ਪੰਜਾਬੀ ਸਾਹਿਤ ਜਗਤ ਵਿਚ ਅਜਿਹੇ ਲੇਖਕਾਂ ਦੀ ਗਿਣਤੀ ਬਹੁਤ ਥੋੜ੍ਹੀ ਹੈ ਜਿਨ੍ਹਾਂ ਨੂੰ ਉਨ੍ਹਾਂ ਦੀਆਂ ਰਚਨਾਵਾਂ ਕਰਕੇ ਯਾਦ ਕੀਤਾ ਜਾਂਦਾ ਹੈ। ਅਜਿਹੇ ਲੇਖਕਾਂ ਵਿਚ ਗੁਰਦੇਵ ਸਿੰਘ ਰੁਪਾਣਾ ਦਾ ਨਾਂ ਮੂਹਰਲੀ ਕਤਾਰ ਦੇ ਲੇਖਕਾਂ ਵਿਚ ਸ਼ਾਮਲ ਹੈ। ਸ਼ਾਹਕਾਰ ਰਚਨਾਵਾਂ ਦਾ ਨਾਂ ਲੈਂਦਿਆਂ, ਆਪ ਮੁਹਾਰੇ ਹੀ ਉਨ੍ਹਾਂ ਦਾ ਨਾਂ ਜ਼ਬਾਨ ’ਤੇ ਆ ਜਾਂਦਾ ਹੈ।

ਪੰਜਾਬੀ ਸਾਹਿਤ ਜਗਤ ਵਿਚ ਅਜਿਹੇ ਲੇਖਕਾਂ ਦੀ ਗਿਣਤੀ ਬਹੁਤ ਥੋੜ੍ਹੀ ਹੈ ਜਿਨ੍ਹਾਂ ਨੂੰ ਉਨ੍ਹਾਂ ਦੀਆਂ ਰਚਨਾਵਾਂ ਕਰਕੇ ਯਾਦ ਕੀਤਾ ਜਾਂਦਾ ਹੈ। ਅਜਿਹੇ ਲੇਖਕਾਂ ਵਿਚ ਗੁਰਦੇਵ ਸਿੰਘ ਰੁਪਾਣਾ ਦਾ ਨਾਂ ਮੂਹਰਲੀ ਕਤਾਰ ਦੇ ਲੇਖਕਾਂ ਵਿਚ ਸ਼ਾਮਲ ਹੈ। ਸ਼ਾਹਕਾਰ ਰਚਨਾਵਾਂ ਦਾ ਨਾਂ ਲੈਂਦਿਆਂ, ਆਪ ਮੁਹਾਰੇ ਹੀ ਉਨ੍ਹਾਂ ਦਾ ਨਾਂ ਜ਼ਬਾਨ ’ਤੇ ਆ ਜਾਂਦਾ ਹੈ।
ਪਿਛਲੇ ਦਿਨੀਂ ਉਹ ਪੰਜਾਬੀ ਪਾਠਕਾਂ ਨੂੰ ਵਿਛੋੜਾ ਦੇ ਗਏ ਹਨ। ਸਾਹਿਤ ਦੇ ਖੇਤਰ ਵਿਚ ਗੁਰਦੇਵ ਸਿੰਘ ਰੁਪਾਣਾ ਦਾ ਨਾਂ ਇਕ ਨਿਵੇਕਲੇ ਗਲਪਕਾਰ ਦੇ ਤੌਰ ’ਤੇ ਲਿਆ ਜਾਂਦਾ ਰਹੇਗਾ। ਪੰਜਾਬ ਵਿਚ ਇਕ ਬੋਲੀ ਮਸ਼ਹੂਰ ਹੈ-- ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ। ਆਪਣੀ ਜ਼ਿੰਦਗੀ ਵਿਚ ਮੜਕ ਨਾਲ ਤੁਰਨ ਵਾਲੇ ਲੇਖਕ ਗੁਰਦੇਵ ਸਿੰਘ ਰੁਪਾਣਾ ਨੇ ਸਾਹਿਤ ਦੇ ਖੇਤਰ ਵਿਚ ਵੀ, ਇਸ ਤੋਰ ਨੂੰ ਬਰਕਰਾਰ ਰੱਖਿਆ।
ਉਹ ਉਨ੍ਹਾਂ ਲੇਖਕਾਂ ਵਿੱਚੋਂ ਸੀ ਜੋ ਲਿਖਣ ਨੂੰ ਹੀ ਆਪਣਾ ਇਸ਼ਟ ਬਣਾ ਲੈਂਦੇ ਹਨ--ਜਿਨ੍ਹਾਂ ਦਾ ਸਾਰਾ ਧਿਆਨ ਆਪਣੀ ਸਿਰਜਣ-ਪ੍ਰਕਿਰਿਆ ਵੱਲ ਹੁੰਦਾ ਹੈ। ਅਜਿਹੇ ਲੇਖਕਾਂ ਦਾ ਜੁਗਾੜਬੰਦੀਆਂ ਵਿਚ ਵਿਸ਼ਵਾਸ ਨਹੀਂ ਹੁੰਦਾ। ਇਸੇ ਕਰਕੇ ਹੀ ਪੰਜਾਬੀ ਦੇ ਅਜਿਹੇ ਕਲਮਕਾਰ, ਆਮ ਕਰ ਕੇ ਇਨਾਮ ਪ੍ਰਾਪਤੀਆਂ ਵਿਚ ਪਛੜ ਜਾਂਦੇ ਹਨ ਜਾਂ ਫਿਰ ਖ਼ਾਲੀ ਝੋਲੀ ਲੈ ਕੇ ਇਸ ਜਹਾਨ ਤੋਂ ਵਿਦਾ ਹੋ ਜਾਂਦੇ ਹਨ। ਰੁਪਾਣਾ ਨੂੰ ਕੁੱਝ ਇਨਾਮ ਭਾਵੇਂ ਪਛੜਕੇ ਹੀ ਮਿਲੇ ਪਰ ਉਸਦੇ ਪਾਠਕਾਂ ਨੇ ਜੋ ਸਨਮਾਨ ਉਸ ਨੂੰ ਦਿੱਤਾ, ਉਹ ਬਹੁਤ ਘੱਟ ਲੇਖਕਾਂ ਦੇ ਹਿੱਸੇ ਆਉਂਦਾ ਹੈ।
ਅੱਜ ਜਦੋਂ ਗੁਰਦੇਵ ਸਿੰਘ ਰੁਪਾਣਾ ਦੇ ਜੀਵਨ ਵੱਲ ਝਾਤੀ ਮਾਰਦੇ ਹਾਂ ਤਾਂ ਉਹ ਪੰਜਾਬੀ ਦੇ ਸਾਹਿਤ-ਜਗਤ ਵਿਚ ਵੱਖਰਾ ਹੀ ਖੜ੍ਹਾ ਨਜ਼ਰ ਆਉਂਦਾ ਹੈ। ਉਹ ਚਾਲੀ ਸਾਲ ਦਿੱਲੀ ਨੌਕਰੀ ਕਰਦਾ ਰਿਹਾ। ਦਿੱਲੀ ਨੂੰ ਅਲਵਿਦਾ ਆਖਣ ਤੋਂ ਬਾਅਦ, ਜਦੋਂ ਉਸਦੇ ਆਪਣੇ ਪਿੰਡ ਪਰਤ ਆਉਣ ਦੀ ਖ਼ਬਰ ਸਾਹਿਤਕ ਹਲਕਿਆਂ ਵਿਚ ਨਸ਼ਰ ਹੋਈ ਸੀ ਤਾਂ ਕਈਆਂ ਨੂੰ ਸੱਚ ਨਹੀਂ ਸੀ ਆਇਆ।
ਕੋਈ ਸਮਾਂ ਸੀ ਜਦੋਂ ਉਹ ਆਪਣੇ ਪਿੰਡੋਂ ਜੇਬ ਵਿਚ ਕਲਮ ਅੜੁੰਗ ਕੇ ਚਾਈਂ-ਚਾਈਂ ਦਿੱਲੀ ਗਿਆ ਸੀ ਪਰ ਜਦੋਂ ਮੁੜਿਆ ਤਾਂ ਉਸਦੇ ਇਕ ਮੋਢੇ ’ਤੇ ਡਾਂਗ ਵੀ ਚੁੱਕੀ ਹੋਈ ਸੀ। ਪਤਾ ਨਹੀਂ ਕਿਉਂ ਦਿੱਲੀ ਉਸਦਾ ਦਿਲ ਨਹੀਂ ਸੀ ਜਿੱਤ ਸਕੀ। ਸ਼ਾਇਦ ਉਹ ਦਿੱਲੀ ਦੀ ਸਾਹਿਤਕ ਰਾਜਨੀਤੀ ਨੂੰ ਸਮਝ ਨਹੀਂ ਸੀ ਸਕਿਆ ਜਾਂ ਇਉਂ ਕਹੀਏ ਕਿ ਉਹ ਸਮਝਣਾ ਚਾਹੁੰਦਾ ਵੀ ਨਹੀਂ ਸੀ। ਉਹ ਜਿਵੇਂ ਦਾ ਸੀ ਉਵੇਂ ਦਾ ਹੀ ਰਹਿਣਾ ਚਾਹੁੰਦਾ ਸੀ। ਉਹਨੂੰ ਲਿਪਾ-ਪੋਚੀ ਨਹੀਂ ਕਰਨੀ ਆਉਂਦੀ ਸੀ। ਕਈ ਸੱਜਣ ਉਸਦੇ ਇਸ ਮਲਵਈਪੁਣੇ ਨੂੰ ‘ਅੜਬਪੁਣਾ’ ਵੀ ਆਖ ਦਿੰਦੇ ਸਨ।
ਗੁਰਦੇਵ ਸਿੰਘ ਰੁਪਾਣਾ ਦਾ ਜਨਮ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਪਿੰਡ ਰੁਪਾਣਾ ਵਿਖੇ 13 ਅਪ੍ਰੈਲ, 1936 ਨੂੰ ਮਾਤਾ ਪੰਜਾਬ ਕੌਰ ਅਤੇ ਪਿਤਾ ਮੱਘਰ ਸਿੰਘ ਦੇ ਘਰ ਇਕ ਕਿਸਾਨੀ ਪਰਿਵਾਰ ਵਿਚ ਹੋਇਆ। ਚਾਰ ਭਰਾਵਾਂ ਅਤੇ ਦੋ ਭੈਣਾਂ ਦੇ ਪਰਿਵਾਰ ਵਿੱਚੋਂ, ਗੁਰਦੇਵ ਸਿੰਘ ਸਭ ਤੋਂ ਛੋਟਾ ਸੀ। ਇਹ ਉਹ ਸਮਾਂ ਸੀ ਜਦੋਂ ਕਿਸਾਨੀ ਪਰਿਵਾਰਾਂ ਵਿਚ ਖੇਤੀ-ਬਾੜੀ ਦੇ ਕੰਮ ਵੱਲ ਜ਼ਿਆਦਾ ਤਵੱਜੋਂ ਦਿੱਤੀ ਜਾਂਦੀ ਸੀ ਤੇ ਕਿਸੇ ਵਿਰਲੇ ਘਰ ਵਿਚ ਹੀ ਕੋਈ ਪੜ੍ਹਿਆ ਲਿਖਿਆ ਹੁੰਦਾ ਸੀ। ਆਮ ਕਰਕੇ ਵੱਡੇ ਲਾਣੇ ਵਿਚ, ਛੋਟੇ ਮੁੰਡਿਆਂ ਦਾ ਪੜ੍ਹਾਈ ਵਿਚ ਦਾਅ ਲੱਗ ਜਾਂਦਾ ਸੀ। ਗੁਰਦੇਵ ਸਿੰਘ ਨਾਲ ਵੀ ਇਵੇਂ ਹੀ ਹੋਇਆ। ਉਹ ਚੌਥੀ ਜਮਾਤ ਤਕ ਪਿੰਡ ਦੇ ਸਕੂਲ ਵਿਚ ਪੜ੍ਹਿਆ। ਪੜ੍ਹਨ ਵਿਚ ਹੁਸ਼ਿਆਰ ਨਿਕਲਿਆ। ਏਸੇ ਹੁਸ਼ਿਆਰੀ ਨੇ ਉਸ ਲਈ ਵਿਦਿਆ ਦੇ ਅਗਲੇ ਰਸਤੇ ਖੋਲ੍ਹ ਦਿੱਤੇ। ਗਿਆਨੀ ਤੋਂ ਬਿਨਾਂ ਬੀ. ਏ. ਤਕ ਦੀ ਪੜ੍ਹਾਈ ਉਸਨੇ ਮੁਕਤਸਰ ਸਾਹਿਬ ਤੋਂ ਪੂਰੀ ਕੀਤੀ।
