ਕੱਚੇ ਮਾਲ ਦੇ ਤੌਰ ’ਤੇ ਘਰ ਦਾ ਬੰਦਾ ਚੀਕਣੀ ਮਿੱਟੀ ਤੂੜੀ ਨੂੰ ਮਿਲਾ ਕੇ ਸੁਆਣੀਆਂ ਸਪੁਰਦ ਕਰਦਾ ਸੀ। ਇਹ ਜਿੰਮਾ ਘਰ ਦੇ ਬੰਦੇ ਦੇ ਜ਼ਿੰਮੇ ਹੁੰਦਾ ਸੀ। ਭਾਵੇਂ ਬੰਦਾ ਵੀ ਇਸ ਵਿਚ ਹੱਥ ਵਟਾਉਂਦਾ ਸੀ। ਇਹੀ ਨਹੀਂ ਸੁਆਣੀ ਵੀ ਹਰ ਕੰਮ ਵਿਚ ਮਿਹਨਤ ਅਤੇ ਬਰਾਬਰ ਦਾ ਸਾਥ ਦੇ ਕੇ ਕਬੀਲਦਾਰੀ ਦੇ ਪੰਧ ਨੂੰ ਅੱਗੇ ਤੋਰਦੀ ਸੀ। ਭੜੋਲੇ ਤੋਂ ਇਲਾਵਾ ਹੋਰ ਦਸਤਕਾਰੀ ਦੇ ਕੰਮ ਵੀ ਘਰ ਦੀ ਸੁਆਣੀ ਦੇ ਹਿੱਸੇ ਆਉਂਦੇ ਹਨ।

ਸਮੇਂ ਦੇ ਹਾਣੀ ਬਣਨ ਲਈ ਤੌਰ-ਤਰੀਕੇ ਬਦਲਦੇ ਰਹਿੰਦੇ ਹਨ। ਗੁਰਬਤ ਦੇ ਝੰਬੇ ਪਿੰਡਾਂ ਦੇ ਜੀਵਨ ਵਿਚ ਇਨ੍ਹਾਂ ਦਾ ਖ਼ਾਸ ਮਹੱਤਵ ਅਤੇ ਰੁਤਬਾ ਹੁੰਦਾ ਹੈ। ਸੁਆਣੀ ਸੁਵੱਖਤੇ ਤੋਂ ਆਥਣ ਤੱਕ ਗੁਰਬਤ ਅਤੇ ਮੁਸ਼ੱਕਤ ਨਾਲ ਜੂਝਦੀ ਹੋਈ ਪੂਰਵਜਾਂ ਦੇ ਪੂਰਨਿਆਂ ’ਤੇ ਕੰਮ ਕਰਦੀ ਰਹਿੰਦੀ ਹੈ। ਪਿੰਡਾਂ ਦੀਆਂ ਸੁਆਣੀਆਂ ਵਿਚ ਹੱਥ ਕਲਾ ਬਹੁਤ ਹੁੰਦੀ ਹੈ। ਇਹ ਇਸ ਨੂੰ ਬਾਖ਼ੂਬੀ ਨਿਭਾਉਣ ਵਿਚ ਸਮਰੱਥ ਹੁੰਦੀਆਂ ਹਨ। ਸੁਆਣੀ ਦੇ ਤਰੀਕੇ ਅਤੇ ਬਦਲਵੇਂ ਕੰਮ ‘ਲੋੜ ਕਾਂਢ ਦੀ ਮਾਂ’ ਵਿੱਚੋਂ ਉਪਜੇ ਸਨ। ਇਸ ਪ੍ਰਸੰਗ ਵਿਚ ਆਉਂਦਾ ਹੈ ਭੜੋਲਾ ਬਣਾਉਣਾ। ਇਹ ਪਿੰਡਾਂ ਦੀਆਂ ਔਰਤਾਂ ਦੀ ਦਸਤਕਾਰੀ ਦਾ ਮੁਜੱਸਮਾ ਰਿਹਾ। ਛਿਮਾਹੀ ਦੀ ਮਿਹਨਤ ਨਾਲ ਭੜੋਲਾ ਬਣਾਇਆ ਜਾਂਦਾ ਸੀ, ਸਿਰਫ਼ ਫ਼ਸਲ ਸਾਂਭਣ ਲਈ। ਇਹ ਭੜੋਲਾ ਚੀਕਣੀ ਮਿੱਟੀ ਅਤੇ ਤੂੜੀ ਦੀ ਘਾਣੀ ਕਰ ਕੇ ਸੁਆਣੀਆਂ ਇਸ ਨੂੰ ਹੋਲੀ-ਹੋਲੀ ਭੜੋਲੇ ਵਿਚ ਬਦਲ ਦਿੰਦੀਆਂ ਸਨ। ਇਹ ਇਸ ਦੀ ਮੁਹਾਰਤ ਰੱਖਦੀਆਂ ਸਨ। ਥੱਲੇ ਲੋੜ ਅਨੁਸਾਰ ਤਲਾ ਬਣਾ ਕੇ ਉਸ ਉੱਪਰ ਹਰ ਰੋਜ਼ ਸਹਿੰਦੇ ਸਹਿੰਦੇ ਮਿੱਟੀ ਦੇ ਬਾਰ ਉਸਾਰੇ ਜਾਂਦੇ ਸਨ। ਚਾਰ ਪੰਜ ਫੁੱਟ ’ਤੇ ਜਾ ਕੇ ਉਸ ਨੂੰ ਉਪਰ ਢੱਕ ਦਿੱਤਾ ਜਾਂਦਾ ਸੀ। ਉਸ ਉੱਪਰ ਵਾਲਾ ਤਲਾ ਜਿਸ ਵਿਚ ਵੱਡਾ ਸੁਰਾਖ਼ ਦਾਣੇ ਪਾਉਣ ਅਤੇ ਕੱਢਣ ਲਈ ਹੁੰਦਾ ਸੀ। ਭੜੋਲੇ ਦੇ ਥੱਲੇ ਇਕ ਸਾਈਡ ’ਤੇ ਦਾਣੇ ਕੱਢਣ ਲਈ ਵੀ ਜਗ੍ਹਾ ਰੱਖੀ ਜਾਂਦੀ ਸੀ। ਕੱਚੇ ਮਾਲ ਦੇ ਤੌਰ ’ਤੇ ਘਰ ਦਾ ਬੰਦਾ ਚੀਕਣੀ ਮਿੱਟੀ ਤੂੜੀ ਨੂੰ ਮਿਲਾ ਕੇ ਸੁਆਣੀਆਂ ਸਪੁਰਦ ਕਰਦਾ ਸੀ। ਇਹ ਜਿੰਮਾ ਘਰ ਦੇ ਬੰਦੇ ਦੇ ਜ਼ਿੰਮੇ ਹੁੰਦਾ ਸੀ। ਭਾਵੇਂ ਬੰਦਾ ਵੀ ਇਸ ਵਿਚ ਹੱਥ ਵਟਾਉਂਦਾ ਸੀ। ਇਹੀ ਨਹੀਂ ਸੁਆਣੀ ਵੀ ਹਰ ਕੰਮ ਵਿਚ ਮਿਹਨਤ ਅਤੇ ਬਰਾਬਰ ਦਾ ਸਾਥ ਦੇ ਕੇ ਕਬੀਲਦਾਰੀ ਦੇ ਪੰਧ ਨੂੰ ਅੱਗੇ ਤੋਰਦੀ ਸੀ।
