ਪੰਜਾਬੀ ਰੰਗਮੰਚ ਦੀ ਗੱਲ ਤੁਰਦਿਆਂ ਹੀ ਈਸ਼ਵਰ ਚੰਦਰ ਨੰਦਾ ਦਾ ਨਾਂ ਸਾਡੇ ਖ਼ਿਆਲ ਵਿਚ ਸਭ ਤੋਂ ਪਹਿਲਾਂ ਆਉਂਦਾ ਹੈ ਜਾਂ ਇਹ ਕਹਿ ਸਕਦੇ ਹਾਂ ਕਿ ਈਸ਼ਵਰ ਚੰਦਰ ਨੰਦਾ ਨਾਂ ਪੜ੍ਹਦਿਆਂ ਹੀ ਪੰਜਾਬੀ ਰੰਗਮੰਚ ਦਾ ਸ਼ੁਰੂਆਤੀ ਸਮਾਂ ਸਾਡੇ ਅੱਗੇ ਸਾਕਾਰ ਹੋ ਜਾਂਦਾ ਹੈ।ਈਸ਼ਵਰ ਚੰਦਰ ਨੰਦਾ ਪੰਜਾਬੀ ਸਾਹਿਤ ਦੇ ਰੰਗਮੰਚੀ ਵਿਹੜੇ ਵਿਚ ਅੱਜ ਵੀ ਧਰੂ ਤਾਰੇ ਵਾਂਗ ਚਮਕਦਾ ਨਜ਼ਰ ਆਉਂਦਾ ਹੈ।
ਪੰਜਾਬੀ ਰੰਗਮੰਚ ਦੀ ਗੱਲ ਤੁਰਦਿਆਂ ਹੀ ਈਸ਼ਵਰ ਚੰਦਰ ਨੰਦਾ ਦਾ ਨਾਂ ਸਾਡੇ ਖ਼ਿਆਲ ਵਿਚ ਸਭ ਤੋਂ ਪਹਿਲਾਂ ਆਉਂਦਾ ਹੈ ਜਾਂ ਇਹ ਕਹਿ ਸਕਦੇ ਹਾਂ ਕਿ ਈਸ਼ਵਰ ਚੰਦਰ ਨੰਦਾ ਨਾਂ ਪੜ੍ਹਦਿਆਂ ਹੀ ਪੰਜਾਬੀ ਰੰਗਮੰਚ ਦਾ ਸ਼ੁਰੂਆਤੀ ਸਮਾਂ ਸਾਡੇ ਅੱਗੇ ਸਾਕਾਰ ਹੋ ਜਾਂਦਾ ਹੈ।ਈਸ਼ਵਰ ਚੰਦਰ ਨੰਦਾ ਪੰਜਾਬੀ ਸਾਹਿਤ ਦੇ ਰੰਗਮੰਚੀ ਵਿਹੜੇ ਵਿਚ ਅੱਜ ਵੀ ਧਰੂ ਤਾਰੇ ਵਾਂਗ ਚਮਕਦਾ ਨਜ਼ਰ ਆਉਂਦਾ ਹੈ ਤੇ ਹਮੇਸ਼ਾ ਹੀ ਨਜ਼ਰ ਆਉਂਦਾ ਰਹੇਗਾ।
ਪੰਜਾਬੀ ਮਾਂ-ਬੋਲੀ ਦੇ ਇਸ ਮਾਣਮੱਤੇ ਸਾਹਿਤਕਾਰ ਦਾ ਜਨਮ ਚੜ੍ਹਦੇ ਪੰਜਾਬ ਦੇ ਪਿੰਡ ਗਾਂਧੀਆਂ ਪਨਿਆੜ, ਜ਼ਿਲ੍ਹਾ ਗੁਰਦਾਸਪੁਰ ਵਿਖੇ ਪਿਤਾ ਦੀਵਾਨ ਭਾਗ ਮੱਲ ਨੰਦਾ ਅਤੇ ਮਾਤਾ ਸ੍ਰੀਮਤੀ ਆਤਮਾ ਦੇਵੀ ਦੇ ਘਰ 30 ਸਤੰਬਰ 1892 ਨੂੰ ਹੋਇਆ।
