ਕੁਝ ਰਚਨਾਵਾਂ ਅਜਿਹੀਆਂ ਹੁੰਦੀਆਂ ਹਨ, ਜੋ ਲੇਖਕ ਦਾ ਸਥਾਈ ਟੈਗ ਬਣ ਜਾਂਦੀਆਂ ਹਨ ਅਤੇ ਤਾਉਮਰ ਉਸ ਦੀ ਪਛਾਣ ਦਾ ਸਬੱਬ ਬਣਦੀਆਂ ਹਨ। ਬਹੁਤ ਸਾਰੇ ਲੇਖਕ ਭਾਵੇਂ ਬਹੁਤ ਸਾਰਾ ਸਾਹਿਤ ਰਚਦੇ ਹਨ, ਪਰ ਉਨ੍ਹਾਂ ਦੀ ਕੋਈ ਇਕ ਰਚਨਾ ਉਨ੍ਹਾਂ ਦੀ ਪਛਾਣ ਬਣ ਜਾਂਦੀ ਹੈ। ਦੁਨੀਆ ਦੇ ਇਤਿਹਾਸ ਵਿਚ ਦਾਂਤੇ ਵਰਗੇ ਵੱਡੇ ਲੇਖਕ ਦੀ ਪਛਾਣ ਉਸ ਦੀ ਪ੍ਰਸਿੱਧ ਪੁਸਤਕ ‘ਡਿਵਾਈਨ ਕੋਮੇਡੀ’ ਕਰਕੇ ਹੈ। ਬੋਰਿਸ ਪਾਸਤਰਨਾਕ ਨੂੰ ਉਸ ਦੇ ਨਾਵਲ ‘ਡਾ. ਜੀਵਾਗੋ’ ਕਰਕੇ ਹੀ ਜਾਣਿਆਂ ਜਾਂਦਾ ਹੈ। ਹੀਰ ਜਿੰਨੀ ‘ਰਾਂਝੇ’ ਦੀ ਸੀ ਓਨੀ ਹੀ ਵਾਰਿਸ ਸ਼ਾਹ ਦੀ ਵੀ ਪ੍ਰਸਿੱਧ ਹੋ ਗਈ। ‘ਸੜਕਨਾਮਾ’ ਕਾਲਮ ਨੇ ਨਾਵਲਕਾਰ ਬਲਦੇਵ ਸਿੰਘ ਨੂੰ ਸਾਰੀ ਉਮਰ ਲਈ ‘ਬਲਦੇਵ ਸਿੰਘ ਸੜਕਨਾਮਾ’ ਬਣਾ ਦਿੱਤਾ। ਇਸੇ ਤਰ੍ਹਾਂ ਨਾਟਕਕਾਰ ਅਜਮੇਰ ਸਿੰਘ ਔਲਖ ਨੇ ਕਿੰਨੇ ਹੀ ਸ਼ਾਨਦਾਰ ਨਾਟਕ ਲਿਖੇ ਪਰ ‘ਬੇਗਾਨੇ ਬੋਹੜ ਦੀ ਛਾਂ’ ਉਸ ਲਈ ਝੂਲਦਾ ਨਿਸ਼ਾਨ ਬਣ ਗਿਆ। ਇਸੇ ਤਰ੍ਹਾਂ ਦੀ ਇਕ ਉਦਾਹਰਨ ਹੁਣੇ ਹੁਣੇ ਸਾਡੇ ਕੋਲੋਂ ਸਦੀਵੀ ਵਿਛੋੜਾ ਦੇ ਗਏ ਕਹਾਣੀਕਾਰ ਅਮਨਪਾਲ ਸਾਰਾ ਦੀ ਵੀ ਹੈ। ‘ਸਿਰਜਣਾ’ ਮੈਗਜ਼ੀਨ ਦੇ ਜੁਲਾਈ-ਸਤੰਬਰ-1996 ਦੇ ਅੰਕ ਵਿਚ ਜਦ ਅਮਨਪਾਲ ਸਾਰਾ ਦੀ ਕਹਾਣੀ ‘ਵੀਹਾਂ ਦਾ ਨੋਟ’ ਛਪੀ, ਤਦ ਸਿਰਜਣਾ ਦੇ ਸੰਪਾਦਕ ਰਘਬੀਰ ਸਿੰਘ ਸਿਰਜਣਾ ਨੇ ਇਸ ਮੈਗਜ਼ੀਨ ਦੇ ਟਾਈਟਲ ਪੇਜ ਤੇ ਦਿੱਤੇ ਤਤਕਰੇ ਵਿਚ ਇਹ ਲਾਈਨ ਲਿਖੀ ਸੀ :

ਇਕ ਸਮਰੱਥ ਕਹਾਣੀਕਾਰ ਵਜੋਂ ਕੈਨੇਡੀਅਨ ਲੇਖਕ ਅਮਨਪਾਲ ਸਾਰਾ ਦੀ ਪਛਾਣ : ਕਹਾਣੀ-ਵੀਹਾਂ ਦਾ ਨੋਟ

ਇਹ ਕਹਾਣੀ ‘ਸਿਰਜਣਾ’ ਮੈਗਜ਼ੀਨ ਦੇ ਉਸ ਅੰਕ ਦੀ ਹੀ ਚਰਚਿਤ ਕਹਾਣੀ ਨਹੀਂ ਬਣੀ, ਬਲਕਿ ਕਹਾਣੀ ‘ਵੀਹਾਂ ਦੀ ਨੋਟ’ ਨੇ ਅਮਨਪਾਲ ਸਾਰਾ ਨੂੰ ਵੀ ਕਹਾਣੀ ਜਗਤ ਵਿਚ ਚਰਚਿਤ ਕਰ ਦਿੱਤਾ ਅਤੇ ਇਹ ਕਹਾਣੀ ਉਸ ਦਾ ‘ਆਈਡੈਂਟਿਟੀ ਮੈਟਾਫਰ’ ਬਣ ਗਈ। ਭਾਵੇਂ ਇਸ ਤੋਂ ਪਹਿਲਾ ਵੀ ਉਸ ਦਾ 1993 ਵਿਚ ਇਕ ਕਹਾਣੀ ਸੰਗ੍ਰਹਿ ‘ਸਰਦ ਰਿਸ਼ਤੇ’ ਛਪ ਗਿਆ ਸੀ, ਪਰ ਇਹ ਸਿਰਜਣਾ ਮੈਗਜ਼ੀਨ ਦੇ ਵਿਸ਼ਾਲ ਪਾਠਕ ਸਮੂਹ ਦੀ ਬਦੌਲਤ ਸੀ ਜਾਂ ਕਹਾਣੀ ਦੀ ਤਾਕਤ ਸੀ ਕਿ ‘ਵੀਹਾਂ ਦਾ ਨੋਟ’ ਕਹਾਣੀ ਨੇ ਕਹਾਣੀ ਜਗਤ ਵਿਚ ਉਸ ਦਾ ਪਾਠਕ ਵਰਗ ਪੈਦਾ ਕੀਤਾ ਅਤੇ ਪੰਜਾਬੀ ਪਾਠਕ ਨੇ ਅਮਨਪਾਲ ਸਾਰਾ ਨੂੰ ਜਾਣਨਾ ਸ਼ੁਰੂ ਕੀਤਾ। ਉਸ ਤੋਂ ਬਾਅਦ 2000 ਵਿਚ ਇਸ ਕਹਾਣੀ ਨੂੰ ਸਿਰਲੇਖ ਬਣਾ ਕੇ ਉਸ ਦੀ ਕਹਾਣੀਆਂ ਦੀ ਦੂਜੀ ਪੁਸਤਕ ‘ਵੀਹਾਂ ਦਾ ਨੋਟ’ ਆਈ। ਕਹਾਣੀ ‘ਵੀਹਾਂ ਦਾ ਨੋਟ’ ਪਰਵਾਸੀ ਸਰੋਕਾਰਾਂ ਨਾਲ ਸਬੰਧਤ ਅਜਿਹੀ ਵਿਲੱਖਣ ਕਹਾਣੀ ਹੈ ਅਤੇ ਜੋ ਆਵਾਸ ਅਤੇ ਪਰਵਾਸ ਦੇ ਵਿਚਕਾਰ ਫਸੇ ਪੰਜਾਬੀ ਮਨੁੱਖ ਦੇ ਸੱਭਿਆਚਾਰਕ ਅਵੇਚਤਨ ਦੀਆਂ ਬਹੁਤ ਗੁੰਝਲਦਾਰ ਅਤੇ ਮਹੀਨ ਤੰਦਾਂ ਨੂੰ ਫੜਦੀ ਹੈ। ਕਹਾਣੀ ਵਿਚ ਭਾਵੇਂ ਆਵਾਸ ਅਤੇ ਪਰਵਾਸ ਦੇ ਬਹੁਤ ਸਾਰੇ ਕਿਰਦਾਰ ਆਉਂਦੇ ਹਨ, ਪਰ ਇਹ ਕਹਾਣੀ ਮੁੱਖ ਤੌਰ ’ਤੇ ਕੈਨੇਡਾ ਗਏ ਮਾਸਟਰ ਗੁਰਮੁਖ ਸਿੰਘ ਅਤੇ ਕਾਮਰੇਡ ਮੇਲਾ ਰਾਮ ਦੇ ਪੁੱਤਰ ਮਹਿੰਦਰ ਸਿੰਘ ਦੇ ਕਿਰਦਾਰਾਂ ਦੇ ਦੁਆਲੇ ਘੁੰਮਦੀ ਹੈ। ਸੁਭਾਅ ਪੱਖੋਂ ਇਕ ਦੂਜੇ ਦੇ ਵਿਰੋਧੀ ਧਰਾਤਲਾਂ ’ਤੇ ਖੜ੍ਹੇ ਇਹ ਦੋ ਮਨੁੱਖ ਜਿਸ ਤਰ੍ਹਾਂ ਵਿਹਾਰ ਕਰਦੇ ਹਨ, ਉਸ ਵਿਹਾਰ ਰਾਹੀਂ ਮਨੁੱਖੀ ਅਵਚੇਤਨ ਦੀਆਂ ਬਹੁਤ ਸਾਰੀਆਂ ਪਰਤਾਂ ਖੁੱਲ੍ਹਦੀਆਂ ਹਨ। ਜਿਵੇਂ-ਜਿਵੇਂ ਪਾਠਕ ਕਹਾਣੀ ਦੇ ਨਾਲ ਤੁਰਦਾ ਹੈ ਤਿਵੇਂ ਤਿਵੇਂ ਗੁਰਮੁਖ ਸਿੰਘ ਦੇ ਆਦਰਸ਼ਕ ਚੋਲੇ ਵਿਚ ਬਹੁਤ ਸਾਰੇ ਮਘੋਰੇ ਦਿਖਾਈ ਦਿੰਦੇ ਹਨ ਅਤੇ ਮਹਿੰਦਰ ਸਿੰਘ ਦੇ ਵਿਭਚਾਰੀ ਕਿਰਦਾਰ ਦੀਆਂ ਮਾਨਵੀ ਗੁਣਾਂ ਨਾਲ ਓਤ-ਪੋਤ ਪਰਤਾਂ ਉੱਭਰ ਕੇ ਸਾਮ੍ਹਣੇ ਆਉਂਦੀਆਂ ਹਨ। ਭਾਵੇਂ ਇਸ ਕਹਾਣੀ ਰਾਹੀਂ ਕੈਨੇਡਾ ਵਿਚ ਜਾਣ ਵਾਲੇ ਪੰਜਾਬੀਆਂ ਦੇ ਬਹੁਤ ਸਾਰੇ ਜਾਤੀ-ਜਮਾਤੀ ਅਤੇ ਆਰਥਿਕ-ਸਮਾਜਿਕ ਅਤੇ ਸੱਭਿਆਚਾਰ ਸਰੋਕਾਰ ਵੀ ਬਹੁਤ ਵਿਸਥਾਰ ਸਮੇਤ ਉੱਭਰਦੇ ਹਨ, ਪਰ ਕਹਾਣੀ ਦਾ ਮੁੱਖ ਫੋਕਸ ‘ਵੀਹ ਡਾਲਰ ਦਾ ਨੋਟ’ ਹੈ ਜੋ ਕਹਾਣੀ ਦੇ ਸ਼ੁਰੂ ਤੋਂ ਲੈ ਕੇ ਅੰਤ ਤਕ ਕਹਾਣੀ ਦਾ ਮੁੱਖ ਕਥਾ ਸੂਤਰ ਬਣਿਆ ਰਹਿੰਦਾ ਹੈ। ਗੁਰਮੁਖ ਸਿੰਘ ਦੇ ਘਰ ਹਰਿਮੰਦਿਰ ਸਾਹਿਬ ਦੀ ਫੋਟੋ ਦੇ ਕੱਪੜੇ ਹੇਠਾਂ ਪਿਆ ਵੀਹ ਡਾਲਰਾਂ ਦਾ ਨੋਟ ਇਸ ਕਥਾ ਦੀਆਂ ਅਨੇਕ ਤੰਦਾਂ ਨੂੰ ਪਰਿਭਾਸ਼ਿਤ ਕਰਦਾ ਹੈ। ਜਦ ਗੁਰਮੁਖ ਸਿੰਘ ਦਾ ਬੇਟਾ ਇਹ ਵੀਹਾਂ ਦਾ ਨੋਟ ਲੋੜਵੰਦ ਗੁਆਂਢੀ ਮਹਿੰਦਰ ਸਿੰਘ ਨੂੰ ਫੜਾ ਦਿੰਦਾ ਹੈ, ਤਦ ਕਹਾਣੀ ਇਕ ਮਹੱਤਵਪੂਰਨ ਟਵਿਸਟ ਲੈਂਦੀ ਹੈ ਅਤੇ ਉਸ ਤੋਂ ਬਾਅਦ ਗੁਰਮੁਖ ਸਿੰਘ ਦੇ ਮਾਨਵੀ ਕਿਰਦਾਰ ਦੇ ਹੇਠ ਛੁਪੇ ਸਵਾਰਥੀ ਅਤੇ ਭਾਵਨਾਵਾਂ ਤੋਂ ਸੱਖਣੇ ਇਨਸਾਨ ਦੇ ਦੀਦਾਰ ਹੋਣੇ ਸ਼ੁਰੂ ਹੋ ਜਾਂਦੇ ਹਨ। ਅਖੀਰ ਤੇ ਮਹਿੰਦਰ ਸਿੰਘ ਦੀ ਮੌਤ ਤੋਂ ਬਾਅਦ ਮਹਿੰਦਰ ਸਿੰਘ ਦੀ ਘਰਵਾਲੀ ਤੋਂ ਅੱਖ ਬਚਾ ਕੇ ਉਸ ਦਾ ਫਰ ਵਾਲਾ ਕੋਟ ਚੁੱਕ ਲਿਆਉਣਾ ਅਤੇ ਉਸ ਕੋਟ ਦੀ ਚੋਰੀ ਦੇ ਪਾਪ ਤੋਂ ਮੁਕਤ ਹੋਣ ਲਈ ਉਸ ਨੂੰ ਮਹਿੰਦਰ ਨੂੰ ਦਿੱਤੇ ਵੀਹ ਦੇ ਨੋਟ ਦੀ ਭਰਪਾਈ ਦੇ ਤੌਰ ’ਤੇ ਜਸਟੀਫਾਈ ਕਰਨਾ, ਉਸ ਦੇ ਸਵਾਰਥੀ ਅਤੇ ‘ਅਧਰਮੀ’ ਕਿਰਦਾਰ ਨੂੰ ਪਾਠਕ ਸਾਮ੍ਹਣੇ ਨੰਗਾ ਕਰਦਾ ਹੈ, ਪਰ ਕਹਾਣੀ ਦਾ ਕਲਾਈਮੈਕਸ ਇਸ ਤੋਂ ਵੀ ਅੱਗੇ ਉਦੋਂ ਹੁੰਦਾ ਹੈ, ਜਦ ਅਚਨਚੇਤ ਉਸ ਦਾ ਹੱਥ ਕੋਟ ਦੀਆਂ ਜੇਬਾਂ ਵਿਚ ਜਾਂਦਾ ਹੈ ਅਤੇ ਉਸ ਦੇ ਹੱਥ ਇਕ ਲਿਫ਼ਾਫ਼ਾ ਲੱਗਦਾ ਹੈ, ਜਿਸ ਦੇ ਉੱਪਰ ‘ਮਾਸਟਰ ਜੀ’ ਲਿਖਿਆ ਹੋਇਆ ਸੀ ਅਤੇ ਉਸ ਚਿੱਟੇ ਲਿਫ਼ਾਫ਼ੇ ਵਿਚ ਵੀਹ ਡਾਲਰਾਂ ਦਾ ਇਕ ਨੋਟ ਸੀ। ਇੱਥੇ ਪਹੁੰਚ ਕੇ ਕਥਾ ਤਾਂ ਸਮਾਪਤ ਹੋ ਜਾਂਦੀ ਹੈ ਪਰ ਪਾਠਕਾਂ ਦੀ ਨਜ਼ਰਾਂ ਵਿਚ ਮਹਿੰਦਰ ਸਿੰਘ ਨੂੰ ਬਹੁਤ ਦਿਆਨਤਦਾਰ ਅਤੇ ਗੁਰਮੁਖ ਸਿੰਘ ਨੂੰ ਕੱਖੋਂ ਹੌਲਾ ਕਿਰਦਾਰ ਬਣਾ ਕੇ ਪਾਠਕ ਮਨ ਉੱਪਰ ਆਪਣੇ ਸਦੀਵੀ ਨਿਸ਼ਾਨ ਛੱਡ ਜਾਂਦੀ ਹੈ। ਮਨੁੱਖੀ ਕਿਰਦਾਰਾਂ ਦੀਆਂ ਹੇਠਲੀਆਂ ਤਹਿਆਂ ਵਿਚ ਛੁਪੀਆਂ ਬੁਨਿਆਦੀ ਪ੍ਰਵਿਰਤੀਆਂ ਨੂੰ ਉਧੇੜ ਕੇ ਰੱਖ ਦੇਣਾ ਇਸ ਕਹਾਣੀ ਦੀ ਵੱਡੀ ਪ੍ਰਾਪਤੀ ਹੈ, ਜੋ ਅਮਨਪਾਲ ਸਾਰਾ ਦੀ ਇਕ ਕਹਾਣੀਕਾਰ ਦੇ ਤੌਰ ’ਤੇ ਨਿੱਗਰ ਪਛਾਣ ਸਥਾਪਤ

