ਬਾਵਾ ਬਲਵੰਤ ਆਧੁਨਿਕ ਪੰਜਾਬੀ ਕਵਿਤਾ ਵਿਚ ਕ੍ਰਾਂਤੀਕਾਰੀ ਕਵੀ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਬਾਵਾ ਬਲਵੰਤ ਇਕ ਅਦਭੁੱਤ ਵਿਅਕਤੀਤਵ ਦਾ ਮਾਲਕ ਸੀ, ਜਿਸ ਵਿਚ ਕਈ ਪਰਸਪਰ ਵਿਰੋਧੀ ਗੁਣਾਂ ਦੇ ਬਾਵਜੂਦ ਇਕ ਮੂਲ ਏਕਤਾ ਸੀ।

ਬਾਵਾ ਬਲਵੰਤ ਆਧੁਨਿਕ ਪੰਜਾਬੀ ਕਵਿਤਾ ਵਿਚ ਕ੍ਰਾਂਤੀਕਾਰੀ ਕਵੀ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਬਾਵਾ ਬਲਵੰਤ ਇਕ ਅਦਭੁੱਤ ਵਿਅਕਤੀਤਵ ਦਾ ਮਾਲਕ ਸੀ, ਜਿਸ ਵਿਚ ਕਈ ਪਰਸਪਰ ਵਿਰੋਧੀ ਗੁਣਾਂ ਦੇ ਬਾਵਜੂਦ ਇਕ ਮੂਲ ਏਕਤਾ ਸੀ। ਉਹ ਗੰਭੀਰ ਹੁੰਦਾ ਹੋਇਆ ਵੀ ਫ਼ੱਕਰ ਸੀ, ਸਾਮਵਾਦੀ ਹੁੰਦਾ ਹੋਇਆ ਵੀ ਭਾਰਤੀ ਸੰਸਕ੍ਰਿਤੀ ਦਾ ਉਪਾਸ਼ਕ ਸੀ, ਅਸਫਲ ਪ੍ਰੇਮੀ ਹੁੰਦਾ ਹੋਇਆ ਵੀ ਪੂਰਨ ਸਾਧੂ ਸੁਭਾਅ ਵਾਲਾ ਸੰਨਿਆਸੀ ਸੀ, ਤਿਆਗੀ ਹੁੰਦਾ ਹੋਇਆ ਵੀ ਸੰਸਾਰ ਨਾਲ ਮੋਹ ਰੱਖਦਾ ਸੀ, ਦਰਦ ਰੱਖਦਾ ਸੀ।
ਬਾਵਾ ਬਲਵੰਤ ਦਾ ਜਨਮ 21 ਅਗਸਤ, 1906 ਈ. ਨੂੰ ਪਿੰਡ ਨੇਸ਼ਟਾ ਤਹਿਸੀਲ ਤਰਨਤਾਰਨ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਪਿਤਾ ਹਕੀਮ ਠਾਕੁਰ ਦੀਨਾ ਨਾਥ ਤੇ ਮਾਤਾ ਗਿਆਨ ਦੇਵੀ ਦੇ ਘਰ ਹੋਇਆ। ਉਸ ਦੇ ਪਿਤਾ ਠਾਕੁਰ ਦੀਨਾ ਨਾਥ ਅਰਬੀ, ਫ਼ਾਰਸੀ, ਸੰਸਕ੍ਰਿਤ, ਹਿੰਦੀ ਤੇ ਉਰਦੂ ਦੇ ਵਿਦਵਾਨ ਸਨ। ਦਿਨ ਮੰਗਲਵਾਰ ਨੂੰ ਪੈਦਾ ਹੋਣ ਕਾਰਨ ਬਾਵਾ ਬਲਵੰਤ ਦਾ ਪਹਿਲਾ ਨਾਮ ਦੀਵਾਨ ਮੰਗਲ ਸੈਨ ਰੱਖਿਆ ਗਿਆ। ਇਕ ਰਸਮ ਮੁਤਾਬਕ ਬਾਵਾ ਨੂੰ ਪੈਦਾ ਹੁੰਦਿਆਂ ਹੀ ਰੂੜ੍ਹੀ ਦੇ ਢੇਰ ਉੱਤੇ ਰੱਖ ਦਿੱਤਾ ਜਿੱਥੋਂ ਪਿਤਾ ਜੀ ਨੇ ਚੁੱਕ ਲਿਆ ਜਿਸ ਕਰਕੇ ਮਾਤਾ ਨੇ ਆਪ ਦਾ ਨਾਮ ਕੂੜਾ ਮੱਲ ਰੱਖ ਦਿੱਤਾ ਤੇ ਸਾਰੀ ਉਮਰ ਉਹ ਬਾਵਾ ਨੂੰ ਕੂੜਾ ਮੱਲ ਨਾਂ ਨਾਲ ਹੀ ਪੁਕਾਰਦੀ ਰਹੀ। ਇਸ ਰਸਮ ਦਾ ਅਸਲ ਕਾਰਨ ਪਰਿਵਾਰ ਵਿਚ ਮੁੰਡੇ ਦਾ ਸਾਲ ਡੇਢ ਸਾਲ ਬਾਅਦ ਮੌਤ ਹੋ ਜਾਣਾ ਸੀ।
ਬਚਪਨ ਵਿਚ ਬਾਵਾ ਦੇ ਸਿਰ 'ਤੇ ਲੰਮੀਆਂ-ਲੰਮੀਆਂ ਜਟਾਂ ਹੋ ਗਈਆਂ ਜਿਸ ਕਰਕੇ ਸਾਰੇ ਪਿੰਡ ਵਾਲੇ ਉਨ੍ਹਾਂ ਨੂੰ 'ਬਾਵਾ ਬਾਵਾ' ਕਹਿ ਕੇ ਬੁਲਾਉਂਦੇ ਸਨ। ਭਾਵੇਂ ਉਨ੍ਹਾਂ ਨੂੰ ਮਾਂ ਵੱਲੋਂ ਤੇ ਲੋਕਾਂ ਵੱਲੋਂ ਰੱਖੇ ਦੋਵੇਂ ਨਾਂ ਪਸੰਦ ਨਹੀਂ ਸਨ ਪਰ ਉਹ ਆਪ ਬਾਵਾ ਸ਼ਬਦ ਨਾਲੋਂ ਆਪਣੇ-ਆਪ ਨੂੰ ਅਲੱਗ ਨਹੀਂ ਕਰ ਸਕੇ। ਇਸੇ ਕਰਕੇ ਖ਼ੁਦ ਰੱਖੇ ਆਪਣੇ ਪਸੰਦੀਦਾ ਨਾਮ ਬਲਵੰਤ ਰਾਏ ਸ਼ਰਮਾ ਦੇ ਕਰਕੇ ਵੀ ਆਪ ਸਾਹਿਤਕ ਜਗਤ ਵਿਚ ਬਾਵਾ ਬਲਵੰਤ ਦੇ ਨਾਂ ਨਾਲ ਜਾਣੇ ਗਏ। ਉਨ੍ਹਾਂ ਦੀ ਉਮਰ ਹਾਲੇ ਚਾਰ ਸਾਲਾਂ ਦੀ ਹੀ ਸੀ ਜਦੋਂ ਇਨ੍ਹਾਂ ਦੇ ਪਿਤਾ ਜੀ ਨੇ ਰੁਜ਼ਗਾਰ ਦੀ ਤਲਾਸ਼ ਵਿਚ ਪਿੰਡ ਨੂੰ ਛੱਡ ਕੇ ਅੰਮ੍ਰਿਤਸਰ ਦੇ ਬਾਜ਼ਾਰ ਕਟੜਾ ਮੋਹਰ ਸਿੰਘ ਵਿਚ ਵੈਦਗਿਰੀ ਦੀ ਦੁਕਾਨ ਖੋਲ੍ਹ ਲਈ। ਬਾਵਾ ਬਲਵੰਤ ਨੂੰ ਦੇਸ਼ ਪਿਆਰ ਦਾ ਜਜ਼ਬਾ ਇੱਥੋਂ ਹੀ ਮਿਲਿਆ।
ਬਾਵਾ ਬਲਵੰਤ ਦੀ ਮੁੱਢਲੀ ਸਿੱਖਿਆ ਘਰ ਵਿਚ ਹੀ ਹੋਈ। ਹਿੰਦੀ, ਫ਼ਾਰਸੀ ਤੇ ਉਰਦੂ ਜ਼ੁਬਾਨ ਦੀ ਮੁੱਢਲੀ ਸਿੱਖਿਆ ਤੋਂ ਬਾਅਦ ਮੁਨੀਮੀ ਸਿੱਖਣ ਲਈ ਉਸ ਨੂੰ ਪਾਂਧੇ ਕੋਲ ਪੜ੍ਹਾਇਆ, ਜਿੱਥੇ ਉਸ ਨੇ ਲੰਡੇ ਲਿਖਣ ਪੜ੍ਹਨ ਦੀ ਮੁਹਾਰਤ ਹਾਸਲ ਕੀਤੀ। ਮੁਨੀਮੀ ਦੀ ਪੂਰੀ ਪੜ੍ਹਾਈ ਸਿੱਖਣ ਲਈ ਇਕ ਵੱਡੇ ਮੁਨੀਮ ਪਾਸ ਸ਼ਾਗਿਰਦ ਰਖਵਾ ਦਿੱਤਾ। ਦੁਕਾਨ 'ਤੇ ਕੰਮ ਕਰਦੇ ਹੋਇਆਂ ਵੀ ਬਾਵਾ ਸਾਹਿਤਕ ਪੁਸਤਕਾਂ ਪੜ੍ਹਦੇ ਰਹਿੰਦੇ ਅਤੇ ਸ਼ਾਗਿਰਦੀ ਦੇ ਮਿਲਦੇ ਪੈਸਿਆਂ ਤੋਂ ਉਹ ਕੋਈ ਨਾ ਕੋਈ ਕਿਤਾਬ ਜਾਂ ਰਸਾਲਾ ਲੈ ਲਿਆ ਕਰਦੇ। ਇਨ੍ਹਾਂ ਦਿਨਾਂ ਵਿਚ ਹੀ ਉਸ ਦੇ ਸਬੰਧ ਨੌਜੁਆਨ ਭਾਰਤ ਸਭਾ ਨਾਲ ਪੈਦਾ ਹੋਏ ਉਹ ਇਸ ਸਭਾ ਦੇ ਹਮਦਰਦ ਹੋ ਗਏ। ਆਪ ਨੇ ਅੰਡਰ-ਗਰਾਊਂਡ ਰਹਿ ਕੇ ਕਾਂਗਰਸ ਵਿਚ ਸਰਗਰਮ ਭੂਮਿਕਾ ਨਿਭਾਈ। ਉਸ ਨੇ ਆਪਣੀਆਂ ਉਰਦੂ ਦੀਆਂ ਇਨਕਲਾਬੀ ਨਜ਼ਮਾਂ ਦੀ ਪੁਸਤਕ 'ਸ਼ੇਰ-ਏ-ਹਿੰਦ' ਦੇ ਨਾਂ ਦੀ ਛਪਵਾਈ ਜੋ ਕਿ ਅੰਗਰੇਜ਼ ਸਰਕਾਰ ਨੇ ਜ਼ਬਤ ਕਰ ਲਈ। ਉਹ ਕਾਂਗਰਸ ਦੇ ਜਲਸਿਆਂ ਵਿਚ ਆਪਣੀਆਂ ਲਿਖੀਆਂ ਇਨਕਲਾਬੀ ਕਵਿਤਾਵਾਂ ਪੜ੍ਹਦੇ :