ਬਚਪਨ ਵਿਚ ਹੀ ਪਿਤਾ ਦੀ ਮੌਤ ਹੋ ਜਾਣ ਕਾਰਨ ਗ਼ਰੀਬੀ ਦੇ ਦਿਨ ਵੀ ਹੰਢਾਏ ਪਰ ਫਿਰ ਵੀ ਆਪਣੇ ਮਨ ’ਚ ਪੜ੍ਹਨ ਦੇ ਜਨੂੰਨ ਨੂੰ ਖ਼ਤਮ ਨਹੀਂ ਹੋਣ ਦਿੱਤਾ। ਨੰਦਾ ਨੇ ਪ੍ਰਾਇਮਰੀ ਦੀ ਪ੍ਰੀਖਿਆ 1905 ’ਚ ਜ਼ਿਲ੍ਹੇ ’ਚੋਂ ਪਹਿਲੇ ਸਥਾਨ ’ਤੇ ਅਤੇ 1911 ’ਚ ਦਸਵੀਂ ਦੀ ਪ੍ਰੀਖਿਆ ਪਹਿਲੇ ਦਰਜੇ ’ਚ ਵਜ਼ੀਫੇ ਸਹਿਤ ਪਾਸ ਕੀਤੀ ਸੀ।
ਦਿਆਲ ਸਿੰਘ ਕਾਲਜ ਲਾਹੌਰ ਵਿੱਚੋਂ ਪਹਿਲਾਂ ਬੀ.ਏ. ਆਨਰਜ਼ ਅਤੇ ਫੇਰ ਅੰਗਰੇਜ਼ੀ ਦੀ ਐੱਮ.ਏ.ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਅੱਵਲ ਦਰਜੇ ’ਚ ਪਾਸ ਕੀਤੀ। ਅੱਗੇ ਉਚੇਰੀ ਵਿੱਦਿਆ ਵਲਾਇਤ ਤੋਂ ਪ੍ਰਾਪਤ ਕੀਤੀ। ਉਸ ਤੋਂ ਬਾਅਦ ਦਿਆਲ ਸਿੰਘ ਕਾਲਜ ਵਿਚ ਹੀ ਅੰਗਰੇਜ਼ੀ ਦੇ ਪ੍ਰੋਫੈਸਰ ਵਜੋਂ ਵੀ ਸੇਵਾ ਨਿਭਾਈ। ਇਸ ਤੋਂ ਇਲਾਵਾ ਰੋਹਤਕ ਵਿਖੇ ਬਤੌਰ ਪਿ੍ਰੰਸੀਪਲ ਵੀ ਸੇਵਾ ਨਿਭਾਈ। ਨੰਦਾ ਨੂੰ ਬਚਪਨ ਤੋਂ ਹੀ ਰਾਮ-ਲੀਲ੍ਹਾ, ਰਾਸ-ਲੀਲ੍ਹਾ, ਲੋਕ-ਨਾਟਕ, ਖੇਡਾਂ ਅਤੇ ਤਮਾਸ਼ੇ ਆਦਿ ਵੇਖਣ ਦਾ ਬਹੁਤ ਸ਼ੌਕ ਸੀ। ਇਸੇ ਸ਼ੌਕ ਸਦਕਾ ਸਕੂਲ ਵਿਚ ਪੜ੍ਹਦਿਆਂ ਹੀ ਨਾਟਕਾਂ ਵਿਚ ਅਦਾਕਾਰੀ ਕਰਨੀ ਸ਼ੁਰੂ ਕਰ ਦਿੱਤੀ ਸੀ। ਕਾਲਜ ਦੀ ਪੜ੍ਹਾਈ ਦੌਰਾਨ ਨੰਦਾ ਦਾ ਮਿਸਿਜ਼ ਨੌਰਾ ਰਿਚਰਡ ਨਾਲ ਮੇਲ ਹੋਣਾ ਸੋਨੇ ’ਤੇ ਸੁਹਾਗਾ ਹੀ ਹੋ ਨਿੱਬੜਿਆ।
