ਹਾਸ਼ਮ ਸ਼ਾਹ ਨੇ ਜਿਥੇ ਕਿੱਸਾ ਕਾਵਿ-ਧਾਰਾ ਵਿੱਚ ਵੱਖਰੀ ਪਹਿਚਾਣ ਬਣਾਈ ਉੱਥੇ ਹੀ ਸੂਫ਼ੀ ਕਾਵਿ ਰਾਹੀਂ ਵੀ ਦੋਹੜੇ, ਸੀਹਰਫ਼ੀਆਂ, ਡਿਓਢਾਂ ਆਦਿ ਰਾਹੀਂ ਆਪਣੀ ਕਲਮ ਨੂੰ ਸੂਫ਼ੀ-ਕਾਵਿ ਦਾ ਹਾਣੀ ਬਣਾਇਆ| ਸੂਫ਼ੀ ਤੇ ਕਿੱਸਾ-ਕਾਵਿ ਧਾਰਾ ਦਾ ਸਾਂਝਾ ਕਵੀ ਹਾਸ਼ਮ ਸ਼ਾਹ 19ਵੀਂ ਸਦੀ ’ਚ ਇਸ ਜਹਾਨੋਂ ਸਦਾ ਲਈ ਰੁਖ਼ਸਤ ਹੋ ਗਿਆ....

ਪੰਜਾਬੀ, ਫ਼ਾਰਸੀ, ਹਿੰਦੀ ਅਤੇ ਉਰਦੂ ਵਿੱਚ ਕਾਵਿ ਰਚਨਾ ਕਰਨ ਵਾਲੇ ਸੱਯਦ ਮੁਹੰਮਦ ਹਾਸ਼ਮ ਸ਼ਾਹ ਨੂੰ ਜ਼ਿਆਦਾਤਰ ਹਾਸ਼ਮ ਸ਼ਾਹ ਦੇ ਨਾਂ ਨਾਲ ਜਾਣਿਆ ਜਾਂਦਾ ਹੈ| ਹਾਸ਼ਮ ਸ਼ਾਹ ਜਨਮ 18ਵੀਂ ਸਦੀ ਵਿੱਚ ਹੋਇਆ| ਉਨ੍ਹਾਂ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਜਗਦੇਉ ਕਲਾਂ ਵਿਖੇ ਹੋਇਆ| ਹਾਸ਼ਮ ਸ਼ਾਹ ਅਰਬ ਦੇ ਕੁਰੈਸ਼ ਖ਼ਾਨਦਾਨ ਨਾਲ ਸੰਬੰਧਿਤ ਸਨ| ਹਾਸ਼ਮ ਸ਼ਾਹ ਦੇ ਪਿਤਾ ਦਾ ਨਾਂ ਹਾਜੀ ਮੁਹੰਮਦ ਸ਼ਰੀਫ ਸੀ ਤੇ ਉਹ ਉਸ ਸਮੇਂ ਦੇ ਹਜ਼ਰਤ ਬਖ਼ਤ ਜਮਾਲ ਨੌਸ਼ਾਹੀ ਕਾਦਰੀ ਦੇ ਮੁਰੀਦ ਸਨ| ਹਾਸ਼ਮ ਸ਼ਾਹ ਨੇ ਆਪਣੇ ਪਿਤਾ ਹਾਜੀ ਮੁਹੰਮਦ ਸ਼ਰੀਫ ਨੂੰ ਹੀ ਆਪਣਾ ਮੁਰਸ਼ਦ ਮੰਨਿਆ ਅਤੇ ਮੱੁਢਲੀ ਸਿੱਖਿਆ ਆਪਣੇ ਵਿਦਵਾਨ ਪਿਤਾ ਦੀ ਸਰਪ੍ਰਸਤੀ ਹੇਠ ਬਚਪਨ ਵਿੱਚ ਹੀ ਸ਼ੁਰੂ ਹੋ ਗਈ ਸੀ| ਹਾਸ਼ਮ ਸ਼ਾਹ ਨੇ ਅਰਬੀ, ਫਾਰਸੀ, ਹਿਕਸਤ, ਸੰਸਕ੍ਰਿਤ ਤੋਂ ਇਲਾਵਾ ਪੰਜਾਬੀ ਵਿੱਚ ਵੀ ਮੁਹਰਤ ਹਾਸਿਲ ਕੀਤੀ ਸੀ| ਹਾਸ਼ਮ ਸ਼ਾਹ ਹਕੀਮੀ ਅਤੇ ਜੋਤਿਸ਼ ਦਾ ਗਿਆਨ ਵੀ ਰੱਖਦੇ ਸਨ| ਹਾਸ਼ਮ ਸ਼ਾਹ ਨੇ ਕਾਵਿ-ਰਚਨਾ ਵਿੱਚ ਕਿੱਸੇ ‘ਸੱਸੀ-ਪੁੰਨੂੰ’, ‘ਸੋਹਣੀ-ਮਹੀਂਵਾਲ’, ‘ਸ਼ੀਰੀਂ ਫ਼ਰਹਾਦ’, ‘ਹੀਰ-ਰਾਂਝਾ’ ਅਤੇ ਦੋਹੜੇ, ਸੀਹਰਫ਼ੀਆਂ, ਡਿਓਢਾਂ ਆਦਿ ਦੀ ਰਚਨਾ ਕੀਤੀ| ਹਾਸ਼ਮ ਸ਼ਾਹ ਦੀ ਪ੍ਰਸਿੱਧ ਅਤੇ ਸੰਪੂਰਨ ਰਚਨਾ ‘ਸੱਸੀ-ਪੁੰਨੂੰ’ ਨੂੰ ਮੰਨਿਆ ਜਾਂਦਾ ਹੈ| ਹਾਸ਼ਮ ਸ਼ਾਹ ਦਾ ਸਭ ਤੋਂ ਵੱਧ ਪ੍ਰਸਿੱਧੀ ਪਾਉਣ ਵਾਲਾ ਕਿੱਸਾ ‘ਸੱਸੀ-ਪੁੰਨੂੰ’ ਹੈ| ਹਾਸ਼ਮ ਸ਼ਾਹ ਨੇ 124 ਬੰਦਾਂ ਵਿੱਚ ‘ਸੱਸੀ-ਪੁੰਨੂੰ’ ਦੀ ਪ੍ਰੀਤ ਪ੍ਰਸੰਗ ਨੂੰ ਬਾ-ਕਮਾਲ ਢੰਗ ਨਾਲ ਬਿਆਨ ਕੀਤੀ ਹੈ| ਹਾਸ਼ਮ ਸ਼ਾਹ ਆਪਣੇ ਇਕ ਬੰਦ ਵਿੱਚ ਸੱਸੀ-ਪੁੰਨੂੰ ਬਾਰੇ ਦਿਲ ਟੁੰਬਵੀਆਂ ਸਤਰਾਂ ’ਚ ਫ਼ੁਰਮਾਉਂਦੇ ਹਨ :
‘ਉਡਿਆ ਰੂਹ ਸੱਸੀ ਦਾ ਤਨ ਥੀਂ,
ਫੇਰ ਪੁੰਨੂੰ ਵਲ ਧਾਇਆ।
ਮਹਿਮਲ ਮਸਤ ਬੇਹੋਸ਼ ਪੁੰਨੂੰ ਨੂੰ, ਸੁਫਨੇ ਆਣ ਜਗਾਇਆ।
ਲੈ ਹੁਣ ਯਾਰ ਅਸਾਂ ਸੰਗ ਤੇਰੇ,
ਕੌਲ ਕਰਾਰ ਨਿਭਾਇਆ।
ਹਾਸ਼ਮ ਰਹੀ ਸੱਸੀ ਵਿੱਚ ਥਲ ਦੇ,
ਮੈਂ ਰੁਖ਼ਸਤ ਲੈ ਆਇਆ’।
ਹਾਸ਼ਮ ਸ਼ਾਹ ਨੇ ਸੋਹਣੀ-ਮਹੀਂਵਾਲ ਦੀ ਪ੍ਰੀਤ ਕਹਾਣੀ ਨੂੰ ਸੰਪੂਰਨ ਕਿੱਸੇ ਦੇ ਰੂਪ ਵਿੱਚ ਇੰਨੀ ਖੂਬਸੂਰਤੀ ਨਾਲ ਰਚਿਆ ਕਿ ਇਉਂ ਜਾਪਦਾ ਹੈ ਕਿ ਉਹ ਰੱਬ ਨੂੰ ਵੀ ਦੁਆ ਕਰਦਿਆਂ ਬਿਆਨਦਾ ਹੈ ਕਿ :
‘ਰੱਬਾ ! ਕੂਕ ਪੁਕਾਰ ਸੋਹਣੀ ਦੀ ਨਦੀਓਂ ਪਾਰ ਸੁਣਾਵੀਂ ।
ਮੇਹੀਂਵਾਲ ਉਡੀਕੇ ਮੈਨੂੰ,