ਭੜੋਲੇ ਤੋਂ ਇਲਾਵਾ ਹੋਰ ਦਸਤਕਾਰੀ ਦੇ ਕੰਮ ਵੀ ਘਰ ਦੀ ਸੁਆਣੀ ਦੇ ਹਿੱਸੇ ਆਉਂਦੇ ਹਨ। ਭੜੋਲਾ ਮੋਟਾ ਹੁੰਦਾ ਹੈ ਇਸ ਲਈ ਜੇ ਕੋਈ ਰੁਸ ਜਾਵੇ ਤਾਂ ਕਿਹਾ ਵੀ ਜਾਂਦਾ ਹੈ ਕਿ ਤੂੰ ਭੜੋਲੇ ਵਰਗਾ ਮੂੰਹ ਬਣਾਇਆ ਹੋਇਆ ਹੈ। ਹਰ ਛਿਮਾਹੀ ਤਰ੍ਹਾਂ-ਤਰ੍ਹਾਂ ਦੇ ਬਣਾਏ ਭੜੋਲਿਆਂ ਵਿਚ ਕਣਕ, ਸਰੋਂ, ਛੋਲੇ ਅਤੇ ਹੋਂਰ ਖਾਧ-ਪਦਾਰਥ ਪਾਏ ਜਾਂਦੇ ਸਨ ਜੋ ਛਿਮਾਹੀ ਤੱਕ ਸੁਰੱਖਿਅਤ ਰਹਿੰਦੇ ਸਨ। ਅੱਜ ਇਨ੍ਹਾਂ ਦੇ ਬਦਲ ਲੋਹੇ ਦੇ ਢੋਲ ਆ ਗਏ ਹਨ। ਪੰਜਾਬੀ ਸੱਭਿਆਚਾਰ ਵਿਚ ਜਦੋਂ ਮੁਟਿਆਰ ਨੂੰ ਭਾਰੇ ਵਿਅਕਤੀ ਨਾਲ ਵਿਆਹਿਆ ਜਾਂਦਾ ਤਾਂ ਇਹ ਵੰਨਗੀ ਆਉਂਦੀ :
ਬਾਪੂ ਤੇ ਚਾਚਾ ਵਿਉਂਤ ਬਣਾਵਣ,
ਫੁੱਫੜ ਬਣ ਗਿਆ ਵਿਚੋਲਾ,
60 ਸਾਲ ਦਾ ਬੁੜਾ ਸਹੇੜਿਆ,
ਮੈਂ ਸੀ ਪਿੰਡ ਦਾ ਪਟੋਲਾ,
ਕੀ ਰੁੜ ਜਾਣੀ ਦਾ
ਛੜਿਆਂ ਦਾ ਭੜੋਲਾ...
ਨਾਨਕੇ ਮੇਲ ਦੀ ਸਿੱਠਣੀ ਵਿਚ ਵੀ ਭੜੋਲੇ ਦਾ ਜ਼ਿਕਰ ਮਿਲਦਾ ਹੈ :
ਇੰਨਾ ਚਾਅ ਲੱਡੂਆਂ ਦਾ
ਮਾਮੀ ਖਾ-ਖਾ ਹੋਈ ਭੜੋਲਾ...
ਇਸ ਤੋਂ ਸਪੱਸ਼ਟ ਹੈ ਭੜੋਲਾ ਪੇਂਡੂ ਜੀਵਨ, ਸੱਭਿਆਚਾਰ ਤੇ ਸਮਾਜਿਕ ਤੌਰ ’ਤੇ ਛਾਪ ਛੱਡਦਾ ਰਿਹਾ ਹੈ। ਪਿੰਡਾਂ ਦੀਆਂ ਸੁਆਣਿਆਂ ਦੀ ਦਸਤਕਾਰੀ ਦੀ ਗਵਾਹੀ ਭਰਦਾ ਭੜੋਲਾ ਯਥਾਰਥ ਵਿੱਚੋਂ ਗਾਇਬ ਹੈ ਪਰ ਸਾਹਿਤ ਤੇ ਸੱਭਿਆਚਾਰਕ ਵਿਚ ਪੇਂਡੂ ਜੀਵਨ ਦੀ ਤਰਜ਼ਮਾਨੀ ਕਰਦਾ ਰਹੇਗਾ।
-ਸੁਖਪਾਲ ਸਿੰਘ ਗਿੱਲ
98781-11445