ਸਿਰੀ ਰਾਮ ਅਰਸ਼ ਗ਼ਰੀਬ ਵਰਗ ਦੇ ਲੋਕਾਂ ਦਾ ਹਮਦਰਦ ਸਾਹਿਤਕਾਰ ਦੇ ਤੌਰ ’ਤੇ ਜਾਣਿਆਂ ਜਾਂਦਾ ਸੀ। ਮਹਾਂ ਕਾਵਿ ਲਿਖਣਾ ਮੁਸ਼ਕਲ ਅਤੇ ਵੱਡਾ ਕੰਮ ਹੁੰਦਾ ਹੈ ਪ੍ਰੰਤੂ ਸਿਰੀ ਰਾਮ ਅਰਸ਼ ਨੇ ਇਕ ਨਹੀਂ ਸਗੋਂ ਤਿੰਨ ਮਹਾਂ ਕਾਵਿ ਵੀ ਲਿਖੇ ਸਨ। ਸਰਕਾਰੀ ਨੌਕਰੀ ਵਿੱਚੋਂ ਸੇਵਾ ਮੁਕਤੀ ਤੋਂ ਬਾਅਦ ਉਹ ਕੁਲ ਵਕਤੀ ਲੇਖਕ ਬਣ ਗਿਆ ਸੀ।
ਪੰਜਾਬੀ, ਹਿੰਦੀ, ਅੰਗਰੇਜ਼ੀ ਅਤੇ ਉਰਦੂ ਦੇ ਪ੍ਰਸਿੱਧ ਸ਼ਾਇਰ ਅਤੇ ਸੰਪਾਦਕ ਸਿਰੀ ਰਾਮ ਅਰਸ਼ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਹ 91 ਸਾਲ ਦੇ ਸਨ। ਉਹ ਬਹੁ-ਪੱਖੀ, ਬਹੁ-ਵਿਧਾਵੀ ਅਤੇ ਬਹੁ-ਮੰਤਵੀ ਸ਼ਾਇਰ, ਵਾਰਤਕ ਲੇਖਕ ਅਤੇ ਜੀਵਨੀਕਾਰ ਸਨ। ਉਨ੍ਹਾਂ ਦੀਆਂ ਦੋ ਦਰਜਨ ਮੌਲਿਕ ਅਤੇ ਛੇ ਸੰਪਾਦਿਤ ਪੁਸਤਕਾਂ ਪ੍ਰਕਾਸ਼ਤ ਹੋਈਆਂ ਸਨ। ਉਨ੍ਹਾਂ ਨੇ ਸਾਹਿਤ ਦੇ ਜਿਸ ਵੀ ਰੂਪ ਅਤੇ ਭਾਸ਼ਾ ਵਿਚ ਜੋ ਵੀ ਲਿਖਿਆ ਸਾਰਾ ਹੀ ਮੀਲ ਪੱਥਰ ਸਾਬਤ ਹੋਇਆ ਹੈ। ਉਹ ਲੋਕ ਹਿੱਤਾਂ ’ਤੇ ਪਹਿਰਾ ਦੇਣ ਵਾਲੇ ਸਾਹਿਤ ਦੀ ਰਚਨਾ ਕਰਦੇ ਸਨ। ਗ਼ਰੀਬ ਪਰਿਵਾਰ ਵਿੱਚੋਂ ਆ ਕੇ ਵੱਡੇ ਅਹੁਦਿਆਂ ’ਤੇ ਪਹੁੰਚਣ ਤੋਂ ਬਾਅਦ ਵੀ ਉਹ ਜ਼ਮੀਨ ਨਾਲ ਜੁੜੇ ਹੋਏ ਸਨ। ਦੱਬੇ ਕੁਚਲੇ ਲੋਕਾਂ ਦੀ ਰਹਿਨੁਮਾਈ ਕਰਦੇ ਰਹੇ ਸਨ।
ਭਾਵੇਂ ਉਸ ਨੇ ਮੁੱਢਲੀ ਪੜ੍ਹਾਈ ਉਰਦੂ ਮੀਡੀਅਮ ਵਿਚ ਕੀਤੀ ਸੀ, ਪ੍ਰੰਤੂ ਉਸ ਨੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਵੀ ਮੁਹਾਰਤ ਹਾਸਲ ਕਰ ਲਈ ਸੀ। ਉਹ ਭਾਰਤ ਦੇ ਗ਼ਜ਼ਲ ਦੇ ਖੇਤਰ ਵਿਚ ਚੋਣਵੇਂ ਗ਼ਜ਼ਲਗ਼ੋ ਵਿੱਚੋਂ ਇਕ ਸਨ। ਉਨ੍ਹਾਂ ਨੇ ਗ਼ਜ਼ਲ ਦੇ ਖੇਤਰ ਵਿਚ ਆਪਣੀ ਥਾਂ ਵੱਖਰੀ ਪਛਾਣ ਬਣਾ ਲਈ ਸੀ। ਸਿਰੀ ਰਾਮ ਅਰਸ਼ ਗ਼ਰੀਬ ਵਰਗ ਦੇ ਲੋਕਾਂ ਦਾ ਹਮਦਰਦ ਸਾਹਿਤਕਾਰ ਦੇ ਤੌਰ ’ਤੇ ਜਾਣਿਆਂ ਜਾਂਦਾ ਸੀ। ਮਹਾਂ ਕਾਵਿ ਲਿਖਣਾ ਮੁਸ਼ਕਲ ਅਤੇ ਵੱਡਾ ਕੰਮ ਹੁੰਦਾ ਹੈ ਪ੍ਰੰਤੂ ਸਿਰੀ ਰਾਮ ਅਰਸ਼ ਨੇ ਇਕ ਨਹੀਂ ਸਗੋਂ ਤਿੰਨ ਮਹਾਂ ਕਾਵਿ ਵੀ ਲਿਖੇ ਸਨ। ਸਰਕਾਰੀ ਨੌਕਰੀ ਵਿੱਚੋਂ ਸੇਵਾ ਮੁਕਤੀ ਤੋਂ ਬਾਅਦ ਉਹ ਕੁਲ ਵਕਤੀ ਲੇਖਕ ਬਣ ਗਿਆ ਸੀ। ਉਸ ਨੂੰ ਸੇਵਾ ਮੁਕਤੀ ਤੋਂ ਬਾਅਦ ਕਈ ਥਾਂ ਨੌਕਰੀ ਦੀਆਂ ਪੇਸ਼ਕਸ਼ਾਂ ਹੋਈਆਂ, ਪ੍ਰੰਤੂ ਉਸ ਨੇ ਆਪਣੇ ਆਪ ਨੂੰ ਸਾਹਿਤ ਸਿਰਜਣਾ ਵੱਲ ਹੀ ਲਗਾਉਣ ਦਾ ਫ਼ੈਸਲਾ ਕੀਤੀ। ਭਾਰਤ ਖ਼ਾਸ ਕਰਕੇ ਉਤਰ ਪ੍ਰਦੇਸ਼ ਵਿਚ ਹੋਣ ਵਾਲੇ ਸਾਹਿਤਕ ਸਮਾਗਮਾਂ ਤੇ ਕਵੀ ਦਰਬਾਰਾਂ ਦਾ ਸ਼ਿੰਗਾਰ ਹੁੰਦਾ ਸੀ। ਸਾਹਿਤਕ ਭਾਈਚਾਰੇ ਵਿਚ ਨਿਮਰਤਾ ਪੁਜਾਰੀ ਸਾਹਿਤਕਾਰ ਦੇ ਤੌਰ ’ਤੇ ਪ੍ਰਮਾਣਤ ਸ਼ਾਇਰ ਸੀ। ਆਪਣੇ ਜੀਵਨ ਦੇ ਆਖ਼ਰੀ ਸਮੇਂ ਤੱਕ ਵੀ ਉਹ ਸਾਹਿਤ ਨੂੰ ਸਮਰਪਿਤ ਰਿਹਾ। ਸਾਹਿਤਕ ਸਮਾਗਮਾਂ, ਸੈਮੀਨਾਰਾਂ ਅਤੇ ਕਾਨਫ਼ਰੰਸਾਂ ਵਿਚ ਉਹ ਲਗਾਤਾਰ ਸਰਗਰਮੀ ਨਾਲ ਹਿੱਸਾ ਲੈਂਦਾ ਰਿਹਾ।