ਉਸ ਦੀ ਆਸ ਪੁਜਾਵੀਂ।
ਜਿੱਤ ਵੱਲ ਯਾਰ ਸੋਹਣੀ ਦੀ ਮੱਯਤ, ਤਾਂਘ ਉਤੇ ਵਲਿ ਲਾਵੀਂ।
ਹਾਸ਼ਮ ਖ਼ਾਕ ਰਹੇ ਕੇਹੀ ਤਪਦੀ, ਮੁਇਆਂ ਨੂੰ ਫੇਰ ਮਿਲਾਵੀਂ’।
ਸ਼ੀਰੀਂ ਫ਼ਰਹਾਦ ਦੇ ਕਿੱਸੇ ਦੀ ਗੱਲ ਕਰੀਏ ਤਾਂ ਹਾਸ਼ਮ ਸ਼ਾਹ ਨੇ ਆਪਣੀ ਕਲਮ ਨਾਲ ਇਸ ਕਿੱਸੇ ਨੂੰ ਵੀ ਬਹੁਤ ਹੀ ਖੂਬਸੂਰਤੀ ਨਾਲ ਰਚਿਆ ਹੈ| ਇਸ ਕਿੱਸੇ ਨੂੰ ਪੜ੍ਹਿਆਂ ਇਉਂ ਜਾਪਦਾ ਹੈ ਕਿ ਸ਼ੀਰੀਂ ਫ਼ਰਹਾਦ ਦੇ ਨਾਲ-ਨਾਲ ਹਾਸ਼ਮ ਸ਼ਾਹ ਵੀ ਇਰਦ-ਗਿਰਦ ਹੀ ਹੋਣ। ਸ਼ੀਰੀਂ ਫ਼ਰਹਾਦ ਦੇ ਕਿੱਸੇ ਦੇ ਇਕ ਬੰਦ ’ਚ ਹਾਸ਼ਮ ਸ਼ਾਹ ਨਾਲ ਕਹਿੰਦੇ ਹਨ :
ਮਿਲ ਮਿਲ ਕਰਨ ਤਾਰੀਫ਼ ਹੁਸਨ ਦੀ, ਮਿਰਗ ਮੁਰਗ ਵਿੱਚ ਝੱਲਾਂ ।
ਸ਼ੀਰੀਂ ਹੁਸਨ ਜਗਤ ਵਿੱਚ ਰੌਸ਼ਨ,
ਦੇਸ-ਬਿਦੇਸੀਂ ਗੱਲਾਂ ।
ਕਹੁ ਫ਼ਰਹਾਦ ਵਲੋਂ ਗੱਲ ਕੀਕੁਰ, ਬਣਿਆ ਇਸ਼ਕ ਮੁਜੇਰਾ ।
ਹੁਣ ਉਹ ਵੇਖ, ਗਲੀ ਇਸ ਹਾਸ਼ਮ, ਫੇਰ ਕਰੇਸਾਂ ਫੇਰਾ ।
ਹੀਰ ਰਾਂਝੇ ਦੀ ਮੁਹੱਬਤ ਦੀ ਦਾਸਤਾਂ ਨੂੰ ਆਪਣੀ ਕਲਮ ਨਾਲ ਕਾਵਿ-ਰੂਪ ਵਿੱਚ ਇਨ੍ਹੀ ਖੂਬਸੂਰਤੀ ਨਾਲ ਰਚਿਆ ਕਿ ਇਉਂ ਜਾਪਦਾ ਹੈ, ਹਾਸ਼ਮ ਸ਼ਾਹ ਉਸ ਸਮੇਂ ਕਿਸੇ ਹਵਾ ਦੇ ਬੁਲੇ੍ਹ ਵਾਂਗੂ, ਕਿਸੇ ਚੰਨ ਦੀ ਚਾਨਣੀ ਵਾਂਗੂ ਤੇ ਸੂਰਜ ਦੀ ਕੋਸੀ-ਕੋਸੀ ਧੁੱਪ ਵਾਂਗੂ ਹੀਰ ਰਾਂਝੇ ਦੇ ਇਰਦ-ਗਿਰਦ ਹੀ ਰਿਹਾ ਹੋਵੇ| ਹੀਰ ਰਾਂਝੇ ਦੀ ਕਾਵਿ ਰੂਪ ’ਚ ਪ੍ਰੀਤ ਕਹਾਣੀ ਨੂੰ ਹਾਸ਼ਮ ਸ਼ਾਹ ਇਉਂ ਫ਼ੁਰਮਾਉਂਦੇ ਹਨ :
ਅਲਫ਼ ਆਖਿਆ ਹੀਰ ਨੂੰ ਦੱਸ ਹੀਰੇ !