ਵਤਨ ਦੀ ਲਾਜ ਰੱਖੀ
ਲਾਲਾ ਲਾਜਪਤ ਨੇ,
ਸੋਇਆ ਵਤਨ ਜਗਾਇਆ ਭਗਤ ਸਿੰਘ ਦੱਤ ਨੇ।
ਬਾਵਾ ਬਲਵੰਤ ਇਨਕਲਾਬੀ ਸਾਹਿਤ ਦਾ ਅਧਿਐਨ ਕਰਦੇ ਤੇ 'ਕਿਰਤੀ' ਰਸਾਲੇ ਰਾਹੀਂ ਉਸ ਸਮੇਂ ਦੇ ਵੱਡੇ ਕ੍ਰਾਂਤੀਕਾਰੀਆਂ ਲਾਲਾ ਹਰਦਿਆਲ, ਹੀਰਾ ਸਿੰਘ ਦਰਦ, ਅਰਜਨ ਸਿੰਘ ਗੜਗੱਜ, ਰਾਸ ਬਿਹਾਰੀ ਬੋਸ, ਭਗਤ ਸਿੰਘ ਤੇ ਅਜੀਤ ਸਿੰਘ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਏ। ਇਸੇ ਦੌਰਾਨ ਉਸ ਨੇ ਮਾਰਕਸ, ਏਂਗਲਜ਼, ਲੈਨਿਨ ਦੀਆਂ ਕਿਤਾਬਾਂ ਦਾ ਮੁਤਾਲਿਆ ਕੀਤਾ ਜਿਸ ਦਾ ਅਸਰ ਉਨ੍ਹਾਂ ਦੀ ਕ੍ਰਾਂਤੀਕਾਰੀ ਕਵਿਤਾ ਵਿੱਚੋਂ ਸਾਫ਼ ਨਜ਼ਰ ਆਉਂਦਾ ਹੈ।
ਆਪਣੀਆਂ ਆਰਥਿਕ ਲੋੜਾਂ ਲਈ ਉਨ੍ਹਾਂ ਨੂੰ ਕਈ ਨਿੱਕੇ-ਨਿੱਕੇ ਕੰਮ ਕਰਨੇ ਪਏ। ਗੱਤੇ ਦੇ ਡੱਬੇ ਬਣਾਉਣ ਤੋਂ ਲੈ ਕੇ ਲਿਫ਼ਾਫ਼ੇ ਬਣਾਉਣ ਸੂਤ ਦੀ ਰੰਗਾਈ ਦਾ ਕੰਮ, ਖੱਦਰ ਦੀਆਂ ਟੋਪੀਆਂ ਬਣਾਉਣ ਦਾ ਕੰਮ ਕੀਤਾ ਪਰ ਉਹ ਕਿਸੇ ਵੀ ਕੰਮ ਵਿਚ ਆਪਣਾ ਪੂਰਾ ਧਿਆਨ ਨਾ ਲਾ ਸਕੇ, ਕਿਉਂਕਿ ਕਵਿਤਾ ਲਿਖਣ ਤੇ ਸਾਹਿਤ ਪੜ੍ਹਨ ਦੀ ਚੇਸ਼ਟਾ ਨੇ ਉਸ ਦੀਆਂ ਰੁਚੀਆਂ ਨੂੰ ਇਸ ਕੰਮ ਦਾ ਰਾਹਗੀਰ ਨਹੀਂ ਬਣਨ ਦਿੱਤਾ।
