ਇਹ ਸਿੱਖ ਗੁਰਦੁਆਰਿਆਂ ਦੇ ਪ੍ਰਬੰਧਾਂ ਬਾਰੇ ਇਕ ਪ੍ਰਮਾਣਿਕ ਅਤੇ ਆਸਾਨੀ ਨਾਲ ਸਮਝਣਯੋਗ ਸੰਗ੍ਰਹਿ ਹੈ। ‘ਲਾਅਜ਼ ਆਫ਼ ਸਿੱਖ ਗੁਰਦੁਆਰਾਜ਼ ਇਨ ਇੰਡੀਆ’ ਨਾਮੀ ਪੁਸਤਕ 2022 ਵਿਚ ਛਪ ਚੁੱਕੀ ਸੀ। ਉਸ ਦਾ ਪੰਜਾਬੀ ਰੂਪਾਂਤਰ ਕਰਨ ਲਈ ਕੁਝ ਸਿੱਖ ਸ਼ਖ਼ਸੀਅਤਾਂ ਨੇ ਸਲਾਹ ਦਿੱਤੀ, ਜ਼ੋਰ ਪਾਇਆ ਤੇ ਕੰਮ ਸਿਰੇ ਚੜ੍ਹਗਿਆ।

ਉਂਝ ਤਾਂ ਪੁਸਤਕ ਦੇ ਮੁਖਬੰਦ ਵਿਚਲੀਆਂ ਇਹ ਸਤਰਾਂ ਹੀ ਪੁਸਤਕ ਦੀ ਅੰਤਰਵਸਤੂ ਵੱਲ ਸਿੱਧਾ ਇਸ਼ਾਰਾ ਕਰਦੀਆਂ ਹਨ ਪਰ ਅੱਗੇ ਚੱਲ ਕੇ ਸੰਖਿਪਤ ਵਿਸਤਾਰ ’ਚ ਜਾਣਾ ਵੀ ਉਚਿੱਤ ਹੋਵੇਗਾ। ਸਤਰਾਂ ਹਨ-ਇਹ ਪੁਸਤਕ ਇਕ ਸੰਵੇਦਨਸ਼ੀਲ ਭਾਈਚਾਰੇ ਦੇ ਧਾਰਮਿਕ ਅਸਥਾਨਾਂ ਦੇ ਪ੍ਰਬੰਧ ਨੂੰ ਨਿਯਮਿਤ ਅਤੇ ਨਿਯੰਤਰਿਤ ਕਰਨ ਵਾਲੇ ਕਾਨੂੰਨਾਂ ਦਾ ਵਿਸ਼ਲੇਸ਼ਣਾਤਮਿਕ ਅਤੇ ਆਲੋਚਨਾਤਮਿਕ ਅਧਿਐਨ ਹੈ। ਕਾਨੂੰਨੀ ਉਪਬੰਧਾਂ ਨੂੰ ਸਰਲ ਭਾਸ਼ਾ ਵਿਚ ਪੇਸ਼ ਕੀਤਾ ਗਿਆ ਹੈ ਅਤੇ ਵੱਖ-ਵੱਖ ਗੁਰਦੁਆਰਾ ਐਕਟਾਂ ਨੂੰ ਪਾਠਕਾਂ ਦੀ ਸਹੂਲਤ ਲਈ ਅੰਤਿਕਾ ਵਿਚ ਸ਼ਾਮਲ ਕੀਤਾ ਗਿਆ ਹੈ।
ਇਹ ਸਿੱਖ ਗੁਰਦੁਆਰਿਆਂ ਦੇ ਪ੍ਰਬੰਧਾਂ ਬਾਰੇ ਇਕ ਪ੍ਰਮਾਣਿਕ ਅਤੇ ਆਸਾਨੀ ਨਾਲ ਸਮਝਣਯੋਗ ਸੰਗ੍ਰਹਿ ਹੈ। ‘ਲਾਅਜ਼ ਆਫ਼ ਸਿੱਖ ਗੁਰਦੁਆਰਾਜ਼ ਇਨ ਇੰਡੀਆ’ ਨਾਮੀ ਪੁਸਤਕ 2022 ਵਿਚ ਛਪ ਚੁੱਕੀ ਸੀ। ਉਸ ਦਾ ਪੰਜਾਬੀ ਰੂਪਾਂਤਰ ਕਰਨ ਲਈ ਕੁਝ ਸਿੱਖ ਸ਼ਖ਼ਸੀਅਤਾਂ ਨੇ ਸਲਾਹ ਦਿੱਤੀ, ਜ਼ੋਰ ਪਾਇਆ ਤੇ ਕੰਮ ਸਿਰੇ ਚੜ੍ਹ ਗਿਆ। ਪੁਸਤਕ ਦੇ ਆਰੰਭ ’ਚ ‘ਮੁਢਲੀ ਜਾਣਕਾਰੀ’ ਤਹਿਤ ਸਿੱਖ ਧਰਮ ਬਾਰੇ ਕਾਫ਼ੀ ਵਿਸਤ੍ਰਿਤ ਤੇ ਨਿੱਗਰ ਜਾਣਕਾਰੀ ਹੈ। ਗੁਰਦੁਆਰਾ ਸੁਧਾਰ ਲਹਿਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰੰਧਕ ਕਮੇਟੀ ਦਾ ਗਠਨ, ਨਨਕਾਣਾ ਸਾਹਿਬ ਦਾ ਦੁਖਾਂਤ, ਚਾਬੀਆਂ ਦਾ ਮੋਰਚਾ, ਗੁਰੂ ਦਾ ਬਾਗ਼ ਮੋਰਚਾ, ਜੈਤੋ ਮੋਰਚਾ, ਗੁਰਦੁਆਰਾ ਪ੍ਰਬੰਧ ਲਈ ਵਿਧਾਨਕ ਯਤਨ, ਪ੍ਰਸਤਾਵਿਤ ਆਰਡੀਨੈਂਸ, ਸਿੱਖ ਗੁਰਦੁਆਰੇ ਅਤੇ ਪਵਿੱਤਰ ਅਸਥਾਨ ਬਿੱਲ 1921, 1922, ਐਕਟ ਅਨੁਸਾਰ ਕਮਿਸ਼ਨਰਾਂ ਦਾ ਬੋਰਡ, ਸਿੱਖ ਗੁਰਦੁਆਰੇ ਅਤੇ ਪਵਿੱਤਰ ਅਸਥਾਨ ਬਿੱਲ 1925, ਵਿਧਾਇਕਾਂ ਵੱਲੋਂ ਪ੍ਰਸ਼ੰਸਾ ਅਤੇ ਸਿੱਖਾਂ ਦੇ ਪ੍ਰਤਿਕਰਮਾਂ ਬਾਰੇ ਬੜੇ ਅਸਰਦਾਇਕ ਅੰਦਾਜ਼ ’ਚ ਲਿਖਿਆ ਗਿਆ ਹੈ। ਅਗਲੇ ਚੈਪਟਰ ਵਿਚ ਕੁਝ ਸਬੰਧਿਤ ਸ਼ਬਦਾਂ ਦੀ ਪਰਿਭਾਸ਼ਾ ਦਿੱਤੀ ਗਈ ਹੈ ਜਿਨ੍ਹਾਂ ਵਿਚ ਸਿੱਖ ਦੀ ਪਰਿਭਾਸ਼ਾ, ਭਾਰਤ ਸਰਕਾਰ ਐਕਟ 1919, ਸਿੱਖ ਗੁਰਦੁਆਰਾ ਐਕਟ 1925, ਦਿੱਲੀ ਸਿੱਖ ਗੁਰਦੁਆਰਾ ਐਕਟ 1971 ਤੇ ਹਰਿਆਣਾ ਸਿੱਖ ਗੁਰਦੁਆਰਾ (ਪ੍ਰਬੰਧਨ) ਐਕਟ 2014 ਮੁਤਾਬਕ ਸਿੱਖ ਦੀ ਪਰਿਭਾਸ਼ਾ, ਅੰਮ੍ਰਿਤਧਾਰੀ ਸਿੱਖ, ਸਹਿਜਧਾਰੀ ਸਿੱਖ, ਪਤਿਤ, ਗੁਰਦੁਆਰਾ, ਸਥਾਨਕ ਗੁਰਦੁਆਰਾ, ਗੁਰਦੁਆਰਾ ਇਕ ਨਿਆਂਇਕ ਸ਼ਖ਼ਸੀਅਤ ਜਾਂ ਵਿਅਕਤੀ ਹੈ ਆਦਿ ’ਤੇ ਠੋਸ ਤੇ ਤੱਥਾਂ/ਹਵਾਲਿਆਂ ਸਹਿਤ ਵਿਚਾਰ ਕੀਤੀ ਗਈ ਹੈ।
