ਹਰ ਜਿਉਂਦੀ ਕੌਮ ਦਾ ਇਕ ਮਾਣ ਭਰਿਆ ਵਿਰਸਾ ਹੈ। ਕਿਸੇ ਕੌਮ ਦਾ ਅੰਦਾਜ਼ਾ ਲਾਉਣਾ ਹੋਵੇ ਤਾਂ ਉਸ ਦੀ ਕਲਾ ਤੇ ਸੱਭਿਆਚਾਰ ਤੋਂ ਲਾਇਆ ਜਾ ਸਕਦਾ ਹੈ। ਸੱਚਮੁੱਚ ਹੀ ਪੰਜਾਬੀ ਬੜੇ ਭਾਗਾਂ ਵਾਲੇ ਹਨ, ਜਿਨ੍ਹਾਂ ਨੂੰ ਵਿਰਸੇ ਵਿਚ ਅਮੀਰ ਤੇ ਵਿਲੱਖਣ ਵਿਰਾਸਤ ਪ੍ਰਾਪਤ ਹੋਈ ਹੈ, ਜਿਸ ’ਤੇ ਹਰ ਪੰਜਾਬੀ ਮਾਣ ਕਰ ਸਕਦਾ ਹੈ।
ਹਰ ਜਿਉਂਦੀ ਕੌਮ ਦਾ ਇਕ ਮਾਣ ਭਰਿਆ ਵਿਰਸਾ ਹੈ। ਕਿਸੇ ਕੌਮ ਦਾ ਅੰਦਾਜ਼ਾ ਲਾਉਣਾ ਹੋਵੇ ਤਾਂ ਉਸ ਦੀ ਕਲਾ ਤੇ ਸੱਭਿਆਚਾਰ ਤੋਂ ਲਾਇਆ ਜਾ ਸਕਦਾ ਹੈ। ਸੱਚਮੁੱਚ ਹੀ ਪੰਜਾਬੀ ਬੜੇ ਭਾਗਾਂ ਵਾਲੇ ਹਨ, ਜਿਨ੍ਹਾਂ ਨੂੰ ਵਿਰਸੇ ਵਿਚ ਅਮੀਰ ਤੇ ਵਿਲੱਖਣ ਵਿਰਾਸਤ ਪ੍ਰਾਪਤ ਹੋਈ ਹੈ, ਜਿਸ ’ਤੇ ਹਰ ਪੰਜਾਬੀ ਮਾਣ ਕਰ ਸਕਦਾ ਹੈ।
ਬੇਸ਼ੱ ਸਾਡੇ ਪੰਜਾਬ ਦਾ ਸੱਭਿਆਚਾਰ ਲਾਸਾਨੀ ਹੈ। ਅੱਜ ਵੀ ਜਦੋਂ ਅਸੀਂ ਬਜ਼ੁਰਗਾਂ ਕੋਲ ਬੈਠਦੇ ਹਾਂ, ਉਨ੍ਹਾਂ ਦੀਆਂ ਗੱਲਾਂ ਸੁਣਦੇ ਹਾਂ ਤਾਂ ਸਾਡਾ ਸੀਨਾ ਮਾਣ ਨਾਲ ਤਣ ਜਾਂਦਾ ਹੈ ਪਰ ਆਧੁਨਿਕ ਸਮੇਂ ਵਿਚ ਬਹੁਤ ਕੁਝ ਇਹੋ ਜਿਹਾ ਨਹੀਂ ਰਿਹਾ, ਹੌਲੀ-ਹੌਲੀ ਸਭ ਕੁਝ ਖ਼ਤਮ ਹੁੰਦਾ ਜਾ ਰਿਹਾ ਹੈ। ਸਾਡੀ ਮਾਂ- ਬੋਲੀ, ਸਾਡਾ ਸੱਭਿਆਚਾਰ, ਸਾਡੇ ਰੀਤੀ-ਰਿਵਾਜ ਹੌਲੀ-ਹੌਲੀ ਸਭ ਖ਼ਤਮ ਹੁੰਦੇ ਜਾ ਰਹੇ ਹਨ। ਪੰਜਾਬੀ ਵਿਰਸੇ ਦੀ ਪਛਾਣ ਲੋਕਾਂ ਨੂੰ ਭੁੱਲੀ ਜਾ ਰਹੀ ਹੈ।