ਕਰਦੀ ਹੈ।

ਇਸ ਤੋਂ ਬਾਅਦ ਅਮਨਪਾਲ ਸਾਰਾ ਦੀਆਂ ਦੋ ਹੋਰ ਪੁਸਤਕਾਂ ‘ਡਾਇਮੰਡ ਰਿੰਗ’ ਅਤੇ ‘ਮੂਹਰਲਾ ਬਲਦ’ ਵੀ ਆਉਂਦੀਆਂ ਹਨ ਅਤੇ ਉਸ ਦੀ ਸਾਹਿਤਕ ਪਛਾਣ ਨੂੰ ਹੋਰ ਪੱਕੇਰਾ ਕਰਦੀਆਂ ਹਨ। ਉਸ ਦੀ ਕਹਾਣੀ ‘ਮੂਹਰਲਾ ਬਲਦ’ ਵੀ ਪਰਵਾਸ ਦੇ ਬਹੁਤ ਵੱਡੇ ਮਸਲਿਆਂ ਨੂੰ ਹੱਥ ਪਾਉਂਦੀ ਹੈ। ਅਮਨਪਾਲ ਸਾਰਾ ਦੀ ਇਸ ਕਹਾਣੀ ਦੇ ਕਥਾ ਸ਼ਿਲਪ ਦੀ ਖ਼ੂਬਸੂਰਤੀ ਇਹ ਹੈ ਕਿ ਕਹਾਣੀਕਾਰ ਕਹਾਣੀ ਦੇ ਮੁੱਖ ਪਾਤਰ ਰਣਜੀਤ ਦੇ ਸਮਾਂਤਰ ਬੱਗੇ ਬਲਦ ਦਾ ਮੈਟਾਫਰ ਸਿਰਜਦਾ ਹੈ। ਬੱਗਾ ਬਲਦ ਤੇ ਰਣਜੀਤ ਕਥਾ ਵਿਚ ਇਕ ਦੂਜੇ ਦੇ ਪ੍ਰਤੀਰੂਪ ਹਨ। ਪੰਜਾਬ ਦੀ ਖੇਤੀਬਾੜੀ ਆਧਾਰਿਤ ਆਰਥਿਕਤਾ ਵਾਲੇ ਇਸ ਵਰਤਾਰੇ ਤੋਂ ਵਾਕਿਫ ਹਨ ਕਿ ਕਈ ਵਾਰ ਦੋ ਬਲਦਾਂ ਜਾਂ ਝੋਟਿਆਂ ਦੇ ਮੂਹਰੇ ਇਕ ਤੀਜਾ ਬਲਦ ਜੋੜ ਦਿੱਤਾ ਜਾਂਦਾ ਸੀ, ਜਿਸ ਨੂੰ ਮੂਹਰਲਾ ਬਲਦ ਕਿਹਾ ਜਾਂਦਾ ਸੀ। ਇਸ ਕਹਾਣੀ ਵਿਚ ਸਵਰਨਾ ਇੰਝ ਹੀ ਕਰਦਾ ਹੈ। ਉਹ ਹਰ ਕਾਰਜ ਵਿਚ ਇਸ ਮੂਹਰਲੇ ਬਲਦ ਨੂੰ ਧੱਕ ਦਿੰਦਾ ਹੈ। ਥੱਕ ਜਾਣ ਤੇ ਉਸ ਨੂੰ ਆਰ (ਬਾਂਸ ਦੀ ਪਰੈਣੀ ਦੇ ਮੂਹਰੇ ਲੱਗੀ ਤਿੱਖੀ ਤੇ ਨੁਕੀਲੀ ਕਿੱਲ) ਲਾਉਂਦਾ ਸੀ ਅਤੇ ਉਸ ਨੂੰ ਬੁਚਕਾਰਦਾ ਹੋਇਆ ਤੇਜ਼ ਕਰ ਦਿੰਦਾ ਸੀ। ਰਣਜੀਤ ਜਿਸ ਨੇ ਪਰਵਾਸ ਵਿਚ ਆਪਣੇ ਮਸਲੇ ਨਜਿੱਠਿਦਿਆਂ ਬੱਗੇ ਬਲਦ ਵਾਂਗ ਪਿੰਡ ਵਾਲੇ ਸਾਰੇ ਟੱਬਰ ਦੀ ਸਾਰੀ ਕਬੀਲਦਾਰੀ ਨੂੰ ਮੂਹਰੇ ਲੱਗ ਕੇ ਢੋਹਿਆ। ਅਜਿਹਾ ਕਰਦਿਆਂ ਪਤਾ ਨਹੀਂ ਉਸ ਦੇ ਕਿੰਨੀਆਂ ਆਰਾਂ ਲੱਗੀਆਂ, ਉਸ ਦੀ ਆਪਣੀ ਸਿਹਤ ਖ਼ਰਾਬ ਹੋਈ, ਉਹ ਮਨੋਵਿਗਿਆਨਕ ਤੌਰ ’ਤੇ ਟੁੱਟਿਆ, ਨਸ਼ਿਆਂ ਦਾ ਆਦੀ ਹੋਇਆ, ਪਰ ਉਸ ਨੇ ਬੱਗੇ ਬਲਦ ਵਾਂਗ ਆਪਣੇ ਟੱਬਰ ਦੀਆਂ ਸਾਰੀਆਂ ਵਧੀਕੀਆਂ ਤੇ ਤਾਹਨੇ-ਮਿਹਣੇ ਬਰਦਾਸ਼ਤ ਕਰ ਕੇ ਘਰ ਦੀ ਕਬੀਲਦਾਰੀ ਦੇ ਗੱਡੇ ਨੂੰ ਖਿੱਚਿਆ। ਕਹਾਣੀ ਦਾ ਅੰਤ ਬੜਾ ਹੀ ਮਾਰਮਿਕ ਹੈ। ਅਖੀਰ ਤੇ ਇਕ ਪਾਸੇ ਉਸ ਦੇ ਦੋਸਤਾਂ ਮੇਛੀ ਅਤੇ ਸੁਖਦੇਵ ਦੀ ਮਦਦ ਅਤੇ ਉਸ ਦੇ ਪਿਤਾ ਦੁਆਰਾ ਗੁਰਦਾ ਦਾਨ ਕਰਕੇ ਦਿੱਤੀ ਕੁਰਬਾਨੀ ਨਾਲ ਉਸ ਦੀ ਜਾਨ ਬਚੀ ਅਤੇ ਜਦ ਉਹ ਬਹੁਤ ਸਾਲਾਂ ਬਾਅਦ ਸਵਰਨੇ ਨੂੰ ਮਿਲਣ ਉਸ ਦੇ ਘਰ ਗਿਆ ਤੇ ਉਸ ਨੇ ਬੱਗੇ ਬਲਦ ਦਾ ਹਾਲ ਚਾਲ ਪੁੱਛਿਆ ਤਾਂ ਉਸ ਨੂੰ ਬੱਗੇ ਬਲਦ ਦੇ ਸਾਬਤ ਸਬੂਤਾ ਹੋਣ ਤੇ ਬਹੁਤ ਸੰਤੁਸ਼ਟੀ ਮਹਿਸੂਸ ਹੋਈ। ਕਿਉਂਕਿ ਉਹ ਬੱਗੇ ਬਲਦ ਦੇ ਰੂਪ ਵਿਚ ਆਪਣੇ ਆਪ ਨੂੰ ਕਿਆਸ ਰਿਹਾ ਸੀ। ਕਹਾਣੀ ਵਿਚ ਸਵਰਨੇ ਦੁਆਰਾ ਬੋਲਿਆ ਆਖਰੀ ਸੰਵਾਦ ਰਣਜੀਤ ਨੂੰ ਅਤੇ ਕਹਾਣੀ ਦੇ ਪਾਠਕ ਨੂੰ ਬਹੁਤ ਵੱਡਾ ਸਕੂਨ ਭਰਿਆ ਧਰਵਾਸ ਦਿੰਦਾ ਹੈ :

“ਆਹੋ ਕੰਮ ਲੈਂਦਾ ਤਾਂ ਹਰ ਕਿਸੇ ਨੂੰ ਦਿਸਦਾ ਸੀ ਤੇ ਜਿਹੜਾ ਮੈਂ ਇੱਕ ਦਿਨ ਛੱਡ ਰਾਤ ਨੂੰ ਅਲਸੀ ਤੇ ਮਿੱਠੀ ਸੌਂਫ ਦਾ ਇਹ ਨੂੰ ਬਣਾ ਕੇ ਕਾੜ੍ਹਾ ਦਿੰਦਾ ਤੇ ਤਾਰਾਮੀਰਾ ਚਾਰਦਾ ਜਾਂ ਰੋਜ਼ ਗੁਤਾਵੇ ਚਾਰਦਾ ਸੀ ਉਹ ਥੋੜ੍ਹੋ ਕਿਸੇ ਨੇ ਦੇਖਿਆ। ਮਾੜਾ ਪੱਠਾ ਇਹਨੂੰ ਕਦੇ ਅੱਜ ਤਾਈਂ ਨੀ ਪਾਇਆ। ਪਿੰਡੇ ਇਹਦੇ ’ਤੇ ਕਦੀ ਮੱਖੀ ਨੀ ਬੈਠਣ ਦਿੱਤੀ। ਇਹਦੇ ਸਿਰ ’ਤੇ ਈ ਤਾਂ ਟੱਬਰ ਪਾਲਿਆ ਮੈਂ। ਹੁਣ ਵੀ ਮੈਨੂੰ ਕੰਮ ਛੱਡੇ ਨੂੰ ਪੰਜਮਾ ਸਾਲ ਆ ... ਪਰ ਮੈਂ ਨੀ ਵੇਚਿਆ ਇਹਨੂੰ। ਬਾਕੀ ਝੋਟੇ ਝਾਟੇ ਮਰ ਮੁਰ ਗਏ ... ਵੀਹਾਂ ਤੋਂ ਉੱਪਰ ਹੋ ਗਿਆ ਇਹ ਮੇਰਾ ਸ਼ੇਰ ... ਜਿੰਨਾ ਚਿਰ ਵੀ ਹੋਰ ਸਹੀ ਮੇਰਾ ਪੁੱਤ ਬਣ ਕੇ ਈ ਰਹੂ।”

ਬੱਗੇ ਦੇ ਕੋਲ ਜਾ ਕੇ ਸਵਰਨੇ ਨੇ ਪਹਿਲਾਂ ਵਾਂਗ ਲਲਕਾਰਾ ਮਾਰਿਆ, “ਸ਼ਾਵਾ ਬੱਗੇ ਸ਼ੇਰ ਦੇ ...” ਤੇ ਬੱਗਾ ਝੱਟ ਉੱਠ ਕੇ ਖਲੋ ਗਿਆ। ਸਵਰਨੇ ਨੇ ਕੁੜਤੇ ਦੀ ਜੇਬ ਵਿੱਚੋਂ ਹੱਥ ਨਾਲ ਕੱਢ ਕੇ ਗੁੜ ਦੀ ਪੇਸੀ ਚੱਟਣ ਨੂੰ ਦਿੱਤੀ। ਬੱਗਾ ਕੁਝ ਦੇਰ ਪੇਸੀ ਚੱਟਣ ਤੋਂ ਬਾਅਦ ਪੇਸੀ ਛੱਡ ਆਪਣੀ ਲੰਬੀ ਜੀਭ ਨਾਲ ਸਵਰਨੇ ਦੀ ਬਾਂਹ ਪੋਲੇ ਪੋਲੇ ਚੱਟਣ ਲੱਗ ਪਿਆ।

