ਅੰਮ੍ਰਿਤਾ ਪ੍ਰੀਤਮਾ ਦਾ ਜਨਮ 31 ਅਗਸਤ 1919 ਨੂੰ ਮਾਤਾ ਰਾਜ ਕੌਰ ਅਤੇ ਪਿਤਾ ਕਰਤਾਰ ਸਿੰਘ ਹਿਤਕਾਰੀ ਦੇ ਘਰ ਗੁਜਰਾਂਵਾਲਾ (ਪਾਕਿਸਤਾਨ) 'ਚ ਹੋਇਆ। ਜਦੋਂ ਅੰਮ੍ਰਿਤਾ ਪ੍ਰੀਤਮ 11 ਸਾਲ ਦੀ ਹੋਈ ਤਾਂ ਉਨ੍ਹਾਂ ਦੀ ਮਾਤਾ ਰਾਜ ਕੌਰ ਸਵਰਵਾਸ ਹੋ ਗਈ।
ਉਨ੍ਹਾਂ ਸਮਿਆਂ ਵਿਚ ਤਾਂ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਘਰਦੀ ਚਾਰਦੀਵਾਰੀ ਅੰਦਰ ਰੱਖਿਆ ਜਾਂਦਾ, ਪੜ੍ਹਾਇਆ ਵੀ ਨਹੀਂ ਜਾਂਦਾ ਸੀ। ਪਹਿਲਾਂ ਮਾਪਿਆਂ ਦੀ ਤੇ ਫਿਰ ਸਹੁਰਿਆਂ ਦੀ ਗ਼ੁਲਾਮ ਬਣਾਇਆ ਜਾਂਦਾ ਸੀ। ਇਕ ਸਮਾਂ ਉਹ ਵੀ ਸੀ ਜਦੋਂ ਔਰਤ ਨੂੰ ਪਤੀ ਦੇ ਸਿਵੇ ਵਿਚ ਜਿਉਂਦੀ ਨੂੰ ਮਚਾਇਆ ਜਾਂਦਾ ਸੀ। ਪਰ ਅੱਜ ਔਰਤ ਭਾਵੇਂ ਮਰਦਾਂ ਨਾਲੋਂ ਕਿਸੇ ਵੀ ਗੱਲੋਂ ਪਿੱਛੇ ਨਹੀਂ ਰਹੀ। ਜਿਨ੍ਹਾਂ ਔਰਤਾਂ ਨੇ ਪ੍ਰਸਿੱਧੀ ਖੱਟੀ ਹੈ, ਉਨ੍ਹਾਂ ਵਿਚ ਸਰੋਜਨੀ ਨਾਇਡੋ, ਲਕਸ਼ਮੀ ਬਾਈ ਝਾਂਸੀ ਦੀ ਰਾਣੀ, ਕਿਰਨ ਬੇਦੀ, ਇੰਦਰਾ ਗਾਂਧੀ, ਅੰਮ੍ਰਿਤਾ ਪ੍ਰੀਤਮ, ਕਲਪਨਾ ਚਾਵਲਾ ਆਦਿ ਜਿਨ੍ਹਾਂ ਨੇ ਦੇਸ਼ ਦਾ ਨਾਂ ਉੱਚਾ ਕੀਤਾ ਹੈ। ਉਨ੍ਹਾਂ ਵਿਚ ਇਕ ਨਾਂ ਹੈ ਜਿਸ ਨੇ ਸਾਹਿਤਕ ਖੇਤਰ ਵਿਚ ਪ੍ਰਸਿੱਧੀ ਖੱਟੀ ਹੈ। ਉਹ ਨਾਂ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ, ਉਹ ਹੈ ਪੰਜਾਬੀ ਦੀ ਪ੍ਰਸਿੱਧ ਕਵਿਤਰੀ ਅੰਮ੍ਰਿਤਾ ਪ੍ਰੀਤਮ।
ਅੰਮ੍ਰਿਤਾ ਪ੍ਰੀਤਮਾ ਦਾ ਜਨਮ 31 ਅਗਸਤ 1919 ਨੂੰ ਮਾਤਾ ਰਾਜ ਕੌਰ ਅਤੇ ਪਿਤਾ ਕਰਤਾਰ ਸਿੰਘ ਹਿਤਕਾਰੀ ਦੇ ਘਰ ਗੁਜਰਾਂਵਾਲਾ (ਪਾਕਿਸਤਾਨ) 'ਚ ਹੋਇਆ। ਜਦੋਂ ਅੰਮ੍ਰਿਤਾ ਪ੍ਰੀਤਮ 11 ਸਾਲ ਦੀ ਹੋਈ ਤਾਂ ਉਨ੍ਹਾਂ ਦੀ ਮਾਤਾ ਰਾਜ ਕੌਰ ਸਵਰਵਾਸ ਹੋ ਗਈ। ਚੁੱਲ੍ਹੇ-ਚੌਂਕੇ ਦਾ ਕੰਮ ਅੰਮ੍ਰਿਤਾ ਪ੍ਰੀਤਮ 'ਤੇ ਆ ਪਿਆ ਪਰ 16 ਸਾਲ ਦੀ ਬਾਲੜੀ ਦਾ ਵਿਆਹ ਇਨ੍ਹਾਂ ਦੇ ਪਿਤਾ ਕਰਤਾਰ ਸਿੰਘ ਹਿਤਕਾਰੀ ਨੇ 1936 ਵਿਚ ਪ੍ਰੀਤਮ ਸਿੰਘ ਕਵਾਤੜਾ ਨਾਲ ਕਰ ਦਿੱਤਾ ਗਿਆ। ਉਹ ਦੋ ਬੱਚਿਆਂ ਦੀ ਮਾਂ ਬਣੀ ਪੁੱਤਰ ਨਵਰਾਜ ਅਤੇ ਧੀ ਕੰਦਲਾ। ਅੰਮ੍ਰਿਤਾ ਪ੍ਰੀਤਮ ਨੇ ਅੱਠਵੀਂ 1932 ਵਿਚ ਅਤੇ ਗਿਆਨੀ 1933 ਵਿਚ ਪਾਸ ਕੀਤੀ। ਲਾਹੌਰ ਯੂਨੀਵਰਸਿਟੀ ਤੋਂ ਦਸਵੀਂ ਪਾਸ ਕੀਤੀ। ਅੰਮ੍ਰਿਤਾ ਪ੍ਰੀਤਮ ਕਈ ਭਾਸ਼ਾਵਾਂ ਦੀ ਜਾਣੂ ਸੀ।
ਅੰਮ੍ਰਿਤਾ ਪ੍ਰੀਤਮ ਦਾ ਪ੍ਰੀਤਮ ਕਵਾਤੜ ਨਾਲੋਂ ਰਿਸ਼ਤਾ ਟੁੱਟ ਗਿਆ। ਇਹ ਵੀ ਕਿਹਾ ਜਾਂਦਾ ਕਿ ਅੰਮ੍ਰਿਤਾ ਪ੍ਰੀਤਮ ਦਾ ਨਾਂ ਪਹਿਲਾਂ ਅੰਮ੍ਰਿਤਾ ਸੀ ਪ੍ਰੀਤਮ ਤਾਂ ਉਸਨੇ ਆਪਣੇ ਪਤੀ ਪ੍ਰੀਤਮ ਸਿੰਘ ਕਵਾਤੜ ਦਾ ਨਾਂ ਨਾਲ ਜੋੜਿਆ ਸੀ, ਫਿਰ ਬਣੀ ਸੀ ਅੰਮ੍ਰਿਤਾ ਤੋਂ ਅੰਮ੍ਰਿਤਾ ਪ੍ਰੀਤਮ। ਇਸ ਗੱਲ ਤੋਂ ਇਹ ਵੀ ਗੱਲ ਸਾਬਤ ਹੁੰਦੀ ਹੈ ਕਿ ਲੇਖਿਕਾ ਨੇ ਰਿਸ਼ਤਾ ਟੁੱਟਣ ਤੋਂ ਬਾਅਦ ਵੀ ਅੰਮ੍ਰਿਤਾ ਨਹੀਂ ਅੰਮ੍ਰਿਤਾ ਪ੍ਰੀਤਮ ਹੀ ਧਰੀ ਰੱਖਿਆ ਪਰ ਅਖੀਰਲੇ 40 ਸਾਲ ਉਸਨੇ ਖ਼ੁਸ਼ਹਾਲ ਜ਼ਿੰਦਗੀ ਜਿਉਂਦਿਆਂ ਚਿੱਤਰਕਾਰ ਇਮਰੋਜ ਨਾਲ ਲੰਘਾਏ।
ਅੰਮ੍ਰਿਤਾ ਪ੍ਰੀਤਮ ਨੂੰ ਜਿੱਥੇ ਬਚਪਨ ਵਿਚ ਵੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਉੱਥੇ ਜਵਾਨੀ ਪਹਿਰੇ ਵੀ ਦੁੱਖਾਂ ਦੇ ਝੱਖੜ ਟੁੱਟ ਪਏ, ਘਰੋਂ ਬੇ-ਘਰ ਹੋ ਗਏ। ਦੇਸ਼ ਦੀ ਵੰਡ ਸਮੇਂ ਉਸਨੂੰ ਵਾਰਿਸ਼ ਸ਼ਾਹ ਯਾਦ ਆਇਆ। ਉਸ ਸਮੇਂ ਅੰਮ੍ਰਿਤਾ ਪ੍ਰੀਤਮ ਨੇ ਇਹ ਨਜ਼ਮ ਰਚੀ :