ਵਡੇਰੀ ਉਮਰ ਦੇ ਬਾਵਜੂਦ ਵੀ ਉਹ ਸਾਹਿਤਕ ਤੌਰ ’ਤੇ ਸਰਗਰਮ ਰਿਹਾ। ਸਿਰੀ ਰਾਮ ਅਰਸ਼ ਨੇ ਦੋ ਦਰਜਨ ਤੋਂ ਵੱਧ ਪੰਜਾਬੀ, ਸ਼ਾਹਮੁਖੀ, ਉਰਦੂ, ਹਿੰਦੀ ਅਤੇ ਅੰਗਰੇਜ਼ੀ ਵਿਚ ਪੁਸਤਕਾਂ ਪ੍ਰਕਾਸ਼ਤ ਕਰਵਾਈਆਂ, ਜਿਨ੍ਹਾਂ ਵਿਚ ‘ਪੁਰਸਲਾਤ’, ‘ਸਮੁੰਦਰ’, ‘ਕਿਰਨਾ ਦੀ ਬੁੱਕਲ’, ‘ਰਬਾਬ’, ‘ਸੰਖ ਤੇ ਸਿਪੀਆਂ’, ‘ਸਰਘੀਆਂ ਤੇ ਸਮੁੰਦਰ’, ‘ਸਮੁੰਦਰ ਸੰਗਮ’, ‘ਹਰਫ਼ਾਂ ਦੀ ਸੰਵੇਦਨਾ’, ‘ਫ਼ਰਜ਼’ ਅਤੇ ‘ਇਹਸਾਸ’ (ਸਾਰੇ ਗ਼ਜ਼ਲ ਸੰਗ੍ਰਹਿ), ‘ਅਗੰਮੀ ਨੂਰ’, ‘ਗੁਰੂ ਮਿਲਿਓ’, ‘ਅਦੁੱਤੀ ਆਦਿ’, ‘ਪੰਥ ਸਜਾਇਓ ਖ਼ਾਲਸਾ’ ਅਤੇ ‘ਤੁਮ ਚੰਦਨ’ (ਸਾਰੇ ਮਹਾਂ ਕਾਵਿ)। ‘ਤਨ ਤਪਣ ਤੰਦੂਰੀਂ’ ਕਾਵਿ ਸੰਗ੍ਰਹਿ ਅਤੇ ‘ਰਵੀਦਾਸ’ (ਹਿੰਦੀ)। ਇਸ ਤੋਂ ਇਲਾਵਾ ‘ਅਦੁੱਤੀ ਆਦਿ’, ‘ਕਵੀ’ ਅਤੇ ‘ਸਗਲ ਭਵਨ ਦੇ ਨਾਇਕ’ ਜੀਵਨੀਆਂ। ਉਨ੍ਹਾਂ ਨੇ 6 ਪੁਸਤਕਾਂ ਸੰਪਾਦਿਤ ਵੀ ਕੀਤੀਆਂ, ਜਿਨ੍ਹਾਂ ਵਿਚ ‘ਸ਼ਕਤੀ ਸੰਕਲਪ ਤੇ ਹੋਰ ਲੇਖ’, ‘ਉਰਦੂ ਦੇ ਚੋਣਵੇਂ ਸ਼ਿਅਰ’, ‘ਉਰਦੂ ਦੇ ਸ਼ਿਅਰਾਂ ਦਾ ਪਰਾਗਾ’, ‘ਸ਼ਾਹਿਰ ਲੁਧਿਆਣਵੀ ਦੀ ਸ਼ਾਇਰੀ’ ਅਤੇ ‘ਪਾਕਿਸਤਾਨ ਦੀਆਂ ਉਰਦੂ ਗ਼ਜ਼ਲਾਂ’ ਆਦਿ। ‘ਮੈਂ ਕਪ ਤੇ ਚਾਨਣੀ’ ਕਵਿਤਾ ਅਤੇ ‘ਸਾਇਸਤਾ ਹਬੀਬ’ ਦੀ ਸ਼ਾਹਮੁਖੀ ਵਿਚ ਛਪੀ ਪੁਸਤਕ ਦਾ ਗੁਰਮੁਖੀ ਵਿਚ ਲਿਪੀਅੰਤਰ। ਅੰਮ੍ਰਿਤ ਬਾਣੀ ਦਾ ਅੰਗਰੇਜ਼ੀ ਵਿਚ ਲਿਪੀਅੰਤਰ ਕੀਤਾ। ਸਿਰੀ ਰਾਮ ਅਰਸ਼ ਨੇ ਇਕ ਸੰਸਥਾ ਤੋਂ ਵੀ ਵੱਧ ਕੰਮ ਕੀਤਾ।