ਅਮਨਪਾਲ ਸਾਰਾ ਸਿਰਫ਼ ਇਕ ਕਹਾਣੀਕਾਰ ਹੀ ਨਹੀਂ ਸੀ, ਬਲਕਿ ਉਸ ਦੀ ਸਿਰਜਣਾਤਮਕ ਸ਼ਖ਼ਸੀਅਤ ਬਹੁਪਰਤੀ ਸੀ। ਉਸ ਦੇ ਅਦਬੀ ਸਫ਼ਰ ਦੀ ਸ਼ੁਰੂਆਤ ਪੰਜਾਬੀ ਨਾਟਕ ਦੇ ਸ਼ਾਹ-ਅਸਵਾਰ ਗੁਰਸ਼ਰਨ ਸਿੰਘ ਦੁਆਰਾ ‘ਸਮਤਾ’ ਮੈਗਜ਼ੀਨ ਵਿਚ ਪ੍ਰਕਾਸ਼ਿਤ ਕੀਤੀ ਇਕ ਕਵਿਤਾ ਨਾਲ ਹੋਈ ਅਤੇ ਬਾਅਦ ਵਿਚ ਉਸ ਨੇ ਕਹਾਣੀਆਂ, ਫਿਲਮਾਂ ਅਤੇ ਰੰਗਮੰਚ ਵੱਲ ਰੁੱਖ ਕੀਤਾ ਪਰ ਕਵਿਤਾ ਨਾਲ ਵੀ ਉਸ ਦਾ ਇਸ਼ਕ ਚਲਦਾ ਰਿਹਾ ਅਤੇ ਇਸ ਇਸ਼ਕ ਦੀ ਬਦੌਲਤ ਹੀ 1999 ਵਿਚ ਉਸ ਦਾ ਕਾਵਿ ਸੰਗ੍ਰਹਿ ‘ਦੋ ਮਾਵਾਂ ਦਾ ਪੁੱਤਰ’ ਹੋਂਦ ਵਿਚ ਆਇਆ।

ਉਹ ਇਕ ਬਹੁਤ ਗੰਭੀਰ ਅਤੇ ਪ੍ਰਤਿਭਾਸ਼ਾਲੀ ਅਦਾਕਾਰ ਸੀ, ਰੰਗਕਰਮੀ ਸੀ, ਖਿਡਾਰੀ ਸੀ, ਸਮਾਜਿਕ ਕਾਮਾ ਸੀ ਅਤੇ ਆਪਣੇ ਮਨੁੱਖੀ ਗੁਣਾਂ ਕਰਕੇ ਆਪਣੇ ਸਰਕਲਾਂ ਵਿਚ ਹਰਮਨਪਿਆਰਾ ਇਨਸਾਨ ਸੀ। ਇਕ ਅਦਾਕਾਰ ਦੇ ਤੌਰ ’ਤੇ ਉਸ ਦੀਆਂ ਦੋ ਫਿਲਮਾਂ ‘ਉਹਲਾ’ ਅਤੇ ‘ਗੁਲਦਸਤਾ’ ਜ਼ਿਕਰਯੋਗ ਹਨ। ‘ਉਹਲਾ’ ਫਿਲਮ ਵਿਚ ਉਸ ਨੇ ਪੰਜਾਬੀ ਸਿਨੇਮਾ ਦੀ ਪ੍ਰਸਿੱਧ ਅਦਾਕਾਰਾ ਰਮਾ ਵਿੱਜ ਦੇ ਨਾਲ ਬਤੌਰ ਐਕਟਰ ਬਹੁਤ ਖ਼ੂਬਸੂਰਤ ਕਾਰਜ ਕੀਤਾ। ਪੰਜਾਬੀ ਵਿਚ 1988 ਵਿਚ ਇਕ ਬਹੁਤ ਹੀ ਗੰਭੀਰ ਵਿਸ਼ੇ ’ਤੇ ਬਣੀ ਫਿਲਮ ‘ਉਹਲਾ’ ਵਿਚ ਕੰਮ ਕਰਦਿਆਂ ਉਸ ਦੀ ਸਮਾਜਿਕ ਸਰੋਕਾਰਾਂ ਨਾਲ ਪ੍ਰਤੀਬੱਧਤਾ ਅਤੇ ਪ੍ਰੋੜ੍ਹ ਅਦਾਕਾਰੀ ਦੇ ਦਰਸ਼ਨ ਹੁੰਦੇ ਹਨ। ਪਿੰਡ ਸੱਭਿਆਚਾਰ ਵਿਚ ਔਰਤ ਲਈ ਘਰ ਦਾ ਵਾਰਿਸ ਪੈਦਾ ਕਰਨਾ ਸਭ ਤੋਂ ਵੱਡਾ ਮਸਲਾ ਹੁੰਦਾ ਹੈ, ਜਿਸ ਦੀ ਪ੍ਰਾਪਤੀ ਲਈ ਕੋਈ ਔਰਤ ਆਪਣੇ ਪਤੀ ਦੀ ਕਾਮੁਕ-ਹੀਣਤਾ ’ਚੋਂ ਕਿਸ ਤਰ੍ਹਾਂ ਆਪਣੇ ਦਿਉਰ ਵੱਲ ਝੁਕਦੀ ਹੈ ਅਤੇ ਬਾਅਦ ਵਿਚ ਇਹੀ ਸਮੀਕਰਨ ਕਿਵੇਂ ਦਿਉਰ ਦੀ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਤਹਿਸ ਨਹਿਸ ਕਰਦੇ ਹੋਏ ਇਕ ਔਰਤ (ਦਿਉਰਾਣੀ) ਨੂੰ ਸੱਪਣੀ ਦੀ ‘ਜੂਨ’ ਵੱਲ ਧੱਕਦੇ ਹਨ ਅਤੇ ਉਸ ਦੀ ਜ਼ਿੰਦਗੀ ਨੂੰ ਦੋਜ਼ਖ ਬਣਾ ਦਿੰਦੇ ਹਨ।

