ਜਿੰਦਰ ਦੀ ਕਹਾਣੀ ਪਾਠਕ ਦਾ ਮਨੋਰੰਜਨ ਹੀ ਨਹੀਂ ਕਰਦੀ ਸਗੋਂ ਬੁਰਾਈਆਂ ਵਿਰੁੱਧ ਸੋਚਣ ਲਈ ਮਜਬੂਰ ਕਰਦੀ ਹੈ। ਉਸ ਨੇ ਔਰਤ-ਮਰਦ ਸਬੰਧਾਂ ਦੀ ਜਟਿਲਤਾ ਤੇ ਉਨ੍ਹਾਂ ਵਿਚਲੇ ਤਣਾਅ ਨੂੰ ਬਹੁਤ ਹੀ ਸਹਿਜ ਪਰ ਪ੍ਰਭਾਵਸ਼ਾਲੀ ਢੰਗ ਨਾਲ ਚਿਤਰਿਆ ਹੈ...

ਪੰਜਾਬੀ ਸਾਹਿਤ ਦੇ ਆਧੁਨਿਕ ਦੌਰ ਵਿਚ ਕਹਾਣੀ ਵਿਧਾ ਨੂੰ ਨਵੀਆਂ ਦਿਸ਼ਾਵਾਂ ਦੇਣ ਵਾਲੇ ਕਹਾਣੀਕਾਰਾਂ ਵਿਚ ਹਰਜਿੰਦਰ ਪਾਲ ‘ਜਿੰਦਰ’ ਦਾ ਨਾਂ ਅਹਿਮ ਥਾਂ ਰੱਖਦਾ ਹੈ। ਜਿੰਦਰ ਸਿਰਫ਼ ਕਹਾਣੀਕਾਰ ਨਹੀਂ, ਸਗੋਂ ਸੰਵੇਦਨਸ਼ੀਲ ਚਿੰਤਕ, ਸਮਾਜਿਕ ਹਕੀਕਤਾਂ ਦਾ ਦਰਦਮੰਦ ਦਰਸ਼ਕ ਤੇ ਮਨੁੱਖੀ ਮਨੋਵਿਗਿਆਨ ਦਾ ਸੁਝਾਵਾਂ ਵਿਸ਼ਲੇਸ਼ਕ ਵੀ ਹੈ। ਉਨ੍ਹਾਂ ਦੀਆਂ ਕਹਾਣੀਆਂ ’ਚ ਆਧੁਨਿਕ ਮਨੁੱਖ ਦੀਆਂ ਪੀੜਾਂ, ਸਬੰਧਾਂ ਦੀਆਂ ਗੁੰਝਲਾਂ, ਸਮਾਜਿਕ ਵਿਸੰਗਤੀਆਂ ਤੇ ਮਨੁੱਖੀ ਅਸਤਿਤਵ ਦੇ ਪ੍ਰਸ਼ਨ ਬੜੀ ਗਹਿਰਾਈ ਨਾਲ ਉਭਰਦੇ ਹਨ। ਜਿੰਦਰ ਦਾ ਜਨਮ 2 ਫਰਵਰੀ 1954 ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਲੱਧੜਾਂ (ਤਹਿਸੀਲ ਨਕੋਦਰ) ’ਚ ਹੋਇਆ। ਉਨ੍ਹਾਂ ਦੇ ਪਿਤਾ ਚਾਨਣ ਰਾਮ ਤੇ ਮਾਤਾ ਪਰਸਿੰਨੀ ਦੇਵੀ ਸਧਾਰਣ ਪਰਿਵਾਰ ਨਾਲ ਸਬੰਧਿਤ ਸਨ। ਪਿੰਡ ਦੇ ਮਾਹੌਲ ਵਿਚ ਪਲੇ਼-ਬੜੇ ਜਿੰਦਰ ਨੇ ਬਚਪਨ ਤੋਂ ਹੀ ਜੀਵਨ ਦੀਆਂ ਸਖ਼ਤ ਹਕੀਕਤਾਂ ਨੂੰ ਨੇੜੇ ਤੋਂ ਵੇਖਿਆ, ਜਿਸ ਦਾ ਅਸਰ ਉਨ੍ਹਾਂ ਦੀ ਰਚਨ-ਧਾਰਾ ’ਚ ਸਪੱਸ਼ਟ ਦਿਖਾਈ ਦਿੰਦਾ ਹੈ। ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਨੂਰਮਹਿਲ ਤੋਂ ਪ੍ਰਾਪਤ ਕੀਤੀ, ਜਦਕਿ ਹਾਇਰ ਸੈਕੰਡਰੀ ਆਰੀਆ ਸਕੂਲ ਨਕੋਦਰ ਤੋਂ 1972 ’ਚ ਪੂਰੀ ਕੀਤੀ। ਬੀਏ ਡੀਏਵੀ ਕਾਲਜ ਨਕੋਦਰ ਤੋਂ (1975) ਤੇ ਐੱਮਏ ਡੀਏ ਕਾਲਜ ਜਲੰਧਰ ਤੋਂ 1977 ’ਚ ਕੀਤੀ। ਸਿੱਖਿਆ ਦੌਰਾਨ ਹੀ ਉਨ੍ਹਾਂ ਦੀ ਸਾਹਿਤ ਵੱਲ ਰੁਚੀ ਵਿਕਸਿਤ ਹੋਈ।
