ਪੁਸਤਕ : ਸਿਦਕਵਾਨ ਸਿੱਖ ਬੀਬੀਆਂ

ਲੇਖਕ : ਪਰਮਜੀਤ ਕੌਰ ਸਰਹਿੰਦ

ਪੰਨੇ : 113 ਮੁੱਲ : 200/-

ਪ੍ਰਕਾਸ਼ਕ : ਯੂਨੀਸਟਾਰ ਬੁਕਸ, ਚੰਡੀਗੜ੍ਹ।

ਪਰਮਜੀਤ ਕੌਰ ਸਰਹਿੰਦ ਪੰਜਾਬੀ ਸਾਹਿਤ ਦੀ ਸਰਬਾਂਗੀ ਲੇਖਿਕਾ ਹਨ। ਪੰਜਾਬੀ ਸੱਭਿਆਚਾਰ ਬਾਰੇ ਉਨ੍ਹਾਂ ਦੀਆਂ ਕਈ ਖੋਜ ਭਰਪੂਰ ਕਿਤਾਬਾਂ ਹੁਣ ਤੱਕ ਛਪ ਚੁੱਕੀਆਂ ਹਨ। ਉਨ੍ਹਾਂ ਦੇ ਕਵਿਤਾ ਤੇ ਗ਼ਜ਼ਲ ਸੰਗ੍ਰਹਿ ਵੀ ਪਾਠਕਾਂ ’ਚ ਬੇਹੱਦ ਮਕਬੂਲ ਹੋਏ ਹਨ। ਹੁਣ ਉਹ ਖੋਜ ਭਰਪੂਰ ਕਿਤਾਬ ‘ਸਿਦਕਵਾਨ ਸਿੱਖ ਬੀਬੀਆਂ’ ਲੈ ਕੇ ਹਾਜ਼ਰ ਹੋਏ ਹਨ। ਇਹ ਬੀਬੀਆਂ ਮਹਿਜ਼ ਸਿੱਖ ਕੌਮ ਹੀ ਨਹੀਂ ਸਗੋਂ ਸਮੁੱਚੀ ਮਨੁੱਖਤਾ ਲਈ ਆਦਰਸ਼ ਹਨ। ਇਨ੍ਹਾਂ ’ਚ ਬੇਬੇ ਨਾਨਕੀ ਜੀ, ਮਾਤਾ ਖੀਵੀ ਜੀ, ਮਾਤਾ ਗੰਗਾ ਜੀ, ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ, ਮਾਤਾ ਜੀਤੋ ਜੀ, ਮਾਤਾ ਸਾਹਿਬ ਕੌਰ ਜੀ ਤੇ ਬੀਬੀ ਪ੍ਰੇਮੋ ਆਦਿ ਮਹਾਨ ਬੀਬੀਆਂ ਸ਼ੁਮਾਰ ਹਨ।

ਕਿਹਾ ਜਾਂਦਾ ਹੈ ਕਿ ਹਰ ਇਨਸਾਨ ਦੀ ਕਾਮਯਾਬੀ ਪਿੱਛੇ ਕਿਸੇ ਨਾ ਕਿਸੇ ਔਰਤ ਦਾ ਹੱਥ ਹੁੰਦਾ ਹੈ। ਅਧਿਆਤਮਿਕ ਪੱਖੋਂ ਵੀ ਇਹ ਗੱਲ ਪੂਰੀ ਤਰ੍ਹਾਂ ਲਾਗੂ ਹੰੁਦੀ ਹੈ। ਗੁਰੂ ਸਾਹਿਬਾਨ ਦੇ ਜੀਵਨ ’ਚ ਵੀ ਔਰਤਾਂ ਦਾ ਬੜਾ ਮਹੱਤਵਪੂਰਨ ਸਥਾਨ ਹੈ, ਉਹ ਚਾਹੇ ਭੈਣ ਦੇ ਰੂਪ ’ਚ ਹੋਵੇ, ਧੀ ਦੇ ਰੂਪ ’ਚ ਹੋਵੇ, ਮਾਂ ਦੇ ਰੂਪ ’ਚ ਹੋਵੇ, ਪਤਨੀ ਦੇ ਰੂਪ ’ਚ ਹੋਵੇ ਜਾਂ ਦਾਦੀ ਦੇ ਰੂਪ ’ਚ। ਇਨ੍ਹਾਂ ਸਿੱਖ ਬੀਬੀਆਂ ਨੇ ਜਿੱਥੇ ਆਪਣੇ ਪਰਿਵਾਰ ਦੀ ਪੂਰੀ ਤਰ੍ਹਾਂ ਨਿੱਠ ਕੇ ਸੇਵਾ ਕੀਤੀ, ਉੱਥੇ ਹੀ ਸਮੁੱਚੀ ਸਿੱਖ ਸੰਗਤ ਲਈ ਵੀ ਬੜੀ ਘਾਲਣਾ ਘਾਲੀ। ਮਾਤਾ ਗੁਜਰੀ ਜੀ ਦੀ ਸਮੁੱਚੀ ਹਯਾਤੀ ਬਲੀਦਾਨ ਕਰਦਿਆਂ ਬੀਤ ਗਈ ਪਰ ਉਨ੍ਹਾਂ ਨੇ ਆਪਣਾ ਸਿਦਕ ਅਤੇ ਹਿੰਮਤ ਨਹੀਂ ਡੋਲਣ ਦਿੱਤਾ। ਉਨ੍ਹਾਂ ਨੇ ਸਾਬਤ ਕਰ ਦਿੱਤਾ ਕਿ ਔਰਤ ਬਲੀਦਾਨ ਅਤੇ ਤਿਆਗ ਦੀ ਮੂਰਤ ਹੈ। ਉਨ੍ਹਾਂ ਦੀ ਜੀਵਨ ਗਾਥਾ ਸਾਨੂੰ ਇਹ ਸੰਦੇਸ਼ ਦਿੰਦੀ ਹੈ ਕਿ ਜ਼ਿੰਦਗੀ ’ਚ ਕੁਝ ਵੀ ਹੋ ਜਾਵੇ, ਹਿੰਮਤ ਨਹੀਂ ਹਾਰਨੀ। ਅਜੋਕੇ ਸਮੇਂ ’ਚ ਤਾਂ ਇਨ੍ਹਾਂ ਮਹਾਨ ਔਰਤਾਂ ਤੋਂ ਪ੍ਰੇਰਨਾ ਲੈਣ ਦੀ ਹੋਰ ਵੀ ਜ਼ਿਆਦਾ ਜ਼ਰੂਰਤ ਹੈ। ਦਿੱਤੇ ਗਏ ਹਵਾਲਿਆਂ ਤੋਂ ਸਪੱਸ਼ਟ ਹੈ ਕਿ ਲੇਖਿਕਾ ਨੇ ਇਹ ਕਿਤਾਬ ਲਿਖਣ ਲਈ ਬੜੀ ਡੂੰਘਾਈ ਨਾਲ ਅਧਿਐਨ ਕੀਤਾ ਹੈ। ਇਤਿਹਾਸ ਦੇ ਖੋਜਾਰਥੀਆਂ ਲਈ ਵੀ ਇਹ ਪੁਸਤਕ ਬੜੀ ਮੁੱਲਵਾਨ ਹੈ। ਇਹ ਕਿਤਾਬ ਸਾਂਭਣਯੋਗ ਹੈ। ਇਹ ਕਿਤਾਬ ਖ਼ੁਦ ਹੀ ਨਹੀਂ ਪੜ੍ਹਨੀ ਚਾਹੀਦੀ ਸਗੋਂ ਆਪਣੇ ਬੱਚਿਆਂ ਨੂੰ ਵੀ ਪੜ੍ਹਾਉਣੀ ਚਾਹੀਦੀ ਹੈ ਤਾਂ ਕਿ ਉਹ ਆਪਣੇ ਅਮੀਰ ਇਤਿਹਾਸ ਤੋਂ ਸੇਧ ਲੈ ਸਕਣ।

- ਗੁਰਪ੍ਰੀਤ ਖੋਖਰ

Posted By: Harjinder Sodhi