ਇਹ ਬਹੁਤ ਹੀ ਗੰਭੀਰ, ਗੁੰਝਲਦਾਰ ਸਮਾਜਿਕ, ਸੱਭਿਆਚਾਰਕ, ਦੈਹਿਕ ਅਤੇ ਭਾਵਨਾਤਮਕ ਵਿਸ਼ਾ ਹੈ, ਜਿਸ ਨੂੰ ਇਸ ਫਿਲਮ ਰਾਹੀਂ ਪਛਾਣ ਮਿਲੀ ਹੈ। ਤਰਕਸ਼ੀਲ ਸੁਸਾਇਟੀ ਦੇ ਸਹਿਯੋਗ ਨਾਲ ਬਣੀ ਇਸ ਫਿਲਮ ਦੀ ਨਿਰਦੇਸ਼ਨਾ ਐੱਮ ਐੱਸ ਗਿੱਲ ਦੀ ਸੀ, ਕਹਾਣੀ ਅਤੇ ਸੰਵਾਦ ਪ੍ਰਸਿੱਧ ਚਿੰਤਕ ਡਾ. ਰਜਿੰਦਰਪਾਲ ਸਿੰਘ ਬਰਾੜ ਦੇ ਸਨ ਅਤੇ ਉਨ੍ਹਾਂ ਦੀ ਹਮਸਫ਼ਰ ਡਾ. ਚਰਨਜੀਤ ਕੌਰ ਬਰਾੜ ਨੇ ਵੀ ਇਸ ਵਿਚ ਅਹਿਮ ਭੂਮਿਕਾ (ਭਰਜਾਈ) ਦੀ ਨਿਭਾਈ ਸੀ। ਇਸੇ ਤਰ੍ਹਾਂ ਬਾਅਦ ਵਿਚ ਉਸ ਨੇ ਬਲਜੀਤ ਰੈਣਾ ਦੁਆਰਾ ਨਿਰਦੇਸ਼ਿਤ ਫਿਲਮ ‘ਗੁਲਦਸਤਾ’ ਵਿਚ ਅਦਾਕਾਰਾ ਮਾਹੀ ਗਿਲ (ਰਿੰਪੀ ਗਿੱਲ) ਨਾਲ ਵੀ ਆਰਮੀ ਕੈਪਟਨ ਦੀ ਖ਼ੂਬਸੂਰਤ ਭੂਮਿਕਾ ਅਭਿਨੀਤ ਕੀਤੀ, ਜਿਸ ਰਾਹੀਂ ਕਸ਼ਮੀਰ ਦੇ ਬਹੁਤ ਹੀ ਸੰਵੇਦਨਸ਼ੀਲ ਵਿਸ਼ੇ ਦੀਆਂ ਕਈ ਪਰਤਾਂ ਉੱਘੜਦੀਆਂ ਹਨ। ਇਸ ਫਿਲਮ ਵਿਚ ਕੇਵਲ ਧਾਲੀਵਾਲ ਨੇ ਵੀ ਅਹਿਮ ਭੂਮਿਕਾ ਅਦਾ ਕੀਤੀ ਸੀ।

ਇਸ ਤੋਂ ਇਲਾਵਾ ਇਕ ਰੰਗਕਰਮੀ ਦੇ ਤੌਰ ’ਤੇ ਕੈਨੇਡੀਅਨ ਪੰਜਾਬੀ ਰੰਗਮੰਚ ਨੂੰ ਸਥਾਪਤ ਕਰਨ ਵਿਚ ਵੀ ਅਮਨਪਾਲ ਸਾਰਾ ਦੀ ਬਹੁਤ ਮਹੱਤਵਪੂਰਨ ਭੂਮਿਕਾ ਸੀ। ਇਸ ਪ੍ਰਸੰਗ ਵਿਚ ਉਸ ਨੇ ਪ੍ਰਸਿੱਧ ਪ੍ਰਗਤੀਸ਼ੀਲ ਲੇਖਕ ਅਤੇ ਨਾਟਕਕਾਰ ਸਾਧੂ ਬਿਨਿੰਗ ਤੇ ਸੁਖਵੰਤ ਹੁੰਦਲ ਦੇ ਗਰੁੱਪ ‘ਵੈਨਕੂਵਰ ਸੱਥ’ ਨਾਲ ਮਿਲ ਕੇ ਬਹੁਤ ਅਹਿਮ ਕਾਰਜ ਕੀਤਾ। ਸੁਖਵੰਤ ਹੁੰਦਲ ਦੇ ਹੋਰਾਂ ਦੇ ਇਕ ਲੇਖ ਦੇ ਹਵਾਲੇ ਦੇ ਮੁਤਾਬਕ ‘ਸੰਨ 1984 ਵਿੱਚ ਉਹ ਸਾਡੇ ਨਾਲ ਵੈਨਕੂਵਰ ਸੱਥ ਵਿੱਚ ਆ ਕੇ ਰੰਗਮੰਚ ਕਰਨ ਲੱਗਾ। ਅਮਨਪਾਲ ਨੇ ਵੈਨਕੂਵਰ ਸੱਥ ਵਲੋਂ ਖੇਡੇ ਬਹੁਤ ਸਾਰੇ ਨਾਟਕਾਂ ਵਿੱਚ ਕੰਮ ਕੀਤਾ ਅਤੇ ਨਾਲ ਇਨ੍ਹਾਂ ਨਾਟਕਾਂ ਦੀ ਪ੍ਰੋਡਕਸ਼ਨ ਵਿੱਚ ਸਰਗਰਮ ਰੋਲ ਨਿਭਾਇਆ। ਅਮਨਪਾਲ ਨੇ ਵੈਨਕੂਵਰ ਸੱਥ ਦੇ ਇਨ੍ਹਾਂ ਨਾਟਕਾਂ ਵਿੱਚ ਕੰਮ ਕੀਤਾ : ਪਿਕਟ ਲਾਈਨ (ਅੰਗਰੇਜ਼ੀ ਅਤੇ ਪੰਜਾਬੀ), ਲੱਤਾਂ ਦੇ ਭੂਤ, ਹਵੇਲੀਆਂ ਤੇ ਪਾਰਕਾਂ, ਜ਼ਹਿਰ ਦੀ ਫਸਲ, ਮਲੂਕੇ ਦਾ ਵਿਸ਼ਵ ਵਿਦਿਆਲਾ, ਨਿੱਕੀ ਜਿਹੀ ਗੱਲ ਨਹੀਂ, ਤੂਤਾਂ ਵਾਲਾ ਖੂਹ ਅਤੇ ‘ਏ ਕਰਾਪ ਆਫ ਪੁਆਜ਼ਿਨ’ (‘ਜ਼ਹਿਰ ਦੀ ਫ਼ਸਲ’ ਦਾ ਅੰਗਰੇਜ਼ੀ ਰੂਪ)।’ ਇਹ ਨਾਟਕ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਅਤੇ ਸੂਬਿਆਂ ਵਿੱਚ ਖੇਡੇ ਗਏ।’ ਉਸ ਨੇ ਸੁਤੰਤਰ ਰੂਪ ਵਿਚ ਵੀ ਕੁਝ ਨਾਟਕਾਂ ਦਾ ਨਿਰਦੇਸ਼ਨ ਕੀਤਾ। ਤਰਕਸ਼ੀਲ ਸੁਸਾਇਟੀ ਵੱਲੋਂ ਉਸ ਨੇ ਇਕ ਨਾਟਕ ‘ਰੁੱਤ ਵੋਟਾਂ’ ਦੀ ਆਈ ਦਾ ਨਿਰਦੇਸ਼ਨ ਕੀਤਾ ਅਤੇ ਇਸੇ ਤਰ੍ਹਾਂ ਸਰੀ ਵਿਚ ਵਸਦੀ ਨਾਟਕਕਾਰ ਅਤੇ ਰੰਗਕਰਮੀ ਪਰਮਿੰਦਰ ਸਵੈਚ ਦੇ ਨਾਟਕ ‘ਇਕ ਸਵਾਲ’ ਨੂੰ ਵੀ ਨਿਰਦੇਸ਼ਿਤ ਕੀਤਾ।