ਕੁੱਝ ਸਮੇਂ ਲਈ ਪੰਜਾਬ ਵਿਚ ਅਧਿਆਪਨ ਦਾ ਕਾਰਜ ਵੀ ਕਰਦਾ ਰਿਹਾ। ਪੰਜਾਬੀ ਦੇ ਬਹੁਤੇ ਪਾਠਕਾਂ ਨੂੰ ਸ਼ਾਇਦ ਇਸ ਗੱਲ ਬਾਰੇ ਪਤਾ ਨਹੀਂ ਹੋਵੇਗਾ ਕਿ ਰੁਪਾਣਾ ਨੇ ਕਾਦਰਯਾਰ ’ਤੇ ਪੀਐੱਚ. ਡੀ ਦੀ ਡਿਗਰੀ ਵੀ ਹਾਸਲ ਕੀਤੀ ਹੋਈ ਸੀ ਪਰ ਉਸਨੇ ਆਪਣੇ ਨਾਂ ਅੱਗੇ ਕਦੇ ਡਾਕਟਰ ਨਹੀਂ ਸੀ ਲਿਖਿਆ।
ਜਿਨ੍ਹਾਂ ਦਿਨਾਂ ਵਿਚ ਗੁਰਦੇਵ ਸਿੰਘ ਰੁਪਾਣਾ ਨੇ ਕਲਮ ਨਾਲ ਨਾਤਾ ਜੋੜਿਆ, ਉਨ੍ਹਾਂ ਦਿਨਾਂ ਵਿਚ ਪੰਜਾਬੀ ਦੇ ਨਾਮਵਰ ਲੇਖਕਾਂ ਦਾ ਵਾਸਾ ਦਿੱਲੀ ਵਿਚ ਸੀ। ਇਨ੍ਹਾਂ ਵਿਚ ਖ਼ੁਸ਼ਵੰਤ ਸਿੰਘ, ਕਰਤਾਰ ਸਿੰਘ ਦੁੱਗਲ, ਅੰਮਿ੍ਰਤਾ ਪ੍ਰੀਤਮ, ਡਾ. ਹਰਿਭਜਨ ਸਿੰਘ, ਬਲਵੰਤ ਗਾਰਗੀ, ਅਜੀਤ ਕੌਰ, ਗੁਲਜ਼ਾਰ ਸਿੰਘ ਸੰਧੂ ਤੇ ਤਾਰਾ ਸਿੰਘ ਆਦਿ ਦੇ ਨਾਂ ਸ਼ਾਮਲ ਸਨ। ਇਨ੍ਹਾਂ ਲੇਖਕਾਂ ਦੀਆਂ ਰਚਨਾਵਾਂ ਪੰਜਾਬੀ ਦੇ ਪਾਠਕਾਂ ਅਤੇ ਲੇਖਕਾਂ ਨੂੰ
ਖਿੱਚ ਪਾਉਂਦੀਆਂ ਸਨ। ਖਿੱਚ ਦੀ ਇਹ ਚਿਣਗ ਗੁਰਦੇਵ ਸਿੰਘ ਰੁਪਾਣਾ ਅੰਦਰ ਵੀ ਸੁਲਗਣ ਲੱਗੀ। ਇਸੇ ਚਿਣਗ ਨੇ ਹੀ ਉਸਦੇ ਹੱਥ ਕਲਮ ਫੜਾਈ ਤੇ ਉਸਨੇ ਮਨ ਹੀ ਮਨ ਦਿੱਲੀ ਦੀ ਜ਼ਿਆਰਤ ਕਰਨ ਬਾਰੇ ਸੋਚਿਆ।