ਬਾਵਾ ਬਲਵੰਤ ਦੀ ਕਾਵਿ ਦ੍ਰਿਸ਼ਟੀ ਦਾ ਕੇਂਦਰੀ ਸਰੋਕਾਰ ਮਨੁੱਖੀ ਸਮਾਜ ਤੇ ਨਿਜ਼ਾਮ ਦੀ ਬਿਹਤਰੀ ਨਾਲ ਹੈ। ਸਮਾਜਵਾਦੀ ਚੇਤਨਾ ਦਾ ਧਾਰਨੀ ਹੋਣ ਕਾਰਨ ਉਹ ਮਿਹਨਤਕਸ਼ ਆਵਾਮ ਨੂੰ ਜਾਗ੍ਰਿਤ ਕਰਨ ਲਈ ਸਾਹਿਤ ਰਚਨਾ ਨੂੰ ਇਕ ਮਾਧਿਅਮ ਬਣਾਉਂਦਾ ਹੈ। ਉਹ ਜਿੱਥੇ ਸਾਮਰਾਜੀ ਤੇ ਸਰਮਾਏਦਾਰੀ ਨਿਜ਼ਾਮ ਦੀ ਜਬਰ ਅਤੇ ਹਿੰਸਕ ਪ੍ਰਵਿਰਤੀ ਦਾ ਪਰਦਾਫਾਸ਼ ਕਰਦਾ ਹੈ ਉੱਥੇ ਜਾਗੀਰਦਾਰੀ ਪ੍ਰਬੰਧ ਦੀ ਫੋਕੀ ਨੈਤਿਕਤਾ ਵਿਰੁੱਧ ਵੀ ਆਪਣੇ ਵਿਚਾਰਾਂ ਦਾ ਸੰਚਾਰ ਕਰਦਾ ਹੈ।
ਬਾਵਾ ਬਲਵੰਤ ਇਸਤਰੀ ਦੀ ਸੁਤੰਤਰਤਾ ਦੇ ਪ੍ਰਸੰਗ ਵਿਚ ਮਾਰਕਸਵਾਦੀ ਦ੍ਰਿਸ਼ਟੀ ਤੋਂ ਸਮਾਜਿਕ ਚੇਤਨਤਾ ਅਧੀਨ ਪਿਆਰ ਦੇ ਅਨੁਭਵ ਨੂੰ ਪੇਸ਼ ਕਰਨ ਵਾਲਾ ਕਵੀ ਹੈ। ਉਹ ਔਰਤ ਅਤੇ ਮੁਹੱਬਤ ਨੂੰ ਇਕ ਸਮਾਜਿਕ ਸਰੋਕਾਰ ਬਣਾ ਕੇ ਪੇਸ਼ ਕਰਦਾ ਹੈ।
ਚਕਵੀ ਚਕਵੇ ਦਾ ਮਿਲਣਾ ਹੈ,
ਰਾਤ ਜੁਦਾਈਆਂ ਵਾਲੀ,
ਅੰਮ੍ਰਿਤ ਬਣ ਜਾਂਦੀ ਹੈ ਆਖਰ
ਬਿਰਹੋਂ ਜ਼ਹਿਰ ਪਿਆਲੀ।
ਕੀ ਦੁਨੀਆਂ ਖੋਹੇਗੀ ਤੈਨੂੰ,
ਕੀ ਇਹ ਦਰਦੀ ਤੇਰੇ?
ਤੂੰ ਹੈਂ ਭਾਗਭਰੀ ਦੇ ਵਾਂਗੂ
ਹਰ ਇਕ ਗੀਤ 'ਚ ਮੇਰੇ।
ਬਾਵਾ ਬਲਵੰਤ ਦਾ ਦਿਹਾਂਤ ਪੰਜਾਬੀ ਸਾਹਿਤ ਦੀ ਭਿਆਨਕ ਤ੍ਰਾਸਦੀ ਆਖਿਆ ਜਾ ਸਕਦਾ ਹੈ। ਸਾਦਾ ਪਹਿਰਾਵਾ ਤੇ ਖਾਣ-ਪੀਣ ਦੀ ਸਾਦਗੀ ਵਾਲੇ ਬਾਵਾ ਬਲਵੰਤ 1972 ਵਿਚ ਸੰਨ ਸਟਰੋਕ ਲੱਗਣ ਕਾਰਨ ਚਲ ਵਸਿਆ।
- ਡਾ. ਚਰਨਜੀਤ ਕੌਰ
98784-47758