ਵੈਨਕੂਵਰ ਸੱਥ ਨਾਲ ਮਿਲ ਕੇ ਉਨ੍ਹਾਂ ਨੇ ਨਾ ਸਿਰਫ ਥੀਏਟਰ ਹੀ ਕੀਤਾ ਬਲਕਿ ਇਕ ਸਾਹਿਤਕ ਕਾਮੇ ਵਜੋਂ ਵੱਡੇ ਸਾਹਿਤਕ ਪ੍ਰਾਜੈਕਟਾਂ ਵਿਚ ਤਨਦੇਹੀ ਨਾਲ ਕਾਰਜ ਕੀਤਾ। ਇਸ ਸੰਸਥਾ ਵੱਲੋਂ ਕੱਢੇ ਜਾਂਦੇ ਸਾਹਿਤਕ ਮੈਗਜ਼ੀਨ ‘ਵਤਨ’ ਲਈ ਉਸ ਦੁਆਰਾ ਕੀਤਾ ਕਾਰਜ ਬਹੁਤ ਅਹਿਮ ਸੀ। ਇਸ ਮੈਗਜ਼ੀਨ ਲਈ ਕੰਮ ਕਰਦਿਆਂ ਹੀ ਉਸ ਦੀਆਂ ਸਾਹਿਤਕ ਰਚਨਾਵਾਂ ਨੂੰ ਧਰਾਤਲ ਮਿਲਿਆ ਅਤੇ ਉਸ ‘ਵਤਨ’ ਮੈਗਜ਼ੀਨ ਵਿਚ ਉਸ ਦੀਆਂ ਬਹੁਤ ਸਾਰੀਆਂ ਕਹਾਣੀਆਂ ਛਪੀਆਂ ਅਤੇ ਜਿਸ ਦਾ ਸਿਖ਼ਰ ‘ਵੀਹਾਂ ਦਾ ਨੋਟ’, ‘ਮੂਹਰਲਾ ਬਲਦ’ ਅਤੇ ‘ਵਹਿੰਗੀ’ ਵਰਗੀਆਂ ਹੋਰ ਬਹੁਤ ਸਾਰੀਆਂ ਕਹਾਣੀਆਂ ਦੇ ਰੂਪ ਵਿਚ ਸਾਮ੍ਹਣੇ ਆਇਆ। ‘ਵਤਨ’ ਵਿੱਚ ਕੰਮ ਕਰਦਿਆਂ ਅਮਨਪਾਲ ਨੇ ਲਾਲਾ ਹਰਦਿਆਲ ਦੇ ਮਸ਼ਹੂਰ ਲੇਖ ‘ਕੰਪੈਰੇਟਿਵ ਰਿਲੀਜਨ’ ਦਾ ‘ਤੁਲਨਾਤਮਕ ਧਰਮ’ ਦੇ ਨਾਂ ਹੇਠ ਪੰਜਾਬੀ ਵਿੱਚ ਅਨੁਵਾਦ ਕੀਤਾ ਸੀ।

ਕਲਾਵਾਂ ਦੀਆਂ ਬਹੁਤ ਸਾਰੀਆਂ ਵੰਨਗੀਆਂ ਨਾਲ ਜੁੜੀ ਇਸ ਬਹੁਪੱਖੀ ਸ਼ਖ਼ਸੀਅਤ ਅਮਨਪਾਲ ਸਾਰਾ ਦਾ ਪਿਛੋਕੜ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਜੁੜਿਆ ਹੋਇਆ ਹੈ। 2 ਅਗਸਤ 1957 ਨੂੰ ਪੰਜਾਬ ਦੀ ਧਰਤੀ ’ਤੇ ਜਨਮ ਲੈ ਕੇ ਰੋਜ਼ੀ-ਰੋਟੀ ਦੇ ਗੇੜਾਂ ਵਿਚ 1976 ਵਿਚ ਕੈਨੇਡਾ ਪਰਵਾਸ ਕੀਤਾ। ਫਿਰ ਇਕ ਵਾਰ ਪੰਜਾਬ ਵੱਲ ਪਰਤਿਆ ਪਰ ਵਾਪਿਸ ਜਾ ਕੇ 1979 ਵਿਚ ਪੱਕੇ ਤੌਰ ’ਤੇ ਬਿ੍ਰਟਿਸ਼ ਕੋਲੰਬੀਆ ਨੂੰ ਆਪਣੀ ਕਰਮਭੂਮੀ ਬਣਾ ਲਿਆ। ਕੈਨੇਡਾ ਪਹੁੰਚ ਕੇ ਉਸ ਨੇ ਟੈਕਸੀਆਂ ਚਲਾਈਆਂ, ਟਰਾਂਜ਼ਿਟ ਬੱਸਾਂ ਚਲਾਈ ਅਤੇ ਫਿਰ ਅਦਬੀ ਗੱਡੀ ’ਤੇ ਸਵਾਰ ਹੋਇਆ ਅਤੇ ਅਦਬ ਅਤੇ ਕਲਾ ਦੀਆਂ ਸੜਕਾਂ ਦਾ ਖੂਬ ਭਰਮਣ ਕੀਤਾ ਅਤੇ ਇਕ ਸ਼ਾਨਦਾਰ ਸਫਰ ਤੈਅ ਕੀਤਾ। ਜਨਵਰੀ 2023 ਤਕ ਲਗਪਗ ਅੱਧੀ ਸਦੀ (46 ਸਾਲ) ਕੈਨੇਡਾ ਵਿਚ ਆਪਣੀਆਂ ਅਤੇ ਪੰਜਾਬੀ ਸਾਹਿਤ, ਨਾਟਕ ਅਤੇ ਫਿਲਮਾਂ ਦੀਆਂ ਜੜ੍ਹਾਂ ਲਾਉਣ ਲਈ ਮਿਹਨਤ ਕਰਦਾ ਰਿਹਾ।

ਬਿ੍ਰਟਿਸ਼ ਕੋਲੰਬੀਆ ਦੇ ਪ੍ਰੀਮੀਅਰ ਉੱਜਲ ਦੁਸਾਝ ਦੇ ਚਚੇਰੇ ਭਰਾ ਅਮਨਪਾਲ ਸਾਰਾ ਦਾ ਵਿਆਹ ਸੁਖਜਿੰਦਰ ਕੌਰ ਸ਼ੇਰਗਿੱਲ ਨਾਲ ਹੋ ਗਿਆ। ਅਮਨਪਾਲ ਸਾਰਾ ਅਤੇ ਸੁਖਜਿੰਦਰ ਦੇ ਘਰ ਦੋ ਬੇਟੇ ਪੈਦਾ ਹੋਏ-ਆਜ਼ਾਦ ਪਾਲ ਅਤੇ ਸੂਰਜ ਪਾਲ। ਆਪਣੇ ‘ਫਰੀਡਮ ਫਾਈਟਰ’ ਦਾਦਾ ਦੁਆਰਾ ਅੰਗਰੇਜ਼ਾਂ ਖ਼ਿਲਾਫ਼ ਕੀਤੇ ਸੰਘਰਸ਼ ਦੀਆਂ ਬਹੁਤ ਸਾਰੀਆਂ ਚੀਜ਼ਾਂ ‘ਖ਼ਾਨਦਾਨੀ ਡੀ ਐੱਨ ਏ’ ਰਾਹੀਂ ਅਮਨਪਾਲ ਸਾਰਾ ਤਕ ਪਹੁੰਚੀਆਂ ਅਤੇ ਸਾਰੀ ਉਮਰ ਉਸ ਦੀ ਸ਼ਖ਼ਸੀਅਤ ਦਾ ਹਿੱਸਾ ਰਹੀਆਂ।

