ਪੰਜਾਬੀ ਸਾਹਿਤ ਦਾ ਪਾਠਕ ਮੈਂ ਉਨ੍ਹਾਂ ਦਿਨਾਂ ਵਿੱਚ ਛਪਦੇ ਮਾਸਿਕ ਰਸਾਲਿਆਂ ਨੂੰ ਪੜ੍ਹ ਕੇ ਬਣਿਆਂ। ਇਨ੍ਹਾਂ ਵਿੱਚ ਲੋਅ, ਆਰਸੀ, ਪ੍ਰੀਤਲੜੀ, ਨਾਗਮਣੀ, ਨੀਲਮਣੀ ਤੇ ਕੁਝ ਹੋਰ ਰਸਾਲਿਆਂ ਨੂੰ ਪੜ੍ਹਨਾ ਸ਼ੁਰੂ ਕੀਤਾ। ਇਨ੍ਹਾਂ ਵਿੱਚੋਂ ‘ਲੋਅ’ ’ਚ ਮੇਰੀ ਪਹਿਲੀ ਕਵਿਤਾ ਛਪੀ। ਆਰਸੀ, ਨਾਗਮਣੀ ਵਿੱਚ ਮੈਂ ਨਹੀਂ ਛਪ ਸਕਿਆ। ਓਦੋਂ ਕਿਸੇ ਸਾਹਿਤਕ ਮੈਗਜ਼ੀਨ ਵਿੱਚ ਛਪਣ ਦਾ ਅਰਥ ਵੱਡੀ ਪ੍ਰਾਪਤੀ ਹੁੰਦੀ ਸੀ।

ਪੰਜਾਬੀ ਸਾਹਿਤ ਦਾ ਪਾਠਕ ਮੈਂ ਉਨ੍ਹਾਂ ਦਿਨਾਂ ਵਿੱਚ ਛਪਦੇ ਮਾਸਿਕ ਰਸਾਲਿਆਂ ਨੂੰ ਪੜ੍ਹ ਕੇ ਬਣਿਆਂ। ਇਨ੍ਹਾਂ ਵਿੱਚ ਲੋਅ, ਆਰਸੀ, ਪ੍ਰੀਤਲੜੀ, ਨਾਗਮਣੀ, ਨੀਲਮਣੀ ਤੇ ਕੁਝ ਹੋਰ ਰਸਾਲਿਆਂ ਨੂੰ ਪੜ੍ਹਨਾ ਸ਼ੁਰੂ ਕੀਤਾ। ਇਨ੍ਹਾਂ ਵਿੱਚੋਂ ‘ਲੋਅ’ ’ਚ ਮੇਰੀ ਪਹਿਲੀ ਕਵਿਤਾ ਛਪੀ। ਆਰਸੀ, ਨਾਗਮਣੀ ਵਿੱਚ ਮੈਂ ਨਹੀਂ ਛਪ ਸਕਿਆ। ਓਦੋਂ ਕਿਸੇ ਸਾਹਿਤਕ ਮੈਗਜ਼ੀਨ ਵਿੱਚ ਛਪਣ ਦਾ ਅਰਥ ਵੱਡੀ ਪ੍ਰਾਪਤੀ ਹੁੰਦੀ ਸੀ। ਤੁਸੀਂ ਕਵੀ ਜਾਂ ਲੇਖਕ ਦੇ ਤੌਰ ’ਤੇ ਪਰਵਾਨ ਹੋ ਗਏ ਸਮਝੇ ਜਾਂਦੇ ਸੀ। ਪਰ ਇਸ ਪਹਿਚਾਣ ਲਈ ਤੁਹਾਨੂੰ ਲੰਮੀ ਉਡੀਕ ਕਰਦੀ ਪੈਂਦੀ ਸੀ। ਇਹ ਉਡੀਕ ਤੁਹਾਨੂੰ ਹੋਰ ਜ਼ਿਆਦਾ ਪੜ੍ਹਨ ਅਤੇ ਮਿਹਨਤ ਕਰਨ ਲਈ ਪ੍ਰੇਰਦੀ ਸੀ। ਇਸ ਲੰਮੀ ਉਡੀਕ ਵਿੱਚੋਂ ਹੀ ਸਾਹਿਤ ਦੇ ਖੇਤਰ ਵਿੱਚ ਕਈ ਵੱਡੇ ਨਾਂ ਸਥਾਪਤ ਹੋਏ ਅਤੇ ਉਨ੍ਹਾਂ ਨਿਰੰਤਰ ਅਤੇ ਪੁਖਤਾ ਸਾਹਿਤ ਦੀ ਸਿਰਜਣਾ ਕੀਤੀ। ਸਾਹਿਤਕਾਰ ਦੁਆਰਾ ਆਪਣੇ ਵਿਚਾਰਾਂ ਨੂੰ ਕਾਲਪਨਿਕ ਅਤੇ ਦਿਲ ਖਿੱਚਵੇਂ ਢੰਗ ਨਾਲ ਪਾਠਕਾਂ ਸਾਹਮਣੇ ਪੇਸ਼ ਕਰਨਾ ਸਾਹਿਤ ਹੈ। ਸਾਹਿਤ ਸਮਾਜ ਲਈ ਅਤੇ ਸਮਾਜ ਵਿਚ ਹੀ ਰਚਿਆ ਜਾਂਦਾ ਹੈ। ਸਾਹਿਤ ਕਾਲ ਦੀ ਸੀਮਾ ਤੋਂ ਮੁਕਤ ਸਮਾਜ ਦਾ ਅਟੁੱਟ ਅੰਗ ਹੁੰਦਾ ਹੈ। ਇਹ ਇਤਿਹਾਸ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਵਰਤਮਾਨ ਵਿਚੋਂ ਗੁਜ਼ਰਦਾ ਹੋਇਆ ਸਮਿਆਂ ਦਾ ਭਵਿੱਖ ਬਣਦਾ ਹੈ। ਸਾਹਿਤ ਇੱਕ ਜ਼ਿੰਮੇਵਾਰੀ ਵਾਲਾ ਸਿਰਜਣਾਤਮਿਕ ਕਾਰਜ ਹੁੰਦਾ ਹੈ। ਸਾਹਿਤਕ ਮੈਗਜ਼ੀਨ ਇਸ ਕਾਰਜ ਨੂੰ ਸਾਂਭਣ ਅਤੇ ਪਾਠਕਾਂ ਤੱਕ ਲੈ ਕੇ ਜਾਣ ਦਾ ਕੰਮ ਕਰਦੇ ਹਨ। ਇੱਕ ਨਿਰੰਤਰ ਵਹਿਣ ਵਾਲੀ ਧਾਰਾ ਨੂੰ ਸਫ਼ਿਆਂ ’ਤੇ ਸਾਂਭਣ ਦਾ ਸਲਾਹੁਣਯੋਗ ਕਾਰਜ ਕਰਦੇ ਹਨ ਸਾਹਿਤਕ ਪਰਚੇ। ਸੰਖੇਪ ਵਿਚ ਕਹਿਣਾ ਹੋਵੇ ਤਾਂ ਆਪਾਂ ਕਹਿ ਸਕਦੇ ਹਾਂ ਕਿ ਪੰਜਾਬੀ ਸਾਹਿਤਕ ਪੱਤ੍ਰਕਾਵਾਂ ਦਾ ਸਿਰਜਣਾਤਮਿਕ ਯੋਗਦਾਨ ਰਿਹਾ ਹੈ। ਹੁਣ ਸੋਸ਼ਲ ਮੀਡੀਆ ਦੇ ਅਜੋਕੇ ਦੌਰ ਵਿੱਚ ਝੱਟ ਲਿਖਣਾ ਤੇ ਪਟੱਕ ਛਪਣਾ ਆਮ ਵਰਤਾਰਾ ਬਣ ਗਿਆ ਹੈ। ਇਸ ਝੱਟ ਛਪਣ ਅਤੇ ਵਾਹ-ਵਾਹ ਖੱਟਣ ਦੇ ਵਰਤਾਰੇ ਨੇ ਸ਼ਬਦ ਨਾਲ ਜੁੜੀ ਨਵੀਂ ਪੀੜ੍ਹੀ ਅੰਦਰ ਕਾਹਲ ਪੈਦਾ ਕਰ ਦਿੱਤੀ ਹੈ। ਕਾਹਲ ਵਿਚ ਲਿਖੇ ਅਤੇ ਛਪ ਰਹੇ ਸਾਹਿਤ ਦੀ ਉਮਰ ਬਹੁਤ ਥੋੜ੍ਹੀ ਹੁੰਦੀ ਹੈ। ਡਾ. ਰਤਨ ਸਿੰਘ ਜੱਗੀ ਦੀ ਸਾਹਿਤ ਬਾਰੇ ਪਰਿਭਾਸ਼ਾ ਵਿਚਾਰਨਯੋਗ ਹੈ। ਉਹ ਕਹਿੰਦੇ ਹਨ ਕਿ ਸਾਹਿਤ ਇੱਕ ਸੂਖ਼ਮ ਕਲਾ ਹੈ ਜਿਸ ਦਾ ਉਦੇਸ਼ ਸੁਹਜ-ਸੁਆਦ ਉਪਜਾਣਾ ਅਤੇ ਇਸ ਰਾਹੀਂ ਇੱਕ ਚੰਗੇਰੇ ਜੀਵਨ ਲਈ ਪ੍ਰੇਰਣਾ ਹੈ। ਇਸ ਕਾਰਣ ਹੀ ਸਾਹਿਤ ਨੂੰ ਜਨਤਾ ਦੀ ਡੰਗੋਰੀ ਵੀ ਕਿਹਾ ਜਾਂਦਾ ਹੈ। ਹੁਣ ਆਪਾਂ ਸੋਚ ਸਕਦੇ ਹਾਂ ਕਿ ਕੀ ਸਮਕਾਲ ਵਿੱਚ ਰਚਿਆ ਤੇ ਸੋਸ਼ਲ ਮੀਡੀਆ ਰਾਹੀਂ ਪ੍ਰਚਾਰਿਆ ਜਾ ਰਿਹਾ ਸਾਹਿਤ ਇਸ ਪ੍ਰੀਭਾਸ਼ਾ ਦੀ ਪੂਰਤੀ ਕਰ ਰਿਹਾ ਹੈ? ਇਸ ਰੁਝਾਨ ਨੇ ਬੇਸ਼ੱਕ ਬਹੁਤ ਸਾਰੇ ਨਵੇਂ ਕਵੀ/ ਲੇਖਕ ਪੈਦਾ ਕਰ ਦਿੱਤੇ ਹਨ। ਭਰਮ ਵਰਗਾ ਇੱਕ ਧਰਵਾਸ ਇਹ ਵੀ ਹੁੰਦਾ ਹੈ ਕਿ ਪੰਜਾਬੀ ਪਾਠਕਾਂ ਦੀ ਗਿਣਤੀ ਵੱਧ ਰਹੀ ਹੈ। ਫੇਸਬੁੱਕ ਉਪਰ ਪਈ ਕਿਸੇ ਰਚਨਾ ਨੂੰ ਸੈਂਕੜਿਆਂ ਵਿਚ ਮਿਲੇ ਹੁੰਗਾਰੇ ਨੂੰ ਵੇਖਦਿਆਂ ਅਜਿਹਾ ਭਰਮ ਪੈਦਾ ਹੋਣਾ ਸੁਭਾਵਕ ਹੈ। ਪਰ ਆਪਾਂ ਸਾਰੇ ਜਾਣਦੇ ਹਾਂ ਕਿ ਤੁਰੰਤ ਹੁੰਗਾਰਾ ਭਰਨ ਵਾਲੇ ਇਹ ਦੋਸਤ ਕਿੰਨਾ ਕੁ ਪੜ੍ਹਦੇ ਹਨ। ਇਹ ਇੱਕ ਨਵੀਂ ਤਰ੍ਹਾਂ ਦਾ ਵਰਤਾਰਾ ਹੈ ਜਿਸ ਉਪਰ ਲੰਮੀ ਬਹਿਸ ਹੋ ਸਕਦੀ ਹੈ। ਨਵੇਂ ਲੇਖਕਾਂ ਦੇ ਨਾਲ ਆਕਾਰ ’ਚ ਛੋਟੀ ਨਵੀਂ ਕਵਿਤਾ ਵੀ ਸਾਹਮਣੇ ਆ ਰਹੀ ਹੈ। ਜੀਵਨ-ਜਾਚ ਬਦਲਣ ਕਰਕੇ ਨਵੇਂ ਮੁਹਾਂਦਰੇ ਵਾਲੀ ਕਵਿਤਾ ਤੇ ਸਾਹਿਤ ਵੀ ਪੜ੍ਹਨ ਨੂੰ ਮਿਲ ਰਿਹਾ ਹੈ।
1. ਪੰਜਾਬੀ ਸਾਹਿਤਕ ਪੱਤਰਕਾਰੀ : ਸਾਹਿਤਕ ਪੱਤਰਕਾਰੀ ਬਾਰੇ ਵਿਦਵਾਨਾਂ ਦੇ ਵਿਚਾਰ ਜਾਂ ਮੱਤ ਇਹ ਹੈ ਕਿ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਜਾਂ ਰੂਪ ਜਿਵੇਂ ਨਾਵਲ, ਕਹਾਣੀ, ਨਾਟਕ, ਕਵਿਤਾ, ਗੀਤ, ਗ਼ਜ਼ਲ, ਰਿਪੋਰਤਾਜ, ਸਫ਼ਰਨਾਮਾ, ਰੇਖਾ-ਚਿੱਤਰ, ਅਲੋਚਨਾ, ਪੁਸਤਕ ਰੀਵਿਊ ਆਦਿ ਛਾਪਣ ਵਾਲੇ ਮੈਗਜ਼ੀਨ ਜਾਂ ਰਸਾਲੇ ਸਾਹਿਤਕ ਪੱਤਰਕਾਰੀ ਨਾਲ ਸਬੰਧਤ ਹਨ। ਪੰਜਾਬੀ ਅਖ਼ਬਾਰਾਂ ਦੇ ਐਤਵਾਰੀ ਅੰਕਾਂ ਵਿੱਚ ਵੀ ਚੰਗਾ ਸਾਹਿਤ ਛਪ ਰਿਹਾ ਹੈ। ਵੱਡੇ ਲੇਖਕ ਜਿਹੜੇ ਪਹਿਲਾਂ ਅਖ਼ਬਾਰਾਂ ਵਿਚ ਛਪਣ ਤੋਂ ਪ੍ਰਹੇਜ਼ ਕਰਦੇ ਸਨ,ਵੀ ਹੁਣ ਅਖਬਾਰਾਂ ਦੇ ਇਨ੍ਹਾਂ ਅੰਕਾਂ ਵਿਚ ਛਪਣ ਲੱਗੇ ਹਨ। ਅਜਿਹਾ ਅਖ਼ਬਾਰਾਂ ਦੀ ਵੱਡੀ ਛਪਣ ਗਿਣਤੀ ਅਤੇ ਅਖ਼ਬਾਰਾਂ ਨਾਲ ਜੁੜੇ ਵੱਡੇ ਪਾਠਕ ਵਰਗ ਕਾਰਨ ਹੈ। ਪੰਜਾਬੀ ਟਿ੍ਰਬਿਊਨ, ਪੰਜਾਬੀ ਜਾਗਰਣ, ਦੇਸ ਸੇਵਕ, ਅਜੀਤ ਅਤੇ ਕੁਝ ਹੋਰ ਅਖ਼ਬਾਰਾਂ ਵਿੱਚ ਚੰਗਾ ਸਾਹਿਤ ਪੜ੍ਹਨ ਨੂੰ ਮਿਲਦਾ ਹੈ। ਸਾਹਿਤਕ ਮੈਗਜ਼ੀਨਾਂ ਦੇ ਛਪਣ ਦਾ ਦੌਰ ਵੀਹਵੀ ਸਦੀ ਦੇ ਸ਼ੁਰੂ ਵਿਚ ਹੋਇਆ। ਪੰਜਾਬੀ ਵਿਚ ਛਪਣ ਵਾਲੇ ਸ਼ੁਰੂ ਵਾਲੇ ਮੈਗਜ਼ੀਨਾਂ ਵਿਚ ਆਜ਼ਾਦੀ, ਸਾਹਿਤ ਅਤੇ ਸਮਾਜ ਸੁਧਾਰ ਵਾਲੇ ਪੱਖਾਂ ਨੂੰ ਜ਼ਿਆਦਾ ਉਭਾਰਿਆ ਗਿਆ। ਇਨ੍ਹਾਂ ਵਿਚ ਛਪਣ ਵਾਲੇ ਸਾਰੇ ਸਾਹਿਤ ਰੂਪ ਕਵਿਤਾ, ਕਹਾਣੀ, ਗੀਤ, ਗਜ਼ਲ ਆਦਿ ਦਾ ਵਿਸ਼ਾ ਉਪਰੋਕਤ ਤਿੰਨਾਂ ਪੱਖਾਂ ਉਪਰ ਕੇਂਦਰਿਤ ਰਿਹਾ। ਮੌਜੀ, ਕਵਿਤਾ, ਸਿਆੜ, ਲਿਖਾਰੀ, ਪ੍ਰੀਤ ਸੈਨਿਕ, ਪੰਜ ਦਰਿਆ, ਪੰਜਾਬੀ ਹੰਸ, ਪੰਜਾਬੀ ਸਾਹਿਤ ਆਦਿ ਨਿਰੋਲ ਸਾਹਿਤਕ ਅਤੇ ਆਲੋਚਨਾਤਮਿਕ ਮੈਗਜ਼ੀਨ ਸਨ। ਓਦੋਂ ਨਾਮਵਰ ਲੇਖਕ ਅਜਿਹੇ ਮੈਗਜ਼ੀਨਾਂ ਦੀ ਸੰਪਾਦਨਾ ਕਰਦੇ ਸਨ। ਇਨ੍ਹਾਂ ਵਿਚ ਪ੍ਰੋ. ਮੋਹਨ ਸਿੰਘ, ਗੁਰਬਖ਼ਸ਼ ਸਿੰਘ ਪ੍ਰੀਤਲੜੀ, ਅੰਮਿ੍ਰਤਾ ਪ੍ਰੀਤਮ, ਚਰਨ ਸਿੰਘ ਸ਼ਹੀਦ ਆਦਿ ਸ਼ਾਮਲ ਹਨ। ਹਿੰਦੀ ਵਿੱਚ ਮੁਨਸ਼ੀ ਪ੍ਰੇਮ ਚੰਦ, ਸੂਰਯ ਕਾਂਤ ਤਿਰਪਾਠੀ ਅਤੇ ਕਈ ਹੋਰਾਂ ਨੇ ਵੀ ਸਾਹਿਤਕ ਮੈਗਜ਼ੀਨਾਂ ਦੀ ਸੰਪਾਦਨਾ ਕੀਤੀ। ਇਨ੍ਹਾਂ ਲੋਕਾਂ ਨੁੂੰ ਸਾਹਿਤ ਦੀ ਸਮਝ ਸੀ। ਸੰਪਾਦਕੀ ਸੂਝ ਰਚਨਾਵਾਂ ਨੂੰ ਸਵੀਕਾਰ ਕਰਨ ਜਾਂ ਅਪ੍ਰਵਾਨ ਕਰਨ ਯੋਗ ਬਣਾਉਂਦੀ ਸੀ। ਇਨ੍ਹਾਂ ਦੀ ਨਜ਼ਰ ਵਿੱਚ ਪ੍ਰਵਾਨ ਹੋਣਾ ਅਤੇ ਛਪਣਾ ਵੱਡੀ ਗੱਲ ਹੁੰਦੀ ਸੀ। ਹੁਣ ਦੇ ਦੌਰ ਵਿੱਚ ਕਿਸੇ ਰਸਾਲੇ ਦੀ ਸੰਪਾਦਕੀ ਕਰਨ ਲਈ ਇਸ ਸੂਝ ਸਮਝ ਨੂੰ ਜ਼ਰੂਰੀ ਨਹੀਂ ਸਮਝਿਆ ਜਾਂਦਾ। ਮੈਂ ਵੀ ਸਤਰੰਗੀ ਨਾਂ ਦੇ ਪਰਚੇ ਦੀ ਸੰਪਾਦਨਾ ਕਰਦਾ ਰਿਹਾ ਹਾਂ। ਵੀਹਵੀ ਸਦੀ ਵਿੱਚ ਸ਼ੁਰੂ ਹੋਏ ਸਾਹਿਤਕ ਮੈਗਜ਼ੀਨਾਂ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਤਕਨੀਕੀ ਵਿਕਾਸ ਕਾਰਨ ਇਨ੍ਹਾਂ ਮੈਗਜ਼ੀਨਾਂ ਦੇ ਛਪਣ ਦੀ ਗਿਣਤੀ ਵਿੱਚ ਢੇਰ ਵਾਧਾ ਹੋਇਆ ਹੈ।
ਨਵੇਂ ਨਾਵਾਂ ਨਾਲ ਨਵੇਂ ਸੰਪਾਦਕਾਂ ਦੀ ਰਹਿਨੁਮਾਈ ਵਿੱਚ ਸਾਹਿਤਕ ਮੈਗਜ਼ੀਨ ਅਹਿਮ ਯੋਗਦਾਨ ਪਾ ਰਹੇ ਹਨ। ਇਨ੍ਹਾਂ ਪਰਚਿਆਂ ਦੀ ਬਦੌਲਤ ਸਾਹਿਤ ਦੇ ਕਈ ਨਵੇਂ ਰੂਪ ਵੀ ਸਾਹਮਣੇ ਆਏ ਹਨ। ਰਿਪੋਰਤਾਜ, ਪੈਰੋਡੀ, ਕਾਵਿ-ਵਿਅੰਗ, ਸਵੈ-ਜੀਵਨੀ, ਮੁਲਾਕਾਤਾਂ, ਲਲਿਤ ਨਿਬੰਧ, ਰੇਖਾ-ਚਿੱਤਰ, ਅਲੋਚਨਾ ਆਦਿ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਜਦ ਅੱਖਰ ਅੱਖਰ ਜੋੜ ਕੇ ਮੈਟਰ ਕੰਪੋਜ਼ ਕਰਨਾ ਪੈਂਦਾ ਸੀ ਤਾਂ ਇਹ ਕਾਰਜ ਕਠਿਨ ਸੀ। ਹੁਣ ਦੇ ਦੌਰ ਵਿਚ ਕੁਝ ਲੇਖਕ, ਸ਼ਾਇਰ ਇਨ੍ਹਾਂ ਪਰਚਿਆਂ ਦੀ ਸੰਪਾਦਨਾ ਕਰ ਰਹੇ ਹਨ। ਸਿਰਜਣਾ, ਪ੍ਰਤੀਮਾਨ, ਪ੍ਰਵਚਨ, ਲਕੀਰ, ਮੁਹਾਂਦਰਾ, ਸ਼ਬਦ, ਤਿ੍ਰਸੰਕੂ, ਕਹਾਣੀ ਪੰਜਾਬ ਆਦਿ ਰਸਾਲੇ ਲੇਖਕਾਂ, ਸ਼ਾਇਰਾਂ ਦੀ ਸੰਪਾਦਨਾ ਹੇਠ ਨਿਰੰਤਰ ਛਪ ਰਹੇ ਹਨ। ਬਾਕੀ ਪਰਚਿਆਂ ਦੇ ਮਿਆਰ ਦੀ ਗੱਲ ਕਰੀਏ ਤਾਂ ਕਈ ਸ਼ੰਕੇ ਪੈਦਾ ਹੁੰਦੇ ਹਨ। ਨਵੇਂ ਸ਼ੁਰੂ ਹੋਏ ਤ੍ਰੈਮਾਸਿਕ, ਮਾਸਿਕ, ਸਪਤਾਹਿਕ ਈ.ਪਰਚਿਆਂ ਵਿੱਚ ਅਤੇ ਸੋਸ਼ਲ ਮੀਡੀਆ ਉਪਰ ਛਪ ਰਹੀਆਂ ਰਚਨਾਵਾਂ ਨੂੰ ਪੜ੍ਹਦਿਆਂ ਅਜਿਹੇ ਸ਼ੰਕੇ ਪੈਦਾ ਹੁੰਦੇ ਹਨ।
ਸਾਡੀ ਪੀੜ੍ਹੀ ਦੇ ਲੋਕਾਂ ਨੂੰ ਈ.ਮੈਗਜ਼ੀਨ, ਅਖ਼ਬਾਰਾਂ ਪੜ੍ਹਨੀਆਂ ਔਖਾ ਲੱਗਦਾ ਹੈ। ਸਾਡੇ ਹੱਥਾਂ ਵਿਚ ਤਾਂ ਅਖ਼ਬਾਰ, ਕਿਤਾਬ, ਰਸਾਲੇ ਦੀ ਹਾਰਡ ਕਾਪੀ ਚਾਹੀਦੀ ਹੈ। ਨਵੀਂ ਪੀੜ੍ਹੀ ਲਈ ਨੈੱਟ ਉਪਰ ਕਿਤਾਬਾਂ ਪੜ੍ਹਨੀਆਂ ਸ਼ਾਇਦ ਸਹਿਜ ਹੋਵੇ। ਵਕਤ ਨਾਲ ਅਤੇ ਵਿਕਾਸ ਦੇ ਚੱਲਦਿਆਂ ਬੜਾ ਕੁਝ ਆਚੰਭਿਤ ਕਰਦਾ ਵਾਪਰਦਾ ਰਹਿੰਦਾ ਹੈ। ਪਰ ਇੱਕ ਗੱਲ ਪੱਕੀ ਹੈ ਕਿ ਕਿਤਾਬ ਦੀ ਭੂਮਿਕਾ ਜਾਂ ਕਹਿ ਲਵੋ ਕਿ ਪਿ੍ਰੰਟ ਮੈਟਰ ਦੀ ਲੋੜ ਬਣੀ ਰਹੇਗੀ। ਈ.ਪਰਚਿਆਂ ਦੇ ਮਹੱਤਵ ਨੂੰ ਵੀ ਸਮਝਣਾ ਬਣਦਾ ਹੈ।
ਵੱਡ-ਅਕਾਰੀ ਮੈਗਜ਼ੀਨਾਂ ਦਾ ਦੌਰ : ਜਿੱਥੋਂ ਤੱਕ ਮੈਨੂੰ ਪਤਾ ਹੈ ਵੱਡ-ਆਕਾਰੀ ਮੈਗਜ਼ੀਨਾਂ ਦਾ ਦੌਰ ਸਾਲ 2005 ਵਿੱਚ ਅਮਰੀਕਾ ਵੱਸਦੇ ਸ਼ਾਇਰ ਲੇਖਕ ਦੋਸਤ ਅਵਤਾਰ ਜੰਡਿਆਲਵੀ ਦੀ ਸੰਪਾਦਨਾ ਹੇਠ ਸੁਸ਼ੀਲ ਦੁਸਾਂਝ ਦੇ ਸਹਿਯੋਗ ਨਾਲ ‘ਹੁਣ’ ਮੈਗਜ਼ੀਨ ਦੀ ਪ੍ਰਕਾਸ਼ਨਾ ਨਾਲ ਸ਼ੁਰੂ ਹੋਇਆ। ਇਸ ਮੈਗਜ਼ੀਨ ਦਾ ਚਮਤਕਾਰੀ ਪ੍ਰਭਾਵ ਇਹ ਸੀ ਕਿ ਪਾਠਕ ਇਸ ਦੀ ਉਡੀਕ ਕਰਦੇ ਸਨ ਅਤੇ ਸਟਾਲਾਂ ਤੋਂ ਖ਼ਰੀਦ ਕੇ ਪੜ੍ਹਦੇ ਸਨ। ਓਦੋਂ ਹੀ ਗੁਰਬਚਨ ਦੀ ਸੰਪਾਦਕੀ ਅਤੇ ਮਾਲਕੀ ਵਾਲਾ ਮੈਗਜ਼ੀਨ ‘ਫਿਲਹਾਲ’ ਛਪਣਾ ਸੁਰੂ ਹੋਇਆ। ਇਹ ਤਿੰਨ ਮਹੀਨਿਆਂ ਬਾਅਦ ਛਪਣ ਵਾਲੇ ਮੈਗਜ਼ੀਨ ਸਨ। ਹਾਲਾਂਕਿ ਤ੍ਰੈਮਾਸਿਕ ਰਸਾਲਿਆਂ ਦਾ ਦੌਰ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਸੀ। ਮਾਸਿਕ ਛਪਦੇ ਰਸਾਲਿਆਂ ਵਿਚ ਪ੍ਰਮਿੰਦਰਜੀਤ ਦੀ ਸੰਪਾਦਨਾ ਵਾਲੇ ‘ਅੱਖਰ’ ਤੋਂ ਬਾਅਦ ਅੰਮਿ੍ਰਤਸਰ ਤੋਂ ਡਾ. ਜੋਗਿੰਦਰ ਕੈਰੋਂ ਅਤੇ ਦਲਬੀਰ ਚੇਤਨ ਦੀ ਸਾਂਝੀ ਸੰਪਾਦਨਾ ਵਾਲਾ ਮੈਗਜ਼ੀਨ ‘ਅਜੋਕੇ ਸ਼ਿਲਾਲੇਖ’ ਸ਼ੁਰੂ ਹੋਇਆ ਜਿਹੜਾ ਹੁਣ ਤਕ ਵੀ ਛਪ ਰਿਹਾ ਹੈ। ਹੁਣ ਇਹ ਤ੍ਰੈਮਾਸਿਕ ਹੋ ਗਿਆ ਹੈ ਅਤੇ ਡਾ. ਕੈਰੋਂ ਦੇ ਨਾਲ ਡਾ. ਰਵਿੰਦਰ ਹੁਣ ਇਸ ਦੀ ਸੰਪਾਦਨਾ ਦਾ ਕੰਮ ਸੰਭਾਲ ਰਹੇ ਹਨ।
ਅੰਮਿ੍ਰਤਸਰ ਤੋਂ ਹੀ ਅਰਤਿੰਦਰ ਸੰਧੂ ਦੀ ਸੰਪਾਦਨਾ ਅਤੇ ਮਾਲਕੀ ਵਾਲਾ ਮੈਗਜ਼ੀਨ ‘ਸਾਹਿਤਕ ਏਕਮ’ ਪਿਛਲੇ ਦਸ ਸਾਲਾਂ ਤੋਂ ਨਿਰੰਤਰ ਛਪ ਰਿਹਾ ਹੈ। ਗੱਲ ਆਪਾਂ ਕਰ ਰਹੇ ਸਾਂ ਵੱਡ-ਆਕਾਰੀ ਮੈਗਜ਼ੀਨਾਂ ਦੀ। ‘ਹੁਣ’ ਅਤੇ ‘ਫਿਲਹਾਲ’ ਤੋਂ ਬਾਅਦ ‘ਰਾਗ’ ਮੈਗਜ਼ੀਨ ਜਨਵਰੀ 2017 ਵਿਚ ਛਪਣਾ ਸ਼ੁਰੂ ਹੋਇਆ। ਇੰਦਰਜੀਤ ਪੁਰੇਵਾਲ ਦੀ ਮਾਲਕੀ ਵਾਲਾ ਇਹ ਮੈਗਜ਼ੀਨ ਕੁਝ ਦੇਰ ਖ਼ਾਮੋਸ਼ ਰਹਿਣ ਪਿਛੋਂ ਮੁੜ ਮੈਦਾਨ ਵਿਚ ਹੈ। ਪ੍ਰਮਿੰਦਰਜੀਤ ਦੀ ਮੌਤ ਤੋਂ ਬਾਅਦ ‘ਅੱਖਰ’ ਵੀ ਵਿਸ਼ਾਲ ਬਿਆਸ ਦੀ ਸੰਪਾਦਕੀ ਹੇਠ ਤ੍ਰੈਮਾਸਿਕ ਅਤੇ ਵੱਡ-ਆਕਾਰੀ ਹੋ ਗਿਆ। ਅੰਮਿ੍ਰਤਸਰ ਤੋਂ ਹੀ ਇੱਕ ਮੈਗਜ਼ੀਨ ‘ਵਾਹਘਾ’ ਸ਼ੁਰੂ ਹੋਇਆ। ਇਨ੍ਹਾਂ ਵੱਡ-ਆਕਾਰੀ ਮੈਗਜ਼ੀਨਾਂ ਨੁੰ ਪੇਸ਼ ਆਉਂਦੀਆਂ ਚੁਣੌਤੀਆਂ ਬਾਰੇ ਗੱਲ ਕਰਨੀ ਹੋਵੇ ਤਾਂ ਆਰਥਿਕਤਾ ਦੀ ਮਾਰ ਵੱਡੀ ਚੁਣੌਤੀ ਹੈ। ਅਜਿਹੇ ਮੈਗਜ਼ੀਨ ਛਪਣ ’ਤੇ ਖਰਚਾ ਲੱਖਾਂ ਵਿੱਚ ਆਉਂਦਾ ਹੈ ਜਦ ਕਿ ਬਹੁਤੇ ਪਾਠਕ ਫਰੀ ਵਿਚ ਪੜ੍ਹਨਾ ਚਾਹੁੰਦੇ ਹਨ। ਦੂਜੀ ਸਮੱਸਿਆ ਮੈਟਰ ਦੀ ਹੈ।
ਦੋ-ਢਾਈ ਸੌ ਪੰਨਿਆਂ ਲਈ ਲਿਖਤਾਂ ਵੀ ਚਾਹੀਦੀਆਂ ਹਨ। ਜੇ ਪ੍ਰਾਪਤ ਨਹੀਂ ਹੁੰਦੀਆਂ ਤਾਂ ਤੁਸੀਂ ਹਲਕੀਆਂ ਰਚਨਾਵਾਂ ਛਾਪਣ ਲਈ ਮਜਬੂਰ ਹੋਵੋਗੇ ਜਾਂ ਨੈੱਟ ’ਤੇ ਪਏ ਸਾਹਿਤ ਦੀ ਵਰਤੋਂ ਕਰੋਗੇ। ਇੰਝ ਇੱਕ ਸੰਜੀਦਾ ਅਤੇ ਸੁਹਿਰਦ ਪਾਠਕ ਤੁਹਾਡੇ ਨਾਲੋਂ ਟੁੱਟੇਗਾ। ਪਰਚੇ ਦਾ ਭਵਿੱਖ ਡਗਮਗਾਵੇਗਾ। ਬੇਗਾਨੀ ਮਾਲਕੀ ਵਾਲੇ ਪਰਚਿਆਂ ਦੀ ਸੰਪਾਦਨਾ ਕਰਨੀ ਵੀ ਇੱਕ ਚੁਣੌਤੀ ਹੈ। ਇਨ੍ਹਾਂ ਚੁਣੌਤੀਆਂ ਦੇ ਚੱਲਦਿਆਂ ਵੀ ਇਹ ਵੱਡ-ਆਕਾਰੀ ਮੈਗਜ਼ੀਨ ਨਿਰੰਤਰ ਛਪ ਰਹੇ ਹਨ ਅਤੇ ਸਾਹਿਤਕ ਪੱਤਰਕਾਰੀ ਵਿਚ ਅਹਿਮ ਯੋਗਦਾਨ ਪਾ ਰਹੇ ਹਨ। ਇਨ੍ਹਾਂ ਦੇ ਪ੍ਰਕਾਸ਼ਨ ਨਾਲ ਬਹੁਤ ਸਾਰੇ ਨਵੇਂ ਲੇਖਕਾਂ ਨੂੰ ਮੌਕਾ ਮਿਲ ਰਿਹਾ ਹੈ। ਪੰਜਾਬੀ ਦੇ ਬਹੁਤ ਸਾਰੇ ਸਿਰਮੌਰ ਲੇਖਕ ਇਨ੍ਹਾਂ ਵਿੱਚ ਛਪਣਾ ਚਾਹੁੰਦੇ ਹਨ। ਇਸ ਦੌਰਾਨ ਸੋਸ਼ਲ ਮੀਡੀਆ ਦੀ ਲੋਕ-ਪ੍ਰਵਾਨਗੀ ਅਤੇ ਵਿਸ਼ਵ-ਵਿਆਪੀ ਪਹੁੰਚ ਦਾ ਪ੍ਰਭਾਵ ਸਾਹਿਤ ਉਪਰ ਵੀ ਪਿਆ। ਸ਼ਹਿਰ-ਸ਼ਹਿਰ ਘੁੰਮ ਕੇ ਮੈਗਜ਼ੀਨ ਦਾ ਲੋਕ ਅਰਪਣ ਅਤੇ ਪ੍ਰਚਾਰ ਕਰਨ ਦਾ ਕੰਮ ਸੁਸ਼ੀਲ ਦੁਸਾਂਝ ਦੀ ਅਗਵਾਈ ਹੇਠ ‘ਹੁਣ’ ਮੈਗਜ਼ੀਨ ਤੋਂ ਸ਼ੁਰੂ ਹੋਇਆ। ‘ਅੱਖਰ’ ਅਤੇ ‘ਰਾਗ’ ਵਾਲੇ ਇਸ ਪਿਰਤ ਨੂੰ ਜਾਰੀ ਵੀ ਰੱਖ ਰਹੇ ਹਨ ਅਤੇ ਨਿਭਾ ਵੀ ਰਹੇ ਹਨ। ਇੰਝ ਮੈਗਜ਼ੀਨ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਦਾ ਹੈ। ਮੁਕਾਬਲੇਬਾਜ਼ੀ ਦਾ ਇਹ ਰੁਝਾਨ ਪਾਠਕਾਂ ਅੰਦਰ ਉਤਸੁਕਤਾ ਵੀ ਪੈਦਾ ਕਰਦਾ ਹੈ।