ਪੰਜਾਬੀ ਸੱਭਿਆਚਾਰ ਵਿਚ ਇੱਕ ਪੱਖ ਤਿ੍ਰੰਞਣ ਦਾ ਹੈ, ਜੋ ਕਿ ਪੰਜਾਬੀ ਮੁਟਿਆਰਾਂ ਦੀ ਜ਼ਿੰਦ ਜਾਨ ਹੁੰਦਾ ਸੀ ਪਰ ਜੇ ਅੱਜਕੱਲ੍ਹ ਦੀਆਂ ਮੁਟਿਆਰਾਂ ਕੋਲੋਂ ਇਹ ਪੁੱਛਿਆ ਜਾਵੇ ਕਿ ਤਿ੍ਰੰਞਣ ਕੀ ਹੈ ਤਾਂ ਉਹ ਇਹ ਸੁਣ ਕੇ ਹੈਰਾਨ ਰਹਿ ਜਾਣਗੀਆਂ ਕਿ ਪੁੱਛਣ ਵਾਲਾ ਕੀ ਪੁੱਛ ਰਿਹਾ ਹੈ। ਉਨ੍ਹਾਂ ਕੋਲ ਇਸ ਬਾਰੇ ਕੋਈ ਜਵਾਬ ਨਹੀਂ ਹੋਵੇਗਾ।
ਪਹਿਲਾਂ ਜਦੋਂ ਕਦੀ ਕੋਈ ਮੇਲਾ, ਤਿਉਹਾਰ ਹੁੰਦਾ ਤਾਂ ਉਸ ਨੂੰ ਸਾਰੇ ਲੋਕ ਇਕੱਠੇ ਮਨਾਉਂਦੇ ਸਨ। ਇਸ ਦਾ ਆਪਣਾ ਹੀ ਇਕ ਵੱਖਰਾ ਆਨੰਦ ਤੇ ਮਜ਼ਾ ਹੁੰਦਾ ਸੀ ਪਰ ਅੱਜਕੱਲ੍ਹ ਅਜਿਹਾ ਬਹੁਤ ਘੱਟ ਹੋ ਗਿਆ ਹੈ। ਆਧੁਨਿਕ ਯੁੱਗ ਵਿਚ ਇਸ ਦੀ ਥਾਂ ਪੱਛਮੀ ਸੱਭਿਆਚਾਰ ਨੇ ਲੈ ਲਈ ਹੈ।
ਉਹ ਦਿਨ ਕਦੇ ਨਹੀਂ ਭੁੱਲਣੇ ਜਦੋਂ ਪਿੰਡਾਂ ਵਿਚ ਇਕ ਥਾਂ ਇਕੱਠੇ ਹੋ ਕੇ ਬੱਚੇ, ਜਵਾਨ , ਬਜ਼ੁਰਗਾਂ ਕੋਲੋਂ ਕਿੱਸੇ ਕਹਾਣੀਆਂ ਸੁਣਦੇ ਨਹੀਂ ਥੱਕਦੇ ਸੀ ਪਰ ਅੱਜ ਅਜਿਹਾ ਕੁਝ ਨਹੀਂ ਹੈ। ਅੱਜ ਜੇ ਬੱਚਿਆਂ ਨੂੰ ਥੋੜ੍ਹਾ ਸਮਾਂ ਬਜ਼ੁਰਗਾਂ ਕੋਲ ਬੈਠਣਾ ਪਵੇ ਤਾਂ ਉਹ ਮਜਬੂਰੀ ਵੱਸ ਹੋ ਕੇ ਬੈਠਦੇ ਹਨ। ਉਹ ਆਪਣੀ ਅਸਲ ਖ਼ੁਸ਼ੀ ਕੁਦਰਤੀ ਖ਼ੁਸ਼ੀ ਨੂੰ ਵਿਸਾਰ ਕੇ ਕਲੱਬਾਂ ਵਿਚ, ਸਿਨਮੇ ਹਾਲਾਂ ਆਦਿ ਵਿਚ ਮੌਜ ਮਸਤੀ ਕਰਨ ਨੂੰ ਸਮਝਦੇ ਹਨ। ਪੰਜਾਬੀ ਸੱਭਿਆਚਾਰ ਵਿਚ ਗਿੱਧੇ, ਭੰਗੜੇ ਦਾ ਬਹੁਤ ਮਹੱਤਵ ਰਿਹਾ ਹੈ। ਵਿਆਹੀਆਂ ਕੁੜੀਆਂ ਆਪਣੇ ਸਹੁਰਿਆਂ ਤੋਂ ਆ ਕੇ ਤੀਆਂ ਦੇ ਤਿਉਹਾਰ ’ਤੇ ਇਕੱਠੀਆਂ ਗਾਉਂਦੀਆਂ ਤੇ ਗੱਭਰੂ ਵੀ ਵੱਖਰੇ ਮੈਦਾਨ ਵਿਚ ਨੱਚਦੇ-ਟੱਪਦੇ ਬੋਲੀਆਂ ਪਾਉਂਦੇ ਪਰ ਅੱਜ ਉਹ ਮੁਟਿਆਰਾਂ ਤੇ ਗੱਭਰੂ ਕਿੱਥੇ ਗਏ ਹਨ? ਅੱਜ ਦੇ ਨੌਜਵਾਨ ਆਪਣੇ ਸੱਭਿਆਚਾਰ ਦੇ ਖੁੱਲੇ੍ਹ- ਡੁੱਲੇ ਰਹਿਣ ਸਹਿਣ ਤੇ ਖਾਣ-ਪੀਣ ਨੂੰ ਭੁੱਲ ਕੇ ਨਸ਼ਿਆਂ ਦੇ ਆਦੀ ਹੋ ਗਏ ਹਨ। ਉਸ ਪੁਰਾਣੇ ਸੱਭਿਆਚਾਰ ਨੂੰ ਯਾਦ ਕਰਦੇ - ਕਰਦੇ ਕਦੀ- ਕਦੀ ਬਹੁਤ ਦੁੱਖ ਹੁੰਦਾ ਹੈ ਕਿ ਉਹ ਆਪਣਾ ਪੰਜਾਬੀ ਵਿਰਸਾ ਕਿੱਥੇ ਗਿਆ? ਕਿੱਥੇ ਗਈ ਹੈ ਸਾਡੀ ਪੰਜਾਬੀ ਮਾਂ- ਬੋਲੀ ਜਿਸ ਨੂੰ ਅਸੀਂ ਪਰਮਾਤਮਾ ਤੋਂ ਬਾਅਦ ਦਾ ਦਰਜਾ ਦਿੰਦੇ ਹਾਂ। ਅੱਜ ਅਸੀਂ ਉਸੇ ਹੀ ਮਾਂ ਨੂੰ ਭੁੱਲੀ ਜਾ ਰਹੇ ਹਾਂ, ਸਾਡੀ ਮਾਂ ਮਰਦੀ ਜਾ ਰਹੀ ਹੈ, ਖ਼ਤਮ ਹੁੰਦੀ ਜਾਂ ਰਹੀ ਹੈ। ਇਸ ਦੀ ਕਿੰਨੀ ਦੁਰਵਰਤੋਂ ਹੁੰਦੀ ਪਈ ਹੈ, ਇਸ ਬਾਰੇ ਸਾਨੂੰ ਕੋਈ ਖ਼ਿਆਲ ਨਹੀਂ! ਅੱਜ ਪੰਜਾਬੀ ਲੋਕ ਗੀਤਾਂ ਦੀ ਜਗ੍ਹਾ ਇਨ੍ਹਾਂ ਲਾਊਡ ਸਪੀਕਰਾਂ, ਟੀ.ਵੀ, ਸੀ.ਡੀ.ਆਦਿ ਨੇ ਲੈ ਲਈ ਹੈ। ਸਾਡੇ ਅਣਖਾਂ ਭਰੇ ਗੱਭਰੂ ਆਲਸੀ ਹੋ ਗਏ ਹਨ ਤੇ ਛੈਲ-ਛਬੀਲੀਆਂ ਮੁਟਿਆਰਾਂ ਫੈਸ਼ਨਾਂ ਵਿਚ ਰੁੜ੍ਹ ਕੇ ਕੱਤਣਾ, ਫੱਬਣਾ ਸਭ ਭੁੱਲ ਗਈਆਂ ਹਨ। ਕਿੱਥੇ ਹੈ ਉਹ ਪੰਜਾਬੀ ਮੁਟਿਆਰ ਜਿਸ ਦੇ ਸਿਰ ’ਤੇ ਸੱਗੀ ਫੁੱਲ, ਪੈਰਾਂ ਵਿਚ ਝਾਂਜਰਾਂ, ਕੱਢਵੀਂ ਜੁੱਤੀ ਤੇ ਸਿਰ ਫੁਲਕਾਰੀ ਹੁੰਦੀ ਸੀ।
ਅੱਜ ਪੈਸੇ ਦੀ ਦੌੜ-ਭੱਜ ਵਿਚ ਲੋਕ ਆਪਣੇ ਪੰਜਾਬੀ ਵਿਰਸੇ ਨੂੰ ਗਵਾਈ ਜਾ ਰਹੇ ਹਨ। ਇਸ ਲਈ ਸਾਡੀ ਨਵੀਂ ਪੀੜ੍ਹੀ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਨਸ਼ਿਆਂ ਦੀ ਭੈੜੀ ਦਲਦਲ ਤੇ ਭੈੜੀਆਂ ਆਦਤਾਂ ਤੋਂ ਉੱਪਰ ਉੱਠੇ, ਆਪਣੇ ਭਵਿੱਖ ਬਾਰੇ ਸੋਚੇ ਤੇ ਸੱਭਿਆਚਾਰ ਦੀ ਮੱਧਮ ਪੈ ਰਹੀ ਲੋਅ ਨੂੰ ਮੁੜ ਸੁਰਜੀਤ ਕਰੇ। ਸਾਨੂੰ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨਾ ਚਾਹੀਦਾ ਹੈ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਵੀ ਇਸ ’ਤੇ ਮਾਣ ਹੋਵੇ ਤੇ ਅਸੀਂ ਆਪਣੀ ਅਣਖ ਨੂੰ ਕਾਇਮ ਰੱਖ ਸਕੀਏ :
ਪੰਜ-ਆਬ ਦੀ ਧਰਤੀ ਪੰਜਾਬ
ਲਾਸਾਨੀ ਵਿਰਸਾ ਇਸ ਦਾ।
ਸਾਨੂੰ ਸਾਂਭਣਾ ਨਾ ਆਇਆ
ਕਸੂਰ ਕਿਸ ਦਾ??
ਆਉਣ ਵਾਲੀ ਪੀੜੀ ਸਾਡੀ
ਉਨ੍ਹਾਂ ਨੂੰ ਕੀ ਕਹਾਂਗੇ?
ਜੜ੍ਹਾਂ ਨਾਲੋਂ ਟੁੱਟ ਅਸੀਂ
ਕਿੰਨਾ ਚਿਰ ਰਹਾਂਗੇ?
- ਸ਼ਮਸ਼ੇਰ ਸਿੰਘ ਪਵਾਰ