ਚੁੰਨੀ ਸਾਡੇ ਸਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਰਹੀ ਹੈ। ਇਹ ਇੱਕ ਦੋ ਕੁ ਮੀਟਰ ਦਾ ਕੱਪੜਾ ਹੁੰਦਾ ਏ ਜੋ ਔਰਤਾਂ ਆਪਣਾ ਸਿਰ ਢੱਕਣ ਲਈ ਵਰਤਦੀਆਂ ਸਨ। । ਅਸਲ ਵਿੱਚ ਇਹ ਸਿਰਫ ਇੱਕ ਕੱਪੜਾ ਹੀ ਨਹੀਂ, ਸਗੋਂ ਇਸ ਦੇ ਨਾਲ ਸਾਡੇ ਸਮਾਜ ਦੀਆਂ ਕਦਰਾਂ ਕੀਮਤਾਂ ਜੁੜੀਆਂ ਹੋਈਆਂ ਸਨ।। ਔਰਤ ਲਈ ਸਿਰ ਦਾ ਢੱਕ ਕੇ ਰੱਖਣਾ ਜ਼ਰੂਰੀ ਸਮਝਿਆ ਜਾਂਦਾ ਸੀ।

ਚੁੰਨੀ ਸਾਡੇ ਸਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਰਹੀ ਹੈ। ਇਹ ਇੱਕ ਦੋ ਕੁ ਮੀਟਰ ਦਾ ਕੱਪੜਾ ਹੁੰਦਾ ਏ ਜੋ ਔਰਤਾਂ ਆਪਣਾ ਸਿਰ ਢੱਕਣ ਲਈ ਵਰਤਦੀਆਂ ਸਨ। । ਅਸਲ ਵਿੱਚ ਇਹ ਸਿਰਫ ਇੱਕ ਕੱਪੜਾ ਹੀ ਨਹੀਂ, ਸਗੋਂ ਇਸ ਦੇ ਨਾਲ ਸਾਡੇ ਸਮਾਜ ਦੀਆਂ ਕਦਰਾਂ ਕੀਮਤਾਂ ਜੁੜੀਆਂ ਹੋਈਆਂ ਸਨ।। ਔਰਤ ਲਈ ਸਿਰ ਦਾ ਢੱਕ ਕੇ ਰੱਖਣਾ ਜ਼ਰੂਰੀ ਸਮਝਿਆ ਜਾਂਦਾ ਸੀ। ਪੁਰਾਣੇ ਸਮੇਂ ਵਿੱਚ ਸਾਰੇ ਮਰਦ ਅਤੇ ਔਰਤਾਂ ਕੇਸ ਰੱਖਦੇ ਸਨ। ਔਰਤਾਂ ਲਈ ਤਾਂ ਲੰਮੇ ਕੇਸ, ਉਨ੍ਹਾਂ ਦੀ ਖੂਬਸੂਰਤੀ ਦੀ ਨਿਸ਼ਾਨੀ ਵੀ ਹੁੰਦੀ ਸੀ। ਪ੍ਰਸਿੱਧ ਕਹਾਣੀਕਾਰ ਕਰਤਾਰ ਸਿੰਘ ਦੁੱਗਲ ਕਹਿੰਦੇ ਨੇ , ‘ਮੈਂ ਗੰਜੀ ਕੁੜੀ ਦੀ ਕਹਾਣੀ ਲਿਖਦੇ ਹੋਏ ਵੀ ਉਸਦੇ ਸੁਹੱਪਣ ਨੂੰ ਬਿਆਨਦਾ ਗਜ ਗਜ ਲੰਮੇ ਵਾਲਾਂ ਵਾਲੀ ਲਿਖ ਬੈਠਦਾ ਸਾਂ, ਫਿਰ ਗੰਜਾਪਣ ਯਾਦ ਆਉਣ ’ਤੇ ਇਹ ਲਿਖਿਆ ਹੋਇਆ ਕੱਟ ਦਿੰਦਾ ਸੀ।’ ਸੋ ਲੰਮੇ-ਲੰਮੇ ਵਾਲਾਂ ਨੂੰ ਬੰਨ੍ਹ ਕੇ ਗੁੱਤਾਂ ਰੱਖੀਆਂ ਜਾਂਦੀਆਂ ਸਨ। ਔਰਤਾਂ ਨੇ ਇਕੱਲੇ ਰਸੋਈ ਦੇ ਹੀ ਕੰਮ ਨਹੀਂ ਸੀ ਕਰਨੇ ਹੁੰਦੇ,ਉਹ ਖੇਤੀਬਾੜੀ ਅਤੇ ਪਸ਼ੂਆਂ ਦੀ ਸਾਂਭ-ਸੰਭਾਲ ਵੀ ਕਰਵਾਉਦੀਆਂ ਸਨ, ਇਸ ਕਰਕੇ ਥਾਂ-ਥਾਂ ਤੋਂ ਮਿੱਟੀ ਘੱਟੇ ਨਾਲ ਸਿਰ ਗੰਦਾ ਹੋ ਸਕਦਾ ਸੀ। ਇਸ ਲਈ ਵੀ ਸਿਰ ਢੱਕਿਆ ਜਾਣ ਲੱਗਿਆ ਹੋਵੇਗਾ। ਵੈਸੇ ਜਿਸ ਦਾ ਵੀ ਅਸੀਂ ਦਿਲੋਂ ਸਤਿਕਾਰ ਕਰਦੇ ਹਾਂ,ਉਸ ਦੇ ਅੱਗੇ ਕਦੇ ਵੀ ਨੰਗੇ ਸਿਰ ਨਹੀਂ ਜਾਂਦੇ। ਸਾਡੇ ਗੁਰਦੁਆਰੇ, ਮੰਦਰ ਆਦਿ ਥਾਵਾਂ ’ਤੇ ਜਾਣ ਵੇਲੇ ਸਾਡਾ ਸਿਰ ਢੱਕਣ ਦਾ ਭਾਵ ਉਸ ਸਥਾਨ ਨੂੰ ਆਪਣੇ ਤਂੋ ਉੱਚਾ ਮੰਨ ਕੇ ਸਤਿਕਾਰ ਦੇਣਾ ਹੈ। ਪਰਿਵਾਰ ਵਿੱਚ ਵੱਡੇ ਮਾਤਾ-ਪਿਤਾ, ਸੱਸ, ਸਹੁਰੇ ਆਦਿ ਦੇ ਸਾਹਵੇਂ ਵੀ ਇਸੇ ਮਰਯਾਦਾ ਦਾ ਪਾਲਣ ਕੀਤਾ ਜਾਂਦਾ ਸੀ। ਚੁੰਨੀ ਦੀ ਮਹੱਤਤਾ, ਇਸ ਨਾਲ ਜੁੜੀ ਇੱਜ਼ਤ ਅਤੇ ਸ਼ਰਮ, ਇਸ ਨਾਲ ਜੁੜੀ ਖੂਬਸੂਰਤੀ ਆਦਿ ਬਾਰੇ ਸਾਡੇ ਲੋਕ-ਸਾਹਿਤ ਵਿੱਚ ਬਹੁਤ ਕੁਝ ਮਿਲਦਾ ਹੈ। ਚੁੰਨੀ ਲਈ ਹੋਰ ਵਰਤੇ ਜਾਂਦੇ ਸ਼ਬਦ ਜਾਂ ਰੂਪ ਦੁਪੱਟਾ, ਫੁਲਕਾਰੀ, ਬਾਗ, ਡੋਰੀਆ ਆਦਿ ਹਨ।ਜਦੋਂ ਬੱਚੀ ਆਪਣੀ ਅੱਲ੍ਹੜ ਉਮਰ ਵਿੱਚ ਪੁੱਜਦੀ ਹੈ, ਅਸਲ ਵਿੱਚ ਉਹ ਉਦੋਂ ਹੀ ਚੁੰਨੀ ਨੂੰ ਬਾਕਾਇਦਾ ਜ਼ਰੂਰੀ ਪਹਿਰਾਵੇ ਵਜੋਂ ਲੈਂਦੀ ਸੀ। ਉਸ ਦੇ ਸੁਹੱਪਣ ਨੂੰ ਚਾਰ ਚੰਨ ਲਗਾਉਦੀ। ਚੁੰਨੀ ਬਾਰੇ ਬੋਲ ਨੇ-
‘ਕਾਲੀ ਚੁੰਨੀ ’ਚੋਂ ਭਾਉਦੀਆਂ ਅੱਖੀਆਂ,
ਜਿਵੇਂ ਚਮਕਦੇ ਤਾਰੇ
ਸਭ ਨੂੰ ਮੋਹ ਲਿਆ ਨੀ,
ਬੋਤਲ ਵਰਗੀਏ ਨਾਰੇ।’
ਕਦੇ-ਕਦੇ ਉਹ ਆਪ ਵੀ ਆਪਣੀ ਚੁੰਨੀ ਕਾਰਨ ਆਪਣੇ ਹੁਸਨ ਬਾਰੇ ਅਤੇ ਮੁੰਡੇ ਦੇ ਮੋਹੇ ਜਾਣ ਦਾ ਜ਼ਿਕਰ ਕਰਦੀ ਹੈ-
‘ਮੇਰੀ ਚੁੰਨੀ ਦੇ ਸਿਤਾਰੇ,
ਜਿਵੇਂ ਅੰਬਰਾਂ ਦੇ ਤਾਰੇ,
ਅੱਜ ਪੈਂਦਾ ਲਿਸ਼ਕਾਰਾ ਸੱਤ ਰੰਗ ਵਰਗਾ
ਮੁੰਡਾ ਮੋਹ ਲਿਆ ਸੋਨੇ ਦੀ ਵੰਗ ਵਰਗਾ।’
* ਫੁੱਲਾਂ ਵਾਲੀ ਲੈ ਫੁਲਕਾਰੀ,
ਜਦ ਮੈਂ ਦਿੱਤਾ ਗੇੜਾ,
ਦੂਹਰਾ ਹੋ ਗਿਆ ਰੰਗ ਗੁਲਾਬੀ,
ਨੱਚਣ ਲੱਗਿਆ ਵਿਹੜਾ,
ਗਿੱਧੇ ਦੇ ਵਿੱਚ ਨੱਚਦੀ ਜੱਟੀ,
ਕਰੂ ਮੁਕਾਬਲਾ ਕਿਹੜਾ,
ਜੋਬਨ ਪਤਲੋ ਦਾ, ਸੱਜਰੇ ਮੱਖਣ ਦਾ ਪੇੜਾ।
ਉਹ ਖਾਸ ਕਿਸਮ ਦੀ, ਖਾਸ ਡਿਜ਼ਾਈਨ ਦੀ, ਖਾਸ ਕੱਪੜੇ ਦੀ ਜਾਂ ਖਾਸ ਰੰਗ ਦੀ ਚੁੰਨੀ ਦੀ ਮੰਗ ਵੀ ਤਾਂ ਕਰਦੀ ਹੈ-
‘ਚੁੰਨੀ ਲੈਣੀ, ਚੁੰਨੀ ਲੈਣੀ, ਸੱਪ ਲਹਿਰੀਆ, ਹਾਇ ਸੱਪ ਲਹਿਰੀਆ,
ਸੁੱਤੀ ਪਈ ਦੇ ਖੜੱਪਾ ਲੜ ਜਾਵੇ।