ਨੌਰਾ ਰਿਚਰਡ ਜੋ ਦਿਆਲ ਸਿੰਘ ਕਾਲਜ, ਲਾਹੌਰ ਦੇ ਇਕ ਅੰਗਰੇਜ਼ ਪ੍ਰੋਫੈਸਰ ਦੀ ਪਤਨੀ ਸੀ, ਉਸਨੇ ਪੰਜਾਬ ਅੰਦਰ 1911 ਵਿਚ ਸਭ ਤੋਂ ਪਹਿਲੀ ਰੰਗਮੰਚ ਸਭਾ ‘ਸਰਸਵਤੀ ਸਟੇਜ ਸੁਸਾਇਟੀ’ ਸਥਾਪਤ ਕੀਤੀ ਸੀ। ਜਿਸ ਦਾ ਮੁੱਖ ਮਨੋਰਥ ਭਾਰਤੀ ਬੋਲੀਆਂ ਵਿਚ ਸਾਹਿਤਕ ਨਾਟਕ ਲਿਖਵਾਉਣ ਤੇ ਬੜੇ ਸਾਦੇ ਢੰਗ ਨਾਲ ਖੁੱਲ੍ਹੇ ਮੰਚ ਉੱਤੇ ਖਿਡਵਾਉਣਾ ਸੀ। 1911-12 ਵਿਚ ਉਸ ਨੇ ਸ਼ੇਕਸਪੀਅਰ ਦੇ ‘ਮਿਡ ਸਮਰ ਨਾਈਟਸ ਡਰੀਮ’,‘ਐਜ ਯੂ ਲਾਈਕ ਇਟ’ ਤੇ ਲੇਡੀ ਗ੍ਰੇਗਰੀ ਦਾ ‘ਸਪ੍ਰੈਡਿੰਗ ਦਾ ਨਿਊਜ਼’ ਖਿਡਵਾਏ । 1913 ਵਿਚ ਨੌਰਾ ਨੇ ਦੇਸੀ ਭਾਸ਼ਾਵਾਂ ਵਿੱਚੋਂ ਨਾਟਕ ਕਰਨ ਲਈ ਇਕ ਮੁਕਾਬਲੇ ਦਾ ਐਲਾਨ ਕੀਤਾ। ਆਈ.ਸੀ.ਨੰਦਾ ਵੀ ਉਸ ਸਮੇਂ ਦਿਆਲ ਕਾਲਜ ’ਚ ਹੀ ਵਿਦਿਆਰਥੀ ਸੀ ਤੇ ਨੌਰਾਂ ਦੇ ਦੋ ਅੰਗਰੇਜ਼ੀ ਨਾਟਕਾਂ ’ਚ ਪਹਿਲਾਂ ਭਾਗ ਵੀ ਲੈ ਚੁੱਕਾ ਸੀ। ਇਸ ਅਮਲੀ ਸਿੱਖਿਆ ਉਪੰਰਤ ਉਸਨੇ ‘ਦੁਲਹਨ’ ਨਾਂ ਦਾ ਪੰਜਾਬੀ ਨਾਟਕ ਮੁਕਾਬਲੇ ਲਈ ਲਿਖਿਆ ਜੋ 1913 ਦੇ ਮੁਕਾਬਲੇ ’ਚ ਅੱਵਲ ਰਿਹਾ। ਇਸ ਲਈ ਆਈ.ਸੀ.ਨੰਦਾ ਨੂੰ ਇਤਿਹਾਸ ਵਿਚ ਪੰਜਾਬੀ ਨਾਟਕ ਦੇ ਪਿਤਾਮਾ ਹੋਣ ਦਾ ਮਾਣ ਹਾਸਲ ਹੈ ਤੇ ‘ਦੁਲਹਨ’ (ਸੁਹਾਗ) ਨੂੰ ਪਹਿਲਾ ਆਧੁਨਿਕ ਪੰਜਾਬੀ ਨਾਟਕ ਦਾ ਸਨਮਾਨ ਮਿਲਿਆ ਹੋਇਆ ਹੈ।