ਜਿੰਦਰ ਦਾ ਜੀਵਨ ਅਥਾਹ ਤਜਰਬਿਆਂ ਨਾਲ ਭਰਿਆ ਹੋਇਆ ਹੈ। ਉਨ੍ਹਾਂ ਨੇ ਮਾਰਕੀਟ ਕਮੇਟੀ ਨਕੋਦਰ ’ਚ ਆਕਸ਼ਨ ਰਿਕਾਰਡਰ ਵਜੋਂ ਕੰਮ ਕੀਤਾ, ਅਗਰਵਾਲ ਫਰਮ ਵਿਚ ਮੁਨੀਮਗਿਰੀ ਕੀਤੀ ਅਤੇ ਫਿਰ ਐੱਮਬੀਡੀ ਪ੍ਰੈੱਸ ਜਲੰਧਰ ਵਿਚ ਪੰਜ ਸੋ ਰੁਪਏ ਤਨਖ਼ਾਹ ’ਤੇ ਪਰੂਫ਼ ਰੀਡਰ ਵਜੋਂ ਕੰਮ ਕੀਤਾ। 17 ਅਗਸਤ 1988 ਤੋਂ ਉਹ ਪੰਜਾਬ ਸਰਕਾਰ ਦੇ ਟ੍ਰਾਂਸਪੋਰਟ ਵਿਭਾਗ ਵਿਚ ਆਡੀਟਰ ਨਿਯੁਕਤ ਹੋ ਗਏ ਅਤੇ 29 ਫਰਵਰੀ 2012 ਨੂੰ ਰਿਟਾਇਰ ਹੋਏ। ਇਹ ਸਾਰੇ ਤਜਰਬੇ ਉਨ੍ਹਾਂ ਦੀ ਕਹਾਣੀ ਰਚਨਾ ਵਿਚ ਗਹਿਰਾਈ ਲਿਆਉਂਦੇ ਹਨ ਕਿਉਂਕਿ ਉਨ੍ਹਾਂ ਨੇ ਜੀਵਨ ਨੂੰ ਨਜ਼ਦੀਕ ਤੋਂ ਦੇਖਿਆ ਤੇ ਸਮਝਿਆ। ਜਿੰਦਰ ਦੀ ਸਾਹਿਤਕ ਯਾਤਰਾ ਬਹੁਤ ਵਿਸਤ੍ਰਿਤ ਤੇ ਰੰਗ-ਬਿਰੰਗੀ ਹੈ। ਉਨ੍ਹਾਂ ਨੇ ਕਹਾਣੀ, ਨਾਵਲ, ਰੇਖਾ-ਚਿੱਤਰ, ਸਫ਼ਰਨਾਮਾ, ਸਵੈ-ਜੀਵਨੀ ਤੇ ਸੰਪਾਦਨ ਦੇ ਖੇਤਰ ’ਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਜਿੰਦਰ ਨੂੰ ਸਭ ਤੋਂ ਵੱਧ ਖਿਆਤੀ ਕਹਾਣੀਕਾਰ ਵਜੋਂ ਮਿਲੀ। ਉਨ੍ਹਾਂ ਦੇ ਕਹਾਣੀ ਸੰਗ੍ਰਹਿ ਮੈਂ, ਕਹਾਣੀ ਤੇ ਉਹ, ਤੁਸੀਂ ਨਹੀਂ ਸਮਝ ਸਕਦੇ, ਨਹੀਂ, ਮੈਂ ਨਹੀਂ, ਬਿਨਾਂ ਵਜ੍ਹਾ ਤਾਂ ਨਹੀਂ, ਜ਼ਖ਼ਮ, ਆਵਾਜ਼ਾਂ, ਕੱਚੇ ਪੱਕੇ ਨਕਸ਼ੇ, ਸਿਆਸਤ ਖੇਡ, ਸਿਆਸਤ, ਸੇਫ਼ਟੀ ਕਿੱਟ ਹਨ। ਉਨ੍ਹਾਂ ਦੀਆਂ ਕਹਾਣੀਆਂ ਵਿਚ ਆਮ ਮਨੁੱਖ ਦੀ ਜ਼ਿੰਦਗੀ, ਉਸ ਦੇ ਅੰਦਰਲੇ ਸੰਘਰਸ਼ ਅਤੇ ਸਮਾਜਿਕ ਪ੍ਰਣਾਲੀ ਨਾਲ ਉਸ ਦੀ ਟੱਕਰ ਨੂੰ ਬੜੀ ਸੰਵੇਦਨਸ਼ੀਲਤਾ ਨਾਲ ਦਰਸਾਇਆ ਗਿਆ ਹੈ। ਉਨ੍ਹਾਂ ਦੀ ਕਹਾਣੀ ਦ੍ਰਿਸ਼ਟੀ ਮੁੱਖ ਤੌਰ ’ਤੇ ਆਧੁਨਿਕ ਮਨੁੱਖ ਦੀਆਂ ਡੂੰਘੀਆਂ ਪੀੜਾਂ ਤੇ ਮਾਨਸਿਕ ਦਵੰਦਾਂ ਨਾਲ ਜੁੜੀ ਹੋਈ ਹੈ।
ਜਿੰਦਰ ਦੀਆਂ ਲਿਖਤਾਂ ਮਹਿਜ਼ ਕਹਾਣੀਆਂ ਨਹੀਂ ਸਗੋਂ ਉਹ ਆਪਣੇ ਸਮੇਂ ਦੇ ਸਮਾਜਿਕ ਢਾਂਚੇ ਨੂੰ ਸਵਾਲਾਂ ਦੇ ਕਹਿਰੇ ’ਚ ਖੜ੍ਹਾ ਕਰਦੀਆਂ ਹਨ। ਉਸ ਦੀਆਂ ਕਹਾਣੀਆਂ ’ਚ ਸੰਘਰਸ਼ ਕਰਦਾ ਮਨੁੱਖ, ਟੁੱਟਦੇ ਹੋਏ ਮਨੁੱਖੀ ਸਬੰਧ, ਆਧੁਨਿਕ ਜੀਵਨ ਦਾ ਇਕੱਲਾਪਨ ਅਤੇ ਸਮਾਜਿਕ ਅਨਿਆਇ ਵਰਗੇ ਵਿਸ਼ੇ ਬੜੀ ਤੀਬਰਤਾ ਅਤੇ ਸੰਵੇਦਨਸ਼ੀਲਤਾ ਨਾਲ ਉੱਭਰ ਕੇ ਸਾਹਮਣੇ ਆਉਂਦੇ ਹਨ।