ਇਕ ਦਿਨ ਅਚਨਚੇਤ ਗੁਰਦੇਵ ਸਿੰਘ ਰੁਪਾਣਾ ਨੂੰ ਕਾਮਰੇਡਾਂ ਦੇ ਇਕ ਮੁਜ਼ਾਹਰੇ ਵਿਚ ਸ਼ਾਮਲ ਹੋਣ ਲਈ ਦਿੱਲੀ ਜਾਣ ਦਾ ਮੌਕਾ ਮਿਲ ਗਿਆ। ਕਿਸੇ ਤੋਂ ਪੁੱਛ-ਪੁਛਾਕੇ ਉਹ ਸਿੱਖਿਆ ਅਫ਼ਸਰ ਦੀਨ ਦਿਆਲ ਸ਼ਰਮਾ ਨੂੰ ਜਾ ਮਿਲਿਆ। ਸ਼ਰਮਾ ਦੇ ਮੇਜ਼ ’ਤੇ ‘ਪ੍ਰੀਤ ਲੜੀ’ ਪਰਚਾ ਦੇਖਕੇ ਚਾਅ ਚੜ੍ਹ ਗਿਆ ਕਿਉਂਕਿ ਇਸ ਪਰਚੇ ਵਿਚ ਰੁਪਾਣਾ ਦੀ ਕਹਾਣੀ ਵੀ ਛਪੀ ਹੋਈ ਸੀ। ਗੱਲਾਂ ਕਰਦਿਆਂ ਜਦੋਂ ਸ਼ਰਮਾ ਨੂੰ ਰੁਪਾਣਾ ਦੇ ਕਹਾਣੀਕਾਰ ਹੋਣ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਝੱਟ ਉਸਨੂੰ ਅਧਿਆਪਕ ਦੀ ਨੌਕਰੀ ਲਈ ਹਾਮੀ ਭਰ ਦਿੱਤੀ। ਅੰਨ੍ਹਾ ਕੀ ਭਾਲੇ, ਦੋ ਅੱਖਾਂ--ਰੁਪਾਣਾ ਨੇ ਨਾ ਅੱਗਾ ਦੇਖਿਆ ਤੇ ਨਾ ਪਿੱਛਾ, ਆਪਣਾ ਬੋਰੀ ਸਿਬਤਰ ਬੰਨ੍ਹਿਆ ਤੇ ਜਾ ਦਿੱਲੀ ਡੇਰੇ ਲਾਏ।
ਉਸ ਸਮੇਂ ਛੇਤੀ ਕੀਤਿਆਂ ਕਿਸੇ ਨਵੇਂ ਲੇਖਕ ਦਾ, ਪੰਜਾਬੀ ਦੇ ਸਥਾਪਿਤ ਲੇਖਕਾਂ ਦੀ ਕਤਾਰ ਵਿਚ ਪੈਰ ਰੱਖਣ ਬਾਰੇ, ਹੌਸਲਾ ਨਹੀਂ ਸੀ ਪੈਂਦਾ। ਸੱਚੀ ਗੱਲ ਇਹ ਹੈ ਕਿ ਮਾੜੀ-ਧੀੜੀ ਰਚਨਾ ਦੇ ਪੈਰ ਵੀ ਨਹੀਂ ਸਨ ਲੱਗਦੇ। ਪਰ ਗੁਰਦੇਵ ਸਿੰਘ ਰੁਪਾਣਾ ਦੀਆਂ ਕਹਾਣੀਆਂ ਨੇ ਤਾਂ ਜੰਮਦਿਆਂ ਹੀ ਉਨ੍ਹਾਂ ਨਾਲ ਮੜਿਕਣਾ ਸ਼ੁਰੂ ਕਰ ਦਿੱਤਾ ਸੀ।
ਓਦੋਂ ਅੰਮਿ੍ਰਤਾ ਪ੍ਰੀਤਮ ਦੀ ਸੰਪਾਦਨਾ ਹੇਠ ਛਪਦਿਆਂ ਨਾਗਮਣੀ ਪਰਚੇ ਨੂੰ ਪੰਜ-ਛੇ ਸਾਲ ਹੋ ਚੁੱਕੇ ਸਨ। ਅੰਮਿ੍ਰਤਾ ਪ੍ਰੀਤਮ ਨਾਗਮਣੀ ਨੂੰ ਪੱਕੇ ਪੈਰੀਂ ਕਰਨ ਲਈ ਨਵੇਂ-ਨਵੇਂ ਤਜਰਬੇ ਕਰਦੀ ਰਹਿੰਦੀ ਸੀ। ਉਸਨੇ ਆਪਣੇ ਘਰ ‘ਨਾਗਮਣੀ ਸ਼ਾਮਾਂ’ ਦੀ ਲੜੀ ਸ਼ੁਰੂ ਕਰ ਰੱਖੀ ਸੀ। ਦਿੱਲੀ ਰਹਿੰਦੇ ਪੰਜਾਬੀ ਲੇਖਕ ਇਨ੍ਹਾਂ ਸ਼ਾਮਾਂ ਵਿਚ ਹਾਜ਼ਰੀ ਭਰਨ ਲਈ ਉਤਾਵਲੇ ਰਹਿੰਦੇ ਸਨ। ਗੁਰਦੇਵ ਸਿੰਘ ਰੁਪਾਣਾ ਦੀ ਕਹਾਣੀ ‘ਇਕ ਟੋਟਾ ਔਰਤ’ ਨਾਗਮਣੀ ਵਿਚ ਛਪਣ ਤੋਂ ਬਾਅਦ ਉਸਨੂੰ ਵੀ ਇਸ ਮਹਿਫਲ ਦਾ ਪੱਕਾ ਮੈਂਬਰ ਬਣਾ ਲਿਆ ਗਿਆ। ਇਹ ਮਹਿਫਲ ਰੁਪਾਣਾ ਦੀ ਹਾਜ਼ਰੀ ਬਿਨਾਂ ਬੁਝੀ-ਬੁਝੀ
ਰਹਿੰਦੀ। ਰੁਪਾਣਾ ਨੂੰ ਗੱਲ ਬੜੀ ਔੜਦੀ ਸੀ। ਇਸੇ ਕਰਕੇ ਹੀ ਲੇਖਕਾਂ ਵਿਚ ਉਹ ‘ਰੌਣਕੀ’ ਕਰ ਕੇ ਜਾਣਿਆ ਜਾਂਦਾ ਸੀ।
ਰੁਪਾਣਾ ਦੀ ਹਾਜ਼ਰ-ਜਵਾਬੀ ਵੀ ਕਮਾਲ ਦੀ ਸੀ। ਇਕ ਵਾਰ ਕੁਲਵੰਤ ਸਿੰਘ ਵਿਰਕ ਨੇ ਉਸਨੂੰ ਕਿਹਾ -- ਗੁਰਦੇਵ ਸਿੰਘ ਤੂੰ ਆਪਣੇ ਨਾਂ ਨਾਲ ਆਪਣਾ ਗੋਤ ‘ਵਿਰਕ’ ਕਿਉਂ ਨਹੀਂ ਲਗਾਉਂਦਾ? ਤਾਂ ਰੁਪਾਣਾ ਝੱਟ ਬੋਲਿਆ -- ਤੇਰਾ ਕੀ ਐ ...ਜਿਹੜੀ ਚੰਗੀ ਕਹਾਣੀ ਹੋਇਆ ਕਰੇਗੀ, ਕਹਿ ਦਿਆ ਕਰੇਂਗਾ ਇਹ ਕੁਲਵੰਤ ਸਿੰਘ ਵਿਰਕ ਦੀ ਹੈ...ਤੇ ਮਾੜੀ ਹੋਇਆ ਕਰੇਗੀ, ਕਹਿ ਦਿਆ ਕਰੇਂਗਾ, ਇਹ ਗੁਰਦੇਵ ਸਿੰਘ ਵਿਰਕ ਦੀ ਹੈ।
ਜਦੋਂ ਗੁਰਦੇਵ ਸਿੰਘ ਰੁਪਾਣਾ ਦਾ ਨਾਵਲ ‘ਗੋਰੀ’ ਪੰਜਾਬੀ ਦੇ ਇਕ ਪਰਚੇ ਵਿਚ ਛਪਿਆ ਤਾਂ ਸਾਹਿਤਕ ਹਲਕਿਆਂ ਵਿਚ ਰੁਪਾਣਾ-ਰੁਪਾਣਾ ਹੋ ਗਈ। ਇਸ ਨਾਵਲ ਦੀ ਚੜ੍ਹਤ ਅਜੇ ਵੀ ਉਸੇ ਤਰ੍ਹਾਂ ਬਣੀ ਹੋਈ ਹੈ। ਪਾਠਕ ਅੱਜ ਵੀ ਉਸਨੂੰ ਲੱਭ ਲੱਭਕੇ ਪੜ੍ਹਦੇ ਹਨ। ਹੁਣ ਤੱਕ ਇਸਦੇ ਪੰਝੀ ਐਡੀਸ਼ਨ ਛਪ ਚੁੱਕੇ ਹਨ। ਇਸ ਨਾਵਲ ਬਾਰੇ ਟਿੱਪਣੀ ਕਰਦਿਆਂ ਇਕ ਵਿਦਵਾਨ ਨੇ ਕਿਹਾ ਸੀ--ਜੇ ਇਹ ਨਾਵਲ ਕਿਸੇ ਹੋਰ ਭਾਸ਼ਾ ਵਿਚ ਛਪਿਆ ਹੁੰਦਾ ਤਾਂ ਰੁਪਾਣਾ ਅੱਜ ਜਹਾਜ਼ਾਂ ਦੇ ਝੂਟੇ ਲੈਂਦਾ ਹੁੰਦਾ।
ਗੁਰਦੇਵ ਸਿੰਘ ਰੁਪਾਣਾ ਦੀਆਂ ਕਹਾਣੀਆਂ ਭਾਵੇਂ ਇਕਹਿਰੀ ਪਰਤ ਦੀਆਂ ਹਨ ਪਰ ਪਾਠਕ ਇਨ੍ਹਾਂ ਵਿਚਦੀ ਛੜੱਪੇ ਮਾਰਕੇ ਨਹੀਂ ਲੰਘ ਸਕਦਾ। ਪਾਠ ਕਰਦਿਆਂ ਇਹ ਅਤਿ ਗੰਭੀਰਤਾ ਦੀ ਮੰਗ ਕਰਦੀਆਂ ਹਨ। ਇਹ ਕਹਾਣੀਆਂ ਸਾਰਾ ਕੁੱਝ ਹੀ ਪਾਠਕ ਅੱਗੇ ਉਗਲਕੇ ਨਹੀਂ ਰੱਖਦੀਆਂ। ਇਨ੍ਹਾਂ ਵਿਚ ਬਹੁਤ ਕੁੱਝ ‘ਅਣਕਿਹਾ’ ਵੀ ਹੁੰਦਾ ਹੈ। ਇਸ ਅਣਕਹੇ ਦੀ ਸਿਰਜਣਾ ਰੁਪਾਣਾ ਵਰਗਾ ਕਥਾਕਾਰ ਹੀ ਕਰ ਸਕਦਾ ਸੀ। ਕਹਾਣੀਕਾਰ ਪ੍ਰੇਮ ਪ੍ਰਕਾਸ਼ ਉਸਨੂੰ ‘ਗੁੱਝੀਆਂ ਰਮਜ਼ਾਂ ਵਾਲਾ’ ਕਹਾਣੀਕਾਰ ਕਹਿੰਦਾ ਹੈ। ਉਦਾਹਰਣ ਵਜੋਂ ਉਸਦੀਆਂ ਕਹਾਣੀਆਂ ‘ਸ਼ੀਸ਼ਾ’ ਤੇ ‘ਹਵਾ’ ਦੇ ਪਾਠ ਤੋਂ ਬਾਅਦ ਪਾਠਕ ਦੀ ਮਨਸਿਕ ਹਾਲਤ ਪਹਿਲਾਂ ਜਿਹੀ ਨਹੀਂ ਰਹਿੰਦੀ। ‘ਸ਼ੀਸ਼ਾ’ ਪੜ੍ਹਕੇ ਤਾਂ ਪਾਠਕ ਸੁੰਨ ਹੋ ਕੇ ਰਹਿ ਜਾਂਦਾ ਹੈ।
ਗੁਰਦੇਵ ਸਿੰਘ ਰੁਪਾਣਾ ਨੇ ਆਪਣੇ ਜੀਵਨ ਦੌਰਾਨ ਛੇ ਕਹਾਣੀ ਸੰਗ੍ਰਹਿ : ਇਕ ਟੋਟਾ ਔਰਤ, ਆਪਣੀ ਅੱਖ ਦਾ ਜਾਦੂ, ਡਿਫੈਂਸ ਲਾਈਨ, ਰਾਂਝਾ ਵਾਰਿਸ ਹੋਇਆ, ਆਮ ਖ਼ਾਸ, ਸ਼ੀਸ਼ਾ ਤੇ ਹੋਰ ਕਹਾਣੀਆਂ ਅਤੇ ਚਾਰ