ਤੇਰੇ ਨਾਲ ਰਾਂਝੇ ਕਿਹਾ ਸਾਕ ਹੈ ਜੀ ।
ਹੀਰ ਆਖਿਆ, ਸਾਕ ਨ ਆਸ਼ਕਾਂ ਦੇ,
ਮੇਰਾ ਦੀਨ ਈਮਾਨ ਇਹ ਚਾਕ ਹੈ ਜੀ।
ਝੂਠ ਬੋਲਣੇ ਥੀਂ ਕੁਝ ਨਫ਼ਾ ਨਾਹੀਂ,
ਹੋਇ ਜਾਵਣਾ ਅੰਤ ਨੂੰ ਖ਼ਾਕ ਹੈ ਜੀ ।
ਹਾਸ਼ਮ ਆਖਿਆ ਹੀਰ ਨੇ ਰੱਬ ਜਾਣੇ,
ਮੇਰਾ ਖੇੜਿਆਂ ਥੋਂ ਪੱਲਾ ਪਾਕ ਹੈ ਜੀ ।
ਹਾਸ਼ਮ ਸ਼ਾਹ ਨੇ ਆਪਣੀ ਕਾਵਿ ਉਡਾਰੀ ਭਰਦਿਆਂ ਦੋਹੜੇ ਲਿਖੇ, ਦੋਹੜੇ ਜੋ ਕਿ ਇਕ ਦੌਤੁਕਾ ਪਦ ਰੂਪੀ ਹੁੰਦੇ ਹਨ| ਦੋਹੜੇ ਦੀਆਂ ਸਾਰੀਆਂ ਤੁਕਾਂ ਆਪਸ ਵਿੱਚ ਤੁਕਾਂਤ ਮਿਲਦੀਆਂ ਤੇ ਦੋਹੜੇ ਦੇ ਹਰ ਇਕ ਪਦ ’ਚ ਦੋ ਸ਼ਿਅਰ ਹੁੰਦੇ ਹਨ| ਆਪਣੀ ਲੇਖਣੀ ਦੇ ਸਦਕਾ ਹਾਸ਼ਮ ਸ਼ਾਹ ਦੋਹੜੇ ਰਾਹੀਂ ਫਰਮਾਉਂਦੇ ਹਨ ਕਿ :
ਇਸ਼ਕ ਅਸਾਂ ਨਾਲ ਐਸੀ ਕੀਤੀ, ਜਿਉਂ ਰੁੱਖਾਂ ਨਾਲ ਪਾਲਾ ।
ਧਿਰ ਧਿਰ ਹੋਏ ਗ਼ੁਨਾਹੀ ਕਮਲੇ,
ਮੈਨੂੰ ਮਿਲਦਾ ਦੇਸ-ਨਿਕਾਲਾ।
ਇਨ ਬਿਰਹੋਂ ਛਲੀਏ ਵਲ ਲੀਤਾ,
ਮੈਂ ਜਾਣਾਂ ਇਸ਼ਕ ਸੁਖਾਲਾ ।
ਹਾਸ਼ਮ ਯਾਰ ਸੱਜਣ ਦੇ ਕਾਰਣ,
ਅਸਾਂ ਪੀਤਾ ਜ਼ਹਿਰ ਪਿਆਲਾ ।
ਆਪਣੇ ਖ਼ਿਆਲਾਂ ਨੂੰ ਪੇਸ਼ ਕਰਦਿਆਂ ਹਾਸ਼ਮ ਸ਼ਾਹ ਨੇ ਸੀਹਰਫ਼ੀਆਂ ਰਾਹੀਂ ਵੀ ਕਾਵਿ-ਰਚਨਾ ਕੀਤੀ| ਫ਼ਾਰਸੀ ਭਾਸ਼ਾ ਦੇ ਹਰਫ਼ਾਂ ਨੂੰ ਜਿਵੇਂ ‘ਅਲਫ਼’ ਤੋਂ ਲੈ ਕੇ ‘ਯੇ’ ਤੱਕ ਨੂੰ ਕਾਵਿ-ਰੂਪ ’ਚ ਢਾਲ ਹਾਸ਼ਮ ਸ਼ਾਹ ਫ਼ੁਰਮਾਉਂਦੇ ਹਨ ਕਿ : ਦਾਲ ਦੁਖ ਨੂੰ ਦੂਰ ਹਟਾਵਣਾ ਈ,