ਅੱਜ ਆਖਾਂ ਵਾਰਿਸ਼ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ,
ਅਤੇ ਕਿਤਾਬ-ਏ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ,
ਇਕ ਰੋਈ ਸੀ ਦੀ ਪੰਜਾਬ ਦੀ, ਤੂੰ ਲਿਖ-ਲਿਖ ਮਾਰੇ ਵੈਣ,
ਉਠ ਦਰਦ ਮੰਦਾਂ ਦਿਆਂ ਦਰਦੀਆ, ਉਠ ਤੱਕ ਆਪਣਾ ਪੰਜਾਬ,
ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ।
ਅੰਮ੍ਰਿਤਾ ਪ੍ਰੀਤਮ ਦੀ ਇਹ ਨਜ਼ਮ ਨੇ ਸੰਸਾਰ ਪ੍ਰਸਿੱਧੀ ਖੱਟੀ।
1947 ਦੇ ਦੁਖਾਂਤ ਨੇ ਉਨ੍ਹਾਂ ਨੂੰ ਲਾਹੌਰ ਤੋਂ ਦੇਹਰਾਦੂਨ, ਦੇਹਰਾਦੂਨ ਤੋਂ ਦਿੱਲੀ ਲਿਆ ਵਸਾਇਆ। ਕਵਿਤਾ ਲਿਖਣ ਦਾ ਵਲ ਕਵਿਤਰੀ ਨੇ ਆਪਣੇ ਪਿਤਾ ਜੀ ਤੋਂ ਹੀ ਲਿਆ ਸੀ।
16 ਸਾਲ ਦੀ ਉਮਰ 'ਚ ਉਸਦੀ ਪਹਿਲੀ ਕਿਤਾਬ 'ਠੰਡੀਆਂ ਕਿਰਨਾਂ' (ਕਾਵਿ-ਸੰਗ੍ਰਹਿ) ਪ੍ਰਕਾਸ਼ਿਤ ਹੋਈ ਸੀ। 'ਸੁਨੇਹੜੇ', 'ਕਸਤੂਰੀ', 'ਕਾਗਜ਼ ਤੇ ਕੈਨਵਸ', 'ਅਚੋਕ ਚੇਤੀ', 'ਸੰਝ ਦੀ ਲਾਲੀ', 'ਓ ਗੀਤਾਂ ਵਾਲਿਓ', 'ਅੰਮ੍ਰਿਤ ਲਹਿਰਾਂ', 'ਠੰਡੀਆਂ ਕਿਰਨਾਂ', 'ਜਿਉਂਦਾ ਜੀਵਨ', 'ਲੋਕ ਪੀੜਾ', 'ਤ੍ਰੇਲ ਧੋਤੇ ਫੁੱਲ', 'ਪੱਥਰ ਗੀਟੇ', 'ਲੰਬੀਆਂ ਵਾਟਾਂ' ਅਤੇ 'ਸਰਘੀ ਵੇਲਾ', 'ਬੱਦਲਾਂ ਦੇ ਪੱਲੇ ਵਿੱਚ', 'ਪਿੰਜਰ', 'ਆਲ੍ਹਣਾ', 'ਡਾਕਟਰ ਦੇਵ', 'ਨਿੱਕੀ ਜਿਹੀ ਸੁਗਾਤ', 'ਮੈਂ ਤਵਾਰੀਖ ਹਾਂ' (ਹਿੰਦੀ ਵਿਚ), 'ਮੋਤੀ ਚੋਣਵੀਂ ਕਵਿਤਾ', 'ਛੇ ਰੁੱਤਾਂ' ਆਦਿ।