ਅੱਗੇ ਚੱਲ ਕੇ ਸਿੱਖ ਗੁਰਦੁਆਰਾ ਐਕਟ 1925, ਦਿੱਲੀ ਸਿੱਖ ਗੁਰਦੁਆਰਾ ਕਾਨੂੰਨ, ਹਰਿਆਣਾ ਸਿੱਖ ਗੁਰਦੁਆਰਾ ਐਕਟ, ਨਾਂਦੇੜ ਵਿਖੇ ਗੁਰਦੁਆਰਿਆਂ ਦਾ ਪ੍ਰਬੰਧ, ਜੰਮੂ ਤੇ ਕਸ਼ਮੀਰ ਵਿਚ ਸਿੱਖ ਗੁਰਦੁਆਰਾ ਕਾਨੂੰਨ ਤੇ ਪਟਨਾ ਸਾਹਿਬ ਦੇ ਗੁਰਦੁਆਰਿਆਂ ਦਾ ਪ੍ਰਬੰਧ ਬਾਬਤ ਵਿਚਾਰ ਵਿਸ਼ਲੇਸ਼ਣ ਉਪਰੰਤ ਤੁਲਨਾਤਮਿਕ ਟਿੱਪਣੀਆਂ ਦਿੱਤੀਆਂ ਗਈਆਂ ਹਨ ਤੇ ਸਿੱਟੇ ਕੱਢੇ ਗਏ ਹਨ। ਪੁਸਤਕ ਦਾ ਦੂਜਾ ਭਾਗ ਬੇਅਰ ਐਕਟ (Bare Acts) ਬਾਰੇ ਹੈ। ਸਿੱਖ ਗੁਰਦੁਆਰਾ ਐਕਟ 1925, ਦਿੱਲੀ ਸਿੱਖ ਗੁਰਦੁਆਰਾ ਐਕਟ 1971, ਹਰਿਆਣਾ ਸਿੱਖ ਗੁਰਦੁਆਰਾ (ਪ੍ਰਬੰਧਨ) ਐਕਟ 2014, ਨਾਂਦੇੜ ਸਿੱਖ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਅਪਚਲਨਗਰ ਸਾਹਿਬ ਐਕਟ 1956, ਜੰਮੂ ਤੇ ਕਸ਼ਮੀਰ ਸਿੱਖ ਗੁਰਦੁਆਰੇ ਅਤੇ ਧਾਰਮਿਕ ਐਂਡੋਮੈਂਟ ਐਕਟ 1973 ਤੇ ਸ੍ਰੀ ਤਖ਼ਤ ਹਰਮਿੰਦਰ ਜੀ ਪਟਨਾ ਸਾਹਿਬ ਤੇ ਪਟਨਾ ਸ਼ਹਿਰ ਦਾ ਸੰਵਿਧਾਨ ਅਤੇ ਉਪਨਿਯਮ 1957 ਬਾਰੇ ਡੂੰਘਾ ਅਧਿਐਨ ਇਸ ਪੁਸਤਕ ਵਿਚ ਪਾਠਕਾਂ
ਲਈ ਮੌਜੂਦ ਹੈ। ਸੰਵਿਧਾਨ ਦੇ ਅਨੁਛੇਦ ਨੰਬਰ 38 ਵਿਚ ਸੰਕੇਤਿਤ ਪਵਿੱਤਰ ਅਤੇ ਇਤਿਹਾਸਕ ਵਸਤਾਂ ਦੀ ਸੂਚੀ ਵੀ ਸ਼ਾਮਲ ਹੈ ਜੋ ਇਸ ਪ੍ਰਕਾਰ ਹੈ :
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ, ਜਿਸ ਨੂੰ ‘ਬੜੇ ਸਾਹਿਬ’ ਆਖਿਆ ਜਾਂਦਾ ਹੈ ਅਤੇ ਜਿਸ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹਸਤ-ਕਮਲਾਂ ਨਾਲ ਦਸਤਖ਼ਤ ਕੀਤੇ ਹੋਏ ਹਨ।
ਛਬੀ ਸਾਹਿਬ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਯੁਵਾ ਅਵੱਸਥਾ ਦਾ ਆਇਲ ਪੇਂਟਸ ਵਿਚ ਤਿਆਰ ਕੀਤਾ ਇਕ ਬਹੁਤ ਵੱਡਾ ਚਿੱਤਰ।