ਜਿੰਦਰ ਨੇ ਮਨੁੱਖੀ ਮਨ ਦੀਆਂ ਪਰਤਾਂ ਨੂੰ ਬਹੁਤ ਬਾਰੀਕੀ ਨਾਲ ਫਰੋਲਿਆ ਹੈ। ਉਸ ਦੀਆਂ ਕਹਾਣੀਆਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਮਨੋਵਿਗਿਆਨਕ ਗਹਿਰਾਈ ਹੈ, ਜਿੱਥੇ ਉਹ ਪਾਤਰਾਂ ਦੇ ਬਾਹਰੀ ਵਿਹਾਰ ਨਾਲੋਂ ਉਨ੍ਹਾਂ ਦੇ ਅੰਦਰ ਚੱਲ ਰਹੇ ਮਾਨਸਿਕ ਸੰਘਰਸ਼ ਅਤੇ ਦਵੰਦ ਨੂੰ ਵਧੇਰੇ ਮਹੱਤਵ ਦਿੰਦਾ ਹੈ। ਇਸ ਦੇ ਨਾਲ ਹੀ, ਉਹ ਸਮਾਜਿਕ ਹਕੀਕਤਾਂ ਦਾ ਦਰਪਣ ਹੈ, ਜੋ ਜਾਤੀ ਪ੍ਰਥਾ, ਰਾਜਨੀਤਿਕ ਭ੍ਰਿਸ਼ਟਾਚਾਰ ਅਤੇ ਆਰਥਿਕ ਨਾਬਰਾਬਰੀ ਵਰਗੀਆਂ ਅਲਾਮਤਾ ਨੂੰ ਬਿਨਾਂ ਕਿਸੇ ਲਿਪਾ-ਪੋਚੀ ਦੇ ਪੇਸ਼ ਕਰਦਾ ਹੈ। ਉਸ ਦੀ ਕਹਾਣੀ ਪਾਠਕ ਦਾ ਸਿਰਫ਼ ਮਨੋਰੰਜਨ ਨਹੀਂ ਕਰਦੀ ਸਗੋਂ ਸਮਾਜਿਕ ਬੁਰਾਈਆਂ ਵਿਰੁੱਧ ਸੋਚਣ ਲਈ ਮਜਬੂਰ ਕਰਦੀ ਹੈ।
ਜਿੰਦਰ ਨੇ ਔਰਤ-ਮਰਦ ਸਬੰਧਾਂ ਦੀ ਜਟਿਲਤਾ ਤੇ ਉਨ੍ਹਾਂ ਵਿਚਲੇ ਤਣਾਅ ਨੂੰ ਬਹੁਤ ਹੀ ਸਹਿਜ ਪਰ ਪ੍ਰਭਾਵਸ਼ਾਲੀ ਢੰਗ ਨਾਲ ਚਿਤਰਿਆ ਹੈ। ‘ਕੱਚੇ ਪੱਕੇ ਨਕਸ਼ੇ’ ਵਰਗੇ ਸੰਗ੍ਰਹਿ ਰਾਹੀਂ ਉਸ ਨੇ ਦਿਖਾਇਆ ਹੈ ਕਿ ਕਿਵੇਂ ਬਦਲਦੇ ਹਾਲਾਤ ਵਿਚ ਰਿਸ਼ਤੇ ਆਪਣਾ ਰੂਪ ਬਦਲਦੇ ਹਨ। ਉਸ ਦੀ ਲੇਖਣੀ ਦਾ ਇਕ ਅਹਿਮ ਪੱਖ ਦਲਿਤ ਅਤੇ ਹਾਸੀਏ ’ਤੇ ਖੜ੍ਹੇ ਵਰਗਾਂ ਦੀ ਆਵਾਜ਼ ਬਣਨਾ ਹੈ। ਉਹ ਸਮਾਜ ਦੇ ਉਸ ਹਿੱਸੇ ਦੀ ਪੀੜ ਨੂੰ ਜ਼ੁਬਾਨ ਦਿੰਦਾ ਹੈ ਜਿਸ ਨੂੰ ਅਕਸਰ ਅਣਗੌਲਿਆ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਦੀ ਭਾਸ਼ਾ ਬੇਹੱਦ ਸਾਦਾ ਤੇ ਆਮ ਬੋਲਚਾਲ ਵਾਲੀ ਹੈ ਪਰ ਇਸ ਸਾਦਗੀ ’ਚ ਵੀ ਉਹ ਗੁੰਝਲਦਾਰ ਮਾਨਵੀ ਸਰੋਕਾਰਾਂ ਨੂੰ ਬਹੁਤ ਹੀ ਸਪੱਸ਼ਟਤਾ ਨਾਲ ਬਿਆਨ ਕਰਨ ਦੀ ਸਮਰੱਥਾ ਰੱਖਦੇ ਹਨ।