ਪੰਜਾਬੀ, ਹਿੰਦੀ ਅਤੇ ਉਰਦੂ ਸਾਹਿਤ ਵਿਚ ਪਾਏ ਯੋਗਦਾਨ ਕਰਕੇ ਸਿਰੀ ਰਾਮ ਅਰਸ਼ ਨੂੰ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਨੇ ਸ਼ਰੋਮਣੀ ਸਾਹਿਤਕਾਰ, ਗਿਆਨੀ ਗੁਰਮੁਖ ਸਿੰਘ ਪੁਰਸਕਾਰ, ਪ੍ਰਿੰਸੀਪਲ ਤਖ਼ਤ ਸਿੰਘ ਪੁਰਸਕਾਰ, ਚੰਡੀਗੜ੍ਹ ਸਾਹਿਤ ਅਕਾਡਮੀ ਨੇ ਸ਼੍ਰੇਸ਼ਟ ਸਾਹਿਤਕਾਰ, ਸਮਾਜ ਭਲਾਈ ਵਿਭਾਗ ਭਾਰਤ ਸਰਕਾਰ ਨੇ 21000 ਰੁਪਏ, ਪੰਜਾਬ ਸਮਾਜ ਭਲਾਈ ਵਿਭਾਗ ਨੇ 1 ਲੱਖ ਰੁਪਏ, ਉਤਰ ਪ੍ਰਦੇਸ਼ ਸਰਕਾਰ, ਅੰਬੇਦਕਰ ਕੌਮੀ ਪੁਰਸਕਾਰ, ਸੰਤ ਕਬੀਰ ਕੌਮੀ ਪੁਰਸਕਾਰ, ਰਵੀਦਾਸ ਕੌਮੀ ਪੁਰਸਕਾਰ, ਐੱਮ.ਐੱਸ. ਰੰਧਾਵਾ ਪੁਰਸਕਾਰ, ਗਿਆਨੀ ਦਿੱਤ ਸਿੰਘ ਪੁਰਸਕਾਰ, ਸੁਰਜੀਤ ਰਾਮਪੁਰੀ ਗ਼ਜ਼ਲ ਪੁਰਸਕਾਰ, ਮੁਜਰਿਮ ਦਸੂਹੀ ਪੁਰਸਕਾਰ, ਪ੍ਰੇਰਨਾ ਪੁਰਸਕਾਰ ਦਿੱਲੀ, ਉਲਫ਼ਤ ਬਾਜਵਾ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਕਾਹਨ ਸਿੰਘ ਰਚਨਾ ਵਿਚਾਰ ਮੰਚ ਨਾਭਾ, ਪੰਜਾਬੀ ਸਾਹਿਤ ਮੰਚ ਬਲਾਚੌਰ (ਹੁਸ਼ਿਆਰਪੁਰ), ਦੋਆਬਾ ਸਾਹਿਤ ਸਭਾ ਗੜ੍ਹਸ਼ੰਕਰ, ਸਾਹਿਤ ਸਭਾ ਜਗਰਾਉਂ, ਕਾਫ਼ਲਾ ਇੰਟਰਕੰਟੀਨੈਂਟਲ ਉਦੇਪੁਰ ਰਾਜਸਥਾਨ ਅਤੇ ਗੁਰਚਰਨ ਕੌਰ ਕੋਛੜ ਪਰਿਵਾਰ ਵੱਲੋਂ ‘ਇੰਜਿ. ਜੇ. ਬੀ ਕੋਛੜ ਯਾਦਗਾਰੀ ਪੁਰਸਕਾਰ ਨਾਲ ਸਨਮਾਨਤ ਕੀਤਾ।
