ਕਾਵਿ-ਸੰਗ੍ਰਹਿ ‘ਕਿਣਕਾ ਕਿਣਕਾ ਹਿੰਸਾ’ ਪੁਸਤਕ ਵਿਚ ਡਾ. ਸਰਬਜੀਤ ਕੌਰ ਸੋਹਲ ਦੀਆਂ 56 ਕਾਵਿ-ਰਚਨਾਵਾਂ ਦਰਜ ਹਨ। ਡਾ. ਸੋਹਲ ਨੇ ‘ਧਰਤੀ ਪੁੱਤਰ ਦੀ ਤਾਸੀਰ’ ’ਚ ਧਰਤੀ ਮਾਂ ਦੀ ਗਾਥਾ ਬਿਆਨ ਕੀਤੀ ਹੈ ਜੋ ਬੀਜ ਨੂੰ ਉਗਾਉਂਦੀ ਹੈ ਤੇ ਸਾਰਿਆਂ ਨੂੰ ਰੋਟੀ ਦਿੰਦੀ ਹੈ ਪਰ ਨਾਲ-ਨਾਲ ਦਵਾਈਆਂ ਦਾ ਜ਼ਹਿਰ ਵੀ ਪੀ ਰਹੀ ਹੈ।

ਪੁਸਤਕ : ‘ਕਿਣਕਾ ਕਿਣਕਾ ਹਿੰਸਾ’ (ਕਾਵਿ-ਸੰਗ੍ਰਹਿ)
ਲੇਖਿਕਾ : ਡਾ. ਸਰਬਜੀਤ ਕੌਰ ਸੋਹਲ
ਪੰਨੇ : 112 ਮੁੱਲ : 295/-
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ।
ਕਾਵਿ-ਸੰਗ੍ਰਹਿ ‘ਕਿਣਕਾ ਕਿਣਕਾ ਹਿੰਸਾ’ ਪੁਸਤਕ ਵਿਚ ਡਾ. ਸਰਬਜੀਤ ਕੌਰ ਸੋਹਲ ਦੀਆਂ 56 ਕਾਵਿ-ਰਚਨਾਵਾਂ ਦਰਜ ਹਨ। ਡਾ. ਸੋਹਲ ਨੇ ‘ਧਰਤੀ ਪੁੱਤਰ ਦੀ ਤਾਸੀਰ’ ’ਚ ਧਰਤੀ ਮਾਂ ਦੀ ਗਾਥਾ ਬਿਆਨ ਕੀਤੀ ਹੈ ਜੋ ਬੀਜ ਨੂੰ ਉਗਾਉਂਦੀ ਹੈ ਤੇ ਸਾਰਿਆਂ ਨੂੰ ਰੋਟੀ ਦਿੰਦੀ ਹੈ ਪਰ ਨਾਲ-ਨਾਲ ਦਵਾਈਆਂ ਦਾ ਜ਼ਹਿਰ ਵੀ ਪੀ ਰਹੀ ਹੈ। ‘ਨਾਨਕ ਵੇਲਾ’, ‘ਮੈਂ ਹਾਂ ਕਿਸਾਨ’ ਤੇ ‘ਅਸੀਂ ਲੋਹ-ਪੁਰਸ਼’ ’ਚ ਕਿਸਾਨੀ ਦੀ ਬਾਤ ਪਾਉਂਦਿਆਂ ਜਿੱਤ ਦੇ ਕਾਫ਼ਿਲੇ ਅਤੇ ਸੰਘਰਸ਼ ਦਾ ਜ਼ਿਕਰ ਕੀਤਾ ਗਿਆ ਹੈ। ‘ਮੈਂ ਪੰਜਾਬ ਬੋਲਦਾਂ’ ਕਵਿਤਾ ਦਿੱਲੀ ਨੂੰ ਵੰਗਾਰ ਹੈ ਕਿ ਉਹਦੇ ਸੂਰਮੇ ਪੁੱਤ ਹੁਣ ਜਾਗ ਪਏ ਹਨ ਜੋ ਕਰਜ਼ੇ ਵਿਚ ਡੱੁਬੇ ਵੀ ਦੂਜੇ ਦਾ ਢਿੱਡ ਭਰਦੇ ਹਨ ਤੇ ਰਾਜਧਾਨੀ ਦੇ ਬਾਰਡਰਾਂ ’ਤੇ ਪੋਹ ਦੇ ਪਾਲੇ ਵਿਚ ਦਿਨ-ਰਾਤ ਸੰਘਰਸ਼ ਵਿੱਢਦੇ ਹਨ। ਇਦਾਂ ਕਵੀ ਮਨ ਕਵਿਤਾ ਰਾਹੀਂ ਕਿਰਤੀ ਕਿਸਾਨਾਂ, ਮਜ਼ਦੂਰਾਂ ਦੇ ਹੱਕਾਂ ਲਈ ਉਨ੍ਹਾਂ ਦੇ ਨਾਲ ਖੜ੍ਹਾ ਉਹਦੇ ਦਰਦ ਨੂੰ ਬਾਖ਼ੂਬੀ ਬਿਆਨ ਕਰਦਾ ਹੈ । ‘ਅੱਤ ਦਾ ਵਾਦ’ ’ਚ ਕਵੀ ਸਮਾਜਿਕ ਵਰਤਾਰੇ ਦੀ ਹੋਣੀ ਨੂੰ ਬੇਬਾਕੀ ਨਾਲ ਪੇਸ਼ ਕਰਦੀ ਹੈ ਤੇ ਪਾਠਕ ਨੂੰ ਗੰਦੀ ਸਿਆਸਤ ਦੀ ਲੋਕਾਈ ’ਤੇ ਪੈਂਦੀ ਦੂਹਰੀ ਮਾਰ ਦਾ ਝਲਕਾਰਾ ਮਿਲਦਾ ਹੈ। ‘ਅਸੀਂ ਖਾੜਕੂ ਹੁੰਦੇ ਹਾਂ’ ’ਚ ਅਣਖੀ ਪੰਜਾਬੀਆਂ ਦੀ ਬਾਤ ਛੋਹਦਿਆਂ ਲੋਕਤੰਤਰ ਦੇ ਘਾਣ ਕਰਨ ਵਾਲਿਆਂ ਨੂੰ ਵੰਗਾਰਿਆ ਹੈ। ਇਸੇ ਤਰ੍ਹਾਂ ਸਮਾਜ ਦਾ ਸ਼ੀਸ਼ਾ ਪੇਸ਼ ਕਰਦੀਆਂ ‘ਮੈਂ ਅੱਤਵਾਦੀ ਨਹੀਂ’, ‘ਗਿਰਵੀ ਮਨੁੱਖ’, ਹੱਕ ਜਿਨ੍ਹਾਂ ਦੇ ਆਪਣੇ’, ‘ਲਾਮਿਸਾਲ ਇਤਿਹਾਸ’,‘ਇਤਿਹਾਸ ਦੇ ਸੁਨਹਿਰੀ ਅੱਖਰ’, ਕਵਿਤਾਵਾਂ ਵੀ ਪਾਠਕ ਮਨ ਨੂੰ ਝੰਜੋੜਦੀਆਂ ਹਨ। ‘ਕਿਣਕਾ ਕਿਣਕਾ ਹਿੰਸਾ’ ਤਾਂ ਮਾਨਵਤਾ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਹਲੂਣਾ ਦਿੰਦੀ ਹੈ-
‘ਮੌਤ ਦਾ ਪਲੇਥਣ ਵੇਦਨਾਵਾਂ ’ਤੇ, ਕਿਣਕਾ ਕਿਣਕਾ ਹਿੰਸਾ
ਰੇਸ਼ਾ ਰੇਸ਼ਾ ਹੰਕਾਰ,
ਸੰਨ੍ਹੀ ਰਲਾਉਣ ’ਚ ਲੰਘੇ ਆਰਜਾ
ਤੇਰੇ ਤੋਂ ਮੇਰੇ ਤੋਂਂ ਸਭਨਾਂ ਤੋਂ
ਸਭਨਾਂ ਲਈ
ਇਉਂ ਦੇ ਜਿਊਣ ਦੀ ਤਾਂ
ਨਾ ਸੀ ਕੋਈ ਉਮੀਦ..।’
ਨਿਰਪੱਖ ਆਲੋਚਨਾ ਦੀ ਮੁੱਦਈ ਡਾ. ਸੋਹਲ ‘ਦੋ ਸ਼ਬਦਾਂ’ ਰਾਹੀਂ ਇਹ ਗੱਲ ਦੀ ਸ਼ਾਹਦੀ ਭਰਦੀ ਹੈ ਕਿ ਸਾਹਿਤ ਰਚਨਾਵਾਂ ਪਾਠਕਾਂ ਤੇ ਲੇਖਕਾਂ ਵਿਚਾਲੇ ਸਾਂਝ ਤੇ ਮੁਹੱਬਤ ਪੈਦਾ ਕਰਨ। ਇਸੇ
ਲਈ ਉਹ ਹੁੰਗਾਰੇ ਦੀ ਉਡੀਕ ’ਚ ਰਹਿੰਦਿਆਂ ਪੁਸਤਕ ਪਾਠਕਾਂ ਦੇ ਸਨਮੁੱਖ ਕਰ ਰਹੀ ਹੈ।
- ਜਸਵਿੰਦਰ ਸਿੰਘ ਬਹੋੜੂ