2026 ਵਿਚ ਪ੍ਰਕਾਸ਼ਿਤ ਉਨ੍ਹਾਂ ਦਾ ਨਾਵਲ ‘ਜ਼ਿੰਦਗੀ’ ਜੀਵਨ ਦੇ ਅਰਥਾਂ ਦੀ ਤਲਾਸ਼ ਵੱਲ ਮਹੱਤਵਪੂਰਨ ਕਦਮ ਹੈ, ਜਿੱਥੇ ਉਹ ਮਨੁੱਖੀ ਜੀਵਨ ਦੀਆਂ ਜਟਿਲਤਾਵਾਂ ਨੂੰ ਬੜੀ ਬਾਰੀਕੀ ਨਾਲ ਫਰੋਲਦਾ ਹੈ। ਇਸ ਤੋਂ ਇਲਾਵਾ, ‘ਕਵਾਸੀ ਰੋਟੀ’, ‘ਜੇ ਇਹ ਸੱਚ ਹੈ ਤਾਂ?’ ਤੇ ‘ਰੋਡੂ ਰਾਜਾ ਉਰਫ਼ ਫ਼ਜ਼ਲਦੀਨ’ ਵਰਗੇ ਰੇਖਾ-ਚਿੱਤਰ ਉਨ੍ਹਾਂ ਦੀ ਕਲਮ ਦੀ ਵਿਲੱਖਣ ਪਛਾਣ ਬਣ ਚੁੱਕੇ ਹਨ, ਜੋ ਪਾਠਕ ਨੂੰ ਜ਼ਿੰਦਗੀ ਦੇ ਅਣਗੌਲੇ ਪਾਤਰਾਂ ਤੇ ਸੱਚਾਈਆਂ ਨਾਲ ਰੂਬਰੂ ਕਰਵਾਉਂਦੇ ਹਨ।
ਉਨ੍ਹਾਂ ਦੀਆਂ ਗਲਪਕ ਰਚਨਾਵਾਂ ਜਿਵੇਂ ‘ਕਨਫੈਸ਼ਨ ਬੌਕਸ’, ‘ਵਾਰਿਸ ਸਭ ਦੁਨੀਆ ਦਗੇਬਾਜ਼ ਹੈ ਜੀ’ ਤੇ ‘ਮਾਘ ਦੇ 23 ਦਿਨ’ ਕੇਵਲ ਕਹਾਣੀਆਂ ਨਹੀਂ ਹਨ, ਸਗੋਂ ਇਹ ਸਮਾਜਿਕ ਤੇ ਵਿਅਕਤੀਗਤ ਸੱਚਾਈਆਂ ਦੀ ਗਹਿਰੀ ਖੋਜ ਹਨ। ਇਨ੍ਹਾਂ ਰਚਨਾਵਾਂ ’ਚ ਜਿੰਦਰ ਨੇ ਮਨੁੱਖੀ ਰਿਸ਼ਤਿਆਂ ’ਚ ਆਈ ਗਿਰਾਵਟ ’ਤੇ ਸਮਾਜਿਕ ਤਾਣੇ-ਬਾਣੇ ਦੀ ਅਸਲੀਅਤ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਹੈ। ਉਨ੍ਹਾਂ ਦੀ ਲੇਖਣੀ ਪਾਠਕ ਨੂੰ ਸਵੈ-ਪੜਚੋਲ ਕਰਨ ਲਈ ਮਜਬੂਰ ਕਰਦੀ ਹੈ, ਜਿਸ ਨਾਲ ਉਨ੍ਹਾਂ ਦਾ ਗਲਪ ਸਾਹਿਤਕ ਜਗਤ ’ਚ ਆਪਣੀ ਵੱਖਰੀ ਛਾਪ ਛੱਡਦਾ ਹੈ।
ਸਫ਼ਰਨਾਮਾ ਤੇ ਸਵੈ-ਜੀਵਨੀ ਦੇ ਖੇਤਰ ’ਚ ਵੀ ਉਨ੍ਹਾਂ ਦਾ ਯੋਗਦਾਨ ਲਾ-ਮਿਸਾਲ ਹੈ। ਉਨ੍ਹਾਂ ਦੇ ਸਫ਼ਰਨਾਮੇ ‘ਛੇ ਸੌ ਇਕਵੰਜਾ ਮੀਲ’ ਤੇ ‘ਚੱਲ ਜਿੰਦਰ ਇਸਲਾਮਾਬਾਦ ਚੱਲੀਏ’ ਸਿਰਫ਼ ਭੂਗੋਲਿਕ ਯਾਤਰਾਵਾਂ ਦਾ ਵੇਰਵਾ ਨਹੀਂ ਸਗੋਂ ਇਹ ਦੋਵਾਂ ਪਾਸਿਆਂ ਦੇ ਸੱਭਿਆਚਾਰਕ ਸਾਂਝਾਂ ਤੇ ਮਨੁੱਖੀ ਸਬੰਧਾਂ ਦੀ ਭਾਵੁਕ ਖੋਜ ਹਨ। ਆਪਣੀ ਸਵੈ-ਜੀਵਨੀ ‘ਇਕ ਸੀ ਹਰਜਿੰਦਰ’ ’ਚ ਉਨ੍ਹਾਂ ਨੇ ਆਪਣੇ ਜੀਵਨ ਦੇ ਨਿੱਜੀ ਤਜਰਬਿਆਂ ਅਤੇ ਸੰਘਰਸ਼ਾਂ ਨੂੰ ਬਿਨਾਂ ਕਿਸੇ ਲਿਪਾ-ਪੋਚੀ ਦੇ ਸੱਚਾਈ ਨਾਲ ਸਾਂਝਾ ਕੀਤਾ ਹੈ, ਜੋ ਪਾਠਕਾਂ ਲਈ ਪ੍ਰੇਰਨਾਦਾਇਕ ਹੋਣ ਦੇ ਨਾਲ-ਨਾਲ ਦਸਤਾਵੇਜ਼ੀ ਮਹੱਤਵ ਵੀ ਰੱਖਦਾ ਹੈ।