ਸਿਰੀ ਰਾਮ ਅਰਸ਼ ਦਾ ਜਨਮ 15 ਦਸੰਬਰ 1934 ਨੂੰ ਲੁਧਿਆਣਾ ਵਿਖੇ ਇਕ ਗ਼ਰੀਬ ਪਰਿਵਾਰ ਵਿਚ ਪਿਤਾ ਠਾਕਰ ਦਾਸ ਅਤੇ ਮਾਤਾ ਹਰਨਾਮ ਕੌਰ ਦੀ ਕੁੱਖੋਂ ਹੋਇਆ। ਉਸ ਨੇ ਪ੍ਰਾਇਮਰੀ ਤੱਕ ਦੀ ਪੜ੍ਹਾਈ ਲੁਧਿਆਣਾ ਵਿਖੇ ਖ਼ਲੀਫ਼ੇ ਤੋਂ ਪ੍ਰਾਪਤ ਕੀਤੀ। ਦਸਵੀਂ ਆਰੀਆ ਸਕੂਲ ਅਤੇ ਬੀ.ਏ.ਦੀ ਡਿਗਰੀ ਸਰਕਾਰੀ ਕਾਲਜ ਲੁਧਿਆਣਾ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਸ ਨੇ ਦਿੱਲੀ ਯੂਨੀਵਰਸਿਟੀ ਤੋਂ ਐੱਮ.ਏ. ਉਰਦੂ ਪਾਸ ਕੀਤੀ। ਕਾਲਜ ਵਿਚ ਪੜ੍ਹਦਿਆਂ ਹੀ ਉਸ ਨੂੰ ਕਵਿਤਾਵਾਂ ਲਿਖਣ ਦੀ ਚੇਟਕ ਲੱਗ ਗਈ ਸੀ। ਪਹਿਲਾਂ ਉਹ ਉਰਦੂ ਜ਼ੁਬਾਨ ਵਿਚ ਸ਼ਿਅਰ ਦੀ ਰਚਨਾ ਕਰਦਾ ਹੁੰਦਾ ਸੀ। ਕਾਲਜ ਦੀ ਪੜ੍ਹਾਈ ਦੌਰਾਨ ਉਹ ਸਰਕਾਰੀ ਕਾਲਜ ਦੇ ਰਸਾਲੇ ‘ਦੀ ਸਤਲੁਜ’ ਦਾ ਸੰਯੁਕਤ ਵਿਦਿਆਰਥੀ ਸੰਪਾਦਕ ਸੀ। ਦਿੱਲੀ ਵਿਖੇ ਪੰਜਾਬੀ ਦੇ ਸਿਰਮੌਰ ਕਵੀ ਬਾਵਾ ਬਲਵੰਤ ਅਤੇ ਗਿਆਨੀ ਕੁਲਦੀਪ ਸਿੰਘ ਦੇ ਸੰਪਰਕ ਵਿਚ ਆਇਆ, ਉਨ੍ਹਾਂ ਦੀ ਪ੍ਰੇਰਨਾ ਸਦਕਾ ਉਰਦੂ ਦੀ ਥਾਂ ਆਪਣੀ ਮਾਂ ਬੋਲੀ ਪੰਜਾਬੀ ਵਿਚ ਲਿਖਣਾ ਸ਼ੁਰੂ ਕੀਤਾ। ਉਹ 1965 ਵਿਚ ਲੋਕ ਸੰਪਰਕ ਵਿਭਾਗ ਵਿਚ ਫੀਲਡ ਪਬਲਿਸਿਟੀ ਸਹਾਇਕ ਭਰਤੀ ਹੋ ਗਏ। 1967 ਵਿਚ ਉਨ੍ਹਾਂ ਨੂੰ ਉਰਦੂ ਦੇ ਸਪਤਾਹਿਕ ਰਸਾਲੇ ਦਾ ਸੰਪਾਦਕ ਲਗਾ ਦਿੱਤਾ ਗਿਆ। 1972 ਵਿਚ ਉਹ ਵਿਭਾਗ ਵਿਚ ਸੂਚਨਾ ਅਧਿਕਾਰੀ ਭਰਤੀ ਹੋ ਗਏ ਤੇ ਉਨ੍ਹਾਂ ਨੂੰ ਮੁੱਖ ਮੰਤਰੀ ਨਾਲ ਲਗਾ ਦਿੱਤਾ ਗਿਆ। 1977 ਵਿਚ ਡਿਪਟੀ ਅਤੇ ਫਿਰ ਜਾਇੰਟ ਡਾਇਰੈਕਟਰ ਦੀ ਤਰੱਕੀ ਹੋ ਗਈ।