ਪੰਘੂੜਾ ਸਾਹਿਬ : ਚਾਰ ਪਾਵਿਆਂ ਵਾਲਾ ਛੋਟਾ ਜਿਹਾ ਝੂਲਾ ਜਿਹੜਾ ਸੋਨੇ ਦੀਆਂ ਪਲੇਟਾਂ ਨਾਲ ਮੜ੍ਹਿਆ ਹੋਇਆ ਹੈ। ਇਸ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਚਪਨ ’ਚ ਬੈਠਦੇ ਜਾਂ ਸੌਂਦੇ ਸਨ।
ਛੋਟੀ ਸੈਫ਼ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤਲਵਾਰ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਲੋਹੇ ਦੇ ਚਾਰ ‘ਤੀਰ’।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਇਕ ਮਿੱਟੀ ਦੀ ਗੋਲ ‘ਗੋਲੀ’।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਲੋਹੇ ਦੀ ਇੱਕ ਛੋਟੀ ‘ਚੱਕਰੀ’।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਲੋਹੇ ਦਾ ਇਕ ‘ਖੰਡਾ’।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਲੋਹੇ ਦੀ ਇਕ ਛੋਟੀ ‘ਬਾਘਨਖ ਖੰਜਰ’।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਲੱਕੜ ਦਾ ਇਕ ‘ਕੰਘਾ’।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਲੋਹੇ ਦੇ ਦੋ ‘ਚੱਕਰ’।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਹਾਥੀ ਦੰਦ ਦੀਆਂ ‘ਖੜਾਵਾਂ’ ਦਾ ਇਕ ਜੋੜਾ।
ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀਆਂ ਸੰਦਲ ਦੀ ਲੱਕੜੀ ਦੀਆਂ ‘ਖੜਾਵਾਂ’ ਦਾ ਇਕ ਜੋੜਾ।