* ਚੁੰਨੀ ਲੈਣੀ,ਚੁੰਨੀ ਲੈਣੀ , ਚਿਣ ਮਿਣ ਦੀ, ਹਾਇ ਚਿਣ ਮਿਣ ਦੀ,
ਜਿਹੜੀ ਸੌ ਦੀ ਸਵਾ ਗਜ ਆਵੇ।’
‘ਮਾਮਾ ਖੱਟੀ ਚੁੰਨੀ ਲਿਆ ਦੇ,
ਤੀਆਂ ਜ਼ੋਰ ਲੱਗੀਆਂ।
ਅਰਬੀ ਵਿਕਣੀ ਆਈ ਵੇ ਨੌਕਰਾ,
ਲੈ ਦੇ ਸੇਰ ਕੁ ਮੈਨੂੰ,
ਵੇ ਢੱਲ ਪਰਛਾਵੇਂ ਕੱਟਣ ਲੱਗੀ,
ਯਾਦ ਕਰੂੰਗੀ ਤੈਨੂੰ,
ਚੁੰਨੀ ਜਾਲੀ ਦੀ, ਲੈ ਦੇ ਚੋਬਰਾ ਮੈਨੂੰ।
ਉਸ ਨੂੰ ਆਪਣੀ ਸੋਹਣੀ ਚੁੰਨੀ, ਫੁਲਕਾਰੀ ਨਾਲ ਪਿਆਰ ਜਿਹਾ ਹੋ ਜਾਂਦਾ ਏ। ਕਦੇ ਕਦੇ ਇਸ ਕਰਕੇ ਵੀ ਕਿਉਂਕਿ ਇਹ ਉਸਦੇ ਖਾਸ ਰਿਸ਼ਤੇਦਾਰਵੀਰ,ਭਰਜਾਈ ਜਾਂ ਮਾਹੀਏ ਨੇ ਲੈ ਕੇ ਦਿੱਤੀ ਹੁੰਦੀ ਹੈ-
‘ਮੇਰੀਏ ਦਾਜ ਦੀਏ ਫੁਲਕਾਰੀਏ,
ਨੀ ਘੁੱਟ ਘੁੱਟ ਮਾਰਾਂ ਬੁੱਕਲਾਂ।’
* ਵੀਰ ਮੇਰੇ ਨੇ ਕੁੜਤੀ ਦਿੱਤੀ,
ਭਾਬੋ ਨੇ ਫੁਲਕਾਰੀ,
ਜੁੱਗ ਜੁੱਗ ਜੀ ਭਾਬੋ,
ਲੱਗੇਂ ਜਾਨ ਤੋਂ ਪਿਆਰੀ।
* ਮੇਰੀ ਚੁੰਨੀ ਦਾ ਚਮਕੇ ਗੋਟਾ ਵੇ,
ਮੈਂ ਕਿਵੇਂ ਲੁਕਾਵਾਂ ਖੁਸ਼ੀਆਂ ਨੂੰ
ਮੇਰਾ ਨੱਚਦਾ ਏ ਪੋਟਾ ਪੋਟਾ ਵੇ,
ਮੈਂ ਕਿਵੇਂ ਲੁਕਾਵਾਂ ਖੁਸ਼ੀਆਂ ਨੂੰ।
ਗੱਭਰੂ ਭਾਵੇਂ ਉਸਦਾ ਪਰੇਮੀ ਹੋਵੇ ਜਾਂ ਮਾਹੀਆ, ਉਸ ਨੂੰ ਪੂਰਾ-ਪੂਰਾ ਗਿਆਨ ਏ ਕਿ ਚੁੰਨੀ ਜਾਂ ਫੁਲਕਾਰੀ ਉਸਦੇ ਸੁੱਹਪਣ ਨੂੰ ਕਈ ਗੁਣਾ ਕਰਦੀ ਏ। ਉਹ ਅਜਿਹੇ ਵਾਅਦੇ ਵੀ ਕਰਦੇ ਹਨ, ਉਸ ਦੀ ਪ੍ਰਸੰਸਾ ਵੀ ਕਰਦੇ ਹਨ।