ਉਨ੍ਹਾਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਦੀਆਂ ਸੇਵਾਵਾਂ ਨਿਭਾਈਆਂ। ਉਹ ਬੁਲਾਰੇ ਵੀ ਕਮਾਲ ਦੇ ਸਨ। ਉਨ੍ਹਾਂ ਨੇ ਆਪਣੀ ਨੌਕਰੀ ਦੌਰਾਨ ਦੇਸ਼ ਦੇ ਕਈ ਪ੍ਰਧਾਨ ਮੰਤਰੀਆਂ ਦੀਆਂ ਪੰਜਾਬ ਦੀਆਂ ਫੇਰੀਆਂ ਦੌਰਾਨ ਮੰਚ ਸੰਚਾਲਕ ਦੇ ਫ਼ਰਜ਼ ਬਾਖ਼ੂਬੀ ਨਿਭਾਏ ਸਨ। ਲੋਕ ਸੰਪਰਕ ਪੰਜਾਬ ਸਬੰਧੀ ਇਕ ਪੁਸਤਕ ਉਸ ਨੇ ਸੰਪਾਦਿਤ ਕੀਤੀ ਸੀ। ਲੋਕ ਸੰਪਰਕ ਵਿਭਾਗ ਵੱਲੋਂ ਪ੍ਰਕਾਸ਼ਤ ਕੀਤੀ ਜਾਂਦੀ ਉਰਦੂ, ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਪ੍ਰਚਾਰ ਸਮਗਰੀ ਸਿਰੀ ਰਾਮ ਅਰਸ਼ ਨੇ ਪ੍ਰਕਾਸ਼ਤ ਕਰਵਾਈ ਸੀ। ਉਹ ਪੰਜਾਬ ਸਰਕਾਰ ਦੇ ਰਸਾਲੇ ਪਾਸਬਾਨ (ਉਰਦੂ) ਜਾਗ੍ਰਤੀ ਪੰਜਾਬੀ ਅਤੇ ਐਡਵਾਂਸ (ਅੰਗਰੇਜ਼ੀ) ਦੇ ਸੰਪਾਦਕ ਅਤੇ ਪ੍ਰਬੰਧਕੀ ਸੰਪਾਦਕ ਵੀ ਰਹੇ। ਉਨ੍ਹਾਂ ਨੇ ਪੰਜਾਬ ਰਾਜ ਬਿਜਲੀ ਬੋਰਡ ਵਿਚ ਡਾਇਰੈਕਟਰ ਲੋਕ ਸੰਪਰਕ ਦੀਆਂ ਸੇਵਾਵਾਂ ਵੀ ਨਿਭਾਈਆਂ। ਦਸੰਬਰ 1992 ਵਿਚ ਉਹ ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋ ਗਏ। ਸਿਰੀ ਰਾਮ ਅਰਸ਼ ਦਾ ਵੱਡਾ ਭਰਾ ਅਜੀਤ ਕੁਮਾਰ ਲੁਧਿਆਣਾ ਤੋਂ ਵਿਧਾਨਕਾਰ ਵੀ ਰਿਹਾ ਹੈ। ਉਸ ਨੇ ਸਿਰੀ ਰਾਮ ਅਰਸ਼ ਨੂੰ ਸਿਆਸਤ ਵਿਚ ਆਉਣ ਲਈ ਵੀ ਪ੍ਰੇਰਿਆ ਸੀ, ਪ੍ਰੰਤੂ ਉਸ ਨੇ ਸਿਆਸਤ ਨਾਲੋਂ ਸਾਹਿਤਕ ਕੰਮ ਨੂੰ ਤਰਜੀਹ ਦਿੱਤੀ। ਉਹ ਆਪਣੇ ਪਿੱਛੇ ਹਸਦਾ ਵਸਦਾ ਵੱਡਾ ਪਰਿਵਾਰ ਛੱਡ ਗਿਆ ਹੈ।
- ਉਜਾਗਰ ਸਿੰਘ
94178-13072