ਉਨ੍ਵਾਂ ਨੇ ਸੁਭੱਦਰਾ(1920), ਸ਼ਾਮੂ ਸ਼ਾਹ (1928), ਵਰ ਘਰ (1930), ਸੋਸ਼ਲ ਸਰਕਲ ਆਦਿ ਬਹੁ-ਅੰਕੀ ਨਾਟਕਾਂ ਦੀ ਰਚਨਾ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਇਕਾਂਗੀ ਸੰਗ੍ਰਹਿ ਝਲਕਾਰੇ, ਲਿਸ਼ਕਾਰੇ, ਚਮਕਾਰੇ ਆਦਿ ਵੀ ਰੰਗਮੰਚ ਦੇ ਖੇਤਰ ’ਚ ਵਿਸ਼ੇਸ਼ ਸਥਾਨ ਰੱਖਦੇ ਹਨ।
ਨੰਦਾ ਦਾ ਲਿਖਿਆ ਇਕ ਨਾਵਲ ‘ਤੇਜ ਕੌਰ’ ਵੀ ਮਿਲਦਾ ਹੈ।
ਈਸ਼ਵਰ ਚੰਦਰ ਨੰਦਾ ਨੇ ਨਾਟਕਾਂ ’ਚ ਯਥਾਰਥਵਾਦੀ ਅਤੇ ਵਿਗਿਆਨਕ ਦਿ੍ਰਸ਼ਟੀਕੋਣ ਲੀਹਾਂ ਦੀ ਉਸਾਰੀ ਕੀਤੀ। ਨੰਦਾ ਨੇ ਲੋਕਾਂ ਦੀ ਭਾਸ਼ਾ ਅਤੇ ਬੋਲੀ ’ਚ ਲੋਕਾਂ ਦੀਆਂ ਸਮੱਸਿਆਵਾਂ ਨੂੰ ਨਾਟਕੀ ਰੂਪ ਦਿੱਤਾ।
ਨੰਦਾ ਨੇ ਆਪਣੇ ਨਾਟਕਾਂ ਵਿਚ ਪੇਂਡੂ ਜੀਵਨ ਦੀਆਂ ਸਮਾਜਿਕ ਸਮੱਸਿਆਵਾਂ ਨੂੰ ਬਾਖੂਬੀ ਪੇਸ਼ ਕੀਤਾ। ਉਨ੍ਹਾਂ ਦੇ ਸੁਹਾਗ ਨਾਟਕ ਦਾ ਅੰਤ ਦੁਖਾਂਤਕ ਰੂਪ ਵਿਚ ਹੈ ਪਰ ਉਨ੍ਹਾਂ ਦੀਆਂ ਜ਼ਿਆਦਾਤਰ ਰਚਨਾਵਾਂ (ਨਾਟਕ ਤੇ ਇਕਾਂਗੀ) ਸੁਖਾਂਤਕ ਅੰਤ ਨਾਲ ਨਿੱਬੜੀਆਂ ਹਨ। ਨੰਦਾ ਪੇਂਡੂ ਵਾਰਤਾਲਾਪ ਦਾ ਮਾਹਰ ਹੈ।
ਨੰਦਾ ਨੇ ‘ਬੇਬੇ ਰਾਮ ਭਜਨੀ’, ‘ਸੁਭੱਦਰਾ’, ‘ਸ਼ਾਮੂ ਸਾਹ’, ‘ਵਰ ਘਰ’, ‘ਸੋਸ਼ਲ ਸਰਕਲ’ ਆਦਿ ਨਾਟਕਾਂ ਵਿਚ ਸਮਾਜਿਕ ਸਮੱਸਿਆਵਾਂ, ਇਸਤਰੀ ਦੀਆਂ ਸਮੱਸਿਆਵਾਂ ਅਤੇ ਮਨੁੱਖ ਦੀ ਚੇਤੰਨ ਵਿਚਾਰਧਾਰਾ ਨੂੰ ਪੇਸ਼ ਕੀਤਾ।