ਜਿੰਦਰ ਦਾ ਅਨੁਵਾਦ ਦੇ ਖੇਤਰ ਵਿਚ ਵੀ ਵੱਡਾ ਯੋਗਦਾਨ ਰਿਹਾ ਹੈ, ਜਿਸ ਰਾਹੀਂ ਉਨ੍ਹਾਂ ਨੇ ਵਿਸ਼ਵ ਪ੍ਰਸਿੱਧ ਰਚਨਾਵਾਂ ਨੂੰ ਪੰਜਾਬੀ ਪਾਠਕਾਂ ਦੇ ਰੂਬਰੂ ਕੀਤਾ। ਉਨ੍ਹਾਂ ਨੇ ਅਰਨੈਸਟ ਹਮਿੰਗਵੇ ਦੇ ਮਸ਼ਹੂਰ ਨਾਵਲ ਦਾ ‘ਅਲਵਿਦਾ ਹਥਿਆਰਾਂ ਨੂੰ’ (A Farewell to Arms) ਦੇ ਰੂਪ ਵਿਚ ਬਹੁਤ ਹੀ ਸੰਵੇਦਨਸ਼ੀਲਤਾ ਨਾਲ ਅਨੁਵਾਦ ਕੀਤਾ ਹੈ। ਇਹ ਕਾਰਜ ਨਾ ਸਿਰਫ਼ ਉਨ੍ਹਾਂ ਦੀ ਵਿਸ਼ਵ ਸਾਹਿਤ ’ਤੇ ਡੂੰਘੀ ਪਕੜ ਨੂੰ ਦਰਸਾਉਂਦਾ ਹੈ, ਸਗੋਂ ਪੰਜਾਬੀ ਭਾਸ਼ਾ ਦੇ ਭੰਡਾਰ ਨੂੰ ਵੀ ਵਧੇਰੇ ਅਮੀਰ ਤੇ ਵਿਸ਼ਾਲ ਬਣਾਉਂਦਾ ਹੈ।
ਅਨੁਵਾਦ ਦੇ ਨਾਲ-ਨਾਲ ਸੰਪਾਦਨ ਦੇ ਖੇਤਰ ’ਚ ਵੀ ਉਨ੍ਹਾਂ ਦਾ ਕੰਮ ਬੇਹੱਦ ਮਹੱਤਵਪੂਰਨ ਹੈ, ਖ਼ਾਸ ਕਰ ਕੇ 1947 ਦੀ ਵੰਡ ਨਾਲ ਸਬੰਧਿਤ ਸਾਹਿਤ ’ਤੇ। ਉਨ੍ਹਾਂ ਨੇ ਦੇਸ਼ ਵੰਡ ਦੇ ਇਤਿਹਾਸਕ ਦਰਦ, ਮਨੁੱਖੀ ਵਿਯੋਗ ਤੇ ਤ੍ਰਾਸਦੀ ਨੂੰ ਬਿਆਨ ਕਰਦੀਆਂ ਕਈ ਅਹਿਮ ਪੁਸਤਕਾਂ ਦਾ ਸੰਪਾਦਨ ਕੀਤਾ। ਇਹ ਸੰਪਾਦਿਤ ਰਚਨਾਵਾਂ ਉਸ ਸਮੇਂ ਦੀਆਂ ਮਾਨਵੀ ਸੰਵੇਦਨਾਵਾਂ ਅਤੇ ਇਤਿਹਾਸਕ ਸੱਚਾਈਆਂ ਨੂੰ ਸਾਂਭਣ ਵਿਚ ਅਹਿਮ ਰੋਲ ਅਦਾ ਕਰਦੀਆਂ ਹਨ।
ਜਿੰਦਰ ਦੀਆਂ ਇੰਗਲੈਂਡ, ਕਨੇਡਾ, ਅਮਰੀਕਾ, ਆਸਟ੍ਰੇਲੀਆ ਤੇ ਪਾਕਿਸਤਾਨ ਵਰਗੇ ਮੁਲਕਾਂ ਦੀਆਂ ਯਾਤਰਾਵਾਂ ਸਿਰਫ਼ ਸੈਰ-ਸਪਾਟਾ ਮਾਤਰ ਨਹੀਂ ਸਗੋਂ ਇਹ ਉਨ੍ਹਾਂ ਦੇ ਅਨੁਭਵਾਂ ਨੂੰ ਨਵੀਂ ਦਿਸ਼ਾ ਦੇਣ ਵਾਲਾ ਅਹਿਮ ਮਾਧਿਅਮ ਰਹੀਆਂ ਹਨ। ਵੱਖ-ਵੱਖ ਸੱਭਿਆਚਾਰਾਂ, ਭੂਗੋਲਿਕ ਖ਼ਿੱਤਿਆਂ ਤੇ ਸਮਾਜਿਕ ਢਾਂਚਿਆਂ ਦੇ ਰੂਬਰੂ ਹੋਣ ਨਾਲ ਉਨ੍ਹਾਂ ਦੀ ਸੋਚ ’ਚ ਡੂੰਘੀ ਵਿਸ਼ਾਲਤਾ ਪੈਦਾ ਹੋਈ ਹੈ। ਇਨ੍ਹਾਂ ਸਫ਼ਰਾਂ ਦੌਰਾਨ ਵੱਖੋ-ਵੱਖਰੀਆਂ ਜੀਵਨ-ਸ਼ੈਲੀਆਂ ਤੇ ਮਾਨਵੀ ਸਰੋਕਾਰਾਂ ਨੂੰ ਨੇੜਿਓਂ ਵੇਖਣ ਸਦਕਾ ਉਨ੍ਹਾਂ ਦਾ ਨਜ਼ਰੀਆ ਸੌੜੀਆਂ ਹੱਦਬੰਦੀਆਂ ਤੋਂ ਮੁਕਤ ਹੋ ਕੇ ਮਨੁੱਖਤਾ ਦੇ ਵਿਸ਼ਾਲ ਸੰਦਰਭਾਂ ਨੂੰ ਸਮਝਣ ਦੇ ਯੋਗ ਹੋਇਆ ਹੈ। ਇਹੋ ਕਾਰਨ ਹੈ ਕਿ ਉਨ੍ਹਾਂ ਦੀਆਂ ਯਾਤਰਾਵਾਂ ਨੇ ਉਨ੍ਹਾਂ ਦੇ ਮਾਨਸਿਕ ਕੈਨਵਸ ’ਤੇ ਅਜਿਹੇ ਨਵੇਂ ਰੰਗ ਬਿਖੇਰੇ ਹਨ, ਜਿਨ੍ਹਾਂ ਨੇ ਉਨ੍ਹਾਂ ਦੀ ਸ਼ਖ਼ਸੀਅਤ ’ਚ ਬੌਧਿਕ ਗੰਭੀਰਤਾ ਤੇ ਸੰਵੇਦਨਸ਼ੀਲਤਾ ਭਰ ਦਿੱਤੀ ਹੈ।
