਿ ਤੂੰ ਸਾਰੀ ਦਿਹਾੜੀ ਕਰਦੀ ਹੀ ਕੀ ਹੈਂ? ਇੱਥੇ ਪੁਰਸ਼ਾਂ ਨੂੰ ਆਪਣੀ ਸੋਚ ਬਦਲ ਕੇ ਆਪਣੀਆਂ ਅੌਰਤਾਂ ਨਾਲ ਘਰ ਦੇ ਕੰਮਾਂ ਵਿਚ ਸਹਿਯੋਗ ਕਰਨਾ ਚਾਹੀਦਾ ਹੈ।
ਆਪਣੀ ਤਰੱਕੀ ਕਾਰਨ ਅੌਰਤਾਂ ਨੂੰ ਆਪਣੇ ’ਤੇ ਮਾਣ ਤਾਂ ਜ਼ਰੂਰ ਹੋਣਾ ਚਾਹੀਦਾ ਹੈ ਪਰ ਘਮੰਢ ਨਹੀਂ ਹੋਣਾ। ਪਰਿਵਾਰਕ ਮਰਿਆਦਾ ਨੂੰ ਧਿਆਨ ਵਿਚ ਰੱਖਦੇ ਹੋਏ ਰਿਸ਼ਤਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਅੌਰਤਾਂ ਨੂੰ ਘਰ ਵਿਚ ਬਜ਼ੁਰਗ ਸੱਸ ਸਹੁਰੇ ਨੂੰ ਪੂਰਾ ਮਾਣ ਇੱੱਜ਼ਤ ਦੇਣਾ ਚਾਹੀਦਾ ਹੈ। ਹੰਕਾਰ ਵਿਚ ਆ ਕੇ ਕਈ ਅੌਰਤਾਂ ਆਪਣੇ ਪਤੀ ਨੂੰ ਨੌਕਰ ਸਮਝਦੀਆਂ ਹਨ। ਫਿਰ ਸਾਰੀ ਉਮਰ ਨੌਕਰਾਣੀ ਬਣ ਕੇ ਹੀ ਬਿਤਾਉਂਦੀਆਂ ਹਨ। ਇਸ ਦੇ ਉੱਲਟ ਕਈ ਅੋਰਤਾਂ ਆਪਣੇ ਪਤੀ ਨੂੰ ਘਰ ਦਾ ਰਾਜਾ (ਮਾਲਕ) ਬਣਾ ਕਿ ਰੱਖਦੀਆਂ ਹਨ। ਫਿਰ ਸਾਰੀ ਉਮਰ ਪਰਿਵਾਰ ਵਿਚ ਰਾਣੀ ਬਣ ਕੇ ਰਾਜ ਕਰਦੀਆਂ ਹਨ ਅਤੇ ਸੁੱਖ ਮਾਣਦੀਆਂ ਹਨ। ਉਨ੍ਹਾਂ ਦੇ ਘਰ ਵਿਚ ਸਦਾ ਸ਼ਾਤੀ ਰਹਿੰਦੀ ਹੈ। ਬਾਹਰ ਵਾਲਿਆਂ ਨੂੰ ਉਨ੍ਹਾਂ ਦੇ ਘਰੋਂ ਹਾਸੇ ਛਣਕਦੇ ਸੁਣਦੇ ਹਨ।
ਹਰ ਕੰਮ ਵਿਚ ਸੁਧਾਰ ਦੀ ਗੁੰਜਾਇਸ਼ ਰਹਿੰਦੀ ਹੈ। ਅੱਗੇ ਵਧਣਾ ਹੀ ਜ਼ਿੰਦਗੀ ਦਾ ਨਿਯਮ ਹੈ। ਇਸ ਲਈ ਇਹ ਕਦੀ ਨਹੀਂ ਕਿਹਾ ਜਾ ਸਕਦਾ ਕਿ ਔਰਤ ਨੇ ਅੰਤਿਮ ਮੰਜ਼ਿਲ ਨੂੰ ਛੂੂਹ ਲਿਆ ਹੈ ਅਤੇ ਹੁਣ ਉਸ ਨੂੰ ਹੋਰ ਅੱਗੇ ਵਧਣ ਦੀ ਜ਼ਰੂਰਤ ਨਹੀਂ। ਪਰਿਵਰਤਨ ਜ਼ਿੰਦਗੀ ਦਾ ਨਿਯਮ ਹੈ। ਸੁਹਜ ਸੁਆਦ ਮਨੁੱਖ ਦੀ ਫਿਤਰਤ ਹੈ। ਇਨ੍ਹਾਂ ਦੋਹਾਂ ਗੱਲਾਂ ਕਰ ਕੇ ਹੀ ਮਨੁੱਖ ਨੇ ਪੱਥਰ ਯੁੱਗ ਤੋਂ ਅੱਜ ਤੱਕ ਦਾ ਸਫ਼ਰ ਤਹਿ ਕੀਤਾ ਹੈ। ਮੰਜ਼ਿਲਾਂ ਤਾਂ ਹੋਰ ਵੀ ਅੱਗੇ ਤੋਂ ਅੱਗੇ ਹਨ। ਹਾਲੀ ਪੁਲਾੜ ਵਿਚ ਅਤੇ ਹੋਰ ਖਿੱਤਿਆਂ ਵਿਚ ਬਹੁਤ ਖੋਜ ਹੋਣੀ ਹੈ। ਕਈ ਭਿਆਨਕ ਬਿਮਾਰੀਆਂ ਦੇ ਇਲਾਜ ਲੱਭੇ ਜਾਣੇ ਹਨ ਜਿਸ ਵਿਚ ਅੋਰਤਾਂ ਦੀ ਵੱਡੀ ਭਾਗੀਦਾਰੀ ਦੀ ਲੋੜ ਪਵੇਗੀ।
- ਗੁਰਸ਼ਰਨ ਸਿੰਘ ਕੁਮਾਰ
94631-89432