ਨਾਵਲ : ਜਲਦੇਵ, ਆਸੋ ਦਾ ਟੱਬਰ, ਸ਼੍ਰੀ ਪਾਰਵਾ ਪੰਜਾਬੀ ਸਾਹਿਤ ਦੀ ਝੋਲੀ ਪਾਏ। ਇਸ ਤੋਂ ਬਿਨਾਂ ਉਸਨੇ ਅਨੁਵਾਦ ਦੇ ਖੇਤਰ ਵਿਚ ਵੀ ਕੰਮ ਕੀਤਾ।
2019 ਵਿਚ ਗੁਰਦੇਵ ਸਿੰਘ ਰੁਪਾਣਾ ਦੇ ਕਹਾਣੀ ਸੰਗ੍ਰਹਿ ’ਆਮ ਖ਼ਾਸ’ ਨੂੰ ਢਾਹਾਂ ਪੁਰਸਕਾਰ ਮਿਲਿਆ। 2020 ਵਿਚ ਇਸੇ ਕਹਾਣੀ ਸੰਗ੍ਰਹਿ ਨੂੰ ਭਾਰਤੀ ਸਾਹਿਤ ਅਕਾਦਮੀ ਦਿੱਲੀ ਨੇ ਆਪਣੇ ਵਕਾਰੀ ਪੁਰਸਕਾਰ ਨਾਲ ਸਨਮਾਨਿਆ। ਇਹ ਸਨਮਾਨ ਮਿਲਣ ’ਤੇ ਪੰਜਾਬੀ ਪਾਠਕਾਂ ਤੇ ਆਲੋਚਕਾਂ ਨੇ ਸੁੱਖ ਦਾ ਸਾਹ ਲਿਆ ਸੀ ਕਿਉਂਕਿ ਇਹ ਸਨਮਾਨ ਉਨ੍ਹਾਂ ਨੂੰ ਬਹੁਤ ਪਛੜਕੇ ਮਿਲਿਆ ਸੀ। ਸੱਚੀ ਗੱਲ ਇਹ ਹੈ ਕਿ ਸਾਹਿਤ ਅਕਾਦਮੀ ਨੇ ਆਪਣੇ ਆਪ ਨੂੰ ਧੱਬਾ ਲੱਗਣ ਤੋਂ ਬਚਾ ਲਿਆ ਸੀ। ਇਨ੍ਹਾਂ ਤੋਂ ਬਿਨਾਂ ਭਾਸ਼ਾ ਵਿਭਾਗ ਪੰਜਾਬ ਵੱਲੋਂ ‘ਸ਼੍ਰੋਮਣੀ ਸਾਹਿਤਕਾਰ’, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ‘ਕਰਤਾਰ ਸਿੰਘ ਧਾਲੀਵਾਲ ਪੁਰਸਕਾਰ’, ‘ਮਾਤਾ ਤੇਜ ਕੌਰ ਯਾਦਗਾਰੀ ਪੁਰਸਕਾਰ’ ਅਤੇ ‘ਸੰਤ ਅਤਰ ਸਿੰਘ ਪੁਰਸਕਾਰ’ ਵੀ ਉਸਦੀ ਝੋਲੀ ਪਏ।
ਗੁਰਦੇਵ ਸਿੰਘ ਰੁਪਾਣਾ ਅੱਜ ਸਾਡੇ ਵਿਚਕਾਰ ਨਹੀਂ ਰਿਹਾ ਪਰ ਉਸਦੀ ਸਾਹਿਤਕ ਸਿਰਜਣਾ ਨਵੇਂ ਲੇਖਕਾਂ ਲਈ ਮਾਰਗ ਦਰਸ਼ਨ ਦਾ ਕੰਮ ਕਰਦੀ ਰਹੇਗੀ।
- ਭੋਲਾ ਸਿੰਘ ਸੰਘੇੜਾ