ਪੰਜਾਬੀ ਵਿੱਚ ਛਪ ਰਹੇ ਜਾਂ ਛਪਦੇ ਰਹੇ ਮੈਗਜ਼ੀਨਾਂ ਦੀ ਸੂਚੀ ’ਤੇ ਨਿਗਾਹ ਮਾਰਿਆਂ ਇਹ ਗਿਣਤੀ ਪੰਜ ਦਰਜਨ ਤੋਂ ਵੀ ਟੱਪ ਜਾਂਦੀ ਹੈ। ਹਾਲਾਂਕਿ ਮੈਨੂੰ ਪਤਾ ਹੈ ਕਿ ਜੇਕਰ ਮੈਂ ਇਹ ਸੂਚੀ ਪੜ੍ਹਨੀ ਸ਼ੁਰੂ ਕਰਾਂ ਤਾਂ ਬਹੁਤ ਸਾਰੇ ਮੈਗਜ਼ੀਨ ਰਹਿ ਜਾਣਗੇ। ਅਜਿਹੇ ਮੈਗਜ਼ੀਨਾਂ ਦੀ ਗਿਣਤੀ ਵੀ ਪੰਜ ਦਰਜਨ ਤੋਂ ਘੱਟ ਨਹੀਂ ਹੋਵੇਗੀ। ‘ਕਾਵਿ-ਸ਼ਾਸਤਰ’, ‘ਤਾਸਮਨ’, ‘ਆਲੋਚਨਾ’, ‘ਸੰਵਾਦ’ ਆਦਿ ਕੁਝ ਹੋਰ ਜ਼ਿਕਰਯੋਗ ਪਰਚੇ ਹਨ। ਬਹੁਤ ਸਾਰੇ ਰਹਿ ਵੀ ਗਏ ਹਨ। ਇਸ ਵਿਚਾਰ ਚਰਚਾ ਨੂੰ ਸਮੇਟਣ ਖ਼ਾਤਰ ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀ ਸਾਹਿਤ ’ਚ ਇਨ੍ਹਾਂ ਮੈਗਜ਼ੀਨਾਂ ਦੀ ਭੂਮਿਕਾ ਨੂੰ ਘਟਾ ਕੇ ਨਹੀਂ ਵੇਖਿਆ ਜਾ ਸਕਦਾ। ਇਨ੍ਹਾਂ ਨੇ ਪੰਜਾਬੀ ਸਾਹਿਤ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾਇਆ ਹੈ ਅਤੇ ਪਾ ਰਹੇ ਹਨ। ਇਨ੍ਹਾਂ ਨੇ ਪੰਜਾਬੀਆਂ ਵਿੱਚ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਲਈ ਪਿਆਰ ਅਤੇ ਸਤਿਕਾਰ ਪੈਦਾ ਕੀਤਾ ਹੈ।
ਇਨ੍ਹਾਂ ਰਾਹੀਂ ਬਹੁਤ ਸਾਰਾ ਵਿਸ਼ਵ ਸਾਹਿਤ ਅਨੁਵਾਦ ਹੋ ਕੇ ਪਾਠਕਾਂ ਕੋਲ਼ ਪਹੁੰਚ ਰਿਹਾ ਹੈ। ਦੂਜੀਆਂ ਭਾਸ਼ਾਵਾਂ ਦਾ ਚੰਗਾ ਸਾਹਿਤ ਵੀ ਪੰਜਾਬੀ ਦੇ ਇਨ੍ਹਾਂ ਮੈਗਜ਼ੀਨਾਂ ਦੀ ਬਦੌਲਤ ਪੜ੍ਹਨ ਨੂੰ ਮਿਲਦਾ ਹੈ। ਪੰਜਾਬੀ ਸਾਹਿਤ ਨੂੰ ਪੜ੍ਹਨ ਵਾਲੇ ਪਾਠਕਾਂ ਦੀ ਘਾਟ ਵਾਲਾ ਸਾਡਾ ਸ਼ਿਕਵਾ ਵੀ ਇਹ ਸਾਹਿਤਕ ਪੱਤਿ੍ਰਕਾਵਾਂ ਕੁਝ ਹੱਦ ਤੱਕ ਦੂਰ ਕਰਨ ਦਾ ਨਰੋਇਆ ਯਤਨ ਕਰ ਰਹੀਆਂ ਹਨ। ਸਾਹਿਤਕ ਮੈਗਜ਼ੀਨਾਂ ਦੀ ਪ੍ਰਕਾਸ਼ਨਾ ਕਰ ਰਹੇ ਇਨ੍ਹਾਂ ਦੋਸਤਾਂ ’ਤੇ ਸਾਨੂੰ ਮਾਣ ਹੈ।
- ਮਲਵਿੰਦਰ