ਤਾਂ ਤੂੰ ਸੁਖ ਜਹਾਨ ਦਾ ਫੋਲ ਨਾਹੀਂ ।
ਸੁਖ ਪਾਉਣਾ ਈ ਤਾਂ ਤੂੰ ਮੀਟ ਅੱਖੀਂ,
ਸੁਖ ਕਿਸੇ ਦਾ ਵੇਖ ਕੇ ਡੋਲ ਨਾਹੀਂ ।
ਅਸਾਂ ਵੇਖਿਆ ਸੁਖ ਜਹਾਨ ਵਾਲਾ,
ਇਹ ਦੁਖ ਈ, ਏਸ ਨੂੰ ਫੋਲ ਨਾਹੀਂ ।
‘ਹਾਸ਼ਮ ਸ਼ਾਹ’ ਮੀਆਂ ਇਹੋ ਫ਼ਾਇਦਾ ਈ,
ਕੋਈ ਲੱਖ ਆਖੇ ਮੂੰਹੋਂ ਬੋਲ ਨਾਹੀਂ ।
ਡਿਓਢਾਂ ਕਾਵਿ-ਰੂਪ ਹਾਸ਼ਮ ਦੀ ਬੇ-ਮਿਸਾਲ ਰਚਨਾ ਹੈ। ਹਾਸ਼ਮ ਨੇ ਸੱਤ ਡਿਓਢਾਂ ਦੀ ਰਚਨਾ ਕੀਤੀ ਹੈ| ਡਿਓਢਾਂ ਕਾਵਿ ਰੂਪ ’ਚ ਹਾਸ਼ਮ ਕਹਿੰਦੇ ਹਨ:
ਕਾਮਲ ਸ਼ੌਕ ਮਾਹੀ ਦਾ ਮੈਨੂੰ,
ਨਿੱਤ ਰਹੇ ਜਿਗਰ ਵਿਚ ਵੱਸਦਾ,
ਲੂੰ ਲੂੰ ਰਸਦਾ ।
ਰਾਂਝਣ ਬੇਪਰਵਾਹੀ ਕਰਦਾ,
ਕੋਈ ਗੁਨਾਹ ਨਾ ਦੱਸਦਾ,
ਉਠ ਉਠ ਨੱਸਦਾ ।
ਜਿਉਂ ਜਿਉਂ ਹਾਲ ਸੁਣਾਵਾਂ ਰੋਵਾਂ,
ਦੇਖ ਤੱਤੀ ਵੱਲ ਹੱਸਦਾ,
ਜ਼ਰਾ ਨਾ ਖੱਸਦਾ ।
ਹਾਸ਼ਮ ਕੰਮ ਨਹੀਂ ਹਰ ਕਸ ਦਾ, ਆਸ਼ਕ ਹੋਣ ਦਰਸ ਦਾ,
ਬਿਰਹੋਂ ਰਸ ਦਾ ।
ਹਾਸ਼ਮ ਸ਼ਾਹ ਨੇ ਜਿਥੇ ਕਿੱਸਾ ਕਾਵਿ-ਧਾਰਾ ਵਿੱਚ ਵੱਖਰੀ ਪਹਿਚਾਣ ਬਣਾਈ ਉੱਥੇ ਹੀ ਸੂਫ਼ੀ ਕਾਵਿ ਰਾਹੀਂ ਵੀ ਦੋਹੜੇ, ਸੀਹਰਫ਼ੀਆਂ, ਡਿਓਢਾਂ ਆਦਿ ਰਾਹੀਂ ਆਪਣੀ ਕਲਮ ਨੂੰ ਸੂਫ਼ੀ-ਕਾਵਿ ਦਾ ਹਾਣੀ ਬਣਾਇਆ| ਸੂਫ਼ੀ ਤੇ ਕਿੱਸਾ-ਕਾਵਿ ਧਾਰਾ ਦਾ ਸਾਂਝਾ ਕਵੀ ਹਾਸ਼ਮ ਸ਼ਾਹ 19ਵੀਂ ਸਦੀ ’ਚ ਇਸ ਜਹਾਨੋਂ ਸਦਾ ਲਈ ਰੁਖ਼ਸਤ ਹੋ ਗਿਆ।
-ਹਰਮਨਪ੍ਰੀਤ ਸਿੰਘ
98550-10005