ਇਨ੍ਹਾਂ ਵਿਦੇਸ਼ੀ ਯਾਤਰਾਵਾਂ ਦਾ ਸਭ ਤੋਂ ਪ੍ਰਤੱਖ ਪ੍ਰਭਾਵ ਜਿੰਦਰ ਦੀ ਰਚਨਾਤਮਿਕਤਾ ’ਚ ਦੇਖਣ ਨੂੰ ਮਿਲਦਾ ਹੈ, ਜਿੱਥੇ ਉਸ ਦੀ ਲਿਖਤ ਹੁਣ ਸਥਾਨਿਕ ਘੇਰਿਆਂ ਤੋਂ ਨਿਕਲ ਕੇ ‘ਵਿਸ਼ਵਿਕ ਦ੍ਰਿਸ਼ਟੀ’ ਧਾਰਨ ਕਰ ਚੁੱਕੀ ਹੈ। ਆਪਣੀਆਂ ਰਚਨਾਵਾਂ ’ਚ ਉਹ ਜਿਸ ਤਰ੍ਹਾਂ ਪਾਕਿਸਤਾਨੀ ਪੰਜਾਬ ਦੇ ਸਾਂਝੇ ਵਿਰਸੇ ਤੋਂ ਲੈ ਕੇ ਪੱਛਮੀ ਮੁਲਕਾਂ ਦੀਆਂ ਆਧੁਨਿਕ ਚੁਣੌਤੀਆਂ ਤੇ ਪਰਵਾਸੀ ਜੀਵਨ ਦੇ ਦਵੰਦਾਂ ਨੂੰ ਪੇਸ਼ ਕਰਦੇ ਹਨ, ਉਹ ਉਨ੍ਹਾਂ ਦੀ ਗਲੋਬਲ ਸਮਝ ਦਾ ਪ੍ਰਮਾਣ ਹੈ। ਇਹ ਯਾਤਰਾਵਾਂ ਉਨ੍ਹਾਂ ਦੀਆਂ ਰਚਨਾਵਾਂ ’ਚ ਵਿਭਿੰਨ ਮਾਨਵੀ ਤਜਰਬਿਆਂ ਨੂੰ ਇੱਕੋ ਸੂਤਰ ’ਚ ਪਰੋਣ ਦੀ ਕਲਾ ਪ੍ਰਦਾਨ ਕਰਦੀਆਂ ਹਨ, ਜਿਸ ਨਾਲ ਉਨ੍ਹਾਂ ਦਾ ਸਾਹਿਤਕ ਕਾਰਜ ਪਾਠਕਾਂ ਨੂੰ ਕੇਵਲ ਇਕ ਖ਼ਿੱਤੇ ਦੀ ਨਹੀਂ, ਸਗੋਂ ਪੂਰੀ ਮਨੁੱਖਤਾ ਦੀ ਤਰਜਮਾਨੀ ਕਰਦਾ ਪ੍ਰਤੀਤ ਹੁੰਦਾ ਹੈ।
ਜਿੰਦਰ ਦੀਆਂ ਕਹਾਣੀਆਂ ਦੀ ਅਕਾਦਮਿਕ ਖੇਤਰ ’ਚ ਵਿਸ਼ੇਸ਼ ਮਹੱਤਤਾ ਹੈ, ਜੋ ਵੱਖ-ਵੱਖ ਪ੍ਰਮੁੱਖ ਵਿੱਦਿਅਕ ਸੰਸਥਾਵਾਂ ਦੇ ਪਾਠਕ੍ਰਮ ਦਾ ਅਹਿਮ ਹਿੱਸਾ ਹਨ। ਉਨ੍ਹਾਂ ਦੀਆਂ ਰਚਨਾਵਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੇ ਦਿੱਲੀ ਯੂਨੀਵਰਸਿਟੀ ਸਮੇਤ ਕਈ ਹੋਰ ਸਿੱਖਿਆ ਸੰਸਥਾਵਾਂ ਦੇ ਸਿਲੇਬਸ ਵਿਚ ਪੜ੍ਹਾਈਆਂ ਜਾ ਰਹੀਆਂ ਹਨ। ਜਿੰਦਰ ਦੀ ਸਾਹਿਤਕ ਦੇਣ ਤੇ ਕਲਾਤਮਿਕ ਗਹਿਰਾਈ ਦਾ ਪ੍ਰਮਾਣ ਇਸ ਗੱਲ ਤੋਂ ਵੀ ਮਿਲਦਾ ਹੈ ਕਿ ਹੁਣ ਤੱਕ ਉਨ੍ਹਾਂ ਦੇ ਸਾਹਿਤਕ ਕਾਰਜਾਂ ’ਤੇ ਕਈ ਖੋਜਾਰਥੀਆਂ ਵੱਲੋਂ ਐੱਮ.ਫਿਲ ਤੇ ਪੀਐੱਚਡੀ ਦੇ ਥੀਸਿਸ ਲਿਖੇ ਜਾ ਚੁੱਕੇ ਹਨ, ਜੋ ਪੰਜਾਬੀ ਗਲਪ ’ਚ ਉਨ੍ਹਾਂ ਦੇ ਉੱਚੇ ਰੁਤਬੇ ਨੂੰ ਤਸਦੀਕ ਕਰਦੇ ਹਨ।
ਜਿੰਦਰ ਪੰਜਾਬੀ ਸਾਹਿਤ ਜਗਤ ਦੇ ਅੰਬਰ ਦੇ ਸੂਰਜ ਵਰਗਾ ਹੈ, ਜਿਸ ਦੀ ਕਲਮ ਨੇ ਸਮਾਜਿਕ ਸਰੋਕਾਰਾਂ ਤੇ ਮਨੁੱਖੀ ਸੰਵੇਦਨਾਵਾਂ ਨੂੰ ਬਾਖ਼ੂਬੀ ਚਿਤਰਿਆ ਹੈ। ਉਨ੍ਹਾਂ ਦੀ ਸਾਹਿਤਕ ਕਾਬਲੀਅਤ ਦੀ ਗਵਾਹੀ ਉਨ੍ਹਾਂ ਨੂੰ ਮਿਲੇ ਵੱਕਾਰੀ ਸਨਮਾਨ ਭਰਦੇ ਹਨ। ਜਿੰਦਰ ਨੂੰ ਉਨ੍ਹਾਂ ਦੇ ਸ਼ਾਨਦਾਰ ਕਾਰਜ ਲਈ ਗੁਰਦੇਵ ਸਿੰਘ ਬਿਰਹਾ ਅਵਾਰਡ ਤੇ ਭੱਠਲ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਅਨੁਵਾਦ ਦੇ ਖੇਤਰ ’ਚ ਉਸ ਦੇ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ, 2017 ’ਚ ਉਨ੍ਹਾਂ ਨੂੰ ਭਾਰਤੀ ਸਾਹਿਤ ਅਕੈਡਮੀ ਅਨੁਵਾਦ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ, ਜੋ ਉਸ ਦੀ ਬਹੁ-ਪੱਖੀ ਪ੍ਰਤਿਭਾ ਦਾ ਪ੍ਰਮਾਣ ਹੈ। ਅੰਤਰਰਾਸ਼ਟਰੀ ਪੱਧਰ ’ਤੇ ਵੀ ਜਿੰਦਰ ਦੀ ਲੇਖਣੀ ਨੇ ਡੂੰਘੀ ਛਾਪ ਛੱਡੀ ਹੈ। 2022 ’ਚ ਉਨ੍ਹਾਂ ਨੂੰ ਵਾਰਿਸ ਸ਼ਾਹ ਇੰਟਰਨੈਸ਼ਨਲ ਅਵਾਰਡ ਨਾਲ ਸਨਮਾਨਿਤ ਕਰਨਾ ਉਨ੍ਹਾਂ ਦੀ ਵਿਸ਼ਵਵਿਆਪੀ ਪਛਾਣ ਨੂੰ ਦਰਸਾਉਂਦਾ ਹੈ।
ਸੋ ਜਿੰਦਰ ਨੇ ਆਪਣੀ ਕਲਮ ਰਾਹੀਂ ਸਾਹਿਤ ਨੂੰ ਨਵੀਆਂ ਤੇ ਅਰਥ ਭਰਪੂਰ ਉਚਾਈਆਂ ਬਖ਼ਸ਼ੀਆਂ ਹਨ। ਉਨ੍ਹਾਂ ਦੀ ਲੇਖਣੀ ਦੀ ਮੂਲ ਖ਼ੂਬਸੂਰਤੀ ਸੱਚਾਈ ਦਾ ਪੱਲਾ ਫੜ ਕੇ ਡੂੰਘੀ ਮਾਨਵੀ ਸੰਵੇਦਨਾ ਤੇ ਬੇਧੜਕ ਅੰਦਾਜ਼ ’ਚ ਜੀਵਨ ਦੇ ਯਥਾਰਥ ਨੂੰ ਪੇਸ਼ ਕਰਨਾ ਹੈ। ਜਿੰਦਰ ਨੇ ਆਪਣੇ ਜੀਵਨ ਦੇ ਵੰਨ-ਸੁਵੰਨੇ ਤੇ ਵਿਸ਼ਾਲ ਅਨੁਭਵਾਂ ਨੂੰ ਜਿਸ ਮੌਲਿਕਤਾ ਨਾਲ ਕਹਾਣੀਆਂ ’ਚ ਪਰੋਇਆ ਹੈ, ਉਹ ਪਾਠਕਾਂ ਨੂੰ ਮਨੁੱਖੀ ਮਾਨਸਿਕਤਾ ਦੀਆਂ ਜਟਿਲਤਾਵਾਂ ਤੇ ਸਮਾਜਿਕ ਸਰੋਕਾਰਾਂ ਦੀ ਬਾਰੀਕ ਸਮਝ ਪ੍ਰਦਾਨ ਕਰਦਾ ਹੈ।
ਉਨ੍ਹਾਂ ਦੀਆਂ ਰਚਨਾਵਾਂ ਸਿਰਫ਼ ਸਤਹੀ ਮਨੋਰੰਜਨ ਤੱਕ ਸੀਮਤ ਨਹੀਂ ਸਗੋਂ ਪਾਠਕ ਦੇ ਮਨ ’ਚ ਡੂੰਘਾ ਚਿੰਤਨ ਪੈਦਾ ਕਰਨ ਦੀ ਸਮਰੱਥਾ ਰੱਖਦੀਆਂ ਹਨ। ਆਪਣੀ ਮਜ਼ਬੂਤ ਭਾਸ਼ਾਈ ਪਕੜ ਤੇ ਵਿਲੱਖਣ ਵਿਸ਼ਾ-ਵਸਤੂ ਕਾਰਨ ਉਨ੍ਹਾਂ ਦਾ ਸਾਹਿਤਕ ਯੋਗਦਾਨ ਪੰਜਾਬੀ ਸਾਹਿਤ ਦੀ ਅਣਮੁੱਲੀ ਧਰੋਹਰ ਬਣ ਚੁੱਕਾ ਹੈ। ਇਹ ਸਰਮਾਇਆ ਨਾ ਕੇਵਲ ਵਰਤਮਾਨ ਸਮੇਂ ’ਚ ਪ੍ਰਸੰਗਿਕ ਹੈ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਤੇ ਨਵੇਂ ਲੇਖਕਾਂ ਲਈ ਅਜਿਹਾ ਮਾਰਗਦਰਸ਼ਕ ਵੀ ਹੈ, ਜੋ ਉਨ੍ਹਾਂ ਨੂੰ ਜੀਵਨ ਦੀਆਂ ਅਣਫਰੋਲੀਆਂ ਪਰਤਾਂ ਨੂੰ ਫਰੋਲਣ ਦੀ ਜਾਚ ਸਿਖਾਉਂਦਾ ਰਹੇਗਾ।
ਮਿਲੇ ਵੱਡੇ ਮਾਣ-ਸਨਮਾਨ
2024 ਉਨ੍ਹਾਂ ਲਈ ਬਹੁਤ ਮਹੱਤਵਪੂਰਨ ਰਿਹਾ, ਜਦੋਂ ਉਨ੍ਹਾਂ ਨੂੰ ਹਰਭਜਨ ਹਲਵਾਰਵੀ ਯਾਦਗਾਰੀ ਪੁਰਸਕਾਰ ਤੇ ਦੁਨੀਆ ਭਰ ’ਚ ਮਕਬੂਲ ਢਾਹਾਂ ਪੁਰਸਕਾਰ ਨਾਲ ਨਿਵਾਜਿਆ ਗਿਆ। ਇਹ ਸਨਮਾਨ ਨਾ ਸਿਰਫ਼ ਉਨ੍ਹਾਂ ਦੀ ਮਿਹਨਤ ਦਾ ਸਿਲਾ ਹਨ ਸਗੋਂ ਪੰਜਾਬੀ ਸਾਹਿਤ ’ਚ ਉਨ੍ਹਾਂ ਦੇ ਉੱਚੇ ਕੱਦ ਦੀ ਤਸਦੀਕ ਵੀ ਕਰਦੇ ਹਨ। ਜਿੰਦਰ ਦੀ ਸਾਹਿਤਕ ਯਾਤਰਾ ਦਾ ਸਭ ਤੋਂ ਉੱਚਾ ਮੁਕਾਮ 2025 ’ਚ ਆਇਆ, ਜਦੋਂ ਉਸ ਦੀ ਚਰਚਿਤ ਕਿਤਾਬ ‘ਸੇਫ਼ਟੀ ਕਿੱਟ’ ਲਈ ਉਸ ਨੂੰ ਦੇਸ਼ ਦੇ ਸਭ ਤੋਂ ਵੱਕਾਰੀ ਭਾਰਤੀ ਸਾਹਿਤ ਅਕੈਡਮੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ। ਇਹ ਪੁਰਸਕਾਰ ਮਿਲਣਾ ਉਨ੍ਹਾਂ ਦੀ ਸਿਰਜਣਾਤਮਿਕ ਸ਼ਕਤੀ ਤੇ ਸਾਹਿਤਕ ਯੋਗਦਾਨ ਦੀ ਸਿਖ਼ਰ ਮੰਨਿਆ ਜਾ ਸਕਦਾ ਹੈ। ਇਹ ਸਾਰੇ ਇਨਾਮ ਤੇ ਸਨਮਾਨ ਇਸ ਗੱਲ ਦਾ ਪ੍ਰਤੀਕ ਹਨ ਕਿ ਜਿੰਦਰ ਨੇ ਆਪਣੀ ਲੇਖਣੀ ਰਾਹੀਂ ਪੰਜਾਬੀ ਮਾਂ-ਬੋਲੀ ਦੀ ਝੋਲੀ ਨੂੰ ਬਹੁਤ ਕੀਮਤੀ ਰਚਨਾਵਾਂ ਨਾਲ ਭਰਿਆ ਹੈ।
ਲੇਖਕਾਂ ਲਈ ਮਜ਼ਬੂਤ ਮੰਚ
ਜਿੰਦਰ ਪਿਛਲੇ ਲਗਪਗ 28 ਸਾਲਾਂ ਤੋਂ ‘ਸ਼ਬਦ’ ਤ੍ਰੈਮਾਸਿਕ ਪੱਤ੍ਰਿਕਾ ਦਾ ਨਿਰੰਤਰ ਸੰਪਾਦਨ ਕਰ ਰਿਹਾ ਹੈ, ਜਿਸ ਰਾਹੀਂ ਉਸ ਨੇ ਨਾ ਸਿਰਫ਼ ਪੰਜਾਬੀ ਸਾਹਿਤ ਨੂੰ ਨਵੀਂ ਤਾਕਤ ਪ੍ਰਦਾਨ ਕੀਤੀ ਹੈ ਸਗੋਂ ਨਵੇਂ ਲੇਖਕਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਮਜ਼ਬੂਤ ਮੰਚ ਵੀ ਦਿੱਤਾ ਹੈ।
• ਜਸਵਿੰਦਰ ਦੂਹੜਾ
98723-36944