ਸ੍ਰੀ ਕਬੀਰ ਸਾਹਿਬ ਦੇ ਲਕੜੀ ਦੇ ਤਿੰਨ ਕੱਤਣ ਵਾਲੇ ਸੰਦ।
ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ‘ਹੁਕਮਨਾਮਿਆਂ’ ਦੇ ਚਿੱਤਰਾਂ ਅਤੇ ਲਿਖਤਾਂ ਦੀ ਸੰਚੀ। (-ਪੰਨਾ440)
ਨਿਰਸੰਦੇਹ ਪੂਰੀ ਪੁਸਤਕ ਦੀਰਘ ਅਧਿਐਨ-ਯੋਗ ਹੈ। ਵਿਦਵਾਨ ਲੇਖਕ ਡਾ. ਕਸ਼ਮੀਰ ਸਿੰਘ ਜੀ ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਲਾਅ-ਫੈਕਲਟੀ ਵਿੱਚੋਂ ਪ੍ਰੋਫੈਸਰ-ਮੁਖੀ ਅਤੇ ਡੀਨ ਵੱਜੋਂ ਸੇਵਾਮੁਕਤ ਹੋਏ ਹਨ। ਸਿੱਖ ਗੁਰਦੁਆਰਾ ਐਕਟ 1925 ਬਾਰੇ ਨਿੱਗਰ ਖੋਜ ਕਰਕੇ ਪੀਐੱਚਡੀ ਪ੍ਰਾਪਤ ਕਰਨ ਉਪਰੰਤ ਆਪ ਜੀ ਸਿੱਖ ਗੁਰਦੁਆਰਿਆਂ ਦੇ ਕਾਨੂੰਨਾਂ ਬਾਰੇ ਲਗਾਤਾਰ ਖੋਜ ਕਰ ਰਹੇ ਹਨ। ਹੱਥਲੀ ਪੁਸਤਕ ਲੇਖਕ ਦੀ ਖੋਜੀ ਸਮਰੱਥਾ ਦਾ ਪੁਖਤਾ ਪ੍ਰਮਾਣ ਹੈ। ਸੋ ਪੁਸਤਕ ’ਚ ਗੁਰਦੁਆਰਾ ਸੁਧਾਰ ਲਹਿਰ ਦੇ ਇਤਿਹਾਸਕ ਸੰਘਰਸ਼ਾਂ ਤੋਂ ਲੈ ਕੇ ਵੱਖ-ਵੱਖ ਰਾਜਾਂ (ਪੰਜਾਬ, ਦਿੱਲੀ, ਹਰਿਆਣਾ, ਜੰਮੂ-ਕਸ਼ਮੀਰ ਆਦਿ) ’ਚ ਲਾਗੂ ਗੁਰਦੁਆਰਾ ਐਕਟਾਂ ਦਾ ਡੂੰਘਾ ਤੁਲਨਾਤਮਿਕ ਵਿਸ਼ਲੇਸ਼ਣ ਕੀਤਾ ਗਿਆ ਹੈ। ਵਿਸ਼ੇਸ਼ ਤੌਰ 'ਤੇ ਇਸ ਵਿੱਚ ‘ਸਿੱਖ’ ਦੀ ਕਾਨੂੰਨੀ ਪਰਿਭਾਸ਼ਾ, ਬੇਅਰ ਐਕਟ ਤੇ ਤਖ਼ਤ ਸ੍ਰੀ ਪਟਨਾ ਸਾਹਿਬ ਵਰਗੇ ਪਵਿੱਤਰ ਅਸਥਾਨਾਂ ਦੇ ਸੰਵਿਧਾਨ ਬਾਰੇ ਤੱਥ ਭਰਪੂਰ ਜਾਣਕਾਰੀ ਦਿੱਤੀ ਗਈ ਹੈ। ਪੁਸਤਕ ਦੇ ਪੰਨੇ 440, ਮੁੱਲ 750 ਰੁਪਏ ਤੇ ਇਸ ਨੂੰ ਸਿੰਘ ਬ੍ਰਦਰਜ਼ ਅੰਮ੍ਰਿਤਸਰ ਨੇ ਪ੍ਰਕਾਸ਼ਿਤ ਕੀਤਾ ਹੈ।
• ਹਰਮੀਤ ਸਿੰਘ ਅਟਵਾਲ