ਲੇਖਕ ਜਗਤਾਰ ਸਿੰਘ ਭੰਗੂ ਪੰਜਾਬ ਦੇ ਇਤਿਹਾਸ ਲੇਖਕਾਂ ’ਚ ਨਵਾਂ ਸ਼ਾਮਿਲ ਹੋਇਆ ਨਾਮ ਹੈ। ਇਹ ਉਸਦੀ ਮੌਲਿਕ ਪੁਸਤਕ ਹੈ। ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਪੰਜਾਬ ’ਤੇ ਕਬਜ਼ਾ ਕਰਨ ਤੱਕ ਦੇ ਇਤਿਹਾਸ, ਅੰਗਰੇਜ਼ੀ, ਉਰਦੂ, ਹਿੰਦੀ ਤੇ ਪੰਜਾਬੀ ਇਤਿਹਾਸਕਾਰਾਂ ਨੇ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ ਹਨ ਪ੍ਰੰਤੂ ਫੇਰ ਵੀ ਬਹੁਤ ਸਾਰੇ ਪੱਖ ਅਜੇ ਖੋਜ ਦੀ ਮੰਗ ਕਰਦੇ ਹਨ।

ਪੁਸਤਕ : ਮਹਾਰਾਣੀ ਜਿੰਦਾਂ (ਇਤਿਹਾਸ)
ਇਤਿਹਾਸਕਾਰ : ਜਗਤਾਰ ਸਿੰਘ ਭੰਗੂ
ਪੰਨੇ : 120 ਮੁੱਲ : 160/-
ਪ੍ਰਕਾਸ਼ਕ : ਈਵਾਨ ਪਬਲੀਕੇਸ਼ਨ, ਬਰਨਾਲਾ
ਲੇਖਕ ਜਗਤਾਰ ਸਿੰਘ ਭੰਗੂ ਪੰਜਾਬ ਦੇ ਇਤਿਹਾਸ ਲੇਖਕਾਂ ’ਚ ਨਵਾਂ ਸ਼ਾਮਿਲ ਹੋਇਆ ਨਾਮ ਹੈ। ਇਹ ਉਸਦੀ ਮੌਲਿਕ ਪੁਸਤਕ ਹੈ। ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਪੰਜਾਬ ’ਤੇ ਕਬਜ਼ਾ ਕਰਨ ਤੱਕ ਦੇ ਇਤਿਹਾਸ, ਅੰਗਰੇਜ਼ੀ, ਉਰਦੂ, ਹਿੰਦੀ ਤੇ ਪੰਜਾਬੀ ਇਤਿਹਾਸਕਾਰਾਂ ਨੇ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ ਹਨ ਪ੍ਰੰਤੂ ਫੇਰ ਵੀ ਬਹੁਤ ਸਾਰੇ ਪੱਖ ਅਜੇ ਖੋਜ ਦੀ ਮੰਗ ਕਰਦੇ ਹਨ। ਮਹਾਰਾਣੀ ਜਿੰਦਾਂ, ਮਹਾਰਾਜਾ ਦਲੀਪ ਸਿੰਘ, ਅੰਗਰੇਜ਼ਾਂ ਦੇ ਸਿੱਖ ਫੌਜ ਨਾਲ ਯੁੱਧ ਵਿਸ਼ੇਸ਼ ਕਰਕੇ ਚੇਲਿਆਂ ਵਾਲੇ ਦੀ ਲੜਾਈ ਵਿਸ਼ੇਸ਼ ਵਰਨਣਯੋਗ ਵਿਸ਼ੇ ਹਨ। ਹੱਥਲੀ ਪੁਸਤਕ ਦੇ ਛੋਟੇ ਸਰਲ ਤੇ ਸੰਖੇਪ 46 ਕਾਂਡ ਹਨ ਜੋ ਕਿ ਪੰਜਾਬ ਦੀ ਆਖਰੀ ਮਹਾਰਾਣੀ ‘ਮਹਾਰਾਣੀ ਜਿੰਦਾਂ’ ਦੇ ਜੀਵਨ ਦੁਆਲੇ ਘੁੰਮਦੇ ਹਨ। ਕਈ ਥਾਵਾਂ ’ਤੇ ਚਿੱਤਰ ਵੀ ਛਾਇਆ ਕੀਤੇ ਗਏ ਹਨ। ਪਹਿਲੇ ਕਾਂਡ ਵਿੱਚ ਮਹਾਰਾਣੀ ਜਿੰਦਾਂ ਨਾਲ ਜਾਣ ਪਛਾਣ ਹੈ। ਅੱਗੇ ਬਚਪਨ ਤੇ ਮਾਪੇ, ਵਿਆਹ, ਪੁੱਤਰ ਦਲੀਪ ਸਿੰਘ ਦਾ ਜਨਮ, ਮਹਾਰਾਜੇ ਦਾ ਚਲਾਣਾ, ਜਿੰਦਾਂ ਦਾ ਇਕਾਂਤਵਾਸ, ਅੰਗਰੇਜ਼ਾਂ ਦਾ ਦਖ਼ਲ, ਖਾਲਸਾ ਦਰਬਾਰ ਤੇ ਫ਼ੌਜ ਦਾ ਘਮਸਾਣ, ਕਤਲ ਦਰ ਕਤਲ, ਅੰਗਰੇਜ਼ਾਂ ਨਾਲ ਯੁੱਧ, ਫੇਰੂ ਸ਼ਹਿਰ ਬੱਦੋਵਾਲ, ਸਭਰਾਵਾਂ ਦੀ ਲੜਾਈ, ਪਾਬੰਦੀਆਂ, ਸ਼ੇਖੂਪੁਰੇ ਕੈਦ, ਸੁਲਤਾਨ ਦੀ ਬਗਾਵਤ, ਚਿੱਠਆਂ, ਫਿਰੋਜ਼ਪੁਰ, ਬਨਾਰਸ, ਦੂਜਾ ਸਿੱਖ ਅੰਗਰੇਜ਼ ਯੁੱਧ, ਚੇਲਿਆਂ ਵਾਲਾ, ਗੁਜਰਾਤ, ਸਿੱਖਾਂ ਦੀ ਹਾਰ, ਚੁਨਾਰ ਦੇ ਕਿਲੇ ’ਚ ਰਾਣੀ ਜਿੰਦਾਂ, ਕਾਠਮੂੰਡ, ਲਾਹੌਰ ਦੇ ਹਾਲ, ਦਲੀਪ -ਜਿੰਦਾਂ ਮਿਲਾਪ ਤੇ ਦਲੀਪ ਸਿੰਘ ਦਾ ਦੇਸ਼-ਨਿਕਾਲਾ, ਜਿੰਦਾਂ ਤੇ ਦਲੀਪ ਇੰਗਲੈਂਡ ਤੇ ਜਿੰਦਾਂ ਦਾ ਚਲਾਣਾ ਤੱਕ ਦਾ ਸਾਰਾ ਜੀਵਨ ਸੰਖੇਪ ਤੇ ਸਰਲ ਢੰਗ ਨਾਲ ਦਰਜ਼ ਹੈ। ਅੰਤ ਵਿੱਚ ਸਹਾਇਕ ਪੁਸਤਕਾਂ ਦਾ ਵਿਵਰਣ ਹੈ। ਸਾਫ਼ ਗੱਲ ਇਹ ਨਿਕਲਦੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਜਿਉਂਦੇ ਜੀਅ ਜਿਹੜੇ ਫਰੰਗੀ ਪੰਜਾਬ ਵੱਲ ਝਾਕਦੇ ਵੀ ਨਹੀਂ ਸੀ, ਮਹਾਰਾਜੇ ਦੇ ਅੱਖਾਂ ਮੀਟਣ ’ਤੇ ਸ਼ੇਰ ਹੋ ਗਏ। ਪੰੰਜਾਬ ਨੂੰ ਹਥਿਆਉਣ ਲਈ ਪਾੜੋ ਤੇ ਰਾਜ ਕਰੋ ਦੀ ਨੀਤੀ ਵਰਤਦਿਆਂ ਨਿਆਂ, ਇਨਸਾਫ਼ ਤੇ ਇਨਸਾਨੀਅਤ ਦੀਆਂ ਸਭ ਹੱਦਾਂ ਪਾਰ ਕਰਕੇ ਮਹਾਰਾਣੀ ਜਿੰਦਾਂ ਤੇ ਮਹਾਰਾਜਾ ਦਲੀਪ ਸਿੰਘ ਤੋਂ ਰਾਜ ਖੋਹਣ ਵਿੱਚ ਸਫ਼ਲ ਹੋ ਗਏ। ਇਹ ਇੱਕ ਦਿਲ ਕੰਬਾਊ ਇਤਿਹਾਸ ਹੈ ਜਿਸਦੇ ਅੱਥਰੂ ਕੇਰਦੇ ਸਫ਼ੇ ਇੱਕ ਵਾਰ ਫੇਰ ਜਗਤਾਰ ਸਿੰਘ ਭੰਗੂ ਨੇ ਪੜ੍ਹਨ ਗੋਚਰੇ ਕੀਤੇ ਹਨ।
- ਤੇਜਾ ਸਿੰਘ ਤਿਲਕ