ਲਗਪਗ ਡੇਢ ਦਹਾਕਾ ਪਹਿਲਾਂ ਉਹ ਪਾਰਕਿੰਨਸਨ ਨਾਂ ਦੀ ਬਹੁਤ ਗੰਭੀਰ ਬਿਮਾਰੀ ਤੋਂ ਪੀੜਤ ਹੋ ਕੇ ਸਾਉਥ ਵੈਨਕੂਵਰ ਦੇ ਜਾਰਜ ਪੀਅਰਸ਼ਨ ਸੈਂਟਰ ਵਿਚ ਦਾਖ਼ਲ ਰਿਹਾ, ਜਿੱਥੇ ਉਹ ਸਥਾਈ ਰੂਪ ਵਿਚ ਵ੍ਹੀਲ ਚੇਅਰ ਤਕ ਸੀਮਤ ਹੋ ਗਿਆ। ਪਾਰਕਿੰਨਸਨ ਬਹੁਤ ਖ਼ਤਰਨਾਕ ਰੋਗ ਹੈ ਜੋ ਮਨੁੱਖ ਦੇ ਨਰਵਸ ਸਿਸਟਮ ਵਿਚ ‘ਲੌਂਗ ਟਰਮ ਡੀਜਨਰੇਟਿਵ ਡਿਸਆਰਡਰ’ ਪੈਦਾ ਕਰਦਾ ਹੈ, ਜੋ ਮਨੁਖ ਦੀਆਂ ਸਾਰੀਆਂ ਹਰਕਤਾਂ, ਗਤੀਵਿਧੀਆਂ ਅਤੇ ਅੰਗਾਂ ਦੇ ਆਪਸੀ ਤਾਲਮੇਲ ਨੂੰ ਕਮਜ਼ੋਰ ਕਰਦਾ ਹੈ। ਇਸ ਬਿਮਾਰੀ ਨਾਲ ਉਸ ਦੀ ਆਵਾਜ਼ ਲਗਪਗ ਬੰਦ ਹੋ ਗਈ ਸੀ ਅਤੇ ਜਿਨ੍ਹਾਂ ਸਰੀਰਕ ਮੁਦਰਾਵਾਂ ਅਤੇ ਆਂਗਿਕ ਅਭਿਨੈ ਨਾਲ ਉਸ ਨੇ ਰੰਗਮੰਚ ਤੇ ਫਿਲਮਾਂ ਵਿਚ ਧੁੰਮਾਂ ਪਾਈਆਂ, ਉਨ੍ਹਾਂ ਰਾਹੀਂ ਵੀ ਹੁਣ ਇਨ੍ਹਾਂ ਸਰੀਰਕ ਗਤੀਵਿਧੀਆਂ ਕਰਨ ਦੀ ਵੀ ਸਮਰੱਥਾ ਨਹੀਂ ਰਹੀ ਸੀ।

ਉਹ ਬਹੁਤ ਹੀ ਆਸ਼ਾਵਾਦੀ ਨਜ਼ਰੀਏ ਵਾਲਾ ਵਿਅਕਤੀ ਸੀ। ਇਸ ਭਿਆਨਕ ਬੀਮਾਰੀ ਨਾਲ ਜੂਝਦਾ ਹੋਇਆ ਵੀ ਉਹ ਮੁੜ ਜ਼ਿੰਦਗੀ ਵੱਲ ਪਰਤਣ ਦੀ ਆਸ ਰਖਦਾ ਹੋਇਆ ਕਹਿੰਦਾ ਹੁੰਦਾ ਸੀ : ‘ਮੈਨੂੰ ਪੂਰੀ ਉਮੀਦ ਹੈ ਕਿ ਦੋ ਜਾਂ ਤਿੰਨ ਸਾਲਾਂ ਵਿਚ ਮੈਡੀਕਲ ਸਾਇੰਸ ਇਸ ਬਿਮਾਰੀ ਦਾ ਇਲਾਜ ਲੱਭ ਲਏਗੀ ਅਤੇ ਮੈਂ ਦੋਬਾਰਾ ਫਿਰ ਫੁੱਟਬਾਲ. ਕਿ੍ਰਕੇਟ, ਅਤੇ ਬੈਡਮਿੰਟਨ ਖੇਡਣ ਦੇ ਨਾਲ-ਨਾਲ ਭੰਗੜਾ ਅਤੇ ਕਰਾਟੇ ਵੀ ਕਰ ਸਕਾਂਗਾ, ਜੋ ਮੇਰੇ ਜੀਵਨ ਪ੍ਰਵਾਹ ਨੂੰ ਜੀਵੰਤ ਬਣਾਉਣ ਵਿਚ ਸਹਾਈ ਹੋਣਗੇ।’ ਪਰ ਇਸ ਭਿਆਨਕ ਬਿਮਾਰੀ ਨੇ ਉਸ ਦੇ ਸੁਪਨਿਆਂ ਨੂੰ ਖਾ ਲਿਆ ਅਤੇ ਇਕ ਬਹੁਤ ਹੀ ਸੰਭਾਵਨਾ ਭਰਪੂਰ ਕਹਾਣੀਕਾਰ, ਸ਼ਾਇਰ, ਰੰਗਕਰਮੀ, ਫਿਲਮ ਅਦਾਕਾਰ, ਸਮਾਜਿਕ ਤੇ ਸਾਹਿਤਕ ਕਾਰਕੁਨ, ਖਿਡਾਰੀ ਅਤੇ ਜ਼ਿੰਦਾਦਿਲ ਇਨਸਾਨ ਵਕਤ ਤੋਂ ਪਹਿਲਾਂ ਸਾਡੇ ਤੋਂ ਖੋਹ ਲਿਆ ਪਰ ਪੰਜਾਬੀ ਅਦਬ ਦਾ ਇਹ ਚਮਕਦਾ ਸਿਤਾਰਾ ‘ਵੀਹਾਂ ਦਾ ਨੋਟ’ ਵਰਗੀਆਂ ਕਹਾਣੀਆਂ ਦੇ ਰੂਪ ਵਿਚ ਬਹੁਤ ਸਾਰੀ ਅਦਬੀ ਦੌਲਤ ਦੀ ‘ਐੱਫ ਡੀ’ ਪੰਜਾਬੀ ਅਦਬ ਅਤੇ ਕਲਾ ਦੇ ਖਾਤੇ ਵਿਚ ਜਮ੍ਹਾਂ ਕਰਵਾ ਗਿਆ ਜਿਸ ਦਾ ਮੂਲ-ਧਨ ਸੁਰੱਖਿਅਤ ਰਖਦੇ ਹੋਏ ਅਸੀਂ ਉਸ ਦੇ ਸੂਦ ਰਾਹੀਂ ਅਨੰਦਿਤ ਹੁੰਦੇ ਰਹਾਂਗੇ। ਆਓ ਉਸ ਦੇ ਸਾਹਿਤ ਨੂੰ ਫੋਲੀਏ...ਉਸ ਦੀਆਂ ਫਿਲਮਾਂ ਨੂੰ ਦੇਖੀਏ ਅਤੇ ਸਮਾਜਿਕ ਤੇ ਸਾਹਿਤਕ ਕਾਮੇ ਦੇ ਰੂਪ ਵਿਚ ਉਸ ਦੀਆਂ ਸੇਵਾਵਾਂ ’ਤੇ ਮਾਣ ਮਹਿਸੂਸ ਕਰਦੇ ਹੋਏ ਇਨ੍ਹਾਂ ਰਾਹਾਂ ਤੇ ਤੁਰਨ ਦੀ ਕੋਸ਼ਿਸ਼ ਕਰੀਏ, ਇਹੀ ਅਮਨਪਾਲ ਸਾਰਾ ਪ੍ਰਤੀ ਸਾਡੀ ਸੱਚੀ ਅਕੀਦਤ ਹੋਵੇਗੀ।

- ਕੁਲਦੀਪ ਸਿੰਘ ਦੀਪ (ਡਾ.)

Posted By: Harjinder Sodhi