* ਤੇਰੀ ਚੁੰਨੀ ਦੇ ਚਮਕਣ ਤਾਰੇ, ਜਿਉ ਬਿਜਲੀ ਦੇ ਲਿਸ਼ਕਾਰੇ,
ਜੀਹਨੂੰ ਤੱਕ ਤੱਕ ਮਰਨ ਕੁਆਰੇ, ਹੋ ਬੱਲੇ ਬੱਲੇ ਬੱਲੇ।
* ਅੰਬਰਾਂ ਦੇ ਤਾਰੇ ਤੋੜ ਕੇ,
ਤੇਰੀ ਚੁੰਨੀ ਨੂੰ ਸਿਤਾਰੇ ਲਾਵਾਂ।
* ਚਿੱਟਾ ਕੁੱਕੜ ਬਨੇਰੇ ’ਤੇ,
ਕਾਸ਼ਨੀ ਦੁਪੱਟੇ ਵਾਲੀਏ,
ਮੁੰਡਾ ਆਸ਼ਕ ਤੇਰੇ ’ਤੇ।
* ਲੀੜਾ ਉੱਡਿਆ ਬਿਸ਼ਨੀਏ ਤੇਰਾ,
ਨੀ ਸਾਡੇ ਭਾਵੇਂ ਮੋਰ ਉੱਡਿਆ।
* ਕਾਲੀ ਚੁੰਨੀ ਸਿਤਾਰਿਆਂ ਵਾਲੀ,
ਨੀ ਬਿੱਲੋ ਤੇਰੇ ਬੜੀ ਫੱਬਦੀ।
ਚੁੰਨੀ ਨੂੰ ਸਮਾਜ ਵਿੱਚ ਇੱਜ਼ਤ, ਸ਼ਰਮ ਅਤੇ ਅਣਖ ਦੇ ਪ੍ਰਤੀਕ ਵਜੋਂ ਵੀ ਦੇਖਿਆ ਜਾਂਦਾ ਸੀ-
* ਚੁੰਨੀ ਸ਼ਾਨ ਏ ਪੰਜਾਬਣੇ ਤੇਰੀ,
ਸਿਰ ਉੱਤੋਂ ਲਹਿਣ ਨਾ ਦੇਈਂ।
* ਚੁੰਨੀ ਲੱਜ ਮਾਪਿਆਂ ਦੀ,
ਇਹਨੂੰ ਸਿਰ ਤੋਂ ਲਹਿਣ ਨਾ ਦੇਣਾ।
ਉਹ ਮੁਟਿਆਰ ਜਿਹੜੀ ਵਿਆਹ ਤੋਂ ਪਹਿਲਾਂ ਚਾਵਾਂ ਨਾਲ ਤੇ ਮਿਹਨਤਾਂ ਨਾਲ ਫੁਲਕਾਰੀਆਂ ਅਤੇ ਚੁੰਨੀਆਂ ਕੱਢਦੀ ਹੁੰਦੀ ਸੀ। ਜਦੋਂ ਜ਼ਿੰਮੇਵਾਰੀਆਂ ਦੀ ਪੰਡ ਸਿਰ ’ਤੇ ਪੈਂਦੀ ਹੈ। ਕੰਮ ਵਿੱਚ ਰੱੁਝੀ ਨੂੰ ਉਹ ਸਭ ਭੁੱਲ ਜਾਂਦਾ ਏ। ਦਰਦ ਬੋਲਾਂ ਦੇ ਜਰੀਏ ਦੱਸਦੀ ਹੈ-
*ਰੇਸ਼ਮੀ ਦੁਪੱਟੇ ਉੱਤੇ ਤਿੰਨ ਧਾਰੀਆਂ,
ਸਾਨੂੰ ਪਹਿਨਣ ਨਾ ਦਿੱਤੀਆਂ ਕਬੀਲਦਾਰੀਆਂ। * ਕੱਲ-ਮੁਕੱਲੀ ਤੋੜਾਂ ਮੈਂ, ਕਰੀਰਾਂ ਨਾਲੋਂ ਡੇਲੇ,