ਜਦ ਆਈ. ਸੀ. ਨੰਦਾ ਨੇ ਆਪਣਾ ਪਹਿਲਾ ਪੂਰਾ ਨਾਟਕ ‘ਸੁਭਦਰਾ’ 1920 ’ਚ ਲਿਖਿਆ ਉਸ ਸਮੇਂ ਪਹਿਲੀ ਸੰਸਾਰ ਯੰਗ ਸਮਾਪਤ ਹੋ ਚੁੱਕੀ ਸੀ। ਬਹੁਤ ਸਾਰੀਆਂ ਔਰਤਾਂ ਵਿਧਵਾ ਹੋ ਗਈਆਂ ਸਨ। ਨੰਦਾ ਨੇ ਸਮਕਾਲੀ ਸਮਾਜ ਦੀ ਸਮੱਸਿਆ ਵਿਧਵਾ-ਵਿਆਹ ਨੂੰ ਆਪਣੇ ਨਾਟਕ ਦਾ ਵਿਸ਼ਾ-ਵਸਤੂ ਬਣਾਇਆ।
1929 ਵਿਚ ਨਾਰੀ ਨੂੰ ਆਪਣਾ ਵਰ ਖ਼ੁਦ ਚੁਣਨ ਦੀ ਖੁੱਲ੍ਹ ਦੇਣ (ਵਰ ਘਰ) ਦੇ ਹੱਕ ਵਿਚ ਭੁਗਤਣਾ ਆਪਣੇ ਸਮੇਂ ਵਿਚ ਈਸ਼ਵਰ ਚੰਦਰ ਨੰਦਾ ਦਾ ਆਪਣੇ-ਆਪ ਵਿਚ ਇਨਕਲਾਬੀ ਕਦਮ ਹੀ ਸੀ।
ਉਨ੍ਹਾਂ ਨੂੰ ਨਾਟਕ ਦੇ ਖੇਤਰ ਵਿਚ ਪਾਏ ਵਿਸ਼ੇਸ਼ ਯੋਗਦਾਨ ਲਈ 1951 ’ਚ ਪੰਜਾਬੀ ਮਹਿਕਮਾ ਪੈਪਸੂ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਦਿੱਤਾ ਗਿਆ।ਅੰਤ 3 ਸਤੰਬਰ 1966 ਦੀ ਰਾਤ ਨੂੰ ਇਹ ਰੰਗਮੰਚ ਦਾ ਮਹਾਂਰਥੀ ਨਾਟਕਕਾਰ ਇਸ ਦੁਨੀਆਵੀ ਰੰਗਮੰਚ ’ਤੇ ਆਪਣੇ ਹਿੱਸੇ ਦਾ ਕਿਰਦਾਰ ਨਿਭਾ ਕੇ ਹਮੇਸ਼ਾ ਲਈ ਵਿਦਾਇਗੀ ਲੈ ਗਿਆ। ਪੰਜਾਬੀ ਰੰਗਮੰਚ ਮੌਜੂਦਾ ਦੌਰ ਵਿਚ ਜਿੱਥੇ ਵੀ ਆਪਣੀ ਪਛਾਣ ਰੱਖਦਾ ਹੈ ਜਾਂ ਜਿੱਥੇ-ਜਿੱਥੇ ਵੀ ਪੰਜਾਬੀ ਰੰਗਮੰਚ ਦੀ ਚਰਚਾ ਹੁੰਦੀ ਹੈ ਤਾਂ ਈਸ਼ਵਰ ਚੰਦਰ ਨੰਦਾ ਨੂੰ ਹਮੇਸ਼ਾ ਹੀ ਯਾਦ ਕੀਤਾ ਜਾਂਦਾ ਹੈ ਤੇ ਉਨ੍ਹਾਂ ਦੇ ਕੀਤੇ ਮਹਾਨ ਕਾਰਜਾਂ ਲਈ ਹਮੇਸ਼ਾ ਹੀ ਯਾਦ ਕੀਤਾ ਜਾਂਦਾ ਰਹੇਗਾ।