'ਅੱਸੂ', 'ਇੱਕ ਸਵਾਲ', 'ਬਲਾਵਾਂ', 'ਬੰਦ ਦਰਵਾਜ਼ਾ', 'ਰੰਗ ਦਾ ਪੱਤਾ', 'ਧੁੱਪ ਦੀ ਕਾਤਰ', 'ਉਨਿੰਜਾ ਦਿਨ', 'ਨਾ ਰਾਧਾ ਨਾ ਰੁਕਮਣੀ', 'ਲਾਲ ਧਾਗੇ ਦਾ ਰਿਸ਼ਤਾ', 'ਤੀਸਰੀ ਔਰਤ', 'ਕੱਚੇ ਅੱਖਰ', 'ਮੁਹੱਬਤ : ਇਕ ਦ੍ਰਿਸ਼ਟੀਕੋਣ', 'ਕਿਹੜੀ ਜ਼ਿੰਦਗੀ? ਕਿਹੜਾ ਸਾਹਿਤ?', 'ਆਸ਼ਕ ਭੌਰ ਫ਼ਕੀਰ ਤੇ ਨਾਗ ਕਾਲੇ', 'ਸ਼ੌਕ ਸੁਰਾਹੀ', '141 ਕਵਿਤਾਵਾਂ', 'ਮੈਂ ਜਮ੍ਹਾ ਤੂੰ', 'ਇਕ ਸ਼ਹਿਰ ਦੀ ਮੌਤ', 'ਕੋਰੇ ਕਾਗਜ਼', 'ਅੰਮ੍ਰਿਤਾ ਦੀ ਡਾਇਰੀ', 'ਸੂਰਜਵੰਸ਼ੀ ਚੰਦ੍ਰਵੰਸ਼ੀ', 'ਮੇਰੇ ਕਾਲ-ਮੁਕਤ ਸਮਕਾਲੀ', 'ਔਰਤ: ਇਕ ਦ੍ਰਿਸ਼ਟੀਕੋਟਣ', 'ਮੈਂ ਸੱਸੀ ਮੈਂ ਸਾਹਿਬਾਂ', 'ਚੇਤਰਨਾਮਾ', 'ਦਿੱਲੀ ਦੀਆਂ ਗਲੀਆਂ', ਸਿੱਪੀਆਂ', 'ਚੈੱਕ ਨੰਬਰ ਛੱਤੀ', 'ਧਰਤੀ ਸਾਗਰ' ਅਤੇ 'ਇਕ ਸੀ ਅਨੀਤਾ' ਆਦਿ ਨਾਵਲ ਹਨ। 'ਰਸੀਦੀ ਟਿਕਟ' ਉਨ੍ਹਾਂ ਦੀ ਸਵੈ-ਜੀਵਨੀ ਹੈ। ਅੰਮ੍ਰਿਤਾ ਪ੍ਰੀਤਮ ਦਾ 'ਨਾਗਮਣੀ' ਮਹੀਨਾਵਾਰ ਮੈਗਜ਼ੀਨ ਬਹੁਤ ਲੰਬਾ ਸਮਾਂ ਚੱਲਦਾ ਰਿਹਾ। 'ਜੰਗਲੀ ਬੂਟੀ', 'ਗੋਜਰ ਦੀਆਂ ਪਰੀਆਂ', 'ਚਾਨਣ ਦਾ ਹਾਉਂਕਾ', 'ਆਖ਼ਰੀ ਖ਼ਤ', 'ਕੁੰਜੀਆਂ', 'ਛੱਤੀ ਵਰ੍ਹੇ ਬਾਅਦ', 'ਬਾਰੀਆਂ ਝਰੋਖੇ ਜੋ' (ਸਫ਼ਰਨਾਮਾ) ਆਦਿ ਕਿਤਾਬਾਂ ਹਨ।
ਅੰਮ੍ਰਿਤਾ ਪ੍ਰੀਤਮ ਨੇ 1947 ਤਕ ਲਾਹੌਰ ਰੇਡੀਓ ਲਈ ਬਹੁਤ ਕੁਝ ਲਿਖਿਆ ਅਤੇ ਫਿਰ 1961 ਤਕ ਆਲ ਇੰਡੀਆ ਰੇਡੀਓ ਦਿੱਲੀ ਵਿਖੇ ਖੂਬ ਕੰਮ ਕੀਤਾ, ਅਨਾਊਂਸਰ ਅਤੇ ਪੱਟਕਥਾ ਸੇਵਾ ਨਿਭਾਈ। ਅੰਮ੍ਰਿਤਾ ਪ੍ਰੀਤਮ ਦੀ ਕਿਤਾਬ 'ਡਾਕੂ' 'ਤੇ ਵਾਸੂ ਭੱਟਾਚਾਰੀਆ ਨੇ ਫਿਲਮ ਬਣਾਈ ਅਤੇ ਉਸਦੇ ਪ੍ਰਸਿੱਧ ਨਾਵਲ 'ਪਿੰਜਰ' 'ਤੇ ਵੀ ਫਿਲਮ ਬਣੀ। ਲੇਖਿਕਾ ਨੂੰ ਵਿਸ਼ਵ ਭਾਰਤੀ ਯੂਨੀਵਰਸਿਟੀ ਦੁਆਰਾ ਡੀ ਲਿੱਟ ਦੀਆਂ ਡਿਗਰੀਆਂ ਜੱਬਲਪੁਰ ਤੇ ਦਿੱਲੀ ਵਿਚ ਸਨਮਾਨਿਆ ਗਿਆ। ਕਵੀਤਰੀ ਸਭ ਤੋਂ ਵੱਧ ਸਨਮਾਨਿਤ ਇਸਤਰੀ ਪੰਜਾਬੀ ਲੇਖਿਕਾ ਹੈ।
ਪੁਰਸਕਾਰ
ਅੰਮ੍ਰਿਤਾ ਪ੍ਰੀਤਮ ਨੂੰ ਸਾਹਿਤ ਅਕਾਦਮੀ ਪੁਰਸਕਾਰ, ਸਾਹਿਤ ਕਲਾ ਪ੍ਰੀਸ਼ਦ ਦਿੱਲੀ ਵੱਲੋਂ ਸਨਮਾਨ, ਭਾਸ਼ਾ ਵਿਭਾਗ ਪੰਜਾਬ ਵੱਲੋਂ ਸਨਮਾਨ, ਕੋਕਣ ਸਾਹਿਤ ਸੰਮੇਲਨ ਵਿਚ ਇਨਾਮ, ਗਿਆਨ ਪੀਠ ਐਵਾਰਡ ਅਤੇ ਅਣਗਿਣਤ ਕਲੱਬਾਂ, ਸਾਹਿਤ ਸਭਾਵਾਂ ਵੱਲੋਂ ਪੁਰਸਕਾਰ ਮਿਲੇ। ਅੰਮ੍ਰਿਤਾ ਪ੍ਰੀਤਮ ਨੇ ਰੁਮਾਨੀਆ, ਬੁਲਗਾਰੀਆ, ਹੰਗਰੀ, ਰੂਸ, ਵੀਅਤਨਾਮ ਅਤੇ ਯਗਸਲਾਵੀਆ ਆਦਿ ਦੇਸ਼ਾਂ ਦੀ ਸੈਰ ਵੀ ਕੀਤੀ। ਉਸਦੀਆਂ ਰਚਨਾਵਾਂ ਅਨੇਕਾਂ ਭਸ਼ਾਵਾਂ ਵਿਚ ਅਨੁਵਾਦ ਹੋ ਚੁੱਕੀਆਂ ਹਨ।
ਸ਼ੋਸ਼ਣ ਵਿਰੁੱਧ ਬੁਲੰਦ ਆਵਾਜ਼
ਸਰਮਾਏਦਾਰੀ ਸ਼ੋਸ਼ਣ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੀ, ਪੰਜਾਬੀ ਮਾਂ ਬੋਲੀ ਦੀ ਲਾਡਲੀ ਧੀ ਅੰਮ੍ਰਿਤਾ ਪ੍ਰੀਤਮ ਸਾਡੇ ਕੋਲੋਂ 31 ਅਕਤੂਬਰ 2005 ਨੂੰ 86 ਸਾਲ ਦੀ ਉਮਰ ਭੋਗ ਕੇ ਸਦਾ ਲਈ ਵਿਛੜ ਗਏ। ਉਨ੍ਹਾਂ ਨੇ ਪੰਜਾਬੀ ਸਾਹਿਤ ਜਗਤ ਵਿਚ ਵਿਲੱਖਣ ਪੈੜ੍ਹਾਂ ਪਾ ਕੇ ਮਾਂ ਬੋਲੀ ਦਾ ਨਾਂ ਉੱਚਾ ਕੀਤਾ।
ਅੰਮ੍ਰਿਤਾ ਪ੍ਰੀਤਮ ਦੀ ਕਿਤਾਬ 'ਡਾਕੂ' 'ਤੇ ਵਾਸੂ ਭੱਟਾਚਾਰੀਆ ਨੇ ਫਿਲਮ ਬਣਾਈ ਅਤੇ ਉਸਦੇ ਪ੍ਰਸਿੱਧ ਨਾਵਲ 'ਪਿੰਜਰ' 'ਤੇ ਵੀ ਫਿਲਮ ਬਣੀ। ਉਹ ਪੰਜਾਬੀ ਦੀ ਸਭ ਤੋਂ ਸਨਮਾਨਿਤ ਲੇਖਿਕਾ ਹੈ...
- ਦਰਸ਼ਨ ਸਿੰਘ ਪ੍ਰੀਤੀਮਾਨ
98786-06962