ਵੇ ਬਚਾ ਲੈ ਹਾਣੀਆਂ, ਚੁੰਨੀ ’ਤੇ ਸੱਪ ਮੇਲ੍ਹੇ।* ਚੋਲੀ ਨੂੰ ਆਈਆਂ ਅਰਕਾਂ ਨੀ ਮਾਏ, ਮੇਰੇ ਸਾਲੂ ਨੂੰ ਆਇਆ ਲੰਗਾਰ,ਅੱਗੇ ’ਤੇ ਮਿਲਦੀ ਸੀ ਨਿੱੱਤ ਨੀ ਮਾਏਂ ਹੁਣ ਕਿਉ ਦਿੱਤਾ ਵਿਸਾਰ’
ਸਿਰ ਤੋਂ ਚੁੰਨੀ ਲਹਿ ਜਾਣਾ ਬਦ-ਸ਼ਗਨੀ ਮੰਨਿਆ ਜਾਂਦਾ ਸੀ। ਜਿਸ ਦੇ ਪਤੀ ਦੀ ਮੌਤ ਹੋ ਜਾਂਦੀ ਸੀ, ਨੂੰ ਸਿਰੋਂ ਨੰਗੀ ਕਿਹਾ ਜਾਂਦਾ ਸੀ। ਕੋਈ ਵੀ ਲੜਕੀ, ਖ਼ਾਸ ਕਰਕੇ ਵਿਆਹੀ ਹੋਈ, ਸਿਰ ਤੋਂ ਚੁੰਨੀ ਨਹੀਂ ਸੀ ਲਹਿਣ ਦਿੰਦੀ। ਸਹੁਰਿਆਂ ਦੀ ਫਿਟਕਾਰ ਦਾ ਵੀ ਡਰ ਹੁੰਦਾ ਸੀ। ਘੁੰਢ ਦੀ ਰਸਮ ਪ੍ਰਚੱਲਿਤ ਸੀ। ਘੁੰਢ ਚੁੰਨੀ ਨਾਲ ਹੀ ਕੱਢਿਆ ਜਾਣਾ ਸੀ। ਨੂੰਹ ਤੇ ਧੀ ਦਾ ਫ਼ਰਕ ਵੀ ਘੁੰਢ ਹੀ ਦਰਸਾਉਦਾ ਸੀ। ਚੁੰਨੀ ਸਿਰਫ਼ ਉਦੋਂ ਹੀ ਲਾਹੀ ਜਾਂਦੀ ਜਦੋਂ ਆਪਣੀ ਗ਼ਲਤੀ ਕਾਰਨ ਕਿਸੇ ਨੂੰ ਮਨਾਉਣਾ ਹੁੰਦਾ ਸੀ। ਅਜੋਕੇ ਦੌਰ ਵਿਚ ਚੁੰਨੀ ਇੱਕ ਇਤਿਹਾਸਕ ਵਿਰਸਾ ਬਣ ਕੇ ਰਹਿ ਗਈ ਹੈ। ਅਸੀਂ ਇਸ ਨੂੰ ਦੁਬਾਰਾ ਮੋੜ ਲਿਆਉਣ ਵਿੱਚ ਤਾਂ ਸ਼ਾਇਦ ਕਾਮਯਾਬ ਨਾ ਹੋ ਸਕੀਏ ਪਰ ਇਸ ਵਿਰਸੇ ਨੂੰ ਯਾਦ ਤਾਂ ਕਰ ਸਕਦੇ ਹਾਂ। ਹਰਜੀਤ ਢਿੱਲੋਂ ਦੇ ਸ਼ਬਦ ਆਵਾਜ਼ ਮਾਰਦੇ ਨੇ-‘ਚੁੰਨੀਏ ਨੀ ਚੁੰਨੀਏ, ਹੁਣ ਕਿੱਥੇ ਹੁੰਨੀ ਏ’ ? ਕੌਣ ਜਾਣਦਾ ਏ ਕਦੋਂ ਦਿਖਣੋਂ ਬੰਦ ਹੋ ਜਾਵੇ !
- ਜਸਵਿੰਦਰ ਸਿੰਘ ਰੁਪਾਲ